Print Friendly

ਪ੍ਰਿਥਵੀ ਦੁਆਲੇ ਲਿਪਟੀ ਓਜ਼ੋਨ ਪਰਤ

ਸੂਰਜ ਮੰਡਲ ਵਿੱਚ ਸਿਰਫ਼ ਧਰਤੀ ’ਤੇ ਹੀ ਜੀਵਨ ਹੈ ਕਿਉਂਕਿ ਧਰਤੀ ’ਤੇ ਪਾਏ ਜਾਣ ਵਾਲੇ ਹਾਲਾਤ ਕਿਸੇ ਹੋਰ ਗ੍ਰਹਿ ’ਤੇ ਨਹੀਂ ਹਨ। ਭਾਵੇਂ ਧਰਤੀ ’ਤੇ ਜੀਵਨ ਲਈ ਮੌਜੂਦ ਹਾਲਾਤ ਹੋਰ ਗ੍ਰਹਿਆਂ ’ਤੇ ਖੋਜਣ ਲਈ ਵਿਗਿਆਨੀ ਯਤਨ ਕਰ ਰਹੇ ਹਨ ਪਰ ਅਜੇ ਤਕ ਇਨ੍ਹਾਂ ਵਿੱਚ ਸਫ਼ਲਤਾ ਨਹੀਂ ਮਿਲੀ। ਧਰਤੀ ’ਤੇ ਜੀਵਨ ਲਈ ਲੋੜੀਂਦੇ ਤੱਤ, ਪਾਣੀ, ਲੋੜੀਂਦੀਆਂ ਗੈਸਾਂ ਨਾਈਟਰੋਜਨ 78 ਫ਼ੀਸਦੀ, ਆਕਸੀਜਨ 21 ਫ਼ੀਸਦੀ, ਕਾਰਬਨ ਡਾਈਆਕਸਾਈਡ 0.03 ਫ਼ੀਸਦੀ, ਹੋਰ ਅਕਿਰਿਆਸ਼ੀਲ ਗੈਸਾਂ 0.07 ਫ਼ੀਸਦੀ ਅਤੇ ਜਲਵਾਸ਼ਪ ਮੌਜੂਦ ਹਨ, ਜਿਨ੍ਹਾਂ ਕਰਕੇ ਧਰਤੀ ’ਤੇ ਵਾਯੂਮੰਡਲ  ਦੀ ਹੋਂਦ ਹੈ।
ਧਰਤੀ ਦੇ ਵਾਯੂਮੰਡਲ ਦੇ ਚਾਰ ਖੇਤਰ ਹਨ: ਟਰੈਪੋਸਫੀਅਰ ਪਰਿਵਰਤਿਤ ਵਾਯੂਮੰਡਲ, ਸਟਰੇਟੋਸਫੀਅਰ (ਸਮਤਾਪ ਵਾਯੂਮੰਡਲ), ਮੀਜ਼ੋਸਫੀਅਰ (ਮੀਜੋ ਮੰਡਲ), ਥਰਮੋਸਫੀਅਰ (ਤਾਪ ਵਾਯੂਮੰਡਲ) ਆਦਿ। ਪ੍ਰਿਥਵੀ ਦੁਆਲੇ ਲਿਪਟੇ  ਵਾਯੂਮੰਡਲ ਦਾ ਪੰਜਵਾਂ ਭਾਗ ਆਕਸੀਜਨ ਹੈ। ਇਹ ਸੂਰਜ ਦੀਆਂ ਕਿਰਨਾਂ ਦੇ ਵਿਕਿਰਨੀ ਪ੍ਰਭਾਵ ਅਧੀਨ ਓਜ਼ੋਨ ਗੈਸ ਵਿੱਚ ਬਦਲਦੀ ਰਹਿੰਦੀ ਹੈ। ਬਦਲਾਓ ਦਾ ਇਹ ਵਰਤਾਰਾ ਵਾਯੂਮੰਡਲ ਦੇ ਦੂਜੇ ਭਾਗ ਸਟਰੇਟੋਸਫੀਅਰ ਵਿੱਚ ਪ੍ਰਿਥਵੀ ਦੀ ਸਤ੍ਹਾ ਤੋਂ ਲਗਪਗ 16 ਕਿਲੋਮੀਟਰ ਤੋਂ 23 ਕਿਲੋਮੀਟਰ ਵਿੱਚ ਹੁੰਦਾ ਹੈ। ਇਸ ਤਰ੍ਹਾਂ ਓਜ਼ੋਨ ਗੈਸ ਦੀ ਇੱਕ ਪਰਤ ਪ੍ਰਿਥਵੀ ਦੁਆਲੇ ਲਿਪਟੀ ਰਹਿੰਦੀ ਹੈ। ਇਸ ਉਚਾਈ ’ਤੇ ਓਜ਼ੋਨ ਗੈਸ ਦੀ ਪਰਤ ਮੋਟੀ ਹੁੰਦੀ ਹੈ ਅਤੇ ਵਾਯੂਮੰਡਲ ਵਿੱਚ ਇਸ ਦੀ ਮਾਤਰਾ 0.04 ਫ਼ੀਸਦੀ ਹੁੰਦੀ ਹੈ।
ਜੀਵਾਂ ਲਈ ਇਸ ਪ੍ਰਕਾਰ ਉਪਜ ਰਹੀ ਓਜ਼ੋਨ ਗੈਸ ਦੀ ਪਰਤ ਦਾ ਬਹੁਤ ਮਹੱਤਵ ਹੈ। ਇਹ ਪਰਤ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ। ਓਜ਼ੋਨ ਦੀ ਪਰਤ ਜੀਵਾਂ ਨੂੰ ਇਨ੍ਹਾਂ ਕਿਰਨਾਂ ਦੇ ਘਾਤਕ ਪ੍ਰਭਾਵ ਤੋਂ ਨਾ ਬਚਾਵੇ ਤਾਂ ਜੀਵਾਂ ਉਪਰ ਪਰਾਬੈਂਗਣੀ ਕਿਰਨਾਂ ਦਾ ਹਾਨੀਕਾਰਕ ਪ੍ਰਭਾਵ ਪੈਂਦਾ ਰਹੇ।
ਹੁਣ ਇਹ ਸੁਰੱਖਿਆ ਛਤਰੀ ਨਸ਼ਟ ਹੋ ਰਹੀ ਹੈ। ਫਰਿੱਜਾਂ, ਏਅਰ ਕੰਡੀਸ਼ਨਰਾਂ, ਫੋਮਜ਼, ਸਪਰੇਆਂ, ਝੱਗ ਪੈਦਾ ਕਰਨ ਵਾਲੇ ਪਦਾਰਥ ਆਦਿ ਇਸ ਪਰਤ ਨੂੰ ਨਸ਼ਟ ਕਰ ਰਹੇ ਹਨ। ਏਰੋਸਲਜ਼ ਅਤੇ ਕਲੋਰੋਫਲੋਰੋ ਕਾਰਬਨਜ਼ (ਸੀਐੱਫਸੀ) ਵਾਯੂਮੰਡਲ ਵਿਚਲੀ ਓਜ਼ੋਨ ਵਿਸਫੋਟਕ ਸਿੱਧ ਹੋ ਰਹੇ ਹਨ। ਸੀਐੱਫਸੀ ਦਾ ਇੱਕ ਅਣੂ ਓਜ਼ੋਨ ਦੇ ਇੱਕ ਲੱਖ ਅਣੂਆਂ ਦਾ ਖਾਤਮਾ ਕਰਦਾ ਹੈ। ਇਸ ਤੋਂ ਓਜ਼ੋਨ ਪਰਤ ਦੇ ਛਿੱਜਣ ਅਤੇ ਪਤਲਾ ਪੈਣ ਦਾ ਅੰਦਾਜ਼ਾ ਲੱਗ ਜਾਂਦਾ ਹੈ।
ਐਂਟਾਰਕਟਿਕਾ ਉਪਰ ਓਜ਼ੋਨ ਪਰਤ ਵਿੱਚ ਇੱਕ ਵੱਡਾ ਪਾੜ ਬਸੰਤ ਰੁੱਤੇ ਪੈ ਜਾਂਦਾ ਹੈ, ਜਿਸ ਦਾ ਫੈਲਾਓ ਲੱਖਾਂ ਵਰਗ ਕਿਲੋਮੀਟਰ ਤੱਕ ਹੁੰਦਾ ਹੈ। ਮਿਥਾਈਲ ਬਰੋਮਾਈਡ, ਮਿਥਾਈਲ ਕਲੋਰੋਫਾਰਮ, ਕਲੋਰੀਨ, ਫਲੋਰੀਨ ਜਾਂ ਬਰੋਮੀਨ ਦੇ ਯੌਗਿਕ ਵੀ ਓਜ਼ੋਨ ਪਰਤ ਨੂੰ ਪਤਲਾ ਕਰਦੇ ਰਹਿੰਦੇ ਹਨ। ਰਸਾਇਣਕ ਖਾਦਾਂ ਤੋਂ ਪੈਦਾ ਹੋਏ ਨਾਈਟਰਸ ਆਕਸਾਈਡ ਵੀ ਓਜ਼ੋਨ ਨੂੰ ਨਸ਼ਟ ਕਰਦੇ ਹਨ।
ਮਨੁੱਖ ਦੀਆਂ ਕੁਦਰਤ ਅਤੇ ਵਾਤਾਵਰਨ ਵਿਰੋਧੀ ਕਈ ਕਿਰਿਆਵਾਂ ਜਿਵੇਂ ਦਰੱਖ਼ਤਾਂ ਦੀ ਕਟਾਈ, ਉਦਯੋਗੀਕਰਨ, ਸ਼ਹਿਰੀਕਰਨ, ਆਬਾਦੀ ’ਚ ਵਾਧਾ, ਪਰਾਲੀ ਨੂੰ ਅੱਗ ਲਗਾਉਣਾ ਆਦਿ ਨਾਲ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਦਾ ਵਾਧਾ ਹੋ ਰਿਹਾ ਹੈ। ਧਰਤ ਦਾ ਤਾਪਮਾਨ ਵਧ ਰਿਹਾ ਹੈ। ਆਲਮੀ ਤਪਸ਼ ਦੇ ਬੱਦਲ ਮੰਡਰਾ ਰਹੇ ਹਨ, ਜਿਸ ਕਰਕੇ ਵਾਤਾਵਰਨ, ਵਾਯੂਮੰਡਲ, ਓਜ਼ੋਨ ਪਰਤ ਦੀ ਸਥਿਤੀ ਬਹੁਤੀ ਸਾਜ਼ਗਾਰ ਨਹੀਂ ਹੈ।
ਓਜ਼ੋਨ ਪਰਤ ਦੇ ਛਿੱਜਣ ਅਤੇ ਪਤਲਾ ਪੈ ਜਾਣ ਕਾਰਨ ਪਰਾਬੈਂਗਣੀ ਕਿਰਨਾਂ ਦਾ ਬੁਰਾ ਪ੍ਰਭਾਵ ਹਰ ਪ੍ਰਕਾਰ ਦੇ ਜੀਵਨ ਉਪਰ ਪੈ ਰਿਹਾ ਹੈ। ਇਨ੍ਹਾਂ ਕਿਰਨਾਂ ਦੀ ਤਰੰਗ ਲੰਬਾਈ ਬਹੁਤ ਘੱਟ ਹੈ ਅਤੇ ਇਹ ਸਾਡੇ ਸਰੀਰਕ ਸੈੱਲਾਂ ਅੰਦਰਲੇ ਅਣੂਆਂ ਦੀ ਨੁਹਾਰ ਵਿਗਾੜ ਦਿੰਦੀਆਂ ਹਨ, ਜਿਸ ਕਰਕੇ ਅਸੀਂ ਅੱਖਾਂ ਦੇ ਰੋਗਾਂ, ਚਮੜੀ ਦੇ ਕੈਂਸਰ ਅਤੇ ਭਿੰਨ-ਭਿੰਨ ਰਸੌਲੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਾਂ।
ਇਥੋਂ ਤਕ ਕਿ ਫ਼ਸਲਾਂ ਦਾ ਨੁਕਸਾਨ ਤੇ ਝਾੜ ’ਚ ਕਮੀ, ਜਲੀ ਭੋਜਨ ਲੜੀ ਤੇ ਭੋਜਨ ਜਾਲ ਦਾ ਨੁਕਸਾਨ, ਸਮੁੰਦਰੀ ਪਲੈਂਕਟੌਨ ਨੂੰ ਖ਼ਤਰਾ ਆਦਿ ਦਾ ਕਾਰਨ ਓਜ਼ੋਨ ਪਰਤ ਦਾ ਪਤਲਾ ਪੈਣਾ ਹੀ ਹੈ। ਓਜ਼ੋਨ ਪਰਤ ਦੀ ਸੁਰੱਖਿਆ ਲਈ ਸੰਯੁਕਤ ਰਾਸ਼ਟਰ ਨੇ 16 ਸਤੰਬਰ ਵਾਲੇ ਦਿਨ ਨੂੰ ਆਏ ਵਰ੍ਹੇ ਓਜ਼ੋਨ ਪਰਤ ਸੁਰੱਖਿਆ ਦਿਵਸ ਵਜੋਂ ਮਨਾਉਣ ਦਾ ਨਿਰਣਾ 23 ਜਨਵਰੀ 1995 ਦੀ ਜਨਰਲ ਅਸੈਂਬਲੀ ਦੀ ਮੀਟਿੰਗ ’ਚ ਲਿਆ ਸੀ। ਇਹ ਨਿਰਣਾ ਓਜ਼ੋਨ ਪਰਤ ਬਾਰੇ ਆਮ ਸੂਝ ਨੂੰ ਟੁੰਬਣ ਲਈ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ਲਿਆ ਗਿਆ ਸੀ। ਮੀਟਿੰਗ ਵਿੱਚ 100 ਤੋਂ ਵੱਧ ਦੇਸ਼ਾਂ ਨੇ ਇਹ ਫ਼ੈਸਲਾ ਵੀ ਕੀਤਾ ਕਿ ਉਹ ਕਲੋਰੋਫਲੋਰੋਕਾਰਬਨ (ਸੀਐੱਫਸੀ) ਯੁਕਤ ਪਦਾਰਥਾਂ ਦੇ ਨਿਰਮਾਣ ’ਤੇ ਪਾਬੰਦੀ ਲਾਉਣਗੇ, ਜੋ ਓਜ਼ੋਨ ਪਰਤ ਦੇ ਦੁਸ਼ਮਣ ਹਨ।
ਵਿਗਿਆਨੀ ਇਸ ਪਰਤ ਦੇ ਨਸ਼ਟ ਹੋਣ ਬਾਰੇ ਬਹੁਤ ਫ਼ਿਕਰਮੰਦ ਹਨ। ਸੀਐੱਫਸੀ ਦੇ ਅਜਿਹੇ ਬਦਲ ਖੋਜਣ ਦੀਆਂ ਕੋਸ਼ਿਸ਼ ਵੱਡੇ ਪੈਮਾਨੇ ਉਤੇ  ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਓਜ਼ੋਨ ਉਪਰ ਭੈੜਾ ਪ੍ਰਭਾਵ ਨਾ ਪੈਂਦਾ ਹੋਵੇ। ਓਜ਼ੋਨ ਪਰਤ ਦੀ ਸੁਰੱਖਿਆ ਦੇ ਅਰਥ ਸਾਡੀ ਆਪਣੀ ਸੁਰੱਖਿਆ ਦੇ ਨਿਕਲਦੇ ਹਨ। ਓਜ਼ੋਨ ਪਰਤ ਸੁਰੱਖਿਅਤ ਹੈ ਤਾਂ ਹੀ ਜੀਵਨ ਹੈ।

http://punjabitribuneonline.com/2013/09

Print Friendly

About author

Vijay Gupta
Vijay Gupta1097 posts

State Awardee, Global Winner

You might also like

Voice of Students0 Comments

ਇੱਕ-ਇੱਕ ਅੰਕ ਅਹਿਮ ਹੈ, ਸੌ ਫ਼ੀਸਦੀ ਅੰਕਾਂ ਲਈ

ਨਵੀਂ ਪ੍ਰੀਖਿਆ ਪ੍ਰਣਾਲੀ ਅਨੁਸਾਰ ਚੋਣ ਕਰਨ ਲਈ ਜਿੱਥੇ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਜ਼ਰੂਰੀ ਹੈ, ਉੱਥੇ 12ਵੀਂ ਬੋਰਡ ਪ੍ਰੀਖਿਆ ’ਤੇ ਵੀ ਕਾਫ਼ੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਨਵੀਂ ਪ੍ਰੀਖਿਆ ਪ੍ਰਣਾਲੀ


Print Friendly

ਸਿੱਖਿਆ ਪ੍ਰਣਾਲੀ ’ਚ ਬਦਲਾਅ ਦੀ ਲੋੜ

ਉੱਤਮ ਸਮਾਜ ਦੀ ਸਿਰਜਣਾ ਤੇ ਦੇਸ਼ ਦੀ ਤਰੱਕੀ ਮੁੱਖ ਤੌਰ ’ਤੇ ਇਸੇ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸ ਦੇਸ਼ ਜਾਂ ਸਮਾਜ ਦੇ ਬੱਚਿਆਂ ਨੂੰ ਸਿੱਖਿਆ ਕਿਹੋ ਜਿਹੀ ਦਿੱਤੀ ਜਾ


Print Friendly