Print Friendly
ਰਾਣੀ ਲਕਸ਼ਮੀਬਾਈ (19 ਨਵੰਬਰ ਜਨਮ ਦਿਨ ਤੇ ਵਿਸ਼ੇਸ਼)

ਰਾਣੀ ਲਕਸ਼ਮੀਬਾਈ (19 ਨਵੰਬਰ ਜਨਮ ਦਿਨ ਤੇ ਵਿਸ਼ੇਸ਼)

ਝਾਂਸੀ ਦੀ ਰਾਣੀ ਦੇ ਲਕਬ ਨਾਲ ਮਸ਼ਹੂਰ ਲਕਸ਼ਮੀ ਬਾਈ ਇਸ ਬਗਾਵਤ ਦੀ ਮੁੱਖ ਪਾਤਰਾਂ ਵਿਚੋਂ ਇੱਕ ਸੀ। ਉਸ ਸਮੇਂ ਦੀ ਔਰਤ ਦੀ ਦਸ਼ਾ ਤੇ ਦਿਸ਼ਾ ਨੂੰ ਵੀ ਇਸ ਸੰਦਰਭ ਵਿਚ ਵਾਚਿਆ ਜਾ ਸਕਦਾ ਹੈ। ਖਾਸ ਤੌਰ ਤੇ ਕੁਲੀਨ ਪਰਿਵਾਰ ਦੀਆਂ ਔਰਤਾਂ ਦੇ ਰੂਪ ਵਿਚ। ਇਸਲਈ ਝਾਂਸੀ ਦੀ ਰਾਣੀ ਬਾਰੇ ਕੁਝ ਵਿਸਥਾਰ ਨਾਲ ਗੱਲ ਹੋਣੀ ਚਾਹੀਦੀ ਹੈ। ਇਸਦਾ ਬਚਪਨ ਦਾ ਨਾਮ ਮਨੀਕਾਰਨਿਕਾ ਸੀ ਤੇ ਛੋਟਾ ਨਾਮ ਮਨੂੰ। ਇਸਦਾ ਜਨਮ ਵਾਰਾਨਸੀ ਦਾ ਹੈ ਜੋ ਬਨਾਰਸ ਵਿਚ ਆਉਂਦਾ ਹੈ। ਜਨਮ 19 ਨਵੰਬਰ 1828 ਹੈ। ਮਾਤਾ ਦਾ ਨਾਮ ਭਗੀਰਥੀ ਤੇ ਪਿਤਾ ਦਾ ਨਾਮ ਮੋਰੋਪੰਤ ਟਾਂਬੇ ਸੀ। ਜਨਮ ਤਰੀਕ ਬਾਰੇ  ਪੱਕਾ ਪਤਾ ਨਹੀ ਲਗਦਾ। ਇਹ ਅਜੇ ਛੋਟੀ ਸੀ ਜਦੋਂ ਮਾਤਾ ਦਾ ਦਿਹਾਂਤ ਹੋ ਗਿਆ। ਸੰਭਵਤਾ ਉਮਰ ਦੋ ਸਾਲ ਸੀ।ਪਿਤਾ ਮੋਰੋਪੰਤ ਟਾਂਬੇ ਚਿਮਨਾਜੀ ਅਪਾ ਦਾ ਸਲਾਹਕਾਰ ਸੀ ਜੋ ਬਾਜ਼ੀ ਰਾਉ ਦੂਜੇ ਦਾ ਭਰਾ ਸੀ। ਮਨੂੰ ਅਜੇ ਤਿੰਨ ਸਾਲ ਦੀ ਹੀ ਸੀ ਜਦੋਂ ਚਿਮਨਾਜੀ ਅਪਾ ਦਾ ਦਿਹਾਂਤ ਹੋ ਗਿਆ। ਮਨੀਕਾਰਨਿਕਾ ਤਿੰਨ ਸਾਲ ਦੀ ਸੀ ਜਦੋਂ ਇਸਦਾ ਪਿਤਾ ਬਿਥੁਰ ਚਲਾ ਗਿਆ ਤੇ ਉੱਥੇ ਜਾਕੇ ਬਾਜ਼ੀ ਰਾਉ ਦੀ ਅਦਾਲਤ ਦਾ ਮੈਂਬਰ ਬਣ ਗਿਆ। ਆਪਣੇ ਪਿਤਾ ਦੀ ਪੁਜੀਸ਼ਨ ਕਰਕੇ ਇਸਦਾ ਬਚਪਨ ਮਹਿਲ ਵਿਚ ਗੁਜ਼ਰਿਆ।

ਬਚਪਨ ਵਿਚ ਇਹਦਾ ਵਿਹਾਰ ਮੁੰਡਿਆ ਵਰਗਾ ਸੀ। ਪਿਤਾ ਨੂੰ ਨਿਰਾਸ਼ਾ ਹੋਈ ਕਿ ਉਸਦਾ ਇੱਕੋ ਇੱਕ ਬੱਚਾ ਹੈ,ਤੇ ਉਹ ਵੀ ਕੁੜੀ? ਕਿ ਮਨੀਕਾਰਨਿਕਾ ਆਪਣੇ ਪਿਤਾ ਦੀ ਇਸ ਖਾਹਸ਼ ਨੂੰ ਜਾਣਦੀ ਤੇ ਨਹੀ ਹੋਵੇਗੀ? ਕੀ ਪਿਤਾ ਦੀ ਇਹ ਖਾਹਸ਼ ਨੂੰ ਪੂਰੀ ਕਰਨ ਲਈ ਹੀ ਉਹ ਮੁੰਡਿਆਂ ਵਾਂਗ ਵਿਹਾਰ ਕਰਦੀ ਸੀ? ਇਹ ਕੁਝ ਗੱਲਾਂ ਹਨ ਜੋ ਸਾਨੂੰ ਇਹ ਸੁਝਾਉਂਦੀਆਂ ਹਨ ਕਿ ਉਸ ਸਮੇਂ ਵੀ ਕੁੜੀ ਨਾਲੋਂ ਮੁੰਡੇ ਨੂੰ ਪਹਿਲ ਦਿੱਤੀ ਜਾਂਦੀ ਸੀ, ਤੇ ਕੁੜੀ ਦੇ ਅਵਚੇਤਨ ਵਿਚ ਹੀ ਇਹ ਗੱਲ ਬੈਠ ਜਾਂਦੀ ਹੋਵੇਗੀ। ਪਿਤਾ ਨਾਲ ਜੁੜਨਾ ਵੀ ਸਾਹਮਣੇ ਆਉਂਦਾ ਹੈ।
ਸਮਝਿਆ ਜਾਂਦਾ ਹੈ ਕਿ ਨਾਨਾ ਸਾਹਬ, ਤਾਂਤੀਆ ਤੋਪੇ ਉਸਦੇ ਨਾਲ ਖੇਡਣ ਵਾਲੇ ਸਾਥੀ ਸਨ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਨਾਨਾ ਸਾਹਬ ਉਸਤੋਂ ਸਤ ਅੱਠ ਸਾਲ ਵੱਡਾ ਸੀ। ਜਿਸਦਾ ਜਨਮ 1820 ਦਾ ਕਿਆਸਿਆ ਜਾਂਦਾ ਹੈ। ਤਾਂਤੀਆ ਤੋਪੇ ਜੋ ਅੰਦਾਜ਼ਨ 1813 ਨੂੰ ਪੈਦਾ ਹੋਇਆ,ਉਹ ਮਨੀਕਾਰਨਿਕਾ ਤੋਂ 14 ਸਾਲ ਵੱਡਾ ਸੀ। ਇਹ ਹੀ ਉਹ ਉਮਰ ਹੁੰਦੀ ਹੈ ਜਦੋਂ ਇੱਕ ਸਾਲ ਦਾ ਫਰਕ ਵੀ ਵਡੇ ਅੰਤਰ ਦਾ ਹਿੰਸਾ ਬਣ ਜਾਂਦਾ ਹੈ। ਜੇ ਮਾਪਣ ਦਾ ਪੈਮਾਨਾ ਸਾਲ ਹੀ ਗਿਣੀਏ।
ਇੱਕ ਕਹਾਣੀ ਮੁਤਾਬਕ ਨਾਨਾ ਸਾਹਬ ਨੇ ਇਸਨੂੰ ਹਾਥੀ ਦੀ ਸਵਾਰੀ ਲਈ ਮਨ੍ਹਾਂ ਕਰ ਦਿੱਤਾ ਤੇ ਇਸਨੇ ਗੁੱਸੇ ਵਿਚ ਇਹ ਕਹਿ ਦਿੱਤਾ ਕਿ ਇੱਕ ਦਿਨ ਉਸਦੇ ਸਾਰੇ ਦਸ ਹਾਥੀ ਉਸਦੇ ਹੋਣਗੇ। ਜੇ ਇਹ ਕਹਾਣੀ ਸੱਚੀ ਹੈ ਜਾਂ ਤੇ ਇਸਦਾ ਬਚਪਨਾ ਸੀ ਜਾਂ ਦਿਖਾਵੇ ਦਾ ਦਮਗਜ਼ਾ,ਡੀਂਗ ਕੁਝ ਵੀ ਸਮਝ ਲਵੋ। ਪਰ ਇਹ ਭਬਕੀ ਗਿੱਦੜ ਭਬਕੀ ਨਹੀ ਸੀ,ਕਿਉਂਕਿ ਉਸਦਾ ਸੁਭਾਅ ਅੇਸਾ ਨਹੀ ਸੀ। ਆਉਣ ਵਾਲੇ ਭਵਿਖ ਦਾ ਕਿਸੇ ਨੂੰ ਨਹੀ ਪਤਾ ਫਿਰ ਮਨੀਕਾਰਨਿਕਾ ਨੂੰ ਕਿਵੇਂ ਪਤਾ ਹੁੰਦਾ? ਕੀ ਉਸਦੇ ਜ਼ਹਿਨ ਵਿਚ ਭਰੀ ਅਸੁਰਖਿਅਤਾ ਤੇ ਉਸਦੀ ਪੂਰਤੀ ਲਈ ਦਿਮਾਗ ਵਿਚ ਉਠਦੇ ਵਾਵਰੋਲੇ ਸਨ? ਪਰ ਇਹ ਵੀ ਹੋ ਸਕਦਾ ਹੈ ਇਹ ਗੱਲ ਉਸਦੀ ਮੰਗਣੀ ਤੇ ਵਿਆਹ ਵਿਚਲੇ ਸਮੇਂ ਦੀ ਹੋਵੇ।
ਇਹ ਵੀ ਸਮਝਿਆ ਜਾਂਦਾ ਹੈ ਕਿ ਉਸਦੇ ਪਿਤਾ ਨੇ ਉਸਦਾ ਪਾਲਣ ਪੋਸ਼ਣ ਹੀ ਇਸਤਰ੍ਹਾਂ ਕੀਤਾ ਕਿ ਉਹ ਹੋਣੀ ਵਾਲੀ ਰਾਣੀ ਦੇ ਅਚਾਰ ਵਿਹਾਰ ਤੇ ਗੱਲ ਕਰਨ ਦੇ ਤਰੀਕੇ ਤੋਂ ਵਾਕਫ ਹੋ ਜਾਵੇ। ਉਸਦਾ ਪਿਤਾ ਉਸਨੂੰ ਲੈਕੇ ਝਾਂਸੀ ਆ ਗਿਆ ਤੇ ਰਾਜਾ ਗੰਗਾਧਰ ਰਾਓ ਦੀ ਮੁਲਾਜ਼ਮਤ ਕਰ ਲਈ। ਮਈ 1842 ਨੂੰ ਜਦੋਂ ਉਸਦੀ ਉਮਰ 14 ਸਾਲ ਦੀ ਸੀ, ਉਸਦਾ ਵਿਆਹ ਝਾਂਸੀ ਦੇ ਰਾਜੇ ਗੰਗਾਧਰ ਰਾਓ ਨਾਲ ਹੋ ਗਿਆ। ਝਾਂਸੀ ਦੇ ਖਾਤਿਆਂ ਦੀ ਪੜਤਾਲ ਕਰਦਿਆਂ ਪਤਾ ਲਗਦਾ ਹੈ ਕਿ ਇੱਕ ਐਂਟਰੀ 40,000 ਰੁਪਏ ਦੀ ਹੈ ਜਿਹੜਾ ਵਿਆਹ ਦੇ ਜਸ਼ਨਾ ਤੇ ਖਰਚ ਕੀਤਾ ਗਿਆ। ਵਿਆਹ ਤੇ ਆਤਿਸ਼ਬਾਜ਼ੀ ਚਲੀ ਤੇ ਤੋਪਾਂ ਦੀ ਸਲਾਮੀ ਦਿੱਤੀ ਗਈ। ਲਕਸ਼ਮੀਬਾਈ ਗੰਗਾਧਰ ਰਾਓ ਦੀ ਦੂਸਰੀ ਪਤਨੀ ਸੀ। ਪਹਿਲੀ ਬੇਔਲਾਦ ਹੀ ਇਸ ਸੰਸਾਰ ਤੋਂ ਰੁਖਸਤ ਹੋ ਗਈ।

ਵਿਆਹੁਤਾ ਜੀਵਨ

ਵਿਆਹ  ਤੋਂ ਬਾਦ ਰਿਵਾਜ਼ ਅਨੁਸਾਰ ਮਨੀਕਾਰਨਿਕਾ ਦਾ ਨਾਮ ਵੀ ਬਦਲ ਗਿਆ। ਹੁਣ ਉਹ ਲਕਸ਼ਮੀਬਾਈ ਸੀ। ਨਾਮ ਬਦਲਣਾ ਰਾਜ ਘਰਾਣਿਆਂ ਦੀ ਖਾਸ ਪਰੰਮਪਰਾ ਸੀ। ਵਿਆਹੁਤਾ ਜੀਵਨ ਬਾਰੇ ਜ਼ਿਆਦਾ ਕਿਆਸ ਅਰਾਈਆਂ ਹੀ ਹਨ,ਤੇ ਬਹੁਤੀਆਂ ਗੰਗਾਧਰ ਰਾਓ ਬਾਰੇ। ਜਿਸਨੂੰ ਹਰ ਤਰ੍ਹਾਂ ਦੀਆਂ ਲਾਹਨਤਾਂ ਨਾਲ ਨਿਵਾਜਿਆ ਗਿਆ। ਗੇ ਤੋਂ ਲੈਕੇ ਅਯਾਸ ਤੇ ਰਖੇਲ ਰਖੀ ਦੇ ਤਾਹਨੇ ਉਸਦੀ ਪਿੱਠ ਪਿੱਛੇ ਉਗਦੇ ਤੇ ਝੜ ਜਾਂਦੇ। ਕੁਝ ਵੀ ਵਿਚਾਰਨ ਤੋਂ ਪਹਿਲਾਂ ਉਨ੍ਹਾ ਦੀ ਉਮਰ ਦਾ ਅੰਤਰ ਵੇਖਦਿਆਂ ਹੀ ਲਕਸ਼ਮੀ ਨਾਲ ਹਮਦਰਦੀ ਜੁੜ ਜਾਂਦੀ ਹੈ। ਇਹ ਵੀ ਗੱਲ ਸਮਝ ਵਿਚ ਆਉਦੀ ਦਿਸਦੀ ਹੈ ਕਿ ਮਨੀਕਾਰਨਿਕਾ ਨੇ ਸਟੇਟਸ ਵੇਖਦਿਆਂ ਹੀ ਇਸ ਉਮਰ ਦੀਆਂ ਸਧਰਾਂ ਨਾਲ ਸਮਝੌਤਾ ਕੀਤਾ। ਮਨੀਕਾਰਨਿਕਾ ਨੂੰ ਵੀ ਔਰਤ ਦੀਆਂ ਵਿਅਕਤੀਗਤ ਮਾਨਸਿਕਤਾ ਨਾਲੋਂ ਸਮਾਜਿਕ ਰੁਤਬੇ ਦੀ ਜ਼ਿਆਦਾ ਪਰਵਾਹ ਸੀ। ਇਹ ਵਰਤਾਰਾ ਕਿਸਤਰ੍ਹਾਂ ਵਧਿਆ, ਇਹ ਸਮਝਣ ਲਈ ਸਾਡੀ ਸੋਚ ਆਪਣੇ ਆਪ ਹੀ ਸਮਾਜ ਦੀ ਬਣਤਰ ਵਲ ਚਲੇ ਜਾਂਦੀ ਹੈ। ਦੰਪਤੀ ਜੀਵਨ ਨਾਲੋਂ ਸੰਯੁਕਤ ਖਾਨਦਾਨ ਦੀ ਸ਼ਾਨੋ ਸ਼ੌਕਤ ਸਾਡੇ ਸਾਹਮਣੇ ਆਉਂਦੀ ਹੈ। ਪਰ ਇਸਦਾ ਸੰਦਰਭ ਸਿਰਫ ਉੱਚ ਸੁਸਾਇਟੀ ਨਾਲ ਹੀ ਹੈ। ਇਹ ਜ਼ਰੂਰੀ ਨਹੀ ਕਿ ਇਸਦਾ ਸਿਧਾ ਸਬੰਧ ਆਮ ਜਨਤਾ ਨਾਲ ਵੀ ਜੁੜਦਾ ਹੋਵੇ ਤੇ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਸਥਾਨਕ ਲੋਕਾਂ ਦਾ ਦਿੱਤਾ ਸਾਥ ਲਕਸ਼ਮੀਬਾਈ ਦੀ ਮੁੰਕਮਲ ਵਿਅਕਤੀਤਵ ਦਾ ਅਕਸ ਬਣਦਾ ਦਿਸਦਾ ਹੈ। ਸਮਾਜ ਸਾਸ਼ਤਰੀਆਂ ਨੇ ਇਸਦੀ ਪੁਣ ਛਾਣ ਕੀਤੀ ਹੋਈ ਹੈ ਤੇ ਕਈ ਕਿਤਾਬਾਂ ਇਤਿਹਾਸ ਦੀਆਂ ਆਪੋ ਆਪਣੀ ਦ੍ਰਿਸ਼ਟੀ ਤੋਂ ਲਿਖੀਆ ਗਈਆਂ ਹਨ।
ਲਕਸ਼ਮੀਬਾਈ ਕਮਾਲ ਦੀ ਘੋੜ ਸਵਾਰ ਸੀ। ਉਸਨੂੰ ਘੋੜਿਆਂ ਦੀ ਪਹਿਚਾਣ ਸੀ। ਹਥਿਆਰਾਂ ਤੇ ਪਕੜ, ਉਸਦੀ ਨਿੱਤ ਦਿਨ ਦੀ ਪਰੈਕਟਿਸ ਦਾ ਨਤੀਜਾ ਸੀ। ਉਸਨੇ ਇੱਕ ਔਰਤਾਂ ਦੀ ਰੈਜਮੈਂਟ ਵੀ ਤਿਆਰ ਕੀਤੀ ਹੋਈ ਸੀ। ਉਸਦੀ ਜੀਵਨ-ਜਾਚ ਤੋਂ ਅਸੀ ਸਹਿਜੇ ਹੀ ਇਸ ਰੈਜਮੈਂਟ ਦਾ ਅੰਦਾਜ਼ਾ ਲਾ ਸਕਦੇ ਹਾਂ। ਜਨਾਨ-ਖਾਨੇ ਦੀ ਸਕਿਉਰਟੀ ਤੇ ਦੇਖ ਭਾਲ  ਇਨ੍ਹਾਂ ਔਰਤ ਗਾਰਡਾਂ ਦੁਆਰਾ ਕੀਤੀ ਜਾਂਦੀ। ਕਈ ਮੌਕਿਆਂ ਤੇ ਇਹ ਔਰਤ ਰੈਜ਼ਮੈਂਟ ਲੜਾਈਆਂ ਵਿਚ ਹਿੱਸਾ ਲੈਂਦੀਆਂ। ਜਿਹੜੀ ਗੱਲ ਹੈਰਾਨ ਕਰਨ ਵਾਲੀ ਲਗਦੀ ਹੈ, ਉਹ ਇਹ ਹੈ ਕਿ ਸਾਰੇ ਪ੍ਰਬੰਧ ਉਪਲਬਦ ਹੋਣ ਦੇ ਬਾਵਜੂਦ ਰਾਣੀ ਆਪ ਇਨ੍ਹਾ ਦੀ ਟਰੇਨਿੰਗ ਇੰਚਾਰਜ ਸੀ।
ਕਿਹਾ ਜਾਂਦਾ ਹੈ ਕਿ 1851 ਵਿਚ ਲਕਸ਼ਮੀਬਾਈ ਨੇ 1851 ਵਿਚ ਇੱਕ ਬੇਟੇ ਨੂੰ ਜਨਮ ਦਿੱਤਾ ਪਰ ਤਿੰਨ ਮਹੀਨੇ ਬਾਦ ਹੀ ਉਸਦੀ ਮੌਤ ਹੋ ਗਈ। ਇਹ ਠੀਕ ਹੈ ਜਾਂ ਗਲਤ ਪਰ 1853 ਵਿਚ ਜਦੋਂ ਗੰਗਾਧਰ ਰਾਓ ਦੀ ਮੌਤ ਹੋਈ ਇਹ ਬੇਔਲਾਦ ਸਨ।ਜਦੋਂ ਉਹ ਬਿਮਾਰ ਸੀ ਤੇ ਉਸਦੀ ਮੌਤ ਦੀ ਇੰਤਜਾਰ ਕੀਤੀ ਜਾ ਰਹੀ ਸੀ ਉਸਤੇ ਜੋਰ ਪਾਇਆ ਗਿਆ ਕਿ ਉਹ ਕਿਸੇ ਨੂੰ ਮੁਤਬੰਨਾ ਬਣਾ ਲਵੇ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਸਨੇ ਢਿਲੀ ਮੱਠੀ ਹਾਮੀ ਭਰੀ। ਉਨ੍ਹਾਂ ਨੇ ਪੰਜ ਸਾਲ ਦਾ ਬੱਚਾ ਜਿਸਦਾ ਨਾਮ ਦਮੋਦਰ ਰਾਓ ਸੀ ਤੇ ਜੋ ਗੰਗਾਧਰ ਦੀ ਰਿਸ਼ਤੇਦਾਰੀ ਵਿਚੋਂ ਸੀ ਨੂੰ  ਗੋਦ ਲੈ ਲਿਆ। ਖਾਸ ਮਕਸਦ ਨਾਲ ਕਿਸੇ ਨੂੰ ਭੁਲੇਖਾ ਨਾ ਰਹੇ ਖਾਸ ਤੌਰ ਤੇ ਕੰਪਨੀ ਨੂੰ, ਉਨ੍ਹਾ ਨੇ ਇਸ ਰਸਮ ਵਿਚ ਸਥਾਨਕ ਬ੍ਰਿਟਿਸ਼ ਅਫਸਰ, ਰਾਜਨੀਤਕ  ਏਜਟ,ਮੇਜਰ ਐਲਸ ਤੇ ਕੈਪਟਨ ਮਾਰਟਿਨ ਨੂੰ ਸੱਦਾ ਦਿੱਤਾ ਗਿਆ ਤਾਂ ਕਿ ਸਮਾਰੋਹ ਦਾ ਸਬੂਤ ਰਹੇ।

ਇਸ ਵਕਤ ਹੀ ਇੱਕ ਵਸੀਅਤ ਬਣਾਈ ਗਈ ਤੇ ਈਸਟ ਇੰਡੀਆ ਕੰਪਨੀ ਨੂੰ ਬੇਨਤੀ ਕੀਤੀ ਗਈ ਕਿ ਦਮੋਦਰ ਰਾਓ ਨੂੰ ਗੰਗਾਧਰ ਦਾ ਬੇਟਾ ਤਸਲੀਮ ਕਰ ਲਿਆ ਜਾਵੇ ਅਤੇ ਲਕਸ਼ਮੀ ਬਾਈ ਨੂੰ ਰਾਜ ਦਾ ਪ੍ਰਤੀਨਿਧ ਮੰਨ ਲਿਆ ਜਾਵੇ। ਵਸੀਅਤ ਮੇਜਰ ਐਲਸ ਨੂੰ ਪੜ੍ਹਕੇ ਸੁਣਾਈ ਗਈ।ਚਿੱਠੀ ਰਾਹੀਂ ਗਵਾਲੀਅਰ ਤੇ ਬੰਦੇਲਖੰਡ ਦੇ ਪੁਲੀਟੀਕਲ ਏਜੰਟ ਮੇਜਰ ਮੈਲਕੌਮ ਨੂੰ ਸੂਚਿਤ ਕੀਤਾ ਗਿਆ। ਗੰਗਾਧਰ ਦੇ ਦਾਦਾ ਜੀ ਨੇ ਬ੍ਰਿਟਿਸ਼ ਨਾਲ ਇੱਕ ਸੰਧੀ ਤੇ ਦਸਖ਼ਤ ਕੀਤੇ ਹੋਏ ਸਨ ਜਿਸ ਅਨੁਸਾਰ ਉਸਦੇ ਵਾਰਿਸ ਝਾਂਸੀ ਰਿਆਸਤ ਦੇ ਰਾਜੇ ਸਵਿਕਾਰੇ ਜਾਣਗੇ।ਉਤਰਾ ਅਧਿਕਾਰੀ ਦਾ ਇਤਿਹਾਸ ਕੁਝ ਗੁੰਝਲਦਾਰ ਹੋ ਗਿਆ ਸੀ ਜਦੋਂ ਬੇਔਲਾਦ ਰਾਜਾਂ ਦੇ ਜਾਨਸ਼ੀਨਾਂ ਬਾਰੇ ਕੰਪਨੀ ਨੇ ਵਖਰੇ ਫੈਸਲੇ ਲੈਕੇ ਉਨ੍ਹਾ ਰਿਆਸਤਾਂ ਵਿਚ ਸਿੱਧਾ ਦਖਲ ਦਿੱਤਾ ਸੀ ਤੇ ਇਸ ਮਕਸਦ ਲਈ ਕੰਪਨੀ ਨੇ ਕੁਝ ਵਖਰੀ ਕਿਸਮ ਦੀਆਂ ਸੰਧੀਆਂ ਵੀ ਹੋਂਦ ਵਿਚ ਲੈ ਆਂਦੀਆ ਸਨ। ਉਨ੍ਹਾਂ ਸੰਧੀਆ ਦੇ ਬਾਵਜੂਦ ਝਾਂਸੀ ਦੇ ਹੁਕਮਰਾਨ ਬ੍ਰਿਟਿਸ਼ ਪੱਖੀ ਸਨ,ਜਦੋਂ ਦੀ ਉਨ੍ਹਾ ਦੇ ਰਾਜ ਤੇ ਕੰਪਨੀ ਦੀ ਸੰਧੀ ਹੋਂਦ ਵਿਚ ਆਈ ਸੀ। ਇਹ ਕੋਈ ਵੀ ਕਿਆਸ ਅਰਾਈ ਨਹੀ ਸੀ ਕਿ ਉਤਰਾ ਅਧਿਕਾਰੀ ਦਾ ਮਸਲਾ ਕੋਈ ਸਮਸਿਆ ਬਣ ਜਾਵੇਗਾ।
ਗੰਗਾਧਰ ਦੀ ਮੌਤ 21 ਨਵੰਬਰ 1853 ਨੂੰ ਹੁੰਦੀ ਹੈ। ਵਸੀਅਤ ਵਿਚ ਲਕਸ਼ਮੀਬਾਈ ਦਾ ਸਤੀ ਹੋਣਾ ਰੋਕ ਦਿੱਤਾ ਗਿਆ ਸੀ। ਕੁਝ ਇਹ ਵੀ ਕਹਿੰਦੇ ਹਨ ਕਿ ਲਕਸ਼ਮੀਬਾਈ ਨੇ ਸਤੀ ਹੋਣ ਦੀ ਪ੍ਰਥਾ ਨਾਲ ਮਾਣ ਪ੍ਰਾਪਤ ਕਰਨ ਤੋਂ ਨਾਂਹ ਕਰ ਦਿੱਤੀ ਸੀ। ਵੈਸੇ ਵੀ 1829 ਵਿਚ ਬ੍ਰਿਟਿਸ਼ ਹਕੂਮਤ ਨੇ ਇਸ ਰਸਮ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਸੀ। ਚਲੀ ਆ ਰਹੀ ਪ੍ਰਥਾ ਅਨੁਸਾਰ ਕਿਤੇ ਕਿਤੇ ਸਤੀ ਦੀ ਰਸਮ ਅਜੇ ਵੀ ਜਾਰੀ ਸੀ। ਅਸਲ ਵਿਚ ਲਕਸ਼ਮੀ ਬਾਈ ਨੇ ਆਪਣੇ ਅਫਸੋਸ ਦੇ ਦਿਨ ਵੀ ਸਰਕਾਰੀ ਤੌਰ ਤੇ ਘਟਾ ਦਿੱਤੇ ਸਨ। ਉਹ ਘਰ ਦੇ ਅੰਦਰ ਥੋੜੇ ਦਿਨ ਰਹੀ ਜਦ ਕਿ ਉਮੀਦ ਜ਼ਿਆਦਾ ਦਿਨਾਂ ਦੀ ਕੀਤੀ ਜਾ ਰਹੀ ਸੀ।ਅਸਲ ਵਿਚ ਇਹ 13 ਦਿਨਾਂ ਦਾ ਸੋਗ ਹੁੰਦਾ ਹੈ ਕਿ ਵਿਧਵਾ ਘਰ ਦੇ ਅੰਦਰ ਰਹਿ ਕੇ ਪੂਰਾ ਕਰਦੀ ਸੀ। ਲਕਸ਼ਮੀਬਾਈ ਨੇ ਆਪਣਾ ਸਿਰ ਵੀ ਨਹੀ ਮੁੰਡਵਾਇਆ,ਵੰਗਾਂ ਵੀ ਨਹੀ ਤੋੜੀਆਂ ਤੇ ਵਿਧਵਾ ਦਾ ਲਿਬਾਸ ਵੀ ਨਹੀ ਪਾਇਆ।

1853 ਤਕ ਰਾਜ ਅਜੇ ਵੀ ਈਸਟ ਇੰਡੀਆ ਕੰਪਨੀ ਦੇ ਹੱਥ ਵਿਚ ਹੀ ਸੀ। ਗਵਰਨਰ ਜਨਰਲ ਲਾਰਡ ਡਲਹੌਜ਼ੀ ਨਾਲ ਖਤੋ ਕਿਤਾਬਤ ਹੋਈ।  ਇੰਡੀਆ ਦਾ ਹਰ  ਕਾਨੂੰਨ ਵਖਰੇ ਸੰਦਰਭ ਵਿਚ ਵਖਰੇ ਰਾਜਾਂ ਨਾਲ ਕੀਤਾ ਜਾ ਰਿਹਾ ਸੀ। ਕਈ ਤੇ ਨੋਟੀਫਿਕੇਸ਼ਨ ਦਾ ਸਟੇਟਸ ਹੀ ਰਖਦੇ ਸਨ,ਪਰ ਹਨੇਰੀ ਗਰਦੀ ਚਲ ਰਹੀ ਸੀ। ਝਾਂਸੀ ਦਾ ਰਾਜ ਐਸਾ ਸੀ ਜਿਸਦਾ ਰਾਜ ਪ੍ਰਬੰਧ ਅੰਗਰੇਜ਼ ਦੇ ਹੱਥ ਨਾ ਹੋਕੇ ਪਰਿਵਾਰ ਦੀ ਸੁਲਤਾਨ ਸ਼ਾਹੀ ਨਾਲ ਚਲ ਰਿਹਾ ਸੀ। ਝਾਂਸੀ ਦੇ ਰਾਜ ਪਰਿਵਾਰ ਨੇ ਸਾਰੇ ਸਮੇਂ ਦੋਰਾਨ ਬ੍ਰਿਟਿਸ਼ ਨਾਲ ਬੜੇ ਨਿੱਘੇ ਸਬੰਧ ਬਣਾ ਕੇ ਰਖੇ ਹੋਏ ਸਨ।  1817 ਤੋਂ ਜਦੋਂ ਤੋਂ ਅੰਗਰੇਜ਼ ਨਾਲ ਸੰਧੀ ਹੋਈ ਸੀ ਇਹ ਸਬੰਧ ਵਧੀਆ ਚਲੇ ਆ ਰਹੇ ਸਨ। ਗੰਗਾਧਰ ਰਾਓ ਨੇ ਆਪਣੀ ਵਸੀਅਤ ਵਿਚ ਇਸਦਾ ਉਘੜਵਾਂ ਜ਼ਿਕਰ ਕੀਤਾ ਹੋਇਆ ਸੀ। ਡਾਕਟਰਾਈਂਨ ਔਫ ਲੈਪਸ ਦਾ ਸਿਧਾਂਤ ਲਾਰਡ ਡਲਹੌਜੀ  ਆਪਣੀ ਜੇਬ ਵਿਚ ਹੀ ਪਾਕੇ ਸੌਂਦਾ ਸੀ,ਉਹ ਗੋਦ ਲਏ ਹੋਏ ਵਾਰਿਸ ਨੂੰ ਉਤਰਾ ਅਧਿਕਾਰੀ ਨਹੀ ਮੰਨਦਾ ਸੀ। ਇਸ ਨਾਲ ਕਾਨੂੰਨੀ ਉਲਝਣਾ ਪੈ ਗਈਆਂ।ਭਾਰਤੀ ਸੰਸਕ੍ਰਿਤੀ ਅਨੁਸਾਰ ਸਭਤੋਂ ਵਡਾ ਪੁੱਤਰ ਕੁਝ ਰਸਮਾਂ ਅਦਾ ਕਰਦਾ ਹੈ ਜੋ ਉਸਦੀ ਆਤਮਕ ਸ਼ਾਤੀ ਤੇ ਜਨਮ ਤੋਂ ਬਾਦ ਉਸਦੀ ਆਤਮਾ ਨੂੰ ਨਰਕ ਤੋਂ ਬਚਾਵੇ। ਇਹ ਲਗਭਗ ਰੋਮਨ ਕੈਥੋਲਿਕ ਵਾਂਗ ਹੀ ਸੀ।ਸੋ ਗੋਦ ਲਏ ਪੁੱਤਰ ਦੀ ਕਾਨੂੰਨੀ ਮਾਨਤਾ ਨੂੰ ਨਾ ਮੰਨਣਾ ਭਾਰਤੀ ਮਾਨਸਿਕਤਾ ਨੂੰ ਠੇਸ ਪਹੁੰਚਾਉਂਣ ਦੇ ਤੁਲ ਸੀ। ਝਾਂਸੀ ਦੇ ਰਾਜੇ ਦੀ ਮੌਤ ਤੋਂ ਬਾਦ ਉਸਦੀ ਅੰਤਿਮ ਇੱਛਾ  ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਝਾਂਸੀ ਰਿਆਸਤ ਦੀ ਬ੍ਰਿਟਿਸ਼ ਰਾਜ ਵਿਚ ਸ਼ਮੂਲੀਅਤ ਦਾ ਐਲਾਨ ਕਰ ਦਿੱਤਾ ਗਿਆ।
ਰਾਜਨੀਤਕ ਏਜੰਟ ਮੇਜਰ ਮੈਲਕੌਮ ਦੀ ਲਕਸ਼ਮੀ ਬਾਈ ਬਾਰੇ ਲਿਖਤੀ ਟਿਪਣੀ ਕਾਬਿਲੇ ਗੌਰ ਹੈ। “ਬਹੁਤ ਹੀ ਸਤਿਕਾਰਯੋਗ ਅਤੇ ਸਵੈਮਾਣ ਵਾਲੀ ਆਦਰਯੋਗ ਹੈ ਤੇ ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਉਹ ਪੂਰੇ ਇਨਸਾਫ ਨਾਲ ਰਾਜ ਕਰਨ ਵਾਲੀ ਸਾਬਤ ਹੋ ਸਕਦੀ ਹੈ।” ਐਸੀ ਰਾਏ ਰਖਣ ਵਾਲਾ ਮੇਜਰ ਮੈਲਕੌਮ ਇੱਕਲਾ ਹੀ ਨਹੀ ਸੀ। ਐਸਾ ਵੀ ਨਹੀ ਸੀ ਕਿ ਇੱਕ ਔਰਤ ਭਾਰਤ ਜਾਂ ਇੰਗਲੈਂਡ ਵਿਚ ਰਾਜ ਨਹੀ ਕਰ ਸਕਦੀ। ਇਸਦਾ ਇਕੋ ਇੱਕ ਕਾਰਣ ਲਾਲਚ ਸੀ।
ਦਸੰਬਰ 3,1853 ਨੂੰ ਰਾਣੀ ਲਕਸ਼ਮੀ ਬਾਈ ਨੇ ਇਸ ਫੈਸਲੇ ਵਿਰੁਧ ਅਪੀਲ ਕਰ ਦਿੱਤੀ। ਸਥਾਨਿਕ ਪੁਲੀਟੀਕਲ ਏਜੰਟ ਮੇਜਰ ਐਲਸ ਨੇ ਇਸਦੇ ਹੱਕ ਵਿਚ ਚਿੱਠੀ ਲਿਖੀ।ਮੇਜਰ ਮੈਲਕੌਮ ਨੁੰ ਹਵਾ ਦੇ ਰੁਖ ਦਾ ਪਤਾ ਲੱਗ ਗਿਆ ਸੀ ਇਸ ਲਈ ਉਸਨੇ ਇਹ ਅੱਗੇ ਫਾਰਵਰਡ ਹੀ ਨਹੀ ਕੀਤੀ। ਦੂਸਰੀ ਅਪੀਲ ਫਰਵਰੀ 16,1854 ਨੂੰ ਕੀਤੀ ਗਈ ਜੋ ਨਾਮੰਨਜ਼ੂਰ ਹੋ ਗਈ।
ਇਸਤੋਂ ਬਾਦ ਲਕਸ਼ਮੀ ਬਾਈ ਨੇ ਬ੍ਰਿਟਿਸ਼ ਕੌਸਲ,ਜੌਨ ਲੈਂਗ ਨਾਲ ਗਲਬਾਤ ਕੀਤੀ ਜੋ ਉਸ ਵਕਤ ਇੰਡੀਆ ਸੀ ਤੇ ਕੰਪਨੀ ਖਿਲਾਫ ਅਦਾਲਤ ਵਿਚ ਕੁਝ ਕਾਮਯਾਬੀ ਹਾਸਲ ਕੀਤੀ। ਤੀਸਰੀ ਅਪੀਲ ਲਈ ਥਾਂ ਹੋ ਗਿਆ। ਜੌਨ ਲੈਂਗ ਆਪਣੀ ਕਿਤਾਬ ‘wanderings in India’ਵਿਚ ਜ਼ਿਕਰ ਕਰਦਾ ਹੈ ਕਿ ਰਾਣੀ ਨਾਲ ਮਸ਼ਵਰੇ ਦੌਰਾਨ ਨੇ ਉਸ ਵੇਲੇ ਦਾ ਮਸ਼ਹੂਰ ਹੋਇਆ ਸਲੋਗਨ ਬੋਲਿਆ ਸੀ, ‘ਮੇਰਾ ਝਾਂਸੀ ਨਹੀ ਦੇਂਗੇ’।ਜੌਨ ਲੈਂਗ ਦੀ ਕਿਤਾਬ ਤੋਂ ਲਕਸ਼ਮੀ ਬਾਈ ਦੇ ਵਿਅਕਤੀਤਵ ਦਾ ਪਤਾ ਲਗਦਾ ਹੈ। ਜੌਨ ਲੈਂਗ ਮੁਤਾਬਕ ਇੱਕ ਸਿਵਿਲ ਸਰਵਿਸ ਅਧਿਕਾਰੀ ਨੇ ਜੋ ਕਿਸੇ ਵੇਲੇ ਗਵਰਨਰ ਜਨਰਲ ਦਾ ਏਜੰਟ ਰਿਹਾ ਸੀ,ਨੇ ਰਾਣ ਨੂੰ ਮੇਰੇ ਨਾਲ ਮਿਲਣ ਲਈ ਕਿਹਾ ਸੀ। ਝਾਂਸੀ ਦੀ ਇਹ ਸ਼ਮੂਲੀਅਤ ਗੈਰ ਰਾਜਨੀਤਕ,ਇਨਸਾਫ ਹੀਨ ਤੇ ਬਿਨ੍ਹਾਂ ਕਿਸੇ ਯੋਗ ਕਾਰਣ ਦੇ ਸੀ। ਉਸ ਵੇਲੇ ਬ੍ਰਿਟਿਸ਼ ਵਿਚ ਵੀ ਲੌਰਡ ਡਲਹੋਜ਼ੀ ਦੇ ਫੈਸਲਿਆਂ ਦੀ ਨੁਕਤਾਚੀਨੀ ਹੋ ਰਹੀ ਸੀ।

ਤੀਸਰੀ ਅਪੀਲ ਅਪ੍ਰੈਲ 22 1854 ਨੂੰ ਕੀਤੀ ਗਈ ਜਿਸਨੂੰ ਜੌਂਨ ਲੈਂਗ ਦੀ ਸਲਾਹ ਨਾਲ ਡਰਾਫਟ ਕੀਤਾ ਗਿਆ। ਇਹ ਅਪੀਲ ਲੰਡਨ ਦੇ ਕੋਰਟ ਔਫ ਡਾਇਰੈਕਟਰਜ਼ ਨੂੰ ਮੁਖਾਤਿਬ ਸੀ। ਇਸਦਾ ਖਰਚਾ ਵੀ ਝਲਿਆ ਗਿਆ ਪਰ ਇਹ ਵੀ ਖਾਰਜ਼ ਹੋ ਗਈ। ਰਾਣੀ ਲਕਸ਼ਮੀ ਨੇ 1856 ਨੂੰ ਆਪਣੀ ਪਟੀਸ਼ਨ ਨੂੰ ਜਿੰਦਾ ਰਖਣ ਦੀ ਕੋਸ਼ਿਸ਼ ਕੀਤੀ। ਉਸਦੀਆਂ ਲਗਾਤਾਰ ਕੋਸ਼ਿਸਾਂ ਨਾਲ ਲਾਰਡ ਡਲਹੌਜ਼ੀ ਖਿਝ ਰਿਹਾ ਸੀ।

ਸਰ ਜੌਨ ਕਾਏ, ਬ੍ਰਿਟਿਸ਼ ਮਿਲਟਰੀ ਇਤਿਹਾਸਕਾਰ ਜੋ ਈਸਟ ਇੰਡੀਆ ਕੰਪਨੀ ਤੇ ਇੰਡੀਆ ਦੋਵਾਂ ਲਈ ਕੰਮ ਕਰਦਾ ਸੀ ਦਾ ਕਹਿਣਾ ਸੀ ਕਿ ਝਾਂਸੀ ਬਾਰੇ ਲਿਆ ਗਿਆ ਫੈਸਲਾ ਇਤਨਾ ਤੰਗ ਦਿਲਾ ਤੇ ਮੂਰਖਤਾ ਪੂਰਨ ਸੀ ਕਿ ਇਸਤੋਂ ਬਿਨ੍ਹਾਂ ਵਧੀਆ ਪ੍ਰਬੰਧ ਹੋ ਸਕਦਾ ਸੀ। ਇਹ ਸਿਰਫ ਚਿੰਗਾਰੀ ਪੈਦਾ ਕਰਨ ਵਾਲੀ ਗੱਲ ਹੀ ਸੀ। ਜਿਨ੍ਹਾਂ ਹੋਰ ਲੋਕਾਂ ਨੇ ਇਸ ਮੁਕਦਮੇ ਦੀ ਥਾਹ ਪਾਈ,ਉਨ੍ਹਾ ਦਾ ਵੀ ਇਹ ਵਿਚਾਰ ਸੀ ਕਿ ਇਹ ਸ਼ਮੂਲੀਅਤ 1817 ਦੀ ਸੰਧੀ ਦੀ ਭਾਵਨਾ ਦੇ ਹੀ ਉਲਟ ਸੀ। ਡਲਹੌਜ਼ੀ ਦਾ ਤਰਕ ਬਿਲਕੁਲ ਨਿਰਾਧਾਰ ਸੀ ਤੇ ਇਹ ਕੋਈ ਦੂਰ ਅੰਦੇਸ਼ੀ ਦਾ ਫੈਸਲਾ ਸਾਬਤ ਹੋਣ ਵਾਲਾ ਨਹੀ ਸੀ। ਈਸਟ ਇੰਡੀਆ ਕੰਪਨੀ ਕਿਸੇ ਵੀ ਅਦਾਲਤ ਨੂੰ ਜੁਆਬਦੇਹ ਨਹੀ ਸੀ। ਤਾਕਤ ਦੀ ਸੀਮਾ ਇਹੋ ਸੀ ਕਿ ਇਸਨੂੰ ਰਾਜਨੀਤਕ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਤੇ ਸੰਭਵਤਾ ਕੋਈ ਵਿਚਲਾ ਰਸਤਾ ਤਲਾਸ਼ਿਆ ਜਾਂਦਾ ਜੋ ਲੋਕ ਰੋਹ ਨੂੰ ਪ੍ਰਚੰਡ ਕਰਨ ਵਾਲਾ ਨਾ ਹੁੰਦਾ। ਇਹ ਲੈਪਸ ਵਾਲਾ ਫਾਰਮੂਲਾ ਤੇ ਇਸਦਾ ਗੈਰ ਜ਼ਰੂਰੀ ਪ੍ਰਯੋਗ 1857 ਦੀ ਬਗਾਵਤ ਵਿਚ ਇੱਕ ਵਡਾ ਕਦਮ ਸਾਬਤ ਹੋਇਆ ਜਿਸਤੋਂ ਸਹਿਜੇ ਹੀ ਬਚਿਆ ਜਾ ਸਕਦਾ ਸੀ।  ਰਾਣੀ ਨੂੰ ਜਬਰਦਸਤੀ ਰਿਟਾਇਰ ਕਰ ਦਿੱਤਾ ਗਿਆ।ਪੰਜ ਹਜ਼ਾਰ ਰੁਪਿਆ ਮਾਸਿਕ ਭੱਤਾ, ਮਹਿਲ ਜਿਸਨੂੰ ਹੁਣ ਰਾਣੀ ਮਹਿਲ ਕਿਹਾ ਜਾਂਦਾ ਸੀ। ਰਾਜ ਦੇ ਗਹਿਣੇ ਤੇ ਫੰਡ ਦਿੱਤੇ ਗਏ।

http://haikuplus.wordpress.com/

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਮਹਾਨ ਵਿਗਿਆਨਕ ਆਈਨਸਟਾਈਨ ( 14 ਮਾਰਚ ਜਨਮ ਦਿਨ ‘ਤੇ ਵਿਸ਼ੇਸ਼ )

‘‘ਅਲਬਰਟ, ਅਲਬਰਟ ਓਏ ਸੁਸਤ ਕੁੱਤਿਆ, ਤੇਰਾ ਪੜ੍ਹਾਈ ਵਿੱਚ ਉੱਕਾ ਹੀ ਧਿਆਨ ਨਹੀਂ।’’ ਇਹ ਸ਼ਬਦ, ਗਣਿਤ ਪ੍ਰੋਫੈਸਰ ਦੇ ਉਸ ਮਹਾਨ ਵਿਅਕਤੀ ਬਾਰੇ ਸਨ ਜੋ ਦੁਨੀਆ ਦੇ ਉਨ੍ਹਾਂ ਤਿੰਨ ਸਹੂਦੀਆਂ ਵਿੱਚੋਂ ਇੱਕ


Print Friendly
Great Men0 Comments

ਮਾਸਟਰ ਤਾਰਾ ਸਿੰਘ (ਜਨਮ ਦਿਨ ਤੇ ਵਿਸ਼ੇਸ਼)

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ


Print Friendly
Important Days0 Comments

World Students’ Day – 15 October

Unarguably the most loved President of India, APJ Abdul Kalam was a scientist who made India proud with his missile defence programme. But his favourite job was teaching and that’s


Print Friendly