ਸ੍ਰੀ ਗੁਰੂ ਅਰਜਨ ਦੇਵ ਦੀ ਲਾਸਾਨੀ ਸ਼ਹਾਦਤ (ਸ਼ਹੀਦੀ ਪੁਰਬ ‘ਤੇ ਵਿਸ਼ੇਸ਼)
ਸੱਚ, ਧਰਮ, ਅਣਖ ਅਤੇ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਆਪਣੇ ਜੀਵਨ ਦੀ ਆਹੂਤੀ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹਨ। ਆਪ ਜੀ ਦਾ ਸਾਰਾ ਜੀਵਨ ਕ੍ਰਾਂਤੀਕਾਰੀ ਅਤੇ ਸਿੱਖਿਆ ਭਰਪੂਰ ਹੈ। ਆਦਿ ਤੋਂ ਅੰਤ ਤਕ ਆਪ ਦਾ ਜੀਵਨ ਇਕ ਸਖ਼ਤ ਪ੍ਰੀਖਿਆ ਸੀ, ਤੱਤੀ ਤਵੀ ਸੀ। ਅਜੇ ਗੁਰੂ ਨਹੀਂ ਸਨ ਬਣੇ ਤੇ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਰੋਧ ਸ਼ੁਰੂ ਹੋ ਗਿਆ। ਜਦੋਂ ਗੁਰੂ ਬਣੇ ਤਾਂ ਇਹ ਵਿਰੋਧ ਦਿਨ-ਬ-ਦਿਨ ਵਧਦਾ ਹੀ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਹਕੂਮਤ ਦਾ ਵਿਰੋਧ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਪਣੇ ਸਿਖਰ ‘ਤੇ ਪੁੱਜ ਗਿਆ। ਗੁਰੂ ਜੀ ਨੂੰ ਪ੍ਰਿਥੀ ਚੰਦ, ਸੁਲਹੀ ਖਾਨ, ਬੀਰਬਲ, ਚੰਦੁ ਆਦਿ ਦੇ ਵਿਰੋਧ………. ਦਾ ਵੀ ਸਾਹਮਣਾ ਕਰਨਾ ਪਿਆ। ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤਾਂ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਰੋਧ ਹੋਰ ਵੀ ਵਧ ਗਿਆ। ਗੁਰੂ ਜੀ ਨੇ ਜਦੋਂ ਸਿੱਖ ਕੌਮ ਨੂੰ ਜਥੇਬੰਦ ਕਰਨ ਦੀਆਂ ਤਿਆਰੀਆਂ ਅਰੰਭੀਆਂ ਤਾਂ ਬਾਦਸ਼ਾਹ ਜਹਾਂਗੀਰ ਨੂੰ ਬਾਗ਼ੀ ਨਜ਼ਰ ਆਉਣ ਲੱਗ ਪਏ। ਗੱਲ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੂਰਾ ਜੀਵਨ ਇਕ ਸੰਘਰਸ਼ਮਈ ਜੀਵਨ ਰਿਹਾ।
ਪਰ ਸ਼ਾਂਤੀ ਦੇ ਸਾਗਰ, ਨਿਮਰਤਾ ਦੇ ਪੁੰਜ, ਪਰਉਪਕਾਰੀ ਸਤਿਗੁਰਾਂ ਨੇ ਅਜਿਹੇ ਕਠਿਨਾਈਆਂ ਭਰੇ ਸਮੇਂ ਵਿੱਚ ਵੀ ਸਿੱਖ ਧਰਮ ਨੂੰ ਉੱਨਤੀ ਦੀਆਂ ਸਿਖਰਾਂ ਤਕ ਪਹੁੰਚਾਉਣ ਲਈ ਆਪਣਾ ਪੂਰਾ ਜੀਵਨ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਸਿੱਖਾਂ ਨੂੰ ਉੱਚ ਆਤਮਿਕ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ। ਮਸੰਦ ਪ੍ਰਥਾ ਸਥਾਪਤ ਕਰਕੇ ਦਸਵੰਧ ਦੀ ਰਸਮ ਚਲਾਈ, ਅੰਮ੍ਰਿਤਸਰ ਸ਼ਹਿਰ ਨੂੰ ਸਿੱਖੀ ਦਾ ਕੇਂਦਰ ਬਣਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ 52 ਕਿੱਤਿਆਂ ਦੇ ਕਾਰੀਗਰਾਂ ਨੂੰ ਹਰ ਪ੍ਰਕਾਰ ਦੀ ਮਦਦ ਦੇ ਕੇ ਉਤਸ਼ਾਹਿਤ ਕੀਤਾ। ਸਭ ਤੋਂ ਅਹਿਮ ਕਾਰਜ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਵਾਇਆ। ਸਮੇਂ ਦੀ ਹਕੂਮਤ ਨੂੰ ਦਿਨ-ਪ੍ਰਤੀ-ਦਿਨ ਬੁਲੰਦੀਆਂ ਨੂੰ ਛੂੰਹਦੀ ਸਿੱਖ ਪੰਥ ਦੀ ਚੜ੍ਹਦੀ ਕਲਾ ਗਵਾਰਾ ਨਾ ਹੋਈ ਅਤੇ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਮਨਸੂਬੇ ਬਣਨੇ ਸ਼ੁਰੂ ਹੋ ਗਏ। ਜਹਾਂਗੀਰ, ਆਪਣੀ ‘ਤੁਜ਼ਕਿ ਜਹਾਂਗੀਰੀ’ ਵਿੱਚ ਖੁਦ ਲਿਖਦਾ ਹੈ ਕਿ, ‘ਮੈਂ ਉਸ (ਸ੍ਰੀ ਗੁਰੂ ਅਰਜਨ ਦੇਵ ਜੀ) ਦੀਆਂ ਕਾਫ਼ਰਾਨਾ ਚਾਲਾਂ ਨੂੰ ਅੱਗੇ ਹੀ ਚੰਗੀ ਤਰ੍ਹਾਂ ਜਾਣਦਾ ਸਾਂ, ਮੈਂ ਹੁਕਮ ਕੀਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਤੇ ਉਸ ਦੇ ਘਰ-ਘਾਟ ਤੇ ਬੱਚੇ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤੇ ਜਾਣ ਅਤੇ ਉਸ ਦਾ ਮਾਲ-ਅਸਬਾਬ ਜ਼ਬਤ ਕਰਕੇ ਯਾਸਾ ਅਨੁਸਾਰ ਦੰਡ ਦਿੱਤਾ ਜਾਵੇ’।
ਅਖੀਰ ਬਾਦਸ਼ਾਹ ਦੇ ਹੁਕਮ ਅਨੁਸਾਰ ਸ਼ਾਂਤੀ ਦੇ ਪੁੰਜ ਮਿਠਬੋਲੜੇ ਅਤੇ ਸਭਨਾਂ ਕੇ ਸਾਜਨ ਸਤਿਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ। ਉਨ੍ਹਾਂ ਦੇ ਸਬਰ, ਸ਼ੁਕਰ ਅਤੇ ਨਿਮਰਤਾ ਨੂੰ ਜ਼ੋਰ ਅਤੇ ਜਬਰ ਨਾਲ ਖਤਮ ਕਰਨ ਲਈ ਉਨ੍ਹਾਂ ਨੂੰ ਜੇਠ ਦੀ ਗਰਮੀ ਵਿੱਚ ਤੱਤੀ-ਤਵੀ ‘ਤੇ ਬਿਠਾ ਕੇ ਉੱਤੋਂ ਸੀਸ ਵਿੱਚ ਗਰਮ ਰੇਤ ਪਵਾਈ ਅਤੇ ਫਿਰ ਉਬਲਦੀ ਦੇਗ ਵਿੱਚ ਉਬਾਲਿਆ। ਸਾਰਾ ਸਰੀਰ ਛਾਲੇ-ਛਾਲੇ ਹੋ ਗਿਆ, ਪਰੰਤੂ ਕੋਮਲ ਸੁਭਾਅ ਦੇ ਮਾਲਕ ਸਤਿਗੁਰੂ ਮੁੱਖ ਤੋਂ ‘ਤੇਰਾ ਕੀਆ ਮੀਠਾ ਲਾਗੇ’ ਉਚਾਰਦੇ ਰਹੇ। ਗੁਰੂ ਜੀ ਨੇ ‘ਦੁਖ ਨਾਹੀ ਸਭ ਸੁਖ ਹੀ ਹੈ ਰੇ ਹਾਰ ਨਹੀ ਸਭ ਜੇਤੈ’ ਦੀ ਸੱਚਾਈ ਨੂੰ ਸੰਸਾਰ ਵਿੱਚ ਪ੍ਰਗਟ ਕਰਕੇ ਇਹ ਸਾਬਤ ਕਰਨਾ ਸੀ ਕਿ ਬਾਬੇ ਨਾਨਕ ਦੀ ਸੱਚੀ ਅਤੇ ਸਰਬੱਤ ਦੇ ਭਲੇ ਦੀ ਲਹਿਰ ਕੋਈ ਝੂਠ ਦੀ ਦੁਕਾਨ ਨਹੀਂ ਸਗੋਂ ਧੁਰੋਂ ਪਠਾਏ ਨਿਰੰਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਹੱਟ ਹੈ, ਜਿੱਥੋਂ ਬਿਨਾਂ ਵਿਤਕਰੇ ਸੱਚ ਅਤੇ ਸੱਚੇ ਆਚਾਰ ਦਾ ਸੌਦਾ ਪ੍ਰਾਪਤ ਹੁੰਦਾ ਹੈ। ਸਬਰ ਅਤੇ ਜਬਰ ਦੇ ਇਸ ਮਹਾਨ ਬੇਮਿਸਾਲ ਸੰਘਰਸ਼ ਨੂੰ ਦੇਖ ਕੇ ਸਾਂਈ ਮੀਆਂ ਮੀਰ ਜੀ ਵੀ ਧਾਹਾਂ ਮਾਰ ਉੱਠੇ। ਤਪਦੀ ਰੇਤ, ਉਬਲਦੀ ਦੇਗ ਅਤੇ ਲਾਲ ਸੁਰਖ ਤਵੀ ਪੰਜ ਭੂਤਕ ਸਰੀਰ ਨੂੰ ਖੀਨ ਕਰੀ ਜਾ ਰਹੇ ਸਨ, ਪਰੰਤੂ ਬ੍ਰਹਮ ਗਿਆਨੀ ਸਤਿਗੁਰੂ ਮੁੱਖ ਤੋਂ ਪਾਵਨ ਗੁਰਵਾਕ ਉਚਾਰ ਰਹੇ ਸਨ:
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈਂ
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈਂ
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈਂ
ਅਖੀਰ 30 ਮਈ, 1606 ਈਸਵੀ ਨੂੰ ਗੁਰੂ ਜੀ ਪੰਜ ਭੂਤਕ ਸਰੀਰ ਦਾ ਠੀਕਰਾ ਜ਼ੋਰ ਤੇ ਜਬਰ ਦੇ ਸਿਰ ਭੰਨ ਕੇ ਆਪਣੀ ਸ਼ਹਾਦਤ ਨਾਲ ਮਾਨਵਤਾ ਦੀ ਜਿੱਤ ਦੀ ਇਕ ਉਹ ਅਬਚਲ ਗਵਾਹੀ ਦੇ ਗਏ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਧਰਮ ਦੇ ਨਾਂ ‘ਤੇ ਖੋਪਰੀਆਂ ਲੁਹਾਉਣਾ, ਚਰਖੜੀਆਂ ‘ਤੇ ਚੜ੍ਹਨ, ਬੰਦ-ਬੰਦ ਕਟਵਾਉਣ ਅਤੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲ਼ੀਆਂ ਵਿੱਚ ਪਵਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਸਤਿਗੁਰਾਂ ਦੀ ਇਸ ਅਦੁੱਤੀ ਸ਼ਹਾਦਤ ਦੇ ਕਮਾਲ ਨੂੰ ਅਰਸ਼ਾਂ ਤੇ ਫਰਸ਼ਾਂ ਤੋਂ ਇਕ ਸਮਾਨ ਸਿਜਦਾ ਹੋਇਆ। ਸਮੂਹ ਸ਼ਹੀਦਾਂ ਨੇ ਇਨ੍ਹਾਂ ਨੂੰ ਆਪਣਾ ਸਿਰਤਾਜ ਸਵੀਕਾਰ ਕਰਦਿਆਂ ਅਰਸ਼ਾਂ ਤੋਂ ਇਸ ਭਾਵ ਦੀ ਜੈ-ਜੈ ਕਾਰ ਕੀਤੀ:
ਧਰਨਿ ਗਗਨ ਨਵ ਖੰਡ ਮਹਿ ਜੋਤਿ ਸਰੂਪੀ ਰਹਿਓ ਭਰਿ
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ
ਗੁਰੂ ਜੀ ਦੀ ਇਸ ਮਹਾਨ ਸ਼ਹਾਦਤ ਨੇ ਸਿੱਖ ਲਹਿਰ ਵਿੱਚ ਸਮੇਂ ਦੀ ਲੋੜ ਅਨੁਸਾਰ ਇਕ ਐਸਾ ਪਲਟਾ ਲਿਆਂਦਾ ਜਿਸ ਦੇ ਫਲਸਰੂਪ ਸਿੱਖ ਨਵੇਂ ਅਤੇ ਨਿਰਾਲੇ ਢੰਗ ਨਾਲ ਜਥੇਬੰਦ ਹੋਣ ਲੱਗ ਪਏ। ਹੁਣ ਇਹ ਅਨੁਭਵ ਕੀਤਾ ਜਾਣ ਲੱਗ ਪਿਆ ਕਿ ਧਰਮ ਦੀ ਰੱਖਿਆ ਤੇ ਸਵੈ-ਮਾਣ ਲਈ ਤਾਕਤ ਤੇ ਜਥੇਬੰਦ ਹੋਣ ਦਾ ਸਮਾਂ ਆ ਗਿਆ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ‘ਤੇ ਬਿਰਾਜਮਾਨ ਹੋਣ ਸਮੇਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਭਗਤੀ ਤੇ ਸ਼ਕਤੀ ਇਕੱਠੀਆਂ ਹੋਣ ਲੱਗ ਪਈਆਂ। ਸਿਮਰਨ ਤੇ ਸੂਰਮਤਾਈ ਦੀ ਸਾਂਝ ਪੈਣ ਲੱਗ ਪਈ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸੰਤ-ਸਿਪਾਹੀ ਨੂੰ ਜਨਮ ਦਿੱਤਾ। ਸੋ ਆਓ, ਆਪਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਾਵਨ ਸ਼ਹੀਦੀ ਦਿਹਾੜੇ ਉੱਤੇ ਉਨ੍ਹਾਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਅਰਪਿਤ ਕਰੀਏ ਅਤੇ ਇਸ ਸ਼ਹਾਦਤ ਤੋਂ ਆਪਣੇ ਜੀਵਨ ਵਿੱਚ ਸੇਧ ਲੈ ਕੇ ਖੰਡੇ-ਬਾਟੇ ਦੀ ਪਾਹੁਲ ਛਕੀਏ ਅਤੇ ਗੁਰਮਤਿ ਜੀਵਨ ਦੇ ਧਾਰਨੀ ਬਣ ਕੇ ਪ੍ਰਭੂ ਦੇ ਭਾਣੇ ਵਿੱਚ ਜਿਉਣ ਦੀ ਜਾਚ ਸਿੱਖੀਏ!
ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
http://kuksamachar.co.nz
About author
You might also like
WORLD THINKING DAY – February 22
World Thinking Day is a day of friendship, advocacy and fundraising for 10 million Girl guides and Girl Scouts around the world. Each year on February 22, girls participate in
ਦੁਸਹਿਰੇ ਦਾ ਸੰਦੇਸ਼ – ਰਾਵਣ ਆਦਿ ਦੇ ਪੁਤਲੇ ਸਾੜਣ ਦੇ ਨਾਲ-ਨਾਲ ਆਪਣੇ ਅੰਦਰ ਬੈਠੀ ਬੁਰਾਈ ਦਾ ਵੀ ਅੰਤ ਕਰਨ ਦੀ ਕੋਸ਼ਿਸ਼ ਕਰੀਏ
ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਉਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਹੋਂਦ ਕਾਇਮ ਰਹਿ ਸਕੀ ਹੈ ਜਿਨ੍ਹਾਂ ਦਾ ਸੰਬੰਧ ਬਹੁ-ਗਿਣਤੀ ਲੋਕਾਂ ਦੀਆਂ ਸਾਂਝੀਆਂ
ਰੂਹ ਕੰਬਦੀ ਹੈ ਲਿਟਲ ਬੁਆਏ ਅਤੇ ਫੈਟ ਮੈਨ ਦੇ ਕਹਿਰ ਨੂੰ ਚੇਤੇ ਕਰਦਿਆਂ… (ਹੀਰੋਸ਼ੀਮਾ ਡੇ 6 ਅਗਸਤ ਤੇ ਵਿਸ਼ੇਸ਼)
ਹੀਰੋਸ਼ੀਮਾ ਦਿਵਸ ਅਤੇ ਨਾਗਾਸਾਕੀ ਦਾ ਦੁਖਾਂਤ ਸਾਨੂੰ ਅਤੀਤ ਵਿੱਚ ਅਤਿ-ਭਿਆਨਕ, ਦਿਲ-ਕੰਬਾਊ ਅਤੇ ਤਬਾਹਕੁੰਨ ਪਰਮਾਣੂ ਹਾਦਸਿਆਂ ਨਾਲ ਸਹਿਕ ਰਹੀ ਜਪਾਨ ਦੀ ਧਰਤੀ ਉੱਤੇ ਲੈ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਸਮੇਂ ਜਪਾਨ