Print Friendly
ਸੁਤੰਤਰਤਾ ਸੰਗਰਾਮ ਦਾ ਯੋਧਾ ਮਦਨ ਲਾਲ ਢੀਂਗਰਾ (17 ਅਗਸਤ ਸ਼ਹੀਦੀ ਦਿਵਸ ਤੇ ਵਿਸ਼ੇਸ਼)

ਸੁਤੰਤਰਤਾ ਸੰਗਰਾਮ ਦਾ ਯੋਧਾ ਮਦਨ ਲਾਲ ਢੀਂਗਰਾ (17 ਅਗਸਤ ਸ਼ਹੀਦੀ ਦਿਵਸ ਤੇ ਵਿਸ਼ੇਸ਼)

ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਹਜ਼ਾਰਾਂ ਲੋਕਾਂ ਨੇ ਆਪਣਾ ਖੂਨ ਡੋਲ੍ਹਿਆ ਤੇ ਲੱਖਾਂ ਨੇ ਆਪਣੇ ਹੰਝੂਆਂ ਨਾਲ ਜ਼ਰਖੇਜ਼ ਭੂਮੀ ਨੂੰ ਸਿੰਜਿਆ। ਆਜ਼ਾਦੀ ਦੀ ਲੜਾਈ ਵਿਚ ਹਜ਼ਾਰਾਂ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਇਤਿਹਾਸ ਵਿਚ ਕਿਤੇ ਜ਼ਿਕਰ ਨਹੀਂ ਆਉਂਦਾ। ਅਜਿਹੇ ਲੋਕਾਂ ਨੇ ਅੰਗਰੇਜ਼ ਹਕੂਮਤ ਦਾ ਜ਼ੁਲਮ ਬਰਦਾਸ਼ਤ ਕੀਤਾ, ਟੱਬਰਾਂ ਦੇ ਟੱਬਰ ਕੁਰਬਾਨ ਕਰ ਦਿੱਤੇ, ਜਲਾਵਤਨੀ ਦੀਆਂ ਤਕਲੀਫ਼ਾਂ ਝੱਲੀਆਂ, ਜੇਲ੍ਹ ਯਾਤਰਾ ਕੀਤੀ ਤੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ।

ਆਜ਼ਾਦੀ ਮਿੰਨਤਾਂ, ਤਰਲਿਆਂ, ਜਾਂ ਭੀਖ ਮੰਗਣ ‘ਤੇ ਨਹੀਂ ਮਿਲੀ ਅਤੇ ਨਾ ਹੀ ਬਿਨੈ ਪੱਤਰ ਦੇਣ ਨਾਲ ਮਿਲੀ ਹੈ। ਆਜ਼ਾਦੀ ਦੇ ਸੰਘਰਸ਼ ਨੂੰ ਕ੍ਰਾਂਤੀਕਾਰੀਆਂ ਦੇ ਹਥਿਆਰਾਂ ਨੇ ਹੀ ਸਿਖਰ ‘ਤੇ ਪਹੁੰਚਾਇਆ।
1946 ਵਿਚ ਸੁਭਾਸ਼ ਚੰਦਰ ਬੋਸ ਨੇ ਆਜ਼ਾਦੀ ਲਈ ਹਥਿਆਰ ਉਠਾਏ। ਇਹ ਹਥਿਆਰਬੰਦ ਲੜਾਈ ਸਿਰਫ਼ ਭਾਰਤ ਵਿਚ ਹੀ ਨਹੀਂ ਲੜੀ ਗਈ, ਸਗੋਂ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਵੀ ਇਸ ਵਿਚ ਭਰਪੂਰ ਯੋਗਦਾਨ ਪਾਇਆ। ਅਜਿਹੇ ਗਰਮਖਿਆਲ ਤੇ ਜੋਸ਼ੀਲੇ ਕ੍ਰਾਂਤੀਕਾਰੀਆਂ ਦੀ ਫਹਿਰਿਸਤ ਬੜੀ ਲੰਬੀ ਹੈ। ਇਨ੍ਹਾਂ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦਾ ਨਾਂ ਵੀ ਬੜਾ ਉਭਰ ਕੇ ਆਉਂਦਾ ਹੈ। ਉਹ ਪਹਿਲਾ ਅਜਿਹਾ ਕ੍ਰਾਂਤੀਕਾਰੀ ਹੈ ਜਿਸ ਨੇ ਵਿਦੇਸ਼ੀ ਧਰਤੀ (ਇੰਗਲੈਂਡ) ਉਤੇ ਦੁਸ਼ਮਣ ਦੇ ਘਰ ਜਾ ਕੇ ਪਹਿਲੀ ਜੁਲਾਈ 1909 ਨੂੰ ਗੋਰਿਆਂ ਦੀ ਵੱਡੀ ਸ਼ਖਸੀਅਤ ਕਰਜ਼ਨ ਵਾਇਲੀ ਦੀ ਹੱਤਿਆ ਕਰ ਦਿੱਤੀ। ਇਹ ਉਹ ਅੰਗਰੇਜ਼ ਅਫਸਰ ਸੀ ਜਿਸ ਨੇ ਭਾਰਤੀ ਕ੍ਰਾਂਤੀਕਾਰੀਆਂ ‘ਤੇ ਤਸ਼ੱਦਦ ਕਰਵਾਇਆ ਅਤੇ ਇੰਗਲੈਂਡ ਰਹਿੰਦੇ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਵਾਈ ਸੀ। ਕਰਜ਼ਨ ਵਾਇਲੀ ਦੀ ਹੱਤਿਆ ਕਾਰਨ ਮਦਨ ਲਾਲ ਢੀਂਗਰਾ ਨੂੰ 17 ਅਗਸਤ 1909 ਨੂੰ ਫਾਂਸੀ ਦੇ ਦਿੱਤੀ ਗਈ।
ਸ਼ਹੀਦ ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਅੰਮ੍ਰਿਤਸਰ ਵਿਚ ਇਕ ਅਮੀਰ ਪਰਿਵਾਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਂ ਦਿੱਤਾ ਮੱਲ ਸੀ ਤੇ ਉਹ ਅੱਖਾਂ ਦੇ ਵੱਡੇ ਸਰਜਨ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਪਹਿਲੇ ਭਾਰਤੀ ਸਨ ਜਿਹੜੇ ਉਸ ਸਮੇਂ ਅਜਿਹੇ ਉੱਚ ਅਹੁਦੇ ‘ਤੇ ਪਹੁੰਚੇ। ਉਨ੍ਹਾਂ ਕੋਲ ਅੰਮ੍ਰਿਤਸਰ ਦੇ ਮੁਹੱਲਾ ਕਟੜਾ ਸ਼ੇਰ ਸਿੰਘ ਵਿਚ 21 ਮਕਾਨ ਸਨ ਤੇ ਛੇ ਬੰਗਲੇ ਜੀæਟੀæ ਰੋਡ ‘ਤੇ ਸਨ। ਦਿੱਤਾ ਮੱਲ ਨੇ 1850 ਵਿਚ ਆਪਣਾ ਜੱਦੀ ਪਿੰਡ ਸਾਹੀਵਾਲ (ਜ਼ਿਲ੍ਹਾ ਸਰਗੋਧਾ, ਹੁਣ ਪਾਕਿਸਤਾਨ ਵਿਚ) ਛੱਡ ਦਿੱਤਾ ਸੀ ਤੇ ਅੰਮ੍ਰਿਤਸਰ ਆ ਗਏ ਸਨ। ਪਿੰਡ ਵਿਚ ਉਨ੍ਹਾਂ ਦੀ ਵੱਡੀ ਹਵੇਲੀ ਸੀ ਤੇ ਉਹ ਚੋਖੀ ਜ਼ਮੀਨ ਦੇ ਮਾਲਕ ਸਨ। ਦਿੱਤਾ ਮੱਲ ਨੂੰ ਅੰਗਰੇਜ਼ ਸਰਕਾਰ ਨੇ ‘ਰਾਏ ਸਾਹਿਬ’ ਦੇ ਖਿਤਾਬ ਨਾਲ ਨਿਵਾਜਿਆ ਸੀ। ਉਹ ਅੰਮ੍ਰਿਤਸਰ ਵਿਚ ਅਜਿਹੇ ਪਹਿਲੇ ਭਾਰਤੀ ਸਨ ਜਿਨ੍ਹਾਂ ਕੋਲ ਕਾਰ ਹੁੰਦੀ ਸੀ।
ਦਿੱਤਾ ਮੱਲ ਦੇ ਸੱਤ ਪੁੱਤਰ ਤੇ ਇਕ ਧੀ ਸਨ। ਉਨ੍ਹਾਂ ਦੇ ਤਿੰਨ ਪੁੱਤਰ ਮਾਹਿਰ ਡਾਕਟਰ ਸਨ ਤੇ ਤਿੰਨ ਵਕੀਲ ਸਨ। ਮਦਨ ਲਾਲ ਢੀਂਗਰਾ ਉਨ੍ਹਾਂ ਦਾ ਛੇਵਾਂ ਪੁੱਤਰ ਸੀ।
ਇਉਂ ਅਮੀਰ ਤੇ ਪੜ੍ਹੇ ਲਿਖੇ ਪਰਿਵਾਰ ਵਿਚ ਮਦਨ ਲਾਲ ਢੀਂਗਰਾ ਦਾ ਜਨਮ ਹੋਇਆ। ਜੇ ਉਹ ਐਸ਼ ਵਾਲਾ ਜੀਵਨ ਜਿਉਣਾ ਚਾਹੁੰਦਾ ਤਾਂ ਜੀਅ ਸਕਦਾ ਸੀ, ਪਰ ਉਸ ਨੇ ਦੇਸ਼ ਲਈ ਆਪਾ ਵਾਰਨ ਦਾ ਰਸਤਾ ਅਖਤਿਆਰ ਕੀਤਾ। ਸਕੂਲੀ ਵਿਦਿਆ ਪੂਰੀ ਕਰਨ ਉਪਰੰਤ ਉਸ ਨੇ ਐਮæਬੀæ ਇੰਟਰ-ਮੀਡੀਏਟ ਕਾਲਜ ਅੰਮ੍ਰਿਤਸਰ ਵਿਚ ਦਾਖ਼ਲਾ ਲਿਆ। ਸਾਇੰਸ ਦੀ ਅਗਲੀ ਪੜ੍ਹਾਈ ਲਈ ਲਾਹੌਰ ਦੇ ਸਰਕਾਰੀ ਕਾਲਜ ਵਿਚ ਜਾ ਦਾਖ਼ਲ ਹੋਇਆ। 1904 ਵਿਚ ਉਸ ਨੇ ਕਾਲਜ ਦੀ ਵਰਦੀ ਵਾਲੇ ਬਲੇਜ਼ਰ ਦਾ ਵਿਰੋਧ ਕੀਤਾ ਜਿਸ ਦਾ ਕੱਪੜਾ ਇੰਗਲੈਂਡ ਦਾ ਬਣਿਆ ਹੋਇਆ ਸੀ। ਇਸ ਵਿਰੋਧ ਬਦਲੇ ਉਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਉਸ ਸਮੇਂ ਉਸ ਉਤੇ ਦੇਸ਼ ਵਿਚ ਚੱਲ ਰਹੀ ‘ਸਵਦੇਸ਼ੀ ਕੌਮੀ ਲਹਿਰ’ ਦਾ ਪ੍ਰਭਾਵ ਸੀ। ਉਹਨੇ ਕਾਲਜ ਦੀ ਪੜ੍ਹਾਈ ਦੌਰਾਨ, ਭਾਰਤੀ ਲੋਕਾਂ ਦੀ ਗਰੀਬੀ ਤੇ ਭੁੱਖਮਰੀ ਬਾਰੇ ਲਿਖੇ ਸਾਹਿਤ ਦਾ ਗਹਿਰਾਈ ਨਾਲ ਅਧਿਐਨ ਕੀਤਾ। ਇਸ ਦੇ ਦੋ ਕਾਰਨ ਸਾਹਮਣੇ ਆਏ, ਪਹਿਲਾ ਵਿਦੇਸ਼ੀ ਹਕੂਮਤ ਦਾ ਭਾਰਤ ਉਤੇ ਰਾਜ ਅਤੇ ਦੂਜਾ ਵਿਦੇਸ਼ਾਂ ਵਿਚ ਬਣੇ ਮਾਲ ਦੀ ਵਿਕਰੀ ਨਾਲ ਮੁਲਕ ਦੇ ਲੋਕਾਂ ਦੀ ਲੁੱਟ। ਇਸ ਪਿਛੋਂ ਮਦਨ ਲਾਲ ਨੇ ਪੜ੍ਹਾਈ ਛੱਡ ਦਿੱਤੀ ਤੇ ਕਲਰਕ ਦੀ ਨੌਕਰੀ ਕਰ ਲਈ। ਫਿਰ ਕਾਲਕਾ ਵਿਚ ਟਾਂਗਾ ਚਲਾਇਆ। ਫੈਕਟਰੀ ਮਜ਼ਦੂਰ ਵਜੋਂ ਵੀ ਕੰਮ ਕੀਤਾ। ਇਸ ਦੌਰਾਨ ਮਜ਼ਦੂਰ ਯੂਨੀਅਨ ਬਣਾਉਣ ਲਈ ਹੰਭਲਾ ਵੀ ਮਾਰਿਆ, ਪਰ ਇਸ ਨੂੰ ਛੇਤੀ ਹੀ ਤਿਆਗ ਦਿੱਤਾ। ਉਸ ਨੇ ਥੋੜ੍ਹਾ ਚਿਰ ਮੁੰਬਈ ਵਿਚ ਵੀ ਕੰਮ ਕੀਤਾ। ਬਾਅਦ ਵਿਚ ਆਪਣੇ ਵੱਡੇ ਭਰਾ ਡਾਕਟਰ ਬਿਹਾਰੀ ਲਾਲ ਢੀਂਗਰਾ ਦੀ ਸਲਾਹ ਨਾਲ ਉਸ ਨੇ ਇੰਗਲੈਂਡ ਵਿਚ ਉੱਚ ਵਿਦਿਆ ਪ੍ਰਾਪਤ ਕਰਨ ਦਾ ਇਰਾਦਾ ਬਣਾ ਲਿਆ। 1906 ਵਿਚ ਉਹ ਇੰਗਲੈਂਡ ਚਲਾ ਗਿਆ ਤੇ ਯੂਨੀਵਰਸਿਟੀ ਕਾਲਜ, ਲੰਡਨ ਵਿਚ ਮਕੈਨੀਕਲ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸ ਵਿਚ ਦਾਖ਼ਲਾ ਲੈ ਲਿਆ। ਉਥੇ ਪੜ੍ਹਾਈ ਦੇ ਖਰਚੇ ਲਈ ਵੱਡੇ ਭਰਾ ਮਦਦ ਕਰਦੇ ਸਨ।
ਲਾਹੌਰ ਪੜ੍ਹਦੇ ਸਮੇਂ ਮਦਨ ਲਾਲ ਉਤੇ ‘ਪੱਗੜੀ ਸੰਭਾਲ ਜੱਟਾ’ ਲਹਿਰ ਦਾ ਬਹੁਤ ਡੂੰਘਾ ਪ੍ਰਭਾਵ ਪੈ ਚੁੱਕਾ ਸੀ। ਇਸ ਲਹਿਰ ਨੂੰ ਉਸ ਸਮੇਂ ਲਾਲਾ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ (ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ) ਬੜੇ ਜ਼ੋਰ-ਸ਼ੋਰ ਨਾਲ ਚਲਾ ਰਹੇ ਸਨ। ਇੰਗਲੈਂਡ ਜਾ ਕੇ ਮਦਨ ਲਾਲ ਉਥੇ ਰਹਿੰਦੇ ਹੋਰ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆ ਗਏ, ਜਿਨ੍ਹਾਂ ਵਿਚੋਂ ਮੁੱਖ ਤੌਰ ‘ਤੇ ਵਿਨਾਇਕ ਦਮੋਦਰ ਸਾਵਰਕਰ ਤੇ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਦਾ ਨਾਂ ਵਰਣਨਯੋਗ ਹੈ। ਵੀਰ ਸਾਵਰਕਰ, ਸ਼ਿਆਮ ਜੀ ਕ੍ਰਿਸ਼ਨਾ ਵਰਮਾ ਵੱਲੋਂ ਸਥਾਪਤ ਕੀਤੇ ਵਜ਼ੀਫ਼ੇ ‘ਤੇ 1906 ਵਿਚ ਇੰਗਲੈਂਡ ਪੜ੍ਹਨ ਪਹੁੰਚੇ ਸਨ ਤੇ ਮਦਨ ਲਾਲ ਵੀ ਉਸੇ ਸਾਲ ਪੜ੍ਹਨ ਪੁੱਜੇ ਸਨ। ਇਹ ਦੋਵੇਂ ਤਕਰੀਬਨ ਹਾਣੀ ਹੀ ਸਨ, ਪਰ ਵੀਰ ਸਾਵਰਕਰ ਹਿੰਦੂ ਮੱਤ ਵਿਚ ਵਿਸ਼ਵਾਸ ਰੱਖਦੇ ਸਨ। ਸ਼ਿਆਮ ਜੀ ਕ੍ਰਿਸ਼ਨਾ ਵਰਮਾ ਬਹੁਤ ਉਦਾਰਵਾਦੀ ਤੇ ਤਰਕਸ਼ੀਲ ਸਨ। ਮਗਰੋਂ ਉਨ੍ਹਾਂ ਇੰਗਲੈਂਡ ਛੱਡ ਦਿੱਤਾ ਤੇ ਪੈਰਿਸ ਪਹੁੰਚ ਗਏ ਕਿਉਂਕਿ ਅਜਿਹੀ ਵਿਚਾਰਧਾਰਾ ਕਰ ਕੇ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਤੰਗ ਕਰਦੀ ਸੀ। ਉਨ੍ਹਾਂ ਦੀ ਸੰਗਤ ਦਾ ਮਦਨ ਲਾਲ ਉਤੇ ਬਹੁਤ ਪ੍ਰਭਾਵ ਪਿਆ। ਫਿਰ ਮਦਨ ਲਾਲ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਪੱਕਾ ਇਰਾਦਾ ਬਣਾ ਲਿਆ।
ਇਸੇ ਦੌਰਾਨ ਸਾਵਰਕਰ ਨੇ ਮਦਨ ਲਾਲ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਉਸ ਨੂੰ ‘ਅਭਿਨਵ ਭਾਰਤ ਮੰਡਲ’ ਦਾ ਮੈਂਬਰ ਵੀ ਬਣਾ ਲਿਆ। ਇਸ ਤੋਂ ਇਲਾਵਾ ਉਹ ਇੰਡੀਆ ਹਾਊਸ ਦਾ ਮੈਂਬਰ ਵੀ ਬਣ ਗਿਆ। ਇੰਡੀਆ ਹਾਊਸ ਭਾਰਤੀ ਵਿਦਿਆਰਥੀਆਂ ਲਈ ਰਾਜਨੀਤੀ ਦਾ ਕੇਂਦਰ ਸੀ।
ਇਸੇ ਸਮੇਂ ਦੌਰਾਨ ਸਾਵਰਕਰ, ਮਦਨ ਲਾਲ ਅਤੇ ਹੋਰ ਵਿਦਿਆਰਥੀ ਕ੍ਰਾਂਤੀਕਾਰੀਆਂ ਦੀ ਭਾਰਤ ਦੀ ਆਜ਼ਾਦੀ ਲਈ ਵਿਚਾਰਧਾਰਕ ਟੱਕਰ, ਭਾਰਤ ਵਿਚ ਰਹਿੰਦੇ ਕ੍ਰਾਂਤੀਕਾਰੀਆਂ ਖੁਦੀ ਰਾਮ ਬੋਸ, ਕਨਹਈ ਲਾਲ ਦੱਤ, ਸਤਿੰਦਰਪਾਲ ਤੇ ਪੰਡਤ ਕਾਂਸ਼ੀ ਰਾਮ ਨਾਲ ਹੋ ਗਈ। ਕਈ ਇਤਿਹਾਸਕਾਰ ਦੱਸਦੇ ਹਨ ਕਿ ਸਾਵਰਕਰ, ਢੀਂਗਰਾ ਤੇ ਉਨ੍ਹਾਂ ਦੇ ਇੰਗਲੈਂਡ ਰਹਿੰਦੇ ਦੂਜੇ ਸਾਥੀ ਅੰਗਰੇਜ਼ਾਂ ‘ਤੇ ਸਿੱਧੀ ਕਾਰਵਾਈ ਕਰਨ ਵਿਚ ਵਿਸ਼ਵਾਸ ਰੱਖਦੇ ਸਨ ਤੇ ਆਜ਼ਾਦੀ ਦੇ ਸੰਘਰਸ਼ ਨੂੰ ਹੋਰ ਲਮਕਾਉਣ ਦੇ ਹੱਕ ਵਿਚ ਨਹੀਂ ਸਨ।
ਪਹਿਲੀ ਜੁਲਾਈ 1909 ਦੀ ਸ਼ਾਮ ‘ਇੰਡੀਅਨ ਨੈਸ਼ਨਲ ਐਸੋਸੀਏਸ਼ਨ’ ਦੇ ਸਾਲਾਨਾ ਇਜਲਾਸ ਵਿਚ ਵੱਡੀ ਗਿਣਤੀ ਭਾਰਤੀ ਤੇ ਅੰਗਰੇਜ਼ ਹਿੱਸਾ ਲੈਣ ਇੰਪੀਰੀਅਲ ਇੰਸਟੀਚਿਊਟ ਲੰਡਨ ਦੀ ਪਹਿਲੀ ਮੰਜ਼ਲ ਉਤੇ ਬਣੇ ਜਹਾਂਗੀਰ ਹਾਲ ਵਿਚ ਇਕੱਤਰ ਹੋਏ। ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਸਰ ਕਰਜ਼ਨ ਵਾਇਲੀ ਜੋ ਭਾਰਤ ਸਰਕਾਰ ਦਾ ਪੁਲੀਟੀਕਲ ਸਕੱਤਰ ਤੇ ਭਾਰਤ ਦੀ ਜਾਸੂਸੀ ਕਰਨ ਵਾਲੇ ਵਿਭਾਗ ਦਾ ਸਭ ਤੋਂ ਵੱਡਾ ਅਹੁਦੇਦਾਰ ਵੀ ਸੀ, ਵੀ ਆਇਆ ਹੋਇਆ ਸੀ।
ਮਦਨ ਲਾਲ ਢੀਂਗਰਾ ਆਪਣਾ ਸੱਦਾ ਪੱਤਰ ਘਰ ਭੁੱਲ ਆਇਆ ਸੀ ਤੇ ਉਸ ਨੇ ਯਾਤਰੂ ਬੁੱਕ ਉਤੇ ਦਸਤਖ਼ਤ ਕਰ ਕੇ ਜਹਾਂਗੀਰ ਹਾਲ ਵਿਚ ਪ੍ਰਵੇਸ਼ ਕਰ ਲਿਆ। ਮਦਨ ਲਾਲ, ਕਰਜ਼ਨ ਵਾਇਲੀ ਨੂੰ ਨੇੜਿਓਂ ਗੋਲੀ ਮਾਰਨੀ ਚਾਹੁੰਦਾ ਸੀ। ਮਦਨ ਲਾਲ ਕੋਲ ਉਸ ਦੇ ਨੇੜੇ ਜਾਣ ਦਾ ਬਹਾਨਾ ਵੀ ਸੀ, ਕਿਉਂਕਿ ਮਦਨ ਲਾਲ ਦੇ ਵੱਡੇ ਭਰਾ ਕੁੰਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਲੀ ਨੂੰ ਪੱਤਰ ਲਿਖਿਆ ਸੀ ਤੇ ਕਰਜ਼ਨ ਵਾਇਲੀ ਨੇ 13 ਅਪਰੈਲ 1909 ਨੂੰ ਮਦਨ ਲਾਲ ਢੀਂਗਰਾ ਨੂੰ ਪੱਤਰ ਲਿਖਿਆ ਸੀ ਕਿ ਉਹ ਉਸ ਨੂੰ ਮਿਲੇ। ਸਭਾ ਸਮਾਪਤ ਹੋਈ ਅਤੇ ਢੀਂਗਰਾ ਹਾਲ ਤੋਂ ਬਾਹਰ ਆ ਗਿਆ। ਜਿਉਂ ਹੀ ਹਾਲ ਤੋਂ ਬਾਹਰ ਆਇਆ ਤਾਂ ਮਦਨ ਲਾਲ ਢੀਂਗਰਾ ਨੇ ਬਹੁਤ ਹੌਲੀ ਆਵਾਜ਼ ਵਿਚ ਕਰਜ਼ਨ ਵਾਇਲੀ ਨੂੰ ਕਿਹਾ, “ਮੈਂ ਤੁਹਾਡੇ ਨਾਲ ਕੋਈ ਨਿੱਜੀ ਗੱਲ ਕਰਨੀ ਹੈ।”
ਕਰਜ਼ਨ ਵਾਇਲੀ ਨੇ ਕੰਨ ਮਦਨ ਲਾਲ ਢੀਂਗਰਾ ਦੇ ਨਜ਼ਦੀਕ ਕਰ ਦਿੱਤਾ। ਮਦਨ ਲਾਲ ਨੇ ਮੌਕਾ ਤਾੜਦਿਆਂ ਸੱਜੀ ਜੇਬ ਵਿਚੋਂ ਪਿਸਤੌਲ ਕੱਢਿਆ ਤੇ ਵਾਇਲੀ ਦੀ ਪੁੜਪੁੜੀ ਵਿਚ ਦੋ ਗੋਲੀਆਂ ਮਾਰੀਆਂ। ਉਸ ਸਮੇਂ ਰਾਤ ਦੇ 11.20 ਵਜੇ ਸਨ। ਜਿਉਂ ਹੀ ਕਰਜ਼ਨ ਵਾਇਲੀ ਜ਼ਮੀਨ ‘ਤੇ ਡਿੱਗਿਆ, ਢੀਂਗਰਾ ਨੇ ਦੋ ਗੋਲੀਆਂ ਹੋਰ ਮਾਰੀਆਂ ਤੇ ਉਹ ਉਥੇ ਹੀ ਢੇਰ ਹੋ ਗਿਆ। ਇੰਨੇ ਨੂੰ ਇਕ ਪਾਰਸੀ ਡਾਕਟਰ ਕਾਵਾਸ ਲਾਲਕਾ, ਕਰਜ਼ਨ ਵਾਇਲੀ ਦੇ ਬਚਾਅ ਲਈ ਆਇਆ। ਢੀਂਗਰਾ ਨੇ ਉਸ ਉਤੇ ਵੀ ਫਾਇਰ ਕਰ ਦਿੱਤਾ ਤੇ ਉਹ ਵੀ ਜ਼ਮੀਨ ਉਤੇ ਡਿੱਗ ਪਿਆ। ਇਸ ਪਿਛੋਂ ਮਦਨ ਲਾਲ ਨੇ ਆਪਣੇ ਆਪ ਨੂੰ ਗੋਲੀ ਮਾਰਨ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਇਆ ਤੇ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਵਾਲਟਨ ਸਟਰੀਟ ਪੁਲਿਸ ਸਟੇਸ਼ਨ ਲੈ ਆਈ। ਉਸ ਉਤੇ ਬੜਾ ਤਸ਼ੱਦਦ ਕੀਤਾ ਪਰ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ। ਫਿਰ ਉਨ੍ਹਾਂ ਇਹ ਜਾਂਚ ਵੀ ਕੀਤੀ ਕਿ ਹੋ ਸਕਦਾ ਹੈ, ਉਸ ਨੇ ਭੰਗ ਦੇ ਨਸ਼ੇ ਵਿਚ ਇਹ ਕਾਰਾ ਕੀਤਾ ਹੋਵੇ। ਜਿਸ ਮਕਾਨ ‘ਚ ਉਹ ਰਹਿੰਦਾ ਸੀ, ਉਸ ਮਕਾਨ ਦੀ ਮਾਲਕਣ ਤੋਂ ਇਸ ਬਾਰੇ ਪੁੱਛਿਆ ਗਿਆ, ਉਸ ਦਾ ਜਵਾਬ ਨਾਂਹ ਵਿਚ ਸੀ। ਮਦਨ ਲਾਲ ਢੀਂਗਰਾ ਉਤੇ 23 ਜੁਲਾਈ 1909 ਨੂੰ ਓਲਡ ਵਾਇਲੀ ਦੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ। ਉਸ ਨੇ ਕੋਰਟ ਵਿਚ ਬਿਆਨ ਦਿੱਤਾ ਕਿ ਉਸ ਨੂੰ ਕਰਜ਼ਨ ਵਾਇਲੀ ਦੀ ਹੱਤਿਆ ਦਾ ਕੋਈ ਅਫ਼ਸੋਸ ਨਹੀਂ, ਕਿਉਂਕਿ ਕਰਜ਼ਨ ਵਾਇਲੀ ਵੀ ਭਾਰਤ ‘ਤੇ ਰਾਜ ਕਰ ਰਹੀ ਅੰਗਰੇਜ਼ ਸਰਕਾਰ ਦਾ ਹਿੱਸਾ ਹੈ ਤੇ ਆਜ਼ਾਦੀ ਵਿਚ ਰੋੜਾ ਹੈ।
ਢੀਂਗਰਾ ਨੇ ਇਹ ਬਿਆਨ ਵੀ ਦਿੱਤਾ ਕਿ ਡਾਕਟਰ ਕਵਾਸ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਉਸ ਨੇ ਅਦਾਲਤ ਵਿਚ ਕਿਹਾ, “ਮੈਂ ਦਇਆ ਦੀ ਅਪੀਲ ਨਹੀਂ ਕਰਨੀ ਚਾਹੁੰਦਾ। ਜੇ ਜਰਮਨਾਂ ਨੂੰ ਇੰਗਲੈਂਡ ਉਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤਾਂ ਇੰਗਲੈਂਡ ਵਾਲਿਆਂ ਨੂੰ ਵੀ ਭਾਰਤ ‘ਤੇ ਰਾਜ ਕਰਨ ਦਾ ਅਧਿਕਾਰ ਨਹੀਂ ਹੈ।”
ਢੀਂਗਰਾ ਨੇ ਅਦਾਲਤ ਵਿਚ ਇਹ ਵੀ ਕਿਹਾ, “ਪਿਛਲੇ 50 ਸਾਲਾਂ ਵਿਚ ਭਾਰਤ ਵਿਚ ਲੱਖਾਂ ਲੋਕਾਂ ਦੀ ਮੌਤ ਲਈ ਅੰਗਰੇਜ਼ ਸਰਕਾਰ ਜ਼ਿੰਮੇਵਾਰ ਹੈ ਤੇ ਇਹ ਲੋਕ ਭਾਰਤ ਵਿਚੋਂ ਹਰ ਸਾਲ 10 ਕਰੋੜ ਪੌਂਡ ਸਰਮਾਇਆ ਲੁੱਟ ਕੇ ਇੰਗਲੈਂਡ ਲਿਆ ਰਹੇ ਹਨ। ਮੈਂ ਇਸ ਗੱਲ ਲਈ ਵੀ ਇਨ੍ਹਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦੇ ਰਹੇ ਹਨ ਤੇ ਹਜ਼ਾਰਾਂ ਦੇਸ਼ ਭਗਤਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਰਹੇ ਹਨ। ਅੰਗਰੇਜ਼ਾਂ ਨੂੰ ਮਾਰਨਾ ਸਾਡੇ ਲਈ ਬਿਲਕੁਲ ਜਾਇਜ਼ ਹੈ ਕਿਉਂਕਿ ਉਹ ਸਾਡੀ ਪਵਿੱਤਰ ਧਰਤੀ ਨੂੰ ਗੰਦਾ ਕਰ ਰਹੇ ਹਨ। ਮੈਨੂੰ ਇਨ੍ਹਾਂ ਦੇ ਇਸ ਭਿਆਨਕ ਛਲ-ਕਪਟ ਉਤੇ ਬੜੀ ਹੈਰਾਨੀ ਹੁੰਦੀ ਹੈ। ਉਨ੍ਹਾਂ ਦਾ ਇਹ ਚਿਹਰਾ ਮਾਨਵਤਾ ਨੂੰ ਦਬਾ ਕੇ ਰੱਖਣ ਵਾਲਾ ਹੈ। ਭਾਰਤ ਵਿਚ ਹਰ ਸਾਲ ਵੀਹ ਲੱਖ ਲੋਕਾਂ ਦੀ ਹੱਤਿਆ ਹੁੰਦੀ ਹੈ ਤੇ ਔਰਤਾਂ ਦੀ ਪੱਤ ਲੁੱਟੀ ਜਾਂਦੀ ਹੈ। ਮੈਂ ਆਪਣੀ ਮਾਤ ਭੂਮੀ ਨੂੰ ਅਜਿਹੇ ਲੋਕਾਂ ਤੋਂ ਮੁਕਤੀ ਦਿਵਾਉਣ ਲਈ ਹਮੇਸ਼ਾ ਤਿਆਰ ਹਾਂ। ਇਸੇ ਲਈ ਹੀ ਮੈਂ ਅਦਾਲਤ ਵਿਚ ਅਜਿਹੇ ਬਿਆਨ ਦਿੱਤੇ ਹਨ, ਨਾ ਕਿ ਦਇਆ ਦੀ ਭੀਖ ਮੰਗਣ ਲਈ। ਮੈਂ ਚਾਹੁੰਦਾ ਹਾਂ ਕਿ ਅੰਗਰੇਜ਼ ਮੈਨੂੰ ਮੌਤ ਦੇ ਘਾਟ ਉਤਾਰ ਦੇਣ ਤਾਂ ਕਿ ਮੇਰੇ ਦੇਸ਼ ਦੇ ਲੋਕਾਂ ਦੀ ਤੁਹਾਡੇ ਤੋਂ ਬਦਲਾ ਲੈਣ ਦੀ ਤੀਬਰਤਾ ਹੋਰ ਵਧੇ। ਮੈਂ ਚਾਹੁੰਦਾ ਹਾਂ ਕਿ ਮੇਰੇ ਇਹ ਬਿਆਨ ਸਾਰੀ ਦੁਨੀਆਂ ਵਿਚ ਜਾਣ ਤਾਂ ਹੀ ਮੇਰੇ ਕੀਤੇ ਗਏ ਕਾਰਜ ਲਈ ਸੱਚਾ ਇਨਸਾਫ਼ ਹੋਵੇਗਾ ਤੇ ਖਾਸ ਤੌਰ ‘ਤੇ ਮੇਰੇ ਇਹ ਬਿਆਨ ਤੁਹਾਡੇ ਦੁਸ਼ਮਣ ਦੇਸ਼ਾਂ ਵਿਚ ਜ਼ਰੂਰ ਜਾਣ। ਮੈਂ ਵਾਰ ਵਾਰ ਅਦਾਲਤੀ ਅਧਿਕਾਰੀਆਂ ਨੂੰ ਇਹੀ ਕਹਿੰਦਾ ਹਾਂ ਕਿ ਜੋ ਵੀ ਵਿਹਾਰ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਮੈਂ ਅਜਿਹੇ ਵਿਹਾਰ ਤੋਂ ਡਰਦਾ ਨਹੀਂ। ਤੁਸੀਂ ਮੈਨੂੰ ਫਾਂਸੀ ‘ਤੇ ਲਟਕਾ ਦਿਓ, ਮੈਨੂੰ ਇਸ ਦੀ ਕੋਈ ਚਿੰਤਾ ਨਹੀਂ। ਤੁਸੀਂ ਗੋਰੇ ਲੋਕ ਇਸ ਸਮੇਂ ਸ਼ਕਤੀਸ਼ਾਲੀ ਹੋ, ਪਰ ਯਾਦ ਰੱਖਣਾ, ਹੁਣ ਸਾਡੀ ਵਾਰੀ ਆਉਣ ਵਾਲੀ ਹੈ। ਉਦੋਂ ਜੋ ਸਾਡੀ ਇੱਛਾ ਹੋਈ, ਅਸੀਂ ਤੁਹਾਡੇ ਨਾਲ ਉਹੀ ਕਰਾਂਗੇ।”
ਜਦੋਂ ਢੀਂਗਰਾ ਨੇ ਕਰਜ਼ਨ ਵਾਇਲੀ ਦੀ ਹੱਤਿਆ ਕੀਤੀ, ਉਸ ਦਾ ਭਰਾ ਭਜਨ ਲਾਲ ਲੰਡਨ ਵਿਚ ਵਕਾਲਤ ਕਰ ਰਿਹਾ ਸੀ ਤੇ ਉਹ ਗਰੇਅਜ਼ ਹੋਸਟਲ ਵਿਚ ਰਹਿ ਰਿਹਾ ਸੀ। ਕਰਜ਼ਨ ਵਾਇਲੀ ਦੀ ਹੱਤਿਆ ਦੇ ਚਾਰ ਦਿਨ ਬਾਅਦ ਉਸ ਨੇ ਪਬਲਿਕ ਸਭਾ ਦੇ ਸਾਹਮਣੇ ਬਿਆਨ ਦਿੱਤਾ ਕਿ ਮਦਨ ਲਾਲ ਨੇ ਕਰਜ਼ਨ ਵਾਇਲੀ ਦੀ ਹੱਤਿਆ ਕਰ ਕੇ ਕੋਈ ਚੰਗਾ ਕੰਮ ਨਹੀਂ ਕੀਤਾ। ਇਸ ਤਰ੍ਹਾਂ ਆਪਣੇ ਭਰਾ ਖਿਲਾਫ਼ ਬਿਆਨ ਦੇਣ ਤੋਂ ਬਾਅਦ ਜਦੋਂ ਭਜਨ ਲਾਲ ਬਰਿਕਸਨ ਜੇਲ੍ਹ ਵਿਚ ਮਦਨ ਲਾਲ ਨੂੰ ਮਿਲਣ ਗਿਆ ਤਾਂ ਮਦਨ ਲਾਲ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਮਦਨ ਲਾਲ ਦੇ ਭਰਾਵਾਂ ਸਮੇਤ ਸਾਰੇ ਰਿਸ਼ਤੇਦਾਰਾਂ ਨੇ ਆਪਣੇ ਨਾਮ ਨਾਲ ਉਪ ਨਾਮ ਢੀਂਗਰਾ ਲਿਖਣਾ ਬੰਦ ਕਰ ਦਿੱਤਾ ਤਾਂ ਕਿ ਪੁਲਿਸ ਉਨ੍ਹਾਂ ਨੂੰ ਤੰਗ ਨਾ ਕਰੇ।
ਜਦੋਂ ਸਾਵਰਕਰ, ਢੀਂਗਰਾ ਨੂੰ ਜੇਲ੍ਹ ਵਿਚ ਮਿਲਣ ਗਿਆ ਤਾਂ ਉਸ ਨੇ ਕਿਹਾ, “ਮੈਂ ਤੁਹਾਡੇ ਦਰਸ਼ਨ ਕਰਨ ਆਇਆ ਹਾਂ।” ਦੋਵੇਂ ਇਕ-ਦੂਜੇ ਨੂੰ ਬੜੇ ਜਜ਼ਬੇ ਨਾਲ ਮਿਲੇ।
ਤਕਰੀਬਨ ਡੇਢ ਮਹੀਨਾ ਮਦਨ ਲਾਲ ਢੀਂਗਰਾ ‘ਤੇ ਕੇਸ ਚੱਲਿਆ ਅਤੇ 17 ਅਗਸਤ 1909 ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਉਸ ਸਮੇਂ ਉਸ ਦੀ ਉਮਰ 26 ਸਾਲ ਦੀ ਸੀ। ਜਦੋਂ ਮੁਕੱਦਮੇ ਦੇ ਆਖਰੀ ਦਿਨ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਸ ਦਾ ਕੋਰਟ ਵਿਚ ਅੰਤਿਮ ਬਿਆਨ ਸੀ, “ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਾਨ ਦੀ ਬਾਜ਼ੀ ਲਾ ਰਿਹਾ ਹਾਂ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਸਾਡਾ ਮੁਲਕ ਆਜ਼ਾਦ ਹੋ ਜਾਏਗਾ। ਭਾਰਤ ਵਾਸੀਆਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਉਨ੍ਹਾਂ ਨੇ ਆਪਣੇ ਮੁਲਕ ਦੀ ਆਜ਼ਾਦੀ ਲਈ ਲੜ ਮਰਨਾ ਹੈ ਤੇ ਉਸ ਲਈ ਇਹੀ ਰਸਤਾ ਹੈ ਕਿ ਉਹ ਆਪਣੇ ਆਪ ਨੂੰ ਮੁਲਕ ਤੋਂ ਕੁਰਬਾਨ ਕਰ ਦੇਣ। ਮੇਰੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਮੈਂ ਦੁਬਾਰਾ ਉਸੇ ਧਰਤੀ ‘ਤੇ ਜਨਮ ਲਵਾਂ ਤੇ ਇਸੇ ਤਰ੍ਹਾਂ ਹੀ ਮੁੜ ਆਪਣੇ ਆਪ ਨੂੰ ਮੁਲਕ ਤੋਂ ਕੁਰਬਾਨ ਕਰ ਦਿਆਂ ਤੇ ਅਜਿਹਾ ਉਦੋਂ ਤੱਕ ਕਰਦਾ ਰਹਾਂ ਜਦੋਂ ਤੱਕ ਮੈਨੂੰ ਸਫ਼ਲਤਾ ਪ੍ਰਾਪਤ ਨਾ ਹੋ ਜਾਵੇ।”
ਫਾਂਸੀ ਤੋਂ ਬਾਅਦ ਉਸ ਦੇ ਘਰਦਿਆਂ ਨੇ ਉਸ ਦਾ ਸਰੀਰ ਲੈਣ ਤੋਂ ਨਾਂਹ ਕਰ ਦਿੱਤੀ। ਕਈ ਹਿੰਦੂ ਤੇ ਗੈਰ-ਹਿੰਦੂ ਜਥੇਬੰਦੀਆਂ ਨੇ ਉਸ ਦਾ ਮ੍ਰਿਤਕ ਸਰੀਰ ਲੈਣ ਅਤੇ ਉਸ ਦੇ ਸਸਕਾਰ ਲਈ ਸਰਕਾਰ ਨੂੰ ਬੇਨਤੀ ਕੀਤੀ, ਪਰ ਸਰਕਾਰ ਨੇ ਇਨਕਾਰ ਕਰ ਦਿੱਤਾ। ਸਰਕਾਰ ਨੇ ਉਸ ਦਾ ਸਸਕਾਰ ਜੇਲ੍ਹ ਦੇ ਵਿਹੜੇ ਵਿਚ ਕਰ ਦਿੱਤਾ ਤੇ ਅਸਥੀਆਂ ਬਕਸੇ ਵਿਚ ਪਾ ਕੇ ਉਤੇ ਉਸ ਦਾ ਨਾਮ ਲਿਖ ਦਿੱਤਾ।
ਇਹ ਇਤਫਾਕ ਹੀ ਹੈ ਕਿ ਜਦੋਂ ਭਾਰਤ ਸਰਕਾਰ ਦੇ ਕਹਿਣ ਉਤੇ ਬ੍ਰਿਟਿਸ਼ ਸਰਕਾਰ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੀ ਭਾਲ ਕਰ ਰਹੀ ਸੀ, ਉਸ ਸਮੇਂ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਮਿਲ ਗਈਆਂ ਤੇ ਇਹ ਉਸ ਸਮੇਂ ਦੇ ਬਰਤਾਨੀਆ ਵਿਚ ਭਾਰਤੀ ਸਫੀਰ ਨਟਵਰ ਸਿੰਘ ਦੇ 13 ਦਸੰਬਰ 1976 ਨੂੰ ਹਵਾਲੇ ਕਰ ਦਿੱਤੀਆਂ ਗਈਆਂ। ਭਾਰਤ ਦੇ ਇਸ ਮਹਾਨ ਸਪੂਤ ਦਾ ਅੰਮ੍ਰਿਤਸਰ ਵਿਖੇ ਹਿੰਦੂ ਰਵਾਇਤ ਅਨੁਸਾਰ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਇਤਫਾਕ ਹੀ ਹੈ ਕਿ ਸ਼ਹੀਦ ਊਧਮ ਸਿੰਘ ਵੀ ਉਸੇ ਪੈਂਟਨਵਿਲੇ ਜੇਲ੍ਹ ‘ਚ ਕੈਦ ਰਹੇ ਜਿਥੇ ਮਦਨ ਲਾਲ ਢੀਂਗਰਾ ਰਹੇ ਸਨ। ਊਧਮ ਸਿੰਘ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਕਈ ਹੋਰ ਸ਼ਹੀਦ ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ ਨੂੰ ਆਪਣਾ ਆਦਰਸ਼ ਮੰਨਦੇ ਹਨ।
ਮਹਾਤਮਾ ਗਾਂਧੀ ਅਤੇ ਆਗਾ ਖਾਂ ਵਰਗੇ ਨੇਤਾਵਾਂ ਨੇ ਮਦਨ ਲਾਲ ਢੀਂਗਰਾ ਦੇ ਕਾਰਨਾਮੇ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਰਜ਼ਨ ਵਾਇਲੀ ਦੀ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਸੀ, “ਕੀ ਸਾਰੇ ਅੰਗਰੇਜ਼ ਮਾੜੇ ਹਨ? ਭਾਰਤ ਕਤਲੋਗਾਰਤ ਦੀ ਨੀਤੀ ਰਾਹੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ।”
‘ਦਾ ਟਾਈਮਜ਼ ਲੰਡਨ’ ਨੇ 24 ਅਗਸਤ 1909 ਦੀ ਸੰਪਾਦਕੀ ਵਿਚ ਲਿਖਿਆ ਕਿ ਮਦਨ ਲਾਲ ਢੀਂਗਰਾ ਆਪਣੇ ਮੁਕੱਦਮੇ ਦੌਰਾਨ ਸ਼ਾਂਤ-ਚਿੱਤ ਰਿਹਾ ਅਤੇ ਮੁਸਕਰਾਉਂਦਾ ਰਿਹਾ। ਗਾਈਲਾਰਡ ਜਿਹੜਾ ‘ਦਿ ਇੰਡੀਅਨ ਸੋਸ਼ਲਿਸਟ’ ਦਾ ਸੰਪਾਦਕ ਸੀ, ਨੂੰ ਬਾਰਾਂ ਮਹੀਨੇ ਬਾ-ਮੁਸ਼ੱਕਤ ਕੈਦ ਹੋਈ। ਆਪਣੇ ਪਰਚੇ ਦੇ ਅਗਸਤ ਅੰਕ ‘ਚ ਉਸ ਨੇ ਮਦਨ ਲਾਲ ਢੀਂਗਰਾ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਲਿਖਿਆ, ਉਸ ਦੇ ਕਾਰਨਾਮੇ ਨੇ ਆਇਰਸ਼ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਕਿਉਂਕਿ ਉਹ ਖੁਦ ਉਨ੍ਹਾਂ ਦਿਨਾਂ ਵਿਚ ਆਜ਼ਾਦੀ ਦੀ ਲੜਾਈ ਲਈ ਸੰਘਰਸ਼ ਕਰ ਰਹੇ ਸਨ।
ਮਦਨ ਲਾਲ ਢੀਂਗਰਾ ਸ਼ਾਇਦ ਪਹਿਲਾ ਅਜਿਹਾ ਮਹਾਨ ਸ਼ਹੀਦ ਹੈ ਜਿਸ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਰਤਾਨੀਆ ਦੀ ਧਰਤੀ ‘ਤੇ ਸ਼ਹੀਦੀ ਜਾਮ ਪੀਤਾ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਭਾਰਤੀ ਨੌਜਵਾਨ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਮੌਤ ਦੀ ਪਰਵਾਹ ਨਹੀਂ ਕਰਦੇ ਤੇ ਦੁਸ਼ਮਣ ਨੂੰ ਉਸ ਦੇ ਘਰ ਜਾ ਕੇ ਵੀ ਸਬਕ ਸਿਖਾ ਸਕਦੇ ਹਨ। ਲਾਲਾ ਹਰਦਿਆਲ ਨੇ 10 ਸਤੰਬਰ 1909 ਨੂੰ ਆਪਣੇ ਲੇਖ ‘ਵੰਦੇ ਮਾਤਰਮ’ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਸੀ, “ਮਦਨ ਲਾਲ ਢੀਂਗਰਾ ਸ਼ਹੀਦੀ ਪ੍ਰਾਪਤ ਕਰ ਕੇ ਹਮੇਸ਼ਾ ਲਈ ਅਮਰ ਹੋ ਗਿਆ ਹੈ। ਉਸ ਨੇ ਮੁਕੱਦਮੇ ਦੇ ਹਰ ਪੜਾਅ ‘ਤੇ ਅਡੋਲ ਰਹਿ ਕੇ ਮਹਾਨ ਨਾਇਕ ਦਾ ਰੋਲ ਅਦਾ ਕੀਤਾ। ਭਾਰਤ ਦੇ ਇਤਿਹਾਸ ਦੇ ਪੰਨਿਆਂ ‘ਤੇ ਅਜਿਹੀ ਮਿਸਾਲ ਨਹੀਂ ਮਿਲਦੀ। ਇੰਗਲੈਂਡ ਸੋਚਦਾ ਹੈ ਕਿ ਉਸ ਨੇ ਢੀਂਗਰਾ ਨੂੰ ਸਦਾ ਲਈ ਖਤਮ ਕਰ ਦਿੱਤਾ, ਪਰ ਅਸਲ ਵਿਚ ਉਹ ਹਮੇਸ਼ਾ ਲਈ ਅਮਰ ਹੋ ਗਿਆ ਹੈ ਤੇ ਉਹ ਭਾਰਤ ਵਿਚ ਅੰਗਰੇਜ਼ ਸਰਕਾਰ ਦੀ ਪ੍ਰਭੂਸੱਤਾ ਦੀ ਮੌਤ ਦਾ ਕਾਰਨ ਬਣਿਆ ਹੈ।”

ਪ੍ਰੋ ਐਚ ਐਲ਼ ਕਪੂਰ
ਫੋਨ: 916-587-4002

Source – http://www.punjabtimesusa.com/

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਕੌਮਾਂਤਰੀ ਪੱਧਰ ਤੇ ਇੰਝ ਕੀਤਾ ਜਾਂਦਾ ਹੈ ਨਵੇਂ ਸਾਲ ਦਾ ਸਵਾਗਤ !!!

ਹਰ ਸਾਲ ਨਵੇਂ ਵਰ੍ਹੇ ਦੀ ਆਮਦ ਦੇ ਜਸ਼ਨ ਆਸਟ੍ਰੇਲੀਆ ਮਹਾਂਦੀਪ ਤੋਂ ਸ਼ੁਰੂ ਹੋ ਕੇ ਅਮਰੀਕਾ ਮਹਾਂਦੀਪ ਵਿਚ ਸਮਾਪਤ ਹੋ ਜਾਂਦੇ ਹਨ । ਹਰੇਕ ਦੇਸ਼ ਦੇ ਵਾਸੀ ਆਪੋ-ਆਪਣੇ ਢੰਗ ਨਾਲ ਨਵੇਂ


Print Friendly
Important Days0 Comments

ਭਾਰਤੀ ਪਰਮਾਣੂ ਖੋਜ ਦਾ ਪਿਤਾਮਾ ਡਾ. ਹੋਮੀ ਜਹਿਨਾਗੀਰ ਭਾਬਾ – 30 ਅਕਤੂਬਰ ਜਨਮ ਦਿਨ ਤੇ ਵਿਸ਼ੇਸ਼

ਉਦੋਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਨਿੱਕੜਾ ਜਿਹਾ ਪਰਮਾਣੂ ਕਦੇ ਵੱਡੇ-ਵੱਡੇ ਬਿਜਲੀ ਘਰਾਂ ਨੂੰ ਚਲਾਉਣ ਦਾ ਸਬੱਬ ਬਣੇਗਾ। ਇਸੇ ਪਰਮਾਣੂ ਤੋਂ ਬਣਿਆ ਪਰਮਾਣੂ ਬੰਬ, ਹੱਸਦੇ-ਵਸਦੇ ਲੋਕਾਂ


Print Friendly
Important Days0 Comments

World Consumer Rights Day (March 15)

Tuesday, 15 March, 2016 marks World Consumer Rights Day. The World Consumer Rights Day (WCRD) is an annual event celebrated all over the world by Consumer Organizations on every March


Print Friendly