Print Friendly

ਸਤਿਗੁਰ ਨਾਨਕ ਪ੍ਰਗਟਿਆ…

ਅੱਜ ਤੋਂ 545 ਕੁ ਸਾਲ ਪਹਿਲਾਂ ਜਦੋਂ ਭਾਰਤ ਵਰਸ਼ ਵਿੱਚ ਜਬਰ ਤੇ ਜ਼ੁਲਮ ਦੀ ਅੱਤ ਹੋ ਰਹੀ ਸੀ। ਗਰੀਬਾਂ ਤੇ ਮਜ਼ਲੂਮਾਂ ਦਾ ਜਿਉਣਾ ਦੁੱਭਰ ਹੋ ਗਿਆ ਸੀ। ਮਲਿਕ ਭਾਗੋ ਵਰਗੇ ਸਮਾਜ ਦੇ ਠੇਕੇਦਾਰ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਸਨ ਤਾਂ ਰਾਇ-ਭੌਇ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1469 ਈਸਵੀ ਵਿੱਚ ਇਕ ਵਚਿੱਤਰ ਬਾਲਕ ਨੇ ਜਨਮ ਲਿਆ। ਭਾਈ ਗੁਰਦਾਸ ਜੀ ਨੇ ਉਸ ਸਮੇਂ ਦਾ ਜ਼ਿਕਰ ਆਪਣੀਆਂ ਵਾਰਾਂ ਵਿਚ ਬਾਖੂਬੀ ਕੀਤਾ:
‘‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣਾ ਹੋਆ,
ਜਿਉਂਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ।’’
ਕਹਿਣ ਨੂੰ ਤਾਂ ਅਸੀਂ ਇਸ ਮਹਾਨ ਪੁਰਸ਼ ਨੂੰ ਬਾਬਾ ਨਾਨਕ ਕਹਿ ਕੇ ਸਿੱਖ ਧਰਮ ਦੇ ਪਹਿਲੇ ਗੁਰੂ ਕਹਿੰਦੇ ਹਾਂ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਕੇਵਲ ਸਿੱਖਾਂ ਤੱਕ ਹੀ ਵਰਗੀਕ੍ਰਿਤ ਨਹੀਂ ਕੀਤਾ, ਮਹਿਦੂਦ ਨਹੀਂ ਰੱਖਿਆ ਬਲਕਿ ਉਹ ਤਾਂ ਹਿੰਦੂਆਂ ਤੇ ਮੁਸਲਮਾਨਾਂ ਵਿਚ ਵੀ ਉਨੇ ਹੀ ਹਰਮਨ ਪਿਆਰੇ ਸਨ ਅਤੇ ਹੁਣ ਤੱਕ ਜਿੰਨੇ ਵੀ ਮਹਾਂਪੁਰਸ਼ ਹੋਏ ਹਨ, ਉਨ੍ਹਾਂ ਵਿੱਚੋਂ ਜੇ ਕਿਸੇ ਨੂੰ ਜਗਤ ਗੁਰੂ ਕਰਕੇ ਜਾਣਿਆ ਜਾਂਦਾ ਹੈ ਤਾਂ ਉਹ ਕੇਵਲ ਗੁਰੂ ਨਾਨਕ ਦੇਵ ਜੀ ਹੀ ਹਨ। ਉਸ ਵੇਲੇ ਦਾ ਸਮਾਜ ਪਾਖੰਡਾਂ, ਜਾਦੂ-ਟੂਣਿਆਂ ਅਤੇ ਵਹਿਮਾਂ-ਭਰਮਾਂ ਨਾਲ ਲਬਰੇਜ ਸੀ। ਵਹਿਮ-ਭਰਮ ਤਾਂ ਭਾਵੇਂ ਹੁਣ ਵੀ ਮਨੁੱਖ ਨਾਲ ਉਨੇ ਹੀ ਚਿੰਬੜੇ ਹੋਏ ਹਨ। ਇਨ੍ਹਾਂ ਦਾ ਚੋਲੀ ਦਾਮਨ ਦਾ ਸਾਥ ਬਣ ਚੁੱਕਿਐ ਪਰ ਹੁਣ ਫਿਰ ਵੀ ਸਾਇੰਸ ਤੇ ਤਕਨਾਲੋਜੀ ਨੇ  ਕਾਫੀ ਹਨੇਰਾ ਦੂਰ ਕਰ ਦਿੱਤਾ ਹੈ ਜੋ ਉਦੋਂ ਨਹੀਂ ਸੀ ਹੋਇਆ। ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਬੜੇ ਗਿਆਨ-ਪੂਰਵਕ ਇਨ੍ਹਾਂ ਭਰਮਾਂ ਦਾ ਖੰਡਨ ਕੀਤਾ। ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ, ਪੜ੍ਹਾਉਣ ਆਏ ਪਾਧੇ ਨੂੰ  ਅਜਿਹੇ ਸਵਾਲ ਪੁੱਛੇ ਕਿ ਉਹ ਦੰਗ ਰਹਿ ਗਿਆ…। ਪਟਵਾਰੀ ਪਿਤਾ ਦੀ ਹਰ ਪਿਤਾ ਵਾਂਗ ਖਾਹਿਸ਼ ਸੀ ਕਿ ਉਨ੍ਹਾਂ ਦਾ ਲੜਕਾ ਵਪਾਰ ਕਰੇ। ਅਮੀਰ ਬਣੇ ਤੇ ਸਮਾਜ ਵਿਚ ਨਾਮ ਕਮਾਵੇ ਤੇ ਉਨ੍ਹਾਂ ਦਾ ਨਾਮ ਵੀ ਰੋਸ਼ਨ ਕਰੇ। ਪ੍ਰੰਤੂ ਬਾਬਾ ਨਾਨਕ ਜੋ ਖੁਦ ਪ੍ਰਮਾਤਮਾ ਦੇ ਵਿਸ਼ੇਸ਼ ਦੂਤ ਵਜੋਂ ਆਏ ਸਨ। ਉਹ ਅਜਿਹੀਆਂ ਦੁਨਿਆਵੀ ਬੰਦਸ਼ਾਂ ਵਿਚ ਬੱਝਣ ਵਾਲੇ ਕਿੱਥੇ ਸਨ।
ਏਹੀ ਕਾਰਨ ਸੀ ਕਿ ਜਦੋਂ ਉਨ੍ਹਾਂ ਦੇ ਪਿਤਾ ਜੀ ਨੇ ਵੀਹ ਰੁਪਏ (ਜੋ ਅੱਜ ਬਹੁਤ ਛੋਟੀ ਜਿਹੀ ਰਕਮ ਪ੍ਰਤੀਤ ਹੁੰਦੀ ਹੈ ਅੱਜ ਤੋਂ ਸਾਢੇ ਕੁ ਪੰਜ ਸੌ ਸਾਲ ਪਹਿਲਾਂ ਕਿੱਡੀ ਵੱਡੀ ਰਕਮ ਹੋਵੇਗੀ।) ਦੇ ਕੇ ਕੋਈ ਖਰਾ ਜਿਹਾ (ਸੱਚਾ) ਸੌਦਾ ਕਰਨ ਦਾ ਉਪਦੇਸ਼ ਦਿੱਤਾ। ਅਜੋਕੇ ਲੱਖਾਂ ਰੁਪਏ ਦੇ ਬਰਾਬਰ ਵਪਾਰ ਹੋ ਸਕਦਾ ਸੀ। ਪਰ ਹੋਇਆ ਕਿ ਜਦੋਂ ਉਹ ਘਰੋਂ ਬਾਹਰ ਨਿਕਲ ਕੇ ਸ਼ਹਿਰ ਦੇ ਨੇੜੇ ਆਏ ਤਾਂ ਸਾਧੂ ਸੰਤਾਂ ਦਾ ਇਕ ਵੱਡਾ ਝੁੰਡ ਉਨ੍ਹਾਂ ਨੂੰ ਮਿਲਿਆ। ਜੋ ਕਈ ਦਿਨਾਂ ਤੋਂ ਭੁੱਖਾ ਸੀ। ਕੋਈ ਸਾਧਾਰਨ ਮਨੁੱਖ ਹੁੰਦਾ ਤਾਂ ਉਨ੍ਹਾਂ ਵੱਲ ਤੱਕਦਾ ਵੀ ਨਾ… ਪਿਤਾ ਦੀ ਖਾਹਿਸ਼ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ। ਪ੍ਰੰਤੂ ਜਦੋਂ ਚੜ੍ਹਦੀ ਉਮਰ ਦੇ ਬਾਬੇ ਨਾਨਕ ਨੂੰ ਸਾਧੂਆਂ ਨੇ ਭੁੱਖ ਦਾ ਸਵਾਲ ਪਾਇਆ ਤਾਂ ਉਨ੍ਹਾਂ ਦੇ ਮਨ ਨੇ ਤੁਰੰਤ ਗਵਾਹੀ ਭਰ ਦਿੱਤੀ ਕਿ ਇਸ ਤੋਂ ਵਧੀਆਂ  ਤੇ ਸੱਚਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ?… ਉਨ੍ਹਾਂ ਨੇ ਤੁਰੰਤ ਉਸ ਰਕਮ ਦੀ ਰਸਦ ਖਰੀਦ ਕੇ ਸਾਧੂਆਂ ਨੂੰ ਭੋਜਨ  ਛਕਾਇਆ ਤੇ ਲੰਗਰ ਦੀ ਅਜਿਹੀ ਬੁਨਿਆਦ ਰੱਖੀ ਜਿਹੜੀ ਅੱਜ ਵੀ ਦੁਨੀਆ ਦੇ ਹਰ ਕੋਨੇ-ਕੋਨੇ ਵਿਚ ਜਿੱਥੇ ਕਿਤੇ ਵੀ ਨਾਨਕ ਨਾਮ ਲੇਵਾ ਲੋਕ ਵੱਸਦੇ ਹਨ ਉਥੇ ਗੁਰੂ ਘਰਾਂ ਵਿੱਚ ਗੁਰੂ ਕਾ ਲੰਗਰ ਵੀ ਜ਼ਰੂਰ  ਵਰਤਦਾ ਹੈ। ਸਮਾਜਵਾਦ ਦੀ ਅਸਲ ਨੀਂਹ ਤੇ ਮੁੱਖ ਧਾਰਾ ਏਹੀ ਹੈ ਕਿ ਸਮਾਜ ਵਿਚ ਕੋਈ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ। ਏਸੇ ਆਧਾਰ ’ਤੇ ਹੀ ਸਮਾਜਵਾਦੀ ਭਾਵਨਾ ਵਿਕਸਤ ਹੋਈ ਹੈ।…ਜੇ ਸਾਡੇ ਭਾਰਤ ਵਿਚ ਅੱਜ ਸਰਕਾਰ ਨੇ ਭੋਜਨ ਸੁਰੱਖਿਆ ਗਾਰੰਟੀ ਕਾਨੂੰਨ ਬਣਾਇਆ ਹੈ ਤਾਂ ਇਹ ਬਾਬੇ ਨਾਨਕ ਦੀ ਸੋਚ ਦਾ ਹੀ ਇਕ ਕਦਮ ਹੈ।
ਮਹਿਤਾ ਕਾਲੂ ਜੀ ਨੇ ਹਰ ਸੰਭਵ ਯਤਨ ਕੀਤਾ ਕਿ ਉਹ ਨਾਨਕ ਜੀ ਨੂੰ ਦੁਨਿਆਵੀ ਕੰਮਾਂ ਵਿਚ ਲਾਉਣ ਪਰ ਕੋਈ ਵੀ ਯਤਨ ਕਾਮਯਾਬ ਨਾ ਹੋਇਆ। ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿਚ ਨੌਕਰੀ ਲਵਾ ਕੇ ਵੀ ਦੁਨੀਆਂਦਾਰੀ ਵਿਚ ਲਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਤਾਂ ਪ੍ਰਮਾਤਮਾ ਨਾਲ ਬਹੁਤ ਹੀ ਅਲੌਕਿਕ ਰਿਸ਼ਤਾ ਸੀ ਤੇ ਉਹ ਹਰ ਕੰਮ ਵਿਚ ਤੇਰਾ-ਤੇਰਾ ਦਾ ਹੀ ਜਾਪ ਕਰਦੇ ਸਨ। ਜੇ ਵਿਆਹ ਕਰ ਕੇ ਉਨ੍ਹਾਂ ਨੇ ਨਾਨਕ ਜੀ ਨੂੰ ਗ੍ਰਹਿਸਤੀ ਵਿਚ ਰਿਝਾਉਣ ਦਾ ਯਤਨ ਕੀਤਾ ਤਾਂ ਏਥੇ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਉਨ੍ਹਾਂ ਨੇ ਗ੍ਰਹਿਸਤ ਮਾਰਗ ਜ਼ਰੂਰ ਅਪਣਾਇਆ। ਮਾਤਾ ਸੁਲੱਖਣੀ ਜੀ ਨਾਲ ਉਨ੍ਹਾਂ ਦੀ ਸ਼ਾਦੀ ਹੋਈ ਤੇ ਦੋ ਪੁੱਤਰ ਵੀ ਪੈਦਾ ਹੋਏ… ਬਾਬਾ ਸ੍ਰੀਚੰਦ ਅਤੇ ਬਾਬਾ ਲਖਮੀ ਦਾਸ ਜੀ। ਪਰ ਉਹ ਗ੍ਰਹਿਸਤ ਮਾਰਗ ਵਿਚ ਵੀ ਲੀਨ ਨਾ ਹੋਏ। ਅਖੀਰ ਸਭ ਝਮੇਲੇ ਛੱਡ ਕੇ ਉਨ੍ਹਾਂ ਨੇ ਚਹੁੰਆਂ ਦਿਸ਼ਾਵਾਂ ਵੱਲ ਚਾਰ ਯਾਤਰਾਵਾਂ ਕੀਤੀਆਂ ਜੋ ਚਾਰ ਉਦਾਸੀਆਂ ਵਜੋਂ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਉਦਾਸੀਆਂ ਦੌਰਾਨ ਉਨ੍ਹਾਂ ਨੇ ਵਹਿਮ-ਭਰਮਾਂ ਤੇ ਪਾਖੰਡਾਂ ਤੋਂ ਦੁਨੀਆ ਨੂੰ ਨਿਜਾਤ ਦਿਵਾਉਣ ਲਈ ਕੁਰੂਕਸ਼ੇਤਰ ਵਿਖੇ ਗ੍ਰਹਿਣ ਵਾਲੇ ਦਿਨ ਪੰਡਤਾਂ ਦੇ ਉਲਟ ਪੱਛਮ ਵੱਲ ਨੂੰ ਪਾਣੀ ਝੱਟ ਕੇ ਉਨ੍ਹਾਂ ਦਾ ਵਹਿਮ ਦੂਰ ਕੀਤਾ। ਤਰਕ ਦੇ ਆਧਾਰ ’ਤੇ ਸਮਝਾਇਆ। ਸਿੱਧਾਂ ਨਾਲ ਗੋਸ਼ਟ ਕੀਤੀ। ਉਨ੍ਹਾਂ ਦੇ ਭਰਮ ਨੂੰ ਤੋੜਿਆ। ਕੌਡਾ ਰਾਖਸ਼, ਵਲੀ ਕੰਧਾਰੀ ਅਤੇ ਸੱਜਣ ਠੱਗ ਵਰਗੇ ਕਿੱਸਿਆਂ ਨਾਲ ਇਤਿਹਾਸ ਭਰਿਆ ਪਿਆ ਹੈ।
ਲੋਕਾਂ ਦੇ ਭਰਮ   ਭੁਲੇਖੇ ਦੂਰ ਕਰਨ ਲਈ ਕਿ ਰੱਬ ਕੇਵਲ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਜਾਂ ਗਿਰਜਾਘਰਾਂ ਵਿਚ ਹੀ ਨਹੀਂ ਰਹਿੰਦਾ ਬਲਕਿ ਹਰੇਕ ਥਾਂ ਅਤੇ ਹਰੇਕ ਮਨੁੱਖ ਦੇ ਅੰਦਰ ਹੈ। ਗੁਰੂ ਨਾਨਕ ਦੇਵ ਜੀ ਨੇ ਸਮਾਜ ਦੀ ਨੀਚ ਸਮਝੀ ਜਾਣ ਵਾਲੀ ਜਾਤ ਦਾ ਪ੍ਰਤੀਨਿਧ ਮਰਦਾਨਾ ਆਪਣਾ ਸਾਥੀ ਬਣਾਇਆ ਤਾਂ ਕਿ ਲੋਕਾਂ ਨੂੰ ਇਹ ਸੰਦੇਸ਼ ਪਹੁੰਚੇ ਕਿ ਕੋਈ ਵੀ ਮਨੁੱਖ ਜਨਮ ਜਾਤ ਕਾਰਨ ਨੀਚ ਨਹੀਂ ਹੁੰਦਾ ਬਲਕਿ ਉਹਦੇ ਕੰਮ ਉਹਨੂੰ ਨੀਚ ਬਣਾਉਂਦੇ ਹਨ। ਏਹੀ ਕਾਰਨ ਸੀ ਕਿ ਉਨ੍ਹਾਂ ਨੇ ਏਮਨਾਬਾਦ ਦੇ ਸ਼ਾਹੂਕਾਰ ਮਲਿਕ ਭਾਗੋ ਦੇ ਸ਼ਾਹੀ ਭੋਜ ਨੂੰ ਠੁਕਰਾ ਕੇ ਗਰੀਬ ਮਿਹਨਤੀ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਖਾਧੀ ਸੀ।
ਯਾਤਰਾ ਦੌਰਾਨ ਮੁਲਤਾਨ ਪਹੁੰਚਣ ਸਮੇਂ ਬੜੀ ਵਚਿੱਤਰ ਘਟਨਾ ਵਾਪਰੀ। ਬਾਬਾ ਜੀ ਨੇ ਸਾਥੀ ਮਰਦਾਨੇ ਸਮੇਤ ਸ਼ਹਿਰੋਂ ਬਾਹਰ ਹੀ ਡੇਰਾ ਲਾ ਲਿਆ। ਉਹ ਸ਼ਹਿਰ ਉਨ੍ਹਾਂ ਦਿਨਾਂ ਵਿਚ ਸਾਧਾਂ ਨਾਲ ਭਰਿਆ ਪਿਆ ਸੀ। ਸਾਧ ਬਣ ਕੇ ਵਿਹਲੇ ਰਹਿਣ ਅਤੇ ਖਾਣ-ਪੀਣ ਦਾ ਸਹਿਜੇ ਹੀ ਸਰਲ ਕਾਰਜ ਹੈ। ਇਹ ਪ੍ਰਵਿਰਤੀ ਵੀ ਸਦਾ ਹੀ ਚਲਦੀ ਰਹੀ ਹੈ। ਬਾਬੇ ਨਾਨਕ ਦੇ ਉੱਥੇ ਪਹੁੰਚਣ ਨਾਲ ਪਹਿਲੇ ਸਾਧੂਆਂ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਅਖੀਰ ਉਨ੍ਹਾਂ ਦੇ ਮੁਖੀ ਨੇ ਬੜੀ ਤਰਕੀਬ ਨਾਲ ਦੁੱਧ ਦਾ ਇਕ ਪਿਆਲਾ ਭਰ ਕੇ ਆਪਣਾ ਇਕ ਚੇਲਾ ਬਾਬੇ ਨਾਨਕ ਕੋਲ ਭੇਜਿਆ। …ਜੇ ਕੋਈ ਆਮ ਡੰਗ ਟਪਾਊ ਸਾਧੂ ਹੁੰਦਾ ਤਾਂ ਦੁੱਧ ਵੇਖ ਕੇ ਝੱਟ ਛਕ ਜਾਂਦਾ। ਘਟ-ਘਟ ਦੀ ਜਾਨਣ ਵਾਲੇ ਬਾਬੇ ਨਾਨਕ ਨੇ ਚਮੇਲੀ ਦੇ ਫੁੱਲ ਦੀਆਂ ਦੋ ਪੱਤੀਆਂ ਪਿਆਲੇ ਵਿਚ ਪਾ ਕੇ ਦੁੱਧ ਉਂਜ ਹੀ ਵਾਪਸ ਭੇਜ ਦਿੱਤਾ।…ਭਰੇ ਹੋਏ ਦੁੱਧ ਦੇ ਪਿਆਲੇ ਦਾ ਗੁਪਤ ਅਰਥ ਸੀ ਕਿ ‘‘ਇਹ ਸ਼ਹਿਰ ਪਹਿਲਾਂ ਹੀ ਸਾਧੂਆਂ ਨਾਲ ਭਰਿਆ ਪਿਆ ਹੈ। ਇਸ ਲਈ ਤੁਸੀਂ ਹੋਰ ਕਿਧਰੇ ਡੇਰਾ ਲਾਓ।’’ ਬਾਬੇ ਨਾਨਕ ਨੇ ਗੁਪਤ ਸੰਦੇਸ਼ ਦਾ ਜਵਾਬ ਵੀ ਗੁਪਤ ਭਾਸ਼ਾ ਵਿਚ ਹੀ ਦਿੱਤਾ ਕਿ ਜਿਵੇਂ ਚਮੇਲੀ ਦੇ ਫੁੱਲ ਦੀਆਂ ਪੱਤੀਆਂ ਦੁੱਧ ’ਤੇ ਤੈਰ ਗਈਆਂ ਹਨ ਤੇ ਦੁੱਧ ਵਿਚ ਕੋਈ ਹਲਚਲ ਨਹੀਂ ਹੋਈ ਉਸੇ ਤਰ੍ਹਾਂ ਹੀ ਸਾਡੇ ਆਉਣ ਨਾਲ ਤੁਹਾਨੂੰ ਕੋਈ ਫਰਕ ਨਹੀਂ ਪਵੇਗਾ।
ਅੱਜ-ਕੱਲ੍ਹ ਦੇ ਬਾਬੇ ਆਲੀਸ਼ਾਨ ਕਾਰਾਂ ਤੇ ਜਹਾਜ਼ਾਂ ਵਿਚ ਘੁੰਮਦੇ ਹਨ ਪਰ ਬਾਬੇ ਨਾਨਕ ਨੇ ਉਸ ਸਮੇਂ ਦੇ ਦੂਰ-ਦੁਰਾਡੇ ਰਸਤਿਆਂ, ਪਹਾੜਾਂ ਤੇ ਸਮੁੰਦਰਾਂ ਦੇ ਕੰਢਿਆਂ ’ਤੇ ਵੀ ਪੈਦਲ ਹੀ ਯਾਤਰਾ ਕੀਤੀ। ਹਰ ਥਾਂ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਔਰਤ ਜਾਤ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੋਧ ਵਿਚ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਹੀ ਆਵਾਜ਼ ਉਠਾਈ ਅਤੇ ਦੁਰਕਾਰੀ ਜਾਣ ਵਾਲੀ ਔਰਤ ਨੂੰ ‘‘ਸੋ ਕਿਉਂ ਮੰਦਾ ਆਖੀਐ, ਜਿਤ ਜੰਮਹਿ ਰਾਜਾਨ।।’’ ਕਹਿ ਕੇ ਉਹਦੀ ਹਾਮੀ ਭਰੀ। ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਜਿੱਥੇ ਕਿਤੇ ਵੀ ਉਨ੍ਹਾਂ ਨੂੰ ਆਮ ਮਨੁੱਖ ਨਾਲ ਵਧੀਕੀ ਹੁੰਦੀ ਨਜ਼ਰ ਆਈ ਉੱਥੇ ਜਾ ਕੇ ਹੀ ਉਨ੍ਹਾਂ ਨੇ ਉਹਦਾ ਹੱਲ ਕੀਤਾ।
ਉਦਾਸੀਆਂ ਤੋਂ ਵਿਹਲੇ ਹੋ ਕੇ ਬਾਬੇ ਨਾਨਕ ਨੇ ਕਰਤਾਰਪੁਰ ਵਿਖੇ (ਜੋ ਅੱਜ-ਕੱਲ੍ਹ ਪਾਕਿਸਤਾਨ ਵਿਚ ਹੈ) ਖੇਤੀ ਕਰਕੇ ਹੱਥੀਂ ਕਿਰਤ ਕਰਨ ਦੇ ਉਪਦੇਸ਼ ’ਤੇ ਖੁਦ ਵੀ ਅਮਲ ਕੀਤਾ। ਏਥੇ ਹੀ ਆਪ ਜੀ ਦੀ ਮੁਲਾਕਾਤ ਭਾਈ ਲਹਿਣਾ ਜੀ ਨਾਲ ਹੋਈ ਜੋ ਯਾਤਰਾ ’ਤੇ ਜਾਣ ਦੇ ਮੂਡ ਵਿਚ ਆਇਆ ਸੀ ਪਰ ਏਥੇ ਦਾ ਹੀ ਹੋ ਕੇ ਰਹਿ ਗਿਆ। ਇਹ ਉਹ ਥਾਂ ਸੀ ਜਿਥੇ ਬਾਬਾ ਨਾਨਕ ਨੇ ਆਪਣੀ ਗੱਦੀ ਦੇ ਅਗਲੇ ਵਾਰਸ ਦੀ ਹਰ ਤਰ੍ਹਾਂ ਨਾਲ ਪਰਖ ਕੀਤੀ ਤੇ ਹਰ ਮਰਹੱਲੇ ’ਤੇ ਸਫਲ ਹੋਣ ਉਪਰੰਤ ਆਪਣੀ ਗੁਰਗੱਦੀ ਨੂੰ ਜੱਦੀ ਪੁਸ਼ਤੀ ਬਣਾਉਣ ਦੀ ਥਾਂ ਅਸਲੀ ਹੱਕਦਾਰ ਤੇ ਗੁਣਵਾਣ ਭਾਈ  ਲਹਿਣਾ ਜੀ ਨੂੰ ਸੌਂਪ ਕੇ ਗੁਰੂ ਅੰਗਦ ਦਾ ਨਾਮ ਦਿੱਤਾ।
ਗੁਰੂ ਨਾਨਕ ਦੇ ਸਮੁੱਚੇ ਜੀਵਨ ਵਿਚ ਸਹਿਜਤਾ, ਸਰਲਤਾ, ਸ਼ੁੱਧਤਾ, ਹਲੀਮੀ ਅਤੇ ਨਾਮਦਾਨ ਨਾਲ ਬਲਰੇਜ ‘ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ’ ਦਾ ਭਰਪੂਰ ਬੋਲਬਾਲਾ ਹੈ।… ਉਨ੍ਹਾਂ ਨੇ ਮਲਿਕ ਭਾਗੋ ਨੂੰ ਹਲੂਣਿਆ, ਲਾਲੋ ਨੂੰ ਗਲੇ ਲਗਾਇਆ, ਬਾਬਰ ਨੂੰ ਜਾਬਰ ਵੀ ਕਿਹਾ ਤੇ ਪਾਖੰਡੀਆਂ ਤੇ ਭੇਖੀਆਂ ਨੂੰ ਰਾਹੇ ਪਾਇਆ। ਗ੍ਰਹਿਣ ਪੂਜਾ ਤੇ ਵਰਤ ਰੱਖ ਕੇ ਪਾਖੰਡ ਕਰਨ ਤੇ ਮੂਰਤੀ ਪੂਜਣ ਦੀ ਨਿਖੇਧੀ ਕੀਤੀ।
ਸੁਆਰਥ ਤੇ ਹਉਮੈ ਤੋਂ ਦੂਰ ਉੱਠ ਕੇ ਉਨ੍ਹਾਂ ਨੇ ਆਪਣੇ ਜਾਨ-ਸ਼ੀਨ ਦੀ ਚੋਣ ਕੇਵਲ ਅਤੇ ਕੇਵਲ ਗੁਣਾਂ ਦੇ ਆਧਾਰ ’ਤੇ ਹੀ ਕੀਤੀ। ਵੰਸ਼ਵਾਦ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ।…ਪਰ ਕੀ ਉਸ ਮਹਾਨ ਗੁਰੂ ਦੀਆਂ ਸਿੱਖਿਆਵਾਂ ਦਾ ਸਾਡੇ ’ਤੇ ਜਾਂ ਸਾਡੇ ਸਮਾਜ ’ਤੇ ਕੋਈ ਅਸਰ ਹੋਇਆ ਹੈ? ਕੀ ਅੱਜ ਮਲਿਕ ਭਾਗੋ ਜਾਂ ਕੌਡੇ ਰਾਖਸ਼ ਖਤਮ ਹੋ ਗਏ ਹਨ? ਉਦੋਂ ਤਾਂ ਸ਼ਾਇਦ ਆਬਾਦੀ ਥੋੜ੍ਹੀ ਸੀ ਤੇ ਇਕ ਹੀ ਮਲਿਕ ਭਾਗੋ ਦਾ ਜ਼ਿਕਰ ਆਇਆ ਹੈ ਪਰ ਅੱਜ-ਕੱਲ੍ਹ ਤਾਂ ਸਾਡਾ ਆਲਾ-ਦੁਆਲਾ ਹੀ ਮਲਿਕ ਭਾਗੋਆਂ ਨਾਲ ਭਰਿਆ ਪਿਆ ਹੈ। ਵਿਚਾਰੇ ਲਾਲੋ ਰੂਪੀ ਆਮ ਮਨੁੱਖ ਦਾ ਜਿਉਣਾ ਹੀ ਦੁੱਭਰ ਹੋ ਗਿਆ ਹੈ। ਕੀ ਵਕਤ ਦੀ ਦੁਰਦਸ਼ਾ ਫਿਰ ਉਹੋ ਜਿਹੀ ਤਾਂ ਨਹੀਂ ਹੋ ਗਈ ਜਦੋਂ ਬਾਬੇ     ਨਾਨਕ ਨੂੰ ਉਦਾਸੀਆਂ ਕਰਨੀਆਂ ਪਈਆਂ ਸਨ?

ਦਰਸ਼ਨ ਸਿੰਘ ਰਿਆੜ
ਸੰਪਰਕ: 93163-11677

http://punjabitribuneonline.com/2013/11

Print Friendly

About author

Vijay Gupta
Vijay Gupta1089 posts

State Awardee, Global Winner

You might also like

Motivational Stories0 Comments

सहारा देने वाले को जो नष्ट करता है , उसकी ऐसी ही दुर्गति होती है।

एक बकरी के पीछे शिकारी कुत्ते दौड़े। बकरी जान बचाकर अंगूरों की झाड़ीमें घुस गयी। कुत्ते आगे निकल गए। बकरी ने निश्चिंतापूर्वकअँगूर की बेले खानी शुरु कर दी और जमीन


Print Friendly
Important Days0 Comments

ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਵਿਸ਼ੇਸ਼ (5 ਅਕਤੂਬਰ)

ਦੁਨੀਆਂ ਵਿੱਚ ਅਧਿਆਪਕ ਦਿਵਸ ਮਨਾਉਣ ਦੀ ਪਰੰਪਰਾ ਅਰਜਨਟਾਇਨਾ ਤੋਂ ਸ਼ੁਰੂ ਹੋਈ ਸੀ ਜਿਸ ਦੇ ਲੋਕਾਂ ਨੇ ਆਪਣੇ ਆਦਰਸ਼ ਅਧਿਆਪਕ ਦੇਸਿੰਗੇ ਫਾਸਟਿਨ ਸਰਮੀਐਂਟ ਦੇ ਅਕਾਲ ਚਲਾਣਾ ਹੋਣ ’ਤੇ 11 ਸਿਤੰਬਰ 1915


Print Friendly
  • Harmeet Kaur

    Very different article, valuable points raised by the writer,relevant in present scenario.

  • Harmeet Kaur

    Very different article, valuable points raised by the writer,relevant in present scenario.

  • Harmeet Kaur

    Very different article, valuable points raised by the writer,relevant in present scenario.