Print Friendly

ਭਾਰਤ ਛੱਡੋ ਅੰਦੋਲਨ (ਅੱਜ 9 ਅਗਸਤ ਤੇ ਵਿਸ਼ੇਸ਼)

ਸਾਡੇ ਦੇਸ਼ ਨੂੰ ਆਜ਼ਾਦੀ ਹਾਸਲ ਕਰਨ ਲਈ ਇਕ ਲੰਮੇ ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਜਿਹੜਾ ਘੋਲ ਭਾਰਤ ਵਾਸੀਆਂ ਨੇ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਨਾਲ ਸ਼ੁਰੂ ਕੀਤਾ ਸੀ, 9 ਅਗਸਤ 1942 ਦਾ ਭਾਰਤ ਛੱਡੋ ਅੰਦੋਲਨ ਉਸ ਦਾ ਸਿਖਰ ਸੀ। ਇਸ ਲਹਿਰ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਭਾਰਤਵਾਸੀ ਪੂਰਨ ਸੁਤੰਤਰਤਾ ਪ੍ਰਾਪਤ ਕੀਤੇ ਬਗੈਰ ਆਰਾਮ ਨਾਲ ਨਹੀਂ ਬੈਠਣਗੇ।  7,8 ਅਤੇ 9 ਅਗਸਤ ਸੰਨ 1942 ਦੀ ਇਸ ਬਗਾਵਤ ਮਗਰੋਂ ਹੁਣ ਕੇਵਲ ਇਹ ਵੇਖਣਾ ਬਾਕੀ ਰਹਿ ਗਿਆ ਸੀ ਕਿ ਅੰਗਰੇਜ਼ ਕਿਵੇਂ ਤੇ ਕਦੋਂ ਭਾਰਤ ਛੱਡ ਕੇ ਜਾਂਦੇ ਹਨ। ਸੁਤੰਤਰ ਦੇਸ਼ ਦੀ ਸਰਕਾਰ ਦਾ ਢਾਂਚਾ ਕਿਹੋ ਜਿਹਾ ਹੋਵੇਗਾ ਤੇ ਭਾਰਤੀਆਂ ਨੂੰ ਰਾਜ ਸੱਤਾ ਸੌਂਪਣ ਲਈ ਕੀ ਨਿਯਮ ਅਪਣਾਏ ਜਾਣਗੇ। ਭਾਰਤ ਛੱਡੋ ਅੰਦੋਲਨ ਨੇ ਦੇਸ਼ ਦੀ ਗੋਰੀ ਸਰਕਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ।
ਇਸ ਅੰਦੋਲਨ ਨੂੰ ਸਮਝਣ ਲਈ ਅਸੀਂ 3 ਸਾਲ ਪਹਿਲਾਂ ਦੇ ਪਿਛੋਕੜ ਵੱਲ ਚੱਲਦੇ ਹਾਂ। ਸਤੰਬਰ 1939 ਵਿਚ ਦੂਜਾ ਮਹਾਂਯੁੱਧ ਸ਼ੁਰੂ ਹੋ ਚੁੱਕਾ ਸੀ। ਅੰਗਰੇਜ਼ਾਂ ਨੇ ਭਾਰਤ ਵਾਸੀਆਂ ਨੂੰ ਵਿਸ਼ਵਾਸ ਵਿਚ ਲਏ ਬਗੈਰ ਜਰਮਨੀ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ ਸੀ। ਉਸ ਵੇਲੇ ਭਾਰਤ ਦੇ ਬਹੁਤ ਸਾਰੇ ਪ੍ਰਾਂਤਾਂ ਵਿਚ ਕਾਂਗਰਸ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਸਨ। ਉਹਨਾਂ ਨੇ ਰੋਸ ਵਜੋਂ ਅਸਤੀਫੇ ਦੇ ਦਿੱਤੇ ਅਤੇ 7 ਜੁਲਾਈ 1940 ਨੂੰ ਪਾਸ ਕੀਤੇ ਇਕ ਮਤੇ ਰਾਹੀਂ ਇਸ ਗੱਲ ਦੀ ਮੰਗ ਕੀਤੀ ਕਿ ਜੇ ਅੰਗਰੇਜ਼ੀ ਹਕੂਮਤ ਭਾਰਤੀਆਂ ਨੂੰ ਪੂਰਨ ਆਜ਼ਾਦੀ ਦੇਣ ਦਾ ਐਲਾਨ ਕਰੇ ਤਾਂ ਹਿੰਦੁਸਤਾਨੀ ਲੋਕ ਇਸ ਜੰਗ ਵਿਚ ਅੰਗਰੇਜ਼ਾਂ ਦੀ ਮਦਦ ਕਰ ਸਕਦੇ ਹਨ।
ਉਹਨਾਂ ਦਿਨਾਂ ਵਿਚ ਵਿੰਸਟਨ ਚਰਚਿਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਨ। ਉਹਨਾਂ ਨੂੰ ਭਾਰਤ ਨਾਲ ਕੋਈ ਹਮਦਰਦੀ ਨਹੀਂ ਸੀ ਅਤੇ ਨਾ ਹੀ ਉਹ ਭਾਰਤ ਨੂੰ ਆਜ਼ਾਦੀ ਦੇਣ ਦੇ ਹੱਕ ਵਿਚ ਸਨ। ਉਹਨਾਂ ਨੇ ਕਾਂਗਰਸ ਵਲੋਂ ਪਾਸ ਕੀਤੇ ਗਏ ਇਸ ਮਤੇ ਅਤੇ ਤਜਵੀਜ਼ ਨੂੰ ਨਾਮਨਜ਼ੂਰ ਕਰ ਦਿੱਤਾ। ਮਹਾਤਮਾ ਗਾਂਧੀ ਨੇ ਬਰਤਾਨਵੀ ਸਰਕਾਰ ਦੇ ਇਸ ਰਵੱਈਏ ਪ੍ਰਤੀ ਵਿਰੋਧ ਪ੍ਰਗਟ ਲਈ ਵਿਅਕਤੀਤਵ ਨਾ-ਫੁਰਮਾਨੀ ਦੀ ਲਹਿਰ ਸ਼ੁਰੂ ਕਰ ਦਿੱਤੀ। ਇਸ ਲਹਿਰ ਦਾ ਆਰੰਭ 17 ਅਕਤੂਬਰ, 1940 ਨੂੰ ਵਿਨੋਬਾ ਭਾਵੇ ਨੇ ਕੀਤਾ।  21 ਅਕਤੂਬਰ, 1940 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਪੰਡਤ ਨਹਿਰੂ ਅਤੇ 17 ਨਵੰਬਰ ਨੂੰ ਸਰਦਾਰ ਪਟੇਲ ਵੀ ਗ੍ਰਿਫਤਾਰ ਕਰ ਲਏ ਗਏ। ਕੁਝ ਹੀ ਦਿਨਾਂ ਵਿਚ ਗ੍ਰਿਫਤਾਰੀਆਂ ਦੀ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ।
ਉਧਰ ਯੂਰਪ ਵਿਚ ਜਰਮਨੀ ਲਗਾਤਾਰ ਜਿੱਤਾਂ ਹਾਸਲ ਕਰੀ ਜਾ ਰਿਹਾ ਸੀ। ਲੜਾਈ ਦੇ ਮੁੱਢਲੇ ਵਰ੍ਹਿਆਂ ਵਿਚ ਉਸ ਨੇ ਡੈਨਮਾਰਕ, ਚੈਕੋਸਲੋਵਾਕੀਆ, ਪੋਲੈਂਡ, ਨਾਰਵੇ, ਬੈਲਜ਼ੀਅਮ ਅਤੇ ਫਰਾਂਸ ਆਦਿ ਦੇਸ਼ਾਂ ‘ਤੇ ਆਪਣਾ ਅਧਿਕਾਰ ਜਮਾ ਲਿਆ ਸੀ। ਇਸ ਕਾਰਨ ਬਰਤਾਨਵੀ ਸਰਕਾਰ ਨੂੰ ਬਹੁਤ ਚਿੰਤਾ ਹੋ ਰਹੀ ਸੀ। ਜਪਾਨ ਦੇ ਲੜਾਈ ਵਿਚ ਸ਼ਾਮਲ ਹੋ ਜਾਣ ਨਾਲ ਅੰਗਰੇਜ਼ਾਂ ਦੀ ਚਿੰਤਾ ਹੋਰ ਵਧ ਗਈ।  1942 ਦੇ ਸ਼ੁਰੂ ਵਿਚ ਭਾਰਤ ਦੀ ਅੰਗਰੇਜ਼ ਸਰਕਾਰ ਇਹ ਮਹਿਸੂਸ ਕਰਨ ਲੱਗ ਪਈ ਸੀ ਕਿ ਭਾਰਤ ਵਾਸੀਆਂ ਦੀ ਮਦਦ ਅਤੇ ਪੂਰਨ ਸਹਿਯੋਗ ਤੋਂ ਬਗੈਰ ਇਹ ਜੰਗ ਜਿੱਤੀ ਨਹੀਂ ਜਾ ਸਕਦੀ।   11 ਮਾਰਚ, 1942 ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਚਰਚਿਲ ਨੇ ਹਾਊਸ ਆਫ ਕਾਮਨਜ਼ ਵਿਚ ਇਕ ਐਲਾਨ ਕੀਤਾ ਕਿ ਭਾਰਤ ਦੀ ਸਮੱਸਿਆ ਦਾ ਰਾਜਨੀਤਕ ਹੱਲ ਲੱਭਣ ਲਈ ਸਰ ਸਟੈਫੋਰਡ ਕ੍ਰਿਪਸ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਇਹ ਐਲਾਨ ਸੁਣ ਕੇ ਭਾਰਤ ਵਾਸੀਆਂ ਨੂੰ ਆਸ ਹੋ ਗਈ ਕਿ ਹੁਣ ਅੰਗਰੇਜ਼ ਛੇਤੀ ਹੀ ਹਿੰਦੁਸਤਾਨ ਤੋਂ ਚਲੇ ਜਾਣਗੇ।  23 ਮਾਰਚ, 1942 ਨੂੰ ਕ੍ਰਿਪਸ ਦਿੱਲੀ ਪਹੁੰਚਿਆ ਤੇ ਉਸ ਨੇ ਆਉਂਦਿਆਂ ਹੀ ਕਾਂਗਰਸ ਅਤੇ ਹੋਰ ਮੁੱਖ ਨੇਤਾਵਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਉਸ ਕੋਲ ਕੋਈ ਵੀ ਐਸੀ ਠੋਸ ਗੱਲ ਨਹੀਂ ਸੀ, ਜਿਸ ਨਾਲ ਭਾਰਤ ਵਾਸੀ ਸੰਤੁਸ਼ਟ ਹੋ ਸਕਦੇ। ਇਸ ਕਰਕੇ ਇਸ ਮਿਸ਼ਨ ਦਾ ਕੋਈ ਸਿੱਟਾ ਨਾ ਨਿਕਲਿਆ ਤੇ ਕ੍ਰਿਪਸ ਇੰਗਲੈਂਡ ਪਰਤ ਗਿਆ। ਉਸ ਨੇ ਇਸ ਮਿਸ਼ਨ ਦੀ ਅਸਫਲਤਾ ਦੀ ਸਾਰੀ ਜ਼ਿੰਮੇਵਾਰੀ ਕਾਂਗਰਸੀ ਨੇਤਾਵਾਂ ਦੇ ਸਿਰ ਮੜ੍ਹੀ, ਪਰ ਦੂਜੇ ਪਾਸੇ ਆਜ਼ਾਦੀ ਦੇ ਸੰਗਰਾਮ ਨਾਲ ਜੁੜੇ ਨੇਤਾਵਾਂ ਨੂੰ ਇਹ ਯਕੀਨ ਹੋ ਗਿਆ ਸੀ ਕਿ ਬਰਤਾਨਵੀ ਸਰਕਾਰ ਭਾਰਤ ਵਾਸੀਆਂ ਨੂੰ ਪੂਰਨ ਆਜ਼ਾਦੀ ਤੋਂ ਮਹਿਰੂਮ ਰੱਖਣਾ ਚਾਹੁੰਦੀ ਸੀ।
ਕ੍ਰਿਪਸ ਮਿਸ਼ਨ ਦੀ ਅਸਫਲਤਾ ਨੇ ਸਾਰੇ ਦੇਸ਼ ਵਿਚ ਨਿਰਾਸ਼ਾ ਅਤੇ ਗੁੱਸੇ ਦਾ ਵਾਤਾਵਰਣ ਪੈਦਾ ਕਰ ਦਿੱਤਾ। ਕੇਵਲ ਮੁਸਲਿਮ ਲੀਗ ਪਾਰਟੀ ਜਾਂ ਅਜਿਹੇ ਵਿਅਕਤੀ ਨਿਰਾਸ਼ ਨਹੀਂ ਸਨ, ਜਿਹਨਾਂ ਨੂੰ ਅੰਗਰੇਜ਼ਾਂ ਦੇ ਇੱਥੇ ਟਿਕੇ ਰਹਿਣ ਨਾਲ ਕਈ ਪ੍ਰਕਾਰ ਦੇ ਲਾਭ ਮਿਲੇ ਹੋਏ ਸਨ।
ਦੇਸ਼ ਦੀ ਪ੍ਰਮੁੱਖ ਰਾਜਸੀ ਪਾਰਟੀ ਕਾਂਗਰਸ ਇਸ ਵੇਲੇ ਬੜੀ ਚਿੰਤਤ ਸੀ। ਅਜਿਹੇ ਹਾਲਤ ਵਿਚ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਇਕ ਬੈਠਕ 14 ਜੁਲਾਈ, 1942 ਨੂੰ ਵਰਧਾ ਵਿਖੇ ਸੱਦੀ ਗਈ। ਇਸ ਮੀਟਿੰਗ ਵਿਚ ਇਹ ਪਾਸ ਕੀਤਾ ਗਿਆ ਕਿ ਅੰਗਰੇਜ਼ਾਂ ਨੂੰ ਤੁਰੰਤ ਭਾਰਤ ਛੱਡ ਕੇ ਇੱਥੋਂ ਚਲੇ ਜਾਣਾ ਚਾਹੀਦਾ ਹੈ। ਜੇ ਅੰਗਰੇਜ਼ ਆਪਣੇ-ਆਪ ਭਾਰਤ ਛੱਡ ਕੇ ਚਲੇ ਜਾਣ ਲਈ ਮਜਬੂਰ ਕਰ ਦੇਣਗੇ। ਬੇਸ਼ੱਕ ਅੰਗਰੇਜ਼ ਦੂਜੀ ਵਿਸ਼ਵ ਜੰਗ ਵਿਚ ਬੁਰੀ ਤਰ੍ਹਾਂ ਨਾਲ ਉਲਝੇ ਹੋਏ ਸਨ, ਪਰ ਤਾਂ ਵੀ ਉਹਨਾਂ ਉੱਪਰ ਕਾਂਗਰਸੀ ਨੇਤਾਵਾਂ ਦੀ ਇਸ ਚਿਤਾਵਨੀ ਦਾ ਕੋਈਂ ਅਸਰ ਨਾ ਪਿਆ। ਇਸ ਲਈ ਕਾਂਗਰਸ ਕਮੇਟੀ ਦਾ ਇਕ ਇਜਲਾਸ ਬੰਬਈ ਵਿਖੇ ਸੱਦਿਆ ਗਿਆ। ਇਸ ਇਜਲਾਸ ਵਿਚ ਪੰਡਤ ਨਹਿਰੂ ਨੇ ਉਹ ਇਤਿਹਾਸਕ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਭਾਰਤੀ ਇਤਿਹਾਸ ਵਿਚ ‘ਭਾਰਤ ਛੱਡੋ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪ੍ਰਸਤਾਵ ਦਾ ਸਮਰਥਨ ਸਰਦਾਰ ਪਟੇਲ ਅਤੇ ਬਾਕੀ ਪ੍ਰਮੁੱਖ ਨੇਤਾਵਾਂ ਨੇ ਸਰਬਸੰਮਤੀ ਨਾਲ ਕੀਤਾ। ਪ੍ਰਸਤਾਵ ਦੇ ਅੰਤਿਮ ਸ਼ਬਦ ਇਸ ਪ੍ਰਕਾਰ ਸਨ : ”ਕਾਂਗਰਸ ਕਮੇਟੀ ਭਾਰਤ ਦੀ ਜਨਤਾ ਨੂੂੰ ਅਪੀਲ ਕਰਦੀ ਹੈ ਕਿ ਜਿਹੜੇ ਵੀ ਖਤਰੇ ਅਤੇ ਮੁਸ਼ਕਲਾਂ ਉਹਨਾਂ ਦੇ ਹਿੱਸੇ ਆਉਣ ਉਹ ਉਹਨਾਂ ਨੂੰ ਖਿੜੇ ਮੱਥੇ ਝੱਲਣ ਅਤੇ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਲਈ ਜੁਟ ਜਾਣ।”
ਬੰਬਈ ਵਿਖੇ ਹੋਏ ਇਸ ਇਤਿਹਾਸਕ ਅਜਲਾਸ ਵਿਚ ਬੋਲਦਿਆਂ ਮਹਾਤਮਾ ਗਾਂਧੀ ਨੇ ਬਰਤਾਨਵੀ ਸਾਮਰਾਜ ਨੂੰ ਦੇਸ਼ਵਾਸੀਆਂ ਲਈ ਇਕ ਸਰਾਪ ਦੱਸਿਆ। ਉਹਨਾਂ ਨੇ ਦੇਸ਼ ਵਾਸੀਆਂ ਨੂੰ ‘ਕਰੋ ਜਾਂ ਮਰੋ’ ਦੀ ਨੀਤੀ ‘ਤੇ ਚੱਲਦਿਆਂ ਆਪਣੇ ਉਦੇਸ਼ (ਸੁਤੰਤਰਤਾ) ਦੀ ਪੂਰਤੀ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਪ੍ਰੇਰਿਆ।
ਬਰਤਾਨਵੀ ਸਰਕਾਰ ਨੇ ਕਾਂਗਰਸ ਦੀਆਂ ਕਾਰਵਾਈਆਂ ‘ਤੇ ਪੂਰੀ ਨਿਗਰਾਨੀ ਰੱਖੀ ਹੋਈ ਸੀ। ਉਹਨਾਂ ‘ਭਾਰਤ ਛੱਡੋ’ ਅੰਦੋਲਨ ਸਬੰਧੀ ਪ੍ਰਸਤਾਵ ਪਾਸ ਹੋਣ ਦੇ ਅਗਲੇ ਹੀ ਦਿਨ 9 ਅਗਸਤ, 1942 ਨੂੰ ਮਹਾਤਮਾ ਗਾਂਧੀ, ਪੰਡਤ ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ ਅਤੇ ਹੋਰ ਬਹੁਤ ਸਾਰੇ ਉੱਘੇ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਦੇਸ਼ ਦੀਆਂ ਵੱਖੋ ਵੱਖਰੀਆਂ ਜੇਲ੍ਹਾਂ ਵਿਚ ਭੇਜ ਦਿੱਤਾ। ਪੰਡਤ ਨਹਿਰੂ ਸਮੇਤ ਸਾਰੇ ਕਾਂਗਰਸੀ ਨੇਤਾਵਾਂ ਨੂੰ ਅਹਿਮਦ ਨਗਰ ਦੇ ਕਿਲ੍ਹੇ ਵਿਚ ਅਤੇ ਮਹਾਤਮਾ ਗਾਂਧੀ ਨੂੰ ਪੁਣੇ ਵਿਖੇ ਆਗਾ ਖਾਂ ਪੈਲੇਸ ਵਿਚ ਨਜ਼ਰਬੰਦ ਕੀਤਾ ਗਿਆ। ਡਾ. ਰਜਿੰਦਰ ਪ੍ਰਸਾਦ, ਜੋ ਉਸ ਵੇਲੇ ਪਟਨਾ ਵਿਖੇ ਸਨ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਛੇਤੀ ਹੀ ਸਾਰੀ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਜਨਤਾ ਦੀ ਅਗਵਾਈ ਕਰਨ ਲਈ ਕੋਈ ਵੀ ਨੇਤਾ ਬਾਹਰ ਨਹੀਂ ਸੀ। ‘ਭਾਰਤ ਛੱਡੋ’ ਦੇ ਮਤੇ ਅਤੇ ਦੇਸ਼ ਦੇ ਪ੍ਰਮੁੱਖ ਨੇਤਾਵਾਂ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ 9 ਅਗਸਤ, 1942 ਨੂੰ ਹੀ ਪ੍ਰਕਾਸ਼ਤ ਹੋਈਆਂ। ਸਾਰਾ ਦੇਸ਼ ਆਪਣੇ ਮਹਿਬੂਬ ਨੇਤਾਵਾਂ ਦੀ ਗ੍ਰਿਫਤਾਰੀ ਬਾਰੇ ਪੜ੍ਹ ਕੇ ਹੈਰਾਨ ਹੋ ਗਿਆ। ਲੋਕ ਬਰਤਾਨਵੀ ਸਰਕਾਰ ਵਿਰੁੱਧ ਭੜਕ ਉੱਠੇ। ਲੋਕਾਂ ਦਾ ਪ੍ਰਤੀਕਰਮ ਤੁਰੰਤ ਅਤੇ ਆਪ ਮੁਹਾਰਾ ਸੀ। ਉਹਨਾਂ ਨੇ ਥਾਂ-ਥਾਂ ‘ਤੇ ਜਲੂਸ ਕੱਢੇ ਤੇ ਆਪਣੇ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ। ਵੱਖੋ ਵੱਖਰੇ ਸ਼ਹਿਰਾਂ ਦੇ ਕਸਬਿਆਂ ਵਿਚ ਹੜਤਾਲਾਂ ਹੋਈਆਂ। ਦੁਕਾਨਾਂ ਤੇ ਵਿਦਿਅਕ ਅਦਾਰੇ ਬੰਦ ਹੋ ਗਏ। ਫਿਰ ਵੀ ਲੋਕ ਗੁੱਸੇ ਅਤੇ ਜੋਸ਼ ਦੇ ਬਾਵਜੂਦ ਅਜੇ ਸ਼ਾਂਤ ਸਨ, ਪਰ ਥਾਂ ਥਾਂ ਤੋਂ ਲੋਕਾਂ ਦੀ ਜੁੜਦੀ ਅਪਾਰ ਭੀੜ ਅਤੇ ਜਲੂਸ ਵੇਖ ਕੇ ਅਧਿਕਾਰੀ ਘਬਰਾ ਗਏ। ਉਹਨਾਂ ਨੇ ਸ਼ਾਂਤਮਈ ਲੋਕਾਂ ਨੂੰ ਸਖਤੀ ਨਾਲ ਦਬਾਉਣ ਦਾ ਫੈਸਲਾ ਕਰ ਲਿਆ। ਆਪਣੇ ਨੇਤਾਵਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਲੋਕਾਂ ‘ਤੇ ਲਾਠੀਚਾਰਜ ਕੀਤਾ ਗਿਆ। ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਨਾਲ ਬੇਗੁਨਾਹ ਲੋਕ ਮਰਨੇ ਸ਼ੁਰੂ ਹੋ ਗਏ। ਸਿਰਫ ਦਿੱਲੀ ਵਿਚ ਹੀ 11 ਅਤੇ 12 ਅਗਸਤ ਵਾਲੇ ਦਿਨ ਸ਼ਾਂਤਮਈ ਜਲੂਸਾਂ ਵਿਚ 47 ਵਾਰ ਗੋਲੀ ਚਲਾਈ ਗਈ, ਜਿਸ ਵਿਚ 76 ਆਦਮੀ ਮਾਰੇ ਗਏ ਅਤੇ 114 ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਯੂ ਪੀ ਵਿਚ 9 ਤੋਂ 21 ਅਗਸਤ ਦੇ ਵਿਚਕਾਰ ਪੁਲਿਸ ਨੇ 29 ਵਾਰ ਗੋਲੀ ਚਲਾਈ। ਕਈ ਲੋਕ ਮਾਰੇ ਗਏ ਤੇ ਸੈਂਕੜੇ ਦੇਸ਼ ਭਗਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਗਸਤ 1942 ਦੇ ਦਿਨਾਂ ਵਿਚ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਹੀ ਹਾਲ ਸੀ। ਜਨਤਕ ਜਲੂਸ, ਪੁਲਿਸ ਦੀ ਗੋਲੀ, ਲਾਠੀਚਾਰਜ ਅਤੇ ਗ੍ਰਿਫਤਾਰੀਆਂ। ਕਈਆਂ ਦੀ ਜ਼ਮੀਨ ਅਤੇ ਜਾਇਦਾਦ ਜ਼ਬਤ ਕਰ ਲਈ ਗਈ ਅਤੇ ਕਈਆਂ ਨੂੰ ਭਾਰੀ ਜੁਰਮਾਨੇ ਕੀਤੇ ਗਏ। ਹੋਰ ਤਾਂ ਹੋਰ ਅੰਗਰੇਜ਼ ਅਧਿਕਾਰੀਆਂ ਨੇ ਔਰਤਾਂ ਉੱਪਰ ਵੀ ਅਤਿਆਚਾਰ ਕਰਨ ਅਤੇ ਉਹਨਾਂ ਨੂੰ ਬੇਪੱਤ ਕਰਨ ਵਿਚ ਜ਼ਰਾ ਵੀ ਲਿਹਾਜ਼ ਨਾ ਕੀਤਾ। ਉਹਨਾਂ ਲਈ ਤਾਂ ਹਰ ਅੰਦੋਲਨਕਾਰੀ ਉਹਨਾਂ ਦਾ ਦੁਸ਼ਮਣ ਸੀ, ਬੇਸ਼ੱਕ ਭਾਰਤੀ ਜਨਤਾ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜ ਰਹੀ ਸੀ।
ਪੁਲਿਸ ਦੇ ਅਤਿਆਚਾਰਾਂ ਅਤੇ ਉਹਨਾਂ ਵਲੋਂ ਲਗਾਤਾਰ ਵਧਦੇ ਦਬਾਉ ਨੇ ਲੋਕਾਂ ਦੇ ਜਜ਼ਬਿਆਂ ਨੂੰ ਹੋਰ ਭੜਕਾ ਦਿੱਤਾ। ਅਣਗਿਣਤ ਨੌਜਵਾਨਾਂ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਛੱਡ ਕੇ ਇਸ ਅੰਦੋਲਨ ਵਿਚ ਆ ਰਲੇ। ਵਿਦਿਅਕ ਸੰਸਥਾਵਾਂ ਵਿਚ ਹੜਤਾਲਾਂ ਹੁੰਦੀਆਂ। ਥਾਣੇ, ਡਾਕਖਾਨੇ ਅਤੇ ਰੇਲਵੇ ਸਟੇਸ਼ਨ ਜਿਹੜੇ ਕਿ ਬਰਤਾਨਵੀ ਸਰਕਾਰ ਦੇ ਚਿੰਨ੍ਹ ਸਮਝੇ ਜਾਂਦੇ ਸਨ, ਉਹਨਾਂ ਉੱਪਰ ਹਮਲੇ ਕੀਤੇ ਗਏ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਗਈ। ਟੈਲੀਫੋਨਾਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ ਅਤੇ ਰੇਲਵੇ ਦੀਆਂ ਪਟੜੀਆਂ ਨੂੰ ਉਖਾੜ ਕੇ ਆਵਾਜਾਈ ਦੇ ਸਾਧਨਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਭ ਕੁਝ ਅੰਗਰੇਜ਼ਾਂ ਨੂੰ ਇਹ ਅਹਿਸਾਸ ਦੁਆਉਣ ਲਈ ਕੀਤਾ ਜਾ ਰਿਹਾ ਸੀ ਕਿ ਹੁਣ ਦੇਸ਼ ਵਾਸੀ ਪੂਰਨ ਆਜ਼ਾਦੀ ਲਏ ਬਗੈਰ ਸ਼ਾਂਤ ਹੋ ਕੇ ਬੈਠਣ ਵਾਲੇ ਨਹੀਂ।
ਆਜ਼ਾਦੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਨੇਤਾਵਾਂ ਵਲੋਂ ਕਿਸਾਨਾਂ ਨੂੰ ਮਾਮਲਾ ਰੋਕਣ ਲਈ ਕਿਹਾ ਗਿਆ। ਕਰਨਾਟਕ ਅਤੇ ਹੋਰ ਥਾਵਾਂ ‘ਤੇ ਕਿਸਾਨਾਂ ਨੇ ਬਰਤਾਨਵੀ ਸਰਕਾਰ ਵਿਰੁੱਧ ਲੁਕ-ਛਿਪ ਕੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਮੈਸੂਰ ਰਾਜ ਵਿਚ 32 ਹਜ਼ਾਰ ਮਜ਼ਦੂਰਾਂ ਅਤੇ ਕਰਮਚਾਰੀਆਂ ਨੇ 2 ਹਫਤੇ ਲਈ ਹੜਤਾਲ ਕਰ ਦਿੱਤੀ। ਉੜੀਸਾ ਅਤੇ ਬਾਲਾਸੌਰ ਜ਼ਿਲ੍ਹਿਆਂ ਵਿਚ 200 ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਹੌਲੀ-ਹੌਲੀ ਬਗਾਵਤ ਦੀ ਇਹ ਅੱਗ ਦੇਸੀ ਰਿਆਸਤਾਂ ਵਿਚ ਵੀ ਫੈਲ ਗਈ ਜੋ ਹੁਣ ਤੱਕ ਅੰਗਰੇਜ਼ੀ ਹਕੂਮਤ ਦਾ ਸਾਥ ਦਿੰਦੇ ਆਏ ਸਨ। ਕਈ ਥਾਂ ‘ਤੇ ਹਿੰਸਕ ਕਾਰਵਾਈਆਂ ਵੀ ਹੋਈਆਂ ਜਿਹਨਾਂ ਵਿਚ ਕਈ ਲੋਕ ਮਾਰੇ ਗਏ। ਇਨ੍ਹਾਂ ਸਾਰੀਆਂ ਕਾਰਵਾਈਆਂ ਦਾ ਨਤੀਜਾ ਇਹ ਨਿਕਲਿਆ ਕਿ ਬਰਤਾਨਵੀ ਸਰਕਾਰ ਆਪਣੇ ਪੂਰੇ ਜ਼ੋਰ, ਜਬਰ ਤੇ ਜ਼ੁਲਮ ਨਾਲ ‘ਭਾਰਤ ਛੱਡੋ ਅੰਦੋਲਨ’ ਨੂੰ ਇਕ ਸਾਲ ਦੇ ਵਿਚ ਵਿਚ ਦਬਾਉਣ ਵਿਚ ਕਾਮਯਾਬ ਹੋ ਗਈ। ਗੈਰ-ਸਰਕਾਰੀ ਅਨੁਮਾਨਾਂ ਅਨੁਸਾਰ ਪੂਰੇ ਦੇਸ਼ ਵਿਚ ਅੰਦੋਲਨ ਦੌਰਾਨ 25 ਹਜ਼ਾਰ ਭਾਰਤੀ ਮਾਰੇ ਗਏ, ਲੱਖਾਂ ਰੁਪਏ ਜੁਰਮਾਨਾ ਉਗਰਾਹਿਆ ਗਿਆ ਤੇ ਕਰੋੜਾਂ ਰੁਪਏ ਦੀ ਜਾਇਦਾਦ ਨਸ਼ਟ ਹੋ ਗਈ।   1857 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਲੋਕਾਂ ਨੇ ਦੇਸ਼ ਵਿਆਪੀ ਅੰਦੋਲਨ ਛੇੜ ਕੇ ਏਡੀ ਸ਼ਕਤੀਸ਼ਾਲੀ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ ਕਿ ਹੁਣ ਉਹਨਾਂ ਨੂੰ ਜਲਦੀ ਹੀ ਇਹ ਦੇਸ਼ ਛੱਡ ਕੇ ਆਪਣੇ ਵਤਨ ਜਾਣਾ ਪਵੇਗਾ, ਜਿੱਥੇ ਉਹ ਪਿਛਲੇ 200 ਸਾਲਾਂ ਤੋਂ ਭਾਰਤ ਵਾਸੀਆਂ ‘ਤੇ ਰਾਜ ਕਰਦੇ ਚਲੇ ਆਏ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਗਸਤ 1942 ਦਾ ‘ਭਾਰਤ ਛੱਡੋ ਅੰਦੋਲਨ’ ਉਸ ਘੜੀ ਦਬਾ ਦਿੱਤਾ ਗਿਆ, ਪਰ ਜਿਸ ਉਦੇਸ਼ ਨੂੰ ਲੈ ਕੇ ਇਹ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਉਸ ਨੇ ਕੇਵਲ ਪੰਜ ਵਰ੍ਹਿਆਂ ਦੇ ਅੰਦਰ ਹੀ ਉੋਹ ਨਿਸ਼ਾਨਾ ਪ੍ਰਾਪਤ ਕਰ ਲਿਆ ਅਤੇ 15 ਅਗਸਤ, 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ।

ਡਾ. ਹਰਬੰਸ ਸਿੰਘ ਚਾਵਲਾ

http://www.parvasi.com/index.php?option=com_content&task=view&id=7253&Itemid=118

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

ਗ਼ਦਰ ਲਹਿਰ ਦੀ ਸੌ ਸਾਲਾ ਬਰਸੀ

ਤਕਰੀਬਨ ਸੌ ਸਾਲ ਪਹਿਲਾਂ ਸਾਂ ਫ਼ਰਾਂਸਿਸਕੋ ਤੋਂ ਪ੍ਰਕਾਸ਼ਤ,‘ਗ਼ਦਰ ਦੀ ਗੂੰਜ’ ਵਿੱਚ ਛਪੀਆਂ ਇਨ੍ਹਾਂ ਚਾਰ ਸਤਰਾਂ ਵਿੱਚ ਇੱਕ ਗ਼ਦਰੀ ਦੀ ਆਤਮਾ ਲਲਕਾਰਦੀ ਹੈ: ਹਿੰਦੂ, ਮੋਮਨੋ, ਮੁਗ਼ਲ, ਪਠਾਣ ਰਲ ਕੇ,  ਬੇੜਾ ਦੇਹੋ


Print Friendly
Social Studies0 Comments

ਅੰਮ੍ਰਿਤਸਰ ਦਾ ਸਪੂਤ : ਮਦਨ ਲਾਲ ਢੀਂਗਰਾ (ਅੱਜ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਮਦਨ ਲਾਲ ਢੀਂਗਰਾ ਦਾ ਜਨਮ ਡਾ. ਸਾਹਿਬ ਦਿੱਤਾ ਮੱਲ ਦੇ ਘਰ ਸੰਨ 1883 ‘ਚ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਵਿਖੇ ਹੋਇਆ। ਜੰਮੂ-ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਆਨਰੇਰੀ ਸ਼ਾਹੀ ਡਾਕਟਰ


Print Friendly
Social Studies0 Comments

ਮੇਜਰ ਧਿਆਨ ਚੰਦ – ਹਾਕੀ ਦਾ ਜਾਦੂਗਰ (ਅੱਜ 29 ਅਗਸਤ ਨੂੰ ਕੌਮੀ ਖੇਡ ਦਿਵਸ ਤੇ ਵਿਸ਼ੇਸ਼)

ਧਿਆਨ ਚੰਦ ਇੱਕ ਭਾਰਤੀ ਹਾਕੀ ਖਿਡਾਰੀ ਸੀ ਜਿਸਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਿੰਨ ਓਲਿੰਪਿਕ ਗੋਲਡ ਮੈਡਲਾਂ (1928, 1932, and 1936) ਲਈ


Print Friendly