Print Friendly

ਸਿਕੰਦਰ ਮਹਾਨ

ਸਿਕੰਦਰ ਦੇ ਹਰ ਬੋਲ ਦੇ ਡੂੰਘੇ ਅਰਥ ਸਨ। ਉਸ ਦੀ ਹਰ ਹਰਕਤ ਵਿੱਚ ਜ਼ਿੰਦਗੀ-ਮੌਤ ਦਾ ਨਾਟਕ ਸੀ। ਉਸ ਦੀਆਂ ਕਹੀਆਂ ਗੱਲਾਂ ਵਿਸ਼ਵ-ਚੇਤਨਾ ਦਾ ਭਾਗ ਬਣ ਗਈਆਂ ਹਨ।  ਉਸ ਨੇ ਕਿਹਾ ਸੀ: ਯੂਨਾਨ ਵਿੱਚ ਪ੍ਰਸਿੱਧ ਹੋਣ ਵਾਸਤੇ ਮੈਨੂੰ ਕਿੰਨੀਆਂ ਮੁਸੀਬਤਾਂ ਬਰਦਾਸ਼ਤ ਕਰਨੀਆਂ ਪਈਆਂ ਹਨ। ਫ਼ੌਜ ਬਾਰੇ ਉਸ ਦਾ ਕਥਨ ਸੀ ਕਿ ਹਰੇਕ ਫ਼ੌਜੀ ਦੇ ਵਿਹਾਰ  ’ਤੇ ਸਮੁੱਚੀ ਫ਼ੌਜ ਦੀ ਕਿਸਮਤ ਟਿਕੀ ਹੁੰਦੀ ਹੈ। ਉਹ ਕਿਹਾ ਕਰਦਾ ਸੀ, ਆਸਮਾਨ ਵਿੱਚ ਦੋ ਸੂਰਜ ਨਹੀਂ ਹੋ ਸਕਦੇ, ਧਰਤੀ ’ਤੇ ਦੋ ਬਾਦਸ਼ਾਹ ਕਿਵੇਂ ਹੋ ਸਕਦੇ ਹਨ? ਉਸ ਦਾ ਵਿਚਾਰ ਸੀ, ਜੋ ਯਤਨ ਕਰਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ। ਉਹ ਪਿਤਾ ਦਾ ਜ਼ਿੰਦਗੀ ਦੇਣ ਲਈ ਧੰਨਵਾਦੀ ਸੀ ਤੇ ਅਧਿਆਪਕ ਦਾ ਜ਼ਿੰਦਗੀ ਜਿਊਣੀ ਸਿਖਾਉਣ ਲਈ ਸ਼ੁਕਰਗੁਜ਼ਾਰ ਸੀ। ਉਸ ਨੇ ਮੰਨਿਆ: ਮੈਂ ਧਰਤੀਆਂ ਜਿੱਤਦਾ ਰਿਹਾ, ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ। ਉਸ ਨੂੰ ਭੇਡਾਂ ਦੇ ਆਗੂਆਂ ਵਾਲੀ ਸ਼ੇਰਾਂ ਦੀ ਫ਼ੌਜ ਤੋਂ ਡਰ ਨਹੀਂ ਸੀ ਲੱਗਦਾ, ਸ਼ੇਰ ਦੀ ਅਗਵਾਈ ਵਾਲੀ ਭੇਡਾਂ ਦੀ ਫ਼ੌਜ ਤੋਂ ਭੈਅ ਆਉਂਦਾ ਸੀ। ਉਸ ਅਨੁਸਾਰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਅਕੇਵਾਂ ਅਤੇ ਥਕਾਵਟ ਬਰਦਾਸ਼ਤ ਕਰਨ ਵਾਲਾ ਹਰਾਇਆ ਨਹੀਂ ਜਾ ਸਕਦਾ।
ਸਿਕੰਦਰ ਨਾਲ ਜੁੜੀਆਂ ਸੈਂਕੜੇ ਕਹਾਣੀਆਂ ਪ੍ਰਸਿੱਧ ਹਨ ਅਤੇ ਸੈਂਕੜੇ ਕਹਾਣੀਆਂ ਉਸ ਨਾਲ ਜੋੜ ਦਿੱਤੀਆਂ ਗਈਆਂ ਹਨ। ਸਿਕੰਦਰ ਨੇ ਸਨਕਵਾਦ ਦੇ ਪਿਤਾ, ਡਾਇਓਜਨੀਸ ਕੋਲ ਜਾ ਕੇ ਕਿਹਾ ਸੀ: ਮੈਂ ਬਾਦਸ਼ਾਹ ਹਾਂ, ਕੁਝ ਮੰਗੋ। ਸਭ ਇੱਛਾਵਾਂ ਤੋਂ ਮੁਕਤ, ਕਿਸੇ ਦੀ ਪ੍ਰਵਾਹ ਨਾ ਕਰਨ ਵਾਲੇ ਡਾਇਓਜਨੀਸ ਨੇ ਕਿਹਾ ਸੀ: ਪਰ੍ਹੇ ਹਟ, ਧੁੱਪ ਆਉਣ ਦੇ। ਇੱਕ ਵਾਰੀ ਸਿਕੰਦਰ ਬਿਮਾਰ ਸੀ। ਹਕੀਮ ਨੇ ਜਦੋਂ ਦਵਾਈ ਦਿੱਤੀ ਤਾਂ ਕਿਸੇ ਨੇ ਉਸ ਨੂੰ ਇੱਕ ਪਰਚੀ ਫੜਾਈ, ਜਿਸ ’ਤੇ ਲਿਖਿਆ ਸੀ: ਦਵਾਈ ਵਿੱਚ ਜ਼ਹਿਰ ਹੈ। ਸਿਕੰਦਰ ਨੇ ਪਰਚੀ ਹਕੀਮ ਨੂੰ ਫੜਾ ਕੇ ਦਵਾਈ ਖਾ ਲਈ। ਹਕੀਮ ਨੇ ਪੁੱਛਿਆ: ਜਦੋਂ ਪਤਾ ਲੱਗ ਗਿਆ ਸੀ ਕਿ ਦਵਾਈ ਵਿੱਚ ਜ਼ਹਿਰ ਹੈ ਤਾਂ ਦਵਾਈ ਕਿਉਂ ਖਾਧੀ? ਸਿਕੰਦਰ ਨੇ ਕਿਹਾ: ਮੈਨੂੰ ਤੇਰੇ ’ਤੇ ਵਿਸ਼ਵਾਸ ਹੀ ਇੰਨਾ ਸੀ ਕਿ ਜੇ ਤੂੰ ਮੇਰੇ ਸਾਹਮਣੇ ਵੀ ਜ਼ਹਿਰ ਮਿਲਾਇਆ ਹੁੰਦਾ, ਮੈਂ ਤਾਂ ਵੀ ਖਾ ਲੈਣੀ ਸੀ। ਇੱਕ ਰਾਜੇ ਦੇ ਲੜਾਈ ਵਿੱਚ ਮਾਰੇ ਜਾਣ ਉਪਰੰਤ ਸਿਕੰਦਰ ਨੇ ਉਸ ਦੀ ਵਿਧਵਾ ਨਾਲ ਇੰਨਾ ਚੰਗਾ ਵਿਹਾਰ ਕੀਤਾ ਕਿ ਸਵੈ-ਇੱਛਾ ਨਾਲ ਉਹ ਸਿਕੰਦਰ ਦੀ ਪਹਿਲੀ ਪਤਨੀ ਬਣੀ। ਫਾਰਸ ਅਰਥਾਤ ਈਰਾਨ ਨੂੰ ਜਿੱਤ ਕੇ ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ, ਉਸ ਦਾ ਆਪਣਾ ਸੁਪਨਾ ਏਸ਼ੀਆ ਨੂੰ ਜਿੱਤਣਾ ਸੀ। ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਨਾਲ ਪੋਰਸ ਵਾਂਗ ਲੜਿਆ ਸੀ। ਡੇਰੀਅਸ ਨੇ ਸਿਕੰਦਰ ਨੂੰ ਏਸ਼ੀਆ ਅੱਧਾ-ਅੱਧਾ ਵੰਡਣ ਦਾ ਸੁਝਾਅ ਦਿੱਤਾ। ਡੇਰੀਅਸ ਨੇ ਕਿਹਾ: ਜੇ ਮੈਂ ਸਿਕੰਦਰ ਹੁੰਦਾ ਤਾਂ ਇਹ ਵੰਡ ਮੰਨ ਜਾਂਦਾ। ਸਿਕੰਦਰ ਨੇ ਕਿਹਾ: ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ, ਮੈਂ ਡੇਰੀਅਸ ਨਹੀਂ, ਸਿਕੰਦਰ ਹਾਂ। ਇੱਕ ਵਾਰੀ ਸਿਕੰਦਰ ਨੇ ਸਭ ਕੁਝ ਵੰਡ ਦਿੱਤਾ। ਦੋਸਤ ਨੇ ਪੁੱਛਿਆ ਕਿ ਆਪਣੇ ਲਈ ਕੀ ਰੱਖਿਆ ਹੈ ਤਾਂ ਸਿਕੰਦਰ ਨੇ ਕਿਹਾ: ਉਮੀਦ। ਸਿਕੰਦਰ ਕੋਲ ਇਤਿਹਾਸਕ ਦ੍ਰਿਸ਼ਟੀ ਸੀ। ਉਹ ਜਾਣਦਾ ਸੀ ਕਿ ਉਹ ਇਤਿਹਾਸ ਰਚ ਰਿਹਾ ਸੀ। ਉਸ ਨੇ ਪੈਂਤੀ ਨਵੇਂ ਸ਼ਹਿਰ ਵਸਾਏ ਅਤੇ ਹਰ ਖੇਤਰ ’ਤੇ ਆਪਣਾ ਪ੍ਰਭਾਵ ਛੱਡਿਆ।
ਸਿਕੰਦਰ ਨੂੰ ਕੱਪੜੇ ਸਜਾਉਣ ਦਾ  ਸ਼ੌਕ ਸੀ। ਉਹ ਸੋਹਣੇ, ਨਵੇਂ ਅਤੇ ਮਜ਼ਬੂਤ ਹਥਿਆਰਾਂ ਦਾ ਮਤਵਾਲਾ ਸੀ। ਉਹ ਚੰਗੇ ਘੋੜਿਆਂ ਦਾ ਪਾਰਖੂ ਸੀ। ਜੇਹਲਮ ਉਸ ਦੇ ਘੋੜੇ ਦਾ ਨਾਂ ਸੀ, ਜਿਸ ਦੇ ਮਰਨ ’ਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਹਲਮ ਰੱਖ ਦਿੱਤਾ ਸੀ। ਜਦੋਂ ਸਿਕੰਦਰ ਸਵਾਰੀ ਕਰਦਾ ਸੀ ਤਾਂ ਜੇਹਲਮ ਅਤੇ ਸਿਕੰਦਰ ਇੱਕ ਹੋ ਜਾਂਦੇ ਸਨ। ਉਸ ਦੇ ਦੋ ਪੱਕੇ ਦੋਸਤ ਸਨ। ਹੈਪਹੇਸਟੀਅਨ ਉਸ ਦੇ ਬਚਪਨ ਦਾ ਦੋਸਤ ਸੀ। ਦੂਜਾ ਦੋਸਤ ਕਰੇਟਰਸ ਸੀ। ਸਿਕੰਦਰ ਪਿਆਰ ਪਹਿਲੇ ਨੂੰ ਕਰਦਾ ਸੀ, ਸਤਿਕਾਰ ਵਧੇਰੇ ਦੂਜੇ ਦਾ ਕਰਦਾ ਸੀ। ਹੈਪਹੇਸਟੀਅਨ ਅਤੇ ਸਿਕੰਦਰ ਦਾ ਇੱਕ ਹੀ ਪਹਿਰਾਵਾ ਹੁੰਦਾ ਸੀ। ਇੱਕ ਦੇ ਬੋਲ, ਦੂਜੇ ਦੇ ਬੋਲ ਸਮਝੇ ਜਾਂਦੇ ਸਨ। ਕਰੇਟਰਸ ਬਾਦਸ਼ਾਹ ਦਾ ਦੋਸਤ ਸੀ, ਹੈਪਹੇਸਟੀਅਨ ਸਿਕੰਦਰ ਦਾ ਦੋਸਤ ਸੀ। ਕਰੇਟਰਸ ਯੂਨਾਨੀ ਲਿਬਾਸ ਪਹਿਨਦਾ ਸੀ, ਸਿਕੰਦਰ ਲਈ ਉਹ ਯੂਨਾਨ ਦੀ ਆਵਾਜ਼ ਸੀ।
ਸਿਕੰਦਰ ਇੱਕ ਵੀ ਲੜਾਈ ਨਹੀਂ ਹਾਰਿਆ। ਉਸ ਕੋਲ ਦਸ ਹਜ਼ਾਰ ਘੋੜਸਵਾਰ ਫ਼ੌਜ ਸੀ। ਉਹ ਲੜਾਈ ਨੂੰ ਫ਼ੈਸਲਾਕੁੰਨ ਪੜਾਅ ’ਤੇ ਲਿਆ ਕੇ ਇਹ ਘੋੜਸਵਾਰ ਫ਼ੌਜ ਉਤਾਰਦਾ ਸੀ ਅਤੇ ਲੜਾਈ ਦਾ ਫ਼ੈਸਲਾ ਹੋ ਜਾਂਦਾ ਸੀ। ਉਹ ਯੁੱਧ ਦੀਆਂ ਵਿਉਂਤਾਂ ਬਣਾਉਣ ਵਿੱਚ ਮਾਹਿਰ ਸੀ। ਉਹ ਯੁੱਧ ਦੇ ਮੈਦਾਨ ਵਿੱਚ ਧੀਰਜ ਨਾਲ ਸੋਚ ਸਕਦਾ ਸੀ। ਉਹ ਅਸੰਭਵ ਨੂੰ ਸੰਭਵ ਬਣਾਉਣ ਵਿੱਚ ਨਿਪੁੰਨ ਸੀ। ਇੱਕ ਵਾਰੀ ਇੱਕ ਸਿੱਧੀ ਪਹਾੜੀ ’ਤੇ ਚੜ੍ਹਨ ਲਈ ਉਸ ਨੇ ਇੱਕ ਫ਼ੌਜੀ ਮੰਗਿਆ, ਤਿੰਨ ਸੌ ਤੋਂ ਵੱਧ ਅੱਗੇ ਆਏ, ਜਿਨ੍ਹਾਂ ਨੇ ਰਾਤੋ-ਰਾਤ ਪਹਾੜੀ ’ਤੇ ਚੜ੍ਹ ਕੇ ਜਦੋਂ ਸਿਕੰਦਰ ਦਾ ਝੰਡਾ ਲਹਿਰਾ ਦਿੱਤਾ ਤਾਂ ਅਫ਼ਵਾਹ ਫੈਲ ਗਈ ਕਿ ਸਿਕੰਦਰ ਕੋਲ ਪਰਾਂ ਵਾਲੀ ਫ਼ੌਜ ਵੀ ਸੀ। ਉਹ ਆਪਣੇ ਭਾਸ਼ਣ ਨਾਲ ਹੀ ਜਿੱਤ ਦੀ ਨੁਹਾਰ ਨਿਸ਼ਚਿਤ ਕਰ ਦਿੰਦਾ ਸੀ। ਉਸ ਦੇ ਹਮਲਾ ਕਰਨ ਤੋਂ ਪਹਿਲਾਂ ਹੀ, ਉਸ ਦੇ ਜਿੱਤਣ ਦੀਆਂ ਖ਼ਬਰਾਂ ਫੈਲ ਜਾਂਦੀਆਂ ਸਨ। ਹੁਣ ਵੀ ਫ਼ੌਜਾਂ ਦੇ ਜਰਨੈਲ ਉਸ ਦੀ ਯੁੱਧ ਕਲਾ ਅਤੇ ਯੁੱਧ ਦੇ ਪੈਂਤੜਿਆਂ ਦਾ ਅਧਿਐਨ ਕਰਦੇ ਹਨ। ਪਹਿਲਾਂ ਸਿਕੰਦਰ ਜਿੱਤ ਲਈ ਤਾਂਘਦਾ ਸੀ, ਫਿਰ ਜਿੱਤਾਂ ਸਿਕੰਦਰ ਲਈ ਤਾਂਘਣ ਲੱਗ ਪਈਆਂ ਸਨ।
ਸਿਕੰਦਰ ਦਾ ਭੈਅ ਅਤੇ ਰੋਅਬ ਇੰਨਾ ਸੀ ਕਿ ਰਾਜੇ ਉਸ ਦੀ ਈਨ ਮੰਨਣ ਲਈ ਕਾਹਲੇ ਪੈ ਜਾਂਦੇ ਸਨ ਕਿਉਂਕਿ ਜਿਸ-ਜਿਸ ਨੇ ਉਸ ਦੀ ਈਨ ਮੰਨੀ ਉਸ-ਉਸ ਨੂੰ ਉਸ ਨੇ ਰਾਜਾ ਥਾਪਿਆ। ਜਦੋਂ ਚੱਲਿਆ ਸੀ, ਉਸ ਦੇ ਸਿਰ ’ਤੇ ਕਰਜ਼ਾ ਸੀ, ਪੰਜਾਹ ਮਹੀਨਿਆਂ ਵਿੱਚ ਸੰਸਾਰ ਦੇ ਖ਼ਜ਼ਾਨੇ ਉਸ ਦੇ ਹੋਣ ਲਈ ਤਰਲੇ ਲੈ ਰਹੇ ਸਨ। ਸੰਸਾਰ ਵਿੱਚ ਉਹ ਪਹਿਲਾ ਅਤੇ ਅੰਤਲਾ ਸੀ, ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਵੇਖਿਆ ਅਤੇ ਉਪਰਾਲਾ ਵੀ ਕੀਤਾ। ਸਿਕੰਦਰ ਦੀ ਜਰਨੈਲੀ-ਯੋਗਤਾ ਦੇ ਕਿੱਸੇ ਸਾਰੇ ਜਗਤ ਵਿੱਚ ਪ੍ਰਸਿੱਧ ਹਨ। ਇੱਕ ਵਾਰ ਉਸ ਨੇ ਲੜਾਈ ਵਿੱਚ ਪਹਾੜੀ ਰਸਤੇ ਦੇ ਚਾਰ ਸੌ ਮੀਲ ਦਾ ਸਫ਼ਰ ਪੂਰੇ ਫ਼ੌਜੀ ਲਸ਼ਕਰ ਨਾਲ ਗਿਆਰਾਂ ਦਿਨਾਂ ਵਿੱਚ ਪੂਰਾ ਕੀਤਾ। ਉਸ ਦੀ ਫ਼ੌਜ ਥਕਾਵਟ, ਭੁੱਖ ਅਤੇ ਪਿਆਸ ਨਾਲ ਬੇਹਾਲ ਸੀ। ਵਾਪਸ ਮੁੜਨ ਦੀਆਂ ਗੱਲਾਂ ਹੋ ਰਹੀਆਂ ਸਨ। ਸਭ ਤੋਂ ਵੱਡੀ ਘਾਟ ਪਾਣੀ ਦੀ ਸੀ। ਕੁਝ ਸਿਪਾਹੀਆਂ ਨੇ ਦੂਰੋਂ, ਦਰਿਆ ਤੋਂ ਪਾਣੀ ਦੇ ਕੁਝ ਤੌੜੇ ਲਿਆਂਦੇ ਅਤੇ ਪਹਿਲਾ ਪਿਆਲਾ ਸਿਕੰਦਰ ਨੂੰ ਦਿੱਤਾ। ਸਾਰੇ ਵੇਖ ਰਹੇ ਸਨ। ਸਿਕੰਦਰ ਨੇ ਆਪ ਪਾਣੀ ਪੀਣ ਦੀ ਬਜਾਏ ਕਿਹਾ: ‘ਅਸੀਂ  ਸਾਰੇ ਪਿਆਸੇ ਹਾਂ, ਪਹਿਲਾਂ ਮੇਰੇ ਸਾਥੀ ਪੀਣਗੇ, ਜਦੋਂ ਉਨ੍ਹਾਂ ਦੀ ਪਿਆਸ ਬੁਝ ਜਾਵੇਗੀ, ਮੇਰੀ ਆਪੇ ਬੁਝ ਜਾਵੇਗੀ।’ ਸਿਕੰਦਰ ਦੇ ਇਸ ਵਿਹਾਰ ਨੂੰ ਵੇਖ ਕੇ ਵਾਪਸ ਮੁੜਨ ਦੀਆਂ ਗੱਲਾਂ ਕਰਨ ਵਾਲੇ ਸਿਪਾਹੀ ਹੌਸਲੇ ਵਿੱਚ ਆ ਕੇ ਕਹਿਣ ਲੱਗੇ: ‘ਤੇਰੇ ਜਿਹਾ ਆਗੂ ਹੋਵੇ, ਪਿਆਸ-ਭੁੱਖ ਕੁਝ ਵੀ ਨਹੀਂ। ਚੱਲ ਨਵੀਆਂ ਧਰਤੀਆਂ ਜਿੱਤੀਏ ਅਤੇ ਨਵਾਂ ਇਤਿਹਾਸ ਸਿਰਜੀਏ।’
ਭਾਰਤ ਵਿੱਚ ਲੜਾਈ ਤੋਂ ਪਹਿਲਾਂ ਸਿਕੰਦਰ ਨੇ ਪੋਰਸ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਆਪਣੇ ਰਾਜ ਦੀਆਂ ਹੱਦਾਂ  ’ਤੇ ਆ ਕੇ ਮਿਲ, ਸਵਾਗਤ ਕਰ, ਈਨ ਮੰਨ ਅਤੇ ਨਜ਼ਰਾਨਾ ਭੇਟ ਕਰ। ਪੋਰਸ ਨੇ ਉੱਤਰ ਭੇਜਿਆ: ‘ਮੈਂ ਮਿਲਾਂਗਾ ਜ਼ਰੂਰ ਪਰ ਯੁੱਧ ਦੇ ਮੈਦਾਨ ਵਿੱਚ, ਤਿਆਰ ਹੋ ਕੇ ਆਉਣਾ।’ ਪੋਰਸ ਹਾਰ ਜ਼ਰੂਰ ਗਿਆ ਸੀ ਪਰ ਉਹ ਝੁਕਿਆ ਨਹੀਂ ਸੀ। ਸਿਕੰਦਰ ਆਪ ਬਹਾਦਰ ਸੀ ਅਤੇ ਬਹਾਦਰਾਂ ਦਾ ਕਦਰਦਾਨ ਸੀ। ਉਹ ਬਹਾਦਰ ਪੋਰਸ ਦੇ ਦੀਦਾਰ ਕਰਨੇ ਚਾਹੁੰਦਾ ਸੀ। ਕਈ ਸੁਨੇਹੇ ਭੇਜੇ, ਪੋਰਸ ਨੇ ਕੋਈ ਪ੍ਰਵਾਹ ਨਾ ਕੀਤੀ। ਅੰਤ ਨੂੰ ਸੁਨੇਹਾ ਭੇਜਿਆ ਕਿ ਇਹ ਇੱਕ ਦੋਸਤ ਦਾ ਸੁਨੇਹਾ ਹੈ। ਦੋਵੇਂ ਜ਼ਖ਼ਮੀ ਸਨ। ਸਿਕੰਦਰ ਨੇ ਪੋਰਸ ਨੂੰ  ਪੁੱਛਿਆ: ‘ਕੀ ਸੋਚ ਕੇ ਮੇਰੇ ਵਿਰੁੱਧ ਡਟਿਆ ਸੀ ਤੂੰ? ਤੈਨੂੰ ਪਤਾ ਸੀ ਕਿ ਮੈਂ ਸ਼ਰਨ ਆਇਆਂ ਨੂੰ ਮੁਆਫ਼ ਕਰਨ ਲਈ ਪ੍ਰਸਿੱਧ ਹਾਂ।’ ਪੋਰਸ ਨੇ ਕਿਹਾ: ਮੈਨੂੰ ਆਪਣੇ-ਆਪ ’ਤੇ, ਆਪਣੀ ਬਹਾਦਰੀ ’ਤੇ ਮਾਣ ਸੀ, ਮੈਂ ਸੋਚਿਆ ਕਰਦਾ ਸਾਂ ਕਿ ਮੈਂ ਸਭ ਤੋਂ ਬਹਾਦਰ ਹਾਂ। ਇਸ ਲੜਾਈ ਵਿੱਚ ਮੈਂ ਆਪਣੀ ਬਹਾਦਰੀ ਤੇਰੀ ਬਹਾਦਰੀ ਨਾਲ ਮਾਪੀ ਹੈ। ਮੈਂ ਮੰਨਦਾ ਹਾਂ ਕਿ ਤੂੰ ਮੇਰੇ ਨਾਲੋਂ ਵੀ ਬਹਾਦਰ ਹੈਂ ਪਰ ਮੈਂ ਵੀ ਬਹਾਦਰ ਹਾਂ।’ ਅੰਤ ਨੂੰ ਜਦੋਂ ਸਿਕੰਦਰ ਨੇ ਪੁੱਛਿਆ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਤਾਂ ਪੋਰਸ ਨੇ ਮਾਣ ਨਾਲ ਕਿਹਾ ਸੀ: ‘ਜੋ ਇੱਕ ਬਾਦਸ਼ਾਹ ਨਾਲ ਕੀਤਾ ਜਾਣਾ ਚਾਹੀਦਾ ਹੈ।’ ਇਹ ਸੁਣ ਕੇ ਸਿਕੰਦਰ ਪ੍ਰਸੰਨ ਹੋਇਆ ਸੀ। ਸਿਕੰਦਰ ਨੇ ਦੂਜਾ ਪ੍ਰਸ਼ਨ ਪੁੱਛਿਆ ਸੀ: ‘ਦੱਸ, ਤੈਨੂੰ ਕੀ ਚਾਹੀਦਾ ਹੈ?’ ਪੋਰਸ ਨੇ ਕਿਹਾ: ‘ਸਿਕੰਦਰ, ਤੇਰੇ ਪਹਿਲੇ ਸਵਾਲ ਦੇ ਜਵਾਬ ਵਿੱਚ, ਮੈਂ ਜੋ ਕਿਹਾ ਹੈ, ਸਭ ਵੇਰਵੇ ਸ਼ਾਮਲ ਹਨ।’ ਪਹਿਲੇ ਸਵਾਲ ਦੇ ਜਵਾਬ ਤੋਂ ਪ੍ਰਸੰਨ ਹੋ ਕੇ ਸਿਕੰਦਰ ਨੇ ਪੋਰਸ ਦੀ ਬਾਦਸ਼ਾਹੀ ਮੋੜ ਦਿੱਤੀ ਸੀ। ਦੂਜੇ ਪ੍ਰਸ਼ਨ ਦੇ ਉੱਤਰ ਵਿੱਚ ਪੋਰਸ ਦੇ ਸ਼ਬਦਾਂ ਤੋਂ ਪ੍ਰਸੰਨ ਹੋ ਕੇ ਸਿਕੰਦਰ ਨੇ ਪੋਰਸ ਦੀ ਬਾਦਸ਼ਾਹੀ ਵਿੱਚ ਹੋਰ ਇਲਾਕੇ ਜੋੜ ਕੇ, ਉਸ ਨੂੰ ਵਿਸ਼ਾਲ ਕਰ ਦਿੱਤਾ ਸੀ। ਸਿਕੰਦਰ ਹੈ ਤਾਂ ਹਮਲਾਵਰ ਹੀ ਸੀ ਪਰ ਪੋਰਸ ਨਾਲ ਚੰਗਾ ਵਿਹਾਰ ਕਰ ਕੇ ਉਸ ਨੇ ਭਾਰਤੀਆਂ ਦੇ ਦਿਲ ਜਿੱਤ ਲਏ ਸਨ। ਸਿਕੰਦਰ ਨੇ ਪੋਰਸ ਨਾਲ ਹੀ ਚੰਗਾ ਸਲੂਕ ਨਹੀਂ ਕੀਤਾ, ਉਸ ਨੇ ਹਰ ਬਾਦਸ਼ਾਹ ਨਾਲ ਚੰਗਾ ਸਲੂਕ ਕੀਤਾ ਸੀ। ਇਹੀ ਕਰਨ ਹੈ ਕਿ ਵਿਸ਼ਵ ਭਰ ਵਿੱਚ ਸਿਕੰਦਰ ਬਾਰੇ ਗੱਲ ਪ੍ਰਸ਼ੰਸਾਮਈ ਮੁਹਾਵਰੇ ਵਿੱਚ ਕੀਤੀ ਜਾਂਦੀ ਹੈ। ਹਮਲਾਵਰ ਹੋਣ ਦੇ ਬਾਵਜੂਦ ਸਤਿਕਾਰ ਜਿੱਤਣਾ, ਸਿਰਫ਼ ਸਿਕੰਦਰ ਜਾਣਦਾ ਸੀ।
ਸੁਤੰਤਰਤਾ ਉਪਰੰਤ ਭਾਰਤ ਦੇ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਨੇ, ਯੂਨਾਨ ਦੇ ਬਾਦਸ਼ਾਹ ਦੀ ਭਾਰਤ ਯਾਤਰਾ ਦਾ ਸਵਾਗਤ ਕਰਦਿਆਂ ਕਿਹਾ ਸੀ: ‘ਸਾਡੇ, ਤੁਹਾਡੇ ਨਾਲ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਤੁਸੀਂ ਯੂਨਾਨ ਦੇ ਪਹਿਲੇ ਬਾਦਸ਼ਾਹ ਹੋ, ਜਿਹੜੇ ਸਾਡੇ ਸੱਦੇ ’ਤੇ ਆਏ ਹੋ। ਤੁਹਾਡਾ ਸਿਕੰਦਰ, ਢਾਈ ਹਜ਼ਾਰ ਸਾਲ ਪਹਿਲਾਂ, ਬਿਨ ਬੁਲਾਏ ਹੀ ਆਇਆ ਸੀ।’
ਸਿਕੰਦਰ ਨੇ ਸਾਰੇ ਸਮਝੌਤੇ ਪਾਲੇ, ਸਾਰੇ ਵਾਅਦੇ ਨਿਭਾਏ। ਉਹ ਦੇਣ ਵਿੱਚ ਮਹਾਨ ਸੀ, ਮੁਆਫ਼ ਕਰਨ ਵਿੱਚ ਲਾਸਾਨੀ ਸੀ। ਉਹ ਇਤਨਾ ਹਿੰਮਤੀ ਸੀ ਕਿ ਇਹ ਕਦੇ ਹੋਇਆ ਹੀ ਨਹੀਂ ਸੀ ਕਿ ਸਿਕੰਦਰ ਆਪ ਖਲੋਤਾ ਰਹੇ ਅਤੇ ਬਹਾਦਰੀ ਕੋਈ ਹੋਰ ਵਿਖਾ ਜਾਏ। ਉਹ ਆਪਣੀ ਗਲਤੀ ਝੱਟ ਮੰਨ ਲੈਂਦਾ ਸੀ, ਗਲਤੀ ਤੋਂ ਸਬਕ ਸਿੱਖਦਾ ਸੀ, ਅਤੀਤ ਦੀ ਥਾਂ ਭਵਿੱਖ ਵੱਲ ਵੇਖਦਾ ਸੀ। ਉਸ ਕੋਲ ਪਛਤਾਵਿਆਂ ਲਈ ਵਕਤ ਹੀ ਨਹੀਂ ਸੀ। ਉਹ ਉਦੋਂ ਹੀ ਉਦਾਸ ਹੁੰਦਾ ਸੀ ਜਦੋਂ ਯੁੱਧ ਦੇ ਮੈਦਾਨ ਵਿੱਚ ਉਸ ਦਾ ਕੋਈ ਬਹਾਦਰ ਜਰਨੈਲ ਜਾਂ ਨਮੂਨੇ ਦਾ ਸਿਪਾਹੀ ਵਿਛੜਦਾ ਸੀ। ਉਸ ਵਿੱਚ ਮਹਾਨ ਵਿਅਕਤੀਆਂ ਵਾਲੇ ਸਾਧਾਰਨ ਦੋਸ਼ ਸਨ। ਉਹ ਕਾਹਲਾ ਸੀ, ਤੈਸ਼ ਵਿੱਚ ਆ ਜਾਂਦਾ ਸੀ, ਚਾਪਲੂਸ ਉਸ ਨੂੰ ਭਰਮਾ ਲੈਂਦੇ ਸਨ। ਉਸ ਦੇ ਕਈ ਔਗੁਣ ਜੱਦੀ ਸਨ, ਕੁਝ ਜਵਾਨੀ ਨਾਲ ਸਬੰਧਿਤ ਸਨ। ਸੰਸਾਰ ਦੇ ਬਾਦਸ਼ਾਹਾਂ ਵਿੱਚ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ’ਤੇ ਲੱਗਦੇ ਹਨ। ਉਹ ਕਿਹਾ ਕਰਦਾ ਸੀ ਕਿ ਬਾਦਸ਼ਾਹ ਵਿੱਚ ਵਸਤਰਾਂ ਦੀ ਨਹੀਂ, ਚਰਿੱਤਰ ਦੀ ਚਮਕ ਹੋਣੀ ਚਾਹੀਦੀ ਹੈ।
ਸਿਕੰਦਰ ਆਪਣੀ ਮਾਂ ਦਾ ਸਤਿਕਾਰ ਕਰਦਾ ਸੀ। ਉਹ ਆਪਣੀਆਂ ਮੁਹਿੰਮਾਂ ਬਾਰੇ ਮਾਂ ਨੂੰ ਲਿਖਦਾ ਰਹਿੰਦਾ ਅਤੇ ਮਾਂ ਦੇ ਖ਼ਤ ਪ੍ਰਾਪਤ ਕਰਦਾ ਰਹਿੰਦਾ ਸੀ। ਏਸ਼ੀਆ ਦੀ ਮੁਹਿੰਮ ਫ਼ਤਹਿ ਕਰ ਕੇ ਉਹ ਮਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋਈ। ਸਭ ਤੋਂ ਵੱਧ ਅਧੂਰੀਆਂ ਖ਼ਾਹਿਸ਼ਾਂ ਬਾਦਸ਼ਾਹਾਂ ਦੀਆਂ ਹੁੰਦੀਆਂ ਹਨ। ਖ਼ਾਹਿਸਾਂ ਬਾਦਸ਼ਾਹਾਂ ਨੂੰ ਖ਼ੂਬ ਭਟਕਾਉਂਦੀਆਂ ਹਨ। ਸਿਕੰਦਰ ਵੀ ਭਟਕਿਆ। ਸਿਕੰਦਰ ਪੂਰੇ ਹੋਸ਼-ਹਵਾਸ ਵਿੱਚ ਮਰਿਆ। ਬੱਤੀ ਸਾਲ ਦੀ ਉਮਰ ਵਿੱਚ ਸਿਕੰਦਰ ਮਰ ਵੀ ਗਿਆ ਸੀ। ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਉਸ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਤਾਂ ਉਸ ਨੇ ਲਿਖ ਕੇ ਕਿਹਾ ਕਿ ਉਸ ਦੇ ਮਰਨ ’ਤੇ ਤਿੰਨ ਕੰਮ ਕੀਤੇ ਜਾਣ। ਪਹਿਲਾ: ਮੇਰੀ ਅਰਥੀ ਮੇਰੇ ਹਕੀਮ ਚੁੱਕ ਕੇ ਲੈ ਕੇ ਜਾਣਗੇ ਤਾਂ ਕਿ ਸੰਸਾਰ ਜਾਣ ਜਾਵੇ ਕਿ ਮੌਤ ਤੋਂ ਕੋਈ ਨਹੀਂ ਬਚਿਆ, ਕੋਈ ਨਹੀਂ ਬਚਾ ਸਕਦਾ। ਦੂਜਾ: ਕਬਰਸਤਾਨ ਤਕ ਦੇ ਰਸਤੇ ਉੱਤੇ ਮੇਰੇ ਖ਼ਜ਼ਾਨੇ ਵਿੱਚ ਪਏ ਹੀਰੇ-ਮੋਤੀ ਖਿਲਾਰੇ ਜਾਣਗੇ ਤਾਂ ਕਿ ਹਰ ਕੋਈ ਜਾਣ ਜਾਵੇ ਕਿ ਸਭ ਖ਼ਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਜਾ: ਮੇਰੀ ਅਰਥੀ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣਗੇ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸ ਨੇ ਦੁਨੀਆਂ ਜਿੱਤ ਲਈ ਸੀ, ਦੁਨੀਆਂ ਤੋਂ ਜਾਣ ਵੇਲੇ ਉਸ ਦੇ ਦੋਵੇਂ ਹੱਥ ਖਾਲੀ ਸਨ।
ਸਿਕੰਦਰ ਨੂੰ ਭਾਰਤ ਦੀ ਰੂਹਾਨੀਅਤ ਨੇ ਵੰਗਾਰਿਆ ਸੀ। ਇੱਕ ਨਾਂਗੇ ਫ਼ਕੀਰ ਨੇ ਸਿਕੰਦਰ ਨੂੰ ਕਿਹਾ ਸੀ: ਤੂੰ ਸਾਡੇ ਵਾਂਗ ਹੀ ਇੱਕ ਸਾਧਾਰਨ ਵਿਅਕਤੀ ਹੈਂ ਪਰ ਅੰਤਰ ਇਹ ਹੈ ਕਿ ਤੂੰ ਘਰ-ਬਾਰ ਤਿਆਗ ਕੇ ਦੂਰ-ਦੁਰਾਡੀਆਂ ਧਰਤੀਆਂ ’ਤੇ ਆਪ ਦੁਖੀ ਹੋਣ ਅਤੇ ਹੋਰਾਂ ਨੂੰ ਦੁਖੀ ਕਰਨ ਆਇਆ ਹੈਂ। ਆਪਣੇ ਜੀਵਨ ਦੇ ਅੰਤਲੇ ਦਿਨਾਂ ਵਿੱਚ ਸਿਕੰਦਰ ਵੀ ਦਾਰਸ਼ਨਿਕ ਹੋ ਗਿਆ ਸੀ।
ਸਿਕੰਦਰ ਲਈ ਹਰੇਕ ਦਿਨ ਇੱਕ ਨਵੀਂ ਮੁਹਿੰਮ ਹੁੰਦਾ ਸੀ। ਉਹ ਦਰਿਆ ਵਾਂਗ ਖੁੱਲ੍ਹਾ ਸੀ, ਪਹਾੜ ਵਾਂਗ ਵਿਸ਼ਾਲ, ਮੈਦਾਨ ਵਾਂਗ ਪੱਧਰਾ ਅਤੇ ਸਰਲ, ਆਸਮਾਨ ਵਾਂਗ ਉੱਚਾ ਅਤੇ ਸਮੁੰਦਰ ਵਾਂਗ ਭਰਿਆ ਹੋਇਆ ਸੀ। ਉਸ ਕੋਲ ਬਹੁਤਾ ਵਕਤ ਨਹੀਂ ਸੀ ਕਿਉਂਕਿ ਜ਼ਿੰਦਗੀ ਨੇ ਵਫ਼ਾ ਨਾ ਕੀਤੀ। ਜਿਸ ਨੇ ਕਦੇ ਹਾਰ ਸ਼ਬਦ ਨਹੀਂ ਸੀ ਸੁਣਿਆ, ਉਸ ਨੂੰ ਮੌਤ ਨੇ ਜਿੱਤ ਲਿਆ ਸੀ। ਉਹ ਅੱਜ ਵੀ ਪ੍ਰੇਰਨਾਸ੍ਰੋਤ ਹੈ, ਹਿੰਮਤ ਅਤੇ ਯਤਨ ਦਾ ਵਗਦਾ ਦਰਿਆ ਹੈ। ਉਹ ਹਾਰਿਆਂ ਦਾ ਹੌਸਲਾ ਹੈ। ਉਹ ਪੱਛੜਿਆਂ ਦਾ ਪਰਚਮ ਹੈ। ਉਹ ਉਦੇਸ਼ਹੀਣਾਂ ਲਈ ਵੰਗਾਰ ਹੈ। ਉਹ ਆਸ-ਉਮੀਦ ਦਾ ਚਾਨਣ-ਮੁਨਾਰਾ ਹੈ। ਉਹ ਵਿਸ਼ਵ ਇਤਿਹਾਸ ਦਾ ਲਾਡਲਾ ਹੈ। ਸਿਕੰਦਰ  ਇੱਕ ਹੀ ਹੋਇਆ ਹੈ, ਸੰਸਾਰ ਲਈ ਇੱਕ ਹੀ ਸਿਕੰਦਰ ਕਾਫ਼ੀ ਹੈ।

ਨਰਿੰਦਰ ਸਿੰਘ ਕਪੂਰ – ਮਹਾਨ ਵਿਅਕਤੀ ਜਨਮ ਨਹੀਂ ਲੈਂਦੇ, ਪ੍ਰਗਟ ਹੁੰਦੇ ਹਨ, ਤਾਂ ਕਿ ਸੰਸਾਰ ਉਨ੍ਹਾਂ ਨੂੰ ਵੇਖ ਲਏ, ਸਮਝ ਲਏ ਅਤੇ ਜਾਣ ਜਾਵੇ ਕਿ ਇੱਕ ਵਿਅਕਤੀ ਆਪਣੇ ਸੰਖੇਪ ਜੀਵਨ ਵਿੱਚ ਕਿੰਨਾ ਕੁਝ ਨਵਾਂ ਅਤੇ ਨਿਆਰਾ ਸੰਭਵ ਕਰ ਵਿਖਾਉਂਦਾ ਹੈ। ਦੁਨੀਆਂ ਵਿੱਚ ਸਿਕੰਦਰ ਪਹਿਲਾ ਵਿਅਕਤੀ ਸੀ, ‘ਮਹਾਨ’ ਜਿਸ ਦੇ ਨਾਂ ਦਾ ਭਾਗ ਬਣਿਆ ਹੈ। ਸਿਕੰਦਰ ਦੇ ਆਪਣੇ ਜ਼ਮਾਨੇ ਵਿੱਚ ਜਿੱਤ ਦੇ ਅਰਥ ਸਿਕੰਦਰ ਹੋ ਗਏ ਸਨ ਅਤੇ ਜਿਹੜਾ ਵੀ ਜਿੱਤਦਾ ਸੀ, ਉਸ ਨੂੰ ਸਿਕੰਦਰ ਕਿਹਾ ਜਾਣ ਲੱਗਦਾ ਸੀ।ਸਿਕੰਦਰ ਯੂਨਾਨ ਦੀ ਇੱਕ ਰਿਆਸਤ ਮਕਦੂਨੀਆ ਦੇ ਰਾਜੇ ਫਿਲਿਪ ਦਾ ਪੁੱਤਰ ਸੀ। ਉਹ ਬਾਰ੍ਹਾਂ ਸਾਲ ਦਾ ਸੀ, ਜਦੋਂ ਉਸ ਵੱਲੋਂ ਇੱਕ ਜੰਗਲੀ ਅੱਥਰਾ ਘੋੜਾ ਸਾਧਣ ’ਤੇ ਪਿਤਾ ਨੇ ਕਿਹਾ ਸੀ, ‘‘ਮੇਰਾ ਰਾਜ ਤੇਰੇ ਲਈ ਸੌੜਾ ਹੈ, ਤੂੰ ਆਪਣੇ ਮੇਚ ਦੀ ਸਲਤਨਤ ਲੱਭ।’’ ਸਿਕੰਦਰ ਤਿੰਨ ਸਾਲ ਅਰਸਤੂ ਦਾ ਵਿਦਿਆਰਥੀ ਰਿਹਾ। ਫਿਲਿਪ, ਸਿਕੰਦਰ ਦੀ ਭੈਣ ਦੇ ਵਿਆਹ ਦੇ ਜਲੂਸ ਵਿੱਚ ਇੱਕ ਦਰਬਾਰੀ ਹੱਥੋਂ ਧੋਖੇ ਨਾਲ ਮਾਰਿਆ ਗਿਆ ਸੀ। ਪਿਤਾ ਦੀ ਮੌਤ ’ਤੇ ਹੋਈ ਬਗਾਵਤ ਨੂੰ ਸਿਕੰਦਰ ਨੇ ਜਿਸ ਦਲੇਰੀ ਨਾਲ ਕੁਚਲਿਆ, ਉਸ ਨਾਲ ਉਸ ਦੀ ਬਹਾਦਰੀ ਦੇ ਰੰਗ ਪ੍ਰਗਟ ਹੋ ਗਏ ਸਨ।ਲਗਪਗ ਢਾਈ ਹਜ਼ਾਰ ਸਾਲ ਪਹਿਲਾਂ ਮਕਦੂਨੀਆ ਦਾ ਰਾਜ ਪ੍ਰਬੰਧ ਅਹਿਲਕਾਰਾਂ ਅਤੇ ਆਪਣੀ ਮਾਂ ਨੂੰ ਸੌਂਪ ਕੇ 19 ਸਾਲ ਦਾ ਸਿਕੰਦਰ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਕਰਨ ਵਾਸਤੇ ਤੁਰ ਪਿਆ। ਉਹ ਤੇਰ੍ਹਾਂ ਸਾਲ, ਸੋਲ੍ਹਾਂ ਹਜ਼ਾਰ ਮੀਲ ਮੁਹਿੰਮਾਂ, ਲੜਾਈਆਂ ਅਤੇ ਯੁੱਧ ਜਿੱਤਦਾ ਚਲਾ ਗਿਆ। ਉਹ ਜਿਸ ਇਲਾਕੇ ਨੂੰ ਨਿਹਾਰਦਾ ਸੀ, ਉਹ ਉਸ ਦਾ ਹੋ ਜਾਂਦਾ ਸੀ। ਉਸ ਵੇਲੇ ਦੇ ਬਾਦਸ਼ਾਹ ਹੱਦਾਂ-ਸਰਹੱਦਾਂ ਵੇਖਦੇ ਸਨ, ਸਿਕੰਦਰ ਆਸਮਾਨ ਅਤੇ ਦੁਮੇਲ ਵੇਖਦਾ ਸੀ। ਉਸ ਦੀਆਂ ਜਿੱਤਾਂ ਇੰਨੀਆਂ ਵੱਡੀਆਂ ਸਨ ਕਿ ਉਨ੍ਹਾਂ ਨੂੰ ਚੇਤਨਾ ਵਿੱਚ ਵਸਾਉਣਾ ਮੁਸ਼ਕਲ ਪ੍ਰਤੀਤ ਹੁੰਦਾ ਹੈ। ਸਿਕੰਦਰ ਨੂੰ ਯੂਨਾਨੀ ਸੱਭਿਅਤਾ ’ਤੇ ਮਾਣ ਸੀ, ਜਿਸ ਦੀਆਂ ਪ੍ਰਾਪਤੀਆਂ ਦਾ ਲਾਭ ਸਾਰੇ ਸੰਸਾਰ ਨੂੰ ਪਹੁੰਚਾਉਣ ਲਈ ਉਸ ਨੇ ਦੁਨੀਆਂ ਨੂੰ ਫ਼ਤਹਿ ਕਰਨ ਦਾ ਬੀੜਾ ਚੁੱਕਿਆ ਸੀ। ਉਹ ਇਸ ਲਈ ਮਹਾਨ ਸੀ ਕਿਉਂਕਿ ਉਸ ਵਿੱਚ ਜਵਾਨੀ ਵਾਲੇ ਔਗੁਣ ਨਹੀਂ ਸਨ। ਉਹ ਯੋਧੇ ਵਾਲੇ ਗੁਣਾਂ ਕਰਕੇ ਹਰਮਨ ਪਿਆਰਾ ਸੀ। ਫ਼ੌਜ ਦੇ ਪ੍ਰਬੰਧ ਵਿੱਚ ਕੋਈ ਉਸ ਦੇ ਬਰਾਬਰ ਨਹੀਂ ਸੀ। ਉਸ ਵਿੱਚ ਆਪਣੇ ਹਜ਼ਾਰਾਂ ਫ਼ੌਜੀ ਮਰਵਾ ਕੇ ਜਿੱਤੀਆਂ ਬਾਦਸ਼ਾਹੀਆਂ ਵਾਪਸ ਮੋੜਨ ਦੀ ਅਮੀਰੀ ਸੀ। ਇਨਸਾਨ ਵਜੋਂ ਉਹ ਨਿਆਰਾ ਸੀ। ਉਸ ਨੇ ਵਿਧਵਾ ਮਹਾਰਾਣੀਆਂ ਦਾ ਸਤਿਕਾਰ ਕੀਤਾ ਅਤੇ ਹਾਰੇ ਹੋਏ ਮਹਾਰਾਜਿਆਂ ਦੇ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਯੁੱਧ ਦੇ ਮੈਦਾਨ ’ਚ ਕਿਸੇ ਵਿੱਚ ਉਸ ਦੇ ਸਾਹਮਣੇ ਹੋਣ ਦੀ ਯੋਗਤਾ ਨਹੀਂ ਸੀ। ਉਸ ਦੇ ਕਾਰਨਾਮੇ ਭਾਵੇਂ ਮਿਟ ਗਏ ਹਨ ਪਰ ਉਸ ਦਾ ਨਾਂ ਨਿਰੰਤਰ ਗੂੜ੍ਹਾ ਹੁੰਦਾ ਗਿਆ ਹੈ। ਉਸ ਉੱਤੇ ਵਿਸ਼ਵ ਪੱਧਰ ਤੋਂ ਘੱਟ ਦਾ ਕੋਈ ਪੈਮਾਨਾ ਲਾਗੂ ਨਹੀਂ ਹੁੰਦਾ। ਸੰਸਾਰ ਵਿੱਚ ਇਸ ਵੇਲੇ ਇੱਕ ਕਰੋੜ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ।

ਨਰਿੰਦਰ ਸਿੰਘ ਕਪੂਰ

http://punjabitribuneonline.com/2013/06/%E0%A8%B8%E0%A8%BF%E0%A8%95%E0%A9%B0%E0%A8%A6%E0%A8%B0-%E0%A8%AE%E0%A8%B9%E0%A8%BE%E0%A8%A8/

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

ਬੋਦੀ ਵਾਲਾ ਤਾਰਾ

ਰਾਤ ਦੇ ਹਨੇਰੇ ਆਕਾਸ਼ ਵਿੱਚ ਕਦੇ-ਕਦਾਈਂ ਇੱਕ ਅਜੀਬ ਜਿਹਾ ਤਾਰਾ ਅਚਾਨਕ ਚਮਕਦਾ ਹੈ ਪਰ ਇਹ ਹੋਰ ਸਾਰੇ ਤਾਰਿਆਂ ਨਾਲੋਂ ਬਿਲਕੁਲ ਅਲੱਗ ਦਿਸਦਾ ਹੈ ਕਿਉਂਕਿ ਇਸ ਦੇ ਇੱਕ ਪਾਸੇ ਇੱਕ ਲੰਬੀ


Print Friendly
Important Days0 Comments

ਅਣਖੀਲਾ ਸ਼ਹੀਦ ਊਧਮ ਸਿੰਘ (31 ਜੁਲਾਈ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਇੱਕ ਸਾਧਾਰਨ ਕੰਬੋਜ ਪਰਿਵਾਰ ਵਿੱਚ ਹੋਇਆ। ਪ੍ਰਾਚੀਨ ਕਾਲ ਤੋਂ ਸੂਰਬੀਰਤਾ ਅਤੇ ਨਾਇਕਾਂ ਵਾਲੀਆਂ ਰਵਾਇਤਾਂ ਦਾ


Print Friendly