Print Friendly

ਏਡਜ਼ ਦੀ ਰੋਕਥਾਮ ਲਈ ਢੁਕਵੀਂ ਨੀਤੀ ਅਪਣਾਉਣ ਦੀ ਲੋੜ (ਅੱਜ ਵਿਸ਼ਵ ਏਡਜ਼ ਦਿਵਸ ਤੇ ਵਿਸ਼ੇਸ਼)

ਮਹਾਂਮਾਰੀ ਵਾਂਗ ਏਡਜ਼ ਇਕ ਭਿਆਨਕ ਬਿਮਾਰੀ ਹੈ। ਅਜੋਕੇ ਸਮੇਂ ਵਿਚ ਵੀ ਸੰਸਾਰ ਭਰ ਵਿਚ ਏਡਜ਼ ਦਾ ਕੋਈ ਇਲਾਜ ਨਹੀਂ ਹੈ। ਇਕ ਅੰਦਾਜ਼ੇ ਅਨੁਸਾਰ ਵਿਸ਼ਵ ਭਰ ਵਿਚ ਕੋਈ 34 ਤੋਂ 45 ਮਿਲੀਅਨ ਲੋਕੀਂ ਏਡਜ਼ ਵਰਗੀ ਨਾਮੁਰਾਦ ਅਤੇ ਲਾਇਲਾਜ ਬੀਮਾਰੀ ਤੋਂ ਪ੍ਰਭਾਵਿਤ ਹਨ। ਹਰ ਦਿਨ ਕੋਈ 15,000 ਦੇ ਕਰੀਬ ਸੰਸਾਰ ਭਰ ਵਿਚ ਨਵੇਂ ਮਰੀਜ਼ ਉਪਜਦੇ ਹਨ ਅਤੇ 14,500 ਦੇ ਕਰੀਬ ਮਰੀਜ਼ ਹਰ ਰੋਜ਼ ਮਰ ਜਾਂਦੇ ਹਨ।

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਵਿਸ਼ਵ ਭਰ ਵਿਚ ਏਡਜ਼ ਦੀ ਬਿਮਾਰੀ ਸੰਨ 1981 ਦੌਰਾਨ ਅਫਰੀਕਨ ਮੁਲਕਾਂ ਤੋਂ ਸ਼ੁਰੂ ਹੋਈ ਸੀ। ਇਹ ਬਿਮਾਰੀ ਇਥੋਂ ਤੱਕ ਵਧ ਗਈ ਹੈ ਕਿ ਹੁਣ ਤਾਂ ਸਵਿਟਜ਼ਰਲੈਂਡ ਵਰਗੇ ਮੁਲਕ ਦੇ ਹਸਪਤਾਲਾਂ ਵਿਚ ਵੀ ਕੋਈ 80 ਫ਼ੀਸਦੀ ਬਿਸਤਰੇ ਏਡਜ਼ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਅਫਰੀਕਾ ਦੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦੀ ਹੋਂਦ ਲਈ ਇਹ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। 

ਭਾਰਤ ਵਿਚ ਇਸ ਮਨਹੂਸ ਬਿਮਾਰੀ ਦਾ ਪਹਿਲਾ ਕੇਸ ਸੰਨ 1986 ਦੌਰਾਨ ਚੇਨਈ ਵਿਖੇ ਸਾਹਮਣੇ ਆਇਆ ਸੀ, ਹੁਣ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਸਰਕਾਰੀ ਤੇ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ 30 ਲੱਖ ਤੋਂ 35 ਲੱਖ ਦੇ ਦਰਮਿਆਨ ਹੋ ਚੁੱਕੀ ਹੈ। 
ਇਕ ਭਰੋਸੇਯੋਗ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਕੋਈ 70,000 ਦੇ ਕਰੀਬ ਲੋਕੀਂ ਇਸ ਮਨਹੂਸ ਬਿਮਾਰੀ ਤੋਂ ਪ੍ਰਭਾਵਤ ਹੋ ਗਏ ਹਨ। ਜੇਕਰ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੇ ਇਸ ਬਿਮਾਰੀ ਵੱਲ ਹੋਰ ਲਾਪਰਵਾਹੀ ਵਰਤੀ ਤਾਂ ਨਤੀਜੇ ਬਹੁਤ ਹੀ ਗੰਭੀਰ ਸਾਬਤ ਹੋ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਤਾਂ ਕੋਈ ਵੀ ਐਸਾ ਕਰਮਾਂ ਵਾਲਾ ਮੁਲਕ ਜਾਂ ਕੌਮ ਨਹੀਂ ਰਹੀ ਜਿਥੇ ਇਸ ਬਿਮਾਰੀ ਦੇ ਭੂਤ ਦਾ ਪਸਾਰਾ ਨਾ ਹੋਇਆ ਹੋਵੇ।


ਐਚ. ਆਈ. ਵੀ. (ਏਡਜ਼ ਫੈਲਾਉਣ ਵਾਲਾ ਰੋਗਾਣੂ) ਨਾਂਅ ਦਾ ਵਾਇਰਸ ਏਡਜ਼ ਦੀ ਬਿਮਾਰੀ ਲਈ ਜ਼ਿੰਮੇਵਾਰ ਹੈ। ਬਹੁਤਾ ਕਰਕੇ ਐਚ. ਆਈ. ਵੀ. ਰੋਗਾਣੂ ਵੀਰਜ, ਰੋਗਾਣੂ ਪ੍ਰਭਾਵਿਤ ਖੂਨ, ਬਦਕਾਰੀ, ਵੇਸਵਾਗਮਨੀ, ਯੋਨੀ ਦ੍ਰਵਾਂ, ਨਸ਼ਿਆਂ ਦੀਆਂ ਦੂਸ਼ਤ ਸਰਿੰਜਾਂ ਅਤੇ ਪ੍ਰਭਾਵਿਤ ਮਾਂ ਦੇ ਦੁੱਧ ਤੋਂ ਆਸਾਨੀ ਨਾਲ ਫੈਲ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਰੋਗ ਲਈ ਬਹੁਤਾ ਕਰਕੇ ਬਦਕਾਰੀ ਕਰਨ ਵਾਲੇ, ਬਲਾਤਕਾਰੀ, ਨਸ਼ੇੜੀ ਲੋਕੀਂ ਅਤੇ ਨੀਮ ਹਕੀਮ ਜ਼ਿੰਮੇਵਾਰ ਹੁੰਦੇ ਹਨ।

 ਅੰਕੜਿਆਂ ਮੁਤਾਬਿਕ 14-19 ਸਾਲ ਦੀ ਯੁਵਕ ਪੀੜ੍ਹੀ ਇਸ ਬਿਮਾਰੀ ਦੇ ਜਾਲ ਵਿਚ ਅਣਭੋਲਤਾ ਨਾਲ ਜਲਦੀ-ਜਲਦੀ ਫਸ ਰਹੀ ਹੈ। ਇਸ ਦੀ ਚਿੰਤਾ ਕਰਨ ਦੇ ਨਾਲ-ਨਾਲ ਸਾਨੂੰ ਚੇਤੰਨ ਹੋਣ ਦੀ ਵੀ ਲੋੜ ਹੈ। ਕਿਉਂਕਿ ਇਸ ਬਿਮਾਰੀ ਦਾ ਹਾਲੀਂ ਤੱਕ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਦੀ ਰੋਕਥਾਮ ਕਰਨ ਵਿਚ ਹੀ ਬਚਾਓ ਹੈ, ਨਹੀਂ ਤਾਂ ਸਿੱਟੇ ਵਜੋਂ ਲਾਇਲਾਜ ਰੋਗ ਸਾਡੇ ਪੱਲੇ ਪੈ ਜਾਣਗੇ ਜਿਸ ਨਾਲ ਸੰਸਾਰ ਭਰ ਵਿਚ ਹਾਲ-ਦੁਹਾਈ ਮਚ ਸਕਦੀ ਹੈ ਅਤੇ ਘਰਾਂ ਦੇ ਘਰ ਉੱਜੜ ਸਕਦੇ ਹਨ।


ਇਸ ਵਾਇਰਸ ਤੋਂ ਪ੍ਰਭਾਵਤ ਮਨੁੱਖ ਨਾਲ ਸੰਭੋਗ ਕਰਨ ਜਾਂ ਇਸ ਵਾਇਰਸ ਨਾਲ ਪ੍ਰਭਾਵਿਤ ਨਸ਼ੇ ਦੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨ ਨਾਲ ਇਹ ਬਿਮਾਰੀ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਇਹ ਰੋਗ ਪ੍ਰਭਾਵਿਤ ਮਾਂ ਤੋਂ ਬੱਚੇ ਨੂੰ ਪੈਦਾਇਸ਼ ਤੋਂ ਪਹਿਲਾਂ, ਪੈਦਾਇਸ਼ ਸਮੇ ਜਾਂ ਪੈਦਾਇਸ਼ ਤੋਂ ਪਿੱਛੋਂ ਵੀ ਲੱਗ ਸਕਦਾ ਹੈ।

 ਡਾਕਟਰਾਂ ਵੱਲੋਂ ਮਨੁੱਖ ਨੂੰ ਐਚ. ਆਈ. ਵੀ. ਤੋਂ ਪ੍ਰਭਾਵਤ ਖੂਨ ਚੜ੍ਹਾਉੇਣ ਨਾਲ ਵੀ ਇਹ ਬੀਮਾਰੀ ਲੱਗ ਜਾਂਦੀ ਹੈ। ਇਹ ਇਕ ਮਿਥ ਅਤੇ ਕਲਪਤ ਵਹਿਮ ਹੈ ਕਿ ਇਹ ਬਿਮਾਰੀ ਛੂਤ ਦੀ ਬਿਮਾਰੀ ਵਾਂਗ ਸਾਂਝਾ ਤੋਲੀਆ ਵਰਤਣ, ਇਕੋ ਹੀ ਗੁਸਲਖਾਨੇ ਵਿਚ ਨਹਾਉਣ, ਇਕ ਲੈਟਰੀਨ ਵਰਤਣ, ਇੱਕੋ ਘਰ ਵਿਚ ਰਹਿਣ, ਭਾਂਡੇ ਵਰਤਣ ਜਾਂ ਫਿਰ ਮੱਛਰਾਂ ਦੇ ਕੱਟਣ ਨਾਲ ਲਗਦੀ ਹੈ।

ਅਜੀਬ ਗੱਲ ਹੈ ਕਿ ਰੋਗ ਦੀ ਲਾਗ ਤੋਂ ਕਈ ਵਾਰੀ 5-10 ਸਾਲ ਬਾਅਦ ਤੱਕ ਵੀ ਇਸ ਰੋਗ ਦਾ ਪਤਾ ਨਹੀਂ ਲਗਦਾ। ਜੇਕਰ ਮੈਡੀਕਲ ਟੈਸਟ ਨਾ ਕਰਾਇਆ ਜਾਵੇ ਤਾਂ ਪ੍ਰਭਾਵਿਤ ਬੰਦਾ ਕਈ-ਕਈ ਸਾਲ ਨੌਂ-ਬਰ-ਨੌਂ ਅਤੇ ਸਿਹਤਮੰਦ ਦਿਖਾਈ ਦਿੰਦਾ ਰਹਿੰਦਾ ਹੈ ਪਰ ਅਸਲ ਵਿਚ ਉਹ ਬਿਮਾਰ ਹੁੰਦਾ ਹੈ। 

ਹੌਲੀ-ਹੌਲੀ ਰੋਗ ਦਾ ਵਾਇਰਸ ਮਨੁੱਖ ਦੇ ਟੀ-4 ਸੈਲ਼ਾਂ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਬੀਮਾਰੀ ਦਾ ਟਾਕਰਾ ਕਰਨ ਦੀ ਸਰੀਰਕ ਸੁਰੱਖਿਆ ਸ਼ਕਤੀ ਘਟਦੀ-ਘਟਦੀ ਆਖਰ ਖ਼ਤਮ ਹੋ ਜਾਂਦੀ ਹੈ।

 ਇਸ ਰੋਗ ਦੇ ਲੱਛਣਾਂ ਵਿਚ ਥਕਾਵਟ, ਗੁੰਮੀਆਂ ਦਾ ਨਿਕਲਣਾ, ਹਲਕਾ ਜਿਹਾ ਬੁਖਾਰ, ਨਮੂਨੀਆ, ਖੰਘ ਦਾ ਹੋਣਾ, ਟੱਟੀਆਂ ਦਾ ਲੱਗਣਾ, ਸਰੀਰ ਉੱਪਰ ਫੋੜੇ ਫਿਨਸੀਆਂ, ਮੂੰਹ ਅਤੇ ਸਰੀਰ ਉੱਪਰ ਛਾਲਿਆਂ ਦਾ ਹੋਣਾ ਆਦਿ ਸ਼ਾਮਿਲ ਹਨ ਜਿਸ ਲਈ ਡਾਕਟਰੀ ਮੁਆਇਨੇ ਨਾਲ ਹੀ ਬਿਮਾਰੀ ਦਾ ਸਹੀ ਪਤਾ ਲੱਗ ਸਕਦਾ ਹੈ।

ਏਡਜ਼ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਖ਼ਤਮ ਕਰਨ ਲਈ ਸੰਸਾਰ ਭਰ ਵਿਚ ਸੰਨ 1988 ਤੋਂ ਹਰ ਪਹਿਲੀ ਦਸੰਬਰ ਨੂੰ ‘ਵਿਸ਼ਵ ਏਡਜ਼ ਦਿਵਸ’ ਮਨਾਇਆ ਜਾਂਦਾ ਹੈ। 

ਇਸ ਦਿਨ ਹਰ ਪ੍ਰਾਣੀ ਨੂੰ ਪ੍ਰਣ ਕਰਨ ਦੀ ਲੋੜ ਹੈ ਕਿ ਏਡਜ਼ ਦੀ ਜ਼ਹਿਰੀਲੀ ਧੁੰਦ ਖਿਲਾਰਨ ਦੀ ਥਾਂ ਅਸੀਂ ਮਨੁੱਖੀ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣੀਏ ਅਤੇ ਇਸ ਪਵਿੱਤਰ ਧਰਤੀ ਉੱਪਰ ਨੈਤਿਕਤਾ, ਧਰਮ ਅਨੁਸਾਰ ਜੀਵਨ ਢੰਗ, ਅਮਨ ਤੇ ਸ਼ਾਂਤੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਏਡਜ਼ ਨੂੰ ਖਤਮ ਕਰਨ ਦਾ ਟੀਚਾ ਮਿਥੀਏ। 

ਏਡਜ਼ ਪ੍ਰਤੀ ਜਾਗਰੂਕਤਾ ਰੈਲੀਆਂ, ਸੈਮੀਨਾਰ ਅਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਨਿੱਗਰ ਤੇ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਸਾਨੂੰ ਸਮਾਜਿਕ ਬੁਰਾਈਆਂ ਵਿਰੁੱਧ ਜੂਝਣ ਦੀ ਲੋੜ ਹੋਵੇਗੀ। 

ਵਿਦਿਅਕ ਅਦਾਰਿਆਂ ਵਿਚ ਵੀ ਇਸ ਵਿਸ਼ੇ ਨੂੰ ਪੜ੍ਹਾਉਣ ਨਾਲ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਇਸ ਕਾਰਜ ਲਈ ਵੱਡੇ-ਵੱਡੇ ਧੂੰਆਂਧਾਰ ਭਾਸ਼ਣਾਂ ਨਾਲ ਨਹੀਂ ਸਗੋਂ ਧਾਰਮਿਕ, ਸਮਾਜਿਕ, ਸਿਆਸੀ ਅਤੇ ਵਿਦਿਅਕ ਅਦਾਰਿਆ ਨੂੰ ਤਨੋਂ ਮਨੋਂ ਮਿਹਨਤ ਕਰਨ ਦੀ ਲੋੜ ਹੈ। ਅਸਲ ਵਿਚ ਸਹੀ ਮਰਯਾਦਾ ਨਾਲ ਰੋਕਥਾਮ ਕਰਨ ਵਿਚ ਹੀ ਬਚਾਓ ਹੈ।

http://unitedpunjabi.blogspot.in/2012/02/blog-post_451.html

Print Friendly

About author

Vijay Gupta
Vijay Gupta1097 posts

State Awardee, Global Winner

You might also like

ਭਗਵਾਨ ਪਰਸ਼ੂਰਾਮ ਜਯੰਤੀ ਤੇ ਵਿਸ਼ੇਸ਼

ਕੁਹਾੜਾ ਪ੍ਰਤੀਕ ਹੈ ਪਰਾਕਰਮ ਦਾ । ਰਾਮ ਪਰਿਆਏ ਹੈ ਸੱਚ ਸਨਾਤਨ ਦਾ । ਇਸ ਪ੍ਰਕਾਰ ਪਰਸ਼ੁਰਾਮ ਦਾ ਮਤਲੱਬ ਹੋਇਆ ਪਰਾਕਰਮ ਦੇ ਕਾਰਕ ਅਤੇ ਸੱਚ ਦੇ ਧਾਰਕ । ਸ਼ਾਸਤਰੋਕਤ ਮਾਨਤਾ ਤਾਂ


Print Friendly

ਰਾਮ ਰਾਜ ਦਾ ਸੰਕਲਪ ਪੂਰਾ ਕਰਨ ਦੀ ਲੋੜ

ਦੇਸ਼ ਅਤੇ ਸੰਸਾਰ ਵਿਚ ਜਿੱਥੇ ਵੀ ਭਾਰਤੀ ਸਮਾਜ ਰਹਿੰਦਾ ਹੈ, ਦੀਵਾਲੀ ਮਨਾਉਣ ਦੀਆਂ ਤਿਆਰੀਆਂ ਪੂਰੀ ਹੋ ਚੁੱਕੀਆ ਹਨ | ਘਰਾਂ ਦੀ ਸਾਫ਼ – ਸਫ਼ਾਈ, ਸਜਾਵਟ, ਤੋਹਫ਼ਿਆਂ ਦਾ ਲੈਣਾ–ਦੇਣਾ ਸਭ-ਕੁਝ ਹੋ


Print Friendly
Social Studies0 Comments

ਬੰਦ-ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ (ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼)

ਸਾਰਾ ਸਿੱਖ ਇਤਿਹਾਸ ਸ਼ਹਾਦਤਾਂ ਦੇ ਨਾਲ ਲਬਰੇਜ਼ ਹੈ। ਭਾਵੇਂ ਮੁੱਦਾ ਦੇਸ਼ ਦੀ ਆਜ਼ਾਦੀ ਦਾ ਹੋਵੇ ਤੇ ਭਾਵੇਂ ਕੌਮ ਦੀ ਹੋਂਦ ਦਾ, ਸਿੱਖਾਂ ਨੇ ਹਰ ਖੇਤਰ ਵਿਚ ਜਾਨ ਹੂਲ ਕੇ ਸੰਘਰਸ਼


Print Friendly