Print Friendly

ਵਿਸਾਖੀ ਦੀ ਸਿੱਖ ਧਰਮ ਵਿਚ ਇਤਿਹਾਸਕ ਮਹੱਤਤਾ

ਜੱਥੇਦਾਰ ਅਵਤਾਰ ਸਿੰਘ

ਵਿਸਾਖੀ ਦਾ ਤਿਉਹਾਰ  ਭਾਰਤੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ  ਵਿੱਚ ਤਾਂ ਵਿਸਾਖੀ ਦਿਵਸ ਨੂੰ ਨਵ-ਜਾਗਰਤੀ ਦਾ ਦਿਵਸ ਸਵੀਕਾਰ ਕੀਤਾ ਗਿਆ ਹੈ। ਇਸ ਪਾਵਨ ਦਿਹਾੜੇ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਚਰਨੁ ਪਾਹੁਲ ਦੀ ਜਗ੍ਹਾ ਖੰਡੇ-ਬਾਟੇ ਦੇ ਅੰਮ੍ਰਿਤ ਦਾ ਪ੍ਰਵਾਹ ਸ਼ੁਰੂ ਹੋਇਆ। ਵਿਸਾਖੀ ਦਾ ਦਿਨ ਖਾਲਸਾ  ਸਿਰਜਣਾ ਦਿਵਸ ਦੇ ਸਰੂਪ ਵਿਚ ਨਿਯਤ ਹੈ। ਇਸ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਆਪ ਆਖਰੀ ਛੋਹ ਦੇ ਕੇ ਨਿਆਰਾ ਰੂਪ ਸਥਾਪਤ ਕੀਤਾ। ‘ਸਿਰ ਧਰਿ ਤਲੀ ਗਲੀ ਮੇਰੀ ਆਉ’ ਅਤੇ ‘ਸਿਰ ਦੀਜੈ ਕਾਣ ਨ ਕੀਜੈ’ ਦਾ ਜਾਪ ਕਰਦੇ ਆ ਰਹੇ ਸਿੱਖਾਂ ਨੂੰ ਵਿਸਾਖੀ ਵਾਲੇ ਦਿਹਾੜੇ ਇਕ ਕਠਿਨ ਇਤਿਹਾਸਕ ਪ੍ਰੀਖਿਆ ਰਾਹੀਂ ਖਾਲਸੇ ਦੇ ਰੂਪ ਵਿੱਚ ਪੂਰਨ ਮਨੁੱਖ ਬਣਾ ਦਿੱਤਾ। ਸਿੱਖ ਇਤਿਹਾਸ ਅਨੁਸਾਰ ਵਿਸਾਖੀ ਪੁਰਬ ਨੂੰ ਸਿੱਖ ਸਿਮ੍ਰਤੀ ਦਾ ਵਿਸ਼ੇਸ਼ ਅੰਗ  ਬਣਾਉਣ ਦੇ ਮਕਸਦ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699 ਦੀ ਵਿਸਾਖੀ ਪੁਰਬ ’ਤੇ ਸੰਗਤਾਂ ਨੂੰ ਵੱਡੀ ਤਾਦਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਹੁੰਮ-ਹੁੰਮਾ ਕੇ ਪੁੱਜਣ ਲਈ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ:
ਬੈਸਾਖੀ  ਕੇ ਦਰਸ ਪੈ ਸਤਿਗੁਰ ਕਿਯੋ ਬਿਚਾਰ।
ਕਿਯੋ ਪ੍ਰਗਟ ਤਬ ਖਾਲਸਾ ਚੂਕਯੋ ਸਰਬ ਜੰਜਾਲ।
(ਸ੍ਰੀ ਗੁਰ ਸੋਭਾ)
ਇਸ ਤਰ੍ਹਾਂ 1699 ਈ: ਦੀ ਵਿਸਾਖੀ ਨੂੰ  ਕੇਸਗੜ੍ਹ ਸਾਹਿਬ ਵਿਖੇ ਇਕ ਭਾਰੀ ਦੀਵਾਨ  ਸਜਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ  ਕਿਰਪਾਨ ਮਿਆਨ ਤੋਂ ਕੱਢ ਕੇ ਗਰਜ  ਕੇ ਕਿਹਾ ਕਿ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆਂ, ਨਿਸ਼ਾਨਿਆਂ ਲਈ ਜਾਨ ਵਾਰਨ ਲਈ  ਤਿਆਰ ਹੋਵੇ। ਇਹ ਸੁਣ ਕੇ ਚਾਰੇ ਪਾਸੇ ਚੁੱਪ ਛਾ ਗਈ। ਤੀਜੀ ਵਾਰ ਅਵਾਜ਼ ਦੇਣ ’ਤੇ ਲਾਹੌਰ ਦੇ ਭਾਈ ਦਇਆ ਰਾਮ ਨੇ ਸੀਸ ਭੇਟ ਕੀਤਾ। ਗੁਰੂ ਜੀ ਉਸ ਨੂੰ ਨਾਲ ਲੱਗੇ ਛੋਟੇ ਤੰਬੂ ਵਿੱਚ ਲੈ ਗਏ। ਵਾਪਸ ਸੰਗਤ ਵਿੱਚ ਆ ਕੇ ਖੁੂਨ ਨਾਲ ਭਰੀ ਕਿਰਪਾਨ ਗੁਰੂ ਜੀ ਨੇ ਫਿਰ ਲਹਿਰਾਈ ਤੇ ਇਕ ਹੋਰ ਸੀਸ ਦੀ ਮੰਗ ਕੀਤੀ। ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਦਾਸ ਜੀ ਆਏ। ਤੀਜੀ ਵਾਰ ਜਗਨਨਾਥ ਪੁਰੀ (ਉੜੀਸਾ) ਦੇ ਇਕ ਰਸੋਈਏ ਸਿੱਖ ਹਿੰਮਤ ਰਾਇ, ਚੌਥੀ ਵਾਰ ਦੁਵਾਰਕਾ (ਗੁਜਰਾਤ) ਦੇ ਇਕ ਛੀਂਬੇ ਮੋਹਕਮ ਚੰਦ ਤੇ ਪੰਜਵੀਂ ਵਾਰ ਬਿਦਰ (ਕਰਨਾਟਕ) ਦੇ ਇਕ ਨਾਈ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ। ਗੁਰੂ ਜੀ ਉਨ੍ਹਾਂ ਨੂੰ ਸੁੰਦਰ  ਪੁਸ਼ਾਕੇ ਪਹਿਨਾ ਕੇ ਤੰਬੂ ਤੋਂ ਬਾਹਰ ਸੰਗਤਾਂ ਸਾਹਮਣੇ ਲੈ ਆਏ। ਅੰਮ੍ਰਿਤ ਤਿਆਰ ਕੀਤਾ ਅਤੇ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ‘ਸਿੰਘ’ ਦਾ ਲਕਬ ਦਿੱਤਾ ਅਤੇ ਪੰਜਾਂ ਪਿਆਰਿਆਂ ਦੀ ਪੱਦਵੀ ਦਿੱਤੀ। ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਛਕਿਆ ਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਇਕ ਇਨਕਲਾਬੀ ਕਦਮ ਚੁੱਕਿਆ ਗੁਰ-ਬਿਲਾਸ ਪਾਤਸ਼ਾਹੀ ਦੱਸਵੀਂ ਵਿੱਚ ਇਸ ਅਲੌਕਿਕ ਵਰਤਾਰੇ ਨੂੰ ਭਾਵ-ਪੂਰਕ ਸ਼ਬਦਾਂ ਵਿੱਚ ਬਿਆਨ ਕਰਦੇ ਹੋਏ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਣ ਤੋਂ ਹੇਠਾਂ ਉ¤ਤਰ ਆਏ ਤੇ ਸਭਨਾਂ ਦੇ ਵੇਖਦੇ-ਵੇਖਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ। ਹੁਣ ਕਿਸੇ ਉ¤ਚੇ-ਨੀਵੇਂ ਗੁਰੂ ਚੇਲੇ ਦਾ ਕੋਈ ਅੰਤਰ ਨਹੀਂ ਰਹਿਆ:
ਉਤਰ  ਸਿੰਘਾਸਨ ਜੁਗ ਕਰ ਜੋਰੀ। ਅੰਮ੍ਰਿਤ ਲੇਤ ਆਪ ਸੁਖ ਗੋਰੀ।

ਬੈਸ ਸੂਦਰ ਏ ਜਾਟ  ਅਪਾਰਾ। ਤਾ ਕੋ ਪੰਥ ਮਾਹ ਮੈ ਧਾਰਾ।
ਸਭ ਜਗ ਰਾਜ ਤੋਹਿ ਕੋ ਦੀਨਾ।  ਪੁੰਨ ਬਿਧਿ ਸੋ ਤੁਮ ਦੋ ਗੁਰ  ਕੀਨਾ।    (ਗੁਰ  ਸੋਭਾ)
ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਨੇ ਕਿਹਾ ਕਿ ਪਾਤਸ਼ਾਹ ਜੀ ਤੁਹਾਡੀ ਕਿਰਪਾ ਸਦਕਾ ਅਸੀਂ ਇਹ ਮਰਤਬਾ ਪ੍ਰਾਪਤ ਕੀਤਾ ਹੈ, ਇਹ ਅਸੀਂ ਕਿਵੇਂ ਕਰੀਏ। ਗੁਰ ਚੇਲੇ ਦੀ ਵਿੱਥ ਮਿਟਾਉਣ ਵਾਲੇ ਪਾਤਸ਼ਾਹ ਨੇ ਕਿਹਾ: ਸਾਵਧਾਨ ਹੋ ਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ, ਸੰਸਾ ਨਾ ਕਰਉ, ਇਹ ਪੰਥ ਵਾਹਿਗੁਰੂ ਨੇ ਸਾਜਿਆ ਹੈ। ਮੈਂ ਵੀ ਉਸ ਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਮੈਨੂੰ ਵੀ ਅੰਮ੍ਰਿਤ ਉਸੇ ਤਰ੍ਹਾਂ ਛਕਾਉ ਜਿਵੇਂ ਤੁਸੀਂ ਛਕਿਆ ਹੈ। ਆਪਣੇ ਨਾਲ ਰਲਾ ਕੇ ਮੇਰੇ ’ਤੇ ਵੀ ਖਾਲਸਾ ਹੋਣ ਦੀ ਮੋਹਰ ਲਗਾਉ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮੇਰੇ ਵਿਚ ਅੰਤਰ ਨਹੀਂ ਤੁਹਾਡੇ ਅਤੇ ਮੇਰੇ ਵਿੱਚ ਵੀ ਕੋਈ ਫਰਕ ਨਹੀਂ ਹੈ:
ਜਾ  ਵਿਧਿ ਅੰਮ੍ਰਿਤ ਤੁਮ ਗੁਰ ਪਾਯੋ। ਤੈਸੇ ਮੋਹਿ ਮਿਲਾਯੋ ਭਾਯੋ।
ਓਤ ਪੋਤ ਗੁਰ  ਸਿਖ ਜਦ ਜਾਨੋ। ਜੈਸੇ ਨੇਮ ਗੁਰ ਸੰਗ  ਸੋ ਮਾਨੋ।
(ਗੁਰ-ਬਿਲਾਸ  ਪਾਤਸ਼ਾਹੀ ਦਸਵੀਂ)
ਇਸ ਪਾਵਨ ਦਿਹਾੜੇ ’ਤੇ ਸ੍ਰੀ  ਅਨੰਦਪੁਰ ਸਾਹਿਬ ਵਿਖੇ ਅਹਿਮਦ ਸ਼ਾਹ ਬਟਾਲਵੀ ਜੋ ਔਰੰਗਜ਼ੇਬ ਦਾ ਖ਼ਬਰ-ਨਵੀਸ ਸੀ, ਉਹ  ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ  ਕਰਦਾ ਹੋਇਆ ਲਿਖਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ,‘‘ਮੈਂ ਚਾਹੁੰਦਾ  ਹਾਂ ਕਿ ਤੁਸੀਂ ਸਾਰੇ ਇਕ ਰਾਹ ਉ¤ਤੇ  ਚੱਲੋ, ਇੱਕੋ ਧਰਮ ਅਪਣਾਉ ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ। ਜੜ੍ਹੋਂ ਹੀ ਮੁਕਾ ਦਿਓ ਅਤੇ ਇਕ-ਦੂਜੇ ਨਾਲ ਖੁੱਲ੍ਹ ਕੇ ਮਿਲੋ। ਕੋਈ ਇਕ-ਦੂਜੇ ਨਾਲੋਂ ਆਪਣੇ ਆਪ ਨੂੰ ਉ¤ਚਾ ਜਾਂ ਵੱਡਾ ਨਾ ਸਮਝੇ। ਸਾਰੇ ਇੱਕੋ ਖੰਡੇ-ਬਾਟੇ ਵਿੱਚੋਂ ਅੰਮ੍ਰਿਤ ਛਕੋ ਅਤੇ ਇਕ ਦੂਜੇ ਨੂੰ ਪਿਆਰ ਕਰੋ।ੂ ਫਿਰ ਆਪ ਜੀ ਨੇ ਰਹਿਤ ਮਰਿਆਦਾ ਦ੍ਰਿੜ੍ਹ ਕਰਵਾਈ ‘ਸੂਰਜ ਪ੍ਰਕਾਸ਼’ ਦੇ ਸ਼ਬਦਾਂ ਵਿੱਚ:
ਕਰ  ਅਰਦਾਸ ਰਹਤ ਕੀ ਭਲੇ। ਪੰਚਾਮ੍ਰਿਤ ਅਜਿ  ਪਾਚਉ ਮਿਲੇ।
ਜਾਤ ਪਾਤ ਕੋ ਭੇਦ  ਨ ਕੋਈ। ਚਾਰ ਬਰਨ ਅਚਵਹਿ ਇਕ  ਹੋਈ।
ਮਤਿ ਊਚੀ ਰਾਖਹੁ  ਮਨ ਨੀਵਾਂ। ਸਿਮਰਹੁ ਵਾਹਿਗੁਰੂ ਸੁਖ ਸੀਵਾਂ।
ਗੋਰ ਮੜ੍ਹੀ ਅਰ ਪੰਥ  ਅਨੇਕਾਂ। ਆਨ ਨ ਮਾਨਹਿ ਰਾਖ ਵਿਵੇਕਾ।
(ਸ੍ਰੀ  ਗੁਰ ਪ੍ਰਤਾਪ ਸੂਰਜ ਗ੍ਰੰਥ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ’ਤੇ ਅਨੇਕਾਂ ਬਖਸ਼ਿਸ਼ਾਂ ਕਰਦਿਆਂ ਫੁਰਮਾਇਆ ਕਿ ਖਾਲਸਾ ਅਕਾਲ ਪੁਰਖ ਦਾ ਤਸੱਵਰ ਅਤੇ ਸਰੂਪ ਹੈ। ਸਹੀ ਅਰਥਾਂ ਵਿਚ ਉਹ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਉਸ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤੱਕ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਸਭ ਕੁਝ ਖਾਲਸੇ ਦਾ ਹੀ ਹੈ:
ਖਾਲਸਾ ਮੇਰਾ ਮੁਖ ਹੈ ਅੰਗਾ।  ਖਾਲਸੇ ਕੋ ਹਉ ਸਦ ਸਦ ਸੰਗਾ।    (ਸਰਬ ਲੋਹ ਗ੍ਰੰਥ)
ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ’ਤੇ ਸ੍ਰੀ  ਅਨੰਦਪੁਰ ਸਾਹਿਬ ਦੀ ਧਰਤੀ ਉਤੇ ਜਿਹੜਾ ਅਲੌਕਿਕ ਚਮਤਕਾਰ ਕੀਤਾ, ਉਸ ਨੂੰ ਸਿਰਫ ਭਾਰਤ ਵਾਸੀਆਂ ਨੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਇਕ ਇਤਿਹਾਸਕ ਚਮਤਕਾਰ ਦੇ ਤੌਰ ’ਤੇ ਬੜੀ ਅਸਚਰਜਤਾ ਨਾਲ ਮਹਿਸੂਸ ਕੀਤਾ ਗਿਆ। ਇਬਸਟਨ ਨੇ ਠੀਕ ਲਿਖਿਆ ਹੈ ਕਿ ਹਿੰਦੋਸਤਾਨ ਦੇ ਲੰਬੇ ਇਤਿਹਾਸ ਵਿੱਚ  ਪਹਿਲੀ ਵਾਰ ਇਕ ਐਸੀ ਕੌਮ ਦਾ ਜਨਮ  ਹੋਇਆ ਜੋ ਆਪਣੇ ਆਪ ਵਿੱਚ ਇਕ ਵੱਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਕਦੇ ਨਹੀਂ ਵੇਖੀ ਸੀ। ਨੀਵੀਂ ਜਾਤ ਦੇ ਲੋਕਾਂ ਜਿਨ੍ਹਾਂ ਨੇ ਕਦੇ ਸ਼ਸ਼ਤਰਾਂ ਨੂੰ ਹੱਥ ਤੱਕ ਨਹੀਂ ਸੀ ਲਗਾਇਆ ਗੁਰੂ ਜੀ ਦੀ ਅਗਵਾਈ ਹੇਠਾਂ ਉਨ੍ਹਾਂ ਨੇ ਨਿਰੀ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ , ਸਗੋਂ ਦੇਸ਼ ਲਈ ਆਪਾ ਵਾਰਨ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਸਿੱਖਾਂ ਵਿੱਚੋਂ ਨਿੱਜਵਾਦ ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਨਿਰਾਸ਼ਾਵਾਦੀ ਸਮਾਜ ਵਿੱਚ ਜੁਅੱਰਤ ਵਾਲਾ ਵਾਤਾਵਰਣ ਪੈਦਾ ਹੋ ਗਿਆ। ਸਿੱਖਾਂ ਵਿੱਚ ਇਹੋ ਜਿਹੇ ਗੁਣ ਆ ਗਏ ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣ ਖੜ੍ਹ ਜਾਂਦੇ, ਬੰਦ-ਬੰਦ ਕਟਵਾ ਕੇ ਖੋਪਰ ਲੁਹਾ ਲੈਂਦੇ ਪਰ ਸਿੱਖੀ ਆਦਰਸ਼ ਨੂੰ ਕਦੇ ਨਾ ਛੱਡਦੇ।  ਅੱਜ ਦੇ ਇਸ ਮੁਬਾਰਕ ਅਵਸਰ ’ਤੇ ਮੈਂ ਪ੍ਰਤੀਨਿਧ ਸਿੱਖ ਸੰਸਥਾ ਦੇ ਨਿਮਾਣੇ ਸੇਵਾਦਾਰ ਦੇ ਰੂਪ ਵਿੱਚ ਸੰਸਾਰ ਵਿੱਚ ਪਸਰੇ ਖਾਲਸਾ ਪੰਥ ਅਤੇ ਸੰਸਾਰ ਦੇ ਸਰਬੱਤ ਪ੍ਰਾਣੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ। ਇਹ ਅਵਸਰ ਸਾਡੇ ਲਈ ਆਤਮ ਚਿੰਤਨ ਅਤੇ ਸਵੈ-ਪੜਚੋਲ ਦਾ ਵੀ ਹੈ। ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਿਧਾਂਤਕ ਤੇ ਵਿਚਾਰਧਾਰਾ ਦੇ ਰੂਪ ਵਿੱਚ ਸਾਡੇ ਪਾਸ ਅਮੀਰ ਵਿਰਾਸਤੀ ਖਜ਼ਾਨਾ ਜਿਸ ਦਾ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਕੋਈ ਸਾਨੀ ਨਹੀਂ ਅਤੇ ਫਿਰ ਸ਼ਾਨਾਮੱਤਾ ਸਾਡਾ ਇਤਿਹਾਸਕ ਪਿਛੋਕੜ ਵੀ ਹੈ। ਸਾਨੂੰ ਇਸ ਪਾਵਨ ਦਿਵਸ ’ਤੇ ਆਪਣੇ ਗੌਰਵਮਈ ਧਾਰਮਿਕ ਤੇ ਇਤਿਹਾਸਕ ਵਿਰਸੇ ਨੂੰ ਮਹਿਸੂਸ ਕਰਦਿਆਂ ਬਾਣੀ ਅਤੇ ਬਾਣੇ ਵਿੱਚ ਪ੍ਰਪੱਕ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Print Friendly

About author

Vijay Gupta
Vijay Gupta1095 posts

State Awardee, Global Winner

You might also like

Voice of Students

ਇਮਤਿਹਾਨਾਂ ਦੇ ਦਿਨਾਂ ਵਿੱਚ ਖ਼ੁਰਾਕ

ਇਮਤਿਹਾਨਾਂ ਦੇ ਦਿਨ ਨੇੜੇ ਆਉਣ ’ਤੇ ਵਿਦਿਆਰਥੀ ਪੜ੍ਹਾਈ ਲਈ ਫਿਕਰਮੰਦ ਹੋ ਜਾਂਦੇ ਹਨ। ਜਿਹਨਾਂ ਵਿਦਿਆਰਥੀਆਂ ਨੇ ਪੂਰਾ ਸਾਲ ਲਗਾਤਾਰ ਪੜਾਈ ਕੀਤੀ ਹੁੰਦੀ ਹੈ ਉਹਨਾਂ ’ਤੇ ਤਾਂ ਬਹੁਤਾ ਬੋਝ ਨਹੀਂ ਪੈਂਦਾ


Print Friendly