ਸੱਚੀ ਤੇ ਸੁੱਚੀ ਮਿੱਤਰਤਾ ਦਾ ਦਿਨ ‘ਫਰੈਂਡਸ਼ਿਪ ਡੇ’ (‘ਫਰੈਂਡਸ਼ਿਪ ਡੇ’ ‘ਤੇ ਵਿਸ਼ੇਸ਼)
ਸੱਚੀ ਤੇ ਸੁੱਚੀ ਮਿੱਤਰਤਾ ਦਾ ਦਿਨ ‘ਫਰੈਂਡਸ਼ਿਪ ਡੇ’ 2 ਅਗਸਤ ਨੂੰ ਸਾਰੇ ਸੰਸਾਰ ਵਿਚ ਮਨਾਇਆ ਜਾ ਰਿਹਾ ਹੈ | ਮਿੱਤਰ ਸਾਡੇ ਜੀਵਨ ਵਿਚ ਇਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ | ਇਸ ਰਿਸ਼ਤੇ ਦੀ ਮਹੱਤਤਾ ਨੂੰ ਦੇਖਦਿਆਂ ਹੋਇਆਂ ਅਮਰੀਕਾ ਵੱਲੋਂ 1935 ਵਿਚ ਅਗਸਤ ਦੇ ਪਹਿਲੇ ਐਤਵਾਰ ਨੂੰ ‘ਫਰੈਂਡਸ਼ਿਪ ਡੇ’ ਘੋਸ਼ਿਤ ਕੀਤਾ ਗਿਆ | ਚਾਹੇ ਇਸ ਦਿਨ ਦਾ ਚਲਣ ਪੱਛਮੀ ਦੇਸ਼ਾਂ ਤੋਂ ਸ਼ੁਰੂ ਹੋਇਆ ਹੈ ਪਰ ਮਿੱਤਰਤਾ ਭਾਰਤ ਦੀ ਸੱਭਿਅਤਾ ਦਾ ਵੀ ਅਟੁੱਟ ਅੰਗ ਹੈ | ਵਧਦੀਆਂ ਸਹੂਲਤਾਂ ਕਾਰਨ ਇਸ ਦਿਨ ਦੇ ਮਹੱਤਵ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਹਨ | ਇਸ ਦਿਨ ਸਭ ਮਿੱਤਰ ਇਕ-ਦੂਜੇ ਨੂੰ ਮੈਸੇਜ ਭੇਜਦੇ ਹਨ ਅਤੇ ਆਪਣੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ |
ਮਿੱਤਰ ਦਾ ਰਿਸ਼ਤਾ ਬੜਾ ਪਿਆਰਾ, ਮਿੱਠਾ ਅਤੇ ਰੱਬ ਵਰਗਾ ਹੁੰਦਾ ਹੈ ਅਤੇ ਆਪਣੀ ਮਿੱਤਰਤਾ ਦੀ ਖਾਤਰ ਵਕਤ ਆਉਣ ‘ਤੇ ਆਪਣੇ ਮਿੱਤਰ ਲਈ ਕੁਰਬਾਨ ਹੋਣਾ ਵੀ ਜਾਣਦਾ ਹੈ | ਜੀਵਨ ਵਿਚ ਬਹੁਤ ਸਾਰੇ ਰਿਸ਼ਤੇ ਸਾਨੂੰ ਸਾਡੀ ਪਸੰਦ ਤੋਂ ਬਿਨਾਂ ਮਿਲਦੇ ਹਨ | ਇਹ ਅਕਸਰ ਖੂਨ ਦੇ ਰਿਸ਼ਤੇ ਹੁੰਦੇ ਹਨ | ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣਾ ਪੈਂਦਾ ਹੈ ਪਰ ਮਿੱਤਰ ਨਾਲ ਸਾਡਾ ਇਕ ਇਸ ਤਰ੍ਹਾਂ ਦਾ ਰਿਸ਼ਤਾ ਹੈ, ਜਿਸ ਦੀ ਚੋਣ ਅਸੀਂ ਆਪਣੇ ਦਿਮਾਗ ਦੀ ਸੋਚ ਅਤੇ ਦਿਲ ਦੀ ਸੱਚੀ ਆਵਾਜ਼ ਨੂੰ ਸੁਣ ਕੇ ਕਰਦੇ ਹਾਂ | ਮਿੱਤਰ ਸਾਡੀ ਆਪਣੀ ਪਸੰਦ ਹੋਣ ਕਰਕੇ, ਸਾਡੇ ਜੀਵਨ ਦੇ ਖਾਲੀਪਨ ਨੂੰ ਦੂਰ ਕਰਨ ਵਿਚ ਸਾਡੀ ਮਦਦ ਕਰਦਾ ਹੈ | ਸੱਚੀ ਮਿੱਤਰਤਾ ਵੱਡੇ ਭਾਗਾਂ ਨਾਲ ਮਿਲਦੀ ਹੈ, ਇਸ ਨੂੰ ਨਿਭਾਉਣ ਲਈ ਬੜੀ ਸੂਝ-ਬੂਝ ਦੀ ਲੋੜ ਹੁੰਦੀ ਹੈ | ਸਾਨੂੰ ਇਕ-ਦੂਜੇ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ, ਜ਼ਰੂਰਤ ਦਾ ਖਿਆਲ ਰੱਖਣਾ ਚਾਹੀਦਾ ਹੈ, ਮਿੱਤਰ ਨਾਲ ਕੀਤੇ ਵਾਅਦੇ ਨੂੰ ਨਿਭਾਉਣਾ ਚਾਹੀਦਾ ਹੈ | ਚਾਹੇ ਮਿੱਤਰਤਾ ਕਿੰਨੀ ਵੀ ਪੁਰਾਣੀ ਅਤੇ ਮਜ਼ਬੂਤ ਹੋਵੇ, ਲੋਕਾਂ ਸਾਹਮਣੇ ਕਦੇ ਵੀ ਉਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਕਦੀ-ਕਦੀ ਇਸ ਤਰ੍ਹਾਂ ਦੀ ਹਰਕਤ ਮਿੰਟਾਂ ਵਿਚ ਕਈ ਸਾਲਾਂ ਦੀ ਮਿੱਤਰਤਾ ਨੂੰ ਖਤਮ ਕਰ ਦਿੰਦੀ ਹੈ | ਸੱਚਾ ਅਤੇ ਹਿਤਕਾਰੀ ਮਿੱਤਰ ਉਹ ਹੁੰਦਾ ਹੈ, ਜਿਹੜਾ ਇਕੱਲੇ ਵਿਚ ਆਪਣੇ ਦੋਸਤ ਨੂੰ ਉਸ ਦੇ ਗੁਣਾਂ ਅਤੇ ਦੋਸ਼ਾਂ ਤੋਂ ਅਵਗਤ ਕਰਾਵੇ ਅਤੇ ਕੁਰਾਹੇ ਪੈ ਰਹੇ ਦੋਸਤ ਨੂੰ ਸਹੀ ਰਸਤਾ ਦਿਖਾਵੇ | ਯਾਦ ਰੱਖੋ, ਮਿੱਤਰਤਾ ਵਿਚ ਝੂਠ, ਫਰੇਬ ਅਤੇ ਦਿਖਾਵੇ ਦੀ ਕੋਈ ਜਗ੍ਹਾ ਨਹੀਂ ਹੁੰਦੀ, ਕਿਉਂਕਿ ਇਹ ਰਿਸ਼ਤਾ ਪਿਆਰ, ਵਿਸ਼ਵਾਸ ਅਤੇ ਕੁਰਬਾਨੀ ਦਾ ਪ੍ਰਤੀਕ ਹੈ | ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖਣ ਨਾਲ ਇਸ ਮਿੱਤਰਤਾ ਰੂਪੀ ਪੌਦੇ ਨੂੰ ਆਪਣੇ-ਆਪ ਹਵਾ-ਪਾਣੀ ਮਿਲਦਾ ਰਹੇਗਾ ਅਤੇ ਇਹ ਵਧਦਾ-ਫੁਲਦਾ ਰਹੇਗਾ |
ਮਿੱਤਰਤਾ ਦਾ ਦਾਇਰਾ ਬੜਾ ਵਿਸ਼ਾਲ ਹੈ | ਇਸ ਲਈ ਮਿੱਤਰ ਨੂੰ ਰੱਬ ਵਰਗਾ ਅਹੁਦਾ ਪ੍ਰਾਪਤ ਹੈ, ਕਿਉਂਕਿ ਮੁਸੀਬਤ ਵਿਚ ਸੱਚਾ ਮਿੱਤਰ ਹੀ ਕੰਮ ਆਉਂਦਾ ਹੈ | ਇਸ ਦੇ ਇਲਾਵਾ ਪਿਓ-ਪੁੱਤਰ, ਮਾਂ-ਧੀ, ਭਰਾ-ਭਰਾ ਅਤੇ ਭੈਣਾਂ-ਭੈਣਾਂ ਵੀ ਚੰਗੇ ਮਿੱਤਰ ਬਣਨ ਦੀ ਕੋਸ਼ਿਸ਼ ਕਰ ਸਕਦੇ ਹਨ | ਇਸ ਤਰ੍ਹਾਂ ਜਦੋਂ ਅਸੀਂ ਇਕ-ਦੂਜੇ ਨਾਲ ਮਿੱਤਰ ਵਰਗਾ ਸਲੂਕ ਕਰਾਂਗੇ ਤਾਂ ਸਾਡੇ ਰਿਸ਼ਤਿਆਂ ਵਿਚ ਹੋਰ ਵੀ ਮਜ਼ਬੂਤੀ ਆਵੇਗੀ | ਸੱਚਾ ਮਿੱਤਰ ਸਾਨੂੰ ਅੱਗੇ ਵਧਦਾ ਦੇਖ ਕੇ ਖੁਸ਼ ਹੁੰਦਾ ਹੈ, ਸਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਿੰਦਾ ਹੈ, ਇਸ ਦੀ ਖੁਸ਼ਬੂ, ਰਮ ਅਤੇ ਸੁੰਦਰਤਾ ਤੋਂ ਵਧ ਕੇ ਮਨੁੱਖ ਦੇ ਜੀਵਨ ਵਿਚ ਕੋਈ ਹੋਰ ਤੱਤਵ ਨਹੀਂ, ਜਿਹੜਾ ਸਾਨੂੰ ਸ਼ਕਤੀ ਪ੍ਰਦਾਨ ਕਰ ਸਕੇ | ਇਸ ਰਿਸ਼ਤੇ ਵਿਚ ਛੋਟੇ, ਵੱਡੇ, ਗਰੀਬ-ਅਮੀਰ, ਧਰਮ, ਜਾਤੀ ਆਦਿ ਲਈ ਕੋਈ ਜਗ੍ਹਾ ਨਹੀਂ ਹੁੰਦੀ, ਕਿਉਂਕਿ ਇਹ ਰਿਸ਼ਤਾ ਦਿਲਾਂ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਨੂੰ ਹਮੇਸ਼ਾ-ਹਮੇਸ਼ਾ ਬਣਾਈ ਰੱਖਣ ਲਈ ਵਿਸ਼ਵਾਸ, ਸਨਮਾਨ, ਸਹਿਣਸ਼ੀਲਤਾ, ਪ੍ਰੇਮ, ਮਿਠਾਸ, ਕੁਰਬਾਨੀ ਅਤੇ ਇਕ-ਦੂਜੇ ਦੇ ਪ੍ਰਤੀ ਸਮਰਪਿਤ ਹੋਣ ਦੀ ਭਾਵਨਾ ਦੀ ਲੋੜ ਹੈ | ਸੱਚੇ ਮਿੱਤਰ ਤੋਂ ਬਿਨਾਂ ਜੀਵਨ ਅਧੂਰਾ ਹੈ, ਇਸ ਲਈ ਹਰ ਕਿਸੇ ਨੂੰ ਸੱਚੇ ਮਿੱਤਰ ਦੀ ਲੋੜ ਹੈ | ਉਹ ਹਰ ਕਦਮ, ਹਰ ਮੁਕਾਮ ਅਤੇ ਹਰ ਮੰਜ਼ਿਲ ‘ਤੇ ਸਾਏ ਵਾਂਗੰੂ ਸਾਡੇ ਨਾਲ ਖੜ੍ਹਾ ਹੋਵੇਗਾ ਅਤੇ ਸਾਡੇ ਜੀਵਨ ਨੂੰ ਖੁਸ਼ੀਆਂ ਅਤੇ ਉਮੰਗਾਂ ਦੇ ਰੰਗਾਂ ਨਾਲ ਭਰ ਦੇਵੇਗਾ | ਯਾਦ ਰੱਖੋ, ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਹਨ ਪਰ ਸੱਚੀ ਤੇ ਸੁੱਚੀ ਦੋਸਤੀ ਨਹੀਂ ਬਦਲਦੀ, ਬਲਕਿ ਹੋਰ ਮਜ਼ਬੂਤ ਹੋ ਜਾਂਦੀ ਹੈ | ਇਸ ਮਿੱਤਰਤਾ ਦੇ ਰੰਗ ਨੂੰ ਹੋਰ ਗੂੜ੍ਹਾ ਕਰਨ ਵਾਸਤੇ ਆਓ! ਸਾਰੇ ਰਲ-ਮਿਲ ਕੇ 2 ਅਗਸਤ ਨੂੰ ‘ਫਰੈਂਡਸ਼ਿਪ ਡੇ’ ਨੂੰ ਮਨਾਈਏ |
ਪ੍ਰਵੀਨ ਅਬਰੋਲ
-27/13-ਏ, ਸੈਂਟਰਲ ਟਾਊਨ, ਜਲੰਧਰ | ਮੋਬਾ: 98782-49944
http://beta.ajitjalandhar.com/news/20130802/31/239269.cms
About author
You might also like
ਗੁਰੂ-ਜੋਤਿ ਦੇ ਚੌਥੇ ਵਾਰਸ ਸ੍ਰੀ ਗੁਰੂ ਰਾਮਦਾਸ ਜੀ (26 ਅਕਤੂਬਰ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼)
ਸ੍ਰੀ ਗੁਰੂ ਰਾਮਦਾਸ ਜੀ ਗੁਰੂ-ਜੋਤਿ ਦੇ ਚੌਥੇ ਵਾਰਸ ਬਣੇ। ਆਪ ਨੇ ਲੋਕਾਈ ਦਾ ਜੀਵਨ ਰਾਹ ਰੌਸ਼ਨ ਕੀਤਾ ਤੇ ਜੀਵਨ ਜੁਗਤਿ ਸਮਝਾਈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਨੂੰ
ਹਿੰਦ ਦੀ ਚਾਦਰ – ਸ਼੍ਰੀ ਗੁਰੂ ਤੇਗ ਬਹਾਦਰ (12 ਦਸੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)
ਸੰਨ 1672 ਦੇ ਆਰੰਭ ਵਿਚ ਗੁਰੂ ਸਾਹਿਬ ਅਨੰਦਪੁਰ ਸਾਹਿਬ ਪੁੱਜੇ ਅਤੇ 29 ਮਾਰਚ 1672 ਨੂੰ ਵਿਸਾਖੀ ਦਾ ਦਿਹਾੜਾ ਗੱਜਵੱਜ ਕੇ ਮਨਾਇਆ ਗਿਆ। 1673 ਦੀ ਵਿਸਾਖੀ ਤੇ ਦੀਵਾਲੀ ਵੀ ਅਨੰਦਪੁਰ ਸਾਹਿਬ
ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ – 3 ਫਰਵਰੀ
ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਸਦਾ ਇਸ ਗੱਲ ਦਾ ਗਵਾਹ ਰਿਹੈ ਕਿ ਕੌਮ ਦੇ ਜੰਗਜੂ ਯੋਧਿਆਂ ਨੇ ਆਪਣੇ ਜਾਤੀ-ਮੁਫ਼ਾਦਾਂ ਨੂੰ ਇੱਕ-ਪਾਸੇ ਕਰ ਹਮੇਸ਼ਾਂ ਕੌਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ