Print Friendly

ਜਲ੍ਹਿਆਂ ਵਾਲੇ ਬਾਗ਼ ਦਾ ਹੀਰੋ ਡਾ. ਕਿਚਲੂ

ਅੰਮ੍ਰਿਤਸਰ ਕਚਹਿਰੀ ਦੇ ਨਜ਼ਦੀਕ ਚੌਕ ਜਿੱਥੇ ਅੱਜ-ਕੱਲ੍ਹ ਫਲਾਈਓਵਰ ਬਣ ਰਿਹਾ ਹੈ ਵਿਚੋਂ  ਲੰਘਦੇ ਸਮੇਂ  ਯਾਤਰੂ ਦਾ ਧਿਆਨ ਚੌਂਕ ਵਿਚ ਲੱਗੇ  ਬੁੱਤ ਵੱਲ ਸਹਿਜ ਸੁਭਾਅ ਜਾਂਦਾ ਹੈ। ਬੁੱਤ ਥੱਲੇ  ਲਿਖੇ ਡਾ. ਸੈਫ਼ੂਦੀਨ ਕਿਚਲੂ  ਪੜ੍ਹਨ ਉਪਰੰਤ  ਉਸ ਦਾ ਇਕਦਮ ਧਿਆਨ ਖਿਚਿਆ ਜਾਂਦਾ ਹੈ ਕਿ ਡਾ. ਕਿਚਲੂ ਕੌਣ ਸੀ? ਡਾ. ਕਿਚਲੂ ਦਾ ਸਬੰਧ  ਜਲ੍ਹਿਆਂਵਾਲਾ ਬਾਗ਼ ਦੇ 13 ਅਪਰੈਲ 1919 ਦੇ ਖ਼ੂਨੀ ਸਾਕੇ ਨਾਲ ਹੈ। ਇਸ ਸਾਕੇ ਨੇ ਦੇਸ਼ ਦੀ ਆਜ਼ਾਦੀ ਨੂੰ ਨਵਾਂ ਮੋੜ ਦਿੱਤਾ। ਇਸ ਕਾਂਡ ਵਿੱਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਸਾਂਝੇ ਡੁੱਲ੍ਹੇ ਖ਼ੂਨ ਨੇ ਭਾਰਤੀਆਂ ਵਿੱਚ ਨਵੀਂ ਰੂਹ ਫ਼ੂਕੀ। ਇਸ ਖ਼ੂਨੀ ਸਾਕੇ ਦੇ ਪਿਛੋਕੜ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਡਾ. ਸੈਫ਼ੂਦੀਨ ਕਿਚਲੂ ਇਸ ਸਾਕੇ ਦਾ ਨਾਇਕ ਸੀ। ਕਿਉਂਕਿ ਇਸ ਜਲਸੇ ਵਿੱਚ ਪ੍ਰਧਾਨਗੀ ਲਈ ਉਨ੍ਹਾਂ ਦੀ ਫੋਟੋ ਰੱਖੀ ਗਈ ਸੀ। ਇਸ ਦਾ ਕਾਰਨ ਇਹ ਸੀ ਕਿ ਡਾ. ਕਿਚਲੂ ਤੇ ਡਾ. ਸਤਪਾਲ ਨੂੰ 10 ਅਪਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਕਰਕੇ ਹਾਲਤ ਵਿਗੜੀ ਤੇ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ 13 ਅਪਰੈਲ, 1919 ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਜਲਸਾ ਹੋਇਆ, ਜਿਸ ’ਤੇ ਨਿਹੱਥੇ ਲੋਕਾਂ ’ਤੇ ਗੋਲੀ ਚਲਾਈ ਗਈ ਤੇ ਸੈਂਕੜੇ ਦੇਸ਼ ਭਗਤ ਸ਼ਹੀਦ ਕਰ ਦਿੱਤੇ ਗਏ। ਇਸ ਤੋਂ ਉਨ੍ਹਾਂ ਦੇ ਹਰਮਨ ਪਿਆਰਾ ਹੋਣ ਦਾ ਪਤਾ ਲੱਗਦਾ ਹੈ।
ਡਾ. ਕਿਚਲੂ ਦਾ ਜਨਮ 15 ਜਨਵਰੀ, 1888 ਨੂੰ ਅੰਮ੍ਰਿਤਸਰ ’ਚ ਇੱਕ ਰੱਜੇ ਪੁੱਜੇ ਕਸ਼ਮੀਰੀ ਮੁਸਲਮਾਨ ਘਰਾਣੇ ਵਿੱਚ ਹੋਇਆ। ਅੰਮ੍ਰਿਤਸਰੋਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਬੀ.ਏ. ਪਾਸ ਕੀਤੀ। ਬਰਲਿਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਲੰਡਨ ਵਿਚ ਪੜ੍ਹਦੇ ਸਮੇਂ ਉਨ੍ਹਾਂ ਦਾ ਸਬੰਧ ਪੰਡਤ ਜਵਾਹਰ ਲਾਲ ਨਹਿਰੂ ਤੇ ਸ਼ਹੀਦ ਮਦਨ ਲਾਲ ਢੀਂਗਰਾ ਨਾਲ ਹੋਇਆ।
1915 ਵਿਚ ਆਪ ਨੇ ਅੰਮ੍ਰਿਤਸਰ ਵਿਚ ਵਕਾਲਤ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਸਿਆਸਤ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਆਪਦੇ ਜੋਸ਼ੀਲੇ ਭਾਸ਼ਣਾਂ ਸਦਕਾ 1915 ਵਿਚ ਬੰਗਾਲ ਸਰਕਾਰ ਨੇ ਉਨ੍ਹਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ। 1917 ਵਿਚ ਉਹ ਅੰਮ੍ਰਿਤਸਰ ਮਿਉਂਸਪਲ ਕਮੇਟੀ ਦੇ ਮੈਂਬਰ  ਚੁਣੇ ਗਏ। 1918 ਵਿਚ ਅੰਮ੍ਰਿਤਸਰ ਵਿਚ ਰੇਲਵੇ ਪਲੇਟਫ਼ਾਰਮ ਟਿਕਟ ਜਾਰੀ ਹੋਇਆ ਤਾਂ ਉਨ੍ਹਾਂ ਨੇ ਡਾ. ਸਤਪਾਲ ਨਾਲ ਮਿਲ ਕੇ ਇਸ ਵਿਰੁੱਧ ਸਫ਼ਲਤਾਪੂਰਬਕ ਅੰਦੋਲਨ ਚਲਾਇਆ। 1918 ਵਿਚ ਅੰਮ੍ਰਿਤਸਰ ਵਿਚ ਪਹਿਲੀ ਵਾਰ ਕਾਂਗਰਸ ਦਾ ਸੰਮੇਲਨ ਹੋਇਆ ਜਿਸ ਵਿਚ ਉਹ ਮੁਸਲਮਾਨਾਂ ਦੀ ਭਾਰੀ ਗਿਣਤੀ ’ਚ ਸ਼ਾਮਲ ਹੋਏ। ਮਹਾਤਮਾ ਗਾਂਧੀ ਵੱਲੋਂ ਫ਼ਰਵਰੀ 1919 ਵਿਚ ਰੋਲਟ ਐਕਟ ਵਿਰੁੱਧ ਅੰਦੋਲਨ ਆਰੰਭ ਕੀਤਾ ਗਿਆ। ਅੰਮ੍ਰਿਤਸਰ ਵਿੱਚ ਇਸ ਅੰਦੋਲਨ ਦੀ ਉਨ੍ਹਾਂ ਨੇ ਡਾ. ਸਤਪਾਲ ਨਾਲ ਮਿਲ ਕੇ ਵਾਗਡੋਰ ਸਾਂਭੀ। ਉਨ੍ਹਾਂ ਦੀ ਪ੍ਰਧਾਨਗੀ ਹੇਠ 27 ਮਾਰਚ, 1919 ਨੂੰ ਭਾਰੀ ਜਲਸਾ ਹੋਇਆ। 30 ਮਾਰਚ ਤੋਂ 6 ਅਪਰੈਲ ਨੂੰ ਜ਼ਬਰਦਸਤ ਹੜਤਾਲ ਕੀਤੀ ਗਈ। 9 ਅਪਰੈਲ ਨੂੰ ਰਾਮਨੌਮੀ ਦੇ ਪਵਿੱਤਰ ਤਿਉਹਾਰ ’ਤੇ ਕੱਢੇ ਗਏ ਜਲੂਸ ਵਿਚ ਮੁਸਲਮਾਨ ਭਾਰੀ ਗਿਣਤੀ ਵਿਚ ਸ਼ਾਮਲ ਹੋਏ ਤੇ ਹਿੰਦੂ-ਮੁਸਲਮਾਨਾਂ ਨੇ ਪਹਿਲੀ ਵਾਰ ਇੱਕੋ ਗਿਲਾਸ ਵਿਚ ਪਾਣੀ ਪੀਤਾ। ਯਾਦ ਰਹੇ ਕਿ ਉਸ ਸਮੇਂ ਰੇਲਵੇ ਸਟੇਸ਼ਨਾਂ ਅਤੇ ਹੋਰਨਾਂ ਥਾਵਾਂ ’ਤੇ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖੋ-ਵੱਖ ਘੜੇ ਹੁੰਦੇ ਸਨ ਜਿਨ੍ਹਾਂ ’ਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ, ਮੁਸਲਮਾਨ ਪਾਣੀ।
10 ਅਪਰੈਲ, 1919 ਨੂੰ ਉਨ੍ਹਾਂ  ਨੂੰ  ਅਤੇ ਡਾ. ਸਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਿਰੁੱਧ ਸ਼ਾਂਤਮਈ ਜਲੂਸ ਨਿਕਲਿਆ ਜਿਸ ’ਤੇ ਪੁਲੀਸ ਨੇ ਗੋਲੀ ਚਲਾ ਦਿੱਤੀ। ਇਸ ਨਾਲ ਦਸ ਵਿਅਕਤੀ ਮਾਰੇ ਗਏ। ਵਿਰੋਧ ਵਿਚ ਭੀੜ ਨੇ ਕੁਝ ਬੈਂਕ ਲੁੱਟੇ, ਪੰਜ ਅੰਗਰੇਜ਼ ਅਫ਼ਸਰ ਮਾਰ ਦਿੱਤੇ ਤੇ ਟਾਊਨ ਹਾਲ ਨੂੰ ਅੱਗ ਲਾ ਦਿੱਤੀ। ਇਸ ’ਤੇ 12 ਅਪਰੈਲ ਨੂੰ ਮਾਰਸ਼ਲ ਲਾਅ ਲਗਾ ਦਿੱਤਾ ਗਿਆ। 13 ਅਪਰੈਲ ਨੂੰ ਇਨ੍ਹਾਂ ਦੀ ਰਿਹਾਈ ਲਈ ਜਲਸਾ ਹੋਇਆ ਜਿਸ ’ਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀ ਚਲਾਈ ਤੇ ਅਣਗਣਿਤ ਵਿਅਕਤੀ ਸ਼ਹੀਦ ਕਰ ਦਿੱਤੇ। ਕੁਝ ਦਿਨਾਂ ਪਿੱਛੋਂ ਉਨ੍ਹਾਂ ਅਤੇ ਉਨ੍ਹਾਂ ਦੇ 15 ਸਾਥੀਆਂ ’ਤੇ ’ਅੰਮ੍ਰਿਤਸਰ ਸਾਜ਼ਸ਼ ਕੇਸ ਨੰਬਰ-1’ ਨਾਂ ਹੇਠ ਮੁਕੱਦਮਾ ਚਲਿਆ ਤੇ ਡਾਕਟਰ ਬਸ਼ੀਰ ਨੂੰ ਫ਼ਾਂਸੀ, ਡਾ. ਕਿਚਲੂ , ਡਾ. ਸਤਪਾਲ ਤੇ ਡਾਕਟਰ ਗੁਰਬਖ਼ਸ਼ ਰਾਏ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਬਾਕੀਆਂ ਨੂੰ ਵੀ ਵੱਖ-ਵੱਖ ਸਜ਼ਾਵਾਂ ਹੋਈਆਂ। ਬਾਅਦ ਵਿੱਚ ਸਰਕਾਰ ਵੱਲੋਂ ਆਮ ਰਿਹਾਈਆਂ ਦਾ ਐਲਾਨ ਕਰਨ ’ਤੇ 26 ਦਸੰਬਰ 1919 ਨੂੰ ਰਿਹਾਅ ਕੀਤਾ ਗਿਆ। 1921 ਦੇ ਖਿਲਾਫ਼ਤ ਅੰਦੋਲਨ ਵਿਚ ਉਨ੍ਹਾਂ ਨੂੰ ਦੋ ਸਾਲ ਕੈਦ ਹੋਈ। 1924 ਵਿਚ ਜੈਤੋ ਦੇ ਮੋਰਚੇ ਵਿਚ ਵੀ ਜੇਲ੍ਹ ਗਏ। ਕੱੁਲ ਮਿਲਾ ਕੇ ਉਹ ਲਗਪਗ 14 ਸਾਲ ਕੈਦ ਰਹੇ। 1923 ਦੀ ਖਿਲਾਫ਼ਤ ਕਮੇਟੀ ਦੇ ਪ੍ਰਧਾਨ ਵੀ ਰਹੇ। 1924 ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ। 1929 ਦੇ ‘ਪੂਰਨ ਆਜ਼ਾਦੀ’ ਦੇ ਇਤਿਹਾਸ ਦੇ ਮਤੇ ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤਾ ਤੇ ਡਾ. ਕਿਚਲੂ ਨੇ ਇਸ ਦੀ ਤਾਈਦ ਕੀਤੀ। 1937 ਵਿਚ ਅੰਮ੍ਰਿਤਸਰ ਸ਼ਹਿਰੀ ਮੁਸਲਿਮ ਹਲਕੇ ਤੋਂ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। ਉਹ ਦੇਸ਼ ਭਗਤਾਂ ਨੂੰ ਆਰਥਿਕ ਸਹਾਇਤਾ ਵੀ ਦਿੰਦੇ ਸਨ। ਧਨਵੰਤਰੀ ਜੋ ਕਿ ਪ੍ਰਸਿੱਧ ਇਨਕਲਾਬੀ ਸੀ ਤੇ ਫ਼ਰਾਰ ਹੋਇਆ ਸੀ ਨੂੰ ਡਾ. ਸਾਹਿਬ ਨੇ 500 ਰੁਪਏ ਦਿੱਤੇ ਹਾਲਾਂ ਕਿ ਉਨ੍ਹਾਂ ਦੀ ਆਰਥਿਕ ਹਾਲਤ ਬੜੀ ਮਾੜੀ ਸੀ। 1952 ਵਿਚ ਆਪ ਨੂੰ ਕੌਮਾਂਤਰੀ ਅਮਨ ਲਈ ਇਕ ਲੱਖ ਰੁਪਏ ਦਾ ਲੈਨਿਨ ਪੁਰਸਕਾਰ ਮਿਲਿਆ ਪਰ ਆਪ ਨੇ ਇਹ ਰਕਮ ਸੰਸਾਰ ਵਿਚ ਅਮਨ ਕਾਇਮੀ ਲਈ ਦੇ ਦਿੱਤੀ। ਇਸ ਤੋਂ ਉਨ੍ਹਾਂ ਦੀ ਉਸਾਰੂ ਸੋਚ ਦਾ ਪਤਾ ਲੱਗਦਾ ਹੈ।
ਪਾਕਿਸਤਾਨ ਬਣਨ ਸਮੇਂ, ਉਨ੍ਹਾਂ ਨੇ ਅੰਮ੍ਰਿਤਸਰ ਛੱਡ ਦਿੱਤਾ ਤੇ ਦਿੱਲੀ ਜਾ ਬਿਰਾਜੇ। ਸੁਤੰਤਰਤਾ ਪਿੱਛੋਂ ਉਨ੍ਹਾਂ ਲੋਕ ਸਭਾ ਦੇ ਮੈਂਬਰ ਜਾਂ ਮੰਤਰੀ ਬਣਨ ਦੀ ਇੱਛਾ ਨਹੀਂ ਰੱਖੀ। ਉਸ ਮਹਾਨ ਦੇਸ਼ ਭਗਤ ਨੇ 9 ਅਕਤੂਬਰ 1963 ਵਾਲੇ ਦਿਨ ਅੰਤਮ ਸਾਹ ਲਏ। ਉਹਨਾਂ ਨੂੰ ਜਾਮੀਆ ਮਿਲੀਆ, ਦਿੱਲੀ ਦੇ ਕਬਰਸਤਾਨ ਵਿਚ ਦਫ਼ਨਾਇਆ ਗਿਆ।
ਉਸ ਦੇਸ਼ ਭਗਤ ਨੇ ਆਰਥਿਕ ਤੰਗੀ ਕਰਕੇ  12 ਦੇ ਕਰੀਬ ਮਕਾਨ ਵੇਚ ਦਿੱਤੇ ਤੇ ਇਕ ਸਮੇਂ ’ਤੇ ਕਿਰਾਏ ਤੇ ਰਹਿ ਕੇ ਗੁਜ਼ਾਰਾ ਕੀਤਾ ਪਰ ਦੇਸ਼ ਭਗਤੀ ਦਾ ਪੱਲਾ ਨਾ ਛੱਡਿਆ। ਬੜੇ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ 15 ਜਨਵਰੀ 1988 ਉਨ੍ਹਾਂ ਦੀ ਜਨਮ ਸ਼ਤਾਬਦੀ ’ਤੇ ਕੋਈ ਸਰਕਾਰੀ ਸਮਾਰੋਹ ਨਹੀਂ ਕੀਤਾ ਗਿਆ ਤੇ ਨਾ ਹੀ ਡਾਕ ਟਿਕਟ ਜਾਰੀ ਕੀਤੀ ਗਈ। ਉਸ ਨੇ ਪਾਕਿਸਤਾਨ ਦੀ ਸਥਾਪਨਾ ਦਾ ਲਗਾਤਾਰ ਵਿਰੋਧ ਕੀਤਾ ਤੇ ਪਾਕਿਸਤਾਨ ਬਣਨ ’ਤੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ। ਅੰਮ੍ਰਿਤਸਰ ਵਿੱਚ ਕਚਹਿਰੀ ਲਾਗੇ ਚੌਂਕ ਦਾ ਨਾਂ ਡਾ. ਕਿਚਲੂ ਚੌਂਕ ਬਾਅਦ ਵਿੱਚ ਰੱਖਿਆ ਗਿਆ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਜਦ ਭਾਰਤ ਸਮੇਤ ਸਾਰੀ ਦੁਨੀਆਂ ਵਿੱਚ ਫ਼ਿਰਕਾਪ੍ਰਸਤੀ ਦਿਨ-ਬ-ਦਿਨ ਵੱਧ ਰਹੀ ਹੈ, ਅਜਿਹੇ ਲੋਕ ਨਾਇਕ ਜਿਨ੍ਹਾਂ ਨੇ ਫ਼ਿਰਕਾਪ੍ਰਸਤੀ ਦੀ ਵਿਰੋਧਤਾ ਕੀਤੀ ਅਤੇ ਦੇਸ਼ ਦੀ ਆਜ਼ਾਦੀ ਅਤੇ ਇੱਕਮੁਠਤਾ ਲਈ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਨ੍ਹਾਂ ਦੀ ਯਾਦ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਇਕ ਯਾਦਗਾਰ ਬਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਜਨਮ ਦਿਹਾੜਾ ਵੱਡੀ ਪੱਧਰ ’ਤੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਮਨਾਉਣਾ ਚਾਹੀਦਾ ਹੈ।

ਡਾ. ਚਰਨਜੀਤ ਸਿੰਘ ਗੁਮਟਾਲਾ

http://punjabitribuneonline.com/2013/07/

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

ਸੂਚਨਾ ਦਾ ਅਧਿਕਾਰ ਕਾਨੂੰਨ 2005

ਭਾਰਤ ਵਿੱਚ ਸਦੀਆਂ ਦੀ ਗ਼ੁਲਾਮੀ, ਅਨਪੜ੍ਹਤਾ ਅਤੇ ਗ਼ਰੀਬੀ ਨੇ ਲੋਕਾਂ ਦੇ ਆਮ ਅਧਿਕਾਰ ਖੋਹ ਲਏ ਹਨ। ਆਮ ਨਾਗਰਿਕ ਸਵੇਰ-ਸ਼ਾਮ ਮਿਹਨਤ ਕਰਕੇ ਦੋ ਵਕਤ ਦੀ ਰੋਟੀ ਜੋੜ ਕੇ ਹੀ ਸੰਤੁਸ਼ਟੀ ਮਹਿਸੂਸ ਕਰਦਾ


Print Friendly
Social Studies0 Comments

ਬੰਦ-ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ (ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼)

ਸਾਰਾ ਸਿੱਖ ਇਤਿਹਾਸ ਸ਼ਹਾਦਤਾਂ ਦੇ ਨਾਲ ਲਬਰੇਜ਼ ਹੈ। ਭਾਵੇਂ ਮੁੱਦਾ ਦੇਸ਼ ਦੀ ਆਜ਼ਾਦੀ ਦਾ ਹੋਵੇ ਤੇ ਭਾਵੇਂ ਕੌਮ ਦੀ ਹੋਂਦ ਦਾ, ਸਿੱਖਾਂ ਨੇ ਹਰ ਖੇਤਰ ਵਿਚ ਜਾਨ ਹੂਲ ਕੇ ਸੰਘਰਸ਼


Print Friendly
Social Studies0 Comments

ਅੰਮ੍ਰਿਤਸਰ ਦਾ ਸਪੂਤ : ਮਦਨ ਲਾਲ ਢੀਂਗਰਾ (ਅੱਜ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਮਦਨ ਲਾਲ ਢੀਂਗਰਾ ਦਾ ਜਨਮ ਡਾ. ਸਾਹਿਬ ਦਿੱਤਾ ਮੱਲ ਦੇ ਘਰ ਸੰਨ 1883 ‘ਚ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਵਿਖੇ ਹੋਇਆ। ਜੰਮੂ-ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਆਨਰੇਰੀ ਸ਼ਾਹੀ ਡਾਕਟਰ


Print Friendly