Print Friendly

ਜ਼ਰਜ਼ਰ ਹੋ ਚੁੱਕੀ ਹੈ ਪੰਜਾਬ ਦੀ ਸਿੱਖਿਆ ਵਿਵਸਥਾ

ਪੰਜਾਬ ਦੇ ਸਿੱਖਿਆ ਪ੍ਰਬੰਧ ਵਿਚ ਲਗਾਤਾਰ ਆ ਰਹੇ ਵਿਗਾੜ ਨੂੰ ਦੇਖ ਕੇ ਸਿੱਖਿਆ ਦੇ ਭਵਿੱਖ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਗਾਤਾਰ ਨਿਘਾਰ ਵੱਲ ਜਾ ਰਹੀ ਪ੍ਰਤੀਤ ਹੁੰਦੀ ਹੈ। ਸਰਕਾਰੀ ਸਕੂਲਾਂ ਵਿਚ ਮੁਹੱਈਆ ਕਰਾਈ ਜਾਣ ਵਾਲੀ ਸਿੱਖਿਆ ਦਾ ਪੱਧਰ ਬੇਹੱਦ ਨੀਵਾਂ ਹੈ। ਨਿੱਜੀ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਬੇਸ਼ੱਕ ਕੁਝ ਹੱਦ ਤੱਕ ਬਿਹਤਰ ਕਹੀ ਜਾ ਸਕਦੀ ਹੈ ਪਰ ਇਹ ਏਨੀ ਮਹਿੰਗੀ ਹੈ ਕਿ ਇਹ ਆਮ ਮੱਧ-ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਵੀ ਦੂਰ ਹੁੰਦੀ ਜਾ ਰਹੀ ਹੈ।
ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਆਲਮ ਇਹ ਹੈ ਕਿ ਬੱਚਿਆਂ ਲਈ ਕਦੇ ਅੰਗਰੇਜ਼ੀ, ਵਿਗਿਆਨ ਅਤੇ ਗਣਿਤ ਹਊਆ ਸਮਝੇ ਜਾਂਦੇ ਸਨ ਪਰ ਅੱਜ 8ਵੀਂ ਤੱਕ ਦੇ ਬਹੁਤੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਲਿਖਣ-ਪੜ੍ਹਨ ਦਾ ਵੀ ਸਹੀ ਤਰ੍ਹਾਂ ਗਿਆਨ ਨਹੀਂ ਹੁੰਦਾ। ਵਿਦਿਆਰਥੀਆਂ ਨੂੰ ਗਿਆਨ ਤੇ ਜਾਣਕਾਰੀ ਮੁਹੱਈਆ ਕਰਾਉਣ ਦੇ ਮਾਮਲੇ ਵਿਚ ਪਛੜੇਵੇਂ ਦੀ ਬਚੀ-ਖੁਚੀ ਕਸਰ ਸਰਕਾਰ ਦੀ ਸਿੱਖਿਆ ਨੀਤੀ ਦੀ ਇਸ ਧਾਰਾ ਨੇ ਪੂਰੀ ਕਰ ਦਿੱਤੀ ਹੈ ਕਿ ਅੱਠਵੀਂ ਤੱਕ ਕਿਸੇ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਜਾਵੇਗਾ, ਨਾ ਹੀ ਕਿਸੇ ਬੱਚੇ ਦਾ ਜਮਾਤ ਵਿਚੋਂ ਗ਼ੈਰ-ਹਾਜ਼ਰੀ ਕਾਰਨ ਨਾਂਅ ਕੱਟਿਆ ਜਾਵੇਗਾ। ਅਜਿਹੀ ਨੀਤੀ ਦਾ ਇਹ ਸਿੱਟਾ ਨਿਕਲਿਆ ਕਿ ਇਕ ਪਾਸੇ ਤਾਂ ਬੱਚਿਆਂ ਵਿਚ ਅਨੁਸ਼ਾਸਨਹੀਣਤਾ ਦੀ ਭਾਵਨਾ ਵਧੀ ਹੈ, ਦੂਜੇ ਪਾਸੇ ਉਹ ਮਿਆਰੀ ਸਿੱਖਿਆ ਤੋਂ ਪੂਰੀ ਤਰ੍ਹਾਂ ਵਾਂਝੇ ਹੁੰਦੇ ਜਾ ਰਹੇ ਹਨ। ਇਸ ਸਭ ਕੁਝ ਨੂੰ ਦੇਖ ਕੇ ਅਤੇ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਸਥਿਤੀਆਂ ਬਾਰੇ ਅੰਦਾਜ਼ਾ ਲਗਾ ਕੇ ਬੇਹੱਦ ਚਿੰਤਾ ਹੋਣ ਲਗਦੀ ਹੈ ਕਿ ਇਸ ਰਾਹ ਤੋਂ ਨਿਕਲੇ ਵਿਦਿਆਰਥੀ ਉੱਚ-ਤਕਨੀਕੀ, ਵਿਗਿਆਨਕ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਦਾਖਲ ਹੋਣ ਵੇਲੇ ਮਿਆਰਾਂ ਦੀ ਕਸੌਟੀ ‘ਤੇ ਕਿੰਨਾ ਕੁ ਪੂਰਾ ਉਤਰ ਸਕਣਗੇ?
ਸਥਿਤੀਆਂ ਦੀ ਇਸ ਗੰਭੀਰਤਾ ਲਈ ਜਿਥੇ ਸਰਕਾਰ ਦੀ ਸਿੱਖਿਆ ਨੀਤੀ ਅਤੇ ਵੋਟ ਆਧਾਰਿਤ ਰਾਜਨੀਤੀ ਦੇ ਮੱਦੇਨਜ਼ਰ ਲਏ ਗਏ ਫ਼ੈਸਲੇ ਜ਼ਿੰਮੇਵਾਰ ਹੋ ਸਕਦੇ ਹਨ, ਉਥੇ ਹੀ ਸਰਕਾਰੀ ਸਿੱਖਿਆ ਸੰਸਥਾਵਾਂ, ਖਾਸ ਕਰਕੇ ਸਕੂਲੀ ਸਿੱਖਿਆ ਵਿਚ ਕਾਰਜਸ਼ੀਲ ਅਧਿਆਪਕਾਂ ਅਤੇ ਮੁੱਖ ਅਧਿਆਪਕਾਂ ਦਾ ਨਿੱਜੀ ਕਿਰਦਾਰ ਵੀ ਘੱਟ ਜ਼ਿੰਮੇਵਾਰ ਨਹੀਂ ਹੈ। ਸਿੱਖਿਆ ਦੇ ਖੇਤਰ ਵਿਚ ਨਿਯੁਕਤੀਆਂ ਸਬੰਧੀ ਬੇਨਿਯਮੀਆਂ ਦਾ ਆਲਮ ਇਹ ਹੈ ਕਿ ਸੱਤ ਵਰ੍ਹੇ ਪਹਿਲਾਂ 416 ਮੁੱਖ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਵਿਚੋਂ 23 ਮੁੱਖ ਅਧਿਆਪਕਾਂ ਦੀਆਂ ਡਿਗਰੀਆਂ ਹੀ ਜਾਅਲੀ ਪਾਈਆਂ ਗਈਆਂ ਹਨ। ਅਧਿਆਪਕਾਂ ਦੀਆਂ ਨਿਯੁਕਤੀਆਂ ਦੀ ਗੱਲ ਕਰੀਏ ਤਾਂ ਮਾਮਲੇ ਦੀ ਗੰਭੀਰਤਾ ਦਾ ਪਤਾ ਇਸੇ ਤੱਥ ਤੋਂ ਲੱਗ ਜਾਂਦਾ ਹੈ ਕਿ ਸੂਬੇ ਦੇ ਤਕਰੀਬਨ ਇਕ ਲੱਖ ਅਧਿਆਪਕਾਂ ਦੀਆਂ ਡਿਗਰੀਆਂ ਜਾਅਲੀ ਹੋਣ ਦੇ ਖਦਸ਼ੇ ਕਾਰਨ ਉਹ ਜਾਂਚ ਦੇ ਘੇਰੇ ਵਿਚ ਹਨ। ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਗੱਲ ਛੱਡ ਵੀ ਦੇਈਏ ਤਾਂ ਵੱਡੀ ਗਿਣਤੀ ਵਿਚ ਅਧਿਆਪਕ ਵੀ ਅਣਐਲਾਨੀ ਛੁੱਟੀ ਭਾਵ ‘ਫਰਲੋ’ ‘ਤੇ ਰਹਿੰਦੇ ਹਨ। ਸਰਕਾਰ ਖੁਦ ਵੀ ਅਧਿਆਪਕਾਂ ਦੀ ਡਿਊਟੀ ਜਨਗਣਨਾ ਅਤੇ ਵੋਟਾਂ ਆਦਿ ਵਰਗੇ ਕੰਮਾਂ ਲਈ ਲਾ ਕੇ ਉਨ੍ਹਾਂ ਨੂੰ ਵਿੱਦਿਅਕ ਕੰਮਾਂ ਤੋਂ ਭਟਕਾਈ ਰੱਖਦੀ ਹੈ। ਸਿੱਖਿਆ ਦੇ ਖੇਤਰ ਵਿਚ ਇਕ ਕੌੜੀ ਹਕੀਕਤ ਇਹ ਵੀ ਸਾਹਮਣੇ ਆਈ ਹੈ ਕਿ ਰਾਜ ਦੇ ਪੇਸ਼ੇਵਰ ਡਿਗਰੀ ਧਾਰਕ ਬੇਰੁਜ਼ਗਾਰ ਅਧਿਆਪਕਾਂ ‘ਚੋਂ 80 ਫੀਸਦੀ ਤੋਂ ਵੀ ਵਧੇਰੇ ਅਧਿਆਪਕ ਯੋਗਤਾ ਇਮਤਿਹਾਨ ਨੂੰ ਪਾਸ ਕਰਨ ‘ਚ ਹੀ ਅਸਫ਼ਲ ਰਹੇ ਹਨ।
ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਸਿੱਖਿਆ ਢਾਂਚੇ ਵਿਚ ਆਈ ਕਮਜ਼ੋਰੀ ਲਈ ਸੂਬੇ ਦੀ ਸਮੁੱਚੀ ਸਿੱਖਿਆ ਨੀਤੀ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਸਿੱਖਿਆ ਦੇ ਖੇਤਰ, ਖਾਸ ਤੌਰ ‘ਤੇ ਅਧਿਆਪਕਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਵਧਦੇ ਸਿਆਸੀ ਦਖਲ ਅਤੇ ਭਾਈ-ਭਤੀਜਾਵਾਦ ਵਰਗੇ ਭ੍ਰਿਸ਼ਟਾਚਾਰ ਨੇ ਵੀ ਸਿੱਖਿਆ ਦਾ ਬੇੜਾ ਗਰਕ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਸਰਕਾਰ ਦਾ ਵਿੱਤੀ ਸਰਫ਼ਾ ਵੀ ਸਿੱਖਿਆ ਦਾ ਪੱਧਰ ਸੁਧਾਰਨ ਵਿਚ ਅੜਿੱਕਾ ਬਣਦਾ ਹੈ। ਸਰਕਾਰ ਮੰਤਰੀਆਂ, ਅਧਿਕਾਰੀਆਂ ਜਾਂ ਸਿਆਸਤਦਾਨਾਂ ਦੇ ਦੌਰਿਆਂ ਅਤੇ ਉਨ੍ਹਾਂ ਦੀਆਂ ਹੋਰ ਸਹੂਲਤਾਂ ‘ਤੇ ਲੱਖਾਂ-ਕਰੋੜਾਂ ਰੁਪਏ ਖਰਚ ਕਰਦੀ ਹੈ ਪਰ ਅਧਿਆਪਕਾਂ ਦੀ ਨਿਯੁਕਤੀ ਦੇ ਮਾਮਲੇ ਵਿਚ ਠੇਕਾ ਪ੍ਰਣਾਲੀ ਜਾਂ ਆਰਜ਼ੀ ਭਰਤੀ ਆਦਿ ਦਾ ਸਹਾਰਾ ਲੈਂਦੀ ਹੈ। ਸਿੱਖਿਆ ਖੇਤਰ ਵਿਚ ਪਸਰੇ ਭ੍ਰਿਸ਼ਟਾਚਾਰ ਅਤੇ ਜ਼ਾਹਰ ਹੋਏ ਘਪਲਿਆਂ ਤੋਂ ਵੀ ਸਿੱਖਿਆ ਦੇ ਨਿਘਾਰ ਦਾ ਪਤਾ ਲੱਗ ਜਾਂਦਾ ਹੈ। ਅਜਿਹੀਆਂ ਸਥਿਤੀਆਂ ਨੂੰ ਦੇਖ-ਜਾਣ ਕੇ ਵੀ ਇਸ ਤੋਂ ਅਣਭਿੱਜ ਬਣੇ ਰਹਿਣ ਦੀ ਨੀਤੀ ਅਪਣਾ ਕੇ ਸੂਬੇ ਦੇ ਰਹਿਨੁਮਾ ਆਪਣੀਆਂ ਭਵਿੱਖੀ ਸੰਤਾਨਾਂ ਦੇ ਰਾਹ ਵਿਚ ਅਜਿਹੇ ਕੰਡੇ ਬੀਜ ਰਹੇ ਹਨ ਜੋ ਕਦੇ ਖੁਦ ਉਨ੍ਹਾਂ ਨੂੰ ਆਪਣੇ ਹੱਥੀਂ ਚੁਗਣੇ ਪੈ ਸਕਦੇ ਹਨ। ਸਿੱਖਿਆ ਭਵਿੱਖੀ ਪੀੜ੍ਹੀਆਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ। ਇਹ ਕਿਸੇ ਵੀ ਕੌਮ ਦੇ ਵਿਕਾਸ ਅਤੇ ਤਰੱਕੀ ਵਿਚ ਵੀ ਸਹਾਇਕ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਸੂਬੇ ਦੀ ਸਿੱਖਿਆ ਨੀਤੀ ਵਿਚ ਅੱਜ ਮੁਢਲੀਆਂ ਤਬਦੀਲੀਆਂ ਅਤੇ ਵੱਡੇ ਸੁਧਾਰਾਂ ਦੀ ਬੇਹੱਦ ਲੋੜ ਹੈ। ਸੁਧਾਰਾਂ ਅਤੇ ਤਬਦੀਲੀਆਂ ਦਾ ਇਹ ਅਮਲ ਜਿੰਨੀ ਛੇਤੀ ਨੇਪਰੇ ਚੜ੍ਹੇਗਾ, ਸੂਬੇ ਲਈ ਓਨਾ ਹੀ ਚੰਗਾ ਹੋਵੇਗਾ।

http://beta.ajitjalandhar.com/edition/20140115/4.cms

Print Friendly

About author

Vijay Gupta
Vijay Gupta1097 posts

State Awardee, Global Winner

You might also like

ਵੋਕੇਸ਼ਨਲ ਸਿੱਖਿਆ ਦਾ ਜ਼ਮਾਨਾ

ਸਿੱਖਿਆ ਨੂੰ ਵਿਅਕਤੀ ਦੀਆਂ ਜ਼ਰੂਰਤਾ, ਉਸ ਦੇ ਸੁਪਨੇ ਅਤੇ ਇੱਛਾਵਾਂ ਪੂਰੀਆਂ ਕਰਨ ਦਾ ਸਭ ਤੋਂ ਵੱਡਾ ਸਾਧਨ ਮੰਨਿਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਸਿੱਖਿਆ ਲਈ ਸਭ ਤੋਂ ਵੱਡੀ ਚੁਣੌਤੀ


Print Friendly
Education World2 Comments

ਜੋ ਕਰ ਸਕਦਾ ਹੈ, ਕਰਦਾ ਹੈ, ਜੋ ਨਹੀਂ, ਉਹ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ

ਖ਼ੁਸ਼ੀ ਦੀ ਭਾਲ ਵਿਚ ਇਹ ਸ਼ਬਦ ਪ੍ਰਸਿੱਧ ਨਾਟਕਕਾਰ ਜਾਰਜ ਬਰਨਾਰਡ ਸ਼ਾਅ ਦੇ ਹਨ। ਇਹ ਸਹੀ ਹੈ ਕਿ ਹੱਥੀਂ ਕੰਮ ਕਰਨ ਵਾਲਾ ਕੰਮ ਕਰਦਾ ਹੈ, ਬਾਕੀ ਦੇ ਬੰਦੇ ਲੈਕਚਰ ਦੇਣਾ, ਫਜ਼ੂਲ


Print Friendly