Print Friendly

ਮਹਾਂਸ਼ਕਤੀ ਬਣ ਸਕਦੀ ਹੈ ਵਧਦੀ ਜਨਸੰਖਿਆ

ਜਨਸੰਖਿਆ ਕਿਸੇ ਵੀ ਦੇਸ਼ ਦੇ ਵਿਕਾਸ ਲਈ ਇੱਕ ਜ਼ਰੂਰੀ ਤੱਤ ਹੈ। ਰਾਜਨੀਤਕ ਵਿਦਵਾਨ ਕਿਸੇ ਵੀ ਰਾਜ ਦੀ ਸਥਾਪਨਾ ਲਈ ਚਾਰ ਤੱਤਾਂ, ਨਿਸ਼ਚਿਤ ਇਲਾਕਾ, ਜਨਸੰਖਿਆ, ਸਰਕਾਰ ਅਤੇ ਪ੍ਰਭੂਸੱਤਾ ਦੀ ਹੋਂਦ ਜ਼ਰੂਰੀ ਮੰਨਦੇ ਹਨ। ਇਨ੍ਹਾਂ ਚਾਰ ਤੱਤਾਂ ਵਿੱਚੋਂ ਜਨਸੰਖਿਆ ਨੂੰ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ। ਜੇਕਰ ਜਨਸੰਖਿਆ ਹੋਵੇਗੀ ਤਾਂ ਹੀ ਉਹ ਇੱਕ ਨਿਸ਼ਚਿਤ ਇਲਾਕੇ ’ਤੇ ਨਿਵਾਸ ਕਰੇਗੀ। ਜਨਸੰਖਿਆ ਵਿੱਚੋਂ ਚੁਣੇ ਗਏ ਪ੍ਰਤੀਨਿਧੀ ਹੀ ਸਰਕਾਰ ਦੀ ਸਥਾਪਨਾ ਕਰਨਗੇ ਅਤੇ ਕਾਨੂੰਨ ਘੜ ਕੇ ਪ੍ਰਭੂਸੱਤਾ ਸਥਾਪਿਤ ਕਰਨਗੇ। ਸਰਕਾਰ ਦੁਆਰਾ ਰਾਜ ਦੀ ਜਨਸੰਖਿਆ ਦੀ ਭਲਾਈ ਲਈ ਨੀਤੀਆਂ ਦਾ ਨਿਰਮਾਣ ਕਰ ਕੇ ਇਨ੍ਹਾਂ ਨੂੰ ਉਸ ’ਤੇ  ਹੀ ਲਾਗੂ ਕੀਤਾ ਜਾਂਦਾ ਹੈ ਅਤੇ ਜੇਕਰ ਇਹ ਸਰਕਾਰ ਭ੍ਰਿਸ਼ਟ ਹੋ ਜਾਂਦੀ ਹੈ ਤਾਂ ਇਹੋ ਜਨਸੰਖਿਆ ਵੋਟਾਂ ਦੁਆਰਾ ਸਰਕਾਰ ਨੂੰ ਬਦਲ ਵੀ ਦਿੰਦੀ ਹੈ। ਇਸ ਤਰ੍ਹਾਂ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਜਨਸੰਖਿਆ ਬਹੁਤ ਮਹੱਤਵਪੂੁਰਨ ਭੂਮਿਕਾ ਨਿਭਾਅ ਰਹੀ ਹੈ।
ਅਰਥਸ਼ਾਸਤਰ ਵਿੱਚ ਜਨਸੰਖਿਆ ਨੂੰ ਸਾਧਨ ਦੇ ਤੌਰ ’ਤੇ ਲਿਆ ਜਾਂਦਾ ਹੈ। ਉਤਪਾਦਨ ਦੀ ਕੋਈ ਵੀ ਪ੍ਰਕਿਰਿਆ ਮਨੁੱਖੀ ਸਾਧਨਾਂ ਦੀ ਅਣਹੋਂਦ ਵਿੱਚ ਸਫ਼ਲ ਨਹੀਂ ਹੋ ਸਕਦੀ। ਧਰਤੀ ਤੋਂ ਸਾਨੂੰ ਭੋਜਨ ਤਾਂ ਮਿਲ ਜਾਂਦਾ ਹੈ ਪਰ ਧਰਤੀ ’ਤੇ ਫ਼ਸਲ ਉਗਾਉਣ ਵਾਲਾ ਮਨੁੱਖ ਹੀ ਹੁੰਦਾ ਹੈ। ਜਾਨਵਰਾਂ ਤੋਂ ਸਾਨੂੰ ਉੱਨ ਤੇ ਚਮੜਾ ਤਾਂ ਮਿਲ ਜਾਂਦਾ ਹੈ ਪਰ ਮਨੁੱਖੀ ਹੋਂਦ ਤੋਂ ਬਿਨਾਂ ਇਨ੍ਹਾਂ ਦੀ ਪ੍ਰਾਪਤੀ ਸੰਭਵ ਨਹੀਂ ਹੈ। ਉਤਪਾਦਨ ਦੀ ਪ੍ਰਕਿਰਿਆ ਸ਼ੁਰੂ ਕਰਨ ਭਾਵ ਕਾਰਖ਼ਾਨਾ ਆਦਿ ਲਗਾਉਣ ਲਈ ਅਰਥਸ਼ਾਸਤਰੀ ਚਾਰ ਤੱਤਾਂ ਦੀ ਹੋਂਦ ਜ਼ਰੂਰੀ ਮੰਨਦੇ ਹਨ- ਭੂਮੀ, ਮਜ਼ਦੂਰ, ਧਨ ਅਤੇ ਮਾਲਕ। ਭੂਮੀ ’ਤੇ ਫੈਕਟਰੀ ਲਗਾਈ ਜਾਂਦੀ ਹੈ, ਧਨ ਦੁਆਰਾ ਮਸ਼ੀਨਾਂ ਅਤੇ ਕੱਚੇ ਮਾਲ ਦੀ ਖ਼ਰੀਦ ਕੀਤੀ ਜਾਂਦੀ ਹੈ। ਮਜ਼ਦੂਰ, ਮਸ਼ੀਨਾਂ ਚਲਾਉਂਦੇ ਹਨ ਅਤੇ ਉਤਪਾਦਨ ਕਰਦੇ ਹਨ। ਫੈਕਟਰੀ ਦਾ ਮਾਲਕ ਜਾਂ ਸੰਯੋਜਕ ਉਤਪਾਦਨ ਦੇ ਬਾਕੀ ਤਿੰਨਾਂ ਤੱਤਾਂ ਭੂਮੀ, ਧਨ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰਦਾ ਹੈ। ਇਸ ਪ੍ਰਕਾਰ ਉਤਪਾਦਨ ਦੇ ਸਾਧਨਾਂ ਦਾ 50 ਫ਼ੀਸਦੀ ਹਿੱਸਾ ਮਨੁੱਖੀ ਸਾਧਨਾਂ ’ਤੇ ਨਿਰਭਰ ਕਰਦਾ ਹੈ। ਕਾਰਲ ਮਾਰਕਸ ਨੇ ਵੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਮਜ਼ਦੂਰਾਂ ਨੂੰ ਸਭ ਤੋਂ ਵੱਧ ਮਹੱਤਵਪੂਰਨ ਮੰਨਿਆ ਹੈ। ਇਹੋ ਕਾਰਨ ਹੈ ਕਿ ਮਾਰਕਸਵਾਦ ਉਤਪਾਦਨ ਵਿੱਚ ਵਾਧੇ ਅਤੇ ਮਾਲਕਾਂ ਦੇ ਮੁਨਾਫ਼ੇ ਲਈ ਮਜ਼ਦੂਰਾਂ ਦੀ ਭੂਮਿਕਾ ਨੂੰ ਅਹਿਮ ਮੰਨਦਾ ਹੈ ਅਤੇ ਉਨ੍ਹਾਂ ਨੂੰ ਮੁਨਾਫ਼ੇ ਵਿੱਚ ਹਿੱਸੇਦਾਰ ਬਣਾਉਣ ਦੀ ਵਕਾਲਤ ਕਰਦਾ ਹੈ। ਅਨੇਕਾਂ ਵਿਦਵਾਨ ਮੰਨਦੇ ਹਨ ਕਿ ਉਤਪਾਦਨ ਦੇ ਸਾਧਨਾਂ ’ਤੇ ਮਜ਼ਦੂਰਾਂ ਦੀ ਮਾਲਕੀ ਹੋਣੀ ਚਾਹੀਦੀ ਹੈ ਕਿਉਂਕਿ ਸਿਰਫ਼ ਉਹ ਹੀ ਉਤਪਾਦਨ ਦੀ ਪ੍ਰਕਿਰਿਆ ਨੂੰ ਚਲਾਉਂਦੇ ਹਨ ਅਤੇ ਸਫ਼ਲ ਬਣਾਉਂਦੇ ਹਨ।
ਹਰ ਸਾਲ ਸਰਕਾਰਾਂ ਦੁਆਰਾ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵੱਡੀ ਮਾਤਰਾ ਵਿੱਚ ਧਨ ਖ਼ਰਚ ਕੀਤਾ ਜਾਂਦਾ ਹੈ। ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾਂਦੀਆਂ ਹਨ ਅਤੇ ਰੇਲ ਗੱਡੀਆਂ ਦੀ ਗਿਣਤੀ ਵਧਾਈ ਜਾਂਦੀ ਹੈ। ਫਿਰ ਕੀ ਕਾਰਨ ਹੈ ਕਿ ਆਵਾਜਾਈ ਦੇ ਸਾਧਨਾਂ ਵਿੱਚ ਭੀੜ ਹਰ ਸਾਲ ਪਹਿਲਾਂ ਤੋ ਵੀ ਵਧ ਜਾਂਦੀ ਹੈ। ਸਰਕਾਰਾਂ ਸਮੇਂ-ਸਮੇਂ ’ਤੇ ਸਰਕਾਰੀ ਦਫ਼ਤਰਾਂ ਵਿੱਚ ਭਰਤੀਆਂ ਕਰਦੀਆਂ ਹਨ ਪਰ ਫਿਰ ਵੀ ਅਨੇਕਾਂ ਦਫ਼ਤਰ ਕੰਮ ਦੇ ਬੋਝ ਦੀ ਦੁਹਾਈ ਦਿੰਦੇ ਹਨ। ਹਰ ਸਾਲ ਸੈਂਕੜੇ ਸਕੂਲ ਖੋਲ੍ਹੇ ਜਾਂਦੇ ਹਨ ਪਰ ਫਿਰ ਵੀ ਸਰਵਵਿਆਪਕ ਸਿੱਖਿਆ ਦਾ ਮਨੋਰਥ ਪੂਰਾ ਨਹੀਂ ਕੀਤਾ ਜਾ ਸਕਿਆ। ਬੈਂਕ, ਸਟਾਫ਼ ਸਿਲੈਕਸ਼ਨ ਕਮਿਸ਼ਨ, ਰੇਲਵੇ, ਸਰਕਾਰੀ ਅਤੇ ਗ਼ੈਰ ਸਰਕਾਰੀ ਕੰਪਨੀਆਂ ਅਤੇ ਵਿਭਾਗਾਂ ਵਿੱਚ ਹਰ ਸਾਲ ਲੱਖਾਂ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ ਪਰ ਫਿਰ ਵੀ ਮੁਲਕ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਰੁਜ਼ਗਾਰ ਦੀ ਤਲਾਸ਼ ਵਿੱਚ ਭਟਕ ਰਹੀ ਹੈ। ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਦਾ ਇੱਕ ਵੱਡਾ ਕਾਰਨ ਦੇਸ਼ ਦੀ ਤੇਜ਼ੀ ਨਾਲ ਵਧਦੀ ਜਨਸੰਖਿਆ ਹੈ। ਸਰਕਾਰਾਂ ਦੁਆਰਾ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਵਧਦੀ ਜਨਸੰਖਿਆ ਅੱਗੇ ਨਾਕਾਮ ਹੋ ਜਾਂਦੀਆਂ ਹਨ।
ਜਨਸੰਖਿਆ ਕਿਸੇ ਵੀ ਦੇਸ਼ ਦੀ ਤਾਕਤ ਹੁੰਦੀ ਹੈ। ਇਸ ਸਦਕਾ ਨਾ ਸਿਰਫ਼ ਦੇਸ਼ ਇੱਕ ਵੱਡੀ ਫ਼ੌਜੀ ਤਾਕਤ ਦੇ ਰੂਪ ਵਿੱਚ ਉੱਭਰ ਸਕਦਾ ਹੈ ਸਗੋਂ ਇਸ ਨਾਲ ਉਦਯੋਗਿਕ ´ਾਂਤੀ ਵੀ ਲਿਆਂਦੀ ਜਾ ਸਕਦੀ ਹੈ।  ਜਨਸੰਖਿਆ ਵਿਸਫੋਟ ਭਾਵੇਂ ਵੱਡੀ ਸਮੱਸਿਆ ਬਣ ਕੇ ਉਭਰਿਆ ਹੈ ਪਰ ਚੀਨ ਵਰਗਾ ਦੇਸ਼ ਆਪਣੀ ਜਨਸੰਖਿਆ ਦੇ ਸਿਰ ’ਤੇ ਹੀ ਫ਼ੌਜੀ ਮਹਾਂਸ਼ਕਤੀ ਦੇ ਰੂਪ ਵਿੱਚ ਉਭਰ ਰਿਹਾ ਹੈ। ਵੱਡੀ ਜਨਸੰਖਿਆ ਤੋਂ ਚੀਜ਼ਾਂ ਦੀ ਵਿਕਰੀ ਲਈ ਵੱਡਾ ਬਾਜ਼ਾਰ ਮਿਲਦਾ ਹੈ ਅਤੇ ਉਤਪਾਦਨ ਕਰਨ ਲਈ ਕਾਮੇ ਜ਼ਿਆਦਾ ਗਿਣਤੀ ਵਿੱਚ ਅਤੇ ਸੌਖ ਨਾਲ  ਮਿਲ ਜਾਂਦੇ ਹਨ। ਅੱਜ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕੰਮ ਕਰਨ ਲਈ ਕਾਮਿਆਂ ਦੀ ਸਮੱਸਿਆ ਹੈ। ਲੱਖਾਂ ਏਕੜ ਭੂਮੀ ਬੇਕਾਰ ਪਈ ਹੈ ਪਰ ਇਸ ਨੂੰ ਖੇਤੀ ਯੋਗ ਬਣਾਉਣ ਲਈ ਕਿਸਾਨਾਂ ਦੀ ਘਾਟ ਹੈ। ਸਾਡੇ ਕੋਲ ਇੰਨੇ ਮਨੁੱਖੀ ਸਾਧਨ ਹਨ ਕਿ ਜੇਕਰ ਅਸੀਂ ਇਨ੍ਹਾਂ ਸਾਰਿਆਂ ਦੀ ਸੁਚੱਜੀ ਵਰਤੋਂ ਕਰੀਏ ਤਾਂ ਕੁਝ ਸਾਲਾਂ ਵਿੱਚ ਹੀ ਦੇਸ਼ ਦਾ ਮੁਹਾਂਦਰਾ ਬਦਲ ਸਕਦਾ ਹੈ ਪਰ ਅਫ਼ਸੋਸ ਸਾਡੀਆਂ ਸਰਕਾਰਾਂ ਇਨ੍ਹਾਂ ਸਾਧਨਾਂ ਤੋਂ ਲਾਭ ਲੈਣ ਦੇ ਉਪਰਾਲੇ ਨਹੀਂ ਕਰ ਰਹੀਆਂ ਹਨ।
ਮੁਲਕ ਲਈ ਸਭ ਤੋ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਨੌਜਵਾਨ ਜਨਸੰਖਿਆ ਦਾ ਹੈ। ਜੇਕਰ ਅਸੀਂ ਨੌਜਵਾਨਾਂ ਨੂੰ ਸੰਤੁਸ਼ਟ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਅੱਜ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਜਦ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਨਸ਼ਿਆਂ ਵੱਲ ਮੋੜਾ ਖਾ ਜਾਂਦੇ ਹਨ ਜਾਂ ਗ਼ੈਰ ਸਮਾਜਿਕ ਤੱਤਾਂ ਦੇ ਹੱਥ ਚੜ੍ਹ ਜਾਂਦੇ ਹਨ। ਸਾਡੇ ਦੇਸ਼ ਦੇ ਜ਼ਿਆਦਾਤਰ ਨੌਜਵਾਨਾਂ ਦਾ ਇੱਕੋ-ਇੱਕ ਮਕਸਦ ਪੜ੍ਹ ਲਿਖ ਕੇ ਚੰਗੀ ਨੌਕਰੀ ਪ੍ਰਾਪਤ ਕਰਨਾ ਹੀ ਬਣ ਚੁੱਕਿਆ ਹੈ। ਨੌਜਵਾਨਾਂ ਦੇ ਮਨ ਵਿੱਚੋਂ ਨੌਕਰੀ ਪ੍ਰਾਪਤ ਕਰਨ ਦੀ ਮਾਨਸਿਕਤਾ ਨੂੰ ਕੱਢਣ ਦੀ ਲੋੜ ਹੈ। ਉਨ੍ਹਾਂ ਨੂੰ ਸਵੈ-ਰੁਜ਼ਗਾਰ ਵੱਲ ਕਦਮ ਵਧਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੀ ਦਿਸ਼ਾ ਵਿੱਚ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਨੌਜਵਾਨਾਂ ਨੂੰ  ਉਨ੍ਹਾਂ ਦੀ ਯੋਗਤਾ ਅਤੇ ਸਮਰੱਥਾ ਅਨੁਸਾਰ ਕੰਮ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਵਸੋਂ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਇਸ ਆਧਾਰ ਨਾਲ ਤਿਆਰ ਕਰੀਏ ਕਿ ਅਸੀਂ ਆਪਣੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੀ ਦੇਸ਼ ਵਿੱਚ ਤਿਆਰ ਕਰ ਸਕੀਏ ਤਾਂ ਅਸੀਂ ਆਯਾਤ ਲਈ ਭਾਰੀ ਮਾਤਰਾ ਵਿੱਚ ਖ਼ਰਚ ਕੀਤੀ ਜਾਣ ਵਾਲੀ ਵਿਦੇਸ਼ੀ ਕਰੰਸੀ ਬਚਾ ਸਕਦੇ ਹਾਂ। ਇਸ ਨਾਲ ਨਾ ਸਿਰਫ਼ ਮਹਿੰਗਾਈ ਵਿੱਚ ਕਮੀ ਆਵੇਗੀ ਸਗੋਂ ਸਾਡੇ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸੇ ਪ੍ਰਕਾਰ ਜੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਚੰਗੀ ਸਿਖਲਾਈ ਦੇ ਕੇ ਵਿਦੇਸ਼ਾਂ ਵਿੱਚ ਕੰਮ ਕਾਰ ਕਰਨ ਲਈ ਭੇਜੀਏ ਅਤੇ ਉਹ ਵਿਦੇਸ਼ਾਂ ਵਿੱਚ ਕਮਾਏ ਧਨ ਦਾ ਨਿਵੇਸ਼ ਸਾਡੇ ਦੇਸ਼ ਵਿੱਚ ਕਰਨ ਤਾਂ ਸਾਡਾ ਦੇਸ਼ ਤਰੱਕੀ ਦੀਆਂ ਬੁਲੰਦੀਆਂ ਹਾਸਲ ਕਰ ਸਕਦਾ ਹੈ।
ਸਭ ਤੋਂ ਵੱਡੀ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਜਨਸੰਖਿਆ ਦਾ ਵਧੀਆ ਨਿਯੋਜਨ ਕੀਤਾ ਜਾਵੇ। ਨਾਗਰਿਕਾਂ ਨੂੰ ਚੰਗੀ ਸਿਹਤ, ਸਫ਼ਾਈ, ਭੋਜਨ ਆਦਿ ਨਾਲ ਸਬੰਧਤ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਜੇਕਰ ਜਨਤਾ ਸਿਹਤਮੰਦ, ਪੜ੍ਹੀ ਲਿਖੀ ਅਤੇ ਕਾਰਜਕੁਸ਼ਲ ਹੋਵੇਗੀ ਤਾਂ ਹੀ ਦੇਸ਼ ਤਰੱਕੀ ਕਰ ਸਕੇਗਾ। ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਜੁਰਮਾਂ ਵਿੱਚ ਕਮੀ ਆ ਸਕੇ। ਦੇਸ਼ ਦੀ ਵੱਡੀ ਅਬਾਦੀ ਜਿਹੜੀ ਖੇਤੀ ਖੇਤਰ ’ਤੇ ਨਿਰਭਰ ਹੈ, ਨੂੰ ਉਦਯੋਗਿਕ ਖੇਤਰ ਵੱਲ ਮੋੜਨਾ ਚਾਹੀਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਦਾ ਹਰ ਵਿਅਕਤੀ ਆਤਮ ਨਿਰਭਰ ਬਣੇ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। ਇਸ ਤੋਂ ਇਲਾਵਾ ਲੋਕਤੰਤਰੀ ਅਤੇ ਯੋਗ ਢੰਗ ਨਾਲ ਪਰਿਵਾਰ ਨਿਯੋਜਨ ਨੂੰ ਵੀ ਜਾਰੀ ਰੱਖਣਾ ਅਤੇ ਤੇਜ਼ੀ ਨਾਲ ਵਧਦੀ ਜਨਸੰਖਿਆ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹਾ। ਜਨਸੰਖਿਆ ਭਾਵੇਂ ਇੱਕ ਵੱਡੀ ਸ਼ਕਤੀ ਹੈ ਪਰ ਕਿਸੇ ਵੀ ਚੀਜ਼ ਦੀ ਬਹੁਲਤਾ ਵਾਂਗ ਇਸ ਦਾ ਵੀ  ਨਿਰੰਤਰ ਤੇ ਬੇਰੋਕ ਵਾਧਾ ਨੁਕਸਾਨਦਾਇਕ ਹੈ।  ਜੇਕਰ ਹਰ ਹੱਥ ਨੂੰ ਕੰਮ ਅਤੇ ਰੁਜ਼ਗਾਰ ਮਿਲੇ ਤਾਂ ਜਨਸੰਖਿਆ ਮੁਲਕ ਦਾ ਅਤਿਅੰਤ ਮਹੱਤਵਪੂਰਨ ਪੈਦਾਵਾਰੀ ਸਾਧਨ ਅਤੇ ਸੋਮਾ ਸਿੱਧ ਹੋ ਸਕਦੀ ਹੈ।

ਗੁਰਵਿੰਦਰ ਸਿੰਘ

ਸੰਪਰਕ: 99150-25567

http://punjabitribuneonline.com

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਬੱਚੇ – ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਸਾਧਨ (ਬਾਲ ਦਿਵਸ ਤੇ ਵਿਸ਼ੇਸ਼)

ਪਿਆਰੇ ਬੱਚਿਓ! ਅੱਜ ਬਾਲ ਦਿਵਸ ਹੈ, ਤੁਹਾਡਾ ਆਪਣਾ ਪਿਆਰਾ ਦਿਨ | ਤੁਸੀਂ ਜਾਣਦੇ ਹੋ ਕਿ ਅੱਜ ਤੁਹਾਡੇ ਪਿਆਰੇ ‘ਚਾਚਾ ਨਹਿਰੂ ਜੀ’ ਦਾ ਜਨਮ ਦਿਨ ਹੈ, ਜਿਨ੍ਹਾਂ ਦੀਆਂ ਅੱਖਾਂ ‘ਚ ਬੱਚਿਆਂ


Print Friendly
Education World0 Comments

ਸਾਖ਼ਰਤਾ ਦਿਵਸ 'ਤੇ ਵਿਸ਼ੇਸ਼ – ਸਾਖ਼ਰਤਾ ਤੇ ਸੱਭਿਅਕ ਸਮਾਜ

ਸੰਸਾਰ ਭਰ ਦੇ ਲੋਕਾਂ ਨੂੰ ਸਾਖਰਤਾ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1965 ਵਿਚ ਇਕ ਮਤਾ ਪਾਸ ਕਰਕੇ ਹਰ ਸਾਲ 8 ਸਤੰਬਰ ਨੂੰ ਕੌਮਾਂਤਰੀ ਪੱਧਰ


Print Friendly
Important Days0 Comments

ਅੰਬੇਦਕਰ ਜਯੰਤੀ ਤੇ ਵਿਸ਼ੇਸ਼ (14 ਅਪ੍ਰੈਲ)

ਡਾਕਟਰ ਭੀਮ ਰਾਉ ਅੰਬੇਡਕਰ ( 14 ਅਪ੍ਰੈਲ 1891 – 6 ਦਸੰਬਰ 1956) ਇੱਕ ਭਾਰਤੀ ਕਾਨੂੰਨਦਾਨ ਸਨ । ਉਹ ਇੱਕ ਬਹੁਜਨ ਰਾਜਨੀਤਕ ਨੇਤਾ ਅਤੇ ਬੋਧੀ ਪੁਨਰੁੱਥਾਨਵਾਦੀ ਹੋਣ ਦੇ ਨਾਲ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸਨ। ਉਨ੍ਹਾਂ ਨੂੰ ਬਾਬਾ ਸਾਹਿਬ


Print Friendly