Print Friendly

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ (ਕੁਦਰਤੀ ਆਫਤਾਂ ਉਪੱਰ ਲੇਖ)

ਧਰਤੀ ਦੇ ਕੁਦਰਤੀ ਸੋਮਿਆਂ ਅਤੇ ਵਾਤਾਵਰਨ ਨੂੰ ਤਬਾਹ ਕਰਨ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ। ਜੰਗਲਾਂ ਦੀ ਬੇਤਹਾਸ਼ਾ ਕਟਾਈ, ਜਲ ਸ੍ਰੋਤਾਂ ਦਾ ਪ੍ਰਦੂਸ਼ਨ, ਪਦਾਰਥ ਪ੍ਰਾਪਤੀ ਦੀ ਦੌੜ ਲਈ ਵਧਦਾ ਫੈਕਟਰੀਆਂ ਦਾ ਜਾਲ, ਜ਼ਹਿਰੀਲੀਆਂ ਗੈਸਾਂ ਨਾਲ ਭ੍ਰਿਸ਼ਟ ਹੋ ਰਿਹਾ ਵਾਯੂਮੰਡਲ ਅਤੇ ਧਰਤੀ ਦੇ ਕਣ-ਕਣ ਵਿੱਚ ਰਚ ਚੁੱਕੇ ਮਾਰੂ ਰਸਾਇਣ ਇਸੇ ਤਬਾਹੀ ਦਾ ਮੰਜ਼ਰ ਬਿਆਨ ਕਰਦੇ ਹਨ। ਰੋਗਾਂ ਦੇ ਪਸਾਰ ਤੋਂ ਲੈ ਕੇ ਪੂਰੀ ਧਰਤੀ ਉਪਰਲੀ ਮਨੁੱਖੀ ਵਸੋਂ ਦੇ ਤਬਾਹ ਹੋਣ ਤਕ ਦੇ ਖ਼ਤਰੇ ਸਾਡੇ ਸਿਰ ਉਪਰ ਮੰਡਰਾਉਣ ਲੱਗੇ ਹਨ। ਬਦਲਦੀਆਂ ਰੁੱਤਾਂ ਅਤੇ ਮੌਸਮਾਂ ਦਾ ਅੱਥਰਾਪਣ ਕਿਸੇ ਭਿਆਨਕ ਖ਼ਤਰੇ ਦੀ ਘੰਟੀ ਵਜਾ ਰਹੇ ਹਨ।
ਵਧ ਰਹੀ ਆਲਮੀ ਤਪਸ਼ ਦਾ ਪ੍ਰਕੋਪ ਤਾਂ ਅਸੀਂ ਹਰ ਵਰ੍ਹੇ ਗਰਮੀ ਦੇ ਦਿਨਾਂ ਵਿੱਚ ਦੇਖਦੇ ਹੀ ਹਾਂ। ਵਿਸ਼ਵ ਦੇ ਭਿੰਨ-ਭਿੰਨ ਭਾਗਾਂ ਵਿੱਚ ਹੜ੍ਹਾਂ ਦਾ ਪ੍ਰਕੋਪ ਅਣਗਿਣਤ ਕੀਮਤੀ ਜਾਨਾਂ ਨੂੰ ਨਿਗਲ ਜਾਂਦਾ ਹੈ। ਪ੍ਰਦੂਸ਼ਨ ਤੋਂ ਉਪਜਦੇ ਖ਼ਤਰਿਆਂ ਬਾਰੇ ਚਿਤਾਵਨੀ ਫੋਕਾ ਵਹਿਮ ਨਹੀਂ ਹੈ ਸਗੋਂ ਇਹ ਤਾਂ ਵਿਗਿਆਨਕ ਵਰਤਾਰਿਆਂ ਦੀ ਸਚਾਈ ਹੈ।
ਜੇਕਰ ਅਸੀਂ ਕੁਦਰਤੀ ਸੋਮਿਆਂ ਦੀ ਤਬਾਹੀ ਕਰਾਂਗੇ ਤਾਂ ਸਾਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਧਰਤੀ ਉਪਰਲਾ ਜੀਵਨ ਬੜੀਆਂ ਗੁੰਝਲਦਾਰ ਤਾਣੀਆਂ ਵਿੱਚ ਜਕੜਿਆ ਹੋਇਆ ਹੈ। ਇਸ ਦੇ ਕਿਸੇ ਵੀ ਜੀਵਤ ਜਾਂ ਅਜੀਵਤ ਭਾਗ ਵਿੱਚ ਆਇਆ ਵਿਗਾੜ ਸਮੁੱਚੇ ਜੀਵਨ ਲਈ ਪ੍ਰਕੋਪ ਬਣ ਜਾਂਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕੁਦਰਤ ਦੀ ਸਹਿਣਸ਼ੀਲਤਾ ਬਹੁਤ ਜ਼ਿਆਦਾ ਹੈ ਪਰ ਜਦੋਂ ਕਦੇ ਇਹ ਆਪਣਾ ਪ੍ਰਕੋਪ ਦਿਖਾਉਂਦੀ ਹੈ ਤਾਂ ਡਾਇਨੋਸਾਰਾਂ ਵਰਗੇ ਵਿਸ਼ਾਲ ਜੀਵ ਵੀ ਮਿੱਟੀ ਵਿੱਚ ਮਿਲ ਜਾਂਦੇ ਹਨ।
ਕੁਦਰਤੀ ਸੋਮਿਆਂ ਦੀ ਤਬਾਹੀ ਨੂੰ ਰੋਕਣ ਲਈ ਅੱਜ ਤੋਂ ਤਕਰੀਬਨ ਡੇਢ ਕੁ ਸੌ ਸਾਲ ਪਹਿਲਾਂ ਇੱਕ ਮੂਲ ਅਮਰੀਕੀ ਦੇ ਬੋਲ ਇੱਥੇ ਸਾਂਝੇ ਕਰਨੇ ਲਾਜ਼ਮੀ ਹੋਣਗੇ। ਉਸ ਸਮੇਂ ਵਾਸ਼ਿੰਗਟਨ ਦੇ ਅਮੀਰ ਉਦਯੋਗਪਤੀਆਂ ਨੇ ਅਮਰੀਕੀ ਰੈੱਡ ਇੰਡੀਅਨ ਕਬੀਲੇ ਦੇ ਲੋਕਾਂ ਉਪਰ ਦਬਾਅ ਪਾਇਆ ਕਿ ਉਹ ਆਪਣੀ ਜ਼ਮੀਨ ਉਨ੍ਹਾਂ ਨੂੰ ਵੇਚ ਦੇਣ ਤਾਂ ਜੋ ਉੱਥੇ ਫੈਕਟਰੀਆਂ ਸਥਾਪਤ ਕੀਤੀਆਂ ਜਾ ਸਕਣ। ਉਸ ਸਮੇਂ ਕਬੀਲੇ ਦੇ ਸਰਦਾਰ ਨੇ ਜੋ ਇਤਿਹਾਸਕ ਜਵਾਬ ਦਿੱਤਾ ਸੀ, ਉਸ ਨੂੰ ਪੜ੍ਹ ਕੇ ਸਾਡੀਆਂ ਵੀ ਅੱਖਾਂ ਖੁੱਲ੍ਹ ਜਾਂਦੀਆਂ ਹਨ। ਕਬੀਲੇ ਦੇ ਮੁਖੀ ਨੇ ਕਿਹਾ, ‘‘ਯਾਦ ਰੱਖੋ ਜੋ ਸਲੂਕ ਇਸ ਧਰਤੀ ਨਾਲ ਕਰੋਗੇ, ਉਹੀ ਇਸ ਧਰਤੀ ਉੱਤੇ ਵਸਦੇ ਮਨੁੱਖਾਂ ਨਾਲ ਵਾਪਰੇਗਾ।’’
ਅਮਰੀਕੀ ਮੂਲ ਦੇ ਕਬੀਲੇ ਦੇ ਮੁਖੀ ਦੀ ਇਹ ਭਾਵਨਾ ਭਾਵੇਂ ਉਸ ਸਮੇਂ ਦੇ ਅਮਰੀਕੀ ਉਦਯੋਗਪਤੀਆਂ ਨੂੰ ਪੂਰੀ ਤਰ੍ਹਾਂ ਸਮਝ ਨਾ ਆਈ ਹੋਵੇ ਪਰ ਅੱਜ ਅਮਰੀਕਾ ਵਰਗੇ ਵਿਕਸਤ ਦੇਸ਼ ਵਾਤਾਵਰਨ ਸੰਕਟ ਪ੍ਰਤੀ ਸਭ ਤੋਂ ਵੱਧ ਬੇਚੈਨ ਅਤੇ ਚੌਕੰਨੇ ਹਨ। ਵਧ ਰਹੀ ਮਨੁੱਖੀ ਵਸੋਂ ਦੀਆਂ ਲੋੜਾਂ ਦੀ ਪੂਰਤੀ ਲਈ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ। ਰੁੱਖਾਂ ਦੇ ਨਸ਼ਟ ਹੋਣ ਨਾਲ ਸੰਸਾਰ ਦੀ ਆਰਥਿਕਤਾ ਨੂੰ ਨੁਕਸਾਨ ਤਾਂ ਪਹੁੰਚਦਾ ਹੀ ਹੈ, ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਤੇ ਸੰਤੁਲਨ ਵਿਗੜਦਾ ਹੈ ਅਤੇ ਧਰਤੀ ਉਪਰਲਾ ਜੀਵਨ ਖ਼ਤਰੇ ਵਿੱਚ ਪੈਂਦਾ ਹੈ। ਰੁੱਖਾਂ ਦੀ ਕਟਾਈ ਕਾਰਨ ਹਰਿਆਵਲ ਨਾਲ ਢਕੇ ਹੋਏ ਪਰਬਤ ਅੱਜ ਮਿੱਟੀ ਤੇ ਚੱਟਾਨਾਂ ਦੇ ਢੇਰਾਂ ਵਿੱਚ ਬਦਲ ਗਏ ਹਨ। ਫਲਸਰੂਪ ਚੱਟਾਨਾਂ ਖਿਸਕਣ ਕਾਰਨ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ।
ਦੁਨੀਆਂ ਭਰ ਦੇ ਅੰਕੜੇ ਦਰਸਾਉਂਦੇ ਹਨ ਕਿ ਜਿਸ ਖੇਤਰ ਵਿੱਚ ਰੁੱਖਾਂ ਦੀ ਕਟਾਈ ਕੀਤੀ ਗਈ, ਉੱਥੋਂ ਦੀ ਭੂਮੀ ਨਸ਼ਟ ਹੋ ਗਈ। ਕਿਸੇ ਸਮੇਂ ਹਰੇ-ਭਰੇ ਉਪਜਾਊ ਖੇਤਰ ਅੱਜ ਬੰਜਰ ਮਾਰੂਥਲਾਂ ਵਿੱਚ ਬਦਲ ਗਏ। ਜਿਸ ਮਨੁੱਖੀ ਸੱਭਿਅਤਾ ਨੇ ਜੰਗਲੀ ਖੇਤਰ ਨੂੰ ਨਸ਼ਟ ਕੀਤਾ, ਉਸ ਦਾ ਨਾਸ਼ ਹੋ ਗਿਆ। ਜ਼ਮੀਨੀ ਪਾਣੀ ਦਾ ਪੱਧਰ ਨੀਵਾਂ ਚਲਿਆ ਗਿਆ। ਉੱਥੋਂ ਦਾ ਖੇਤਰੀ ਤਾਪਮਾਨ ਵਧ ਗਿਆ। ਅੱਜ ਤਾਂ ਅਸੀਂ ਜੰਗਲਾਂ ਨੂੰ ਬੜੀ ਤੇਜ਼ੀ ਨਾਲ ਨਸ਼ਟ ਕਰਨ ਦੇ ਰਾਹ ਤੁਰੇ ਹੋਏ ਹਨ। ਹਰ ਸਾਲ 60 ਤੋਂ 80 ਲੱਖ ਹੈਕਟੇਅਰ ਜੰਗਲੀ ਖੇਤਰ ਨੂੰ ਕੱਟ ਦਿੱਤਾ ਜਾਂਦਾ ਹੈ। ਜੇਕਰ ਧਰਤੀ ਉਪਰਲੇ ਜੰਗਲ ਇਸੇ ਤਰ੍ਹਾਂ ਤਬਾਹ ਹੁੰਦੇ ਰਹੇ ਤਾਂ ਮਨੁੱਖੀ ਆਪਣੀ ਹੋਂਦ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ।
ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਸਾਲ 2050 ਤਕ ਦੁਨੀਆਂ ਦੇ ਤਪਤਖੰਡੀ ਜੰਗਲ ਇੱਕ ਮਾਰੂਥਲ ਦਾ ਰੂਪ ਧਾਰਨ ਕਰ ਲੈਣਗੇ। ਵਾਤਾਵਰਨ ਵਿਗਿਆਨੀਆਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਵਾਯੂਮੰਡਲ ਵਿੱਚ ‘ਗਰੀਨ ਹਾਊਸ ਗੈਸਾਂ’ ਦੀ ਮਾਤਰਾ ਵਧਣ ਕਾਰਨ ਆਉਣ ਵਾਲੇ ਦੋ ਦਹਾਕਿਆਂ ਵਿੱਚ ਦੁਨੀਆਂ ਭਰ ’ਚ ਤਰਥੱਲੀ ਮੱਚ ਜਾਵੇਗੀ। ਆਈ. ਪੀ. ਸੀ. ਸੀ. (ਇੰਟਰਗੌਰਮੈਂਟਲ ਪੈਨਲ ਆਫ਼ ਕਲਾਈਮੇਟ ਚੇਂਜ) ਦੇ ਅੰਦਾਜ਼ੇ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਹਰ ਇੱਕ-ਦੋ ਸਾਲਾਂ ਬਾਅਦ ਔਸਤਨ ਸੰਸਾਰਕ ਤਾਪਮਾਨ 2.8 ਡਿਗਰੀ ਸੈਂਟੀਗ੍ਰੇਡ ਵਧ ਜਾਇਆ ਕਰੇਗਾ।
ਪ੍ਰਸਿੱਧ ਰਸਾਇਣ ਵਿਗਿਆਨੀ ਐੱਚ.ਐੱਚ. ਕੋਇਪਟ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਅਜੋਕੀ ਖੇਤੀਬਾੜੀ ਵਿੱਚੋਂ ਸਿਰਫ਼ ਦੋ ਚੀਜ਼ਾਂ ਪੈਦਾ ਹੋ ਰਹੀਆਂ ਹਨ: ਬਿਮਾਰੀ ਅਤੇ ਨਦੀਨ। ਇਸ ਗੱਲ ਦਾ ਸਬੂਤ ਪੰਜਾਬ ਦੇ ਮਾਲਵਾ ਖੇਤਰ ਵਿੱਚ ਫੈਲ ਰਹੇ ਕੈਂਸਰ ਕੇਸਾਂ ਤੋਂ ਮਿਲਦਾ ਹੈ। ਕਿਸੇ ਸਮੇਂ ਦੁਨੀਆਂ ਭਰ ਦੇ ਨਕਸ਼ੇ ਉਪਰ ਨਰਮਾ ਪੱਟੀ ਵਜੋਂ ਨਾਮਣਾ ਖੱਟਣ ਵਾਲਾ ਮਾਲਵਾ ਖੇਤਰ ਅੱਜ ਕੈਂਸਰ ਪੱਟੀ ਵਜੋਂ ਆਪਣੀ ਦਾਸਤਾਨ ਬਿਆਨ ਕਰ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਪਿਛਲੇ 20 ਸਾਲਾਂ ਦੌਰਾਨ ਪੰਜਾਬ ਦੀ ਮਾਲਵਾ ਪੱਟੀ ਵਿੱਚ ਕੀਟਨਾਸ਼ਕ ਦਵਾਈਆਂ ਦੀ ਜਿੰਨੀ ਜ਼ਿਆਦਾ ਵਰਤੋਂ ਹੋਈ ਹੈ, ਉਨੀ ਸੰਸਾਰ ਦੇ ਕਿਸੇ ਹੋਰ ਭਾਗ ਵਿੱਚ ਨਹੀਂ ਹੋਈ।
ਰਸਾਇਣਕ ਜ਼ਹਿਰਾਂ ਦੀ ਵਰਤੋਂ ਕਾਰਨ ਸਿਰਫ਼ ਕੈਂਸਰ ਹੀ ਨਹੀਂ ਸਗੋਂ ਪੇਟ ਦੀਆਂ ਬਿਮਾਰੀਆਂ, ਅੱਖਾਂ ਦੇ ਰੋਗ, ਚਮੜੀ ਰੋਗ, ਐਲਰਜੀ, ਨਿਪੁੰਸਕਤਾ ਅਤੇ ਮੰਦਬੁੱਧੀ ਬੱਚਿਆਂ ਦਾ ਜਨਮ ਆਦਿ ਜਿਹੇ ਦੁਰਪ੍ਰਭਾਵ ਵੀ ਫੈਲ ਰਹੇ ਹਨ। ਪੀ.ਜੀ.ਆਈ. ਚੰਡੀਗੜ੍ਹ ਦੁਆਰਾ ਕਰਵਾਏ ਇੱਕ ਸਰਵੇਖਣ ਵਿੱਚ ਪਤਾ ਲੱਗਿਆ ਹੈ। ਤਕਰੀਬਨ 15 ਕਿਸਮਾਂ ਦੇ ਜ਼ਹਿਰੀਲੇ ਕਣ ਪੰਜਾਬੀ ਲੋਕਾਂ ਦੇ ਖ਼ੂਨ ਵਿੱਚ ਰਲ ਚੁੱਕੇ ਹਨ। ਅੰਮ੍ਰਿਤ ਸਮਾਨ ਮੰਨਿਆ ਜਾਣ ਵਾਲਾ ਮਾਂ ਦਾ ਦੁੱਧ ਵੀ ਰਸਾਇਣੀ ਜ਼ਹਿਰਾਂ ਨਾਲ ਭਰ ਗਿਆ ਹੈ। ਉਦਯੋਗਿਕ ਗੰਦਗੀ, ਜ਼ਹਿਰੀਲੇ ਰਸਾਇਣਾਂ ਅਤੇ ਮਨੁੱਖ ਵੱਲੋਂ ਫੈਲਾਏ ਕਚਰੇ ਨੂੰ ਸੀਵਰੇਜ ਰਾਹੀਂ ਅਸੀਂ ਨਾਲਿਆਂ ਤੇ ਦਰਿਆਵਾਂ ਵਿੱਚ ਸੁੱਟ ਕੇ ਬੇਫ਼ਿਕਰ ਹੋ ਜਾਂਦੇ ਹਾਂ ਪਰ ਗੰਦਗੀ ਵਿਚਲੇ ਇਹੀ ਜ਼ਹਿਰੀਲੇ ਰਸਾਇਣ ਜ਼ਮੀਨੀ ਪਾਣੀ ਵਿੱਚ ਮਿਲ ਜਾਂਦੇ ਹਨ ਅਤੇ ਪੀਣ ਵਾਲੇ ਪਾਣੀ ਨਾਲ ਸਾਡੇ ਸਰੀਰ ਅੰਦਰ ਪਹੁੰਚ ਜਾਂਦੇ ਹਨ।
ਰਾਜਸਥਾਨ ਵਿੱਚ ਹਰ ਸਾਲ 8000 ਬੱਚੇ ਨਾੜੀ-ਪ੍ਰਬੰਧ, ਦਿਮਾਗ਼ ਅਤੇ ਸੁਖਨਾ ਨਾੜੀ ਦੇ ਨੁਕਸ ਨਾਲ ਪੀੜਤ ਪੈਦਾ ਹੋ ਰਹੇ ਹਨ। ਡਾ. ਐੱਸ.ਜੀ. ਕਾਬਰਾ ਨੇ ਇਸ ਦਾ ਕਾਰਨ ਇਹ ਦੱਸਿਆ ਹੈ ਕਿ ਗਰਭਵਤੀ ਮਾਵਾਂ ਨੂੰ ਅਕਸਰ ਵਧੇਰੇ ਹਰੀਆਂ ਸਬਜ਼ੀਆਂ ਤੇ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਨਦੀਨਨਾਸ਼ਕਾਂ ਨਾਲ ਭਰੀਆਂ ਹਰੀਆਂ-ਸਬਜ਼ੀਆਂ ਦੀ ਵਰਤੋਂ ਅਤੇ ਦਿਮਾਗ਼ੀ ਤੌਰ ਉੱਤੇ ਨੁਕਸਦਾਰ ਬੱਚਿਆਂ ਦੇ ਜਨਮ ਵਿੱਚ ਸਿੱਧਾ ਸਬੰਧ ਜਾਪਦਾ ਹੈ। ਆਪਣੇ ਵਾਤਾਵਰਨ ਨੂੰ ਪਲੀਤ ਕਰਨ ਦੇ ਰਾਹ ਉਪਰ ਚੱਲ ਕੇ ਸਾਡੀ ਝੋਲੀ ਦੁੱਖ ਹੀ ਦੁੱਖ ਪਏ ਹਨ। ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦੂਸ਼ਨ ਆਪਣਾ ਪ੍ਰਕੋਪ ਹੋਰ ਵੀ ਮਾਰੂ ਰੂਪ ਦਿਖਾਵੇਗਾ। ਜਦੋਂ ਅਸੀਂ ਘਟ ਰਹੀ ਓਜ਼ੋਨ ਪਰਤ ਕਰਕੇ ਮਾਰੂ ਪਰਾਬੈਂਗਣੀ ਕਿਰਨਾਂ ਦੇ ਧਰਤੀ ਉਪਰ ਆਉਣ ਬਾਰੇ ਸੋਚਦੇ ਹਾਂ ਤਾਂ ਸਮੁੱਚੇ ਜੀਵਨ ਦੀ ਹੋਂਦ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਜਾਪਦਾ ਹੈ। ਧਨ ਕਮਾਉਣ ਦੀ ਦੌੜ ’ਚ ਲੱਗ ਕੇ ਅਸੀਂ ਕੁਦਰਤੀ ਸੋਮਿਆਂ ਦੀ ਸੰਭਾਲ ਕਰਨੀ ਭੁੱਲ ਗਏ ਹਾਂ।
ਗ਼ਲਤ ਵਸੀਲਿਆਂ ਨੂੰ ਵਰਤ ਕੇ ਧਨ ਇਕੱਠਾ ਕਰਨ ਦੀ ਦੌੜ ਵਿੱਚ ਲੱਗੇ ਅਜੋਕੇ ਮਨੁੱਖੀ ਸਮਾਜ ਦੀ ਹਾਲਤ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਕਰਦੇ ਹਨ:
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ।।
ਭਾਵ ਕਲਯੁਗ ਜਾਂ ਅਜੋਕੇ ਯੁੱਗ ਅੰਦਰ ਮਨੁੱਖੀ ਸਰੀਰ ਦਾ ਰਥ ਤ੍ਰਿਸ਼ਨਾ ਜਾਂ ਲੋਭ ਦੀ ਅੱਗ ਹੈ ਅਤੇ ਇਸ ਰੱਥ ਨੂੰ ਚਲਾਉਣ ਵਾਲਾ ਕੂੜ ਹੈ। ਭਾਵ ਜਦੋਂ ਜੀਵਾਂ ਦੀ ਜ਼ਿੰਦਗੀ ਦਾ ਮਨੋਰਥ ਧਨ ਨੂੰ ਇਕੱਠਾ ਕਰਨਾ ਹੀ ਹੈ ਤਾਂ ਫਿਰ ਇਸ ਦੀ ਪੂਰਤੀ ਲਈ ਗ਼ਲਤ ਵਸੀਲੇ ਅਪਣਾਏ ਜਾ ਰਹੇ ਹਨ। ਸਾਡੀ ਸੋਚ ਸਿਰਫ਼ ਪੈਸੇ ਉਪਰ ਕੇਂਦਰਿਤ ਹੋ ਕੇ ਥੋੜ੍ਹ-ਚਿਰੇ ਸੁੱਖ ਪ੍ਰਦਾਨ ਕਰਨ ਵਾਲੀਆਂ ਵਸਤੂਆਂ ਵੱਲ ਹੈ। ਵਿਗਿਆਨ ਅਤੇ ਧਰਮ ਤੋਂ ਸਿਰਫ਼ ਧਨ ਤੇ ਪਦਾਰਥ ਪੂਰਤੀ ਦੀ ਮੰਗ ਕਰਨਾ ਸਾਡਾ ਸੁਭਾਅ ਬਣ ਗਿਆ ਹੈ ਪਰ ਅਸੀਂ ਕਦੇ ਇਹ ਸੋਚਿਆ ਹੀ ਨਹੀਂ ਕਿ ਅਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਵਾਤਾਵਰਨ ਸਿਰਜ ਰਹੇ ਹਾਂ।
ਵਿਗਿਆਨ ਦੀ ਦੂਰਅੰਦੇਸ਼ੀ ਸੋਚ ਅਤੇ ਧਰਮ ਦਾ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਵਾਲਾ ਵਤੀਰਾ ਹੀ ਕੋਈ ਰੰਗ ਲਿਆ ਸਕਦਾ ਹੈ। ਅੱਜ ਵਾਤਾਵਰਨ ਸੰਕਟ ਸਬੰਧੀ ਜਾਗ੍ਰਿਤੀ ਬਹੁਤ ਜ਼ਿਆਦਾ ਹੈ ਪਰ ਵਾਤਾਵਰਨ ਦੀ ਸੰਭਾਲ ਲਈ ਪ੍ਰਯੋਗੀ ਯਤਨਾਂ ਪੱਖੋਂ ਹਰ ਪਾਸੇ ਅਵੇਸਲਾਪਣ ਹੈ।
ਜੇ ਅਸੀਂ ਚਾਹੀਏ ਤਾਂ ਧਰਤੀ ਉੱਤੇ ਸਵਰਗ ਸਿਰਜ ਸਕਦੇ ਹਾਂ ਪਰ ਹਾਲੇ ਤਾਂ ਅਸੀਂ ਥੋੜ੍ਹ-ਚਿਰੇ ਸੁੱਖਾਂ ਦੀ ਪ੍ਰਾਪਤੀ ਲਈ ਕੁਦਰਤੀ ਸੋਮਿਆਂ ਦੀ ਬਰਬਾਦੀ ਕਰਨ ਵਿੱਚ ਲੱਗੇ ਹੋਏ ਹਾਂ। ਕਹਿਣ ਨੂੰ ਤਾਂ ਅਸੀਂ ਗਿਆਨ ਦੀ ਸਦੀ ਵਿੱਚ ਜੀਅ ਰਹੇ ਹਾਂ ਪਰ ਇਸ ਗਿਆਨ ਦੀ ਪ੍ਰਯੋਗੀ ਤੇ ਸੁਚਾਰੂ ਵਰਤੋਂ ਕਰਨ ਵਿੱਚ ਦੇਰੀ ਕਿਉਂ ਦਿਖਾ ਰਹੇ ਹਾਂ?
ਸਾਡੇ ਲਈ ਇਹ ਗੱਲ ਧਿਆਨ ਗੋਚਰ ਕਰਨੀ ਅਤਿਅੰਤ ਲਾਜ਼ਮੀ ਹੈ ਕਿ ਹਵਾ, ਪਾਣੀ ਅਤੇ ਭੂਮੀ ਨੂੰ ਪਲੀਤ ਕਰ ਕੇ ਇਕੱਠਾ ਕੀਤਾ ਧਨ ਅਤੇ ਪਦਾਰਥ ਭਵਿੱਖ ਵਿੱਚ ਕਿਤੇ ਸਾਡੇ ਲਈ ਮੌਤ ਦਾ ਫੰਦਾ ਹੀ ਨਾ ਬਣ ਜਾਣ।

 ਡਾ. ਜਤਿੰਦਰਪਾਲ ਸਿੰਘ,  ਮੋਬਾਈਲ: 99153-11947
Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

‘ਗੁਰੂ ਕਾ ਬੇਟਾ’ ਬਾਬਾ ਜੀਵਨ ਸਿੰਘ

ਵੈਸੇ ਤਾਂ ਬਹੁਤ ਸਾਰੇ ਸ਼ਹੀਦ ਸਿੱਖ, ਲਿਖਾਰੀ ਸਿੱਖ, ਬਹਾਦਰ ਸਿੱਖ ਹੋਏ ਹਨ ਪਰ ਵਿਲੱਖਣ, ਲਾਸਾਨੀ ਅਤੇ ਅਦੁੱਤੀ ਕੁਰਬਾਨੀਆਂ ਕਰਨ ਵਾਲੇ ਮਹਾਨ ਸਿੱਖਾਂ ਵਿੱਚੋਂ ਸਿਰਫ ਤੇ ਸਿਰਫ ਬਾਬਾ ਜੀਵਨ ਸਿੰਘ ਨੂੰ ਹੀ


Print Friendly
Social Studies0 Comments

ਜਮਾਤ ਛੇਵੀਂ, ਪਾਠ – 4 (ਨਕਸ਼ੇ – ਸਾਡੇ ਕਿਵੇਂ ਮਦਦਗਾਰ)

ਨਕਸ਼ਿਆਂ ਦੀ ਮਦਦ ਨਾਲ ਅਸੀਂ ਇੱਕ ਥਾਂ ਦੀ ਦੂਸਰੇ ਥਾਂ ਨਾਲੋਂ ਦੂਰੀ, ਸਮਾਂ ਅਤੇ ਸਥਿਤੀ ਬਾਰੇ ਅਸਾਨੀ ਨਾਲ ਪਤਾ ਕਰ ਸਕਦੇ ਹਾਂ। ਵਪਾਰਕ ਕੇਂਦਰ, ਸੜਕਾਂ ਅਤੇ ਰੇਲਾਂ ਦੇ ਰਸਤੇ, ਜਮੀਨ


Print Friendly
Social Studies0 Comments

ਪੰਜਾਬ ਦੇ ਮੁੱਖ ਮੰਤਰੀ – 15 ਅਗਸਤ 1947 ਤੋਂ ਹੁਣ ਤੱਕ

1. ਡਾ: ਗੋਪੀ ਚੰਦ ਭਾਰਗਵ : 15 ਅਗਸਤ, 1947 ਤੋਂ 13 ਅਪ੍ਰੈਲ, 1949 ਤੱਕ। 2. ਲਾਲਾ ਭੀਮ ਸੈਨ ਸੱਚਰ : 14 ਅਪ੍ਰੈਲ, 1949 ਤੋਂ 18 ਅਕਤੂਬਰ 1949 ਤੱਕ। 3. ਡਾ:


Print Friendly