Print Friendly
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ (17 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ (17 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਲਾਲਾ ਲਾਜਪਤ ਰਾਏ ਦਾ ਜਨਮ ਨਾਨਕੇ ਘਰ ਪਿੰਡ ਢੁਡੀਕੇ ਵਿਖੇ ਫਾਰਸੀ ਦੇ ਅਧਿਆਪਕ ਲਾਲਾ ਰਾਧਾਕ੍ਰਿਸ਼ਨ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ 28 ਜਨਵਰੀ 1865 ਨੂੰ ਹੋਇਆ। ਲਾਲਾ ਜੀ ਬਚਪਨ ਵਿੱਚ ਗਰੀਬੀ ਅਤੇ ਬਿਮਾਰੀ ਨਾਲ ਜੁੂਝਦੇ ਹੋਏ ਵੀ ਆਪਣੀਆਂ ਮਹਾਨ ਕੁਰਬਾਨੀਆਂ ਸਦਕਾ ਪੰਜਾਬ ਨੂੰ ਬਹੁਤ ਮਾਣ ਦੇ ਗਏ। ਆਪ ਦੇ ਪਿਤਾ ਜੀ ਇਸਲਾਮ ਧਰਮ ਤੋਂ ਪ੍ਰਭਾਵਤ ਸਨ ਪਰ ਆਪ ਦੀ ਮਾਤਾ ਇਕ ਗੁਰਸਿੱਖ ਪਰਿਵਾਰ ’ਚੋਂ ਸਨ।
ਅਰਬੀ ਅਤੇ ਫਾਰਸੀ ਭਾਸ਼ਾਵਾਂ ਆਪ ਨੇ ਆਪਣੇ ਪਿਤਾ ਜੀ ਤੋਂ ਸਿੱਖੀਆਂ। ਪ੍ਰਾਇਮਰੀ ਦੀ ਮੁੱਢਲੀ ਪੜ੍ਹਾਈ ਰੋਪੜ ਦੇ ਸਕੂਲ ਤੋਂ ਕੀਤੀ। ਮਿਡਲ ਦੀ ਪ੍ਰੀਖਿਆ ਵਿੱਚ ਯੋਗਤਾ ਵਜ਼ੀਫਾ ਪ੍ਰਾਪਤ ਕੀਤਾ। ਅਗਲੇਰੀ ਪੜ੍ਹਾਈ ਲਈ ਲਾਹੌਰ ਚਲੇ ਗਏ। 1877 ਵਿੱਚ ਬਾਰ੍ਹਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਹੋ ਗਿਆ। 1880 ਵਿੱਚ ਆਪ ਨੇ ਲੁਧਿਆਣਾ ਵਿਖੇ ਮਿਸ਼ਨ ਹਾਈ ਸਕੂਲ ਵਿੱਚ ਦਾਖਲਾ ਲਿਆ ਪਰ ਬਿਮਾਰ ਹੋਣ ਕਾਰਨ ਤਿੰਨ ਮਹੀਨੇ ਪਿੱਛੋਂ ਹੀ ਸਕੂਲ ਛੱਡਣਾ ਪਿਆ। ਆਪ ਆਪਣੇ ਪਿਤਾ ਜੀ ਕੋਲ ਅੰਬਾਲੇ ਚਲੇ ਗਏ। ਉੱਥੇ ਵੀ ਬਿਮਾਰੀ ਕਾਰਨ ਚਾਰ ਮਹੀਨੇ ਮੰਜੇ ’ਤੇ ਪੈਣਾ ਪਿਆ। ਠੀਕ ਹੋ ਕੇ ਨਵੰਬਰ 1880 ਵਿੱਚ ਲਾਹੌਰ ਚਲੇ ਗਏ ਤੇ ਦਸਵੀਂ ਦੀ ਪ੍ਰੀਖਿਆ ਦਿੱਤੀ।
ਫਰਵਰੀ 1881 ਵਿੱਚ ਪੰਜਾਬ ਦੇ ਇਕੋ-ਇਕ ਸਰਕਾਰੀ ਕਾਲਜ ਲਾਹੌਰ ਵਿਖੇ ਦਾਖਲਾ ਲਿਆ। ਪੜ੍ਹਾਈ ਦਾ ਖਰਚਾ ਪੂਰਾ ਕਰਨ ਲਈ ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਸੀ। ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਆਪ ਨੇ ਕਾਨੂੰਨ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ। ਸਖ਼ਤ ਮਿਹਨਤ ਕਾਰਨ ਆਪ ਬਹੁਤ ਬਿਮਾਰ ਹੋ ਗਏ ਪਰ ਕਾਨੂੰਨ ਦੀ ਪੜ੍ਹਾਈ ਵਿੱਚ ਸਫਲਤਾ ਹਾਸਲ ਕੀਤੀ। 1883 ਵਿੱਚ ਮੁਖਤਿਆਰੀ ਦਾ ਲਾਇਸੈਂਸ ਲੈ ਲਿਆ ਤੇ ਜਗਰਾਉਂ ਚਲੇ ਗਏ। ਗੁਰੂਦੱਤ ਤੇ ਹੋਰ ਉੱਘੇ ਦੇਸ਼ ਭਗਤ ਆਪ ਦੇ ਕਾਲਜ ਦੇ ਸਾਥੀ ਰਹੇ, ਜਿਨ੍ਹਾਂ ਆਪ ਦੇ ਜੀਵਨ ’ਤੇ ਡੰੂਘਾ ਪ੍ਰਭਾਵ ਛੱਡਿਆ। ਤਿੰਨ ਸਾਲ ਪਿੱਛੋਂ ਕਾਨੂੰਨ ਦੀ ਅੰਤਿਮ ਪ੍ਰੀਖਿਆ ਪਾਸ ਕੀਤੀ ਤੇ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।
ਉਨ੍ਹੀਵੀਂ ਸਦੀ ਦੇ ਅੰਤਲੇ ਸਾਲਾਂ ਦੌਰਾਨ ਲਾਹੌਰ ਕਈ ਨਵੀਆਂ ਸਮਾਜਕ ਤੇ ਧਾਰਮਿਕ ਅੰਦੋਲਨਾਂ ਦਾ ਕੇਂਦਰ ਰਿਹਾ, ਜਿਸ ਦਾ ਲਾਜਪਤ ਰਾਏ ’ਤੇ ਬਹੁਤ ਪ੍ਰਭਾਵ ਪਿਆ। ਸਵਾਮੀ ਦਯਾਨੰਦ ਸਰਸਵਤੀ ਨੇ 1875 ਵਿੱਚ ਬੰਬਈ ਵਿਖੇ ਆਰੀਆ ਸਮਾਜ ਦੀ ਨੀਂਹ ਰੱਖੀ। 1877 ਵਿੱਚ ਸਵਾਮੀ ਜੀ ਪੰਜਾਬ ਆਏ ਅਤੇ ਲਾਹੌਰ ਵਿਖੇ ਆਰੀਆ ਸਮਾਜ ਦਾ ਸੰਗਠਨ ਕਾਇਮ ਕੀਤਾ। ਆਰੀਆ ਸਮਾਜ ਨੇ ਜਾਤ-ਪਾਤ ਨੂੰ ਨਾ ਮੰਨ ਕੇ ਸਮਾਜਕ ਸਮਾਨਤਾ ’ਤੇ ਜ਼ੋਰ ਦਿੱਤਾ। ਸਮਾਜ ਨੇ ਲੜਕੀਆਂ ਦੀ ਸਿੱਖਿਆ ਦਾ ਵੀ ਪ੍ਰਚਾਰ ਕੀਤਾ। ਲਾਜਪਤ ਰਾਏ ਆਰੀਆ ਸਮਾਜ ਦੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ, ਸਮਾਜ ਸੁਧਾਰ ਅਤੇ ਸਿੱਖਿਆ ਸਬੰਧੀ ਪ੍ਰੋਗਰਾਮਾਂ ਤੋਂ ਪ੍ਰਭਾਵਤ  ਹੋ ਕੇ ਸਮਾਜ ਦੇ ਮੈਂਬਰ ਬਣ ਗਏ।
1886-1892 ਦੌਰਾਨ ਹਿਸਾਰ ਵਿਖੇ ਲਾਲਾ ਜੀ ਵਕਾਲਤ ਕਰਦੇ ਰਹੇ ਤੇ ਇੱਥੇ ਆਰੀਆ ਸਮਾਜ ਦੀ ਨੀਂਹ ਰੱਖੀ। ਵਕਾਲਤ ਦੇ ਪੇਸ਼ੇ ਤੋਂ ਉਸ ਸਮੇਂ ਆਪ ਦੀ ਆਮਦਨ ਸਤਾਰਾਂ ਹਜ਼ਾਰ ਰੁਪਏ ਸਾਲਾਨਾ ਤੋਂ ਵੀ ਵਧ ਸੀ ਜਿਸ ਵਿੱਚੋਂ ਬਹੁਤੀ ਰਕਮ ਸਿੱਖਿਆ ਸੰਸਥਾਵਾਂ ਨੂੰ ਦਾਨ ਦੇ ਦਿੰਦੇ ਸਨ ਕਿਉਂਕਿ ਆਪ ਦਾ ਮਿਸ਼ਨ ਧਨ ਇਕੱਠਾ ਕਰਨਾ ਨਹੀਂ ਸੀ। ਉੱਥੋਂ ਦੀ ਬਹੁਗਿਣਤੀ ਮੁਸਲਮਾਨ ਆਬਾਦੀ ਵਾਲੇ ਇਲਾਕੇ ਵਿੱਚੋਂ ਆਪ ਦਾ ਨਗਰਪਾਲਿਕਾ ਲਈ ਕਈ ਵਾਰ ਚੁਣੇ ਜਾਣਾ ਲਾਲਾ ਜੀ ਦੇ ਧਰਮ ਨਿਰਪੱਖ ਹੋਣ ਦਾ ਇਕ ਵੱਡਾ ਸਬੂਤ ਹੈ।
1888 ਵਿੱਚ ਆਪ ਕਾਂਗਰਸ ਵਿੱਚ ਸ਼ਾਮਲ ਹੋ ਗਏ। 1892 ਵਿੱਚ ਮੁੜ ਲਾਹੌਰ ਆ ਗਏ। ਅਲਾਹਾਬਾਦ ਕਾਂਗਰਸ ਇਜਲਾਸ ਵਿੱਚ ਆਪ ਦਾ ਸਨਮਾਨ ਕੀਤਾ ਗਿਆ। ਪਰ ਆਪ ਬਹੁਤਾ ਸਮਾਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨਾਲ ਨਾ ਚਲ ਸਕੇ ਤੇ ਗਰਮ ਦਲ ਦੇ ਮੈਂਬਰ ਗਿਣੇ ਜਾਣ ਲੱਗੇ।
1897-99 ਦੌਰਾਨ ਪੰਜਾਬ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਅਕਾਲ ਪੀੜਤਾਂ ਅਤੇ ਕਾਂਗੜਾ ’ਚ ਆਏ ਭੂਚਾਲ ਦੇ ਸਮੇਂ ਆਪ ਨੇ ਚੰਦਾ ਇਕੱਠਾ ਕਰਕੇ ਦੁਖੀਆਂ ਦੀ ਸਹਾਇਤਾ ਕੀਤਾ। ਆਪ ਰਾਜਨੀਤਕ ਸੁਤੰਤਰਤਾ ਤੋਂ ਪਹਿਲਾਂ ਆਰਥਿਕ ਆਜ਼ਾਦੀ ਜ਼ਰੂਰੀ ਸਮਝਦੇ ਸਨ। 1895 ਵਿੱਚ ‘ਦਿ ਟ੍ਰਿਬਿਊਨ’ ਅਖ਼ਬਾਰ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਨਾਲ ਮਿਲ ਕੇ ‘ਪੰਜਾਬ ਨੈਸ਼ਨਲ ਬੈਂਕ’ ਦੀ ਸਥਾਪਨਾ ਕੀਤੀ।
ਲਾਲਾ ਜੀ ਜਿੱਥੇ ਇਕ ਚੰਗੇ ਵਕਤਾ ਸਨ, ਉੱਥੇ ਇਕ ਉੱਚ ਕੋਟੀ ਦੇ ਲੇਖਕ ਵੀ ਸਨ। ਉਨ੍ਹਾਂ ਕਈ ਪੁਸਤਕਾਂ ਲਿਖੀਆਂ ਤੇ ਕਈ ਅਖ਼ਬਾਰ ਸ਼ੁਰੂ ਕੀਤੇ। ਅਮਰੀਕਾ ਵਿੱਚ ਰਹਿ ਕੇ ‘ਯੰਗ ਇੰਡੀਆ’ ਨਾਂ ਦਾ ਅਖ਼ਬਾਰ ਤੇ ਲਾਹੌਰ ਤੋਂ ਅੰਗਰੇਜ਼ੀ ਦਾ ਅਖ਼ਬਾਰ ‘ਦੀ ਪੰਜਾਬੀ’ ਜਾਰੀ ਕੀਤਾ। 1905 ਵਿੱਚ ਭਾਰਤੀ ਵਫਦ ਵਿੱਚ ਆਪ ਨੂੰ ਬਰਤਾਨੀਆ ਭੇਜਿਆ ਗਿਆ ਜਿੱਥੇ ਆਪ ਨੇ ਉਥੋਂ ਦੇ ਲੋਕਾਂ ਨੂੰ ਭਾਰਤ ਵਿੱਚ ਵਾਪਰ ਰਹੇ ਹਾਲਾਤ ਤੋਂ ਜਾਣੂ ਕਰਵਾਇਆ। ਦੇਸ਼ ਵਾਪਸ ਪਰਤ ਕੇ ਆਪ ਨੇ ਬੰਗਾਲ ਵੰਡ ਦੀ ਵਿਰੋਧਤਾ ਕੀਤੀ ਅਤੇ ਵਿਦੇਸ਼ੀ ਮਾਲ ਦੇ ਬਾਈਕਾਟ ਕਰਨ ਬਾਰੇ ਜ਼ੋਰਦਾਰ ਭਾਸ਼ਣ ਦਿੱਤੇ। 1907 ਵਿੱਚ ਸਰਦਾਰ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਤੇ ਲਾਲਾ ਜੀ ਨੂੰ ਜਲਾਵਤਨ ਕਰਕੇ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ। 1914 ਤੋਂ 1919 ਤਕ ਲਗਾਤਾਰ ਅਮਰੀਕਾ ਵਿੱਚ ਰਹੇ ਤੇ ਕ੍ਰਾਂਤੀਕਾਰੀਆਂ ਨੂੰ ਮਿਲਦੇ ਰਹੇ, ਪਰ ਉਨ੍ਹਾਂ ਦੇ ਕੰਮਾਂ ਤੋਂ ਬਹੁਤਾ ਪ੍ਰਭਾਵਤ ਨਾ ਹੋ ਸਕੇ। 1915 ਵਿੱਚ ਥੋੜ੍ਹੇ ਸਮੇਂ ਲਈ ਜਾਪਾਨ ਵੀ ਗਏ। ਉੱਥੇ ਉਨ੍ਹਾਂ ਭਾਰਤੀ ਆਜ਼ਾਦੀ ਦੇ ਦੂਤ ਵਜੋਂ ਕੰਮ ਕੀਤਾ। 1920 ਵਿੱਚ ਨਾ-ਮਿਲਵਰਤਣ ਲਹਿਰ ਵਿੱਚ ਕਾਂਗਰਸ ਦਾ ਸਾਥ ਦਿੱਤਾ। 1925 ਵਿੱਚ ਕੇਂਦਰੀ ਵਿਧਾਨ ਮੰਡਲ ਦੇ ਮੈਂਬਰ ਚੁਣੇ ਗਏ ਪਰ ਸਵਰਾਜ ਪਾਰਟੀ ਨਾਲ ਮਤਭੇਦ ਹੋਣ ਕਾਰਨ ਤਿਆਗ ਪੱਤਰ ਦੇ ਦਿੱਤਾ।
1928 ਵਿੱਚ ਅੰਗਰੇਜ਼ ਸਰਕਾਰ ਨੇ ਇਕ ਸੱਤ ਮੈਂਬਰੀ ਕਮਿਸ਼ਨ ਸਾਈਮਨ ਦੀ ਅਗਵਾਈ ਵਿੱਚ ਭਾਰਤ ਭੇਜਿਆ। ਇਸ ਕਮਿਸ਼ਨ ਵਿੱਚ ਇਕ ਵੀ ਭਾਰਤੀ ਨਹੀਂ ਸੀ ਜਿਸ ਕਰਕੇ ਸਾਰੇ ਦੇਸ਼ ਵਿੱਚ ਰੋਹ ਫੈਲ ਗਿਆ। 30 ਅਕਤੂਬਰ 1928 ਨੂੰ ਜਦੋਂ ਕਮਿਸ਼ਨ ਲਾਹੌਰ ਆਇਆ ਤਾਂ ਰੇਲਵੇ ਸਟੇਸ਼ਨ ਦੇ ਬਾਹਰ, ‘ਸਾਈਮਨ ਕਮਿਸ਼ਨ ਵਾਪਸ ਜਾਓ’ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਨੇ ਕੀਤੀ। ਅੰਗਰੇਜ਼ ਪੁਲੀਸ ਨੇ ਨਿਹੱਥੇ ਤੇ ਪੁਰਅਮਨ ਭਾਰਤੀਆਂ ’ਤੇ ਅੰਨ੍ਹੇਵਾਹ ਡਾਂਗਾਂ ਵਰਸਾਈਆਂ। ਲਾਲਾ ਜੀ ਸਖ਼ਤ ਜ਼ਖ਼ਮੀ ਹੋ ਗਏ ਤੇ ਅੰਤ 17 ਨਵੰਬਰ 1928 ਨੂੰ ਭਾਰਤ ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਦਾ ਸੁਨੇਹਾ ਦੇ ਕੇ ਇਸ ਸੰਸਾਰ ਤੋਂ ਵਿਦਾਅ ਲਈ।
ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਪੁਲੀਸ ਸੁਪਰਡੈਂਟ ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਤੇ ਆਪ ਵੀ ਫਾਂਸੀਆਂ ਦੇ ਰੱਸੇ ਚੁੰਮ ਕੇ ਦੇਸ਼ ਦੀ ਆਜ਼ਾਦੀ ਦਾ ਦਿਨ ਨੇੜੇ ਲਿਆਂਦਾ।

ਕ੍ਰਿਸ਼ਨ ਕੁਮਾਰ ਗੁਪਤਾ
ਸੰਪਰਕ: 94656-15102

http://punjabitribuneonline.com

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ – 13 ਨਵੰਬਰ ਜਨਮ ਦਿਨ ਤੇ ਵਿਸ਼ੇਸ਼

ਸਾਡਾ ਪੰਜਾਬ ਮਹਾਨ ਗੁਰੂਆਂ, ਪੀਰਾਂ, ਫਕੀਰਾਂ ਅਤੇ ਅਣਖੀ ਯੋਧਿਆਂ ਦੀ ਪਵਿੱਤਰ ਧਰਤੀ ਹੈ। ਵਿਸ਼ਵ ਇਤਿਹਾਸ ’ਚ ਅਜਿਹੇ ਬਹੁਤ ਹੀ ਵਿਰਲੇ ਸ਼ਾਸ਼ਕ ਹੋਏ ਹਨ, ਜਿਨ੍ਹਾਂ ਆਪਣੇ ਸ਼ਾਸ਼ਨ ਦੌਰਾਨ ਲੋਕਾਂ ਦੇ ਦਿਲਾਂ


Print Friendly
Important Days0 Comments

ਕੋਮਾਂਤਰੀ ਮਾਂ ਬੋਲੀ ਦਿਵਸ (21 ਫਰਵਰੀ ਤੇ ਵਿਸ਼ੇਸ਼)

ਮਾਤ ਭਾਸ਼ਾ ਦਾ ਜਨਮ ਮਾਂ ਦੇ ਦੁੱਧ, ਮਾਂ ਦੀ ਲੋਰੀ ਤੇ ਨਵਜੰਮੇ ਬੱਚੇ ਦੇ ਕੰਨਾਂ ਵਿਚ ਪਏ ਮਾਂ ਦੇ ਪਹਿਲੇ ਬੋਲਾਂ ਨਾਲ ਹੁੰਦਾ ਹੈ ।  ਇਹ ਮਾਂ ਦੇ ਦੁੱਧ ਵਰਗੀ


Print Friendly
Important Days0 Comments

25 ਜਨਵਰੀ ਰਾਸ਼ਟਰੀ ਵੋਟਰ ਦਿਵਸ ਤੇ ਵਿਸ਼ੇਸ਼

ਆਓ,ਵੋਟਰ ਹੋਣ ਤੇ ਮਾਣ ਕਰੀਏ 25 ਜਨਵਰੀ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ ।ਸਭ ਤੋ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ


Print Friendly