Print Friendly

ਚਾਲ਼ੀ ਪਿੰਡਾਂ ਦੀ ਜ਼ਮੀਨ ਹੜੱਪ ਗਿਆ ਸ਼ਹਿਰ ਲੁਧਿਆਣਾ

ਅਜੋਕੇ ਪੰਜਾਬ ਦੀ ਧੁਨੀ ਵਿੱਚ ਵਸਿਆ ਲੁਧਿਆਣਾ ਸ਼ਹਿਰ ਸਿਰਫ ਪੰਜਾਬ ਹੀ ਨਹੀਂ, ਇਸ ਦਾ ਸ਼ੁਮਾਰ ਸਮੁੱਚੇ ਭਾਰਤ ਦੇ ਵੱਡੇ ਅਤੇ ਅਹਿਮ ਸ਼ਹਿਰਾਂ ਵਿੱਚ ਕੀਤਾ ਜਾਂਦਾ ਹੈ। ਇਸ ਨੂੰ ਭਾਰਤ ਦੇ ਮਾਨਚੈਸਟਰ ਵਜੋਂ ਵੀ ਜਾਣਿਆ ਜਾਂਦਾ ਹੈ।
ਲੁਧਿਆਣਾ ਦਾ ਘੰਟਾ ਘਰ ਇਸ ਦੇ ਪ੍ਰਤੀਕ ਚਿੰਨ੍ਹ ਵਜੋਂ ਜਾਣਿਆ ਜਾਂਦਾ ਹੈ। ਹੁਣ ਭਾਵੇਂ ਇੱਥੇ ਘੰਟਾਘਰ ਨਾਲੋਂ ਵੀ ਕਈ ਉੱਚੀਆਂ ਤੇ ਲੰਮ-ਸਲੰਮੀਆਂ ਇਮਾਰਤਾਂ ਉਸਰ ਗਈਆਂ ਅਤੇ ਉਸਰ ਰਹੀਆਂ ਹਨ ਪਰ ਘੰਟਾ ਘਰ ਦੀ ਸ਼ਾਨ ਉਵੇਂ ਹੀ ਬਰਕਰਾਰ ਹੈ। ਇਸਦੀ ਉਚਾਈ ਬਾਰੇ ਕਦੇ ਕਿਸੇ ਕਵੀ ਨੇ    ਲਿਖਿਆ ਸੀ:
‘ਏਨਾ ਉੱਚਾ, ਏਨਾ ਲੰਬਾ, ਵੇਖਿਆ ਘੰਟਾ ਘਰ,    ਜੇ ਮੈਂ ਉੱਤੋਂ ਡਿੱਗ ਜਾਵਾਂ, ਤਾਂ ਰਾਹ ਵਿਚ ਜਾਵਾਂ ਮਰ’
ਏਸੇ ਸ਼ਹਿਰ ਵਿੱਚ ਜੰਮੇ-ਪਲੇ, ਪੜ੍ਹੇ-ਲਿਖੇ ਅਤੇ ਹਜ਼ਾਰਾਂ ਹੋਰਾਂ ਨੂੰ ਅਧਿਆਪਕ ਵਜੋਂ ਪੜ੍ਹਾਉਣ ਵਾਲੇ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਿਆਂ ਦਾ ਆਖਣਾ ਹੈ ਕਿ ਇਹ ਸ਼ਹਿਰ ਕਦੇ ‘ਚਿੜੀ ਦੇ ਪੌਚ੍ਹੇ’ ਜਿੰਨਾ ਹੁੰਦਾ ਸੀ ਪਰ ਹੁਣ ਇਹ 40 ਪਿੰਡਾਂ ਦੀ ਜ਼ਮੀਨ ਖਾ ਕੇ ਇਕ ਮਹਾਨਗਰ ਬਣ ਗਿਆ ਹੈ। ਦੇਵ ਨੇ ਇਸ ਸਬੰਧੀ ਗੀਤ ਵੀ ਲਿਖਿਆ ਹੈ, ਜੋ ਸੰਗੀਤ ਦੇ ਦੋ ਵਿਦਿਆਰਥੀਆਂ ਲਵਜੋਤ ਅਤੇ ਮਨਜੋਤ ਨੇ ਆਪਣੀ ਛੇਤੀ ਹੀ ਆ ਰਹੀ ਪਲੇਠੀ ਕੈਸਿਟ ਲਈ ਰਿਕਾਰਡ ਕਰਵਾਇਆ ਹੈ। ਲੁਧਿਆਣੇ ਬਾਰੇ ਹੋਰ ਵਿਸਥਾਰ ਵਿਚ ਜਾਣ ਤੋਂ ਪਹਿਲਾਂ ਮੈਂ ਅਜੋਕੇ ਸ਼ਹਿਰੀਕਰਨ ਦੇ ਰੁਝਾਨ ’ਤੇ ਤਿੱਖੀ ਚੋਟ ਕਰਦੇ ਦੇਵ ਦੇ ਗੀਤ ਦੀਆਂ ਕੁਝ ਸਤਰਾਂ ਪਾਠਕਾਂ ਦੀ ਨਜ਼ਰ ਕਰਨੀਆਂ ਚਾਹਾਂਗਾ;
‘ਜੱਟ ਗਮਲੇ ’ਚ ਕਣਕਾਂ ਉਗਾਇਆ ਕਰੂਗਾ    ਚੜ੍ਹ ਕੋਠੀ ਉੱਤੇ ਚਿੜੀਆਂ ਉਡਾਇਆ ਕਰੂਗਾ    
ਥੈਲੀ ਆਟੇ ਵਾਲੀ ਹੱਟੀਓਂ ਲਿਆਇਆ ਕਰੂਗਾ    
ਆਲੂ, ਗੰਢੇ, ਸਬਜ਼ੀ ਮੰਡੀ ’ਚੋਂ ਖਰੀਦ        
ਕਿਹਾ ਕਰੂ ਪੁੱਠਾ ਹੈ ਜ਼ਮਾਨਾ ਆ ਗਿਆ        
40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ    ਪੌਂਚ੍ਹੇ ਚਿੜੀ ਦੇ ਜਿੰਨਾ ਸੀ, ਜਿਹੜਾ ਹੁੰਦਾ ਕਦੇ ਸ਼ਹਿਰ    
ਉਹਨੇ ਕੈਸੀ ਹੈ ਬਣਾ ’ਤੀ ਹੁਣ ਸਿਧਵਾਂ ਦੀ ਨਹਿਰ    
ਮੈਨੂੰ ਬਚੇ ਖੁਚੇ ਪਿੰਡਾਂ ਦੀ ਵੀ ਲੱਗਦੀ ਨੀਂ ਖ਼ੈਰ
ਸ਼ਹਿਰੀਕਰਨ ਨੇ ਉਜਾੜ ਦਿੱਤੇ ਦਾਨਿਆਂ ਦੇ ਘਰ
ਕੱਚੇ ਕੋਠਿਆਂ ਨੂੰ ਪੈਸੇ ਦਾ ਦਿਓ ਢਾਹ ਗਿਆ
40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ।’
ਇਤਿਹਾਸਕ ਪਿਛੋਕੜ: 500 ਸਾਲ ਤੋਂ ਵੀ ਵੱਧ ਪੁਰਾਣਾ ਹੈ ਹੁਣ ਦਾ ਲੁਧਿਆਣਾ ਸ਼ਹਿਰ। ਇਸ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇੱਥੇ ਕਦੇ ਇਕ ਨਿੱਕਾ ਜਿਹਾ ਪਿੰਡ ‘ਮੀਰ ਹੋਤਾ’ ਹੁੰਦਾ ਸੀ। 1481 ਵਿਚ ਸੁਲਤਾਨ ਸਿਕੰਦਰ ਖਾਂ ਲੋਧੀ ਦੇ ਦੋ ਜਰਨੈਲਾਂ ਯੂਸਫ ਖਾਂ ਅਤੇ ਨਿਹੰਗ ਖਾਂ ਲੋਧੀ ਨੇ ਇੱਥੇ ਹਿਫਾਜ਼ਤੀ ਛਾਉਣੀ ਬਣਾਈ ਤਾਂ ਇਸ ਪਿੰਡ ਦਾ ਨਾਂ ‘ਮੀਰ ਹੋਤਾ’ ਤੋਂ ‘ਲੋਧੀਆਣਾ’ ਪੈ ਗਿਆ। ਹੁਣ ਦਾ ਲੁਧਿਆਣਾ ਏਸੇ ਦਾ ਪ੍ਰਵਰਤਿਤ ਰੂਪ ਹੈ। ਇਹ ਛਾਉਣੀ ਸਤਲੁਜ ਦਰਿਆ ਦੇ ਇਕ ਪੁਰਾਣੇ ਵਹਿਣ ‘ਬੁੱਢੇ ਨਾਲੇ’ ਦੇ ਦੱਖਣੀ ਕੰਢੇ ’ਤੇ ਬਣਾਈ ਗਈ ਸੀ। ਸਿਕੰਦਰ ਖਾਂ ਲੋਧੀ ਨੇ ਇੱਥੇ 15ਵੀਂ ਸਦੀ ਵਿੱਚ ਇਕ ਮਜ਼ਬੂਤ ਕਿਲੇ ਦੀ ਉਸਾਰੀ ਕਰਵਾਈ ਤੇ ਇਹ ਲੋਧੀ ਕਿਲਾ ਹੁਣ ਵੀ ਇਕ ਪੁਰਾਤਨ ਖੰਡਰ ਦੇ ਰੂਪ ਵਿਚ ਮੌਜੂਦ ਹੈ। ਲੋਧੀ ਕਿਲੇ ਦੇ ਨਾਲ ਵਿਸ਼ਾਲ ਦਰੇਸੀ ਮੈਦਾਨ ਵਿਚ ਫੌਜ ਦੀ ਪਰੇਡ ਹੁੰਦੀ ਸੀ ਪਰ ਸਮੇਂ ਦੇ ਵਹਿਣ ਨਾਲ ਇਹ ਦਰੇਸੀ ਗਰਾਊਂਡ, ਦੁਸਹਿਰਾ ਮੈਦਾਨ ਵਿਚ ਬਦਲ ਗਿਆ ਤੇ ਇੱਥੇ ਹੁਣ ਹਰ ਸਾਲ ਦੁਸਹਿਰੇ ਦਾ ਵਿਸ਼ਾਲ ਮੇਲਾ ਲੱਗਦਾ ਹੈ।

ਦਰਸ਼ਨ ਸਿੰਘ ਮੱਕੜ, ਮੋਬਾਈਲ: 98141-33399

ਸ਼ਹਿਰੀਕਰਨ ਅਤੇ ਉਦਯੋਗਿਕ ਕ੍ਰਾਂਤੀ ਸਦਕਾ ਪਿੰਡਾਂ ਦੇ ਹਜ਼ਾਰਾਂ ਉੱਦਮੀ, ਕਈ ਹੋਰ ਸੂਬਿਆਂ ਦੇ ਲੱਖਾਂ ਮਜ਼ਦੂਰ ਅਤੇ ਕਾਰੀਗਰ ਇੱਥੇ ਆ ਵਸੇ ਹਨ। ਇੱਥੇ ਹੁਣ ਸੈਂਕੜੇ ਨਵੀਆਂ ਬਸਤੀਆਂ ਅਤੇ ਕਲੋਨੀਆਂ ਖੁੰਭਾਂ ਵਾਂਗ ਬੇ-ਤਰਤੀਬੀਆਂ ਉੱਗ ਆਈਆਂ ਹਨ। ਦਰਜਨਾਂ ਪਿੰਡਾਂ ਦੀ ਜ਼ਮੀਨ ਸ਼ਹਿਰ ਵਿਚ ਆ ਗਈ ਹੈ। ਸਮਰੱਥ ਅਤੇ ਸਰਦੇ- ਪੁਜਦੇ ਲੋਕਾਂ ਵੱਲੋਂ ਪੰਜ ਤਾਰੇ ਅਤੇ ਤਿੰਨ ਤਾਰੇ ਹੋਟਲ, ਸ਼ਾਪਿੰਗ ਮਾਲਜ਼ ਅਤੇ ਆਸਮਾਨ ਨੂੰ ਛੂੰਹਦੀਆਂ ਬਹੁ-ਮੰਜ਼ਿਲਾ ਇਮਾਰਤਾਂ ਉਸਾਰੀਆਂ ਗਈਆਂ ਅਤੇ ਉਸਾਰੀਆਂ ਜਾ ਰਹੀਆਂ ਹਨ।
ਉਦਯੋਗਿਕ ਕ੍ਰਾਂਤੀ ਦਾ ਲਾਹਾ ਵੀ ਬਹੁਤ ਮਿਲਿਆ ਹੈ। ਸੰਸਾਰ ’ਚ ਸਭ ਤੋਂ ਵੱਧ ਸਾਈਕਲ ਬਣਾਉਣ ਵਾਲਾ ਹੀਰੋ ਉਦਯੋਗ ਵੀ ਇੱਥੇ ਹੀ ਹੈ ਜਿਸ ਉਦਯੋਗ ਵਿੱਚ ਰੋਜ਼ਾਨਾ ਕਰੀਬ 20 ਹਜ਼ਾਰ ਸਾਈਕਲ ਬਣਦੇ ਹਨ। ਉਹ ਕਿੰਨੇ ਲੋਕਾਂ ਦਾ ਸਿੱਧੇ ਅਤੇ ਅਸਿੱਧੇ ਤੌਰ ’ਤੇ ਢਿੱਡ ਭਰਦਾ ਹੋਵੇਗਾ? ਹੀਰੋ ਤੋਂ ਬਿਨਾਂ ਏਵਨ ਸਾਈਕਲ ਅਤੇ ਸਾਈਕਲਾਂ ਦੇ ਹਿੱਸੇ ਪੁਰਜ਼ੇ ਬਣਾਉਣ ਵਾਲੇ ਇੱਥੇ ਹਜ਼ਾਰਾਂ ਕਾਰਖਾਨੇ ਮੌਜੂਦ ਹਨ। ਇੱਥੋਂ ਦਾ ਹੌਜ਼ਰੀ ਉਦਯੋਗ ਵੀ ਸੰਸਾਰ ਪ੍ਰਸਿੱਧ ਹੈ ਕਿਉਂਕਿ ਇੱਥੇ ਓਸਵਾਲ ਅਤੇ ਵਰਧਮਾਨ ਘਰਾਣਿਆਂ ਸਮੇਤ ਊਨੀ ਅਤੇ ਸੂਤੀ ਕੱਪੜੇ ਬਣਾਉਣ ਵਾਲੀਆਂ ਸੈਂਕੜੇ ਮਿੱਲਾਂ ਮੌਜੂਦ ਹਨ। ਸਾਈਕਲ ਅਤੇ ਇਸ ਦੇ ਪੁਰਜ਼ਿਆਂ ਤੋਂ ਬਿਨਾਂ ਆਟੋ ਅਤੇ ਮੋਟਰ ਪਾਰਟਸ ਬਣਾਉਣ ਦੇ ਵੀ ਇੱਥੇ ਕਈ ਜਗਤ ਪ੍ਰਸਿੱਧ ਕਾਰਖਾਨੇ ਹਨ। ਸਨਅਤਕਾਰਾਂ, ਵਪਾਰੀਆਂ ਅਤੇ ਹੋਰ ਸਰਦੇ-ਪੁਜਦੇ ਲੋਕਾਂ ਲਈ ਇੱਥੇ ਸਾਹਨੇਵਾਲ ਵਿਖੇ ਹਵਾਈ ਅੱਡਾ ਵੀ ਬਣਾਇਆ ਗਿਆ ਹੈ ਪਰ ਵਿਸਥਾਰ ਪੱਖੋਂ ਹਾਲੇ ਇਹ ਕਈ ਪੱਖੋਂ ਊਣਾ ਹੈ ਅਤੇ ਸਹੂਲਤਾਂ ਦੀ ਥਾਂ ’ਤੇ ਮੁਸੀਬਤਾਂ ਦਾ ਘਰ ਹੀ ਆਖਿਆ ਜਾਂਦਾ ਹੈ।
ਇਸ ਸ਼ਹਿਰ ਵਿੱਚ ਦੋ ਯੂਨੀਵਰਸਿਟੀਆਂ ਤੋਂ ਬਿਨਾਂ ਅਨੇਕਾਂ ਨਾਮੀ ਵਿਦਿਅਕ ਅਦਾਰੇ ਹਨ, ਜਿਨ੍ਹਾਂ ਨੇ ਕਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਵਿਦਵਾਨ ਅਤੇ ਵਿਗਿਆਨੀ ਪੈਦਾ ਕੀਤੇ ਹਨ। ਲੁਧਿਆਣੇ ਦਾ ਸਰਕਾਰੀ ਕਾਲਜ ਹੁਣ ਆਪਣੇ ਹੀ ਵਿਗਿਆਨੀ ਪੁੱਤਰ ਸਤੀਸ਼ ਚੰਦਰ ਧਵਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਨੇ ਕਈ ਮਹਾਨ ਸੂਰਬੀਰ ਵੀ ਪੈਦਾ ਕੀਤੇ ਹਨ, ਜਿਨ੍ਹਾਂ ਵਿਚ ਪਰਮਵੀਰ ਚੱਕਰ ਵਿਜੇਤਾ ਫਲਾਈਟ ਲੈਫਟੀਨੈਂਟ ਨਿਰਮਲਜੀਤ ਸਿੰਘ ਸੇਖੋਂ, ਆਜ਼ਾਦ ਹਿੰਦ ਫੌਜ ਦੇ ਬਾਨੀ ਜਨਰਲ ਮੋਹਨ ਸਿੰਘ ਅਤੇ ਕਈ ਹੋਰ ਸ਼ਾਮਲ ਹਨ। ਇਸ ਸ਼ਹਿਰ ਵਿਚ ਹੁਣ ਹਾਰਡੀਜ਼ ਵਰਲਡ, ਟਾਈਗਰ ਸਫਾਰੀ, ਵਾਰ ਮਿਊਜ਼ੀਅਮ ਅਤੇ ਵੈਕਸ ਮਿਊਜ਼ੀਅਮ ਵੀ ਆਪਣੀ ਹੋਂਦ ਦਰਸਾ ਰਹੇ ਹਨ।
ਇੱਥੋਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਰੀ, ਚਿੱਟੀ ਅਤੇ ਨੀਲੀ ਕ੍ਰਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਯੂਨੀਵਰਸਿਟੀ ਵਲੋਂ ਕੀਤੀਆਂ ਕਈ ਖੋਜਾਂ ਸਦਕਾ ਰਾਜ ਦੀ ਖੇਤੀ ਪੈਦਾਵਾਰ ਵਿਚ ਚੋਖਾ ਵਾਧਾ ਹੋਇਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਏਸੇ ਜ਼ਿਲ੍ਹੇ ਦੇ ਖੰਨਾ ਤਹਿਸੀਲ ਵਿਚ ਮੌਜੂਦ ਹੈ। ਕੁਝ ਸਾਲ ਪਹਿਲਾਂ ਇੱਥੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ।
ਪੀ.ਏ.ਯੂ. ਕਹਿਣ ਨੂੰ ਭਾਵੇਂ ਖੇਤੀ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ ਪਰ ਇੱਥੇ ਖੇਤੀਬਾੜੀ ਦੀ ਸਿੱਖਿਆ ਦੇ ਨਾਲ-ਨਾਲ ਪੱਤਰਕਾਰੀ ਦੀ ਡਿਗਰੀ ਵੀ ਕਰਾਈ ਜਾਂਦੀ ਹੈ। ਇਸ ਵੇਲੇ ਚੰਡੀਗੜ੍ਹ ਸਥਿਤ ਕਈ ਪ੍ਰਸਿੱਧ ਪੰਜਾਬੀ ਅਤੇ ਅੰਗਰੇਜ਼ੀ ਅਖਬਾਰਾਂ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਇਸੇ ਯੂਨੀਵਰਸਿਟੀ ਦੀ ਦੇਣ ਹਨ।
ਸਾਹਿਤ ਸੱਭਿਆਚਾਰ: ਸਾਹਿਤ, ਸੱਭਿਆਚਾਰ ਅਤੇ ਕਲਾ ਦੇ ਖੇਤਰ ’ਚ ਵੀ ਲੁਧਿਆਣਾ ਸ਼ਹਿਰ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਰਦੂ ਦੇ ਪ੍ਰਸਿੱਧ ਸ਼ਾਇਰ ਅਬਦੁਲ ਹਈ-ਸਾਹਿਰ ਲੁਧਿਆਣਵੀ ਦਾ ਜਨਮ ਵੀ 8 ਮਾਰਚ 1921 ਨੂੰ ਇਸੇ ਸ਼ਹਿਰ ਵਿਚ ਹੋਇਆ ਸੀ। ਸਾਬਕਾ ਉਪ-ਕੁਲਪਤੀ, ਕਵੀ ਅਤੇ ਆਲੋਚਕ ਡਾ. ਜਸਬੀਰ ਸਿੰਘ ਆਹਲੂਵਾਲੀਆ, ਲੇਖਕ ਸ੍ਰੀ ਰਾਮ ਅਰਸ਼, ਸਾਥੀ ਲੁਧਿਆਣਵੀ, ਡਾ. ਗਿਆਨ ਸਿੰਘ ਮਾਨ, ਫਿਲਮਾਂ ਦੇ ਪਟਕਥਾ ਲੇਖਕ ਸਤੀਸ਼ ਟੰਡਨ ਅਤੇ ਕੁਝ ਸਮਾਂ ਪਹਿਲਾਂ ਤਕ ਪੀਟੀਸੀ ਚੈਨਲ ਦੇ ਸੰਪਾਦਕ ਰਹੇ ਰਿਤੇਸ਼ ਲੱਖੀ ਦਾ ਜਨਮ ਵੀ ਇਸੇ ਨਗਰ ਵਿਚ ਹੋਇਆ ਸੀ। ਮਰਹੂਮ ਗੀਤਕਾਰ ਅਤੇ ਸ਼ਾਇਰ ਇੰਦਰਜੀਤ ਹਸਨਪੁਰੀ ਨੇ ਵੀ ਇਸੇ ਨਗਰੀ ਵਿਚ ਜਨਮ ਲੈ ਕੇ ਭਾਵੇਂ ‘ਗੜਵਾ ਚਾਂਦੀ ਦਾ’ ਬਣਾਇਆ, ਪਰ ਉਨ੍ਹਾਂ ਨੇ ਉਮਰ ਦਾ ਬਹੁਤਾ ਹਿੱਸਾ ਗੁਰਬਤ ਵਿਚ ਹੀ ਗੁਜ਼ਾਰਿਆ। ਜ਼ਿਕਰਯੋਗ ਹੈ ਕਿ ਹਸਨਪੁਰੀ ਨੇ ਆਪਣੇ ਘਰ ਦਾ ਨਾਂ ਆਪਣੇ ਇਕ ਪ੍ਰਸਿੱਧ ਗੀਤ ‘ਗੜਵਾ ਚਾਂਦੀ ਦਾ’ ਨਾਮ ’ਤੇ ਹੀ ਰੱਖਿਆ ਸੀ।
ਲੁਧਿਆਣਾ ਵਿਚ ਪੰਜਾਬੀ ਸਾਹਿਤ ਅਕਾਦਮੀ ਸਾਹਿਤਕਾਰਾਂ ਦਾ ਪ੍ਰਮੁੱਖ ਕੇਂਦਰ ਬਣੀ ਹੋਈ ਹੈ, ਇੱਥੇ ਓਪਨ ਏਅਰ ਥੀਏਟਰ ਵੀ ਹੈ ਜਿੱਥੇ ਕਦੇ ਨਾਮੀ ਮੰਚ ਕਲਾਕਾਰ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਕਈ ਨਾਟਕ ਖੇਡਿਆ ਕਰਦੇ ਸਨ। ਇਸ ਸ਼ਹਿਰ ਨੇ ਬਹੁਤ ਸਾਰੇ ਸਾਹਿਤਕਾਰ, ਗੀਤਕਾਰ, ਗਾਇਕ ਤੇ ਸਿਆਸਤਦਾਨ ਪੈਦਾ ਕੀਤੇ ਹਨ। ਇੱਥੇ ਸਾਰਿਆਂ ਦਾ ਜ਼ਿਕਰ ਸੰਭਵ ਨਹੀਂ। ਇਸ ਸ਼ਹਿਰ ਨਾਲ ਬਹੁਤ ਸਾਰੀਆਂ ਉੱਚ ਸ਼ਖਸੀਅਤਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨ ਲਈ ਸਫਿਆਂ ਦੇ ਸਫੇ ਭਰ ਜਾਣਗੇ।

ਦਰਸ਼ਨ ਸਿੰਘ ਮੱਕੜ, ਮੋਬਾਈਲ: 98141-33399

http://punjabitribuneonline.com/2013/10

Print Friendly

About author

Vijay Gupta
Vijay Gupta1095 posts

State Awardee, Global Winner

You might also like

Message from The Prime Minister

My dear fellow Indians and citizens of the world, Namaste! A very warm welcome to the official website of the Prime Minister of India. On 16th May 2014 the people


Print Friendly

ਬੱਚਿਆਂ ਦੇ ਬਹਾਦਰੀ ਅਤੇ ਸਰਵੋਤਮ ਸੇਵਾਵਾਂ ਸਬੰਧੀ ਕੌਮੀ ਪੁਰਸਕਾਰਾਂ ਲਈ ਅਰਜ਼ੀਆਂ ਦੀ ਮੰਗ

ਪਟਿਆਲਾ, 18 ਜੂਨ (ਬਬ) : ਬਾਲਾਂ ਵੱਲੋਂ ਬਹਾਦਰੀ ਭਰੇ ਕਾਰਨਾਮੇ ਕਰਨ ਅਤੇ ਸ੍ਰੇਸ਼ਠ ਸੇਵਾਵਾਂ ਨਿਭਾਉਣ ਬਦਲੇ ਕੌਮੀ ਪੁਰਸਕਾਰ-2013 ਦੇਣ ਲਈ ਪੰਜਾਬ ਬਾਲ ਵਿਕਾਸ ਕੌਂਸਲ, ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪਟਿਆਲਾ ਵਿੱਚੋਂ ਯੋਗ


Print Friendly
Voice of Students0 Comments

ਛੋਟੀ ਕਹਾਣੀ ਬੋਝ

ਸਕੂਲ ਵੈਨ ਵਿਚੋਂ ਉੱਤਰ ਕੇ ਛੋਟੇ-ਛੋਟੇ ਬੱਚੇ ਭਾਰੇ-ਭਾਰੇ ਬਸਤੇ ਮੋਢਿਆਂ ‘ਤੇ ਪਾਈ ਘਰਾਂ ਨੂੰ ਦੌੜੇ ਜਾ ਰਹੇ ਸਨ | ਇਹ ਦਿ੍ਸ਼ ਦੇਖ ਕੇ ਸੱਥ ਵਿਚ ਬੈਠੇ ਬਲਵੰਤ ਸਿੰਘ ਤੋਂ ਰਿਹਾ


Print Friendly