Print Friendly

ਫ਼ਤਹਿ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ (ਅੱਜ ਫਤਿਹ ਦਿਵਸ ਤੇ ਵਿਸ਼ੇਸ਼)

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੰਥਕ ਸੇਵਾਵਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ‘ਤੇ ਪੰਛੀ ਝਾਤ ਪਾਉਣੀ ਜ਼ਰੂਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ ਰਿਆਸਤ ਪੁਣਛ ਖੇਤਰ ਦੇ ਪਿੰਡ ਰਾਜੌਰੀ ‘ਚ 16 ਅਕਤੂਬਰ, 1670 ਈ: ਨੂੰ ਰਾਮਦੇਵ ਰਾਜਪੂਤ ਦੇ ਘਰ ਹੋਇਆ। ਬਚਪਨ ‘ਚ ਸ਼ਿਕਾਰ ਖੇਡਣ ਦੀ ਲਗਨ ਲਛਮਣ ਦੇਵ ਨੂੰ ਵੀ ਲੱਗ ਗਈ, ਕਿਉਂਕਿ ਜੰਗਲੀ ਤੇ ਪਹਾੜੀ ਇਲਾਕੇ ‘ਚ ਸ਼ਿਕਾਰੀ ਸੁਭਾਅ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਆਪ ਸ਼ਿਕਾਰ ਹੋ ਜਾਓਗੇ। ਇਕ ਦਿਨ ਇਨ੍ਹਾਂ ਪਾਸੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ। ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਤੇ ਹਿਰਨੀ ਦੇ ਬੱਚੇ ਦਮ ਤੋੜ ਗਏ। ਨਰਮ ਦਿਲ ਲਛਮਣ ਦੇਵ ਦਾ ਦਿਲ ਟੁੱਟ ਗਿਆ। ਉਸ ਨੇ ਕਮਾਨ ਤੋੜ ਦਿੱਤੀ, ਤੀਰ ਵਗਾਹ ਮਾਰੇ, ਸ਼ਿਕਾਰੀ ਪਹਿਰਾਵਾ ਲਾਹ ਫਕੀਰੀ ਬਾਣਾ ਧਾਰਨ ਕਰ ਲਿਆ। ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਹੀ ਘਰ-ਬਾਰ ਤਿਆਗ ਪਹਾੜੀ ਚੋਟੀਆਂ ਤੇ ਢਲਾਣਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜੀਵਨ ‘ਤੇ ਫ਼ਤਹਿ ਕਰਨ ਦੇ ਢੰਗ ਤਰੀਕੇ ਭਾਲਦਾ ਜਮਾਂਦਰੂ ਸ਼ਿਕਾਰੀ ਬਿਰਤੀ ਸੁਭਾਅ ਤਿਆਗ ਕੇ ਪਹਿਲੀ ਫ਼ਤਹਿ ਪ੍ਰਾਪਤ ਕੀਤੀ। ਮੈਦਾਨੀ ਇਲਾਕੇ ਪੰਜਾਬ, ਯੂ. ਪੀ. ਆਦਿ ਦਾ 7 ਸਾਲ ਭ੍ਰਮਣ ਕੀਤਾ ਤੇ ਜਾਨਕੀਦਾਸ ਵੈਸ਼ਨਵ ਸਾਧ ਦਾ ਚੇਲਾ ਬਣ ਗਿਆ। ਸਾਧਾਂ-ਸੰਤਾਂ, ਜੋਗੀਆਂ ਦੀ ਸੰਗਤ ਕੀਤੀ ਪਰ ਮਨ ਕਾਬੂ ਨਾ ਆਇਆ ਭਾਵ ਮਨ ਜਿੱਤਣ ਵਾਸਤੇ ਹੋਰ ਭਰਮਣ ਕਰਨ ਲੱਗਾ।
ਭਾਰਤ ਭਰਮਣ ਕਰਦਾ, ਭਾਉਂਦਾ/ਭਟਕਦਾ ਮਨਵਾੜ ਹੁੰਦਾ ਹੋਇਆ ਨਾਂਦੇੜ ‘ਚ ਲਛਮਣ ਦਾਸ ਬੈਰਾਗੀ ਗੁਦਾਵਰੀ ਦੇ ਰਮਣੀਕ ਕੰਢੇ ‘ਤੇ ਡੇਰਾ ਬਣਾ ਬੈਠ ਗਿਆ। ਭੁੱਲੇ-ਭਟਕੇ, ਲਾਚਾਰ, ਲੋੜਵੰਦ ਲੋਕ ਆਉਂਦੇ, ਲਛਮਣ ਦਾਸ ਦੇ ਚਰਨ ਸਪਰਸ਼ ਕਰਦੇ, ਅਸ਼ੀਰਵਾਦ ਪ੍ਰਾਪਤ ਕਰ ਆਤਮਿਕ ਸੰਤੁਸ਼ਟੀ ਪ੍ਰਾਪਤ ਕਰਦੇ। ਉਸ ਵੇਲੇ ਤੱਕ ਲਛਮਣ ਦਾਸ-ਮਾਧੋਦਾਸ ਬੈਰਾਗੀ ਨਾਂਅ ਨਾਲ ਪ੍ਰਸਿੱਧ ਹੋ ਚੁੱਕਾ ਸੀ। ਡੇਰਾ ਚੱਲ ਪਿਆ, ਚੇਲੇ ਥਾਪ ਲਏ, ਆਏ ਗਏ ਮਹਾਂਪੁਰਸ਼ਾਂ ਨੂੰ ਕਰਾਮਾਤੀ ਪਲੰਘ ‘ਤੇ ਬਿਠਾਉਣਾ ਤੇ ਉਲਟਾ ਦੇਣਾ, ਇਹ ਮਾਧੋਦਾਸ ਦਾ ਸ਼ੌਕ ਸੀ। ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਨ ਦਾ ਸਫਰ ਬੜਾ ਕਲਾਤਮਕ ਹੈ। ਮਾਧੋਦਾਸ ਬੈਰਾਗੀ 18 ਸਾਲ ਗੁਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਇਸ ਸਮੇਂ ਦੌਰਾਨ ਉਸ ਨੂੰ ਆਪਣੇ ਤਪ-ਤੇਜ, ਬੁੱਧੀ ਤੇ ਸ਼ਕਤੀ ‘ਤੇ ਬਹੁਤ ਫਖ਼ਰ ਸੀ। ਸਧਾਰਨ ਲੋਕਾਂ ਦੀ ਮਨੋਆਸਥਾ ‘ਤੇ ਉਹ ਫ਼ਤਹਿ ਕਰ ਚੁੱਕਾ ਸੀ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹੋਣ ਬਾਰੇ ਮਹੰਤ ਜੈਂਤ ਰਾਮ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸ ਦਿੱਤਾ ਸੀ।
ਦੱਖਣ ਯਾਤਰਾ ਸਮੇਂ 1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਗੁਰਦੇਵ ਪਿਤਾ ਸਿੰਘਾਂ ਦੇ ਦਲ ਸਮੇਤ ਗੁਦਾਵਰੀ ਦੇ ਕਿਨਾਰੇ ਮਾਧੋਦਾਸ ਦੇ ਡੇਰੇ ਪਹੁੰਚੇ ਤੇ ਪਲੰਘ ‘ਤੇ ਬਿਰਾਜਮਾਨ ਹੋ ਗਏ। ਉਸ ਸਮੇਂ ਮਾਧੋਦਾਸ ਡੇਰੇ ਵਿਚ ਨਹੀਂ ਸੀ। ਜਦ ਡੇਰੇ ਪਹੁੰਚਾ ਤਾਂ ਗੁਰੂ ਜੀ ਨੂੰ ਪਲੰਘ ‘ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ ‘ਤੇ ਬਿਰਾਜਮਾਨ ਹੈ? ਗੁੱਸੇ ‘ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ। ਮਨ ਜਿੱਤਣ ਦੀ ਗੁੜ੍ਹਤੀ ਤੇ ਮੌਤ ‘ਤੇ ਵੀ ਫ਼ਤਹਿ ਪ੍ਰਾਪਤ ਕਰਨ ਵਾਸਤੇ ਜੋਦੜੀ ਕਰਨ ਲੱਗਾ। ਨੈਣ ਨੀਵੇਂ ਕਰਕੇ ਕਹਿਣ ਲੱਗਾ-ਸੁਆਮੀ ਬਖਸ਼ ਲਵੋ, ਮੈਂ ਤੁਹਾਡਾ ‘ਬੰਦਾ’ ਹਾਂ। ਜੀਵਨ ਲਕਸ਼ ਗੁਰਮਤਿ ਅਨੁਸਾਰ ਜੀਵਨ ਮੁਕਤੀ ਹੈ। ਜੀਵਨ-ਮੁਕਤੀ ਦਾ ਭਾਵ ਨਿਰਭਉ-ਨਿਰਵੈਰ ਨਾਲ ਇੰਨਾ ਜੁੜ ਜਾਣਾ ਹੈ ਕੇ ਖੁਦ ਵੀ ਨਿਰਭਉ-ਨਿਰਵੈਰ ਹੋ ਜਾਣਾ। ਮਨੁੱਖੀ ਜੀਵਨ ‘ਚ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਪੰਥਕ ਪਰਿਵਾਰ ਦਾ ਮੈਂਬਰ ਬਣ, ਫ਼ਤਹਿ ਦੀ ਬਾਦਸ਼ਾਹਤ ਪ੍ਰਾਪਤ ਕਰਨ ਲਈ ਗੁੜ੍ਹਤੀ ਪ੍ਰਾਪਤ ਕੀਤੀ। ਗੁਰੂ ਜੀ ਨੇ ਬੰਦਾ ਸਿੰਘ ਨੂੰ ਤੋੜੀ ਹੋਈ ਕਮਾਨ ਦੀ ਥਾਂ ਨਾ ਟੁੱਟਣ ਵਾਲੀ ਕਮਾਨ ਤੇ ਫੌਲਾਦੀ ਤੀਰ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਕਿ ਪਹਿਲਾਂ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਦਾ ਸਾਂ, ਹੁਣ ਤੂੰ ਜਬਰ-ਜ਼ੁਲਮ ਤੇ ਅੱਤਿਆਚਾਰ ਦੀ ਹਨੇਰੀ ਨੂੰ ਠੱਲ੍ਹਣ ਵਾਸਤੇ ਅੱਤਿਆਚਾਰੀ ਹਾਕਮਾਂ-ਜ਼ਾਲਮਾਂ ਦਾ ਸ਼ਿਕਾਰ ਕਰ ਅਤੇ ਜਬਰ-ਜ਼ਲਮ ਦੀ ਖੂਨੀ ਹਨੇਰੀ ਰੋਕਣ ਵਾਸਤੇ ਮੌਤ ਦੇ ਭੈਅ ਤੋਂ ਸੁਤੰਤਰ ਹੋ ਫ਼ਤਹਿ ਦਾ ਬਾਦਸ਼ਾਹ ਬਣ।

ਜਦ ਵੀ ਤੈਨੂੰ ਜ਼ਰੂਰਤ ਪਵੇ, ਗੁਰੂ ਗ੍ਰੰਥ-ਗੁਰੂ ਪੰਥ ਅੱਗੇ ਅਰਦਾਸ ਕਰੀਂ, ਤੈਨੂੰ ਫ਼ਤਹਿ ਪ੍ਰਾਪਤ ਹੋਵੇਗੀ। ਗੁਰੂ-ਪੰਥ ਤੇਰੀ ਸਹਾਇਤਾ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮ ਦਾ ਆਖਰੀ ਸਾਹਾਂ ਤੱਕ ਪਾਬੰਦ ਰਿਹਾ।
ਅਤਿ ਬਿਖੜੇ ਸਮੇਂ ਸਿੱਖ ਬਾਦਸ਼ਾਹਤ ਕਾਇਮ ਕਰਨਾ ਉਸ ਦੀ ਵਿਸ਼ੇਸ਼ ਪੰਥਕ ਸੇਵਾ ਸੀ। ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ ਕਰ ਮੁੱਠੀ ਭਰ ਸਿਰਲੱਥ ਯੋਧਿਆਂ ਦੀ ਸਹਾਇਤਾ ਨਾਲ ਪੰਜਾਬ ‘ਚੋਂ ਜਬਰ-ਜ਼ੁਲਮ ਦੀਆਂ ਜੜ੍ਹਾਂ ਉਖਾੜ ਸੁੱਟੀਆਂ। ਭਾਰਤ ਦੇ ਸਿਰ ਦਾ ਤਾਜ ਕਹੀ ਜਾਂਦੀ ਸਰਹਿੰਦ ਨੂੰ ਫਤਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਪਰਚਮ ਝੁਲਾ ਫ਼ਤਹਿ ਦਿਵਸ ਮਨਾਇਆ। ਜੇਕਰ ਉਸ ਸਮੇਂ ਦੇ ਹਾਲਾਤ ਦਾ ਅਧਿਐਨ ਕੀਤਾ ਜਾਵੇ ਤਾਂ ਇਕ ਇਨਕਲਾਬ ਦੇ ਦਰਸ਼ਨ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਫੌਜੀ ਦਸਤੇ ‘ਚ ਸਿੱਖ, ਮੁਸਲਮਾਨ, ਹਿੰਦੂ ਤੇ ਉਦਾਸੀ ਸ਼ਾਮਲ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ, ਸਮਾਣਾ, ਘੁੜਾਮ, ਸ਼ਾਹਬਾਦ, ਕਪੂਰੀ ਤੇ ਸਢੋਰ ‘ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। 12 ਮਈ, 1710 ਈ: ਚਪੜਚਿੜੀ ਦੇ ਮੈਦਾਨ ‘ਚ ਲਹੂ-ਡੋਲ੍ਹਵੀਂ ਜੰਗ ਹੋਈ, ਜਿਸ ਵਿਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। 14 ਮਈ, 1710 ਨੂੰ ਪੰਥਕ ਫੌਜਾਂ ਨੇ ਸਰਹਿੰਦ ਤੋਂ ਹੈਦਰੀ ਝੰਡੇ ਉਤਾਰ, ਕੇਸਰੀ ਪਰਚਮ ਝੁਲਾ ਦਿੱਤੇ। ਗੁਰੂ ਮਾਰੀ ਸਰਹੰਦ ਦੀ ਥਾਂ ਬਾਬਾ ਜੀ ਨੇ ਮੁਖਲਿਸਗੜ੍ਹ ਨੂੰ ਪੰਥਕ ਸਰਕਾਰ ਦੀ ਰਾਜਧਾਨੀ ਬਣਾਇਆ, ਇਸ ਦਾ ਨਾਂਅ ਲੌਹਗੜ੍ਹ ਰੱਖਿਆ ਗਿਆ।
ਉਸ ਦੀ ਪੰਥਪ੍ਰਸਤੀ ਪੰਥਕ ਸੇਵਾ ਦਾ ਸਬੂਤ ਹੈ ਕਿ ਉਸ ਨੇ ਬਾਦਸ਼ਾਹੀ ਪ੍ਰਾਪਤ ਕਰ ਆਪਣੇ ਨਾਂਅ ਦਾ ਸਿੱਕਾ ਜਾਰੀ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਮੇਂ ਤੱਕ ਹਉਮੈ-ਹੰਕਾਰ ਰੂਪੀ ਖੂਨੀ ਸਰਹੰਦ ‘ਤੇ ਫ਼ਤਹਿ ਪ੍ਰਾਪਤ ਕਰ ਲਈ ਸੀ। ਬਾਦਸ਼ਾਹਤ ਦੀਆਂ ਪਰਸਪਰ ਨਿਸ਼ਾਨੀਆਂ ਸਿੱਕਾ, ਮੋਹਰ ਤੇ ਕੈਲੰਡਰ ਗੁਰੂ ਨਾਨਕ ਦੇ ਨਾਂਅ ਦਾ ਜਾਰੀ ਕਰਕੇ ਬਾਬਾ ਜੀ ਨੇ ਸੁਆਰਥ, ਹਾਊਮੈ-ਹੰਕਾਰ, ਖ਼ੁਦਗਰਜ਼ੀ ‘ਤੇ ਫ਼ਤਹਿ ਪ੍ਰਾਪਤ ਕੀਤੀ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਦਾ ਸਿੱਕਾ ਜਾਰੀ ਕੀਤਾ, ਜਿਸ ‘ਤੇ ਇਹ ਸ਼ਬਦ ਉਕਰੇ ਗਏ :
ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਸਾਹਿਬ ਅਸਤ॥
ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ॥
ਉਸ ਦੀ ਮੋਹਰ ਵੀ ਪੰਥਕ ਸਰੂਪ ਦੀ ਫ਼ਤਹਿ ਨੂੰ ਪ੍ਰਗਟ ਕਰਦੀ ਸੀ :
ਦੇਗੋ ਤੇਗੋ ਫਤਹਿ ਓ ਨੁਸਰਤਿ ਬੇ-ਦਿਰੰਗ॥
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥
ਪੰਜਾਬ ਵਾਸੀਆਂ ਵਿਚੋਂ ਗੁਲਾਮੀ ਨੂੰ ਜੜ੍ਹਾਂ ਤੋਂ ਮੁਕਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲੀਆ ਸੰਮਤ ਦੇ ਬਰਾਬਰ ਨਾਨਕਸ਼ਾਹੀ ਸੰਮਤ ਜਾਰੀ ਕੀਤਾ। ਇਸ ਤਰ੍ਹਾਂ ਨਿਰਮਲ ਸਿੱਖ ਹੋਂਦ ਹਸਤੀ ਨੂੰ ਪ੍ਰਗਟ ਹੋਣ ‘ਚ ਸ਼ਕਤੀ ਮਿਲੀ, ਸਿੱਖ ਸੁਤੰਤਰ ਸੋਚ ਦੇ ਧਾਰਨੀ ਹੋ ਵਿਚਰਨ ਲੱਗੇ।
ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਸ ਪ੍ਰਾਪਤੀ ਨੂੰ ਕੇਵਲ ਗੁਰੂ ਦੀ ਬਖਸ਼ਿਸ਼ ਮੰਨਦਾ ਸੀ। ਉਸ ਦਾ ਕਹਿਣਾ ਸੀ ਕਿ ਉਹ ਤਾਂ ਗੁਰੂ ਦਾ ਸੇਵਾਦਾਰ ਹੈ। ਉਸ ਮੰਨਦਾ ਸੀ ਕਿ ਇਹ ਬਖਸ਼ਿਸ ਗੁਰੂ ਨਾਨਕ ਦੀ ਹੈ-ਫਤਹਿ ਗੁਰੂ ਗੋਬਿੰਦ ਸਿੰਘ ਮਾਹਰਾਜ ਦੀ ਹੈ। ਯਮਨਾ ਤੋਂ ਲੈ ਕੇ ਦਰਿਆ ਰਾਵੀ ਦੇ ਵਿਸ਼ਾਲ ਇਲਾਕੇ ‘ਚ ਬੰਦਾ ਸਿੰਘ ਬਹਾਦਰ ਨੇ ਲਗਭਗ 6 ਸਾਲ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਖਾਲਸਾ ਪਰਿਵਾਰ ਦੇ ਮੈਂਬਰ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਿਚਾਰ ਲੈ ਕੇ ਪੈਦਾ ਹੋਏ ਹਨ।
ਪੰਜਾਬ ਦੇ ਕਿਸਾਨਾਂ ਨੂੰ ਜਗੀਰਦਾਰੀ ਪ੍ਰਬੰਧ ਮੁਕਤ ਕਰਵਾਇਆ ਤੇ ਸਾਬਤ ਕਰ ਦਿੱਤਾ ਕਿ ਖੇਤ ਦਾ ਮਾਲਕ ਉਹੀ ਹੈ, ਜੋ ਖੇਤੀ ਕਰ ਰਿਹਾ ਹੈ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿਸ਼ਾਲ ਖੇਤਰ ‘ਚ ਧਾਰਮਿਕ, ਸਮਾਜਿਕ, ਆਰਥਿਕ, ਰਾਜਸੀ ਸੁਤੰਤਰਤਾ ਦੇ ਝੰਡੇ ਗੱਡੇ। ਦੱਬੇ-ਕੁਚਲੇ ਲੋਕਾਂ ਨੂੰ ਸੁਤੰਤਰਤਾ ਦਾ ਅਹਿਸਾਸ ਹੋਇਆ। ਲੋਕਾਂ ਦੇ ਦਿਲਾਂ ‘ਤੇ ਰਾਜ ਸਥਾਪਿਤ ਕਰ ਲੋਕ ਮਾਨਸਿਕਤਾ ‘ਤੇ ਫ਼ਤਹਿ ਪ੍ਰਾਪਤ ਕੀਤੀ। ਵਿਸ਼ਾਲ ਮੁਗਲ ਰਾਜ ਢਹਿ-ਢੇਰੀ ਹੋਣ ‘ਤੇ ਸੂਫ਼ੀ ਫ਼ਕੀਰ ਬੁੱਲੇ ਸ਼ਾਹ ਦੇ ਬੋਲ ਗੂੰਜ ਉੱਠੇ :
ਭੂਰਿਆਂ ਵਾਲੇ ਰਾਜੇ ਕੀਤੇ,
ਮੁਗਲਾਂ ਜ਼ਹਿਰ ਪਿਆਲੇ ਪੀਤੇ।
ਡਾ: ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ, ਅਖੌਤੀ ਨੀਚ ਜਾਤਾਂ ਨੂੰ ਉੱਚ ਪਦਵੀਆਂ ਦਿੱਤੀਆਂ ਗਈਆਂ। ਸਮਾਜਿਕ ਬਰਾਬਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਇਸ ਤਰ੍ਹਾਂ ਬ੍ਰਾਹਮਣ, ਖੱਤਰੀ ਉੱਚ-ਜਾਤੀਆਂ ਦੇ ਲੋਕ ਨੀਵੀਂਆਂ ਜਾਤਾਂ ਦੇ ਲੋਕਾਂ ਸਾਹਮਣੇ ਹੱਥ ਜੋੜੀ ਖੜ੍ਹੇ ਦਿਖਾਈ ਦਿੱਤੇ। ਬਾਬਾ ਬੰਦਾ ਸਿੰਘ ਦੇ ਰਾਜ ਪ੍ਰਬੰਧ ‘ਚ ਸਭ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ। ‘ਸਭੇ ਸਾਂਝੀਵਾਲ ਸਦਾਇਨ ਤੂ ਕਿਸੇ ਨਾ ਦਿਸੈ ਬਾਹਰਾ ਜੀਓੁ’ ਦਾ ਉਪਦੇਸ਼ ਅਮਲ ‘ਚ ਪ੍ਰਗਟ ਕੀਤਾ। ਪ੍ਰਬੰਧ ‘ਚ ਸਿੱਖ, ਮੁਸਲਮਾਨ ਅਤੇ ਹਿੰਦੂ ਸਭ ਨੂੰ ਸਤਿਕਾਰ ਪ੍ਰਾਪਤ ਸੀ। ਬੰਦਾ ਸਿੰਘ ਬਹਾਦਰ ਨੇ ਹਿੰਦੂਆਂ ਜਾਂ ਮੁਸਲਮਾਨਾਂ ‘ਤੇ ਕਿਸੇ ਕਿਸਮ ਦੀਆਂ ਪਾਬੰਦੀਆਂ ਨਹੀਂ ਲਾਈਆਂ, ਮੁਸਲਮਾਨ ਸਿਪਾਹੀਆਂ ਨੂੰ ਸਮੇਂ ਸਿਰ ਨਮਾਜ਼ ਅਦਾ ਕਰਨ ਦੀ ਇਜ਼ਾਜਤ ਵੀ ਸੀ, 15000 ਦੇ ਕਰੀਬ ਮੁਸਲਮਾਨ ਉਸ ਦੀਆਂ ਫੌਜਾਂ ਵਿਚ ਸ਼ਾਮਿਲ ਸਨ।

ਰੂਪ ਸਿੰਘ
ਮੋਬਾ: 98146-37979
Email : roopsz@yahoo.com

http://beta.ajitjalandhar.com/supplement/20140514/28.cms

Print Friendly

About author

Vijay Gupta
Vijay Gupta1095 posts

State Awardee, Global Winner

You might also like