Print Friendly

ਅਕਬਰ ਦੇ ਰਾਜ ਦਾ ਬਾਨੀ ਬੈਰਮ ਖ਼ਾਂ

ਸ਼ਹਿਜ਼ਾਦੇ ਅਕਬਰ ਦਾ ਸਰਪ੍ਰਸਤ ਅਤੇ ਹਿਮਾਯੂੰ ਦਾ ਵਫ਼ਾਦਾਰ ਜਰਨੈਲ ਬੈਰਮ ਖ਼ਾਂ ਬਦਖ਼ਸ਼ਾਂ ਦਾ ਨਿਵਾਸੀ ਸ਼ੀਆ ਮੁਸਲਮਾਨ ਸੀ | ਬੈਰਮ ਖ਼ਾਂ ਨੇ ਸਾਰੀ ਉਮਰ ਹਿਮਾਯੂੰ ਦਾ ਸਾਥ ਦਿੱਤਾ | ਕਨੌਜ ਦੀ ਜੰਗ ਵਿਚ ਉਹ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਗਿਰਫ਼ਤਾਰ ਵੀ ਹੋਇਆ ਪਰ ਚਾਲਾਕੀ ਨਾਲ ਉਸ ਦੀ ਕੈਦ ਵਿੱਚੋਂ ਭੱਜ ਕੇ ਹਿਮਾਯੂੰ ਨਾਲ ਜਾ ਮਿਲਿਆ | ਬੈਰਮ ਖ਼ਾਂ ਦੀ ਪ੍ਰੇਰਣਾ ਉੱਤੇ ਹੀ ਹਿਮਾਯੂੰ ਨੇ ਇਰਾਨ ਜਾਣਾ ਮਨਜ਼ੂਰ ਕੀਤਾ ਅਤੇ ਉਸ ਦੀ ਵਿਚੋਲਗੀ ਨਾਲ ਹੀ ਉਸ ਨੂੰ ਇਰਾਨ ਦੇ ਬਾਦਸ਼ਾਹ ਤੋਂ ਫ਼ੌਜੀ ਸਹਾਇਤਾ ਪ੍ਰਾਪਤ ਹੋਈ | ਉਸ ਨੇ ਹਰ ਮੁਹਿਮ ਵਿਚ ਹਿਮਾਯੂੰ ਦਾ ਸਾਥ ਦਿੱਤਾ | 1545 ਵਿਚ ਕਾਬਲ ਦੀ ਫ਼ਤਹਿ ਤੋਂ ਬਾਅਦ ਹਿਮਾਯੂੰ ਨੇ ਬੈਰਮ ਖ਼ਾਂ ਨੂੰ ਅਕਬਰ ਦੀ ਦੇਖ-ਭਾਲ ਲਈ ਨਿਯੁਕਤ ਕਰਨ ਦੇ ਨਾਲ ਉਸ ਨੂੰ ਖ਼ਾਨਖ਼ਾਨਾ ਦਾ ਿਖ਼ਤਾਬ ਵੀ ਦਿੱਤਾ | ਬੈਰਮ ਖ਼ਾਂ ਦੀ ਸਹਾਇਤਾ ਨਾਲ ਹੀ ਹਿਮਾਯੂੰ ਨੇ ਸਰਹੰਦ ਦੇ ਸਥਾਨ ਉੱਤੇ ਸਿਕੰਦਰ ਸ਼ਾਹ ਸੂਰੀ ਉੱਤੇ ਜਿੱਤ ਪ੍ਰਾਪਤ ਕਰਕੇ ਦਿੱਲੀ ਅਤੇ ਆਗਰਾ ਉੱਤੇ ਕਬਜ਼ਾ ਕੀਤਾ | 1560 ਵਿਚ ਬੈਰਮ ਖ਼ਾਂ ਨੇ ਹੀ ਵਫ਼ਾਦਾਰੀ ਦਾ ਸਬੂਤ ਦਿੰਦਿਆਂ ਕਲਾਨੌਰ ਦੇ ਸਥਾਨ ਉੱਤੇ ਅਕਬਰ ਦੀ ਬਾਦਸ਼ਾਹਤ ਦਾ ਐਲਾਨ ਕੀਤਾ | 
ਭਾਵੇਂ ਬੈਰਮ ਖ਼ਾਂ ਅਕਬਰ ਨੂੰ ਵਿੱਦਿਆ ਵਿਚ ਨਿਪੁੰਨ ਨਾ ਕਰ ਸਕਿਆ ਪਰ ਉਹ ਸਿਆਸੀ ਸੂਝ-ਬੂਝ ਨਾਲ ਕੰਮ ਲੈਂਦਿਆਂ ਉਸ ਦੀ ਹਕੂਮਤ ਨੂੰ ਸਾਰੀਆਂ ਮੁਸ਼ਕਿਲਾਂ ਤੋਂ ਪਾਰ ਲੈ ਗਿਆ | ਜਦੋਂ ਅਕਬਰ ਨੇ ਉਸ ਨੂੰ ਵਕੀਲੇ ਸਲਤਨਤ ਨਿਯੁਕਤ ਕੀਤਾ ਤਾਂ ਉਹ ਬੇਪਨਾਹ ਸ਼ਕਤੀਆਂ ਦਾ ਮਾਲਕ ਬਣ ਕੇ ਚੰਗੇ ਮਾੜੇ ਹਰ ਕੰਮ ਦਾ ਜ਼ਿੰਮੇਵਾਰ ਬਣ ਗਿਆ | ਪਰ ਐਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਉਹ ਵਫ਼ਾਦਾਰ ਰਿਹਾ | ਉਹ ਪਹਿਲੇ ਦਰਜੇ ਦਾ ਜਰਨੈਲ ਅਤੇ ਮੌਕਾ ਸ਼ਨਾਸ ਅਫ਼ਸਰ ਸੀ | ਭਾਵੇਂ ਤਰਦੀ ਬੇਗ ਦੇ ਕਤਲ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਜ਼ਾਲਮ ਵੀ ਆਖਿਆ ਪਰ ਵਿਗੜੀ ਹੋਈ ਫ਼ੌਜ ਨੂੰ ਡਰਾਉਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਸੀ | ਉਸ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਹ ਸਮੇਂ ਸਿਰ ਹਾਲਾਤ ਨੂੰ ਸਮਝ ਲੈਂਦਾ ਸੀ ਅਤੇ ਮੌਕੇ ਅਨੁਸਾਰ ਕਾਰਵਾਈ ਕਰਦਾ ਸੀ | ਉਹ 1556 ਤੋਂ 1560 ਤੱਕ ਚਾਰ ਸਾਲ ਦੇ ਸਮੇਂ ਲਈ ਵਕੀਲੇ ਸਲਤਨਤ ਰਿਹਾ ਅਤੇ ਕਈ ਚੰਗੇ ਕਾਨੂੰਨ ਲਾਗੂ ਕਰਕੇ ਮੁਗ਼ਲ ਹਕੂਮਤ ਨੂੰ ਮਜ਼ਬੂਤ ਕੀਤਾ |
1556 ਤੋਂ 1560 ਤੱਕ ਬੈਰਮ ਖ਼ਾਂ ਵਜ਼ੀਰੇ ਸਲਤਨਤ ਰਿਹਾ ਅਤੇ ਮੁਗ਼ਲ ਹਕੂਮਤ ਦੀ ਮਜ਼ਬੂਤੀ ਵਾਸਤੇ ਦਿ੍ੜ ਇਰਾਦੇ ਨਾਲ ਕੰਮ ਕਰਦਾ ਰਿਹਾ ਪਰ 1560 ਤੋਂ ਬਾਅਦ ਉਸ ਦੀਆਂ ਤਾਕਤਾਂ ਨੂੰ ਬਾਦਸ਼ਾਹ ਨੇ ਇਕਦਮ ਖ਼ਤਮ ਕਰਨ ਦੇ ਆਦੇਸ਼ ਦੇ ਦਿੱਤੇ | ਅਜਿਹੇ ਆਦੇਸ਼ ਲਾਗੂ ਕਰਨ ਦੇ ਕਾਰਨਾਂ ਬਾਰੇ ਇਤਿਹਾਸਕਾਰ ਲਿਖਦੇ ਹਨ;
1. 1560 ਵਿਚ ਅਕਬਰ ਅਠਾਰਾਂ ਸਾਲ ਦਾ ਹੋ ਗਿਆ ਸੀ ਅਤੇ ਉਸ ਨੂੰ ਹਕੂਮਤੀ ਕੰਮ-ਕਾਜ਼ ਦੀ ਸਮਝ ਆ ਗਈ ਸੀ | ਹੁਣ ਉਹ ਆਪਣੇ ਨਾਇਬੁਲ ਸਲਤਨਤ ਦੇ ਹੱਥਾਂ ਵਿਚ ਕਠਪੁਤਲੀ ਬਣ ਕੇ ਰਹਿਣਾ ਨਹੀਂ ਚਾਹੁੰਦਾ ਸੀ ਇਸ ਲਈ ਉਸ ਨੇ ਹਕੂਮਤ ਦਾ ਕੰਮ ਆਪਣੇ ਹੱਥਾਂ ਵਿਚ ਲੈ ਲਿਆ |
2. ਦਰਬਾਰ ਵਿਚ ਬੈਰਮ ਖ਼ਾਂ ਦੀਆਂ ਸ਼ਕਤੀਆਂ ਬਹੁਤ ਵਧ ਗਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਦੂਜੇ ਦਰਬਾਰੀ ਉਸ ਨਾਲ ਈਰਖਾ ਕਰਨ ਲੱਗ ਪਏ ਸਨ | ਜਿਨ੍ਹਾਂ ਦੀ ਅਗਵਾਈ ਅਕਬਰ ਦੀ ਮਾਂ ਹਮੀਦਾ ਬਾਨੋ ਬੇਗ਼ਮ, ਉਸ ਦੀ ਦਾਈ ਅੰਗਾ, ਅਕਬਰ ਦਾ ਰਜ਼ਾਈ ਭਾਈ ਦਾਈ ਅੰਗਾ ਦਾ ਪੁੱਤਰ ਉੱਧਮ ਖ਼ਾਂ ਅਤੇ ਸ਼ਹਾਬੁੱਦੀਨ ਅਨਕਾ ਕਰ ਰਹੇ ਸਨ | ਇਨ੍ਹਾਂ ਲੋਕਾਂ ਨੇ ਅਕਬਰ ਵਿਚ ਬੇਦਾਰੀ ਪੈਦਾ ਕਰਦਿਆਂ ਹਕੂਮਤ ਨੂੰ ਆਪਣੇ ਹੱਥਾਂ ਵਿਚ ਲੈਣ ਲਈ ਪ੍ਰੇਰਿਆ |
3. ਬੈਰਮ ਖ਼ਾਂ ਮੁਸਲਮਾਨਾਂ ਦੇ ਸ਼ੀਆ ਫ਼ਿਰਕੇ ਨਾਲ ਸਬੰਧ ਰੱਖਦਾ ਸੀ ਅਤੇ ਦਰਬਾਰੀਆਂ ਦੀ ਬਹੁਗਿਣਤੀ ਸੁੰਨੀ ਮੁਸਲਮਾਨਾਂ ਦੀ ਸੀ | ਬੈਰਮ ਖ਼ਾਂ ਉੱਤੇ ਇਲਜ਼ਾਮ ਲੱਗ ਰਹੇ ਸਨ ਕਿ ਉਹ ਦਰਬਾਰ ਵਿਚ ਸ਼ੀਆ ਲੋਕਾਂ ਦੀ ਗਿਣਤੀ ਵਧਾਉਣੀ ਚਾਹੁੰਦਾ ਹੈ ਅਤੇ ਜਦੋਂ ਉਸ ਨੇ ਇਕ ਸ਼ੀਆ ਆਲਮ ਸ਼ੇਖ਼ ਗੱਦਾਈ ਨੂੰ ਸਦਰ-ਉਲ-ਸਦੂਰ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਤਾਂ ਅਕਬਰ ਦੇ ਕੰਨ ਭਰਨ ਵਾਲਿਆਂ ਨੂੰ ਇਸ ਦਾ ਸਬੂਤ ਦੇਣ ਦਾ ਮੌਕਾ ਮਿਲ ਗਿਆ |
4. ਬੈਰਮ ਖ਼ਾਂ ਦੇ ਦੌਰ ਵਿਚ ਇਰਾਨੀ ਨਸਲ ਦੇ ਦਰਬਾਰੀਆਂ ਦੀ ਚੜ੍ਹਤ ਸੀ ਜਿਸ ਨੂੰ ਮੁਗ਼ਲ ਨਸਲ ਦੇ ਚੁਗ਼ਤਾਈ ਚੰਗਾ ਨਹੀਂ ਸਮਝਦੇ ਸਨ | ਉਹ ਚੁਗ਼ਤਾਈ ਸੂਬੇਦਾਰ ਤਰਦੀ ਬੇਗ ਦੇ ਕਤਲ ਤੋਂ ਬਾਅਦ ਇਸ ਨੂੰ ਬਦਲੇ ਦੀ ਭਾਵਨਾ ਨਾਲ ਕੀਤਾ ਕਤਲ ਆਖ ਕੇ ਪੇਸ਼ ਕਰ ਰਹੇ ਸਨ | ਉਸ ਉੱਤੇ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਉਹ ਅਕਬਰ ਦੀ ਥਾਂ ਮਿਰਜ਼ਾ ਕਾਮਰਾਨ ਦੇ ਪੁੱਤਰ ਅਬੁਲ ਕਾਸਮ ਨੂੰ ਦਿੱਲੀ ਦੇ ਤਖ਼ਤ ਉੱਤੇ ਬਿਠਾਉੇਣਾ ਚਾਹੁੰਦਾ ਹੈ |
5. ਅਕਬਰ ਨੂੰ ਜ਼ਾਤੀ ਤੌਰ ‘ਤੇ ਇਹ ਵੀ ਸ਼ਿਕਾਇਤ ਸੀ ਕਿ ਉਸ ਨੂੰ ਆਪਣੇ ਲਈ ਪੂਰਾ ਖ਼ਰਚ ਨਹੀਂ ਮਿਲਦਾ ਜਦੋਂ ਕਿ ਬੈਰਮ ਖ਼ਾਂ ਦੇ ਰਿਸ਼ਤੇਦਾਰ ਅਤੇ ਮਿੱਤਰ ਖ਼ੁੱਲ੍ਹਾ ਖ਼ਰਚ ਕਰਕੇ ਮੌਜਾਂ ਮਾਣ ਰਹੇ ਸਨ | ਉਹ ਉਨ੍ਹਾਂ ਨੂੰ ਤਕੜੇ ਤਕੜੇ ਇਨਾਮ ਦਿੰਦਾ ਹੈ ਅਤੇ ਪੰਜ ਹਜ਼ਾਰੀ ਜਿਹੇ ਿਖ਼ਤਾਬਾਂ ਨਾਲ ਨਵਾਜ਼ਦਾ ਹੈ ਜਦੋਂ ਕਿ ਸ਼ਾਹੀ ਅਫ਼ਸਰਾਂ ਨੂੰ ਇਨ੍ਹਾਂ ਇਨਾਮਾਂ ਅਤੇ ਅਹੁਦਿਆਂ ਤੋਂ ਦੂਰ ਰੱਖਿਆ ਜਾਂਦਾ ਹੈ |
ਸੰਨ 1560 ਈਸਵੀ ਨੂੰ ਜਦੋਂ ਅਕਬਰ ਆਪਣੀ ਬੀਮਾਰ ਮਾਂ ਹਮੀਦਾ ਬਾਨੋ ਬੇਗ਼ਮ ਨੂੰ ਮਿਲਣ ਆਗਰੇ ਤੋਂ ਦਿੱਲੀ ਆਇਆ ਤਾਂ ਅਕਬਰ ਦੀ ਦਾਈ ਮਾਹਮ ਅੰਗਾ, ਉਸ ਦੀ ਮਾਂ ਹਮੀਦਾ ਬਾਨੋ ਬੇਗ਼ਮ, ਉਸ ਦੇ ਰਜ਼ਾਈ ਭਾਈ ਉੱਧਮ ਖ਼ਾਂ ਅਤੇ ਦਿੱਲੀ ਦੇ ਗਵਰਨਰ ਸ਼ਹਾਬੁੱਦੀਨ ਨੇ ਬੈਰਮ ਖ਼ਾਂ ਦੇ ਿਖ਼ਲਾਫ਼ ਇਕੱਠੇ ਹੋ ਕੇ ਸਾਜ਼ਿਸ਼ ਰਚਦਿਆਂ ਉਸ ਨੂੰ ਮਜਬੂਰ ਕੀਤਾ ਕਿ ਉਹ ਹਕੂਮਤ ਦਾ ਕਾਰ-ਵਿਹਾਰ ਆਪਣੇ ਹੱਥ ਵਿਚ ਲੈ ਲਵੇ ਅਤੇ ਬੈਰਮ ਖ਼ਾਂ ਦੀਆਂ ਸ਼ਕਤੀਆਂ ਨੂੰ ਖ਼ਤਮ ਕਰ ਦੇਵੇ | ਆਗਰੇ ਪਹੁੰਚ ਕੇ ਅਕਬਰ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਬੈਰਮ ਖ਼ਾਂ ਨੂੰ ਇਹ ਸੁਨੇਹਾ ਭੇਜਿਆ;
‘ਕਿਉਂਜੋ ਮੈਨੂੰ ਤੁਹਾਡੀ ਇਮਾਨਦਾਰੀ, ਵਫ਼ਾਦਾਰੀ ਅਤੇ ਸਾਫ਼ ਨੀਅਤ ਉੱਤੇ ਵਿਸ਼ਵਾਸ ਸੀ ਇਸ ਲਈ ਹਕੂਮਤ ਦੀਆਂ ਸਾਰੀਆਂ ਸ਼ਕਤੀਆਂ ਤੁਹਾਨੂੰ ਸੋਂਪ ਰੱਖੀਆਂ ਸਨ ਅਤੇ ਆਪ ਸੈਰ ਅਤੇ ਛੁਟੀਆਂ ਮਨਾਉਂਦਾ ਰਹਿੰਦਾ ਸਾਂ | ਹੁਣ ਮੈਂ ਹਕੂਮਤ ਦਾ ਕੰਮ-ਕਾਜ ਆਪਣੇ ਹੱਥਾਂ ਵਿਚ ਲੈਣ ਦਾ ਪੱਕਾ ਇਰਾਦਾ ਕਰ ਲਿਆ ਹੈ ਇਸ ਲਈ ਠੀਕ ਏਹੋ ਹੈ ਕਿ ਮੇਰੀ ਮਰਜ਼ੀ ਅਨੁਸਾਰ ਆਪ ਹੱਜ ਦੇ ਵਾਸਤੇ ਮੱਕਾ ਸ਼ਰੀਫ਼ ਨੂੰ ਚਲੇ ਜਾਉ | ਤੁਹਾਡੇ ਗੁਜ਼ਾਰੇ ਵਾਸਤੇ ਢੁਕਵੀਂ ਜਾਗੀਰ ਵਕਫ਼ ਕਰ ਦਿੱਤੀ ਜਾਵੇਗੀ’ |
ਭਾਵੇਂ ਬੈਰਮ ਖ਼ਾਂ ਨੂੰ ਉਸ ਦੇ ਸਾਥੀਆਂ ਨੇ ਬਗ਼ਾਵਤ ਕਰਨ ਲਈ ਉਕਸਾਇਆ ਪਰ ਉਸ ਨੇ ਵਫ਼ਾਦਾਰੀ ਦਾ ਸਬੂਤ ਦਿੰਦਿਆਂ ਸ਼ਾਹੀ ਹੁਕਮ ਅੱਗੇ ਸਿਰ ਝੁਕਾ ਦਿੱਤਾ ਅਤੇ ਅਹੁਦਾ ਛੱਡ ਕੇ ਹੱਜ ਦਾ ਫ਼ਰਜ਼ ਅਦਾ ਕਰਨ ਲਈ ਮੱਕੇ ਵਲ ਚਾਲੇ ਪਾ ਦਿੱਤੇ | ਅਕਬਰ ਨੇ ਸਲਾਹਕਾਰਾਂ ਦੇ ਕਹਿਣ ਉੱਤੇ ਬੈਰਮ ਖ਼ਾਂ ਵੱਲੋਂ ਨੌਕਰੀ ਤੋਂ ਹਟਾਏ ਮੁਲਾਜ਼ਮ ਮੁੱਲਾ ਪੀਰ ਮੁਹੰਮਦ ਨੂੰ ਉਸ ਦੀਆਂ ਗਤੀ-ਵਿੱਧੀਆਂ ਨੋਟ ਕਰਨ ਲਈ ਪਿੱਛੇ ਲਾ ਦਿੱਤਾ | ਕਿਉਂ ਜੋ ਬੈਰਮ ਖ਼ਾਂ ਨੂੰ ਉਸ ਤੋਂ ਨਫ਼ਰਤ ਸੀ ਇਸ ਲਈ ਉਸ ਨੇ ਬਗ਼ਾਵਤ ਕਰ ਦਿੱਤੀ | ਜਲੰਧਰ ਦੇ ਨੇੜਿਉਂ ਸ਼ਾਹੀ ਫ਼ੌਜ ਵੱਲੋਂ ਗਿਰਫ਼ਤਾਰ ਕਰਕੇ ਉਸ ਨੂੰ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ | ਅਕਬਰ ਨੇ ਮਿਹਰਬਾਨੀ ਦਿਖਾਉਂਦਿਆਂ ਉਸ ਨੂੰ ਤਿੰਨ ਆਫ਼ਰਾਂ ਦਿੱਤੀਆਂ ਜਿਨ੍ਹਾਂ ਵਿਚ ਪਹਿਲੀ ਕਾਲਪੀ ਅਤੇ ਚੰਦੇਰੀ ਦਾ ਗਵਰਨਰ ਬਣਨ ਦੀ ਸੀ | ਦੂਜੀ ਦਰਬਾਰ ਵਿਚ ਬਾਦਸ਼ਾਹ ਦਾ ਖ਼ਾਸ ਮਸੀਰ ਬਣ ਕੇ ਰਹਿਣ ਦੀ ਸੀ ਅਤੇ ਤੀਜੀ ਹੱਜ ਉੱਤੇ ਚਲੇ ਜਾਣ ਦੀ ਪਰ ਬੈਰਮ ਖ਼ਾਂ ਨੇ ਹੱਜ ਲਈ ਜਾਣ ਨੂੰ ਪਹਿਲ ਦਿੱਤੀ |
ਬੈਰਮ ਖ਼ਾਂ ਦੀ ਤਜਵੀਜ਼ ਨੂੰ ਮੰਨਦਿਆਂ ਅਕਬਰ ਨੇ ਉਸ ਲਈ ਹੱਜ ਉੱਤੇ ਜਾਣ ਦਾ ਪੂਰਾ ਇੰਤਜ਼ਾਮ ਕਰ ਦਿੱਤਾ ਪਰ ਉਸ ਨੂੰ ਮੱਕੇ ਪਹੁੰਚਣਾ ਨਸੀਬ ਨਾ ਹੋਇਆ | ਗੁਜਰਾਤ ਦੇ ਨੇੜੇ ਪਤਨ ਦੇ ਸਥਾਨ ਉੱਤੇ ਮੁਬਾਰਕ ਖ਼ਾਂ ਲੁਹਾਨੀ ਨੇ ਉਸ ਨੂੰ ਕਤਲ ਕਰ ਦਿੱਤਾ ਜਿਸ ਦੇ ਪਿਤਾ ਨੂੰ 1555 ਵਿਚ ਮਾਛੀਵਾੜੇ ਦੇ ਸਥਾਨ ਉੱਤੇ ਹੋਈ ਲੜਾਈ ਵਿਚ ਬੈਰਮ ਖ਼ਾਂ ਨੇ ਕਤਲ ਕਰ ਦਿੱਤਾ ਸੀ | ਬੈਰਮ ਖ਼ਾਂ ਦੇ ਕਤਲ ਦੀ ਖ਼ਬਰ ਸੁਣਨ ਤੋਂ ਬਾਅਦ ਅਕਬਰ ਨੇ ਉਸ ਦੇ ਚਾਰ ਸਾਲ ਦੇ ਪੁੱਤਰ ਅਬਦੁਲ ਰਹੀਮ ਨੂੰ ਆਪਣੀ ਸਰਪ੍ਰਸਤੀ ਵਿਚ ਲੈ ਲਿਆ ਅਤੇ ਬੈਰਮ ਖ਼ਾਂ ਦੀ ਵਿਧਵਾ ਸਲੀਮਾ ਬੇਗਮ ਨਾਲ ਸ਼ਾਦੀ ਕਰ ਲਈ | ਅਬਦੁਲ ਰਹੀਮ ਨੂੰ ਅਕਬਰ ਨੇ ਚੰਗਾ ਪੜ੍ਹਾਇਆ ਲਿਖਾਇਆ ਅਤੇ ਵੱਡਾ ਹੋਣ ਤੋਂ ਬਾਅਦ ਆਪਣਾ ਸਲਾਹਕਾਰ ਬਣਾ ਲਿਆ | ਇਤਿਹਾਸ ਵਿਚ ਉਸ ਨੂੰ ਅਬਦੁਲ ਰਹੀਮ ਖ਼ਾਨ ਖ਼ਾਨਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ |
ਬੈਰਮ ਖ਼ਾਂ ਹਿੰਦੁਸਤਾਨ ਵਿਚ ਦੂਜੀ ਵਾਰ ਮੁਗ਼ਲ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਲਾ ਬਹਾਦਰ ਜਰਨੈਲ ਸੀ | ਇਤਿਹਾਸਕਾਰ ਉਸ ਦੀ ਬਹਾਦਰੀ ਅਤੇ ਵਫ਼ਾਦਾਰੀ ਦੀਆਂ ਤਾਰੀਫ਼ਾਂ ਕਰਦੇ ਹਨ | ਅਕਬਰ ਦਾ ਦਰਬਾਰੀ ਅਬੁਲ ਫ਼ਜ਼ਲ ਵੀ ਬੈਰਮ ਖ਼ਾਂ ਨੂੰ ਇਕ ਸ਼ਰੀਫ਼ ਇਨਸਾਨ ਲਿਖਦਾ ਹੈ | ਪ੍ਰਸਿੱਧ ਤਾਰੀਖ਼ਦਾਨ ਵੀ. ਏ. ਸਮਿੱਥ ‘ਅਕਬਰ, ਦੀ ਗਰੇਟ ਮੁਗ਼ਲ’ ਦੇ ਸਫ਼ਾ 47-48 ਉੱਤੇ ਲਿਖਦਾ ਹੈ, ‘ਬੈਰਮ ਖ਼ਾਂ ਦੇ ਅੰਤਲੇ ਦਿਨ ਅਤੇ ਉਸ ਦੀ ਮੌਤ ਇਕ ਨਾਖ਼ੁਸ਼ਗਵਾਰ ਵਾਕਿਆ ਹੈ | ਬੈਰਮ ਖ਼ਾਂ ਨੇ ਹਿਮਾਯੂੰ ਅਤੇ ਅਕਬਰ ਦੋਹਾਂ ਪਿਉ ਪੁੱਤਾਂ ਦੀ ਉਸ ਸਮੇਂ ਸਹਾਇਤਾ ਕੀਤੀ ਜਦੋਂ ਉਹ ਬੇਆਸਰਾ ਸਨ | ਤਖ਼ਤ ਦੀ ਬਾਜ਼ਿਆਬੀ ਲਈ ਦੋਵੇਂ ਉਸ ਦੇ ਰਿਣੀ ਸਨ | ਸਮੇਂ ਦਾ ਤਕਾਜ਼ਾ ਇਹੋ ਸੀ ਕਿ ਹਕੂਮਤੀ ਅਖ਼ਤਿਆਰ ਸਾਂਭਣ ਤੋਂ ਪਹਿਲਾਂ ਅਕਬਰ ਨੂੰ ਆਪਣੇ ਹਮਦਰਦ ਨੂੰ ਵੱਖ ਕਰਨ ਲਈ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਸੀ ਕਿ ਬੈਰਮ ਖ਼ਾਂ ਕਿਸੇ ਤਰ੍ਹਾਂ ਵੀ ਮਾਯੂਸ ਨਾ ਹੁੰਦਾ | ਪਰ ਬੈਰਮ ਖ਼ਾਂ ਦੇ ਬਹੁਤ ਸਾਰੇ ਦੁਸ਼ਮਣ ਉਸ ਨੂੰ ਚੰਗਾ ਨਹੀਂ ਦੇਖਣਾ ਚਾਹੁੰਦੇ ਸਨ ਅਤੇ ਉਹ ਉਸ ਨੂੰ ਨੀਵਾਂ ਦਰਸਾਉਣ ਅਤੇ ਹਲਾਕ ਕਰਨ ਲਈ ਤੁਲੇ ਹੋਏ ਸਨ | ਬਗ਼ਾਵਤ ਦੇ ਸਮੇਂ ਉਸ ਨੂੰ ਮਜਬੂਰਨ ਲੜਨਾ ਪਿਆ ਕਿਉਂ ਜੋ ਉਹ ਆਪੇ ਨੂੰ ਅਕਬਰ ਦਾ ਵਫ਼ਾਦਾਰ ਸਮਝਦਾ ਸੀ | ਬਗ਼ਾਵਤ ਤੋਂ ਬਾਅਦ ਉਸ ਨਾਲ ਚੰਗਾ ਸਲੂਕ ਨੌਜਵਾਨ ਬਾਦਸ਼ਾਹ ਦੀ ਫ਼ਰਾਖ਼ਦਿਲੀ ਦਾ ਸਬੂਤ ਹੈ’ |
-ਬੀ 3/524 ਕਿਲ੍ਹਾ ਰਹਿਮਤਗੜ੍ਹ ਮਾਲੇਰ ਕੋਟਲਾ |
ਮੋਬਾਈਲ-98555-51359

http://beta.ajitjalandhar.com/supplement/20130916/33.cms

Print Friendly

About author

Vijay Gupta
Vijay Gupta1097 posts

State Awardee, Global Winner

You might also like

ਮਹਿਜ਼ ਖਾਨਾ-ਪੂਰਤੀ ਹੁੰਦੇ ਨੇ ਵਿਦਿਆਰਥੀ ਪ੍ਰਾਜੈਕਟ

ਦਿਨ-ਬ-ਦਿਨ ਵਧ ਰਹੀ ਮਹਿੰਗਾਈ ਦੇ ਬਾਵਜੂਦ ਬੱਚਿਆਂ ਨੂੰ ਮਿਆਰੀ ਵਿੱਦਿਆ ਦਿਵਾ ਕੇ ਚੰਗੇ ਨਾਗਰਿਕ ਬਣਾਉਣ ਲਈ ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਤੋਂ ਚੰਗੇ ਸਕੂਲ ਵਿੱਚ ਪੜ੍ਹਾਉਣ ਦਾ ਹਰ ਸੰਭਵ


Print Friendly
Social Studies0 Comments

ਮਹਾਨ ਸੂਰਬੀਰ ਬਾਬਾ ਬੰਦਾ ਸਿੰਘ ਬਹਾਦਰ

ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਭ ਸਿੱਖਾਂ ਨੂੰ ਆਪਣੇ ਦਿਹਾਂਤ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਪਿੱਛੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਧਾਰਮਿਕ ਗੁਰੂ ਮੰਨਣ,


Print Friendly