Print Friendly

ਦਸ਼ਾ ਤੇ ਦਿਸ਼ਾ ਬਦਲਣ ਵਾਲੇ ਪਲ

ਇਹ ਗੱਲ ਮੇਰੇ ਬਚਪਨ ਦੀ ਹੈ। ਮੇਰੇ ਘਰ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਹੀਂ ਸੀ। ਜਦੋਂ ਵੀ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ, ਅਸੀਂ ਭੈਣ-ਭਰਾ ਕਦੀ ਭੂਆ ਕੋਲ, ਕਦੀ ਮਾਮੇ ਕੋਲ ਤੇ ਕਦੀ ਮਾਸੀ ਕੋਲ ਚਲੇ ਜਾਂਦੇ। ਉਹ ਸਾਡੇ ’ਤੇ ਤਰਸ ਖਾ ਕੇ ਸਾਰੇ ਹੀ ਸਾਨੂੰ ਇਕ ਜਾਂ ਦੋ ਦੋ ਸੂਟ ਬਣਾ ਕੇ ਦਿੰਦੇ। ਹਰ ਸਾਲ ਮੇਰੇ ਕੋਲ ਚਾਰ ਪੰਜ ਨਵੇਂ ਸੂਟ ਹੁੰਦੇ। ਮੈਂ ਹਮੇਸ਼ਾ ਆਪਣੇ ਘਰ ਦੀ ਹਾਲਤ ਤੋਂ ਅਣਜਾਣ ਆਪਣੀਆਂ ਸਹੇਲੀਆਂ ਨੂੰ ਟੌਹਰ ਮਾਰਦੀ ਕਿ ਮੇਰੇ ਕੋਲ ਸਭ ਤੋਂ ਵੱਧ ਸੂਟ ਹਨ। ਮੇਰੀ ਇਹ ਟੌਹਰ ਮਾਰਨ ਦੀ ਆਦਤ ਅੱਠਵੀਂ ਜਮਾਤ ਤੱਕ ਪਹੁੰਚਦਿਆਂ ਵੀ ਜਾਰੀ ਰਹੀ। ਇਕ ਦਿਨ ਏਦਾਂ ਹੀ ਮੈਂ ਆਪਣੀ ਜਮਾਤ ਵਿਚ ਸੂਟਾਂ ਦੀ ਗੱਲ ਕਰ ਰਹੀ ਸੀ ਕਿ ਇਕ ਬਹੁਤ ਸਿਆਣੀ ਮੇਰੀ ਜਮਾਤਣ ਨੇ ਮੈਨੂੰ ਆ ਕੇ ਸ਼ਰਮਿੰਦਾ ਕਰ ਦਿੱਤਾ। ਉਹ ਬੋਲੀ, ‘‘ਤੂੰ ਰੋਜ਼ ਨਵੇਂ ਸੂਟਾਂ ਦੀ ਗੱਲ ਕਰਦੀ ਰਹਿੰਦੀ ਏ, ਤੇਰੇ ਪਿਤਾ ਦੇ ਪਜਾਮੇ ’ਤੇ ਕਈ ਟਾਕੀਆਂ ਲੱਗੀਆਂ ਹੋਈਆਂ ਹਨ, ਉਹ ਕਾਹਤੋਂ ਤੇਰੇ ਵਾਂਗ ਨਵੇਂ ਕੱਪੜੇ ਨਹੀਂ ਪਾਉਂਦੇ?’’ ਮੈਨੂੰ ਉਸ ਦੀ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਚੁੱਕੀ ਸੀ। ਆਪਣੀ ਅਸਲੀਅਤ ਸ਼ੀਸ਼ੇ ਵਿਚ ਨਜ਼ਰ ਆ ਗਈ ਸੀ।
ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ, ਕਦੀ ਵੀ ਉਸ ਦਿਨ ਤੋਂ ਬਾਅਦ ਫੋਕੀ ਟੌਹਰ ਨਹੀਂ ਦਿਖਾਈ। ਕਦੀ ਕਿਸੇ ਤੋਂ ਲੈ ਕੇ ਕੋਈ ਕੱਪੜਾ ਨਹੀਂ ਪਾਇਆ। ਜੋ ਘਰੇ ਸਰਦਾ, ਉਹ ਹੀ ਪਹਿਨਿਆ। ਸਾਦਗੀ ਵਿਚ ਸਿਮਟ ਕੇ ਰਹਿ ਗਈ। ਲੋੜਾਂ ਨੂੰ ਕਦੀ ਆਪਣੇ ਉਪਰ ਭਾਰੂ ਨਹੀਂ ਹੋਣ ਦਿੱਤਾ। ਉਹ ਪਲ, ਜਿਸ ਵਕਤ ਮੇਰੀ ਜਮਾਤਣ ਨੇ ਮੈਨੂੰ ਟੋਕਿਆ, ਉਸ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੇ ਦਸ਼ਾ ਹੀ ਬਦਲ ਦਿੱਤੀ। ਅੱਜ ਆਪ ਵੀ ਸਾਦਗੀ ਨਾਲ ਰਹਿ ਰਹੀ ਹਾਂ ਅਤੇ ਅੱਗੋਂ ਬੱਚਿਆਂ ਨੂੰ ਵੀ ਇਹ ਮਾਰਗ ਦਿਖਾਇਆ ਹੈ। ਸ਼ਾਇਦ ਜੇ ਇਹ ਘਟਨਾ ਮੇਰੇ ਨਾਲ ਨਾ ਵਾਪਰਦੀ ਤਾਂ ਮੇਰੀ ਜ਼ਿੰਦਗੀ ਪਤਾ ਨਹੀਂ ਕੀ ਹੁੰਦੀ।’
ਪ੍ਰੇਮ ਲਤਾ, ਸ.ਐ.ਸ. ਮਾਰਵਾ (ਫਤਹਿਗੜ੍ਹ ਸਾਹਿਬ)
ਮੋਬਾਈਲ: 98153-80892

ਮੇਰੀ ਜ਼ਿੰਦਗੀ ਦਾ ਮੋੜ ਬਚਪਨ ਤੋਂ ਹੀ ਸ਼ੁਰੂ ਹੋ ਗਿਆ, ਜਦੋਂ ਡੇਢ ਕੁ ਸਾਲ ਦੇ ਨੂੰ ਮੇਰੀ ਭੂਆ ਜੀ, ਜਿਸ ਦੀ ਉਸ ਸਮੇਂ ਕੋਈ ਔਲਾਦ ਨਹੀਂ ਸੀ, ਮੈਨੂੰ ਆਪਣੇ ਕੋਲ ਲੈ ਆਈ। ਛੋਟੇ ਹੁੰਦਿਆਂ ਤਾਂ ਬਹੁਤਾ ਪਤਾ ਨਾ ਲੱਗਾ ਪਰ ਜਿਉਂ-ਜਿਉਂ ਉਮਰ ਵੱਡੀ ਹੁੰਦੀ ਗਈ, ਜ਼ਿੰਦਗੀ ਦੀ ਸਮਝ ਆਉਣ ਲੱਗੀ, ਤਾਂ ਮਾਂ, ਪਿਉ, ਭੈਣਾਂ ਤੇ ਭਰਾਵਾਂ ਦਾ ਪਿਆਰ ਤੇ ਅਪਣੱਤ ਸਮਝ ਆਉਣ ਲੱਗੀ। ਫਿਰ ਇਸ ਦੀ ਘਾਟ ਰੜਕਣ ਲੱਗੀ। ਭੂਆ ਜੀ ਨੇ ਬੇਸ਼ੱਕ ਮੈਨੂੰ ਲਾਡਾਂ ਨਾਲ ਪਾਲਿਆ ਤੇ ਪੜ੍ਹਾਇਆ ਪਰ ਕੰਮ ਵੀ ਕੰਮੀਆਂ-ਕਮੀਣਾ ਵਾਂਗ ਕਰਵਾਇਆ। ਮੈਂ ਸਵੇਰੇ ਸਵੱਖਤੇ ਉਠਦਾ। ਘਰ ਵਿੱਚ ਖੁੱਲ੍ਹੀ ਹਵੇਲੀ ਸੀ ਤੇ ਵਿਹੜਾ ਵੀ, ਉਸ ਵਿੱਚ ਝਾੜੂ ਫੇਰਨਾ, ਆਟਾ ਗੁੰਨਦਾ, ਦੁੱਧ ਰਿੜਕਦਾ ਤੇ ਭਾਂਡੇ ਵੀ ਮਾਂਜਦਾ। ਫਿਰ ਤਿਆਰ ਹੋ ਕੇ ਘਰੋਂ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਸਕੂਲ ਜਾਂਦਾ। ਸਕੂਲੋਂ ਆ ਕੇ ਡੰਗਰ ਚਾਰਨੇ, ਪੱਠੇ ਕੁਤਰਨੇ ਤੇ ਫਿਰ ਰਾਤ ਦਾ ਘਰੇਲੂ ਕੰਮ ਸ਼ੁਰੂ ਹੋ ਜਾਣਾ ਜੋ ਦੇਰ ਰਾਤ ਤਕ ਚੱਲਦਾ ਰਹਿੰਦਾ। ਫੁੱਫੜ ਜੀ ਬਿਮਾਰ ਰਹਿੰਦੇ ਸਨ। ਦਮੇ ਦੇ ਰੋਗੀ ਸੀ। ਕਈ ਵਾਰ ਸਾਰੀ-ਸਾਰੀ ਰਾਤ ਉਨ੍ਹਾਂ ਨੂੰ ਨੱਪਦਿਆਂ-ਘੁੱਟਦਿਆਂ ਲੰਘ ਜਾਣੀ। ਫੁੱਫੜ ਜੀ ਨੇਕਦਿਲ ਇਨਸਾਨ ਸਨ, ਉਨ੍ਹਾਂ ਮੈਨੂੰ ਉਚੇਚੀ ਖੁਰਾਕ ਦੇਣੀ ਤੇ ਮਿਹਨਤ ਕਰਨ ਲਈ ਪ੍ਰੇਰਨਾ। ਬਚਪਨ ਵਿੱਚ ਜਿਥੇ ਹਾਣੀਆਂ ਨਾਲ ਖੇਡਣ ਲਈ ਤਰਸ ਜਾਈਦਾ ਸੀ, ਨੌਵੀਂ-ਦਸਵੀਂ ਵਿੱਚ ਮੈਂ ਸਕੂਲ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜ਼ਿਲ੍ਹੇ ’ਚੋਂ ਪੁਜ਼ੀਸ਼ਨ ਆਈ। ਫਿਰ ਕਾਲਜ ਚਲੇ ਗਏ। 1970 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣ ਗਈ ਤੇ ਮੈਂ ਲੰਮੀ ਛਾਲ ਲਈ ਟੀਮ ਵਿੱਚ ਚੁਣਿਆ ਗਿਆ ਤੇ ਆਲ ਇੰਡੀਆ ਯੂਨੀਵਰਸਿਟੀ ਵਿੱਚੋਂ ਦੂਸਰੀ ਪੁਜ਼ੀਸ਼ਨ ਹਾਸਲ ਕੀਤੀ ਤੇ ਫਿਰ ਹਰ ਸਾਲ ਪੁਜ਼ੀਸ਼ਨ ਲੈਂਦਿਆਂ ਹੋਇਆਂ ਬੀ.ਏ. ਕਰਕੇ ਪਟਿਆਲੇ ਤੋਂ ਡੀ.ਪੀ.ਐੱਡ. ਕਰ ਲਈ। ਸਕੂਲ ਵਿੱਚ ਬਤੌਰ ਡੀ.ਪੀ.ਈ. ਅਧਿਆਪਕ ਲੱਗ ਗਿਆ। ਮੇਰਾ ਬਚਪਨ ਭੂਆ ਜੀ ਕੋਲ ਹੀ ਮੇਰੀ ਜ਼ਿੰਦਗੀ ਦਾ ਅਹਿਮ ਮੋੜ ਸੀ ਕਿਉਂਕਿ ਮੇਰੇ ਬਾਕੀ ਭੈਣ-ਭਰਾ ਪਿੰਡ ਰਹਿ ਕੇ ਪੜ੍ਹ ਹੀ ਨਹੀਂ ਸਕੇ। ਕੋਈ ਵੀ ਚੰਗੇ ਕੰਮ ’ਤੇ ਨਾ ਜਾ ਸਕਿਆ। ਪਰ ਮੇਰੀ ਕਿਸਮਤ ਵਿੱਚ ਪੜ੍ਹਾਈ ਸੀ, ਭਾਵੇਂ ਬਚਪਨ ਵਿੱਚ ਤੰਗੀ ਕੱਟੀ। ਮਾਂ-ਪਿਉ ਦੇ ਵਿਛੋੜੇ ਦਾ ਦੁੱਖ ਮਹਿਸੂਸ ਕੀਤਾ ਪਰ ਇਥੇ ਮੈਂ ਇਕ ਗੱਲ ਦੱਸਣੀ ਚਾਹਾਂਗਾ। ਸਾਡੇ ਘਰ ਦੇ ਨਲਕੇ ਲਾਗੇ ਪਾਣੀ ਵਾਲੀ ਖੁਰਲੀ ਬਣੀ ਹੋਈ ਸੀ ਜੋ ਨਲਕਾ ਗੇੜ ਕੇ ਮਾਲ-ਡੰਗਰ ਨੂੰ ਪਾਣੀ ਪਿਲਾਉਣ ਲਈ ਭਰੀਦੀ ਸੀ। ਨਲਕੇ ਦੁਆਲੇ ਛੋਟੀ ਕੰਧ ਸੀ। ਮੈਨੂੰ ਯਾਦ ਹੈ ਕਿ ਮੈਂ 900 ਵਾਰ ਪੰਪ ਮਾਰਦਾ ਤੇ ਹਰ ਵਾਰ ਜੰਪ ਕਰਕੇ ਕੰਧ ਉਤੋਂ ਦੀ ਆਪਣੀ ਮਾਂ ਜਾਂ ਪਿਉਂ ਨੂੰ ਆਉਂਦਿਆਂ ਵੇਖਦਾ। ਫਿਰ ਖੁਰਲੀ ਭਰ ਜਾਂਦੀ। ਪਰ ਕੋਈ ਨਾ ਆਉਂਦਾ ਤੇ ਇਹ ਕੰਮ ਰੋਜ਼ ਹੁੰਦਾ। ਸ਼ਾਇਦ ਮੇਰੇ ਲੌਂਗ ਜੰਪਰ ਬਣਨ ਵਿੱਚ ਇਸ ਦਾ ਵੀ ਕੋਈ ਹੱਥ ਹੋਵੇ। ਪੜ੍ਹਨ ਕਰਕੇ ਤੇ ਨੌਕਰੀ ’ਤੇ ਲੱਗਣ ਕਰਕੇ ਸਮਾਜ ਵਿੱਚ ਇੱਜ਼ਤ ਮਿਲੀ, ਆਰਥਿਕ ਦਸ਼ਾ ਵੀ ਚੰਗੀ ਰਹੀ। ਬੱਚੇ ਸੈਟ ਹਨ। ਦੋ ਸਾਲ ਤੋਂ ਉਪਰ ਹੋ ਗਿਆ ਹੈ ਰਿਟਾਇਰ ਹੋਇਆਂ ਤੇ ਜ਼ਿੰਦਗੀ ਵਧੀਆ ਲੰਘ ਰਹੀ ਹੈ। ਸੋ ਇਹ ਮੇਰੀ ਜ਼ਿੰਦਗੀ ਦਾ ਅਜਿਹਾ ਮੋੜ ਸੀ ਜਿਸ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੇ ਦਸ਼ਾ ਦੋਵੇਂ ਬਦਲ ਦਿੱਤੀਆਂ।
ਮੁਖਤਾਰ ਗਿੱਲ, ਦਬੁਰਜੀ (ਅੰਮ੍ਰਿਤਸਰ)
ਮੋਬਾਈਲ:98720-45559

ਮੈਂ ਇਥੇ ਇਕ ਛੋਟੀ ਜਿਹੀ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੇਰਾ ਪਿੰਡ ਜਟਾਣਾ ਕਲਾਂ, ਮਾਨਸਾ ਜ਼ਿਲ੍ਹੇ ਦੇ ਪਛੜੇ ਇਲਾਕੇ ’ਚ ਹੈ। ਬੱਚਿਆਂ ਨੂੰ ਪੜ੍ਹਾਉਣ ’ਚ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਸੀ। 1960 ਦੇ ਸਿਆਲਾਂ ਦੀ ਰੁੱਤ ਸੀ। ਮੈਂ ਉਦੋਂ ਅੱਠ ਕੁ ਸਾਲ ਦਾ ਸੀ। ਘਰ ਦੇ ਨਿੱਕੇ-ਮੋਟੇ ਕੰਮ ਕਰਾਉਂਦਾ ਰਹਿੰਦਾ। ਮੇਰੇ ਕੋਲ ਕੁਝ ਕੱਚ ਦੀਆਂ ਗੋਲੀਆਂ (ਬੰਟੇ) ਸਨ ਜਿਨ੍ਹਾਂ ਨਾਲ ਮੈਂ ਇਕੱਲਾ ਹੀ ਖੇਡਦਾ ਰਹਿੰਦਾ। ਦੂਜੇ ਮੁੰਡਿਆਂ ਵਾਂਗ ਖੇਡਦੇ ਹੋਏ ਗੋਲੀਆਂ ਜਿੱਤਣ-ਹਾਰਨ ਵੇਲੇ ਲੜਨ ਅਤੇ ਗਾਲ੍ਹੀ-ਗਲੋਚ ਕਰਨ ਤੋਂ ਕੰਨੀ ਕਤਰਾਉਂਦਾ ਸੀ। ਕਈ ਵਾਰ ਵੱਡੇ ਮੁੰਡੇ ਮੈਥੋਂ ਉਧਾਰੀਆਂ ਗੋਲੀਆਂ ਖੇਡਣ ਲਈ ਲੈ ਲੈਂਦੇ ਅਤੇ ਜਾਂਦੇ ਹੋਏ ਜਿੱਤੀਆਂ ਗੋਲੀਆਂ ਵੀ ਮੈਨੂੰ ਦੇ ਜਾਂਦੇ। ਇਸ ਤਰ੍ਹਾਂ ਕਰਦੇ ਮੇਰੇ ਕੋਲ ਗੋਲੀਆਂ ਨਾਲ ਕੁੱਜਾ ਭਰ ਗਿਆ। ਉਨ੍ਹਾਂ ਨੂੰ ਮੈਂ ਗਿਣਦਾ ਰਹਿੰਦਾ। ਮੈਨੂੰ ਵੀਹ ਤਕ ਗਿਣਤੀ ਆਉਂਦੀ ਸੀ। ਸੋ ਵੀਹ ਦੀਆਂ ਢੇਰੀਆਂ ਬਣਾ ਲੈਣੀਆਂ ਤੇ ਗਿਣਦਾ ਰਹਿੰਦਾ ਤਿੰਨ ਵੀਹਾਂ, ਚਾਰ ਵੀਹਾਂ ਤੇ ਫਿਰ ਸੌ।
ਮੇਰੇ ਬਾਪੂ ਨੇ ਪਿੰਡ ’ਚ ਹੀ ਸੇਠ ਕੋਲ ਨੌਂ ਰੁਪਏ ਮਣ ਦੇ ਭਾਅ ਨਾਲ ਤੇਰਾਂ ਮਣ ਗੁਆਰਾ ਵੇਚਿਆ (ਹੁਣ ਵਾਂਗ ਗੁਆਰਾ ਪੱਚੀ-ਤੀਹ ਹਜ਼ਾਰ ਨੂੰ ਕੁਇੰਟਲ ਨਹੀਂ ਸੀ)। ਉਦੋਂ ਮੰਡੀਆਂ ਵੀ ਦੂਰ-ਦੂਰ ਸਨ ਤੇ ਸਾਧਨ ਵੀ ਘੱਟ। ਇਸ ਲਈ ਲੋਕ ਥੋੜ੍ਹੀ ਜਿਹੀ ਜਿਣਸ ਪਿੰਡ ’ਚ ਹੀ ਵੇਚ ਦਿੰਦੇ ਸੀ। ਮੈਂ ਜਿਵੇਂ ਗੋਲੀਆਂ ਗਿਣਦਾ ਰਹਿੰਦਾ ਸੀ ਉਸੇ ਤਰ੍ਹਾਂ ਹਿਸਾਬ ਲਾ ਕੇ ਦੱਸ ਦਿੱਤਾ ਕਿ ਇਕ ਸੌ ਸਤਾਰਾਂ ਰੁਪਏ ਹੋਏ। ਮੇਰਾ ਬਾਪੂ ਤੇ ਵੱਡਾ ਭਰਾ ਕਾਫੀ ਚਿਰ ਉਂਗਲਾਂ ’ਤੇ ਗਿਣਤੀਆਂ-ਮਿਣਤੀਆਂ ਕਰਦੇ ਰਹੇ। ਜਦੋਂ ਉਨ੍ਹਾਂ ਨੇ ਹਿਸਾਬ ਲਾਇਆ ਤਾਂ ਉਨੇ ਹੀ ਪੈਸੇ ਬਣੇ ਜਿੰਨੇ ਮੈਂ ਦੱਸੇ ਸੀ ਤਾਂ ਉਹ ਦੋਵੇਂ ਬੜੇ ਹੈਰਾਨ ਹੋਏ। ਇਸ ਤੋਂ ਬਾਅਦ ਜਦੋਂ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਸਾਡੇ ਘਰ ਆਏ ਤਾਂ ਮੇਰੇ ਮਾਂ-ਪਿਉ ਉਨ੍ਹਾਂ ਨੂੰ ਇਹ ਗੱਲ ਜ਼ਰੂਰ ਦੱਸਦੇ। ਸਾਰੇ ਇਹ ਸਲਾਹ ਦਿੰਦੇ ਕਿ ਇਹਨੂੰ ਸਕੂਲ ਪੜ੍ਹਨ ਲਾਓ। ਥੋੜ੍ਹੇ ਦਿਨਾਂ ’ਚ ਹੀ ਮੇਰੇ ਵੱਡੇ ਭਰਾ, ਜਿਹੜਾ ਪਿੰਡ ਦੇ ਡੇਰੇ ’ਚ ਹੀ ਪੜ੍ਹਿਆ ਹੋਇਆ ਸੀ, ਨੇ ਮੈਨੂੰ   ਪੈਂਤੀ ਲਿਖਣੀ ਸਿਖਾ ਦਿੱਤੀ ਅਤੇ ਵੀਹ ਤਕ ਗਿਣਤੀ। ਕਾਗਜ਼-ਕਾਪੀਆਂ ਤਾਂ ਉਦੋਂ ਕਿੱਥੇ ਹੁੰਦੀਆਂ ਸਨ। ਰੇਤ ਖਿਲਾਰ ਕੇ ਉਂਗਲਾਂ ਨਾਲ ਹੀ ਮੈਂ ਲਿਖਣਾ ਸਿੱਖਿਆ। ਉਸ ਤੋਂ ਬਾਅਦ ਮੇਰਾ ਭਰਾ ਮੈਨੂੰ ਸਕੂਲ ਦਾਖਲ ਕਰਵਾ ਆਇਆ। ਮੈਂ ਕੁਝ ਮਹੀਨਿਆਂ ਵਿੱਚ ਹੀ ਸੌ ਤਕ ਗਿਣਤੀ ਅਤੇ ਵੀਹ ਤਕ ਪਹਾੜੇ ਯਾਦ ਕਰ ਲਏ। ਮੇਰੇ ਅਧਿਆਪਕ ਨੇ ਮੇਰੀ ਪੜ੍ਹਾਈ ਦੇਖ ਕੇ ਦੋ ਜਮਾਤਾਂ ਇਕ ਸਾਲ ’ਚ ਹੀ ਕਰਵਾ ਦਿੱਤੀਆਂ। ਇਸ ਤਰ੍ਹਾਂ ਮੈਂ ਚਾਰ ਸਾਲਾਂ ’ਚ ਪੰਜਵੀਂ ਪਾਸ ਕਰ ਗਿਆ। ਅੱਠਵੀਂ ਅਤੇ ਦਸਵੀਂ ਜਮਾਤ ਵਿੱਚੋਂ ਮੈਂ ਵਜ਼ੀਫਾ ਪ੍ਰਾਪਤ ਕੀਤਾ। ਦਸਵੀਂ ਦੇ ਹਿਸਾਬ (ਗਣਿਤ) ’ਚੋਂ 150 ਵਿੱਚੋਂ 150 ਅੰਕ ਪ੍ਰਾਪਤ ਕੀਤੇ ਅਤੇ ਬੀ.ਐਸਸੀ. (ਮੈਡੀਕਲ) ਕੀਤੀ।  ਮੈਂ ਭਾਵੇਂ ਹਿਸਾਬ ਦਸਵੀਂ ਤਕ ਪੜ੍ਹਿਆ ਹੈ, ਫਿਰ ਵੀ ਮੈਂ ਨੌਵੀਂ-ਦਸਵੀਂ ਦੇ ਬੱਚਿਆਂ ਨੂੰ ਹੁਣ ਵੀ ਹਿਸਾਬ ਦੇ ਸੁਆਲ ਸਮਝਾ ਦਿੰਦਾ ਹਾਂ। ਮੈਂ ਹੁਣ ਬੀ.ਐਸ.ਐਨ.ਐਲ. ਵਿੱਚੋਂ ਬਠਿੰਡੇ ਤੋਂ ਪੀ.ਆਰ.ਓ. ਦੀ ਪੋਸਟ ਤੋਂ ਸੇਵਾਮੁਕਤ ਹੋਇਆ ਹਾਂ। ਬਹੁਤ ਵਾਰ ਸੋਚਦਾ ਹਾਂ ਕਿ ਗੁਆਰਾ ਵੇਚਣ ਨਾਲ ਪੈਸੇ ਜ਼ਰੂਰ ਥੋੜ੍ਹੇ ਵੱਟੇ ਸਨ, ਪਰ ਉਸ ਨੇ ਮੇਰੀ ਜ਼ਿੰਦਗੀ ਵਟਾ ਦਿੱਤੀ।
ਤੇਜਾ ਸਿੰਘ ਪ੍ਰੇਮੀ, ਪਾਵਰ ਹਾਊਸ ਰੋਡ, ਬਠਿੰਡਾ
ਮੋਬਾਈਲ:94178-08618

ਪੰਜਵੀਂ ਜਮਾਤ ਦਾ 1962 ਵਿਚ ਇਮਤਿਹਾਨ ਹੋਇਆ। ਮੈਂ ਬਹੁਤਾ ਹੁਸ਼ਿਆਰ  ਨਹੀਂ ਸੀ ਫਿਰ ਵੀ ਉਸ ਇਮਤਿਹਾਨ ਵਿਚੋਂ ਫਸਟ ਆਇਆ। ਅੰਤਾਂ ਦੀ ਗਰੀਬੀ ਸੀ। ਘਰ ਵਿਚ ਭੰਗ ਭੁੱਜਦੀ ਸੀ। ਕਮਾਈ ਦਾ ਕੋਈ ਹੀਲਾ ਨਹੀਂ। ਕਮਾਉਣ ਵਾਲਾ ਬਾਪ ਨੇਤਰਹੀਣ ਸੀ। ਕੁਲੱਛਣੀ ਗਰੀਬੀ ਨੇ ਮੈਥੋਂ ਮੇਰਾ ਪੜ੍ਹਨ ਦਾ ਅਧਿਕਾਰ ਖੋਹ ਲਿਆ। ਦੁਖਿਆਰੀ ਮਾਂ ਨੇ ਮੈਨੂੰ ਪੜ੍ਹਨੋਂ ਹਟਾ ਲਿਆ। ਮੈਂ ਸਾਰਾ ਦਿਨ  ਪਸ਼ੂ ਚਾਰਦਾ ਫਿਰਦਾ।
ਸਰਕਾਰੀ ਹਾਈ ਸਕੂਲ ਸੰਦੌੜ (ਸੰਗਰੂਰ) ਵਿਖੇ ਛੱਬੀ ਜਨਵਰੀ ਦਾ ਦਿਹਾੜਾ ਮਨਾਇਆ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਮੈਨੂੰ ਇਕ ਵੱਡਾ ਸ਼ੀਸ਼ਾ ਤੇ ਰੁਮਾਲ ਦੇ ਕੇ ਸਨਮਾਨਤ ਕੀਤਾ ਗਿਆ ਕਿਉਂਕਿ ਪੰਜਵੀਂ ਵਿਚੋਂ ਫਸਟ ਆਇਆ ਸੀ। ਮੈਂ ਸ਼ੀਸ਼ਾ ਤੇ ਰੁਮਾਲ ਲੈ ਕੇ ਘਰ ਨੂੰ ਦੌੜਿਆ। ਘਰ ਪਹੁੰਚਿਆ ਤਾਂ ਬੇਬੇ ਨੇ ਮੈਨੂੰ ਡੰਡੇ ਨਾਲ ਝੰਬ ਸੁੱਟਿਆ ਕਿਉਂਕਿ ਉਸ ਦਿਨ ਮੈਂ ਪਸ਼ੂ ਚਰਾਉਣ ਨਹੀਂ ਗਿਆ ਸੀ। ਭੁੱਖੇ ਪਸ਼ੂ ਕਿਸੇ ਦੇ ਖੇਤ ਵਿਚ ਜਾ ਵੜੇ ਸਨ। ਉਨ੍ਹਾਂ ਸੰਗਲ ਤੁੜਾ ਲਏ ਸਨ।
ਪਰ ਲੋਕਾਂ ਨੇ ਮੇਰੀ ਚੰਗੇ ਨੰਬਰਾਂ ਦੀ ਬੜੀ ਸ਼ਲਾਘਾ ਕੀਤੀ। ਮੈਂ ਦ੍ਰਿੜ ਨਿਸ਼ਚਾ ਕੀਤਾ ਕਿ ਪੜ੍ਹ ਕੇ ਵਿਖਾਉਣਾ ਹੈ। ਕਿਤਾਬਾਂ ਕਾਪੀਆਂ, ਪੈਨਸਲਾਂ, ਪੈਨ ਤੋਂ ਬਗੈਰ, ਮੈਂ ਪਾਟੇ ਕੱਪੜੇ ਪਾ ਕੇ ਸਕੂਲ ਜਾ ਵੜਿਆ। ਹਰੇਕ ਕਲਾਸ ਵਿਚੋਂ ਫਸਟ ਜਾਂ ਸੈਕਿੰਡ ਆਉਂਦਾ ਰਿਹਾ। ਵਧੀਆ ਨੰਬਰ ਲੈ ਕੇ ਦਸਵੀਂ ਪਾਸ ਕੀਤੀ। ਪੁਰਾਣਾ ਸਾਈਕਲ ਖਰੀਦ ਲਿਆ। ਮਾਲੇਰਕੋਟਲੇ ਹਾਈ ਸਕੂਲ ਵਿੱਚ ਜੇ.ਬੀ.ਟੀ. ਪਾਸ ਕੀਤੀ। ਮਜ਼ਦੂਰ ਦਾ ਪੁੱਤਰ ਬਣ ਕੇ ਗਿਆਨੀ ਪ੍ਰਭਾਕਰ ਪਾਸ ਕੀਤੀ। ਫਿਰ ਬੀ.ਏ., ਬੀ.ਐੱਡ, ਐਮ.ਏ. (ਪੰਜਾਬੀ, ਹਿੰਦੀ, ਪੋਲੀਟੀਕਲ ਸਾਇੰਸ, ਇਤਿਹਾਸ), ਐਮ.ਐੱਡ, ਐਮ. ਫਿਲ (ਪੰਜਾਬੀ) ਪਾਸ ਕੀਤੀ। ਅੱਜ ਮੈਂ ਬੀ.ਐੱਡ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਲੱਗਿਆ ਹੋਇਆ ਹਾਂ, ਕੁਝ ਮਹੀਨੇ ਆਰਜ਼ੀ ਪ੍ਰਿੰਸੀਪਲ ਵੀ ਰਿਹਾ ਹਾਂ। ਮੇਰੀਆਂ ਤਕਰੀਬਨ ਬਾਰਾਂ ਪੁਸਤਕਾਂ (ਗਮਾਂ ਦੀ ਪੰਡ, ਵਿਲਕਦੀ ਗਰੀਬੀ, ਪਾਰੋ, ਪਾਲੀ, ਰਹਿਮਤੇ ਸੋਮ ਪ੍ਰਭਾ, ਪੂਰਣ, ਬੁੱਢਾ ਸ਼ੇਰ, ਬੇਬੇ ਬਚਨੀ, ਫਕੀਰਾ, ਜੰਗੀਰਾ, ਇਕ ਲੂਣਾ ਹੋਰ) ਛਪ ਚੁੱਕੀਆਂ ਹਨ ਤੇ ਛਪਣ ਲਈ ਤਿਆਰ ਪਈਆਂ ਹਨ। ਪੀਐਚ.ਡੀ. ਦੀ ਡਿਗਰੀ ਮਿਲਣ ਦੀ ਸੰਭਾਵਨਾ ਹੈ। ਇਨਾਮ ਵਿਚ ਜੇਕਰ ਮੈਨੂੰ ਸ਼ੀਸ਼ਾ ਰੁਮਾਲ ਨਾ ਮਿਲਦੇ, ਮੇਰਾ ਜੀਵਨ ਕੰਗਾਲੀ ਦੀ ਰਾਖ ਵਿਚ ਝੁਲਸਿਆ ਜਾਣਾ ਸੀ। ਹੁਣ ਵੀ ਉਹ ਪਲ ਯਾਦ ਆਉਂਦਿਆਂ ਮੇਰੀਆਂ ਅੱਖਾਂ ਵਹਿ ਤੁਰਦੀਆਂ ਹਨ।
ਪ੍ਰੋ. ਗੁਰਦੇਵ ਸਿੰਘ (ਸੰਦੌੜ)
ਬੀ.ਐੱਡ ਕਾਲਜ, ਮਸਤੂਆਣਾ ਸਾਹਿਬ

ਮੋਬਾਈਲ: 01675-269113

Print Friendly

About author

Vijay Gupta
Vijay Gupta1097 posts

State Awardee, Global Winner

You might also like

ਭਾਰਤ ਦੀਆਂ ਗੁਆਚ ਚੁੱਕੀਆਂ 220 ਭਾਸ਼ਾਵਾਂ

ਸਾਡਾ ਦੇਸ਼ ਇਸ ਤਰ੍ਹਾਂ ਭੂਗੋਲਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਨਾਲ ਭਰਿਆ ਹੈ ਕਿ ਹਰ ਦੋ ਮੀਲ ਦੇ ਫ਼ਾਸਲੇ ’ਤੇ ਪਾਣੀ ਬਦਲ ਜਾਂਦਾ ਹੈ ਅਤੇ ਹਰ ਚਾਰ ਮੀਲ ਬਾਅਦ ਬੋਲੀ। ਸਾਡੇ ਇੱਥੇ


Print Friendly

ਆਨਲਾਈਨ ਲਰਨਿੰਗ ਸਿਸਟਮ

ਅੱਜ ਇੰਟਰਨੈੱਟ ਦੀ ਪਹੁੰਚ ਦੇਸ਼ ਦੇ ਹਰ ਖੂੰਜੇ ’ਚ ਹੋ ਚੁੱਕੀ ਹੈ। ਕੀ ਬੱਚੇ ਤੇ ਕੀ ਵੱਡੇ ਕੰਪਿਊਟਰ ਅੱਜ ਸਭ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਇਸ ਆਈ.ਟੀ. ਬੂਮ


Print Friendly

ਛੇਵੀਂ ਅਤੇ ਨੌਵੀਂ ਜਮਾਤ ਸੈਨਿਕ ਸਕੂਲ ਵਿੱਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਇਮਤਿਹਾਨ ਦੇਣ ਸੰਬੰਧੀ

ਛੇਵੀਂ ਅਤੇ ਨੌਵੀਂ ਜਮਾਤ ਸੈਨਿਕ ਸਕੂਲ ਵਿੱਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਇਮਤਿਹਾਨ ਦੇਣ ਸੰਬੰਧੀ ਪਤੱਰ ਵੇਖਣ ਲਈ ਹੇਠਾਂ ਦਿੱਤੇ ਿਲਿੰਕ ਤੇ ਕਲਿੱਕ ਕਰੋ ਜੀ http://download.ssapunjab.org/sub/Media/2013/RMSASchoolsAdvertisement29_09_2013.pdf Related


Print Friendly