Print Friendly

ਹੜਤਾਲ – ਕਥਾ ਪ੍ਰਵਾਹ

ਬੱਸ ਅੱਡੇ ’ਤੇ ਖੜ੍ਹਿਆਂ ਨੂੰ ਡੇਢ ਘੰਟੇ ਤੋਂ ਵੱਧ ਹੋ ਗਿਆ ਸੀ। ਬੱਸ ਅਜੇ ਤਕ ਨਹੀਂ ਆਈ ਸੀ। ਬੱਸ ਅੱਡੇ ’ਤੇ ਹੋਰ ਸਵਾਰੀਆਂ ਵੀ ਖੜ੍ਹੀਆਂ ਸਨ।
‘‘ਸੁਣੋ ਜੀ, ਕਿਸੇ ਨੂੰ ਪੁੱਛੋ ਬੱਸ ਕਿਉਂ ਨਹੀਂ ਆਈ?’’ ਇਹ ਫ਼ਿਕਰਮੰਦ ਪਤਨੀ ਦੀ ਆਵਾਜ਼ ਸੀ ਜਿਹੜੀ ਆਪਣੇ ਚਾਰ ਸਾਲ ਦੇ ਬੱਚੇ ਰਾਜੂ ਨੂੰ ਲੈ ਕੇ ਪਿੱਛੇ ਬੈਂਚ ’ਤੇ ਬੈਠੀ ਸੀ।
‘‘ਮੈਂ ਕਿਸ ਨੂੰ ਪੁੱਛਾਂ ਕੋਈ ਸਮਝ ਨਹੀਂ ਪੈਂਦੀ…’’ ਉਸ ਦੀ ਆਵਾਜ਼ ਵਿੱਚ ਚਿੰਤਾ ਅਤੇ ਬੇਵੱਸੀ ਦੀ ਝਲਕ ਸੀ, ‘‘ਕੁਝ ਦੇਰ ਹੋਰ ਉਡੀਕ ਕਰ ਲੈ। ਜੇ ਬੱਸ ਨਾ ਆਈ ਤਾਂ ਕੋਈ ਨਾ ਕੋਈ ਹੋਰ ਚੀਜ਼ ਮਿਲ ਜਾਵੇਗੀ।’’ ਉਸ ਨੇ ਪਤਨੀ ਨੂੰ ਹੌਂਸਲਾ ਦਿੰਦਿਆਂ ਕਹਿ ਤਾਂ ਦਿੱਤਾ ਪਰ ਅੰਦਰੋਂ ਉਸ ਦਾ ਮਨ ਵੀ ਡਰ ਰਿਹਾ ਸੀ।
ਰਾਜੂ ਬੁਖ਼ਾਰ ਨਾਲ ਤਪ ਰਿਹਾ ਸੀ। ਤੜਕੇ ਚਾਰ ਵਜੇ ਦਾ ਬੁਖ਼ਾਰ ਚੜ੍ਹਿਆ ਸੀ। ਪਿੰਡ ਵਿੱਚ ਕੋਈ ਡਾਕਟਰ ਨਾ ਹੋਣ ਕਰਕੇ ਉਹ ਠੰਢੇ ਪਾਣੀ ਦੀਆਂ ਪੱਟੀਆਂ ਕਰਦੇ ਰਹੇ ਸਨ। ਬੁਖ਼ਾਰ ਕੁਝ ਦੇਰ ਲਈ ਘਟ ਜਾਂਦਾ ਪਰ ਫਿਰ ਤੇਜ਼ ਹੋ ਜਾਂਦਾ ਸੀ। ਹੁਣ ਤਾਂ ਉਸ ਦੇ ਸਰੀਰ ਵਿੱਚੋਂ ਜਿਵੇਂ ਅੰਗਿਆੜੇ ਨਿਕਲ ਰਹੇ ਸਨ। ਪਤਨੀ ਲਗਾਤਾਰ ਗਿੱਲੀਆਂ ਪੱਟੀਆਂ ਉਸ ਦੇ ਮੱਥੇ ’ਤੇ ਰੱਖ ਰਹੀ ਸੀ।
‘‘ਭਾਅ ਜੀ, ਤੁਹਾਨੂੰ ਪਤੈ ਬੱਸ ਅਜੇ ਕਿਉਂ ਨਹੀਂ ਆਈ?’’ ਉਸ ਨੇ ਸਾਹਮਣੇ ਚਾਹ ਦੀ ਦੁਕਾਨ ਵਾਲੇ ਤੋਂ ਪੁੱਛਿਆ।
‘‘ਪਤਾ ਨਹੀਂ, ਸ਼ਾਇਦ ਕੋਈ ਹੜਤਾਲ-ਹੜਤੂਲ ਈ ਨਾ ਹੋਵੇ। ਇੱਕ ਤਾਂ ਪਿੰਡ ਬੈਠਿਆਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿਸੇ ਗੱਲ ਦਾ।’’ ਕਹਿ ਕੇ ਉਹ ਚਾਹ ਬਣਾਉਣ ਲੱਗ ਗਿਆ ਸੀ।
ਦੂਰ ਸੜਕ ਵੱਲ ਵੇਖਦਿਆਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਇੱਕ ਟੈਂਪੂ ਆ ਰਿਹਾ ਸੀ। ‘‘ਚਲੋ ਦੇਰ ਨਾਲ ਹੀ ਸਹੀ ਸ਼ਹਿਰ ਤਾਂ ਪਹੁੰਚਾਂਗੇ।’’ ਉਸ ਨੇ ਮਨ ਹੀ ਮਨ ਸੋਚਿਆ।
‘‘ਹੇ ਪਰਮਾਤਮਾ, ਮੇਰੇ ਪੁੱਤਰ ’ਤੇ ਰਹਿਮ ਕਰ।’’ ਉਸ ਨੇ ਅਰਦਾਸ ਕੀਤੀ।
ਟੈਂਪੂ ਨੇੜੇ ਆ ਕੇ ਰੁਕ ਗਿਆ ਸੀ। ਟੈਂਪੂ ਵੱਲ ਵੇਖ ਕੇ ਉਸ ਦੀ ਆਸ ਢਹਿ ਗਈ ਸੀ। ਸਵਾਰੀਆਂ ਤੂੜੀ ਵਾਂਗ ਭਰੀਆਂ ਹੋਈਆਂ ਸਨ। ਟੈਂਪੂ ਨੇੜੇ ਆਉਂਦਿਆਂ ਹੀ ਬੱਸ ਅੱਡੇ ’ਤੇ ਖੜ੍ਹੀਆਂ ਸਾਰੀਆਂ ਸਵਾਰੀਆਂ ਵੀ ਉਸ ’ਤੇ ਟੁੱਟ ਪਈਆਂ ਅਤੇ ਟੈਂਪੂ ਨਾਲ ਲਟਕ ਗਈਆਂ ਸਨ। ਉਸ ਪਤੀ-ਪਤਨੀ ਲਈ ਟੈਂਪੂ ’ਚ ਬੈਠਣ ਦੀ ਤਾਂ ਦੂਰ, ਕਿਤੇ ਲਟਕਣ ਦੀ ਥਾਂ ਵੀ ਨਹੀਂ ਸੀ। ਫਿਰ ਉਹ ਲਟਕ ਕੇ ਵੀ ਕਿਵੇਂ ਜਾਂਦੇ, ਰਾਜੂ ਤਾਂ ਬਿਲਕੁਲ ਬੇਹੋਸ਼ ਹੋਇਆ ਪਿਆ ਸੀ।
‘‘ਭਰਾਵੋ, ਸਾਡੇ ਲਈ ਵੀ ਥੋੜ੍ਹੀ ਜਿਹੀ ਥਾਂ ਬਣਾ ਦਿਓ। ਮੇਰਾ ਬੱਚਾ ਬਹੁਤ ਬੀਮਾਰ ਹੈ। ਇਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ।’’ ਉਸ ਨੇ ਸਵਾਰੀਆਂ ਨੂੰ ਤਰਲਾ ਕੀਤਾ ਸੀ।
‘‘ਓਏ, ਟੈਂਪੂ ਵਿੱਚ ਬਿਲਕੁਲ ਥਾਂ ਨਹੀਂ। ਪਿੱਛੇ ਕੁਝ ਹੋਰ ਆ ਜਾਵੇਗਾ, ਤੂੰ ਉਸ ’ਤੇ ਆ ਜਾਵੀਂ।’’ ਇੱਕ ਖੁਰਦਰੀ ਜਿਹੀ ਸ਼ਕਲ ਵਾਲਾ ਬੰਦਾ ਬੋਲਿਆ ਸੀ।
‘‘ਭਰਾਵਾ, ਔਖਾ ਸੌਖਾ ਹੋ ਕੇ ਨਾਲ ਹੀ ਲਟਕ ਜਾ। ਅੱਜ ਕੋਈ ਬੱਸ ਨਹੀਂ ਆਉਣੀ ਤੇ ਨਾ ਹੀ ਕੋਈ ਹੋਰ ਵਾਹਨ। ਅੱਜ ਹੜਤਾਲ ਹੈ।’’ ਟੈਂਪੂ ਵਾਲਾ ਉਸ ਦੀ ਮਜਬੂਰੀ ਸਮਝ ਰਿਹਾ ਸੀ।
‘‘ਸੁਣੋ ਬਈ ਭਰਾਵੋ, ਮੈਂ ਤੁਹਾਨੂੰ ਲੈ ਤਾਂ ਚੱਲਦਾ ਹਾਂ ਪਰ ਸ਼ਹਿਰ ਤੋਂ ਬਾਹਰ ਹੀ ਛੱਡ ਦਿਆਂਗਾ। ਸ਼ਹਿਰ ਵਿੱਚ ਹੜਤਾਲ ਏ ਤੇ ਮੈਂ ਉੱਥੇ ਟੈਂਪੂ ਲਿਜਾ ਕੇ ਸ਼ੀਸ਼ੇ ਨਹੀਂ ਭੰਨਵਾਉਣੇ। ਅੱਗੇ ਤੁਹਾਨੂੰ ਤੁਰ ਕੇ ਹੀ ਜਾਣਾ ਪਵੇਗਾ।’’ ਟੈਂਪੂ ਵਾਲੇ ਨੇ ਸਵਾਰੀਆਂ ਨੂੰ ਕਹਿ ਦਿੱਤਾ ਸੀ।
ਸਵਾਰੀਆਂ ਨੇ ਸਿਰ ਹਿਲਾਇਆ ਸੀ।
‘‘ਲਿਆ ਬੀਬਾ, ਬੱਚਾ ਮੈਨੂੰ ਫੜਾ ਦੇ, ਤੂੰ ਕਿਵੇਂ ਚੜ੍ਹੇਂਗੀ ਬੱਚੇ ਨੂੰ ਚੁੱਕ ਕੇ?’’ ਇੱਕ ਅੱਧਖੜ ਜਿਹੀ ਉਮਰ ਦੀ ਔਰਤ ਨੇ ਬੱਚੇ ਨੂੰ ਫੜ ਲਿਆ ਸੀ। ਬਾਕੀ ਸਾਰੀਆਂ ਸਵਾਰੀਆਂ ਸੀਟ ਦੇਣ ਦੇ ਡਰੋਂ ਨਜ਼ਰਾਂ ਚੁਰਾ ਰਹੀਆਂ ਸਨ।
ਟੈਂਪੂ ਚੱਲ ਪਿਆ।
‘‘ਹੈ ਨੀ, ਤੇਰਾ ਮੁੰਡਾ ਤਾਂ ਅੱਗ ਵਾਂਗੂੰ ਤਪ ਰਿਹਾ  ਏ।’’ ਅੱਧਖੜ ਔਰਤ ਨੇ ਰਾਜੂ ਦੀ ਮਾਂ ਵੱਲ ਵੇਖਿਆ ਸੀ।
‘‘ਹਾਂ ਬੀਬੀ, ਸਵੇਰੇ ਤੜਕੇ ਦਾ ਬੁਖ਼ਾਰ ਚੜ੍ਹਿਐ।’’ ਉਸ ਨੇ ਜਵਾਬ ਦਿੱਤਾ, ‘‘ਇਸੇ ਲਈ ਤਾਂ ਸ਼ਹਿਰ ਲੈ ਕੇ ਜਾ ਰਹੇ ਹਾਂ।’’
‘‘ਆਪਣਾ ਤਾਂ ਇਨ੍ਹਾਂ ਹੜਤਾਲਾਂ ਨੇ ਹੀ ਜਿਉਣਾ ਹਰਾਮ ਕੀਤਾ ਹੋਇਐ। ਮੁੰਡਾ ਕਿਵੇਂ ਬੁਖ਼ਾਰ ਨਾਲ ਤੜਫ਼ੀ ਜਾਂਦੈ। ਵੇ ਵੀਰ ਟੈਂਪੂ ਵਾਲਿਆ, ਟੈਂਪੂ ਥੋੜ੍ਹੀ ਜਿਹੀ ਤੇਜ਼ ਚਲਾ।’’ ਅੱਧਖੜ ਔਰਤ ਵੀ ਇੱਕ ਮਾਂ ਸੀ।
ਰਾਜੂ ਨੇ ਅੱਖਾਂ ਖੋਲ੍ਹੀਆਂ ਸਨ। ਆਪਣੇ-ਆਪ ਨੂੰ ਕਿਸੇ ਅਣਜਾਣ ਔਰਤ ਦੀ ਗੋਦੀ ਵਿੱਚ ਵੇਖ ਕੇ ਹੈਰਾਨ ਹੋ ਗਿਆ ਸੀ। ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲ ਨਹੀਂ ਸੀ ਸਕਿਆ। ਅੱਖਾਂ ਦੁਬਾਰਾ ਬੰਦ ਹੋ ਗਈਆਂ ਸਨ।
‘‘ਵੇ ਭਾਈ, ਕਿਸੇ ਕੋਲ ਪਾਣੀ ਹੈ ਪੀਣ ਵਾਲਾ?’’ ਅੱਧਖੜ ਔਰਤ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਸੀ।
‘‘ਆਹ ਮੇਰੀ ਬੋਤਲ ਫੜਾ ਬੀਬੀ ਨੂੰ।’’ ਟੈਂਪੂ ਵਾਲੇ ਨੇ ਆਪਣੇ ਨਾਲ ਵਾਲੀ ਸਵਾਰੀ ਨੂੰ ਕਿਹਾ ਸੀ।
ਅੱਧਖੜ ਔਰਤ ਨੇ ਪਾਣੀ ਰਾਜੂ ਦੇ ਮੂੰਹ ਨੂੰ ਲਾਇਆ ਸੀ। ਦੋ ਕੁ ਘੁੱਟ ਪਾਣੀ ਪੀ ਕੇ ਰਾਜੂ ਫਿਰ ਬੇਹੋਸ਼ੀ ਵਿੱਚ ਚਲਾ ਗਿਆ ਸੀ।
ਟੈਂਪੂ ਰੁਕ ਗਿਆ। ‘‘ਲਓ ਭਈ, ਉਤਰ ਜਾਓ।’’ ਟੈਂਪੂ ਨੂੰ ਸ਼ਹਿਰ ਤੋਂ ਦੋ ਕੁ ਕਿਲੋਮੀਟਰ ਬਾਹਰ ਹੀ ਬਰੇਕਾਂ ਲੱਗ ਗਈਆਂ ਸਨ।
‘‘ਅੱਗੇ ਨਹੀਂ ਜਾਣਾ ਭਾਈ?’’ ਉਸ ਨੇ ਟੈਂਪੂ ਵਾਲੇ ਨੂੰ ਤਰਲਾ ਪਾਇਆ ਸੀ।
‘‘ਨਹੀਂ ਵੀਰ, ਅੱਗੇ ਖ਼ਤਰਾ ਏ। ਮੈਂ ਨਹੀਂ ਜਾਣਾ।’’ ਟੈਂਪੂ ਵਾਲੇ ਦਾ ਜਵਾਬ ਸੀ।
‘‘…ਪਰ ਮੇਰਾ ਪੁੱਤਰ ਬਹੁਤ ਢਿੱਲਾ ਏ। ਇਹਦਾ ਜਲਦੀ ਹਸਪਤਾਲ ਪਹੁੰਚਣਾ ਬਹੁਤ ਜ਼ਰੂਰੀ ਏ।’’ ਉਸ ਨੇ ਮਿੰਨਤ ਕੀਤੀ ਸੀ।
‘‘ਨਹੀਂ ਭਰਾਵਾ, ਮੈਂ ਵੀ ਬਾਲ-ਬੱਚੇਦਾਰ ਹਾਂ। ਇਹ ਖਰੂਦੀ ਜੇ ਕਿਤੇ ਫੜ ਲੈਣ ਤਾਂ ਸ਼ੀਸ਼ੇ ਭੰਨ ਦਿੰਦੇ ਨੇ ਤੇ ਕਈ ਵਾਰ ਤਾਂ ਗੱਡੀਆਂ ਸਾੜ ਦਿੰਦੇ ਨੇ। ਜੇ ਮੇਰੇ ਵੱਸ ਹੁੰਦਾ ਤਾਂ ਮੈਂ ਜ਼ਰੂਰ ਤੇਰੀ ਸਹਾਇਤਾ ਕਰਦਾ।’’ ਟੈਂਪੂ ਵਾਲੇ ਦੀ ਆਵਾਜ਼ ਵਿੱਚ ਵੀ ਦਰਦ ਸੀ। ਉਸ ਦੀਆਂ ਅੱਖਾਂ ਕਹਿ ਰਹੀਆਂ ਸਨ ਕਿ ਉਹ ਮਦਦ ਕਰਨੀ ਚਾਹੁੰਦਾ ਸੀ ਪਰ ਡਰਦਾ ਸੀ। ਆਖ਼ਰ ਉਹ ਵੀ ਤਾਂ ਇੱਕ ਪਿਉ ਸੀ।
ਟੈਂਪੂ ਵਾਲੇ ਦੀਆਂ ਅੱਖਾਂ ਵਿੱਚ ਦਇਆ ਵੇਖ ਕੇ ਉਸ ਨੂੰ ਮਦਦ ਦੀ ਕੁਝ ਉਮੀਦ ਹੋਈ ਸੀ। ਉਸ ਨੇ ਉਸ ਦੇ ਅੱਗੇ ਹੱਥ ਜੋੜ ਦਿੱਤੇ ਸਨ, ‘‘ਮੇਰੀ ਸਹਾਇਤਾ ਕਰ ਮੇਰੇ ਵੀਰ, ਮੇਰਾ ਇੱਕੋ-ਇੱਕ ਬੱਚਾ ਏ। ਜੇ ਇਹਨੂੰ ਕੁਝ ਹੋ ਗਿਆ ਤਾਂ…’’ ਦੋਵਾਂ ਪਤੀ-ਪਤਨੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।
‘‘ਚੱਲੋ।’’ ਟੈਂਪੂ ਵਾਲੇ ਦੀਆਂ ਅੱਖਾਂ ਵਿੱਚ ਵੀ ਇੱਕ ਨਿਸ਼ਚਾ ਆ ਗਿਆ ਸੀ, ‘‘ਜਿਹੜੀ ਹੋਊ, ਵੇਖੀ ਜਾਊਗੀ…’’ ਉਨ੍ਹਾਂ ਨੂੰ ਟੈਂਪੂ ਵਿੱਚ ਬੈਠਣ ਦਾ ਇਸ਼ਾਰਾ ਕਰ ਕੇ ਉਹ ਆਪ ਡਰਾਈਵਰ ਸੀਟ ’ਤੇ ਜਾ ਬੈਠਾ ਸੀ।
ਅਜੇ ਉਹ ਸ਼ਹਿਰ ਤੋਂ ਕੁਝ ਬਾਹਰ ਹੀ ਸਨ ਕਿ ਪੁਲੀਸ ਦਾ ਨਾਕਾ ਲੱਗਿਆ ਹੋਇਆ ਸੀ।
‘‘ਤੁਸੀਂ ਅੱਗੇ ਨਹੀਂ ਜਾ ਸਕਦੇ। ਅੱਗੇ ਹੜਤਾਲੀਆਂ ਨੇ ਜਾਮ ਲਾਇਆ ਹੋਇਆ ਏ।’’ ਇੱਕ ਹੌਲਦਾਰ ਨੇ ਕਿਹਾ ਸੀ।
‘‘ਸਰਦਾਰ ਜੀ, ਮੇਰੇ ਬੱਚੇ ਦੀ ਹਾਲਤ ਬਹੁਤ ਖ਼ਰਾਬ ਏ। ਰਾਤ ਦਾ ਬੁਖ਼ਾਰ ਨਾਲ ਤਪ ਰਿਹਾ ਏ। ਬੇਸੁਰਤ ਹੋਇਆ ਪਿਆ ਏ। ਮਿਹਰਬਾਨੀ ਕਰ ਕੇ ਮੈਨੂੰ ਅੱਗੇ ਜਾਣ ਦਿਓ।’’ ਉਸ ਨੇ ਮਿੰਨਤ ਕੀਤੀ ਸੀ।
‘‘ਨਹੀਂ ਨਹੀਂ! ਸਾਨੂੰ ਉੱਤੋਂ ਹੁਕਮ ਮਿਲਿਆ ਹੈ। ਅਸੀਂ ਕਿਸੇ ਨੂੰ ਅੱਗੇ ਨਹੀਂ ਜਾਣ ਦੇਣਾ।’’ ਹੌਲਦਾਰ ਨੇ ਸਖ਼ਤ ਲਹਿਜ਼ੇ ਵਿੱਚ ਨਾਂਹ ਕਰ ਦਿੱਤੀ ਸੀ।
ਉਸ ਦਾ ਦਿਲ ਡੁੱਬ ਰਿਹਾ ਸੀ। ਥੋੜ੍ਹੀ ਦੂਰ ਰੁੱਖ ਹੇਠਾਂ ਐੱਸ.ਐੱਚ.ਓ. ਬੈਠਾ ਫਾਈਲਾਂ ਵੇਖ ਰਿਹਾ ਸੀ। ਉਹ ਡਰਦਾ-ਡਰਦਾ ਐੱਸ.ਐੱਚ.ਓ. ਵੱਲ ਵਧਿਆ।
‘‘ਸਾਹਿਬ ਜੀ, ਮੇਰਾ ਪੁੱਤਰ ਬੁਖ਼ਾਰ ਨਾਲ ਤੜਫ਼ ਰਿਹਾ ਹੈ। ਸਾਨੂੰ ਅੱਗੇ ਜਾਣ ਦਿਓ।’’ ਉਹ ਜਾਂਦੇ ਹੀ ਐੱਸ.ਐੱਚ.ਓ. ਸਾਹਮਣੇ ਗੋਡਿਆਂ ਭਾਰ ਬੈਠ ਗਿਆ ਸੀ।
ਅੱਧਖੜ ਉਮਰ ਦੇ ਐੱਸ.ਐੱਚ.ਓ. ਨੇ ਸਿਰ ਚੁੱਕਿਆ ਸੀ। ਐਨਕ ਉੱਚੀ ਕੀਤੀ ਤੇ ਫਿਰ ਉਸ ਵੱਲ ਵੇਖਿਆ ਸੀ। ਮੱਥੇ ’ਤੇ ਤਿਉੜੀਆਂ ਸਨ।
ਤਿਉੜੀਆਂ ਵੇਖ ਕੇ ਉਸ ਦਾ ਕਲੇਜਾ ਕੰਬ ਗਿਆ ਸੀ।
‘‘ਤੈਨੂੰ ਹੌਲਦਾਰ ਨੇ ਰੋਕਿਆ ਨਹੀਂ?’’ ਉਸ ਦੀ ਆਵਾਜ਼ ਵਿੱਚ ਗੁੱਸਾ ਤੇ ਖਿਝ ਸੀ।
ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ। ਉਸ ਨੇ ਹੱਥ ਜੋੜ ਦਿੱਤੇ।
‘‘ਸਾਹਬ ਜੀ, ਸਾਨੂੰ ਅੱਗੇ ਜਾ ਲੈਣ ਦਿਓ। ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ…’’ ਉਸ ਦਾ ਗੱਚ ਭਰ ਆਇਆ ਤੇ ਉਹ ਗੱਲ ਪੂਰੀ ਨਹੀਂ ਕਰ ਸਕਿਆ ਸੀ।
‘‘ਤੇਰੇ ਵਰਗੇ ਸਾਡੇ ਕੋਲ ਬਥੇਰੇ ਆਉਂਦੇ ਨੇ। ਬਹਾਨੇ ਬਣਾ ਕੇ ਲੰਘ ਜਾਂਦੇ ਨੇ ਤੇ ਫਿਰ ਸ਼ਹਿਰ ਜਾ ਕੇ ਭੰਨ-ਤੋੜ ਕਰਦੇ ਨੇ। ਭੁਗਤਣਾ ਸ਼ਰੀਫ਼ ਲੋਕਾਂ ਨੂੰ ਪੈਂਦਾ ਏ। ਚੱਲ ਦੌੜ ਜਾ ਇੱਥੋਂ।’’
‘‘ਨਹੀਂ ਨਹੀਂ, ਸਾਹਬ ਜੀ। ਮੈਂ ਝੂਠ ਨਹੀਂ ਬੋਲ ਰਿਹਾ।’’ ਉਹ ਦੌੜ ਕੇ ਰਾਜੂ ਨੂੰ ਉਸ ਦੀ ਮਾਂ ਦੀ ਝੋਲੀ ਵਿੱਚੋਂ ਚੁੱਕ ਕੇ ਲੈ ਆਇਆ ਸੀ। ‘‘ਆਹ ਵੇਖੋ ਸਾਹਬ ਜੀ, ਬਿਲਕੁਲ ਬੇਸੁਰਤ ਹੋਇਆ ਪਿਐ।’’ ਅੱਖਾਂ ਵਿੱਚੋਂ ਪਾਣੀ ਉਸੇ ਤਰ੍ਹਾਂ ਹੀ ਵਗ ਰਿਹਾ ਸੀ।
ਐੱਸ.ਐੱਚ.ਓ. ਨੇ ਰਾਜੂ ਨੂੰ ਹੱਥ ਲਾ ਕੇ ਵੇਖਿਆ। ਸਰੀਰ ਅੱਗ ਵਾਂਗੂੰ ਤਪ ਰਿਹਾ ਸੀ। ਮੂੰਹ ਸੁੱਕ ਗਿਆ ਸੀ। ਬੁੱਲ੍ਹਾਂ ’ਤੇ ਪਾਪੜੀਆਂ ਜੰਮ ਗਈਆਂ ਸਨ।
‘‘ਓਏ, ਦੇਵ ਰਾਜ! ਏਧਰ ਆ।’’ ਉਸ ਨੇ ਇੱਕ ਸਿਪਾਹੀ ਨੂੰ ਆਵਾਜ਼ ਮਾਰੀ, ‘‘ਜਾ ਮੇਰਾ ਮੋਟਰਸਾਈਕਲ ਲੈ ਜਾ। ਮੁੰਡੇ ਦੀ ਹਾਲਤ ਬਹੁਤ ਖ਼ਰਾਬ ਹੈ। ਇਹਦੇ ਨਾਲ ਜਾ ਤੇ ਇਹਦੀ ਮਦਦ ਕਰ ਜਿੰਨੀ ਕੁ ਹੋ ਸਕਦੀ ਹੈ।’’ ਉਸ ਨੇ ਜੇਬ ਵਿੱਚੋਂ 500 ਰੁਪਏ ਕੱਢ ਕੇ ਸਿਪਾਹੀ ਨੂੰ ਫੜਾ ਦਿੱਤੇ ਸਨ।
ਸਿਪਾਹੀ ਨੇ ਦੋਵਾਂ ਪਤੀ-ਪਤਨੀ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਅਤੇ ਸ਼ਹਿਰ ਵੱਲ ਲੈ ਗਿਆ।
ਸ਼ਹਿਰ ਬਿਲਕੁਲ ਸੁੰਨਸਾਨ ਸੀ। ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਸੀ।
ਉਹ ਹਸਪਤਾਲ ਪਹੁੰਚ ਚੁੱਕੇ ਸਨ। ਹਸਪਤਾਲ ਵਿੱਚ ਮਰੀਜ਼ਾਂ ਦਾ ਬੁਰਾ ਹਾਲ ਸੀ।
ਉਹ ਡਾਕਟਰ ਕੋਲ ਗਏ। ਮਰੀਜ਼ਾਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਪਤਾ ਲੱਗਿਆ ਕਿ ਆਵਾਜਾਈ ਬੰਦ ਹੋਣ ਕਾਰਨ ਸਿਰਫ਼ ਸਥਾਨਕ ਸਟਾਫ਼ ਹੀ ਹਸਪਤਾਲ ਪਹੁੰਚ ਸਕਿਆ ਸੀ। ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਡਾਕਟਰ ਅਤੇ ਨਰਸਾਂ ਅੱਜ ਨਹੀਂ ਆਏ ਸਨ। ਪੰਜ ਡਾਕਟਰਾਂ ਵਾਲੇ ਹਸਪਤਾਲ ਵਿੱਚ ਇੱਕ ਹੀ ਡਾਕਟਰ ਸੀ ਅਤੇ ਉਹੀ ਸਾਰੇ ਮਰੀਜ਼ ਵੇਖ ਰਿਹਾ ਸੀ।
ਪਰਚੀ ਕਟਵਾਉਣ ਤੋਂ ਬਾਅਦ ਉਹ ਇੱਕ ਨਰਸ ਨੂੰ ਮਿਲੇ। ਨਰਸ ਨੇ ਬੱਚੇ ਦਾ ਬੁਖ਼ਾਰ ਚੈੱਕ ਕੀਤਾ। ਬੱਚੇ ਦੀ ਹਾਲਤ ਬਹੁਤ ਬੁਰੀ ਸੀ।
ਨਰਸ ਉਨ੍ਹਾਂ ਨੂੰ ਨਾਲ ਲੈ ਕੇ ਡਾਕਟਰ ਦੇ ਕਮਰੇ ਵਿੱਚ ਚਲੀ ਗਈ ਸੀ। ਲਾਈਨ ਵਿੱਚ ਲੱਗੇ ਮਰੀਜ਼ਾਂ ਨੇ ਨੱਕ-ਮੂੰਹ ਤਾਂ ਚੜ੍ਹਾਇਆ ਸੀ ਪਰ ਪੁਲੀਸ ਵਾਲਾ ਅਤੇ ਨਰਸ ਨਾਲ ਹੋਣ ਕਾਰਨ ਕੁਝ ਬੋਲੇ ਨਹੀਂ ਸਨ।
ਡਾਕਟਰ ਨੇ ਰਾਜੂ ਨੂੰ ਚੈੱਕ ਕੀਤਾ। ਉਸ ਦੇ ਚਿਹਰੇ ’ਤੇ ਫ਼ਿਕਰਮੰਦੀ ਦੇ ਹਾਵ-ਭਾਵ ਉੱਭਰੇ। ‘‘ਤੁਸੀਂ ਬਹੁਤ ਦੇਰ ਕਰ ਦਿੱਤੀ ਹੈ। ਬੱਚੇ ਦੀ ਹਾਲਤ ਬਹੁਤ ਨਾਜ਼ੁਕ ਹੈ। ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ।’’ ਡਾਕਟਰ ਨੇ ਬਿਨਾਂ ਦੇਰ ਕੀਤੇ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਦਵਾਈ ਲਿਆਉਣ ਲਈ ਪਰਚੀ ਲਿਖ ਦਿੱਤੀ ਸੀ। ‘‘ਇਹ ਦਵਾਈ ਤੁਰੰਤ ਲੈ ਆਓ। ਬੱਚੇ ਲਈ ਬਹੁਤ ਜ਼ਰੂਰੀ ਹੈ।’’ ਪਤਨੀ ਨੂੰ ਰਾਜੂ ਕੋਲ ਛੱਡ ਕੇ ਉਹ ਦਵਾਈ ਲੈਣ ਲਈ ਬਾਹਰ ਨਿਕਲ ਗਿਆ ਸੀ। ਸਿਪਾਹੀ ਵੀ ਰਾਜੂ ਕੋਲ ਰੁਕ ਗਿਆ ਸੀ।
ਉਸ ਨੇ ਪੂਰੇ ਬਾਜ਼ਾਰ ਦਾ ਗੇੜਾ ਕੱਢ ਲਿਆ। ਮੈਡੀਕਲ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ। ਜਿਉਂ-ਜਿਉਂ ਸਮਾਂ ਬੀਤ ਰਿਹਾ ਸੀ, ਉਸ ਦਾ ਦਿਲ ਡੁੱਬਦਾ ਜਾ ਰਿਹਾ ਸੀ।
ਫਿਰ ਉਸ ਨੇ ਦੇਖਿਆ ਕਿ ਚਾਹ ਦੀ ਇੱਕ ਬੰਦ ਪਈ ਦੁਕਾਨ ਦੇ ਖਾਲੀ ਬੈਂਚਾਂ ’ਤੇ ਬੈਠੇ ਕੁਝ ਲੋਕ ਤਾਸ਼ ਖੇਡ ਰਹੇ ਸਨ।
‘‘ਬਾਈ ਜੀ, ਇੱਥੇ ਕੋਈ ਦਵਾਈਆਂ ਦੀ ਕੋਈ ਹੋਰ ਦੁਕਾਨ ਹੈ?’’ ਉਸ ਨੇ ਉਨ੍ਹਾਂ ਨੂੰ ਪੁੱਛਿਆ।
‘‘ਨਹੀਂ ਬਈ, ਸਾਰੀਆਂ ਦੁਕਾਨਾਂ ਅੱਜ ਬੰਦ ਹਨ। ਤੈਨੂੰ ਅੱਜ ਕਿਤੋਂ ਵੀ ਕੁਝ ਨਹੀਂ ਮਿਲਣਾ। ਜਾ ਵਾਪਸ ਮੁੜ ਜਾ।’’ ਤਾਸ਼ ਖੇਡਦੇ ਬੰਦਿਆਂ ਵਿੱਚੋਂ ਤੀਹ ਕੁ ਸਾਲਾਂ ਦੇ ਇੱਕ ਬੰਦੇ ਨੇ ਜਵਾਬ ਦਿੱਤਾ ਸੀ।
ਜਵਾਬ ਉਸ ਦੇ ਸਿਰ ਵਿੱਚ ਹਥੌੜੇ ਵਾਂਗ ਵੱਜਿਆ। ਉਹ ਇੱਕ ਕਦਮ ਵੀ ਅੱਗੇ ਨਹੀਂ ਵਧਾ ਸਕਿਆ ਅਤੇ ਉੱਥੇ ਹੀ ਬੈਠ ਗਿਆ। ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਪੈਰ ਤੁਰਨੋਂ ਜਵਾਬ ਦੇ ਗਏ ਸਨ। ਜੀਭ ਜਿਵੇਂ ਤਾਲੂ ਨਾਲ ਹੀ ਚਿਪਕ ਗਈ ਸੀ।
‘‘ਕੀ ਹੋਇਆ?’’ ਤਾਸ਼ ਖੇਡਦੇ ਬੰਦਿਆਂ ਨੇ ਖੇਡਣਾ ਛੱਡ ਦਿੱਤਾ ਸੀ। ਦੋ ਬੰਦੇ ਉਸ ਵੱਲ ਵਧੇ ਅਤੇ ਉਸ ਨੂੰ ਉਠਾ ਕੇ ਬੈਂਚ ’ਤੇ ਬਿਠਾ ਦਿੱਤਾ।
ਉਹ ਕੁਝ ਬੋਲ ਨਹੀਂ ਸਕਿਆ ਸੀ। ਬੱਸ ਗਿੱਲੀਆਂ ਅੱਖਾਂ ਨਾਲ ਉਨ੍ਹਾਂ ਵੱਲ ਵੇਖੀ ਜਾ ਰਿਹਾ ਸੀ। ਉਨ੍ਹਾਂ ਵਿੱਚੋਂ ਇੱਕ ਨੇ ਕੋਲ ਪਈ ਪਾਣੀ ਦੀ ਬੋਤਲ ਵਿੱਚੋਂ ਪਾਣੀ ਦਾ ਗਿਲਾਸ ਭਰ ਕੇ ਉਸ ਦੇ ਮੂੰਹ ਨੂੰ ਲਾਇਆ ਸੀ। ਦੂਜੇ ਨੇ ਹੱਥ ਵਿੱਚੋਂ ਪਰਚੀ ਫੜ ਕੇ ਵੇਖੀ ਸੀ।
‘‘ਓਏ! ਇਹ ਤਾਂ ਕਿਸੇ ਦੀ ਦਵਾਈ ਲੈਣ ਆਇਆ ਹੈ।’’ ਪਰਚੀ ਫੜਨ ਵਾਲੇ ਨੇ ਦੂਜਿਆਂ ਨੂੰ ਦੱਸਿਆ।
‘‘ਪਰ ਆਪਾਂ ਕੀ ਕਰ ਸਕਦੇ ਹਾਂ! ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੈ। ਆਪਾਂ ਆਪਣੀ ਦੁਕਾਨ ਦਾ ਨੁਕਸਾਨ ਥੋੜ੍ਹਾ ਕਰਵਾਉਣਾ ਹੈ?’’ ਜਵਾਬ ਦੇਣ ਵਾਲਾ ਸ਼ਾਇਦ ਕਿਸੇ ਦਵਾਈਆਂ ਦੀ ਦੁਕਾਨ ਦਾ ਮਾਲਕ ਸੀ ਜਿਹੜਾ ਉੱਥੇ ਬੈਠਾ ਤਾਸ਼ ਖੇਡ ਰਿਹਾ ਸੀ।
ਇੰਨੀ ਦੇਰ ਵਿੱਚ ਉਸ ਦੀ ਭਾਲ ਕਰਦਾ ਸਿਪਾਹੀ ਵੀ ਉੱਥੇ ਪਹੁੰਚ ਗਿਆ।
‘‘ਓਏ! ਤੂੰ ਅਜੇ ਤਕ ਦਵਾਈ ਲੈ ਕੇ ਨਹੀਂ ਆਇਆ। ਤੇਰੇ ਮੁੰਡੇ ਦੀ ਹਾਲਤ ਤਾਂ ਬਹੁਤ ਵਿਗੜ ਗਈ ਹੈ। ਡਾਕਟਰ ਨੇ ਮੈਨੂੰ ਤੇਰੇ ਪਿੱਛੇ ਭੇਜਿਆ ਹੈ।’’ ਸਿਪਾਹੀ ਨੇ ਉਸ ਨੂੰ ਮੋਢੇ ਤੋਂ ਫੜ ਕੇ ਝੰਜੋੜਿਆ।
ਜਦੋਂ ਸਿਪਾਹੀ ਨੂੰ ਪਤਾ ਲੱਗਿਆ ਕਿ ਖੜ੍ਹੇ ਲੋਕਾਂ ਵਿੱਚੋਂ ਇੱਕ ਦਵਾਈਆਂ ਦੀ ਦੁਕਾਨ ਦਾ ਮਾਲਕ ਸੀ ਤਾਂ ਉਸ ਨੇ ਬੱਚੇ ਦੀ ਦਵਾਈ ਦੇਣ ਲਈ ਬੇਨਤੀ ਕੀਤੀ। ਪਹਿਲਾਂ ਤਾਂ ਉਸ ਨੇ ਨਾਂਹ ਕੀਤੀ ਸੀ ਪਰ ਫਿਰ ਬਾਕੀ ਲੋਕਾਂ ਦੇ ਸਮਝਾਉਣ ਅਤੇ ਸਿਪਾਹੀ ਵੱਲੋਂ ਗਾਰੰਟੀ ਲੈਣ ’ਤੇ ਉਹ ਦਵਾਈ ਦੇਣ ਲਈ ਤਿਆਰ ਹੋ ਗਿਆ ਸੀ। ਉਸ ਨੇ ਦੁਕਾਨ ਦਾ ਸ਼ਟਰ ਥੋੜ੍ਹਾ ਜਿਹਾ ਚੁੱਕਿਆ ਅਤੇ ਪਰਚੀ ਲੈ ਕੇ ਦੁਕਾਨ ਦੇ ਅੰਦਰ ਚਲਾ ਗਿਆ। ਕੁਝ ਮਿੰਟ ਬਾਅਦ ਉਹ ਦਵਾਈਆਂ ਲੈ ਕੇ ਬਾਹਰ ਆਇਆ। ਦਵਾਈਆਂ ਵੇਖਦਿਆਂ ਹੀ ਉਸ ਨੂੰ ਜਿਵੇਂ ਖੰਭ ਲੱਗ ਗਏ ਸਨ। ਦਵਾਈਆਂ ਫੜ ਕੇ ਉਹ ਹਸਪਤਾਲ ਵੱਲ ਦੌੜਿਆ। ਕੁਝ ਹੀ ਪਲਾਂ ਵਿੱਚ ਉਹ ਹਸਪਤਾਲ ਅੰਦਰ ਦਾਖਲ ਹੋ ਗਿਆ ਸੀ। ਡਾਕਟਰ ਅਤੇ ਨਰਸ ਦੋਵੇਂ ਰਾਜੂ ਦੇ ਕੋਲ ਸਨ। ਡਾਕਟਰ ਰਾਜੂ ਨੂੰ ਹੀ ਵੇਖ ਰਿਹਾ ਸੀ।
‘‘ਡਾਕਟਰ ਸਾਹਬ! ਆਹ ਲਓ, ਮੈਂ ਦਵਾਈਆਂ ਲੈ ਆਇਆ ਹਾਂ। ਹੁਣ ਤਾਂ ਮੇਰਾ ਪੁੱਤਰ ਠੀਕ ਹੋ ਜਾਵੇਗਾ ਨਾ?’’ ਉਸ ਨੇ ਡਾਕਟਰ ਵੱਲ ਦਵਾਈਆਂ ਵਾਲਾ ਲਿਫ਼ਾਫ਼ਾ ਵਧਾ ਦਿੱਤਾ ਸੀ।
ਡਾਕਟਰ ਨੇ ਦਵਾਈਆਂ ਵਾਲਾ ਲਿਫ਼ਾਫ਼ਾ ਉੱਥੇ ਹੀ ਬੈੱਡ ’ਤੇ ਰੱਖ ਦਿੱਤਾ। ਉਸ ਦੇ ਮੋਢੇ ’ਤੇ ਹੱਥ ਰੱਖਿਆ ਤੇ ਫਿਰ ਬਿਨਾਂ ਕੁਝ ਕਹੇ, ਹਾਰੇ ਹੋਏ ਖਿਡਾਰੀ ਵਾਂਗ ਕਮਰੇ ’ਚੋਂ ਬਾਹਰ ਨਿਕਲ ਗਿਆ।
ਉਹ ਰਾਜੂ ਵੱਲ ਵਧਿਆ। ਮਾਸੂਮ ਬੱਚੇ ਦੀ ਆਤਮਾ ਕਿਸੇ ਹੜਤਾਲ ਦੀ ਪਰਵਾਹ ਕੀਤੇ ਬਗੈਰ ਉੱਥੋਂ ਉਡਾਰੀ ਮਾਰ ਚੁੱਕੀ ਸੀ।

ਗੁਰਵਿੰਦਰ ਸਿੰਘ

ਸੰਪਰਕ: 99150-25567

http://punjabitribuneonline.com/2014/06/%E0%A8%B9%E0%A9%9C%E0%A8%A4%E0%A8%BE%E0%A8%B2/

Print Friendly

About author

Vijay Gupta
Vijay Gupta1095 posts

State Awardee, Global Winner

You might also like

12ਵੀਂ ਜਮਾਤ ਦਾ ਨਤੀਜਾ ਘੋਸ਼ਿਤ (ਲੁਧਿਆਣਾ ਦੀ ਮਹਿਕ ਤੇ ਮੁਕਤਸਰ ਦੀ ਮਨਿੰਦਰ ਕੌਰ ਪੰਜਾਬ ਭਰ 'ਚੋਂ ਅੱਵਲ)

ਅਜੀਤਗੜ੍ਹ, 18 ਮਈ (ਕੇ. ਐੱਸ. ਸ਼ੇਰਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਲੜਕੀਆਂ ਨੇ ਪਹਿਲੇ 6 ਸਥਾਨਾਂ ‘ਤੇ ਕਬਜ਼ਾ ਕਰਕੇ ਆਪਣੀ ਝੰਡੀ ਨੂੰ ਬਰਕਰਾਰ ਰੱਖਿਆ


Print Friendly
Voice of Students0 Comments

'ਬੱਲੇ ਨੀ ਆਸਾਮ ਦੀਏ ਸ਼ੇਰ ਬੱਚੀਏ'

ਸਾਥੀ ਬੱਚਿਆਂ ਨੂੰ ਬਚਾਉਣ ਵਾਸਤੇ ਖ਼ੁਦ ਨੂੰ ਅਗ਼ਵਾ ਲਈ ਪੇਸ਼ ਕਰ ਦਿੱਤਾ 14 ਸਾਲਾ ਗੁੰਜਨ ਨੇ ਆਸਾਮ ‘ਚ ਸ਼ਿਵਸਾਗਰ ਜ਼ਿਲੇ ਦੇ ਸਿਮਾਲੁਗੁੜੀ ਵਿਚ ਗੁੰਜਨ ਸਰਮਾਹ ਨਾਮੀ ਇਕ 14 ਸਾਲਾ ਲੜਕੀ


Print Friendly

ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ

ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ, ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ, ਮਾਣ ਦੇਸ਼ ਦਾ ਸਮਝੀ ਜਾਂਦੀ ਝਾਂਸੀ ਦੀ ਰਾਣੀ ਸੀ ਕੋਈ, ਵਿੱਚ ਕਲੱਬਾਂ ਬੀਅਰ ਪੀਂਦੀ ਅੱਜ ਦੀ


Print Friendly