Print Friendly
ਨਜ਼ਮ – ਸ਼ਹੀਦ ਭਗਤ ਸਿੰਘ ( 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ੇਸ਼)

ਨਜ਼ਮ – ਸ਼ਹੀਦ ਭਗਤ ਸਿੰਘ ( 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ੇਸ਼)

ਰੁਬਾਈ
ਜਗਾਉਂਦੇ ਦੀਪ ਨੇ ਜਿਹੜੇ ਹਨੇਰੇ ਰਸਤਿਆਂ ਉੱਤੇ।
ਉਨ੍ਹਾਂ ਦੇ ਨਾਮ ਹੀ ਰਹਿੰਦੇ ਸਮੇਂ ਦੇ ਵਰਕਿਆਂ ਉੱਤੇ।
ਉਨ੍ਹਾਂ ਦੀ ਯਾਦ ਵੀ ‘ਬਾਦਲ’ ਕਦੇ ਧੁੰਧਲ਼ੀ ਨਹੀਂ ਪੈਂਦੀ,
ਸਦਾ ਲਿਖੀਆਂ ਜਿਨ੍ਹਾਂ ਵਾਰਾਂ ਲਹੂ ਦੇ ਕਤਰਿਆਂ ਉੱਤੇ।
******

ਨਜ਼ਮ
ਸ਼ਹੀਦ ਭਗਤ ਸਿੰਘ
( 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ੇਸ਼)
( ਇਹ ਨਜ਼ਮ 23 ਮਾਰਚ, 1973 ਦੀ ਲਿਖੀ ਹੋਈ ਹੈ)

ਹੋਵੇ ਚੰਨ ਤੇ ਬੱਦਲ਼ੀ ਕਿੰਝ ਢੱਕੇ? ਹੋਵੇ ਬੱਦਲ਼ੀ ਤੇ ਵੱਸੇ ਕਿਵੇਂ ਨਾ ਉਹ?
ਵੱਸੇ ਬੱਦਲ਼ੀ ਪਪੀਹਾ ਨਾ ਕਿੰਝ ਬੋਲੇ? ਸ੍ਵਾਂਤੀ-ਬੂੰਦ ਪੀ ਕੇ ਹੱਸੇ ਕਿਵੇਂ ਨਾ ਉਹ?
ਹੋਵੇ ਰਵੀ, ਤੇ ਚਮਕੇ ਨਾ ਉਹ ਕਿੱਦਾਂ? ਹੋਂਦ ਅਪਣੀ ਨੂੰ ਦੱਸੇ ਕਿਵੇਂ ਨਾ ਉਹ?
ਹੋਵੇ ਨਦੀ, ਤੇ ਸਾਗਰ ਦੀ ਭਾਲ਼ ਅੰਦਰ, ਜੋਬਨ ਵਿਚ ਫ਼ਾਵੀ, ਨੱਸੇ ਕਿਵੇਂ ਨਾ ਉਹ?
ਭਗਤ ਸਿੰਘ ਵਰਗਾ ਜੇ ਕਰ ਹੋਵੇ ਯੋਧਾ, ਕਿਉਂ ਨਾ ਮੂੰਹ ਖੁੱਲ੍ਹੇ ਕਾਮਯਾਬੀਆਂ ਦਾ?
ਧਰੂ ਭਗਤ ਦੇ ਵਾਂਗ ਅਕਾਸ਼ ਚਮਕੇ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਸੋਹਣੇ ਓਸ ਜਰਨੈਲ ਦੇ ਦਿਲ ਅੰਦਰ, ਭਰਿਆ ਹੋਇਆ ਸੀ ਜੋਸ਼ ਜਵਾਨੀਆਂ ਦਾ।
ਰੂਹਾਂ ਫ਼ੂਕਦਾ ਸੀ ਮੁਰਦਾ ਦਿਲਾਂ ਅੰਦਰ, ਜਜ਼ਬਾ ਭਰਦਾ ਸੀ ਉਹ ਕੁਰਬਾਨੀਆਂ ਦਾ।
ਭਾਰਤ ਵਿਚ ਜੋ ਰਾਜ ਹੈ ਹਿੰਦੀਆਂ ਦਾ, ਸਦਕਾ ਓਸ ਦੀਆਂ ਮਿਹਰਬਾਨੀਆਂ ਦਾ।
ਉਹਨੇ ਸਾਗਰੋਂ ਘੱਲਿਆ ਪਾਰ ਬੇੜਾ, ਵੱਡੇ ਹਾਕਮਾਂ, ਇੰਗਲਿਸਤਾਨੀਆਂ ਦਾ।
ਇੱਕ-ਇੱਕ ਕਰਕੇ ਬਦਲਾ ਲਿਆ ਉਹਨੇ, ਹੋਈਆਂ ਏਸ ਥਾਂ ਕੁੱਲ ਖ਼ਰਾਬੀਆਂ ਦਾ।
ਅਬਲਾ, ਕਿਸੇ ਮਜਲੂਮ ਦੀ ਲਾਸ਼ ਆਖੇ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਕਿਸੇ ਅੱਖ ਦਾ ਸੀ ਭਗਤ ਸਿੰਘ ਤਾਰਾ, ਕਿਸੇ ਬਾਂਹ ਦੀ ਸੀ ਸੱਜੀ ਬਾਂਹ ਯੋਧਾ।
ਸੇਵਾ ਕਰਕੇ ਦੇਸ਼ ਦੀ, ਦੇਸ਼ ਵਾਂਗੂੰ, ਗਿਆ ਹੋਰ ਤੋਂ ਹੋਰ ਉਤਾਂਹ ਯੋਧਾ।
ਭਗਤ ਤੁਰੇ ਫਿਰਦੇ ਲੱਖਾਂ ਜੱਗ ਉੱਤੇ, ਅਮਰ ਕਰ ਗਿਆ ਆਪਣਾ ਨਾਂ ਯੋਧਾ।
ਜਿਸ ਰਾਤ ਉਹ ਜੰਮਿਆਂ ਜੱਗ ਉੱਤੇ, ਹੋਰ ਜੰਮਿਆਂ ਕਿਸੇ ਨਹੀਂ ਮਾਂ ਯੋਧਾ।
ਹੋਰ ਕਿਸੇ ਨਹੀਂ ਡੋਲ੍ਹਿਆ ਖ਼ੂਨ ਏਦਾਂ, ਫ਼ਿੱਕਾ ਪਾਇਆ ਉਸ ਰੰਗ ਮਹਿਤਾਬੀਆਂ ਦਾ।
ਭਗਤ ਹੋ ਕੇ ਚਮਕਿਆ ਚੰਦ ਵਾਂਗੂੰ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਸੋਹਣੇ ਦੇਸ਼ ਭਾਰਤ ਦੀ ਸ਼ਾਨ ਬਦਲੇ, ਉਹਨੇ ਆਪਣਾ ਲਹੂ ਨਿਚੋੜ ਦਿੱਤਾ।
ਜਿਹਲਾਂ ਭਰ ਕੇ ਦੇਸ਼-ਦੀਵਾਨਿਆਂ ਨਾਲ਼, ਉਹਨੇ ਮਾਣ ਸਰਕਾਰ ਦਾ ਤੋੜ ਦਿੱਤਾ।
ਬਗਲੇ ਭਗਤ ਤੇ ਸੋਹਣੀਆਂ ਸੂਰਤਾਂ ਨੂੰ, ਉਹਨੇ ਵਿੱਚ ਬਿਆਸ ਦੇ ਰੋੜ੍ਹ ਦਿੱਤਾ।
ਧੌਣ ਆਪਣੀ ਦੇ ਉੱਤੇ ਵਾਰ ਝੱਲਕੇ, ਉਹਨੇ ਮੂੰਹ ਤਲਵਾਰਾਂ ਦਾ ਮੋੜ ਦਿੱਤਾ।
ਸੀਸ ਦਿੱਤਾ ਤੇ ਦੇਸ਼ ਦੀ ਲਾਜ ਰੱਖੀ, ਮੂੰਹ ਮੋੜਿਆ ਅੰਗਰੇਜ਼ ਸ਼ਰਾਬੀਆਂ ਦਾ।
ਹਰ ਇੱਕ ਜੀਭ ਦੇ ਉੱਤੇ ਹੈ ਗੱਲ ਇੱਕੋ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਤਿੰਨ ਰੰਗਾ ਲੈ ਹੱਥ ਦੇ ਵਿਚ ਅਪਣੇ, ਉਹਨੇ ਆਪ ਪੈਦਾ ਇਨਕਲਾਬ ਕੀਤਾ।
ਜਿਹੜਾ ਸਾਰੇ ਸੀ ਦੇਸ਼ ਦੇ ਦਿਲ ਅੰਦਰ, ਪੂਰਾ ਓਸ ਸੋਹਣੇ ਨੇ ਉਹ ਖ਼ਾਬ ਕੀਤਾ।
ਕੱਖਾਂ ਵਾਂਗ ਜਿਹੜੇ ਰੁਲ਼ਦੇ ਪਏ ਹੈਸਨ, ਚੁੱਕਕੇ ਉਹਨਾਂ ਨੂੰ ਓਸ ਗੁਲਾਬ ਕੀਤਾ।
ਪੰਨੇ ਪਏ ਤਾਰੀਖ਼ ਦੇ ਦੱਸਦੇ ਨੇ, ਉਹ ਮੋਹਰੀ ਹੈਸੀ ਇਨਕਲਾਬੀਆਂ ਦਾ।
ਸੂਰਜ, ਚੰਦ ਗਵਾਹੀ ਵਿਚ ਬੋਲਦੇ ਨੇ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਰਾਜਗੁਰੂ, ਸੁਖਦੇਵ ਨੂੰ ਨਾਲ਼ ਲੈ ਕੇ, ਗੁੱਟੀਂ ਬੰਨ੍ਹਿਆ ਮੌਤ ਦੀਆਂ ਗਾਨੀਆਂ ਨੂੰ।
ਇੰਝ ਮਰੀਦੈ ਦੇਸ਼ ਲਈ, ਦੇਸ਼ ਬਦਲੇ, ਉਹਨੇ ਦੱਸਿਆ ਵੱਡੇ ਅਭੀਮਾਨੀਆਂ ਨੂੰ।
ਚੁੱਕ ਫੁੱਲਾਂ ਨੂੰ ਓਸ ਅੰਗਿਆਰ ਕੀਤਾ, ਤੇਗਾਂ ਕੀਤਾ ਉਸ ਚੁੱਕ ਕੇ ਕਾਨੀਆਂ ਨੂੰ।
ਠੇਡੇ ਉਸ ਅੰਗਰੇਜ਼ ਨੂੰ ਲਾਉਂਣ ਖ਼ਾਤਿਰ, ਠੇਡੇ ਮਾਰਤੇ ਆਪ ਜੁਆਨੀਆਂ ਨੂੰ।
ਓਸ ਸੋਹਣੇ ਨੇ ਦੇਸ਼ ਲਈ ਜਾਨ ਦੇਣੀ, ਹਿਸਾਬ ਲਾਇਆ ਸੀ ਇਹ ਹਿਸਾਬੀਆਂ ਦਾ।
ਉਹਦੇ ਖ਼ੂਨ ਦਾ ਇੱਕ-ਇੱਕ ਕਹੇ ਕਤਰਾ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਜਿਸ ਗੋਰੇ ਨੂੰ ਦੁਨੀਆਂ ਕਹੇ ਗੋਰਾ, ਕਾਲ਼ੇ ਮੁੱਖੜੇ ਉਨ੍ਹਾਂ ਦੇ ਕਰ ਗਿਆ ਉਹ।
ਕਾਇਰ, ਬੁਜ਼ਦਿਲ, ਹੋਛੇ ਦਿਲਾਂ ਅੰਦਰ, ਅਣਖ਼-ਮਾਣ ਵਾਲ਼ਾ ਲਹੂ ਭਰ ਗਿਆ ਉਹ।
ਸਿਰ ਦੇ ਕੇ ਆਪਣਾ ਦੇਸ਼ ਖ਼ਾਤਿਰ, ਸਿਰ ਹਿੰਦੀਆਂ ਦਾ ਉੱਚਾ ਕਰ ਗਿਆ ਉਹ।
ਜਿਉਂਦਾ ਪਿਆ ਹੈ ਵੇਖੋ ਜਹਾਨ ਉੱਤੇ, ਪਾਗਲ ਆਖਦੇ ਨੇ, ਯੋਧਾ ਮਰ ਗਿਆ ਉਹ।
ਇਸ ਭਾਰਤ ਨੂੰ ਰਾਜ-ਦਰਬਾਰ ਵਾਲ਼ਾ, ਗੁੱਛਾ ਲੈ ਕੇ ਦੇ ਗਿਆ ਚਾਬੀਆਂ ਦਾ।
ਮਾਣ ਨਾਲ਼ ਜਹਾਨ ਨੂੰ ਆਖਦਾ ਹਾਂ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।
—-
ਰੱਸਾ ਏਧਰ ਪਿਆ ਭਗਤ ਦੇ ਗਲ਼ੇ ਅੰਦਰ, ਓਧਰ ਤਖ਼ਤ ਅੰਗਰੇਜ਼ ਦਾ ਡੋਲਦਾ ਸੀ।
ਭਗਤ ਸਿੰਘ ਨੇ ਏਧਰ ਸੁਆਸ ਛੱਡੇ, ਓਧਰ ਘੋਰੜੂ ਅੰਗਰੇਜ਼ ਦਾ ਬੋਲਦਾ ਸੀ।
ਏਧਰ ਭਗਤ ਦੇ ਸਿਵੇ ਨੂੰ ਅੱਗ ਲੱਗੀ, ਸਿਵਾ ਕੋਈ ਅੰਗਰੇਜ਼ ਦਾ ਫੋਲਦਾ ਸੀ।
ਅੱਜ ਸਾਰੇ ਜਹਾਨ ਨੂੰ ਪਤਾ ਲੱਗਾ, ਪੋਲ ਖੁੱਲ੍ਹਿਆ, ਢੋਲ ਦੇ ਪੋਲ ਦਾ ਸੀ।
ਭਗਤ ਸਿੰਘ ਦੇ ਡੁੱਲ੍ਹੇ ਹੋਏ ਲਹੂ ਅੱਗੇ, ਫ਼ਿੱਕਾ ਰੰਗ ਪਿਆ ਗੁਲ-ਗੁਲਾਬੀਆਂ ਦਾ।
ਨਿਕਲ਼ੀ ਕਿਰਨ ਤੇ ‘ਬਾਦਲ’ ਨੂੰ ਇਉਂ ਆਖੇ, ਭਗਤ ਸਿੰਘ ਸੀ ਮਾਣ ਪੰਜਾਬੀਆਂ ਦਾ।

ਗੁਰਦਰਸ਼ਨ ਬਾਦਲ, ਸਰੀ, ਕੈਨੇੜਾ

http://www.likhari.org/archive/Likhari%20Pages%202009/5538%20Gurdarshan%20singh%20Badal%204_nazam%20shaheed%20bhagat%20singh%2028%20September%202009.htm

Print Friendly

About author

Vijay Gupta
Vijay Gupta1092 posts

State Awardee, Global Winner

You might also like

Important Days0 Comments

The history of World Thinking Day (on Feb. 22)

In 1926, delegates from around the globe met in the USA and agreed that 22 February would be known from then onward as a special day for Girl Guides and


Print Friendly
Important Days0 Comments

ਵਿਸ਼ਵ ਪੁਸਤਕ ਅਤੇ ਪ੍ਰਕਾਸ਼ਨ ਅਧਿਕਾਰ ਦਿਵਸ (23 ਅਪ੍ਰੈਲ) ਤੇ ਵਿਸ਼ੇਸ਼ !!!

ਹਰ ਸਾਲ 23  ਅਪ੍ਰੈਲ  ਨੂੰ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਵਰਲਡ ਬੁੱਕ ਐਂਡ ਕਾਪੀਰਾਈਟ ਡੇ ਭਾਵ ਵਿਸ਼ਵ ਪੁਸਤਕ ਅਤੇ ਪ੍ਰਕਾਸ਼ਨ ਅਧਿਕਾਰ ਦਿਵਸ ਦੇ ਰੂਪ ‘ਚ ਮਨਾਉਂਦੀ ਹੈ। ਇਸ ਦਾ ਟੀਚਾ


Print Friendly
Important Days0 Comments

ਭਾਰਤੀ ਇਤਿਹਾਸ ‘ਚ ਅਹਿਮ ਥਾਂ ਰੱਖਦਾ ਹੈ 13 ਅਪ੍ਰੈਲ ਦਾ ਦਿਨ

ਭਾਰਤ ਬਹੁਰੰਗੇ ਤਿਉਹਾਰਾਂ ਦਾ ਦੇਸ਼ ਹੈ ਜਿਨ੍ਹਾਂ ਵਿਚੋਂ ਵਿਸਾਖੀ ਪੰਜਾਬੀਆਂ ਦਾ ਮੌਸਮੀ ਤਿਉਹਾਰ ਹੈ। ਇਹ ਸਮੁੱਚੀ ਦੁਨੀਆਂ ਵਿਚ ਜਿੱਥੇ ਵੀ ਪੰਜਾਬੀ ਬੈਠੇ ਹਨ, ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅੱਜ


Print Friendly