Print Friendly

ਜਦੋਂ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾਇਆ ਗਿਆ (ਖੂਨੀ ਸਾਕਾ 17 ਜਨਵਰੀ ਤੇ ਵਿਸ਼ੇਸ਼)

ਅੰਗ੍ਰੇਜ਼ ਧਾਰਮਿਕ ਕੂਕਾ ਲਹਿਰ ਦੇ ਰਾਜਨੀਤਿਕ ਮਨਸੂਬੇ ਦੇਖ ਕੇ ਡਰ ਗਿਆ। ਸਤਿਗੁਰੂ ਰਾਮ ਸਿੰਘ ਜੀ ਨੇ 12 ਅਪ੍ਰੈਲ 1857 ਈਸਵੀ ਨੂੰ ਆਜ਼ਾਦੀ ਪ੍ਰਾਪਤੀ ਲਈ ਚਿੱਟਾ ਝੰਡਾ ਲਹਿਰਾ ਕੇ ਅੰਗ੍ਰੇਜ਼ ਖਿਲਾਫ ਸ਼ਾਂਤੀ ਬਿਗਲ ਵਜਾ ਦਿੱਤਾ ਸੀ। ਉਨ੍ਹਾਂ ਪੰਜਾਬ ਦੇ ਕੋਨੇ-ਕੋਨੇ  ਵਿਚ ਨਾ-ਮਿਲਵਰਤ (ਬਾਈਕਾਟ) ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਆਤਮਿਕ, ਸਮਾਜਿਕ ਅਤੇ ਇਖਲਾਕੀ ਤੌਰ ‘ਤੇ ਉੱਚਾ ਚੁੱਕਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਸਿੱਖੀ ਮਾਰਗ ਨੂੰ ਪ੍ਰਪੱਕ ਕਰਨ ਲਈ ਪ੍ਰਚਾਰ ਕੀਤਾ। ਨਾਮਧਾਰੀਆਂ ਦਾ ਉੱਚਾ ਸੁੱਚਾ ਅਤੇ ਆਜ਼ਾਦੀ ਪ੍ਰਾਪਤੀ ਦਾ ਪ੍ਰਚਾਰ ਸੁਣ ਕੇ ਧੜਾ-ਧੜ ਪਿੰਡਾਂ ਦੇ ਪਿੰਡ ਲੋਕ ਨਾਮਧਾਰੀ ਸਜਣ ਲੱਗੇ। ਸਤਿਗੁਰੂ ਰਾਮ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਮਹਾ ਪੰਜਾਬ ਨੂੰ 22 ਹਿੱਸਿਆਂ ਵਿਚ ਵੰਡ ਕੇ 22 ਸੂਬੇ (ਜੋ ਵੱਖ-ਵੱਖ ਇਲਾਕਿਆਂ ਦ ਗਵਰਨਰੀ ਕਰਦੇ) ਨਿਯੁਕਤ ਕਰ ਦਿੱਤੇ। ਕਸ਼ਮੀਰ ਵਿਚ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ਕੂਕਾ ਰੈਜੀਮੈਂਟ ਖੜ੍ਹੀ ਕਰ ਦਿੱਤੀ। ਕੂਕਾ ਅੰਦੋਲਨ ਦੇ 15 ਸਾਲ ਦੇ ਪ੍ਰਚਾਰ, ਪ੍ਰਸਾਰ ਅਤੇ ਵੱਡੇ ਵਿਕਾਸ ਦੇ ਬਾਵਜੂਦ ਵੀ ਸਤਿਗੁਰੂ ਰਾਮ ਸਿੰਘ ਦੀਆਂ ਨੀਤੀਆਂ ਖਿਲਾਫ਼ ਅੰਗ੍ਰੇਜ਼ ਉਂਗਲ ਵੀ ਨਹੀਂ ਕਰ ਸਕੇ ਪਰ ਅੰਦਰੋ ਅੰਦਰੀ ਅੰਗ੍ਰੇਜ਼ਾਂ ਅੰਦਰ ਇਸ ਲਹਿਰ ਖਿਲਾਫ਼ ਭਾਂਬੜ ਬਲ ਰਹੇ ਸਨ। ਪੁਰਾਣੇ ਸਮਿਆਂ ਤੋਂ ਹਿੰਦੋਸਤਾਨ ਵਿਚ ਗਊ ਦੀ ਪੂਜਾ ਹੁੰਦੀ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਗ੍ਰਦੰਤੀ ਵਿਚ ਗਊ ਰੱਖਿਆ ਲਈ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਹੈ। ਪੰਜਵੇਂ ਛੰਦ ਵਿਚ ਦਸਮੇਸ਼ ਪਿਤਾ ਜੀ ਲਿਖਦੇ ਹਨ –
ਯਹੀ ਦੇ ਆਗਿਆ ਤੁਰਕਨ ਗਹਿ ਖਪਾਊਂ। ਗਊ ਘਾਤ ਕਾ ਦੋਖ ਜਗ ਸਿਉਂ ਮਿਟਾਊਂ। ਪੰਜਾਬ ਦੀ ਧਰਤੀ ‘ਤੇ ਗਊ ਘਾਤ ‘ਤੇ ਪਾਬੰਦੀ ਸੀ ਪਰ ਅੰਗ੍ਰੇਜ਼ਾਂ ਨੇ 1847 ਵੇਲੇ ਦੀ ਦਰਬਾਰ ਸਾਹਿਬ ‘ਤੇ ਲੱਗੀ ਗਊ ਘਾਟ ਰੋਕਣ ਵਾਲੀ ਤਖਤੀ ਲੁਹਾ ਦਿੱਤੀ ਅਤੇ ਪੰਜਾਬ ਦੇ ਸ਼ਹਿਰਾਂ – ਗਲੀਆਂ ਵਿਚ ਮਾਸ ਟੋਕਰਿਆਂ ਵਿਚ, ਹੋਕਾ ਦੇ ਵਿਕਣ ਲੱਗਿਆ। ਨਾਮਧਾਰੀਆਂ ਦਾ ਖੂਨ ਖੌਲਣ ਲੱਗਿਆ। 12 ਜਨਵਰੀ ਦੇ ਓਸ ਕਾਰੇ ਨੇ ਇਤਿਹਾਸ ਵਿਚ ਵੱਡੀ ਤਬਦੀਲੀ ਕਰ ਦਿੱਤੀ   ਜਦੋਂ ਗੁਰਮੁੱਖ ਸਿੰਘ ਨੰਬਰਦਾਰ ਫਰਵਾਹੀ ਤੋਂ ਭੈਣੀ ਸਾਹਿਬ ਮਾਘੀ ਦੇ ਮੇਲੇ ‘ਤੇ ਜਾ ਰਿਹਾ ਸੀ। ਰਸਤੇ ਵਿਚ ਬਲਦ ‘ਤੇ ਬਹੁਤਾ ਮਾਲ ਲੱਦਣ ਕਰਕੇ ਉਸਦਾ ਇਕ ਅਰਾਈਂ ਨਾਲ ਝਗੜਾ ਹੋ ਗਿਆ। ਗੱਲ ਵਧਦੀ ਹੋਈ ਸ਼ੇਰਪੁਰ ਥਾਣੇ ਪਹੁੰਚ ਗਈ। ਹੁਕਮਰਾਨ ਅੰਗ੍ਰੇਜ਼ ਸਨ ਅਤੇ ਕੂਕਾ ਲਹਿਰ ਅੰਗ੍ਰੇਜ਼ਾਂ ਦੀਆਂ ਅੱਖਾਂ ਵਿਚ ਰੋੜੇ ਵਾਂਗ ਰੜਕਦੀ ਸੀ। ਥਾਣੇਦਾਰ ਨੇ ਫੈਸਲਾ ਗੁਰਮੁੱਖ ਸਿੰਘ ਦੇ ਖਿਲਾਫ਼ ਕਰ ਦਿੱਤਾ ਅਤੇ ਉਸਨੂੰ ਸਜ਼ਾ ਦੇਣ ਲਈ ਗੁਰਮੁੱਖ ਸਿੰਘ ਦੇ ਸਾਹਮਣੇ ਬਲਦ ਨੂੰ ਕਤਲ ਕਰ ਦਿੱਤਾ ਗਿਆ। ਭੈਣੀ ਸਾਹਿਬ ਵਿਖੇ ਸਮਾਗਮ ਦੀ ਸਮਾਪਤੀ ਤੋਂ ਬਾਅਦ  ਗੁਰਮੁੱਖ ਸਿੰਘ ਨੇ ਇਹ ਸਾਰੀ ਘਟਨਾ ਹੀਰਾ ਸਿੰਘ ਕੋਲ ਬਿਆਨ ਕਰ ਦਿੱਤੀ। ਇਸ ਘਟਨਾ ਨੇ ਨਾਮਧਾਰੀਆਂ ਅੰਦਰ ਭਾਂਬੜ ਬਾਲ ਦਿੱਤੇ। ਸਤਿਗੁਰੂ ਰਾਮ ਸਿੰਘ ਦੀ ਨੀਤੀ ਅਜੇ ਉਤੇਜਿਤ  ਹੋਣ ਦੀ ਨਹੀਂ ਸੀ ਪਰ ਹਾਲਾਤ ਨੇ ਅੰਗ੍ਰੇਜ਼ਾਂ ਖਿਲਾਫ਼ ਅਤੇ ਗਊ ਘਾਤ ਖਿਲਾਫ਼ ਜੰਗ ਦਾ ਮੈਦਾਨ ਤਿਆਰ ਕਰ ਦਿੱਤਾ। ਸ. ਹੀਰਾ ਸਿੰਘ ਨੇ ਮਿਆਨ ‘ਚੋਂ ਤਲਵਾਰ ਕੱਢੀ ਅਤੇ ਧਰਤੀ ‘ਤੇ ਇਕ ਲਕੀਰ ਖਿੱਚ ਦਿੱਤੀ ਤੇ ਆਖਿਆ ਕਿ ਜਿਸਨੇ   ਅੰਗ੍ਰੇਜ਼ ਸਰਕਾਰ ਨੂੰ ਭਾਰਤ ਵਿਚੋਂ ਕੱਢਣ ਲਈ ਸੀਸ ਦੇਣੇ ਹਨ ਉਹ ਲਕੀਰ ਟੱਪਕੇ ਇਧਰ ਆ ਜਾਣ। ਹੀਰਾ ਸਿੰਘ ਦੀ ਲਲਕਾਰ ਨਾਲ 125 ਸਿੰਘ ਅਤੇ 2 ਬੀਬੀਆਂ ਸੀਸ ਦੇਣ ਲਈ ਲਕੀਰ ਟੱਪ ਗਈਆਂ। ਸਿੰਘਾਂ ਨੇ ਮਲੇਰ ਵਿਖੇ ਹਵੇਲੀ ‘ਤੇ  ਹਮਲਾ ਕੀਤਾ, ਮਾਲੇਰਕੋਟਲਾ ਰਿਆਸਤ ਦੇ ਖਜ਼ਾਨੇ ‘ਤੇ ਹਮਲਾ ਕੀਤਾ। ਮਾਲੇਰਕੋਟਲੇ ਦੇ ਬੁੱਚੜਖਾਨੇ ‘ਤੇ ਧਾਵਾ ਬੋਲਕੇ ਗਊ ਘਾਟ ਕਰਨ ਵਾਲਿਆਂ ਨੂੰ ਪਾਰ ਬੁਲਾ ਦਿੱਤਾ। ਇਸ ਦੋ ਦਿਨ ਦੀ ਲੜਾਈ ਵਿਚ 9 ਸਿੰਘ ਸ਼ਹੀਦ ਹੋਏ, 38 ਜ਼ਖਮੀ ਹੋਏ ਅਤੇ ਕੁੱਲ 68 ਗ੍ਰਿਫ਼ਤਾਰ ਕਰ ਲਏ ਗਏ।  ਵਿਰੋਧੀਆਂ ਦੇ 10 ਆਦਮੀ ਮਾਰੇ ਗਏ ਅਤੇ 17 ਜ਼ਖਮੀ ਹੋਏ। ਅੰਗ੍ਰੇਜ਼ ਅਫ਼ਸਰ ਮਿਸਟਰ ਐੱਲ. ਕਾਵਨ ਨੇ ਮਾਲੇਰਕੋਟਲੇ ਦੇ ਰੱਕੜ ਵਿਚ 9 ਤੋਪਾਂ ਬੀੜ ਲਈਆਂ ਅਤੇ ਨਾਮਧਾਰੀਆਂ ਨੂੰ ਤੋਪਾਂ ਅੱਗੇ ਪਿੱਠ ਕਰਕੇ ਰੱਸਿਆਂ ਨਾਲ ਬੰਨ੍ਹਕੇ ਉਡਾਉਣ ਦਾ ਹੁਕਮ ਦੇ ਦਿੱਤਾ ਪਰ ਸਿੰਘਾਂ ਨੇ ਆਖਿਆ ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਲਈ ਸਿਰ ਕੱਫਣ ਬੰਨ੍ਹਕੇ ਚੱਲੇ ਸਾਂ ਕੰਡ ਕਰਨੀ ਸੂਰਮੇ ਦਾ ਕੰਮ ਨਹੀਂ, ਅਸੀਂ ਛਾਤੀਆਂ ਤਾਣ ਕੇ ਸ਼ਹੀਦੀਆਂ ਦੇਵਾਂਗੇ। ਸਿੰਘ ਹੱਸ-ਹੱਸ ਕੇ ਜੈਕਾਰੇ ਲਾਉਂਦੇ ਤੋਪਾਂ ਅੱਗੇ ਖੜ੍ਹਦੇ ਰਹੇ ਅਤੇ ਤੂੰਬਾ-ਤੂੰਬਾ ਹੋ ਕੇ ਆਕਾਸ਼ ਵਿਚ ਉਡਦੇ ਰਹੇ। 7 ਵਾਰ 7 ਤੋਪਾਂ ਚੱਲੀਆਂ 49 ਸਿੰਘਾਂ ਨੇ ਦੇਸ਼ ਤੋਂ ਜਵਾਨੀਆਂ ਵਾਰ ਦਿੱਤੀਆਂ। ਕਿਸੇ ਦਾ ਸਿਦਕ ਨਹੀਂ ਡੋਲਿਆ। ਮਿ. ਐੱਲ. ਕਾਵਨ ਦੀ ਮੇਮ ਦੇ ਕਹਿਣ ‘ਤੇ ਇਕ 12 ਸਾਲ ਦੇ ਬੱਚੇ ਨੂੰ ਇਸ ਸ਼ਰਤ ‘ਤੇ ਛੱਡਣ ਲਈ ਮਨਾਉਣ ਲਈ ਕਹਿ ਦਿੱਤਾ ਕਿ ਜੇਕਰ ਉਹ ਕਹਿ ਦੇਵੇ ਕਿ ਮੈਂ ਰਾਮ ਸਿੰਘ ਦਾ ਸਿੱਖ ਨਹੀਂ ਹਾਂ ਤਾਂ ਛੱਡ ਦੇਵਾਂਗਾ। ਪਰ ਜਦੋਂ ਬਾਲਕ ਬਿਸ਼ਨ ਸਿੰਘ ਦੇ ਮੂੰਹੋਂ ਇਸ ਦਾ ਉੱਤਰ ਸੁਣਨ ਲਈ ਕਾਵਨ ਬਾਲਕ ਬਿਸ਼ਨ ਸਿੰਘ ਕੋਲ ਝੁਕਿਆ ਤਾਂ ਬਾਲਕ ਬਿਸ਼ਨ ਸਿੰਘ ਕਾਵਨ ਦੀ ਦਾੜ੍ਹੀ ਨੂੰ ਐਸਾ ਝਪਟਿਆ ਕਿ ਕਾਵਨ ਨੂੰ ਆਪਣੀ ਜਾਨ ਖਤਰੇ ਵਿਚ ਜਾਪੀ। ਇਸ ਸੰਬੰਧੀ ਇਕ ਕਵੀ ਨੇ ਬੜੇ ਹੀ ਭਾਵਪੂਰਨ ਸ਼ਬਦਾਂ ਵਿਚ ਲਿਖਿਆ –
ਲੰਮੀ ਦਾੜ੍ਹੀ ਨੂੰ ਪਾਏ ਕੇ ਹੱਥ ਦੋਵੇਂ ਝਟਕਾ ਮਾਰਕੇ ਖੂਬ ਹਲਾਇ ਦਿੱਤੀ
ਫੇਰ ਆਖੇਂਗਾ ਸਿੱਖ ਨਹੀਂ ਸਤਿਗੁਰੂ ਦਾ ਗਰਜ ਸ਼ੇਰ ਨੇ ਜਾਨ ਸੁਕਾਇ ਦਿੱਤੀ
ਕੋਤਵਾਲ ਦਾ ਖੜ੍ਹਾ ਸਿਪਾਹੀ ਹੈ ਸੀ, ਉਹਨੇ ਦੇਖ ਤਲਵਾਰ ਚਲਾਇ ਦਿੱਤੀ
ਛੱਡੇ ਹੱਥ ਪਿਛੋਂ ਪਹਿਲਾਂ ਬਿਸ਼ਨ ਸਿੰਘ ਨੇ ਸੋਹਣੀ ਜਿੰਦੜੀ ਘੋਲ ਘੁਮਾਇ ਦਿੱਤੀ।

18 ਜਨਵਰੀ ਨੂੰ 16 ਸਿੰਘਾਂ ‘ਤੇ ਮੁਕੱਦਮਾ ਦਾਇਰ ਕਰਕੇ ਅਗਲੇ ਦਿਨ ਤੋਪਾਂ ਨਾਲ ਉਡਾ ਦਿੱਤਾ। 18 ਜਨਵਰੀ ਦੇ ਖੂਨੀ ਸਾਕੇ ਵਿਚ ਸ਼ਹੀਦ ਵਰਿਆਮ ਸਿੰਘ ਦੀ ਸ਼ਹਾਦਤ ਸੁਨਹਿਰੀ ਪੰਨਿਆਂ ‘ਤੇ ਚਮਕਦੀ ਰਹੇਗੀ ਜਿਸਨੇ ਆਪਣਾ ਕੱਦ ਛੋਟਾ ਹੋਣ ਕਰਕੇ ਆਪਣੇ ਆਪ ਖੇਤਾਂ ਵਿਚੋਂ ਇੱਟਾਂ ਰੋੜੇ ਇਕੱਠੇ ਕਰਕੇ ਉਪਰ ਖੜ੍ਹਕੇ ਤੋਪ ਦੇ ਬਰਾਬਰ ਹੋ ਕੇ ਸ਼ਹੀਦੀ ਦਿੱਤੀ।  17 ਜਨਵਰੀ ਦਾ ਮਾਲੇਰਕੋਟਲੇ   ਦਾ ਦਿਹਾੜਾ ਪੰਜਾਬ ਸਰਕਾਰ ਵਲੋਂ ਮਨ੍ਹਾਇਆ ਜਾਂਦਾ ਹੈ। ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ ਮਾਲੇਰਕੋਟਲੇ ਵਿਖੇ 66 ਮੋਰੀਆਂ ਵਾਲਾ ਖੰਡਾ ਅਤੇ ਸੁੰਦਰ ਯਾਦਗਾਰ ਬਣੀ ਹੋਈ ਹੈ। ਇਹ ਸਮਾਗਮ ਸਤਿਗੁਰੂ ਉਦੈ ਸਿੰਘ ਜੀ ਦੀ ਰਹਿਨੁਮਾਈ ਹੇਠ ਹੋਵੇਗਾ।
– ਡਾ. ਲਖਵੀਰ ਸਿੰਘ ਨਾਮਧਾਰੀ

http://www.jagbani.com/news/

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਵੋਟਰ ਜਿਸ ਨੂੰ ਚਾਹੇ ਰਾਜ ‘ਤੇ ਬਿਠਾ ਸਕਦੈ ਅਤੇ ਜਿਸ ਨੂੰ ਚਾਹੇ ਥੱਲੇ ਲਾਹ ਸਕਦੈ – 4 ਜਨਵਰੀ ਤੇ ਵਿਸ਼ੇਸ਼

ਲੋਕਤੰਤਰ ਪ੍ਰਣਾਲੀ ਵਿੱਚ ਆਪਣੇ ਲਈ, ਆਪਣੇ ਦੁਆਰਾ, ਬਿਨਾਂ ਖੂਨ ਖਰਾਬੇ ਦੇ, ਆਪਣੀ ਸਰਕਾਰ ਬਣਾਉਣ ਦਾ ਇੱਕੋ ਇੱਕ ਸਾਧਨ ਵੋਟ ਹੈ। ਲੋਕਤੰਤਰ ਤੋਂ ਪਹਿਲਾ ਰਾਜਾ ਰਾਣੀ ਦੇ ਢਿੱਡੋਂ ਜੰਮਦਾ ਸੀ। ਲੋਕਤੰਤਰ


Print Friendly
Important Days0 Comments

ਵਿਸ਼ਵ ਜਨਸੰਖਿਆ ਦਿਵਸ ਤੇ ਵਿਸ਼ੇਸ਼ (11 ਜੁਲਾਈ)

ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2015 ਨੂੰ ਲਗਭਗ 7,263,339,729 ਹੋ ਗਈ। ਜਨਸੰਖਿਆ ਦਾ ਅਨੁਮਾਨ ਧਰਤੀ ਦੇ ਵਾਰਸ ਸਿਰਫ ਅਸੀਂ ਜਾਂ


Print Friendly
Important Days0 Comments

ਤੰਬਾਕੂ ਤੋਂ ਤੋਬਾ ਕਰਨਾ ਸਮੇਂ ਦੀ ਲੋੜ – ਵਿਜੈ ਗੁਪਤਾ (31 ਮਈ ਵਿਸ਼ਵ ਤੰਬਾਕੂ ਦਿਵਸ ਤੇ ਵਿਸ਼ੇਸ਼)

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ


Print Friendly