Print Friendly

ਵਿੱਦਿਅਕ ਢਾਂਚੇ ਦੀ ਦੁਰਦਸ਼ਾ

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਜਿੱਥੇ ਦਲਿਤ ਸਮਾਜ ਨੂੰ ਵਿੱਦਿਆ ਹਾਸਲ ਕਰਨ ਦੇ ਸੰਪੂਰਨ ਅਧਿਕਾਰ ਦਿਵਾਏ ਉੱਥੇ ਨਾਲ ਹੀ ਇਸ ਦੱਬੇ-ਕੁਚਲੇ ਵਰਗ ਲਈ ਰਾਖਵੇਂਕਰਨ ਦੀ ਧਾਰਾ ਨੂੰ ਵੀ ਭਾਰਤੀ ਸੰਵਿਧਾਨ ਵਿੱਚ ਮਾਨਤਾ ਦਿਵਾਈ ਤਾਂ ਜੋ ਇਹ ਲੋਕ ਸਦੀਆਂ ਤੋਂ ਦੱਬੀ-ਕੁਚਲੀ ਮਾਨਸਿਕਤਾ ’ਚੋਂ ਉਭਰ ਸਕਣ ਦੇ ਸਮਰੱਥ ਹੋਣ ਦੇ ਯੋਗ ਹੋ ਜਾਣ। ਭਾਰਤੀ ਸਮਾਜ ਵਿੱਚ ਇਹ ਇੱਕ ਬਹੁਤ ਵੱਡੀ ਕ੍ਰਾਂਤੀ ਸੀ। ਇੱਕ ਬਹੁਤ ਵੱਡਾ ਇਨਕਲਾਬ… ਸਾਰੇ ਵਰਗ ਬਰਾਬਰ।
‘‘ਪਰ ਇਸ ਵਿੱਦਿਅਕ, ਸਮਾਜਿਕ ਤੇ ਆਰਥਿਕ ਸੁਖਾਲ ਨੂੰ ਇੱਕ ਹੋਰ ਸਿਮਰਤੀ ਬਨਾਮ ਭਾਰਤ ਸਰਕਾਰ ਬਨਾਮ ਲੋਕਤੰਤਰ ਨੇ ਬਹੁਤ ਹੀ ਅਦਿੱਖ, ਸੂਖ਼ਮ ਅਤੇ ਲੁਕਵੇਂ ਵਾਰ ਨਾਲ ਨਿਗਲਣਾ ਸ਼ੁਰੂ ਕਰ ਦਿੱਤਾ ਹੈ।’’
ਇਸ ਅਟੱਲ ਸੱਚਾਈ ਨੂੰ ਸਾਰੇ ਵਿਦਵਾਨ ਮੰਨਦੇ ਹਨ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਜਿਸ ਨੂੰ ਮਨੁੱਖੀ ਜਾਮੇ ਵਿੱਚ ਦੋ ਨੇਤਰ ਨਸੀਬ ਨਹੀਂ ਹਨ ਉਸ ਨੂੰ ਅੰਨ੍ਹਾ ਆਖਦੇ ਹਾਂ ਕਿਉਂਕਿ ਦੁਨੀਆਂ ਦੇ ਰੰਗ-ਤਮਾਸ਼ੇ ਵੇਖਣ ਤੋਂ ਅਸਮਰੱਥ ਉਸ ਦੀ ਦੁਨੀਆਂ ਹਨੇਰੀ ਹੁੰਦੀ ਹੈ।
ਤੀਜਾ ਨੇਤਰ- ਵਿੱਦਿਆ ਦੋ ਅੱਖਾਂ ਵਾਲਿਆਂ ਨੂੰ ਬੁੱਧੀ ਗਿਆਨ ਪ੍ਰਦਾਨ ਕਰਦਾ ਹੈ। ਇਹ ਤੀਜਾ ਵਿੱਦਿਆ ਨੇਤਰ ਮਨੁੱਖ ਤੋਂ ਖੋਹਣ ਦੀਆਂ ਕੁਟਿਲ ਚਾਲਾਂ ਮਨੁੱਖੀ ਸੱਭਿਅਤਾ ਦੇ ਮੁੱਢ ਤੋਂ ਹੀ ਸ਼ੁਰੂ ਹੋ ਗਈਆਂ ਸਨ। ਭਾਰਤ ਵਿੱਚ ਇਹ ਤੀਜਾ ਨੇਤਰ ਮਨੁੱਖ ਤੋਂ ਖੋਹਣ ਲਈ ਮਨੂੰ ਦੀ ਵਰਨ ਵੰਡ ਨੀਤੀ ਸਿੱਧਾ ਵਾਰ ਸੀ।
ਹੁਣ ਭਾਰਤ ਸਰਕਾਰ ਨੇ ਬਹੁਤ ਹੀ ਸੂਖ਼ਮ ਅਤੇ ਲੁਕਵੇਂ ਵਾਰ ਨਾਲ ਮਨੁੱਖ ਦਾ ਇਹ ਤੀਜਾ ਨੇਤਰ ਵਿੱਦਿਆ ਨਿਗਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ। ਨਿੱਤ ਨਵੇਂ ਮਨਸੂਬੇ ਘੜ ਰਹੀ ਹੈ- ਸੱਤਾਧਾਰੀ ਭਾਰਤ ਸਰਕਾਰ ਜੋ ਪੜ੍ਹਨ ਤੋਂ ਨਹੀਂ ਰੋਕਦੀ ਪਰ ਅਨਪੜ੍ਹ ਰੱਖਣ ਦੇ ਮਨਸੂਬੇ ਨੀਤੀ ਵਿੱਚ ਲੁਪਤ ਹਨ। ਜਿਵੇਂ ਸਾਰੇ ਪੜ੍ਹੋ ਪਹਿਲੀ ਤੋਂ ਪੰਜਵੀਂ ਤਕ। ਸਾਰੇ ਪਾਸ ਕੋਈ ਫੇਲ੍ਹ ਨਹੀਂ। ਹੁਣ ਪਹਿਲੀ ਤੋਂ ਅੱਠਵੀਂ ਜਮਾਤ ਤਕ ਸਾਰੇ ਪਾਸ। ਕੋਈ ਸਕੂਲ ਆਵੇ ਜਾਂ ਨਾ ਆਵੇ, ਕੋਈ ਵੀ ਗ਼ੈਰ-ਹਾਜ਼ਰ ਨਹੀਂ, ਸਾਰਿਆਂ ਦੀ ਹਾਜ਼ਰੀ ਪੂਰੀ। ਜਿੰਨੇ ਕੁ ਆਉਂਦੇ ਆਓ- ਮਿਡ ਡੇਅ ਮੀਲ ਛਕੋ ਤੇ ਘਰ ਨੂੰ ਜਾਓ।
ਪੜ੍ਹਾਈ ਵਿੱਚ ਇਹ ਹੇਜ ਕਿਉਂ? ਕਿ ਸਾਰੇ ਪੜ੍ਹੋ, ਨਾਲਾਇਕ ਬਣੋ। ਨਾਲਾਇਕਾਂ ਨਾਲ ਕਾਹਦਾ ਹੇਜ? ਪਹਿਲੀਆਂ ਪ੍ਰਾਇਮਰੀ, ਮਿਡਲ ਜਮਾਤਾਂ ਅਗਲੀ ਪੜ੍ਹਾਈ ਉੱਚ ਵਿਦਿਆ ਦੀਆਂ ਨੀਹਾਂ ਹਨ, ਇਨ੍ਹਾਂ ਨੂੰ ਕਮਜ਼ੋਰ ਕਰਨ ਲਈ ਸਰਕਾਰ ਨੇ ਇਹ ਸੰਨ੍ਹ ਕਿਉਂ ਲਾਈ ਹੈ ਭਲਾ? ਇੱਕ ਨੀਤੀ ਰਾਹੀਂ ਲਾਇਕ ਵਿਦਿਆਰਥੀ ਵੀ ਨਾਲਾਇਕ ਤੇ ਨਾਲਾਇਕ ਹੋਰ ਨਾਲਾਇਕ ਹੋ ਜਾਵੇਗਾ। ਇਹ ਨੀਤੀ ਨਹੀਂ ਬਦਨੀਤੀ ਹੈ। ਇਸ ਤਰ੍ਹਾਂ ਦੀ ਨੀਤੀ ਯੋਗ ਤੇ ਉਸਾਰੂ ਨਾ ਹੋ ਕੇ ਢਾਹੂ ਤੇ ਨਾਲਾਇਕ ਪੈਦਾ ਕਰਨ ਵਾਲੀ ਹੈ।
ਲੋਕਤੰਤਰ ਦਾ ਯੁੱਗ ਹੈ। ਆਂਗਨਵਾੜੀ, ਸਰਵ-ਸਿੱਖਿਆ ਅਭਿਆਨ, ਲਾਜ਼ਮੀ ਵਿੱਦਿਆ ਦੇ ਖੋਪੇ ਚਾੜ੍ਹ ਕੇ ਸਰਕਾਰ ਲੋਕਾਂ ਨੂੰ ਭਰਮਾ ਰਹੀ ਹੈ। ਸਰਕਾਰ ਦੇ ਸੰਸਦ ਮੈਂਬਰ ਜਾਣਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਸਕੂਲਾਂ ਵਿੱਚ ਸਹੀ ਤੇ ਯੋਗ ਵਿੱਦਿਆ ਪੜ੍ਹ ਕੇ ਐਡੇ ਵੱਡੇ ਬਰਤਾਨਵੀ ਸਾਮਰਾਜ ਦਾ ਤਖ਼ਤਾ ਪਲਟ ਦਿੱਤਾ ਸੀ। ਕਿਤੇ ਇਨ੍ਹਾਂ ਸਕੂਲਾਂ ਵਿੱਚ ਸਹੀ ਤੇ ਯੋਗ ਵਿੱਦਿਆ ਪ੍ਰਾਪਤ ਕੇ ਕਿਤੇ ਇਹ ਲੋਕ ਸਾਨੂੰ ਹੀ ਨਾ ਉਲਟਾ ਦੇਣ। ਇਸ ਲਈ ਇਨ੍ਹਾਂ ਦਿਲ ਲੁਭਾਊ ਨੀਤੀਆਂ ਵਿੱਚ ਉਲਝਾਈ ਰੱਖੋ ਜਨਤਾ ਨੂੰ…। ਹੋਰ ਸਿਤਮ ਵੇਖੋ! ਸਰਕਾਰ ਦੀ ਨਵੀਂ ਤਜਵੀਜ਼: ਵਿਦਿਆਰਥੀ ਦਾ ਸਿੱਖਿਆ ਗ੍ਰਹਿਣ ਕਰਨ ਦਾ ਕੋਈ ਟੈਸਟ ਨਹੀਂ ਪਰ ਅਧਿਆਪਕ ਦਾ ਯੋਗਤਾ ਟੈਸਟ ਲਏ ਜਾਣ ਦਾ ਅਰਥ ਇਹ ਹੈ ਕਿ ਜੇ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤਕ ਸਿੱਖਿਆ ਗ੍ਰਹਿਣ ਕਰਨ ਵਿੱਚ ਵਿਦਿਆਰਥੀ ਅਯੋਗ ਹੈ ਜਾਂ ਅਯੋਗ ਹੋ ਰਹੇ ਹਨ ਤਾਂ ਦੋਸ਼ੀ ਅਧਿਆਪਕ ਹੈ, ਸਰਕਾਰ ਦੀ ਨੀਤੀ ਨਹੀਂ। ਹੈ ਨਾ ਕਮਾਲ!
ਇਸ ਦੇ ਉਲਟ ਖੇਡ ਮੈਦਾਨ ਦੀ ਮਿਸਾਲ ਲੈਂਦੇ ਹਾਂ- ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰ ਪੱਧਰ ਤਕ ਤੇ ਅੱਗੋਂ ਸੰਸਾਰ ਪੱਧਰ ਤਕ ਕਮਲੀਆਂ ਹੋਈਆਂ ਫਿਰਦੀਆਂ ਹਨ ਸਰਕਾਰਾਂ। ਕਰੋੜਾਂ-ਅਰਬਾਂ ਰੁਪਏ ਖ਼ਰਚ ਕਰ ਕੇ ਖੇਡ ਪਿੰਡਾਂ ’ਚ ਖੇਡ ਮੈਦਾਨ ਉਸਾਰੇ ਜਾਂਦੇ ਹਨ, ਵੱਡੀਆਂ-ਵੱਡੀਆਂ ਕੰਪਨੀਆਂ ਕਰੋੜਾਂ ਰੁਪਏ ਸਪਾਂਸਰ ਕਰ ਕੇ ਇੱਕ ਤਰ੍ਹਾਂ ਨਾਲ ਸਰਕਾਰਾਂ ਹੀ ਖ਼ਰੀਦ ਲੈਂਦੀਆਂ ਹਨ। ਸਰਕਾਰਾਂ ਖ਼ੁਦ ਵੀ ਖੇਡਾਂ ’ਤੇ ਅਰਬਾਂ-ਖਰਬਾਂ ਰੁਪਏ ਖ਼ਰਚ ਕਰਦੀਆਂ ਹਨ। ਫ਼ਿਲਮੀ ਸਿਤਾਰਿਆਂ ਨੂੰ ਖੇਡਾਂ ਦੇ ਉਦਘਾਟਨ ਸਮਾਗਮਾਂ ’ਤੇ ਕਰੋੜਾਂ ਰੁਪਏ ਖ਼ਰਚ ਕਰਕੇ ਨਚਾਇਆ-ਗਵਾਇਆ ਜਾਂਦਾ ਹੈ, ਦਰਸ਼ਕਾਂ ਨੂੰ ਲੁਭਾਉਣ ਲਈ। ਖੇਡ ਮੈਦਾਨ ਵਿੱਚ ਜਿੱਤ-ਹਾਰ ਲਈ ਸੋਨਾ, ਚਾਂਦੀ, ਕਾਂਸੀ ਦੇ ਦਰਜਾ-ਬ-ਦਰਜਾ ਤਗਮੇ ਦਿੱਤੇ ਜਾਂਦੇ ਹਨ। ਜਿੱਥੇ ਕੁੱਲ ਬਾਰ੍ਹਾਂ-ਬਾਰ੍ਹਾਂ ਖਿਡਾਰੀ ਜਾਂ ਵੱਧ-ਘੱਟ ਕੁੱਲ ਚੌਵੀ ਖਿਡਾਰੀ। ਇੱਥੋਂ ਦੋ ਟੀਮਾਂ ਦੀ ਜਿੱਤ-ਹਾਰ ਹੈ। ਇਹ ਖੇਡ ਮੈਦਾਨ ਹੈ। ਇੱਥੇ ਜਿੱਤ-ਹਾਰ ਕਿਉਂ ਹੈ? ਇੱਕ-ਇੱਕ ਪੁਆਇੰਟ ਦੀ ਜਿੱਤ-ਹਾਰ ਲਈ ਖਿਡਾਰੀ ਤੇ ਰੈਫਰੀ ਸਾਹੋ-ਸਾਹੀ ਹੋਏ ਹੁੰਦੇ ਹਨ। ਖੇਡ ਮੈਦਾਨ ਵਿੱਚ ਜਿੱਤ-ਹਾਰ ਦਾ ਨਿਰਣਾ ਸ਼ਾਇਦ ਸਰਕਾਰ ਇਸ ਲਈ ਕਰਦੀ ਹੈ ਕਿ ਇੱਥੇ ਸੂਖ਼ਮ ਬੁੱਧੀ ਦਾ ਨਹੀਂ, ਸਥੂਲ ਦੇਹੀ ਦਾ ਪ੍ਰਦਰਸ਼ਨ ਹੁੰਦਾ ਹੈ ਅਤੇ ਸਥੂਲਤਾ ਤੋਂ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਸਕੂਲ ਵਿੱਚ ਮਨੁੱਖ ਦਾ ਤੀਜਾ ਨੇਤਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਥੇ ਪਹਿਲੀ ਤੋਂ ਅੱਠਵੀਂ ਜਮਾਤ ਤਕ ਕੋਈ ਵਿਦਿਆਰਥੀ ਫੇਲ੍ਹ-ਪਾਸ ਨਹੀਂ। ਕੋਈ ਫਸਟ, ਸੈਕਿੰਡ, ਥਰਡ (ਪਹਿਲਾ, ਦੂਜਾ, ਤੀਜਾ) ਦਰਜਾ ਨਹੀਂ। ਵਿਦਿਆਰਥੀ ਦੀ ਮਿਹਨਤ ਤੇ ਯੋਗਤਾ ਦਾ ਕੋਈ ਮੁਲਾਂਕਣ ਨਹੀਂ ਉਲਟਾ ਅਧਿਆਪਕ ਦਾ ਮੁਲਾਂਕਣ ਹੈ ਕਿ ਉਹ ਸਰਕਾਰੀ ਨੌਕਰੀ ਲੈਣ ਲਈ ਯੋਗਤਾ ਟੈਸਟ ਪਾਸ ਕਰੇ (ਸਾਰੇ ਬੱਚੇ ਦਾਖਲ ਤੇ ਸਾਰੇ ਪਾਸ ਕਰਨ ਲਈ) ਅਰਥਾਤ ਅਧਿਆਪਕ ਦੀ ਟੀਚਰ ਟ੍ਰੇਨਿੰਗ ਦੀ ਮਿਹਨਤ ਅਤੇ ਉਸ ਨੂੰ ਪਾਸ-ਫੇਲ੍ਹ ਕਰਨ ਵਾਲਾ ਵਿਭਾਗ ਤੇ ਅਮਲਾ ਫੈਲਾ ਸਭ ਜ਼ੀਰੋ। ਸਰਕਾਰ ਦੀਆਂ ਇਹ ਨਿੱਤ ਨਵੀਆਂ ਵਿੱਦਿਅਕ ਨੀਤੀਆਂ ਅਤੇ ਤਜਵੀਜ਼ਾਂ ਇੰਨੀਆਂ ਖ਼ਤਰਨਾਕ ਹਨ ਕਿ ਮਨੂੰ ਸਿਮਰਤੀ ਨੂੰ ਵੀ ਮਾਤ ਪਾ ਗਈਆਂ ਹਨ। ਮਨੂੰ ਨੇ ਤਾਂ ਇੱਕ ਵਰਗ ਨੂੰ ਅਨਪੜ੍ਹ ਬਣਾਇਆ ਸੀ। ਸਾਡੀ ਲੋਕਤੰਤਰਕ ਸਰਕਾਰ ਚਾਰੇ ਵਰਗ (ਪੂਰਾ ਹਿੰਦੁਸਤਾਨ) ਅਨਪੜ੍ਹ ਬਣਾ ਦੇਣ ਦੇ ਮਨਸੂਬੇ ਨਿੱਤ ਨਵੇਂ ਦਿਨ ਘੜਦੀ ਰਹਿੰਦੀ ਹੈ। ਲੋਕਤੰਤਰ ਦੇ ਲੋਕ ਸਮਝਦੇ ਹਨ ਕਿ ਸਰਕਾਰ ਸਾਡੇ ’ਤੇ ਕਿੰਨਾ ਪਰਉਪਕਾਰ ਕਰ ਰਹੀ ਹੈ- ਸਕੂਲ ਆਓ! ਰੋਟੀਆਂ ਖਾਓ! ਮਾੜੀ-ਮੋਟੀ ਜੋ ਜ਼ਮੀਰ ਬਚੀ ਹੈ ਉਸ ਦਾ ਵੀ ਘਾਤ ਕਰੋ। ਪੜ੍ਹੋ ਭਾਵੇਂ ਨਾ ਪਾਸ ਸਰਟੀਫਿਕੇਟ ਵੱਟ ’ਤੇ ਪਿਆ ਹੈ।
ਇੱਕ ਅਨਪੜ੍ਹ ਕਿਸਾਨ ਵੀ ਖੇਤ ਵਿੱਚ ਫ਼ਸਲ ਦਾ ਬੀਜ ਛਾਣ ਕੇ ਬੀਜਦਾ ਹੈ ਕਿਉਂਕਿ ਮਾੜਾ ਤੇ ਕਮਜ਼ੋਰ ਬੀਜ ਬੀਜਣ ਨਾਲ ਫ਼ਸਲ ਦਾ ਝਾੜ ਘਟਦਾ ਹੈ ਪਰ ਪੜ੍ਹਾਈ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤਕ ਪਾਸ-ਫੇਲ੍ਹ ਦਾ ਕੋਈ ਛਾਣਾ ਨਹੀਂ ਲਾਉਂਦੀ ਸਰਕਾਰ। ਸਰਕਾਰ ਦਾ ਸਬੰਧਿਤ ਵਿਭਾਗ ਵਿਦਵਾਨ ਨਹੀਂ ਉਲਟਾ ‘ਅੰਗੂਠਾ ਛਾਪ’ ਵੋਟਰ ਤਿਆਰ ਕਰ ਕੇ ਜਨਤਾ ਦੇ ਅੱਖੀਂ ਘੱਟਾ ਪਾ ਰਿਹਾ ਹੈ। ਪਹਿਲਾਂ ਲਾਜ਼ਮੀ ਪੜ੍ਹਾਈ ਨੇ ਸਿੱਖਿਆ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ। ਅੱਗੋਂ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਈ ਜਾ ਰਹੀ ਹੈ। ਆਪਣੀ ਭਾਸ਼ਾ ਦਾ ਗਿਆਨ ਤਾਂ ਅਜੇ ਆਇਆ ਨਹੀਂ, ਦੂਜੀ ਕਿਵੇਂ ਆ ਜਾਊ?
ਸੰਨ 1960 ਤੋਂ ਲਾਜ਼ਮੀ ਵਿੱਦਿਆ ਸ਼ੁਰੂ ਹੋਈ। ਸੰਨ 1978 ਤਕ ਸਰਕਾਰੀ ਸਕੂਲ ਬੱਚਿਆਂ ਨਾਲ ਖਚਾਖਚ ਭਰੇ ਪਏ ਸਨ। ਤਿਲ ਸੁੱਟਿਆਂ ਭੁੰਜੇ ਨਹੀਂ ਸੀ ਪੈਂਦਾ। ਹੌਲੀ-ਹੌਲੀ ਸਵੈ-ਇੱਛਾ ਨਾਲ ਪੜ੍ਹਨ ਵਾਲੇ ਬੱਚੇ ਵੀ ਪੜ੍ਹਾਈ ਵਿੱਚ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਪ੍ਰਾਈਵੇਟ ਸਕੂਲਾਂ ਵੱਲ ਲੋਕਾਂ ਦਾ ਝੁਕਾਅ ਹੁੰਦਾ ਗਿਆ। ਸਰਕਾਰੀ ਨੀਤੀਆਂ ਨਾਲ ਸਰਕਾਰੀ ਸਕੂਲ ‘ਉੱਜੜ’ ਗਏ ਤੇ ਭੂਤਾਂ ਦੇ ਵਾੜੇ ਬਣ ਕੇ ਰਹਿ ਗਏ। ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਗ਼ਰੀਬਾਂ ਦਾ ਤੀਜਾ ਨੇਤਰ ਵਿੱਦਿਆ ਦੀ ਅੱਖ ਖੋਹਣ ਤੋਂ ਗੁਰੇਜ਼ ਕੀਤਾ ਜਾਵੇ।

ਦਰਸ਼ਨ ਕੌਰ
ਮੋਬਾਈਲ: 98149-75142

http://punjabitribuneonline.com/2013/08/

Print Friendly

About author

Vijay Gupta
Vijay Gupta1097 posts

State Awardee, Global Winner

You might also like

ਇੰਜ ਕਰੀਏ ਪੇਪਰਾਂ ਦੀ ਤਿਆਰੀ

ਮਾਰਚ ਦਾ ਮਹੀਨਾ ਨੇੜੇ ਆਉਂਦਿਆਂ ਹੀ ਬੱਚਿਆਂ ਨੂੰ ਸਲਾਨਾ ਪ੍ਰੀਖਿਆਵਾਂ ਦਾ ਡਰ ਸਤਾਉਣ ਲਗਦਾ ਹੈ। ਜ਼ਿਆਦਾ ਚਿੰਤਾ ਨਾਲ ਜੋ ਆਉਂਦਾ ਹੁੰਦਾ ਹੈ ਉਹ ਵੀ ਭੱੁਲ ਜਾਂਦਾ ਹੈ। ਪੇਪਰਾਂ ਦੇ ਸਮੇਂ


Print Friendly