Print Friendly
ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਮਹੱਤਵ ਅਤੇ ਈਦ-ਉਲ-ਫਿਤਰ (18 ਜੁਲਾਈ)

ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਮਹੱਤਵ ਅਤੇ ਈਦ-ਉਲ-ਫਿਤਰ (18 ਜੁਲਾਈ)

ਇਸਲਾਮ ਸ਼ਬਦ ਦਾ ਸ਼ਾਬਦਿਕ ਅਰਥ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਤਰਕ, ਤਯਾਗ, ਸਿਰ ਝੁਕਾਉਣਾ, ਖੁਦਾ ਦੀ ਰਜ਼ਾ ਨੂੰ ਸਲਾਮ ਕਰਨਾ ਅਰਥਾਤ ਰੱਬ ਦਾ ਭਾਣਾ ਮੰਨਣਾ ਹੈ’ ਅਰਬੀ ਮੂਲ ਦੇ ਇਸ ਸ਼ਬਦ ਤੋਂ ਭਾਵ ਹੈ ਆਪਣੇ ਆਪ ਨੂੰ ਖੁਦਾ ਦੀ ਰਜ਼ਾ ਅਨੁਸਾਰ ਉਸ ਦੇ ਹਵਾਲੇ ਕਰ ਦੇਣਾ। 7ਵੀਂ ਸਦੀ ਦੇ ਸ਼ੁਰੂ ‘ਚ ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਸਲੱਲਾ-ਊ-ਇਲੈਵਸਸੱਲਮ ਨੇ ਇਸਲਾਮ ਦੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕੀਤੀਆਂ। ਹਜ਼ਰਤ ਮੁਹੰਮਦ (ਸ) ਤੋਂ ਪਹਿਲਾਂ ਦੇ ਨਬੀਆਂ, ਦਾਦਾ ਆਦਮ, ਹਜ਼ਰਤ ਨੂੰ ਹਜ਼ਰਤ ਈਸ਼ਾ ਤੋਂ ਇਲਾਵਾ ਅਨੇਕਾਂ ਨੇ ਆਪਣੇ ਸਮੇਂ ਇਸਲਾਮ ਦੇ ਵਿਕਾਸ ਤੇ ਸੰਸਥਾਵਾਂ ਦੀ ਸ਼ੁਰੂਆਤ ਕੀਤੀ।

ਜਦੋਂ 610 ਈ· ਵਿਚ ਹਜ਼ਰਤ ਮੁਹੰਮਦ (ਸ) ਨੇ ਇਸਲਾਮ ਦੀਆਂ ਮੁਢਲੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕੀਤੀਆਂ ਸਨ ਤਾਂ ਉਸ ਸਮੇਂ ਅਰਬੀ ਲੋਕਾਂ ਦੇ ਇਕ ਛੋਟੇ ਗਰੁੱਪ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਕਬੂਲ ਕੀਤਾ ਸੀ। ਉਸ ਸਮੇਂ ਅਰਬੀ ਕਬੀਲਿਆਂ ਦੇ ਲੋਕਾਂ ਦਾ ਕੰਮ ਲੁੱਟਮਾਰ ਕਰਨਾ, ਠੱਗੀਆਂ ਮਾਰਨਾ, ਆਪਸ ਵਿਚ ਅਤੇ ਦੂਜਿਆਂ ਕਬੀਲਿਆਂ ਦੇ ਲੋਕਾਂ ਨਾਲ ਲੜਦੇ-ਝਗੜਦੇ ਰਹਿਣਾ ਸੀ। ਕੁੜੀ ਪੈਦਾ ਹੋਣਾ ਸ਼ਰਮਨਾਕ ਅਤੇ ਅਧੀਨਤਾ ਦਾ ਚਿੰਨ੍ਹ ਮੰਨਿਆ ਜਾਂਦਾ ਸੀ, ਇਸ ਕਰਕੇ ਧੀਆਂ ਨੂੰ ਜੰਮਦੇ ਹੀ ਮਾਰ ਦਿੱਤਾ ਜਾਂਦਾ ਸੀ।

7ਵੀਂ ਸਦੀ ਦੇ ਅੰਤ ਤਕ ਇਸਲਾਮ ਧਰਮ ਦਾ ਵਿਕਾਸ ਮੱਧ ਪੂਰਬ ਤੋਂ ਅਫਰੀਕਾ, ਯੂਰਪ ਅਤੇ ਭਾਰਤੀ ਉਪ-ਮਹਾਂਦੀਪ, ਮਾਲੇ ਪ੍ਰਾਏਦੀਪ ਅਤੇ ਚੀਨ ਤਕ ਫੈਲ ਗਿਆ। ਇਸ ਸਮੇਂ ਦੌਰਾਨ ਇਸਲਾਮ ਧਰਮ ‘ਚ ਹੋਰ ਕਈ ਫਿਰਕਿਆਂ ਦਾ ਉਦਾਰ ਹੋਇਆ। ਭਾਈ ਕਾਨ੍ਹ ਸਿੰਘ ਅਨੁਸਾਰ, ‘ਇਸਲਾਮ ਦੇ ਬਹੱਤਰ ਫਿਰਕੇ ਸੁੰਨੀ ਮੁਸਲਮਾਨਾਂ ਨੂੰ ਛੱਡ ਕੇ ਪ੍ਰਮੁੱਖ ਰੂਪ ‘ਚ ਅੱਠ ਭਾਗਾਂ ਵਿਚ ਵੰਡੇ ਹੋਏ ਇਸ ਪ੍ਰਕਾਰ ਸਨ:

1. ਮੁਅਤਜ਼ਿਲਹ,
2. ਸ਼ੀਅਹ,
3. ਖਵਾਰਿਜ,
4. ਮੁਰਜੀਯਹ,
5. ਨਜਾਰੀਯਹ,
6. ਜਵਰੀਯਹ,
7. ਕਦਰਰੀਯਹ,
8. ਮੁਸੱਬੀਹ।

ਹਜ਼ਰਤ ਮੁਹੰਮਦ (ਸ) ਸਾਹਿਬ ਦਾ ਪੂਰਾ ਨਾਂ ‘ਅਬੂ-ਅਲ-ਕਾਸਿਮ ਮੁਹੰਮਦ ਇਬਨ ਅਬਦੁੱਲਾ ਇਬਨ ਅਬਦ-ਅਲ-ਮੁਤਲਿਬ ਇਬਨ ਹਾਸਿਮ’ ਸੀ। ਆਪ (ਸ) ਦਾ ਜਨਮ ਮੱਕਾ ਵਿਖੇ 570 ਈ· ਵਿਚ ਹੋਇਆ। ਉਨ੍ਹਾਂ ਦੇ ਜਨਮ ਦੀ ਅਸਲ ਮਿਤੀ ਸਬੰਧੀ ਵਿਦਵਾਨਾਂ ‘ਚ ਮਤਭੇਦ ਪਾਏ ਜਾਂਦੇ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਜਨਮ 12 ਰਬੀਊਲ-ਅੱਵਲ (ਇਸਲਾਮੀ ਮਹੀਨੇ ਦਾ ਨਾਂ) ਹਿਜਰੀ ਕੈਲੰਡਰ ਤੋਂ 52 ਸਾਲ ਪਹਿਲਾਂ ਸੋਮਵਾਰ ਦੇ ਦਿਨ ਸਵੇਰ ਸਮੇਂ ਹੋਇਆ। ਜਨਮ ਤੋਂ ਕੁਝ ਸਮਾਂ ਪਹਿਲਾਂ ਪਿਤਾ ਹਜ਼ਰਤ ਅਬਦੁੱਲਾ ਦੀ ਮੌਤ ਹੋ ਗਈ। ਜਦੋਂ ਉਮਰ ਕੇਵਲ 6 ਸਾਲ ਦਾ ਸੀ ਮਾਤਾ ਹਜ਼ਰਤ ਆਮਨਾ ਦੀ ਮੌਤ ਹੋ ਗਈ। ਯਤੀਮੀ ਦੀ ਹਾਲਤ ਵਿਚ ਪਾਲਣ-ਪੋਸਣ ਦਾਦਾ ਅਬਦੁੱਲ ਮੁਤਲਿਬ ਦੁਆਰਾ ਕੀਤਾ ਗਿਆ। ਦੋ ਸਾਲ ਬਾਅਦ 8 ਸਾਲ ਦੀ ਉਮਰ ‘ਚ ਦਾਦਾ ਦੀ ਵੀ ਮੌਤ ਹੋਣ ਕਰਕੇ ਚਾਚਾ ਅੱਬੂ ਤਾਲਿਬ ਨੇ ਪਾਲਣਾ ਕੀਤੀ। ਉਪਰੋਕਤ ਦੱਸੇ ਅਨੁਸਾਰ ਅਰਬਾਂ ਵਿਚ ਸਿੱਖਿਆ ਦਾ ਕੋਈ ਰਿਵਾਜ਼ ਜਾਂ ਸੋਮਾ ਨਹੀਂ ਸੀ ਇਕ ਕਰਕੇ ਬਚਪਨ ਵਿਚ ਉਨ੍ਹਾਂ ਨੂੰ ਵੀ ਕੋਈ ਰਸਮੀ ਸਿੱਖਿਆ ਨਹੀਂ ਦਿੱਤੀ ਗਈ।

ਵਰਨਣਯੋਗ ਹੈ ਕਿ ਹਜ਼ਰਤ ਮੁਹੰਮਦ (ਸ) ਦਾ ਜਨਮ, ਪਛੜੇ ਹੋਏ, ਬੁੱਤਪ੍ਰਸਤ ਸਮਾਜ, ਗੱਲ ਕੀ ਹਰ ਤਰ੍ਹਾਂ ਦੀਆਂ ਬੁਰਾਈਆਂ ਨਾਲ ਭਰਪੂਰ ਸਮਾਜ ‘ਚ ਹੋਇਆ। ਉਨ੍ਹਾਂ ਨੇ ਬਚਪਨ ਤੋਂ ਹੀ ਇਕ ਰੱਬ ਤੋਂ ਬਿਨਾਂ ਦੂਜੇ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕੀਤੀ। ਮਨੁੱਖ ਦੁਆਰਾ ਬਣਾਏ ਬੁੱਤਾਂ, ਸ਼ਰਾਬ ਪੀਣ, ਜੂਆ ਖੇਡਣ ਅਤੇ ਝੂਠ ਬੋਲਣ ਆਦਿ ਬੁਰਾਈਆਂ ਤੋਂ ਦੂਰ ਰਹੇ ਅਤੇ ਇਨ੍ਹਾਂ ਬੁਰਾਈਆਂ ਦੀ ਆਲੋਚਨਾ ਕੀਤੀ। ਉਹ ਸਦਾ ਸੱਚ ਬੋਲਦੇ, ਲੋਕ ਉਨ੍ਹਾਂ ਦੀ ਇਮਾਨਦਾਰੀ ਤੇ ਸ਼ਰੀਫੀ ਕਰਕੇ ਉਨ੍ਹਾਂ ਪਾਸ ਆਪਣਾ ਕੀਮਤੀ ਸਾਮਾਨ, ਵਸਤੂਆਂ ਆਦਿ ਬਿਨਾਂ ਕਿਸੇ ਲਿਖਤ-ਪੜ੍ਹਤ ਤੇ ਗਵਾਹੀ ਤੋਂ ਰੱਖ ਜਾਂਦੇ ਸਨ। ਲੋਕ ਸਾਦਕ (ਸੱਚ ਬੋਲਣ ਵਾਲਾ) ਅਮੀਨ (ਇਮਾਨਦਾਰ) ਆਦਿ ਨਾਵਾਂ ਨਾਲ ਸੰਬੋਧਨ ਕਰਦੇ ਸਨ। ਅਕਬਾ ਦੀ ਪ੍ਰਤਿਗਿਆ ਸਮੇਂ ਮਦੀਨਾ ਦੇ ਨਵੇਂ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ (ਸ) ਕੋਲ ਆਪਣੇ ਪ੍ਰਤੀਨਿਧੀ ਭੇਜੇ ਤਾਂ ਕਿ ਉਹ ਮਦੀਨਾ ਆ ਜਾਣ ਜਿਹੜੀ ਉਨ੍ਹਾਂ ਨੇ ਸਵੀਕਾਰ ਕਰਕੇ ਮਦੀਨੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਹਜ਼ਰਤ ਮੁਹੰਮਦ (ਸ) ਦੇ ਨਿੱਕੇ ਜਿਹੇ ਕਾਫਲੇ ਦਾ ਜਦੋਂ ਮੱਕੇ ਤੋਂ ਮਦੀਨੇ ਚੱਲਣ ਦਾ ਸੰਗਤਾਂ ਨੂੰ ਪਤਾ ਚਲਿਆ ਤਾਂ ਉਨ੍ਹਾਂ ‘ਚ ਦਰਸ਼ਨ ਕਰਨ ਦੀ ਇੱਛਾ ਹੋਰ ਪ੍ਰਬਲ ਹੋਈ ਅਤੇ ਉਹ ਹਰ ਰੋਜ਼ ਕਾਫਲੇ ਦੀ ਉਡੀਕ ਕਰਨ ਲੱਗੇ। ਇਕ ਕਾਫਲੇ ਦਾ ਸਵਾਗਤ ਮਦੀਨਾ ਤੋਂ ਬਾਹਰ ਤਿੰਨ ਮੀਲ ਦੀ ਦੂਰੀ ‘ਤੇ ਸਥਿਤ ਬਸਤੀ ਕੁੱਬਾ, ਵਿਖੇ ਕਲਸੂਮ ਪੁੱਤਰ ਹਦਮ ਨੇ ਆਪਣੇ ਸਾਥੀਆਂ ਸਮੇਤ ਕੀਤਾ। ਕੁੱਬਾ ਨਾਮੀ ਥਾਂ ‘ਤੇ ਚਾਰ ਦਿਨ ਠਹਿਰਨ ਤੋਂ ਬਾਅਦ ਆਪ (ਸ) 12 ਰਵੀਉਲ ਭਾਵ 24 ਸਤੰਬਰ 622 ਦੇ ਦਿਨ ਸ਼ੁੱਕਰਵਾਰ ਨੂੰ ਬਨੂ-ਸਲਾਮ ਦੇ ਮੁਹੱਲਾ ਵਿਚ ਜੁੰਮੇ ਦੀ ਪਹਿਲੀ ਨਮਾਜ਼ ਦੀ ਅਗਵਾਈ ਕਰਨ ਤੋਂ ਬਾਅਦ ਮਦੀਨਾ ਵਿਖੇ ਅੱਬੂ-ਅਯੂਬ ਅਨਸਾਰੀ ਦੇ ਘਰ ਲਗਪਗ 7 ਮਹੀਨੇ ਠਹਿਰੇ ਜਿੱਥੇ ਬਾਅਦ ‘ਚ ਉਨ੍ਹਾਂ ਦੇ ਪਰਿਵਾਰ ਵਾਲੇ ਪੁੱਤਰੀ, ਉਮੇ ਕਲਸੂਮ, ਬੀਬੀ ਫਾਤਮਾ ਅਤੇ ਹੋਰ ਸਕੇ-ਸਬੰਧੀ ਪਹੁੰਚ ਗਏ।

ਹਜ਼ਰਤ ਮੁਹੰਮਦ (ਸ) ਦੇ ਮੱਕਾ ਤੋਂ ਮਦੀਨਾ ਹਿਜ਼ਰਤ ਕਰਕੇ ਆਉਣ ਤੋਂ ਹਿਜ਼ਰੀ ਸਾਲ ਦਾ ਆਰੰਭ ਹੁੰਦਾ ਹੈ। ਹਿਜ਼ਰੀ ਸਾਲ ਦਾ ਆਰੰਭ ਅਰਬੀ ਮਹੀਨੇ ਰਬੀਉਲ ਅੱਵਲ ਨੂੰ ਹੋਇਆ ਪ੍ਰੰਤੂ ਕੁਝ ਵਿਦਵਾਨਾਂ ਅਨੁਸਾਰ ਅਰਬ ਦੇ ਲੋਕ ਪ੍ਰਾਚੀਨ ਕਾਲ ਤੋਂ ਮੁਹੱਰਮ ਦੇ ਮਹੀਨੇ ਨੂੰ ਸਾਲ ਦਾ ਪਹਿਲਾ ਮਹੀਨਾ ਮੰਨਦੇ ਹਨ। ਇਸ ਪ੍ਰਥਾ ਅਨੁਸਾਰ ਹਿਜ਼ਰੀ ਸਾਲ ਪਹਿਲੀ ਮੁਹੱਰਮ ਤੋਂ ਮੰਨਿਆ ਜਾਂਦਾ ਹੈ। ਇਸ ਸਾਲ ਦੇ 354 ਜਾਂ 355 ਦਿਨ ਹੁੰਦੇ ਹਨ। ਇਹ ਚੰਦਰਮਾ ਦੀ ਗਤੀ ‘ਤੇ ਆਧਾਰਤ ਹੈ। ਜਿਵੇਂ ਰਮਜ਼ਾਨ ਦੇ ਰੋਜ਼ੇ, ਈਦ-ਉਲ-ਫਿੱਤਰ, ਈਦ-ਉਲ-ਅਜਹਾ ਤੇ ਤਿਉਹਾਰ ਆਦਿ। ਇਸ ਕਰਕੇ ਮੌਸਮਾਂ ਦੀ ਬਦਲੀ ਅਨੁਸਾਰ ਰੋਜ਼ੇ ਵੀ ਵੱਖ-ਵੱਖ ਮੌਸਮਾਂ ਵਿਚ ਆਉਂਦੇ ਰਹਿੰਦੇ ਹਨ ਭਾਵ ਗਰਮੀ, ਸਰਦੀ ਆਦਿ। ਰੋਜ਼ੇ ਤੋਂ ਭਾਵ ਹੈ ਕਿ ਸਵੇਰ ਹੋਣ ਵੇਲੇ ਪਹੁ-ਫੁਟਣ ਤੋਂ ਪਹਿਲਾਂ-ਪਹਿਲਾਂ ਕੁਝ ਖਾਣ-ਪੀਣ ਤੋਂ ਬਾਅਦ ਸਾਰਾ ਦਿਨ ਸੂਰਜ ਛਿਪਣ ਤਕ ਕੁਝ ਵੀ ਖਾਣਾ-ਪੀਣਾ ਨਹੀਂ ਅਤੇ ਧਾਰਮਿਕ ਕੰਮਾਂ ‘ਚ ਧਿਆਨ ਦੇਣਾ ਭਾਵ ਨਿਸਚਿਤ ਸਮੇਂ ਅਨੁਸਾਰ ਨਮਾਜ਼ ਪੜ੍ਹਨੀ, ਕੁਰਾਨ ਸ਼ਰੀਫ ਦੀ ਤਲਾਵਤ ਕਰਨੀ ਅਤੇ ਸੰਭੋਗ ਆਦਿ ਕ੍ਰਿਆਵਾਂ ਤੋਂ ਦੂਰ ਰਹਿਣਾ ਹੈ।

12 ਸਾਲ ਦੀ ਉਮਰ ਤੋਂ ਬਾਅਦ ਹਰ ਸੂਝਵਾਨ ਮੁਸਲਮਾਨ ਮਰਦ ਔਰਤ ‘ਤੇ ਰਮਜ਼ਾਨ ਦੇ ਰੋਜ਼ੇ ਰਖਣਾ ਫਰਜ਼ ਹੈ। ਰਮਜ਼ਾਨ ਦੇ ਰੋਜ਼ਿਆਂ ਤੋਂ ਬਿਨਾਂ ਉਂਜ ਵੀ ਰੋਜ਼ੇ ਰੱਖੇ ਜਾ ਸਕਦੇ ਹਨ ਜਿਨ੍ਹਾਂ ਨੂੰ ਨਫਲੀ ਰੋਜ਼ੇ ਕਿਹਾ ਜਾਂਦਾ ਹੈ ਭਾਵ ਇਹ ਆਦਮੀ ਦੀ ਮਰਜ਼ੀ ਉਪਰ ਨਿਰਭਰ ਕਰਦਾ ਹੈ। ਰਮਜ਼ਾਨ ਦੇ ਮਹੀਨੇ ਮੁਸਲਿਮ ਬਹੁ-ਗਿਣਤੀ ਵਾਲੇ ਪਿੰਡਾਂ, ਸ਼ਹਿਰਾਂ ਵਿਚ ਅਜੀਬ ਰੌਣਕ ਹੁੰਦੀ ਹੈ। ਸਾਰੇ ਮੁਸਲਿਮ ਲੋਕ ਨਮਾਜ਼, ਰੋਜ਼ੇ, ਕੁਰਾਨ ਸ਼ਰੀਫ ਦੀ ਤਲਾਵਤ ਤੇ ‘ਤਰਾਵੀਹ’ ਜੋ (ਰਮਜ਼ਾਨ ਦੇ ਮਹੀਨੇ ਰਾਮ ਦੀ ਨਮਾਜ਼) ਪੜ੍ਹੀ ਜਾਂਦੀ ਆਦਿ ਪਵਿੱਤਰ ਕੰਮਾਂ ‘ਚ ਪੂਰਨ ਰੂਪ ‘ਚ ਸ਼ਾਮਲ ਹੁੰਦੇ ਹਨ। ਅੱਜ-ਕੱਲ੍ਹ ਇਫਤਾਰ ਪਾਰਟੀਆਂ ਦਾ ਵੀ ਰਿਵਾਜ਼ ਹੈ ਜਿਸ ਦੇ ਅਨੁਸਾਰ ਮੁਸਲਿਮ ਤੇ ਗ਼ੈਰ-ਮੁਸਲਿਮ ਦੋਸਤ ਇਕ-ਦੂਜੇ ਦੇ ਰੋਜ਼ੇ ਸ਼ਾਮ ਦੇ ਸਮੇਂ ਇਫਤਾਰ ਕਰਵਾਉਂਦੇ ਹਨ। ਕੁਰਾਨ ਸ਼ਰੀਫ ਨੂੰ ਉਂਜ ਤਾਂ ਹਜ਼ਰਤ ਮੁਹੰਮਦ (ਸ) ਤੇ ਵਹੀ (ਰੱਬੀ ਹੁਕਮ) ਰਾਹੀਂ ਨਾਜ਼ਲ ਹੋਣ ਨੂੰ 23 ਸਾਲ ਲੱਗੇ। ਸਭ ਤੋਂ ਪਹਿਲਾਂ ਸੂਰਤ ਅੱਲ-ਹੱਕ ਦੀਆਂ ਪੰਜ ਆਇਤਾਂ ਦੀ ਸ਼ੁਰੂਆਤ ਹਜ਼ੂਰ ਸੱਲਲਾਓ ਇਲੈਵਸੋਲਮ ਉਪਰ ਗਾਰ ਏ-ਹਿਰਾ (ਹੀਰਾ ਨਾਮੀ ਗੁਫਾ) ਵਿਖੇ ਹੋਈ ਅਤੇ ਸਮੇਂ-ਸਮੇਂ ਇਹ 23 ਸਾਲਾਂ ਦੇ ਵਕਫੇ ਤੋਂ ਬਾਅਦ ਰਮਜ਼ਾਨ ਸ਼ਰੀਫ ਦੀ ਲੈਲਾ ਤੁੱਲ ਕਦਰ ਰਾਤ (ਰਮਜ਼ਾਨ ਮਹੀਨੇ ਦੀ ਪਵਿੱਤਰ ਰਾਤ) ਨੂੰ ਆਪ (ਸ) ਤੇ ਪੂਰਾ ਨਾਜ਼ਲ ਹੋਇਆ। ਕੁਰਾਨ ਸ਼ਰੀਫ ਅਨੁਸਾਰ ਇਸ ਰਾਤ ਨੂੰ ਇਬਾਦਤ ਕਰਨਾ (ਰੱਬ ਦੀ ਭਗਤੀ) 1000 ਮਹੀਨਿਆਂ ਦੀ ਨਫਲੀ ਇਬਾਦਤ ਕਰਨ ਤੋਂ ਵੀ ਬਿਹਤਰ ਹੈ। ਹਦੀਸ ਸ਼ਰੀਫ ‘ਚ ਇਹ ਵੀ ਆਉਂਦਾ ਹੈ ਕਿ ਸਾਲ ਜਿਸ ਕਦਰ ਕੁਰਾਨ ਸ਼ਰੀਫ ਨਾਜ਼ਲ ਹੋ ਚੁੱਕਿਆ ਹੁੰਦਾ, ਰਮਜ਼ਾਨ ਦੇ ਮਹੀਨੇ ਜਿਬਰਾਈਲ ਅਮੀਨ (ਫਰਿਸ਼ਤੇ ਦਾ ਨਾਂ) ਮੁਹੰਮਦ (ਸ) ਨੂੰ ਆ ਕੇ ਸੁਣਾ ਜਾਂਦੇ ਸਨ। ਹਜ਼ਰਤ ਮੁਹੰਮਦ (ਸ) ਦੀ ਉਮਰ ਦੀ ਆਖਰੀ ਸਾਲਾਂ ‘ਚ ਅੱਲਾ ਤਾਲਾ ਦੇ ਫਰਿਸ਼ਤੇ ਨੇ ਆਪ (ਸ) ਨੂੰ ਪੂਰਾ ਸ਼ਰੀਫ ਦੇ ਨਾਜ਼ਲ ਹੋਣ ਕਰਕੇ ਰੱਬ ਨੇ ਇਸ ਦੀ ਯਾਦਗਾਰ ਕਾਇਮ ਰੱਖਣ ਲਈ ਰੋਜ਼ੇ ਫਰਜ਼ ਕਰ ਦਿੱਤੇ।

ਕੁਰਾਨ ਸ਼ਰੀਫ ਦੀ ਸੂਰਤ ਅਲ-ਬਕਰ ਵਿਚ ਰੋਜ਼ੇ ਦਾ ਉਦੇਸ਼ ਅਤੇ ਵਿਸ਼ੇਸ਼ਤਾ ਵਰਨਣ ਕੀਤੀ ਗਈ ਜਿਸ ਅਨੁਸਾਰ ‘ਹੇ ਇਨਸਾਨੋ, ਜੇ ਇਮਾਨ ਲਿਆਏ ਹੋ, ਤੁਹਾਡੇ ਤੇ ਰੋਜ਼ੇ ਫਰਜ਼ ਕਰ ਦਿੱਤੇ ਹਨ, ਜਿਵੇਂ ਤੁਹਾਡੇ ਤੋਂ ਪਹਿਲਾਂ ਦੂਜੇ ਨਬੀਆਂ ਦੇ ਸ਼ਰਧਾਲੂਆਂ ‘ਤੇ ਕੀਤੇ ਗਏ ਹਨ। ਆਸ ਹੈ ਕਿ ਤੁਹਾਡੇ ਪਾਪਾਂ ਤੋਂ ਬਚਣ ਦੀ ਵਿਸ਼ੇਸ਼ਤਾ ਉਤਪੰਨ ਹੋਵੇਗੀ, ‘ਇਸ ਆਇਤ ਤੋਂ ਸਪਸ਼ਟ ਹੁੰਦਾ ਹੈ ਕਿ ਰੋਜ਼ੇ ਹਜ਼ਰਤ ਮੁਹੰਮਦ (ਸ) ਦੀ ਉਮਤ ਲਈ ਹੀ ਨਹੀਂ ਸਗੋਂ ਉਨ੍ਹਾਂ ਤੋਂ ਪਹਿਲਾਂ ਦੇ ਨਬੀਆ ਸਮੇਂ ਵੀ ਫਰਜ਼ ਸਨ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਰੱਬ ਵੱਲੋਂ ਰੋਜ਼ੇ ਫਰਜ਼ ਕਰਨ ਦਾ ਮੰਤਵ ਮਨੁੱਖ ਨੂੰ ਭੁੱਖਾ ਪਿਆਸਾ ਰੱਖ ਕੇ ਕਸ਼ਟ ਦੇਣਾ ਨਹੀਂ ਸਗੋਂ ਮਨੁੱਖੀ ਮਨ ਵਿਚ ਪਾਪਾਂ ਤੋਂ ਬਚਣ ਲਈ ਭਲੇ ਕੰਮ ਕਰਨ ਅਤੇ ਰੱਬ ਦੀ ਭਗਤੀ ਕਰਨੀ ਹੈ ਜਿਸ ਆਦਮੀ ਦੇ ਰੋਜ਼ੇ ਉਪਰੋਕਤ ਲੋੜੀਂਦੇ ਸਿੱਟੇ ਤੋਂ ਰਹਿਤ ਹਨ ਉਹ ਅਸਲ ‘ਚ ਬਿਨਾਂ ਆਤਮਾ ਤੋਂ ਸਰੀਰ ਵਾਂਗ ਹਨ।

ਰਮਜ਼ਾਨ ਦੇ ਪੂਰੇ ਮਹੀਨੇ ਦਾ ਉਦੇਸ਼ ਅਨੁਸ਼ਾਸਨ, ਆਗਿਆਕਾਰੀ ਵਰਗੀਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਕੇ ਮਨੁੱਖੀ ਮਾਨਸਿਕ ਅਤੇ ਸਮਾਜਕ ਖੇਤਰ ‘ਚ ਸੁਧਾਰ ਕਰਨਾ ਹੈ। ਰਮਜ਼ਾਨ ਦੇ ਰੋਜ਼ੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਉਹਾਰ ਆਉਂਦਾ ਹੈ ਜੋ ਕਿ ਰੱਬ ਵੱਲੋਂ ਰੋਜ਼ੇਦਾਰਾਂ ਵਿਚ ਇਨਾਮ ਦੇਣ ਦਾ ਦਿਨ ਹੈ। ਇਸ ਦਿਨ ਸਾਰੇ ਲੋਕ ਸਵੇਰ ਸਮੇਂ ਈਦਗਾਹ ਵਿਖੇ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਇਕ-ਦੂਜੇ ਨਾਲ ਖੁਸ਼ੀ-ਖੁਸ਼ੀ ਮਿਲਦੇ ਹਨ। ਮੁਸਲਿਮ ਅਤੇ ਗ਼ੈਰ-ਮੁਸਲਿਮ ਲੋਕ ਇਕ-ਦੂਜੇ ਨਾਲ ਗਲੇ ਮਿਲ ਕੇ ਸਾਂਝੇ ਰੂਪ ‘ਚ ਖੁਸ਼ੀਆਂ ਮਨਾਉਂਦੇ ਹਨ।

ਮੁਹੰਮਦ ਇਦਰੀਸ (ਡਾ·)

http://www.5abi.com/mchetna/islam/271103_eed1-U_dr-idris.htm

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

On July 20, 1969, Neil Armstrong stepped onto the moon’s rocky surface

When President Kennedy was sworn into office in 1961, he vowed to put a man on the moon before the decade was out. Although he did not live long enough


Print Friendly
Important Days0 Comments

World Day of Social Justice (Feb. 20)

World Day of Social Justice was initiated by the General Assembly of the United Nations in 2009 to encourage support for international efforts in poverty eradication, the promotion of full


Print Friendly
Important Days0 Comments

ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ, ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ – ਬਾਬਾ ਬੰਦਾ ਸਿੰਘ ਬਹਾਦਰ (12 ਮਈ ਫਤਿਹ ਦਿਵਸ ਤੇ ਵਿਸ਼ੇਸ਼)

ਸੰਸਾਰ ਦੇ ਕਿਸੇ ਵੀ ਮੁਲਕ, ਸਾਧਨ, ਵਿਅਕਤੀ ਜਾਂ ਵਸਤੂ ਬਾਰੇ ਅਧਿਐਨ ਕੀਤਾ ਜਾਵੇ ਤਾਂ ਉਨ੍ਹਾਂ ਦੇ ਨਾਵਾਂ ਪਿੱਛੇ ਇਤਿਹਾਸ ਮੌਜੂਦ ਹੁੰਦਾ ਹੈ। ਖੋਜੀ ਵਿਅਕਤੀ ਆਪਣੀ ਬਿਰਤੀ ਅਨੁਸਾਰ ਇਨ੍ਹਾਂ ਬਾਰੇ ਪਰਖ-ਪੜਚੋਲ


Print Friendly