Print Friendly

ਸ਼੍ਰੋਮਣੀ ਭਗਤ ਧੰਨਾ ਜੱਟ (ਪ੍ਰਕਾਸ਼ ਉਤਸਵ ’ਤੇ ਵਿਸ਼ੇਸ਼)

ਭਾਰਤ ਦੇਸ਼ ਰਿਸ਼ੀਆਂ-ਮੁਨੀਆਂ, ਪੀਰ-ਫਕੀਰਾਂ ਅਤੇ ਸੰਤਾਂ ਦਾ ਦੇਸ਼ ਹੈ | ਇਥੇ ਆਦਿ ਕਾਲ ਤੋਂ ਸੰਤ ਮਹਾਂਪੁਰਸ਼ ਲੁਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਜਨਮ ਲੈਂਦੇ ਰਹੇ ਹਨ | ਉਨ੍ਹਾਂ ਵਿਚੋਂ ਹੀ ਇਕ ਸਨ ਭਗਤ ਸ੍ਰੀ ਧੰਨਾ ਜੱਟ। ਸ਼੍ਰੋਮਣੀ ਭਗਤ ਧੰਨਾ ਜੱਟ ਜੀ ਰਾਜਸਥਾਨ ਟਾਂਕ ਇਲਾਕੇ ਦੇ ਧੂਆਨ ਪਿੰਡ ਵਿਖੇ 21 ਅਪ੍ਰੈਲ 1415 ਈ. ਨੂੰ ਜੱਟ ਵੰਸ਼ ਵਿੱਚ ਪੈਦਾ ਹੋਏ। ਭਗਤ ਧੰਨਾ ਜੱਟ ਉਨ੍ਹਾਂ ਮਹਾਨ ਭਗਤਾਂ ਵਿਚੋਂ ਹਨ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ | ਉਹ ਇਕ ਸਿੱਧੇ-ਸਾਦੇ ਖੇਤੀਬਾੜੀ ਕਰਨ ਵਾਲੇ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਸਨ | ਉਹ ਬਚਪਨ ਤੋਂ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਆਪ ਨੂੰ ਸਾਧੂ ਜਨਾਂ ਦੀ ਸੰਗਤ ਬਹੁਤ ਚੰਗੀ ਲਗਦੀ ਸੀ | ਭਗਤ ਜੀ ਨੂੰ ਸ਼ੁਰੂ ਤੋਂ ਹੀ ਮਿਹਨਤ ਕਰਨੀ ਅਤੇ ਦੂਜਿਆਂ ਦੀ ਸੇਵਾ ਅਤੇ ਸੰਗਤ ਕਰਨੀ ਚੰਗੀ ਲਗਦੀ ਸੀ | ਭਗਤ ਧੰਨਾ ਜੱਟ ਦੇ ਜੀਵਨ ਤੋਂ ਸਾਨੂੰ ਕਿਰਤ ਕਰਦਿਆਂ, ਪ੍ਰਭੂ ਦੀ ਭਗਤੀ ਕਰਨ ਅਤੇ ਨਾਮ ਨਾਲ ਜੁੜਨ ਦੀ ਸਿੱਖਿਆ ਮਿਲਦੀ ਹੈ । ਉਹ ਆਪਣੇ ਸਮੇਂ ਦੇ ਪ੍ਰਸਿੱਧ ਕਵੀ, ਸਮਾਜ ਸੇਵੀ, ਸਮਾਜ ਸੁਧਾਰਕ ਅਤੇ ਕਈ ਭਾਸ਼ਾਵਾਂ ਦੇ ਗਿਆਤਾ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ਚਾਰ ਸ਼ਬਦ ਅੰਕਿਤ ਹਨ। ਇਨ੍ਹਾਂ ਸ਼ਬਦਾਂ ਵਿੱਚ ਉਨ੍ਹਾਂ ਨੇ ਇਨਸਾਨੀ ਕਦਰਾਂ-ਕੀਮਤਾਂ ਨੂੰ ਮੱਦੇਨਜ਼ਰ ਰੱਖ ਕੇ ਬਹੁਤ ਹੀ ਖੂਬਸੂਰਤ ਤੇ ਪ੍ਰਭਾਵਸ਼ਾਲੀ ਅਲੰਕਾਰ, ਪ੍ਰਤੀਕ ਅਤੇ ਬਿੰਬ (ਤਸ਼ਬੀਹਾਂ) ਦਾ ਇਸਤੇਮਾਲ ਕੀਤਾ ਹੈ।
ਹਰ ਮਨੁੱਖ ਵਿੱਚ ਇਕ ਐਸੀ ਜੋਤੀ ਹੈ, ਜੇ ਉਹ ਪ੍ਰਜਵਲਿਤ ਹੋ ਜਾਵੇ ਤਾਂ ਉਹ ਜਿਸ ਤਰ੍ਹਾਂ ਦੀ ਵੀ ਪ੍ਰਾਪਤੀ ਚਾਹਵੇ ਪਾ ਸਕਦਾ ਹੈ ਪਰ ਇਸ ਜੋਤ ਨੂੰ ਜਗਾਉਣ ਲਈ ਸ਼ੁੱਧ ਆਦਤਾਂ, ਸ਼ੁੱਧ ਆਚਰਣ, ਈਮਾਨਦਾਰੀ, ਮਿਹਨਤ, ਲਗਨ, ਭਗਤੀ, ਸਾਧਨਾ, ਪ੍ਰੇਰਣਾ, ਸੰਕਲਪ ਸ਼ਕਤੀ, ਇੱਛਾ ਸ਼ਕਤੀ ਅਤੁ ਇਕਾਗਰਤਾ ਦੀ ਲੋੜ ਹੁੰਦੀ ਹੈ। ਜਦੋਂ ਇਕਾਗਰ ਚਿੱਤ ਹੋ ਕੇ ਨਿਸ਼ਕਾਮਨਾ ਨਾਲ ਮਿਹਨਤ ਕਰੋ ਤਾਂ ਉਸ ਮਿਹਨਤ ਦੀ ਮੰਜ਼ਿਲ ਦੀ ਪ੍ਰਾਪਤੀ ਵਿੱਚ ਪ੍ਰਤੱਖ ਰੂਪ ਵਿੱਚ ਭਗਵਾਨ ਹੀ ਦਰਸ਼ਨ ਦੇ ਦਿੰਦੇ ਹਨ ਭਾਵ ਕਿ ਜਿਸ ਮੰਜ਼ਿਲ ਦੀ ਪ੍ਰਾਪਤੀ ਲਈ ਤੁਸੀਂ ਇਕਾਗਰਚਿੱਤ ਹੋ ਕੇ, ਦੁਨੀਆਂ ਦੇ ਧੰਦੇ ਵਿਕਾਰ ਛੱਡ ਕੇ ਮਿਹਨਤ-ਭਗਤੀ ਕੀਤੀ ਉਸ ਮੰਜ਼ਿਲ ਦੀ ਪ੍ਰਾਪਤੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ। ਸ਼੍ਰੋਮਣੀ ਭਗਤ ਧੰਨਾ ਜੱਟ ਦੀ ਪ੍ਰਾਪਤੀ ਵੀ ਕੁਝ ਇਸ ਤਰ੍ਹਾਂ ਹੀ ਹੈ। ਉਸ ਸਮੇਂ ਮੂਰਤੀ ਨੂੰ ਕੇਂਦਰ ਬਿੰਦੂ ਮੰਨ ਕੇ ਇਕਾਗਰਤਾ ਦੀ ਮੰਜ਼ਿਲ ਵੱਲ ਜਾਇਆ ਜਾਂਦਾ ਹੈ। ਭਗਤ ਧੰਨਾ ਜੀ ਦੀ ਜੀਵਨ ਸ਼ੈਲੀ ਵੀ ਕੁਝ ਇਸ ਤਰ੍ਹਾਂ ਦੇ ਪ੍ਰਸੰਗ ਨਾਲ ਜੁੜੀ ਹੋਈ ਹੈ। ਮੁੱਖ ਰੂਪ ਵਿੱਚ ਉਹ ਪ੍ਰਸਿੱਧ ਕਵੀ, ਪ੍ਰਚਾਰਕ, ਸਮਾਜ ਸੁਧਾਰਕ ਹੋਏ ਹਨ ਪਰ ਉਨ੍ਹਾਂ ਦੇ ਜੀਵਨ ਨਾਲ ਕਈ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ।
ਸ਼੍ਰੋਮਣੀ ਭਗਤ ਧੰਨਾ ਜੱਟ ਜ਼ਿਮੀਂਦਾਰ ਕਿਰਸਾਨੀ ਪਰਿਵਾਰ ਨਾਲ ਸਬੰਧ ਰਖਦੇ ਸਨ। ਉਹ ਆਪਣੇ ਘਰ ਦਾ ਗੁਜ਼ਾਰਾ ਖੇਤੀਬਾੜੀ ਦੀ ਆਮਦਨ ਤੋਂ ਕਰਦੇ ਸਨ। ਬਚਪਨ ਤੋਂ ਹੀ ਉਹ ਦਿਆਲੂ, ਸੱਚ ਦੇ ਪੁਜਾਰੀ, ਈਮਾਨਦਾਰੀ ਦੇ ਪੰਚ, ਸਿੱਧੇ-ਸਾਦੇ ਅਤੇ ਸਰਲ ਸੁਭਾਅ ਦੇ ਮਾਲਕ ਸਨ। ਉਹ ਇਕ ਜਾਣਕਾਰ ਸ਼ਖ਼ਸੀਅਤ, ਤ੍ਰਿਲੋਚਨ ਬ੍ਰਾਹਮਣ ਜੋ ਸਾਲਗਰਾਮ ਠਾਕੁਰ ਦੀ ਪੂਜਾ ਕਰਦੇ ਸਨ, ਦੇ ਸੰਪਰਕ ਵਿੱਚ ਆਏ ਤਾਂ ਭਗਤ ਧੰਨਾ ਜੀ ਨੇ ਤ੍ਰਿਲੋਚਨ ਜੀ ਨੂੰ ਕਿਹਾ ਕਿ ਉਹ ਵੀ ਠਾਕੁਰ ਦੀ ਪੂਜਾ ਕਰਨਾ ਚਾਹੁੰਦੇ ਹਨ। ਤ੍ਰਿਲੋਚਨ ਬ੍ਰਾਹਮਣ ਜੀ ਨੇ ਪੱਥਰ ਰੂਪੀ ਠਾਕੁਰ ਦੇਣ ਦੇ ਬਦਲੇ ਇਕ ਗਊ ਦੀ ਮੰਗ ਕੀਤੀ। ਉਨ੍ਹਾਂ ਨੇ ਤ੍ਰਿਲੋਚਨ ਨੂੰ ਗਾਂ ਦੇ ਦਿੱਤੀ ਅਤੇ ਪੱਥਰ ਰੂਪੀ ਠਾਕੁਰ ਲੈ ਲਏ। ਭਗਤ ਧੰਨਾ ਜੱਟ ਜੀ ਭੋਲੇ-ਭਾਲੇ ਅਤੇ ਸੱਚੇ ਇਨਸਾਨ ਸਨ। ਉਨ੍ਹਾਂ ਦੀ ਲਗਨ ਸੱਚੇ ਦਿਲੋਂ ਪ੍ਰਭੂ ਨਾਲ ਜੁੜ ਚੁੱਕੀ ਸੀ। ਇਸ ਕਰਕੇ ਉਨ੍ਹਾਂ ਨੇ ਪੱਥਰ ਰੂਪੀ ਠਾਕੁਰ ਬਦਲੇ ਗਊ ਦੇ ਦਿੱਤੀ। ਭਗਤ ਧੰਨਾ ਜੱਟ ਨੇ ਇਕਾਗਰਚਿੱਤ ਹੋ ਕੇ ਭਗਤੀ ਕੀਤੀ। ਉਨ੍ਹਾਂ ਵਿੱਚ ਮਾਨਵਤਾ ਰੂਪੀ ਜੋਤ ਜੱਗ ਚੁੱਕੀ ਸੀ ਜਿਸ ਨਾਲ ਸੱਚ-ਖੰਡ ਦੇ ਦਰਵਾਜ਼ੇ ਖੁੱਲ੍ਹਦੇ ਗਏ। ਇਹ ਵੀ ਪ੍ਰਸੰਗ ਆਉਂਦਾ ਹੈ ਕਿ ਲੱਸੀ ਅਤੇ ਰੋਟੀ ਦਾ ਭੋਗ ਲਗਾ ਕੇ ਪ੍ਰਭੂ ਦੇ ਦਰਸ਼ਨ ਕੀਤੇ।
ਉਨ੍ਹਾਂ ਨੂੰ ਆਪਣੇ ਮਨ ਮੰਦਰ ’ਚੋਂ ਇਕ ਅਲੌਕਿਕ ਸ਼ਕਤੀ ਦੇ ਦਰਸ਼ਨ ਹੋਏ ਜਿਸ ਨਾਲ ਉਨ੍ਹਾਂ ’ਤੇ ਭਗਤੀ ਭਾਵ ਦਾ ਗੂੜ੍ਹਾ ਰੰਗ ਚੜ੍ਹ ਗਿਆ। ਉਹ ਤਨ-ਮਨ, ਰੂਹ ਤੋਂ ਸ਼ੁੱਧ ਅਤੇ ਬਾਹਰੀ ਵਿਕਾਰਾਂ ਤੋਂ ਮੁਕਤ ਹੋ ਚੁੱਕੇ ਸਨ। ਉਹ ਲੋਕਾਂ ਦੀ ਸੇਵਾ ਵਿੱਚ ਜੁਟ ਗਏ ਅਤੇ ਇਲਾਕੇ ਵਿੱਚ ਭਗਤ ਧੰਨਾ ਜੱਟ ਦੇ ਭਗਤੀ-ਭਾਵ ਦੀ ਪ੍ਰਸੰਸਾ ਅਤੇ ਉਸਤਤ ਦੂਰ-ਦੂਰ ਤੱਕ ਹੋਣ ਲੱਗੀ। ਉਨ੍ਹਾਂ ਦੇ ਦਵਾਰ ’ਤੇ ਦੂਰ-ਦੂਰ ਤੋਂ ਬੁੱਧੀਜੀਵ, ਵਿਦਵਾਨ, ਸਾਧੂ-ਸੰਤ, ਮਹਾਤਮਾ ਧਰਮ ਚਰਚਾ ਲਈ ਆਉਣ ਲੱਗੇ। ਉਨ੍ਹਾਂ ਨੇ ਪ੍ਰਭੂ ਭਗਤੀ ਦੇ ਆਸ਼ੀਰਵਾਦ ਸਦਕਾ ਬਾਣੀ ਵੀ ਰਚੀ ਅਤੇ ਆਪਣੇ ਗਿਆਨ ਲੇਖਨ ਨੂੰ ਹੋਰ ਮਾਨਵਤਾਵਾਦੀ ਬਣਾਉਣ ਲਈ ਸਵਾਮੀ ਰਾਮਾਨੰਦ ਜੀ ਨੂੰ ਕਾਸ਼ੀ ਵਿਖੇ ਜਾ ਕੇ ਗੁਰੂ ਧਾਰ ਲਿਆ। ਰਾਮਾਨੰਦ ਜੀ ਤੋਂ ਕਈ ਸਾਲ ਸਿੱਖਿਆ ਲੈ ਕੇ ਬ੍ਰਹਮਗਿਆਨ ਨੂੰ ਪ੍ਰਾਪਤ ਹੋਏ ਅਤੇ ਉਚਕੋਟੀ ਦੀ ਬਾਣੀ ਲਿਖੀ। ਲੋਕਾਂ ਨੂੰ ਜੀਵਨ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਰਚਿਤ ਰਾਗਾਂ ਵਿੱਚ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਭਾਏਮਾਨ ਹਨ ਜਿਨ੍ਹਾਂ ਦੀ ਬਦੌਲਤ ਉਹ ਸੰਸਾਰ ਵਿੱਚ ਅਮਰ ਹਨ। ਉਨ੍ਹਾਂ ਦੇ ਸ਼ਬਦਾਂ ਦੀਆਂ ਕੁਝ ਸਤਰਾਂ… ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੂ ਪਹਿਚਾਨਿਆ।। ਧੰਨੈ ਧਨੁ ਪਾਇਆ ਧਰਣੀਧਰ ਮਿਲਿ ਜਨ ਸੰਤ ਸਮਾਇਆ ਅਤੇ ਪਾਖਣਿ ਕੀਟੁ ਗੁਪਤ ਹੋਇ ਹਰਤਾ ਤਾ ਚੋਂ ਮਾਰਗ ਨਾਹੀ।। ਕਹੈ ਧੰਨਾ ਪੂਰਨ ਤਾਰੂ ਕੋ ਮਤਰੇ ਜੀਅ ਡਰਾਂਹੀ।।
ਸ਼੍ਰੋਮਣੀ ਭਗਤ ਧੰਨਾ ਜੱਟ ਦੀ ਬਾਣੀ ਵਿੱਚ ਸਿਮਰਨ, ਭਗਤੀ, ਸਾਦਾ ਜੀਵਨ, ਪ੍ਰਭੂ ਕਿਰਪਾ, ਮਨ, ਨਿਰੰਕਾਰ ਦੀ ਭਗਤੀ, ਸ਼ਰਧਾ ਆਦਿ ਤੱਤਾਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਦੇ ਚਾਰੇ ਸ਼ਬਦ 29 ਤੋਂ 32 ਮਾਤਰਾ ਦੀ ਬਹਿਰ ਵਿੱਚ ਸੰਪੂਰਨ ਹੁੰਦੇ ਹਨ। ਉਨ੍ਹਾਂ ਦਾ ਜਨਮ ਦਿਹਾੜਾ ਹਮੇਸ਼ਾ ਹੀ ਸਮਾਜ ਲਈ ਪ੍ਰਮਾਤਮਾ ਪ੍ਰਤੀ ਸ਼ਰਧਾ ਦਾ ਪ੍ਰਤੀਕ ਰਹੇਗਾ।

ਪਰ ਅਫਸੋਸ ਕਿ ਅੱਜਕਲ੍ਹ ਦੇ ਮਸ਼ੀਨੀ ਯੁੱਗ ਵਿਚ ਅਜਿਹੇ ਮਹਾਨ ਭਗਤ ਦੀਆਂ ਸਿੱਖਿਆਵਾਂ ਅਤੇ ਜੀਵਨੀ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ | ਸਾਨੂੰ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅੱਜ ਲੋੜ ਹੈ ਕਿ ਅਸੀਂ ਭਗਤ ਜੀ ਦੇ ਜੀਵਨ ਨੂੰ ਵਿਚਾਰੀਏ ਅਤੇ ਯਾਦ ਰੱਖੀਏ, ਤਾਂ ਜੋ ਸਾਨੂੰ ਉਨ੍ਹਾਂ ਦੇ ਜੀਵਨ ਅਤੇ ਬਾਣੀ ਤੋਂ ਸੇਧ ਮਿਲਦੀ ਰਹੇ |

-ਬਲਵਿੰਦਰ ‘ਬਾਲਮ’
ਸੰਪਰਕ: 98156-25409

http://punjabitribuneonline.com/

Print Friendly

About author

Vijay Gupta
Vijay Gupta1097 posts

State Awardee, Global Winner

You might also like

ਭਾਰਤ ਦੀਆਂ ਗੁਆਚ ਚੁੱਕੀਆਂ 220 ਭਾਸ਼ਾਵਾਂ

ਸਾਡਾ ਦੇਸ਼ ਇਸ ਤਰ੍ਹਾਂ ਭੂਗੋਲਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਨਾਲ ਭਰਿਆ ਹੈ ਕਿ ਹਰ ਦੋ ਮੀਲ ਦੇ ਫ਼ਾਸਲੇ ’ਤੇ ਪਾਣੀ ਬਦਲ ਜਾਂਦਾ ਹੈ ਅਤੇ ਹਰ ਚਾਰ ਮੀਲ ਬਾਅਦ ਬੋਲੀ। ਸਾਡੇ ਇੱਥੇ


Print Friendly

ਕਰੀਅਰ

ਰਾਸ਼ਟਰੀ ਸਕਾਲਰਸ਼ਿਪ ਸਕੀਮ ‘ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ-ਕੇਵੀਪੀਵਾਈ’ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ 1999 ’ਚ ਵਿਗਿਆਨ ਦੇ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਪ੍ਰਤੀ ਉਤਸ਼ਾਹਤ ਕਰਨ ਹਿੱਤ ਸ਼ੁਰੂ ਕੀਤੀ ਗਈ ਸੀ।


Print Friendly
Important Days0 Comments

ਅੱਜ ਹੋਵੇਗਾ ਉੱਤਰੀ ਅਰਧ ਗੋਲੇ ਵਿੱਚ ਸਭ ਤੋਂ ਛੋਟਾ ਦਿਨ – 22 ਦਸੰਬਰ ਸ਼ੀਤ ਅਯਨਾਂਤ ਤੇ ਵਿਸ਼ੇਸ਼

ਕਿਉਂਕਿ ਧਰਤੀ ਆਪਣੇ ਧੁਰੇ ਦੁਆਲੇ 23.5 ਡਿਗਰੀ ਝੁਕੀ ਹੋਈ ਹੈ, ਜਿਸ ਕਾਰਨ ਸਾਰੀ ਧਰਤੀ ਤੇ ਦਿਨ ਅਤੇ ਰਾਤ ਛੋਟੇ ਅਤੇ ਵੱਡੇ ਹੁੰਦੇ ਰਹਿੰਦੇ ਹਨ। ਹਰ ਸਾਲ 21 ਮਾਰਚ, 21 ਜੂਨ,


Print Friendly