Print Friendly

ਪ੍ਰੀਖਿਆਵਾਂ ਵਿੱਚ ਚੰਗੇ ਅੰਕ ਕਿਵੇਂ ਆਉਣ

ਪ੍ਰੀਖਿਆਵਾਂ ਸਾਡੀ ਸਿੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹਨ। ਵਿਦਿਆਰਥੀਆਂ ਨੂੰ ਜਮਾਤਾਂ ਅਨੁਸਾਰ ਤੈਅ ਕੀਤੇ ਸਮੇਂ ’ਤੇ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਹਨ। ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕ ਰਿਪੋਰਟ ਕਾਰਡ ਦੇ ਰੂਪ ਵਿੱਚ ਵਿਦਿਆਰਥੀ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ ਅਤੇ ਉਸ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਦੇ ਹਨ। ਕਈ ਵਿਦਿਆਰਥੀ ਥੋੜ੍ਹਾ ਪੜ੍ਹਕੇ ਵੀ ਚੰਗੇ ਨੰਬਰ ਲੈ ਜਾਂਦੇ ਹਨ ਪਰ ਕੁਝ ਵਿਦਿਆਰਥੀ ਬਹੁਤ ਮਿਹਨਤ ਕਰਕੇ ਵੀ ਚੰਗੇ ਨੰਬਰ ਲੈਣ ਵਿੱਚ ਅਸਫ਼ਲ ਹੋ ਜਾਂਦੇ ਹਨ। ਅਸਲ ਵਿੱਚ ਸਾਰਾ ਸਾਲ ਪੜ੍ਹਨ ਦੇ ਨਾਲ-ਨਾਲ ਇਮਤਿਹਾਨਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲਈ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਚੰਗੀ ਯੋਜਨਾਬੰਦੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਜੇ ਵਿਦਿਆਰਥੀ ਇਮਤਿਹਾਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਪ੍ਰੀਖਿਆ ਵਿੱਚ ਚੰਗੇ ਨੰਬਰ ਪ੍ਰਾਪਤ ਕਰਨਾ ਔਖਾ ਨਹੀਂ ਹੈ।
ਜਲਦੀ ਸ਼ੁਰੂ ਕਰੋ ਪ੍ਰੀਖਿਆ ਦੀ ਤਿਆਰੀ: ਪ੍ਰੀਖਿਆ ਦੀ ਤਿਆਰੀ ਜਿੰਨੀ ਜਲਦੀ ਸ਼ੁਰੂ ਕੀਤੀ ਜਾਵੇ ਓਨਾ ਹੀ ਚੰਗਾ ਹੁੰਦਾ ਹੈ। ਸਾਰੇ ਸਕੂਲਾਂ ਵਿੱਚ ਸਿਲੇਬਸ ਲਗਪਗ ਦਸੰਬਰ ਤੋਂ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਹੁੰਦਾ ਹੈ। ਜੇ ਕੁਝ ਬਾਕੀ ਰਹਿੰਦਾ ਹੈ ਤਾਂ ਜਲਦੀ ਤੋਂ ਜਲਦੀ ਖ਼ਤਮ ਕਰ ਲੈਣਾ ਚਾਹੀਦਾ ਹੈ ਤਾਂ ਕਿ ਜਲਦੀ ਤੋਂ ਜਲਦੀ ਦੁਹਰਾਈ ਆਰੰਭ ਕੀਤੀ ਜਾ ਸਕੇ।
ਪਾਠਕ੍ਰਮ ਦੀ ਵੰਡ ਕਰੋ: ਪ੍ਰੀਖਿਆ ਵਿੱਚ ਰਹਿੰਦੇ ਦਿਨਾਂ ਦੇ ਹਿਸਾਬ ਨਾਲ ਪਾਠ ਕ੍ਰਮ ਦੀ ਵੰਡ ਕਰ ਲੈਣੀ ਚਾਹੀਦੀ ਹੈ। ਔਖੇ ਵਿਸ਼ਿਆਂ ਦੀ ਦੁਹਰਾਈ ਲਈ ਜ਼ਿਆਦਾ ਦਿਨ ਦੇਣੇ ਚਾਹੀਦੇ ਹਨ।
ਸਮਝ ਕੇ ਪੜ੍ਹਣਾ ਜ਼ਰੂਰੀ: ਬਿਨਾ ਸਮਝੇ ਰੱਟਾ ਲਗਾਉਣ ਨਾਲ ਚੰਗੇ ਅੰਕ ਨਹੀਂ ਮਿਲਦੇ ਕਿਉਂਕਿ ਕਿਤਾਬਾਂ ਵਿੱਚ ਪੜ੍ਹੇ ਪ੍ਰਸ਼ਨਾਂ ਅਤੇ ਪ੍ਰਸ਼ਨਪੱਤਰ ਵਿੱਚ ਆਏ ਪ੍ਰਸ਼ਨਾਂ ਦੀ ਭਾਸ਼ਾ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਜਿਹੜੇ ਵਿਦਿਆਰਥੀ ਰੱਟਾ ਲਗਾ ਕੇ ਪੜ੍ਹੇ ਹੁੰਦੇ ਹਨ, ਪ੍ਰੀਖਿਆ ਦਿੰਦੇ ਸਮੇਂ ਅਕਸਰ ਪ੍ਰਸ਼ਨ ਨੂੰ ਸਮਝਣ ਵਿੱਚ ਭੁਲੇਖਾ ਖਾ ਜਾਂਦੇ ਹਨ ਅਤੇ ਗ਼ਲਤ ਉੱਤਰ ਲਿਖ ਦਿੰਦੇ ਹਨ।
ਨਿਸਚਿਤ ਸਮਾਂ ਸਾਰਣੀ ਬਣਾਓ: ਪੜ੍ਹਨ ਲਈ ਸਮਾਂ ਸਾਰਣੀ ਬਣਾਓ। ਹਰ ਦਿਨ ਕੁਝ ਘੰਟੇ ਪੜ੍ਹਨ ਲਈ ਨਿਸਚਿਤ ਕਰੋ। ਸਕੂਲ ਦੀ ਪੜ੍ਹਾਈ ਤੋਂ ਇਲਾਵਾ ਕੁਝ ਸਮਾਂ ਪ੍ਰੀਖਿਆ ਦੀ ਤਿਆਰੀ ਲਈ ਜ਼ਰੂਰ ਰੱਖੋ।
ਵਿਸ਼ਿਆਂ ਵਿੱਚ ਤਬਦੀਲੀ ਜ਼ਰੂਰੀ: ਕੁਝ ਬੱਚਿਆਂ ਦੀ ਆਦਤ ਹੁੰਦੀ ਹੈ ਕਿ ਉਹ ਇੱਕ ਵਿਸ਼ਾ ਸਮਾਪਤ ਕਰਕੇ ਦੂਜੇ ਵਿਸ਼ੇ ਦੀ ਤਿਆਰੀ ਸ਼ੁਰੂ ਕਰਦੇ ਹਨ। ਇੱਕੋ ਵਿਸ਼ਾ ਲੰਮਾ ਸਮਾਂ ਪੜ੍ਹਨ ਨਾਲ ਅਕੇਵਾਂ ਹੋਣ ਲੱਗਦਾ ਹੈ।
ਤੇਜ਼ ਲਿਖਣ ਦਾ ਅਭਿਆਸ ਕਰੋ: ਇਮਤਿਹਾਨਾਂ ਵਿੱਚ ਕਈ ਵਿਦਿਆਰਥੀ ਪੇਪਰ ਪੂਰਾ ਕਰਨ ਵਿੱਚ ਅਸਫ਼ਲ ਹੋ ਜਾਂਦੇ ਹਨ ਅਤੇ ਆਪਣੇ ਨੰਬਰ ਗਵਾ ਬੈਠਦੇ ਹਨ। ਬਹੁਤ ਜ਼ਰੂਰੀ ਹੈ ਕਿ ਪੇਪਰ ਵਿੱਚ ਤੇਜ਼ ਲਿਖਿਆ ਜਾਵੇ।
ਪੜ੍ਹਨ ਸਮੇਂ ਅੰਤਰਾਲ ਲੈਣਾ: ਮਨੋਵਿਗਿਆਨਕ ਮੰਨਦੇ ਹਨ ਕਿ ਇੱਕੋ ਕੰਮ ਨੂੰ ਲਗਾਤਾਰ ਕਰਦੇ ਰਹਿਣ ਨਾਲ ਕਾਰਜਕੁਸ਼ਲਤਾ ਵਿੱਚ ਕਮੀ ਆਉਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਜ਼ਿਆਦਾ ਸਮਾਂ ਲਗਾਤਾਰ ਪੜ੍ਹਨ ਦੀ ਬਜਾਇ ਸਮੇਂ-ਸਮੇਂ ’ਤੇ ਛੋਟੇ-ਛੋਟੇ ਅੰਤਰਾਲ ਲਏ ਜਾਣ। ਇਸ ਨਾਲ ਸਿੱਖਣ ਦੀ ਗਤੀ ਵਧਦੀ ਹੈ।
ਸਟੱਡੀ ਗਰੁੱਪ ਬਣਾਓ: ਸਹਿਪਾਠੀਆਂ ਨਾਲ ਗਰੁੱਪ ਬਣਾ ਕੇ ਪੜ੍ਹਨ ਨਾਲ ਚੰਗੀ ਪੜ੍ਹਾਈ ਕੀਤੀ ਜਾ ਸਕਦੀ ਹੈ ਪਰ ਧਿਆਨ ਰੱਖਣਾ ਚਾਹੀਦਾ ਹੈ ਕਿ ਗਰੁੱਪ ਵਿੱਚ ਕੋਈ ਵਿਦਿਆਰਥੀ ਲਾਪਰਵਾਹ ਨਾ ਹੋਵੇ।
ਸ਼ਾਂਤ ਵਾਤਾਵਰਨ ਦੀ ਲੋੜ: ਪੜ੍ਹਨ ਲਈ ਵਾਤਾਵਰਨ ਦਾ ਸ਼ਾਂਤ ਹੋਣਾ ਜ਼ਰੂਰੀ ਹੈ। ਪੜ੍ਹਨ ਦੇ ਸਥਾਨ ’ਤੇ ਧਿਆਨ ਭੰਗ ਕਰਨ ਵਾਲੀ ਕੋਈ ਚੀਜ਼ ਜਾਂ ਸ਼ੋਰ ਨਹੀਂ ਹੋਣਾ ਚਾਹੀਦਾ।
ਪੜ੍ਹਨ ਸਮੇਂ ਸਹੀ ਬੈਠਣਾ: ਪੜ੍ਹਾਈ ਕੁਰਸੀ ’ਤੇ ਸਿੱਧਾ ਬੈਠ ਕੇ ਕਰਨੀ ਚਾਹੀਦੀ ਹੈ। ਲੇਟ ਕੇ ਅੱਧਲੇਟੀ ਹਾਲਤ ਵਿੱਚ ਬੈਠ ਕੇ ਪੜ੍ਹਨ ਨਾਲ ਅੱਖਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਥੋੜ੍ਹੀ ਦੇਰ ਪੜ੍ਹਨ ਤੋਂ ਬਾਅਦ ਨੀਂਦ ਆਉਣੀ ਆਰੰਭ ਹੋ ਜਾਂਦੀ ਹੈ।
ਕਿਤਾਬਾਂ ਦੀ ਗਿਣਤੀ ਤੋਂ ਗੁਰੇਜ਼ ਕਰੋ: ਇੱਕ ਵਿਸ਼ੇ ਨਾਲ ਸਬੰਧਿਤ ਇੱਕ ਹੀ ਚੰਗੀ ਕਿਤਾਬ ਪੜ੍ਹਨਾ ਕਾਫ਼ੀ ਹੁੰਦਾ ਹੈ। ਕੁਝ ਬੱਚੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਇੱਕੋ ਵਿਸ਼ੇ ਨਾਲ ਸਬੰਧਿਤ ਅਨੇਕਾਂ ਕਿਤਾਬਾਂ ਪੜ੍ਹਦੇ ਹਨ। ਅਜਿਹੇ ਬੱਚੇ ਅਕਸਰ ਹੀ ਗ਼ੈਰ ਜ਼ਰੂਰੀ ਵਿਸਥਾਰ ਅਤੇ ਵਿਸ਼ਾ ਵਸਤੂ ਦੀਆਂ ਭਿੰਨਤਾਵਾਂ ਵਿੱਚ ਉਲਝ ਜਾਂਦੇ ਹਨ ਅਤੇ ਕੀਮਤੀ ਸਮਾਂ ਬਰਬਾਦ ਕਰ ਬੈਠਦੇ ਹਨ।
ਕਿਤਾਬ ਵਾਲੀ ਭਾਸ਼ਾ ਵਿੱਚ ਲਿਖਣਾ ਜ਼ਰੂਰੀ ਨਹੀਂ: ਕੁਝ ਵਿਦਿਆਰਥੀ ਸੋਚਦੇ ਹਨ ਕਿ ਜੇ ਉਹ ਪ੍ਰਸ਼ਨਾਂ ਦੇ ਉੱਤਰਾਂ ਨੂੰ ਕਿਤਾਬ ਵਾਲੀ ਭਾਸ਼ਾ ਵਿੱਚ ਲਿਖਣਗੇ ਤਾਂ ਜ਼ਿਆਦਾ ਨੰਬਰ ਆਉਣਗੇ। ਅਜਿਹਾ ਜ਼ਰੂਰੀ ਨਹੀਂ ਹੁੰਦਾ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਉੱਤਰ ਢੁੱਕਵਾਂ ਹੋਵੇ।
ਸਿਹਤ ਦਾ ਧਿਆਨ ਰੱਖਣਾ ਜ਼ਰੂਰੀ: ਪ੍ਰੀਖਿਆਵਾਂ ਦੇ ਦਿਨਾਂ ਵਿੱਚ ਜ਼ਿਆਦਾ ਠੰਢੀਆਂ ਜਾਂ ਗਰਮ, ਭਾਰੀ ਅਤੇ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤਰਲ ਪਦਾਰਥਾਂ ਦੀ ਵਰਤੋਂ ਵਧ ਤੋਂ ਵਧ ਕਰਨੀ ਚਾਹੀਦੀ ਹੈ। ਭੋਜਨ ਵਿੱਚ ਹਰੀਆਂ ਸਬਜ਼ੀਆਂ ਅਤੇ ਸਲਾਦ ਜ਼ਰੂਰ ਹੋਵੇ।
ਪੂਰੀ ਨੀਂਦ ਲਵੋ: ਕੁਝ ਵਿਦਿਆਰਥੀ ਪ੍ਰੀਖਿਆ ਦੇ ਦਿਨਾਂ ਵਿੱਚ ਦੇਰ ਰਾਤ ਤਕ ਪੜ੍ਹਦੇ ਰਹਿੰਦੇ ਹਨ ਅਤੇ ਸਵੇਰੇ ਵੀ ਜਲਦੀ ਉੱਠ ਕੇ ਪੜ੍ਹਨਾ ਆਰੰਭ ਕਰ ਦਿੰਦੇ ਹਨ। ਲਗਾਤਾਰ ਲੋੜ ਤੋਂ ਘਟ ਨੀਂਦ ਲੈਣ ਕਾਰਨ ਇਕਾਗਰਤਾ ਦੀ ਕਮੀ, ਚਿੜਚਿੜਾਪਨ ਅਤੇ ਦਿਮਾਗੀ ਤਨਾਅ ਆਦਿ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਨਕਲ ਜਾਂ ਕਿਸਮਤ ਦੇ ਸਹਾਰੇ ਰਹਿਣਾ ਘਾਤਕ: ਕੁਝ ਵਿਦਿਆਰਥੀ ਮਿਹਨਤ ਤੋਂ ਮਨ ਚੁਰਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਨਕਲ ਮਾਰ ਕੇ ਪਾਸ ਹੋ ਜਾਣਗੇ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰੀਖਿਆ ਵਿੱਚ ਅਜਿਹੀਆਂ ਸੋਚਾਂ ਕੰਮ ਨਹੀਂ ਆਉਣੀਆਂ।
ਸੁੰਦਰ ਲਿਖਾਈ ਜ਼ਰੂਰੀ ਨਹੀਂ: ਕੁਝ ਵਿਦਿਆਰਥੀਆਂ ਦੇ ਮਨ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਲਿਖਾਈ ਸੁੰਦਰ ਨਾ ਹੋਣ ਕਾਰਨ ਉਹ ਚੰਗੇ ਨੰਬਰ ਪ੍ਰਾਪਤ ਨਹੀਂ ਕਰ ਸਕਣਗੇ। ਅਜਿਹਾ ਬਿਲਕੁੱਲ ਗ਼ਲਤ ਹੈ। ਸੁੰਦਰ ਲਿਖਾਈ ਦਾ ਫ਼ਾਇਦਾ ਤਾਂ ਜ਼ਰੂਰ ਹੁੰਦਾ ਹੈ ਪਰ ਇਸ ਨਾਲ ਅੰਕਾਂ ਦਾ ਕੋਈ ਜ਼ਿਆਦਾ ਸਬੰਧ ਨਹੀਂ ਹੁੰਦਾ।
ਬੀਤੇ ਵਰ੍ਹਿਆਂ ਦੇ ਪੇਪਰਾਂ ਦੀ ਦੁਹਰਾਈ: ਇਸ ਨਾਲ ਨਾ ਸਿਰਫ਼ ਪਾਠ ਕ੍ਰਮ ਦੀ ਦੁਹਰਾਈ ਹੋ ਜਾਂਦੀ ਹੈ ਸਗੋਂ ਲਿਖਣ ਦੀ ਗਤੀ ਵੀ ਵਧ ਜਾਂਦੀ ਹੈ।
ਤਨਾਅ ਮੁਕਤ ਰਹੋ: ਪ੍ਰੀਖਿਆ ਦੇ ਦਿਨਾਂ ਵਿੱਚ ਤਨਾਅ ਮੁਕਤ ਰਹਿਣਾ ਚਾਹੀਦਾ ਹੈ। ਪ੍ਰੀਖਿਆ ਤੋਂ ਡਰਨਾ ਨਹੀਂ ਚਾਹੀਦਾ। ਹਮੇਸ਼ਾਂ ਸਕਾਰਾਤਮਕ ਸੋਚਦੇ ਰਹਿਣਾ ਚਾਹੀਦਾ ਹੈ ਅਤੇ ਮਨ ਵਿੱਚ ਨਕਾਰਾਤਮਕ ਵਿਚਾਰ ਨਹੀਂ ਆਉਣ ਦੇਣੇ ਚਾਹੀਦੇ। ਲੰਮੇ ਲੰਮੇ ਸਾਹ ਲੈਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਤਨਾਅ ਤੋਂ ਛੁਟਕਾਰਾ ਮਿਲਦਾ ਹੈ।
ਮਾਪੇ ਵੀ ਰੱਖਣ ਧਿਆਨ: ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਮਾਪਿਆਂ ਦਾ ਵਿਵਹਾਰ ਬਦਲ ਜਾਂਦਾ ਹੈ। ਉਹ ਜ਼ਰੂਰਤ ਤੋਂ ਜ਼ਿਆਦਾ ਟੋਕਾ-ਟਾਕੀ ਕਰਨਾ ਆਰੰਭ ਕਰ ਦਿੰਦੇ ਹਨ। ਅਜਿਹਾ ਕਰਨਾ ਠੀਕ ਨਹੀਂ। ਯਾਦ ਰੱਖੋ ਧੱਕੇ ਨਾਲ ਬੱਚੇ ਨੂੰ ਕਿਤਾਬ ਤਾਂ ਖੁਲ੍ਹਵਾਈ ਜਾ ਸਕਦੀ ਹੈ ਪਰ ਪੜ੍ਹਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।

-ਗੁਰਵਿੰਦਰ ਸਿੰਘ
ਮੋਬਾਈਲ: 99150-25567

http://punjabitribuneonline.com

Print Friendly

About author

Vijay Gupta
Vijay Gupta1097 posts

State Awardee, Global Winner

You might also like

ਚੋਣਾਂ ’ਚ ਨੌਜਵਾਨ ਪੀੜ੍ਹੀ ਦਾ ਮਹੱਤਵ

ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨ ਵੋਟਰਾਂ ਦਾ ਵੱਡਾ ਮਹੱਤਵ ਅਤੇ ਯੋਗਦਾਨ ਹੋਵੇਗਾ। ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ


Print Friendly