Print Friendly

ਗ਼ਦਰ ਲਹਿਰ ਦੀ ਸੌ ਸਾਲਾ ਬਰਸੀ

ਤਕਰੀਬਨ ਸੌ ਸਾਲ ਪਹਿਲਾਂ ਸਾਂ ਫ਼ਰਾਂਸਿਸਕੋ ਤੋਂ ਪ੍ਰਕਾਸ਼ਤ,‘ਗ਼ਦਰ ਦੀ ਗੂੰਜ’ ਵਿੱਚ ਛਪੀਆਂ ਇਨ੍ਹਾਂ ਚਾਰ ਸਤਰਾਂ ਵਿੱਚ ਇੱਕ ਗ਼ਦਰੀ ਦੀ ਆਤਮਾ ਲਲਕਾਰਦੀ ਹੈ:
ਹਿੰਦੂ, ਮੋਮਨੋ, ਮੁਗ਼ਲ, ਪਠਾਣ ਰਲ ਕੇ, 
ਬੇੜਾ ਦੇਹੋ ਫ਼ਿਰੰਗੀਆਂ ਗਾਲ ਸਿੰਘੋ।
ਅਸਾਂ ਸਾਰਿਆਂ ਵਿੱਚ ਨਾ ਫ਼ਰਕ ਕੋਈ,
ਹਿੰਦ ਮਾਤਾ ਦੇ ਸਭੀ ਹਾਂ ਲਾਲ ਸਿੰਘੋ।
ਗ਼ਦਰੀ ਬਾਬੇ ਕੌਣ ਸਨ? ਗ਼ਦਰ ਕੀ ਹੁੰਦਾ ਹੈ? ਕਾਮਾਗਾਟਾ ਮਾਰੂ ਦਾ ਕੀ ਮਤਲਬ ਹੈ? ਅਜਿਹੇ ਸਵਾਲ ਮੈਨੂੰ ਬਚਪਨ ਵਿੱਚ ਅਕਸਰ ਹੀ ਤੰਗ ਕਰਦੇ ਸਨ। ਮਗਰ ਸਕੂਲ ਅਤੇ ਕਾਲਜ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਕਦੀ ਨਾ ਮਿਲੇ। ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਅਸੀਂ ਸ਼ਹੀਦਾਂ ਦਾ ਮਾਣ ਨਹੀਂ ਕਰਦੇ। ਜਿਹੜਾ ਕਿਸੇ ਦੇ ਕੀਤੇ ਹੋਏ ਅਹਿਸਾਨਾਂ ਨੂੰ ਭੁੱਲ ਜਾਂਦਾ ਹੈ ਉਸ ਨੂੰ ਅਹਿਸਾਨਫ਼ਰਾਮੋਸ਼ ਕਿਹਾ ਜਾਂਦਾ ਹੈ । ਮਗਰ ਜਿਹੜਾ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦਾ ਹੈ ਉਸ ਨੂੰ ਤਾਂ ਇਹ ਮਿੱਟੀ ਵੀ ਕਦੇ ਮੁਆਫ਼ ਨਹੀਂ ਕਰਦੀ।
ਗ਼ਦਰੀ ਕੌਣ ਸਨ? ਕੈਨੇਡਾ, ਅਮਰੀਕਾ ਆਏ ਹਿੰਦੁਸਤਾਨੀਆਂ ਨੇ ਹਥਿਆਰਬੰਦ ਇਨਕਲਾਬ ਕਰ ਕੇ ਦੇਸ਼ ਆਜ਼ਾਦ ਕਰਵਾਉਣ ਦੇ ਇਰਾਦੇ ਨਾਲ 5 ਅਪਰੈਲ 1913 ਨੂੰ ਸਾਂ ਫ਼ਰਾਂਸਿਸਕੋ ਵਿਖੇ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ’ ਨਾਂ ਦੀ ਜਥੇਬੰਦੀ ਬਣਾਈ ਸੀ। ਹਾਲਾਂਕਿ ਕੈਨੇਡਾ ਦੇ ਹਿੰਦੁਸਤਾਨੀ ਸੰਨ 1907 ਤੋਂ ਹੀ ਇਨਕਲਾਬੀ ਸੋਚ ਤੋਂ ਪ੍ਰਭਾਵਿਤ ਸਨ ਪਰ ਕੈਨੇਡਾ ਉਸ ਸਮੇਂ ਬਰਤਾਨਵੀ ਬਸਤੀ ਹੋਣ ਕਰਕੇ ਇਹ ਪਾਰਟੀ ਅਮਰੀਕਾ ਵਿੱਚ ਹੀ ਬਣ ਸਕਦੀ ਸੀ। ਪਹਿਲੀ ਵਾਰ ‘ਗ਼ਦਰ ਕੀ ਗੂੰਜ’ ਨਾਮਕ ਰਸਾਲਾ 1 ਨਵੰਬਰ 1913 ਨੂੰ ਸਾਂ ਫ਼ਰਾਂਸਿਸਕੋ ਤੋਂ ਪ੍ਰਕਾਸ਼ਿਤ ਕੀਤਾ ਗਿਆ।
ਇਹ ਧਰਮ ਨਿਰਪੱਖ ਅਤੇ ਗ਼ੈਰ-ਫ਼ਿਰਕੂ ਸਿਆਸੀ ਜਥੇਬੰਦੀ 1857 ਦੇ ਗ਼ਦਰ ਦੀਆਂ ਲੀਹਾਂ ’ਤੇ ਹਿੰਦੁਸਤਾਨ ਵਿੱਚ ਗ਼ਦਰ ਕਰਨਾ ਚਾਹੁੰਦੀ ਸੀ। ਲਾਲਾ ਹਰਦਿਆਲ, ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਦੀ ਲੀਡਰਸ਼ਿਪ ਹੇਠ ਇਹ ਜਥੇਬੰਦੀ ਗ਼ਦਰ ਪਾਰਟੀ ਨਾਲ ਮਸ਼ਹੂਰ ਹੋਈ।
ਸੰਨ  1917 ਦੇ ਰੂਸੀ ਇਨਕਲਾਬ ਤੋਂ ਨਵੇਂ ਵਿਚਾਰਾਂ ਦੀ ਰੋਸ਼ਨੀ ਲੈ ਕੇ ਬੇਬਾਕ ਅਤੇ ਸ਼ੁੱਧ ਕੌਮਪ੍ਰਸਤੀ ਨਾਲ ਲਬਾਲਬ ਇਹ ਬਹਾਦਰ ਯੋਧੇ ਨਾ ਸਿਰਫ਼ ਬਰਤਾਨਵੀ ਸਾਮਰਾਜ ਦਾ ਬੋਰੀਆ ਬਿਸਤਰਾ ਗੋਲ ਕਰਨਾ ਚਾਹੁੰਦੇ ਸਨ ਸਗੋਂ ਰਜਵਾੜਿਆਂ ਅਤੇ ਟੋਡੀਆਂ ਦੇ ਵੀ ਖ਼ਿਲਾਫ਼ ਸਨ ਅਤੇ ਸਮਾਜ ਵਿੱਚੋਂ ਜ਼ਾਤ-ਪਾਤ ਮੁਕਾਉਣ ਅਤੇ ਆਰਥਿਕ ਬਰਾਬਰੀ ਦੀ ਗੱਲ ਕਰਦੇ ਸਨ।
ਗ਼ਦਰੀਆਂ ਦਾ ਵਡੱਪਣ ਇਸ ਗੱਲ ਵਿੱਚ ਹੈ ਕਿ ਉਨ੍ਹਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਗੱਲਾਂ-ਬਾਤਾਂ ਨਾਲ ਹੀ ਨਹੀਂ ਸਗੋਂ ਹੱਥਾਂ ਵਿੱਚ ਹਥਿਆਰ ਫ਼ੜ ਕੇ ਯੁੱਧ ਕੀਤਾ। ਜਦੋਂ ਗਾਂਧੀ ਅੰਗਰੇਜ਼ਾਂ ਤੋਂ ਡੋਮੀਨੀਅਨ ਸਟੇਟ ਦੀ ‘ਖ਼ੈਰਾਤ’ ਮੰਗਦਾ ਫ਼ਿਰਦਾ ਸੀ, ਉਦੋਂ ਇਨਕਲਾਬੀਆਂ ਨੇ ਇੱਕੋ ਦਿਨ ਪੰਜਾਬ ਦੇ ਛੇ ਜ਼ਿਲ੍ਹਾ ਹੈੱਡਕੁਆਟਰਾਂ ਉੱਤੇ ਬੰਬ ਸੁੱਟੇ ਅਤੇ ਹਰੀ ਕਿਸ਼ਨ ਨੇ ਪੰਜਾਬ ਦੇ ਗਵਰਨਰ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਹਾਲ ਵਿੱਚ ਗੋਲੀ ਮਾਰੀ। ਵਾਇਸਰਾਏ ਜਿਹੜਾ ਹੁਣ ਤਕ ਛਿੱਤਰੀਂ ਦਾਲ ਵੰਡਦਾ ਸੀ, ਅਗਲੇ ਦਿਨ ਹੀ ਗਾਂਧੀ ਨੂੰ ਸਮਝੌਤੇ ਦੀਆਂ ਤਾਰਾਂ ਭੇਜਣ ਲੱਗ ਪਿਆ।
ਬਾਬੂ ਰਜਬ ਅਲੀ ਇੱਕ ਕਾਵ ਵਿੱਚ ਲਿਖਦੇ ਹਨ:
ਪੈ ਗਿਆ ਸੋਗ ਬੰਗਲਿਆਂ ਮੇਂ 
ਅੜੇ ਅੰਗਰੇਜ਼, ਲੌਣ ਨਾ ਮੇਜ਼
ਹਾੜ ਵਿੱਚ ਅੰਦਰੇ, ਗੇਟ ਨੂੰ ਜੰਦਰੇ
ਸੜਕ ’ਤੇ ਪਹਿਰੇ, ਕਹਿਣ ਦੜ ਵੱਟ ਲੋ
ਭੇਜੇ ਤਾਰ ਵੈਸਰਾ ਜੀ 
ਨਵੇਂ ਉਠੇ ਛੋਰੇ ਮਾਰ ਤੇ ਗੋਰੇ
ਹੁਕਮ ਨਾ ਮੰਨਦੇ ਛੌਣੀਆਂ ਪੱਟ ਲੋ।
ਕਾਮਾਗਾਟਾ ਮਾਰੂ ਕੀ ਸੀ ? ਸਰਹਾਲੀ ਦਾ ਗੁਰਦਿੱਤ ਸਿੰਘ, ਜੋ  ਸਿੰਗਾਪੁਰ ਵਿੱਚ ਮੱਛੀ ਦਾ ਵਪਾਰੀ ਸੀ, ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਨਿੱਤ ਸੁਪਨੇ ਵੇਖਦਾ ਸੀ। ਉਸ ਨੇ ਪੱਲਿਓਂ ਪੈਸੈ ਖ਼ਰਚ ਕੇ ਕਾਮਾਗਾਟਾ ਮਾਰੂ ਜਹਾਜ਼ ਖ਼ਰੀਦਿਆ ਅਤੇ 376 ਬੰਦਿਆਂ ਸਮੇਤ ਕਲਕੱਤੇ ਤੋਂ ਵੈਨਕੂਵਰ ਵੱਲ ਨੂੰ ਤੋਰਿਆ। ਗੁਰਦਿੱਤ ਸਿੰਘ ਨੇ ਕਿਹਾ ਕਿ ਉਹ ਦੂਜੇ ਦੇਸ਼ਾਂ ਵਿੱਚ ਆਜ਼ਾਦੀ ਦੀਆਂ ਠਾਠਾਂ ਦੇਖ ਕੇ ਇਨ੍ਹਾਂ ਦੇ ਮਨਾਂ ਵਿੱਚ ਆਜ਼ਾਦੀ ਦੀ ਜਾਗ ਲੱਗੇਗੀ। ਦੂਜਾ ਏਜੰਡਾ ਕੈਨੇਡਾ ਦੀਆਂ ‘ਏਸ਼ੀਅਨ’ ਵਿਰੁੱਧ ਇੰਮੀਗਰੇਸ਼ਨ ਨੀਤੀਆਂ ਨੂੰ ਵੰਗਾਰਨਾ ਸੀ। ਅੰਗਰੇਜ਼ਾਂ ਨੇ ਜਹਾਜ਼ ਕੈਨੇਡਾ ਦੀ ਧਰਤੀ ’ਤੇ ਨਾ ਲੱਗਣ ਦਿੱਤਾ ਅਤੇ ਭੁੱਖੇ ਤਿਹਾਏ ਭਾਰਤੀਆਂ ਨੂੰ ਵਾਪਸ ਕਲਕੱਤੇ ਵੱਲ ਜ਼ਬਰਦਸਤੀ ਮੋੜ ਦਿੱਤਾ। ਜਦ ਇਹ ਜਹਾਜ਼ ਬਜਬਜ ਘਾਟ ਕਲਕੱਤੇ ਪਹੁੰਚਿਆ ਤਾਂ ਅੰਗਰੇਜ਼ਾਂ ਨੇ ਗੋਲੀਆਂ ਚਲਾ ਕੇ 20 ਬੰਦੇ ਸ਼ਹੀਦ ਕਰ ਦਿੱਤੇ। ਗ਼ਦਰੀਆਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਭਾਰਤੀਆਂ ਵਿੱਚ ਆਜ਼ਾਦੀ ਪ੍ਰਾਪਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕਰ ਦਿੱਤਾ। ਇਸ ਤੋਂ ਬਾਅਦ ਇੱਕ ਤੋਂ ਵੱਧ ਇੱਕ ਐਕਸ਼ਨ ਕਰਕੇ ਗ਼ਦਰੀਆਂ ਨੇ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਬਹੁਤ ਸਾਰੇ ਗ਼ਦਰੀ ਸ਼ਹੀਦ ਵੀ ਹੋ ਗਏ। ਕਰਤਾਰ ਸਿੰਘ ਸਰਾਭਾ ਪਹਿਲਾ ਗ਼ਦਰੀ ਸ਼ਹੀਦ ਸੀ।
ਐਪਰ ਜਿਵੇਂ ਕਿ ਅਸੀਂ ਵੇਖਿਆ ਹੈ ਕਿ ਦੂਜੇ ਦੇਸ਼ਾਂ ਵਿੱਚ ਸ਼ਹੀਦਾਂ ਦੇ ਬੁੱਤ ਲਾਏ ਜਾਂਦੇ ਹਨ। ਅੱਜ ਸਾਡੇ ਦੇਸ਼ ਵਿੱਚ ਕਈ ਗੱਦਾਰਾਂ ਦੇ ਬੁੱਤ ਲੱਗੇ ਹੋਏ ਹਨ ਪਰ ਗ਼ਦਰੀਆਂ ਦੇ ਬੁੱਤਾਂ ਦਾ ਕਿਤੇ ਨਿਸ਼ਾਨ ਨਹੀਂ।
26 ਜਨਵਰੀ ਅਤੇ 15 ਅਗਸਤ ਨੂੰ ਭਾਰਤ ਅਤੇ ਬਾਹਰਲੇ ਭਾਰਤੀ ਕੌਂਸਲੇਟਾਂ ਵਿੱਚ ਦੇਸ਼ ਦਾ ਝੰਡਾ ਫਹਿਰਾ ਕੇ ਜਨ ਗਨ ਮਨ ਕੀਤਾ ਜਾਂਦਾ ਹੈ। ਉੱਥੇ ਗ਼ਦਰੀਆਂ ਜਾਂ ਹੋਰ ਇਨਕਲਾਬੀ ਯੋਧਿਆਂ ਜੋ ਲੋਕਾਂ ਦੇ ਮਨਾਂ ਉੱਤੇ ਬਹਾਦਰੀ ਅਤੇ ਕੁਰਬਾਨੀ ਦੀ ਅਮਿੱਟ ਛਾਪ ਛੱਡ ਗਏ ਸੀ, ਦਾ ਨਾਂ ਵੀ ਨਹੀਂ ਲਿਆ ਜਾਂਦਾ। ਇਹ ਸਾਡੀ ਬਦਕਿਸਮਤੀ ਹੈ।
ਇੱਥੇ ਗ਼ੌਰ ਕਰਨ ਵਾਲੀ ਗੱਲ ਹੈ ਕਿ ਜਿਹੜੇ ਗਰੈਨਮਾ ਨਾਮਕ ਜਹਾਜ਼ ਵਿੱਚ 2 ਦਸੰਬਰ 1956 ਨੂੰ ਫ਼ਿਦੇਲ ਕਾਸਤਰੋ, ਚੀ ਗਵੇਰਾ ਅਤੇ ਉਨ੍ਹਾਂ ਦੇ 80 ਸਾਥੀਆਂ ਨੇ ਕਿਊਬਾ ਵਿੱਚ ਪਹੁੰਚ ਕੇ ਇਨਕਲਾਬ ਕੀਤਾ ਸੀ, ਉਸ ਨੂੰ ਕਿਊਬਨ ਸਰਕਾਰ ਨੇ ਸ਼ੀਸ਼ੇ ਵਿੱਚ ਮੜ੍ਹਾ ਕੇ ਨੈਸ਼ਨਲ ਮਿਊਜ਼ੀਅਮ ’ਚ ਸਾਂਭਿਆ ਹੋਇਆ ਹੈ ਅਤੇ ਇਸ ਦੇ ਮਾਡਲ ਨੂੰ ਹਰ ਸਾਲ ਰਾਸ਼ਟਰੀ ਪਰੇਡਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਹੀ ਨਹੀਂ ਸਗੋਂ ਇਹ ਦਿਨ (2 ਦਸੰਬਰ) ‘ਕਿਊਬਨ ਆਰਮਡ ਫੋਰਸਸ’ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਸਾਨੂੰ ਕਾਮਾਗਾਟਾ ਮਾਰੂ ਦੀਆਂ ਤਸਵੀਰਾਂ ਵੀ ਕਿਤੇ ਨਹੀਂ ਲੱਭਦੀਆਂ।
ਹਜ਼ਾਰਾਂ ਹਿੰਦੁਸਤਾਨੀਆਂ ਨੇ ਗਦਰ ਲਹਿਰ ਵਿੱਚ ਹਿੱਸਾ ਲਿਆ। 200 ਤੋਂ ਵੱਧ ਸ਼ਹੀਦ ਹੋਏ, ਦਰਜਨਾਂ ਨੇ ਉਮਰ ਕੈਦ ਕੱਟੀ, ਕਾਲੇ ਪਾਣੀ ਗਏ, ਨਜ਼ਰਬੰਦ ਹੋਏ ਅਤੇ ਜਾਇਦਾਦਾਂ ਜ਼ਬਤ ਹੋਈਆਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦੀ ਦਾ ਨਿੱਘ ਮਾਣ ਸਕਣ।
ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਗ਼ਦਰੀਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਭਾਰਤੀ ਲੋਕ ਉਨ੍ਹਾਂ ਦੇ ਸੁਪਨਿਆਂ ਵਾਲਾ ਆਜ਼ਾਦੀ, ਬਰਾਬਰੀ, ਖ਼ੁਸ਼ਹਾਲੀ ਅਤੇ ਧਰਮ ਨਿਰਪੇਖਤਾ ਵਾਲਾ, ਭ੍ਰਿਸ਼ਟਾਚਾਰ ਅਤੇ ਜ਼ਾਤ-ਪਾਤ ਤੋਂ ਰਹਿਤ ਸਮਾਜ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਨਾ ਹੁੰਦੀ ਹੋਵੇ ਸਿਰਜਣ ਲਈ ਕੋਸ਼ਿਸ਼ ਕਰਾਂਗੇ।
ਸਦਾ ਰਹਾਂਗੇ ਵਿੱਚ ਜਹਾਨ ਰੌਸ਼ਨ,
ਹੱਥ ਚਮਕਦੀ ਤੇਗ ਨੂੰ ਪਾ ਲਈਏ
ਅੱਜ ਪੈਣ ਧੱਕੇ ਫ਼ਿਰ ਹੋਊ ਆਦਰ 
ਏਨ੍ਹਾਂ ਵੈਰੀਆਂ ਨੂੰ ਜੇਕਰ ਖਾ ਲਈਏ।

ਰਾਜਪਾਲ ਸੰਧੂ

http://punjabitribuneonline.com/2013/08

Print Friendly

About author

Vijay Gupta
Vijay Gupta1095 posts

State Awardee, Global Winner

You might also like

Social Studies

15 ਅਗਸਤ 1947-ਮਨੁੱਖਤਾ ਦਾ ਉਜਾੜਾ

ਈਸਟ ਇੰਡੀਆ ਕੰਪਨੀ, ਜੋ ਇੰਗਲੈਂਡ ਤੋਂ ਚੱਲ ਕੇ ਭਾਰਤ ਆਈ ਸੀ, ਇੱਕ ਵਪਾਰਕ ਕੰਪਨੀ ਬਣ ਕੇ। ਇਹ ਵਪਾਰਕ ਕੰਪਨੀ ਤਾਂ ਨਾਂ ਦੀ ਹੀ ਸੀ, ਇਸ ਦਾ ਮੁੱਖ ਮੰਤਵ ਤਾਂ ਭਾਰਤ


Print Friendly