ਸੁਭਾਸ਼ ਚੰਦਰ ਬੋਸ ਅਤੇ ਦੇਸ਼ ਦੀ ਆਜ਼ਾਦੀ (23 ਜਨਵਰੀ ਨੂੰ ਜਨਮ ਦਿਵਸ ’ਤੇ ਵਿਸ਼ੇਸ਼)
ਜਦੋਂ ਵੀ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਕੀਤੇ ਗਏ ਸੰਘਰਸ਼ ਦੀ ਗੱਲ ਚਲਦੀ ਹੈ ਤਾਂ ਜਿੱਥੇ 1857 ਈਸਵੀ ਦਾ ਸੰਗਰਾਮ, ਕੂਕਿਆਂ ਦਾ ਅੰਦੋਲਨ, ਗ਼ਦਰ ਲਹਿਰ, ਇੰਡੀਅਨ ਨੈਸ਼ਨਲ ਕਾਂਗਰਸ ਦੀ ਕਾਰਗੁਜ਼ਾਰੀ ਅਤੇ ਹੋਰ ਰਾਜਨੀਤਕ, ਧਾਰਮਿਕ ਜਥੇਬੰਦੀਆਂ ਦਾ ਜ਼ਿਕਰ ਆਉਂਦਾ ਹੈ, ਉੱਥੇ ‘ਆਜ਼ਾਦ ਹਿੰਦ ਫੌਜ’ ਦੀਆਂ ਪ੍ਰਾਪਤੀਆਂ ਦਾ ਵਰਣਨ ਵੀ ਵਿਸ਼ੇਸ਼ ਰੂਪ ’ਚ ਕੀਤਾ ਜਾਂਦਾ ਹੈ।
ਅਸੀਂ ਜਦੋਂ ‘ਆਜ਼ਾਦ ਹਿੰਦ ਫੌਜ’ ਦੀ ਸਥਾਪਨਾ ਜਾਂ ਇਸ ਦੇ ਕਾਰਨਾਮਿਆਂ ਉਪਰ ਦੀਰਘ ਦ੍ਰਿਸ਼ਟੀ ਪਾਉਂਦੇ ਹਾਂ ਤਾਂ, ਸਾਡੇ ਸਾਹਮਣੇ ਇਸ ਫੌਜ ਦੇ ਮੁਖੀ ਨੇਤਾ ਜੀ ਸੁਭਾਅ ਚੰਦਰ ਬੋਸ ਜੀ ਦਾ ਵਿਲੱਖਣ ਕੁਰਬਾਨੀਆਂ ਅਤੇ ਸੰਘਰਸ਼ਾਂ ਥਾਣੀਂ ਲੰਘਿਆ ਜੀਵਨ ਅੱਖਾਂ ਅੱਗੇ ਆ ਜਾਂਦਾ ਹੈ। ਭਾਰਤ ਮਾਤਾ ਦੇ ਇਸ ਸੱਚੇ ਸਪੂਤ ਨੇ ਸ੍ਰੀ ਰਾਮ ਬਿਹਾਰੀ ਬੋਸ ਦੇ ਸੱਚੇ ਸੁਪਨੇ ਨੂੰ ਜਿੱਥੇ ਬਚਪਨ ਤੋਂ ਜਵਾਨ ਕੀਤਾ, ਉੱਥੇ ਜਵਾਨੀ ਤੋਂ ਪੂਰਨਤਾ ਅਤੇ ਸਮੁੱਚਤਾ ਤਕ ਵੀ ਪਹੁੰਚਾ ਦਿੱਤਾ ਅਤੇ ਖੰਡਤ ਹੋ ਚੁੱਕੇ ਭਾਰਤੀਆਂ ਅੱਗੇ ਇਕ ਵਿਵਹਾਰਿਕ ਨਾਅਰਾ ਬੁਲੰਦ ਕੀਤਾ:
‘‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ।’’
ਇਸ ਬਲਵਾਨ ਨਾਅਰੇ ਨੂੰ ਬੁਲੰਦ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ, 1897 ਈਸਵੀ ਨੂੰ ਪਿਤਾ ਸ੍ਰੀ ਰਾਇ ਬਹਾਦਰ ਜਾਨਕੀ ਦਾਸ ਬੋਸ ਦੇ ਘਰ ਕਟਕ ਵਿਖੇ ਹੋਇਆ। ਉਸ ਵਕਤ ਆਪ ਜੀ ਦੇ ਪਿਤਾ ਸਰਕਾਰੀ ਵਕੀਲ ਸਨ ਅਤੇ ਆਪ ਜੀ ਦੇ ਮਾਤਾ ਜੀ ਬੜੀ ਸੁੱਘੜ-ਸਿਆਣੀ ਔਰਤ ਸੀ, ਜਿਸ ਦਾ ਸੁਭਾਸ਼ ਬਾਬੂ ਦੇ ਬਚਪਨ ਅਤੇ ਜਵਾਨ ਸ਼ਖ਼ਸੀਅਤ ਨੂੰ ਸੁਆਰਨ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਆਪ ਜੀ ਨੇ ਦਸਵੀਂ ਸ਼੍ਰੇਣੀ ਦਾ ਇਮਤਿਹਾਨ ਸਮੁੱਚੇ ਬੰਗਾਲ ਪ੍ਰਾਂਤ ਵਿੱਚੋਂ ਦੂਜੇ ਸਥਾਨ ’ਤੇ ਰਹਿ ਕੇ, ਪਾਸ ਕੀਤਾ। ਇਸ ਉਪਰੰਤ ਆਪ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲ ਹੋਏ। ਜੀਵਨ ਦੇ ਮੁੱਢਲੇ ਦੌਰ ਵਿੱਚ ਆਪ ਜੀ ’ਤੇ ਸ੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਅਤੇ ਸਵਾਮੀ ਵਿਵੇਕਾਨੰਦ ਜੀ ਦਾ ਵੀ ਬੜਾ ਪ੍ਰਭਾਵ ਸੀ।
ਬੀ.ਏ. ਪਾਸ ਕਰਨ ਉਪਰੰਤ ਆਪ ਨੇ ਵਲਾਇਤ ਜਾ ਕੇ ਆਈ.ਸੀ.ਐਸ. ਦਾ ਇਮਤਿਹਾਨ ਪਾਸ ਕੀਤਾ। ਇੱਥੇ ਹੀ ਪੜ੍ਹਾਈ ਦੌਰਾਨ ਰਹਿੰਦਿਆਂ ਜਦੋਂ ਆਪ ਨੇ ਆਜ਼ਾਦੀ ਦਾ ਵਾਤਾਵਰਣ ਵੇਖਿਆ ਤਾਂ ਬੜੇ ਪ੍ਰਭਾਵਿਤ ਹੋਏ ਅਤੇ ਸੋਚਣ ਲੱਗ ਪਏ ਕਿ ਜੇ ਭਾਰਤ ਵੀ ਆਜ਼ਾਦ ਹੋ ਜਾਵੇ ਤਾਂ ਭਾਰਤੀ ਲੋਕ ਵੀ ਇਸੇ ਤਰ੍ਹਾਂ ਆਜ਼ਾਦ ਜੀਵਨ ਬਸਰ ਕਰ ਸਕਦੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਮਹਾਤਮਾ ਗਾਂਧੀ ਦੁਆਰਾ ਚਲਾਈ ‘ਨਾ-ਮਿਲਵਰਤਣ ਲਹਿਰ’ ਭਾਰਤ ਵਿੱਚ ਜ਼ੋਰਾਂ ’ਤੇ ਚੱਲ ਰਹੀ ਸੀ। ਸੁਭਾਸ਼ ਚੰਦਰ ਬੋਸ ਉਪਰ ਇਸ ਲਹਿਰ ਦਾ ਵੀ ਪ੍ਰਭਾਵ ਪਿਆ ਅਤੇ ਆਪ ਜੀ ਨੇ ਆਈ.ਸੀ.ਐਸ. ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਭਾਰਤ ਦੀ ਆਜ਼ਾਦੀ ਵਾਸਤੇ ਲੜੇ ਜਾ ਰਹੇ ਘੋਲ ਵਿੱਚ ਸ੍ਰੀ ਚਿਤਰੰਜਨ ਦਾਸ ਜੀ ਦੇ ਸਾਥੀ ਬਣ ਕੇ ਸ਼ਾਮਲ ਹੋ ਗਏ।
ਆਜ਼ਾਦੀ ਪ੍ਰਾਪਤੀ ਹਿੱਤ ਆਪ ਜੀ ਹਰ ਤਰ੍ਹਾਂ ਸਰਗਰਮੀਆਂ ਵਿੱਚ ਖ਼ੂਬ ਜੂਝਣ ਲੱਗ ਪਏ। ਸਿੱਟੇ ਵਜੋਂ 1924 ਈਸਵੀ ਵਿੱਚ ਵਕਤ ਦੀ ਹਕੂਮਤ ਨੇ ਆਪ ਨੂੰ ਨਜ਼ਰਬੰਦ ਕਰਕੇ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ। ਆਪ ਜੀ ਇਸੇ ਜੇਲ੍ਹ ਵਿੱਚ ਹੀ ਸਨ ਕਿ ਆਪ ਜੀ ਨੂੰ ਲੋਕਾਂ ਨੇ ਬੰਗਾਲ ਕੌਂਸਲ ਦਾ ਮੈਂਬਰ ਚੁਣ ਲਿਆ। 1927 ਵਿੱਚ ਉਨ੍ਹਾਂ ਦੀ ਸਿਹਤ ਬਹੁਤ ਹੀ ਵਿਗੜ ਜਾਣ ਸਦਕਾ ਰਿਹਾਅ ਕਰ ਦਿੱਤਾ ਗਿਆ। ਪਰ ਉਨ੍ਹਾਂ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਸਦਾ ਜੂਝਦੇ ਰਹੇ। ਆਪ ਜੀ ਦੀ ਅਗਵਾਈ ਹੇਠ ਜਦੋਂ 26 ਜਨਵਰੀ, 1930 ਨੂੰ ਕਲਕੱਤਾ ਵਿਖੇ ਆਜ਼ਾਦੀ ਦਿਨ ਮਨਾਇਆ ਜਾ ਰਿਹਾ ਸੀ, ਤਾਂ ਅੰਗਰੇਜ਼ ਹਕੂਮਤ ਵੱਲੋਂ ਆਪ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ। ਇਸ ਸਮੇਂ ਦੌਰਾਨ ਆਪ ਜੀ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ ਅਤੇ ਇਸ ਸ਼ਰਤ ’ਤੇ ਮੁੜ ਰਿਹਾਅ ਕੀਤਾ ਗਿਆ ਕਿ ਸੁਭਾਸ਼ ਚੰਦਰ ਬੋਸ ਜੇਲ੍ਹ ’ਚੋਂ ਨਿਕਲਦੇ ਸਾਰ ਹੀ ਯੂਰਪ ਵਿੱਚ ਚਲਿਆ ਜਾਵੇ।
ਯੂਰਪ ਵਿੱਚ ਸੁਭਾਸ਼ ਚੰਦਰ ਬੋਸ ਨੇ ਫਰਾਂਸ, ਇੰਗਲੈਂਡ, ਇਟਲੀ, ਜਰਮਨੀ, ਆਇਰਲੈਂਡ ਦੀ ਯਾਤਰਾ ਕੀਤੀ। ਉੱਥੋਂ ਦੇ ਰਾਜਸੀ ਆਗੂਆਂ ਨੂੰ ਮਿਲਦਿਆਂ-ਗਿਲਦਿਆਂ ਨੇਤਾ ਜੀ ਨੇ ਵਿਸ਼ਾਲ ਰਾਜਸੀ ਤਜਰਬਾ ਹਾਸਲ ਕੀਤਾ। ਯੂਰਪ ਵਿੱਚ ਰਹਿੰਦਿਆਂ ਹੋਇਆਂ ਹੀ ਆਪ ਨੇ ਵੱਖ-ਵੱਖ ਥਾਵਾਂ ’ਤੇ ਕਈ ਲੈਕਚਰ ਦਿੱਤੇ ਜਿਨ੍ਹਾਂ ਵਿੱਚ ਬਰਤਾਨਵੀ ਸਰਕਾਰ ਦੇ ਅਤਿਆਚਾਰਾਂ ਅਤੇ ਤਸ਼ੱਦਦਾਂ ਨੂੰ ਨੰਗਿਆਂ ਕੀਤਾ ਗਿਆ ਸੀ।
1933 ਈਸਵੀ ਨੂੰ ਹਰੀਪੁਰ ਵਿੱਖੇ ਹੋਣ ਵਾਲੀ ਕਾਂਗਰਸ ਦਾ ਆਪ ਨੂੰ ਪ੍ਰਧਾਨ ਚੁਣ ਲਿਆ ਗਿਆ। ਫੇਰ 1939 ਈਸਵੀ ਵਿੱਚ ਆਪ ਨੂੰ ਦੁਬਾਰਾ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ, ਪਰ ਗਾਂਧੀ ਜੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਆਪ ਦੀ ਜ਼ਿਆਦਾ ਦੇਰ ਤਕ ਨਾ ਨਿਭ ਸਕੀ। ਸਿੱਟੇ ਵਜੋਂ ਬੋਸ ਜੀ ਨੇ ਇਸ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਕਿਉਂ ਜੋ ਆਪ ਜੀ ਸਮੂਹਿਕ ਸੱਤਿਆਗ੍ਰਹਿ ਅਤੇ ਗਰਮ ਕਾਰਵਾਈ ਕਰਨਾ ਚਾਹੁੰਦੇ ਸਨ। ਅੰਗਰੇਜ਼ ਹਕੂਮਤ ਵੱਲੋਂ ਜਦੋਂ ਆਪ ਜੀ ਉਪਰ ਸਖ਼ਤ ਪਹਿਰੇ ਲੱਗੇ ਹੋਏ ਸਨ ਤਾਂ ਆਪ 12 ਜਨਵਰੀ, 1941 ਨੂੰ, ਇਕ ਪਠਾਨ ਦੇ ਭੇਸ ਵਿੱਚ ਰਾਤੋ-ਰਾਤ ਕਲਕੱਤੇ ਤੋਂ ਪਿਸ਼ਾਵਰ ਪਹੁੰਚ ਗਏ। ਫਿਰ ਪਿਸ਼ਾਵਰ ਤੋਂ ਕਾਬਲ ਪਹੁੰਚੇ। ਜਿੱਥੇ ਜਾ ਕੇ ਇਨ੍ਹਾਂ ਨੇ ਆਪਣਾ ਨਾਂ ਜ਼ਿਆ-ਉਦ-ਦੀਨ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਹੋਰ ਸੰਘਰਸ਼ਾਂ ਨਾਲ ਜੂਝਦੇ ਹੋਏ 23 ਮਾਰਚ, 1941 ਨੂੰ ਆਪ ਬਰਲਨ ਪਹੁੰਚੇ ਅਤੇ ਹਿਟਲਰ ਨਾਲ ਜਾ ਮੁਲਾਕਾਤ ਕੀਤੀ। ਇਸ ਤੋਂ ਮਗਰੋਂ ਇਟਲੀ ਜਾ ਕੇ ਮੁਸੋਲੀਨੀ ਨਾਲ ਵੀ ਮੇਲ ਕੀਤਾ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਜਾਣ ਦਾ ਇੱਕੋ-ਇੱਕ ਉਦੇਸ਼ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਕੋਈ ਜੁਗਤ-ਜੁਗਾੜ ਸਥਾਪਤ ਕਰਨਾ ਹੀ ਸੀ।
20 ਜੂਨ, 1943 ਨੂੰ ਨੇਤਾ ਜੀ ਟੋਕੀਓ ਪਹੁੰਚੇ। ਟੋਕੀਓ ਵਿਖੇ ਉਨ੍ਹਾਂ ਨੇ ਦਿਲ ਟੁੰਬਵਾਂ ਭਾਸ਼ਨ ਦਿੱਤਾ ਅਤੇ ਸਾਰੀ ਇਕੱਤਰਤਾ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਤਨ, ਮਨ ਅਤੇ ਧਨ ਕੁਰਬਾਨ ਕਰ ਦੇਣ ਦਾ ਜਜ਼ਬਾ ਭਰ ਦਿੱਤਾ। ਇਸ ਉਪਰੰਤ ਸ੍ਰੀ ਰਾਸ ਬਿਹਾਰੀ ਬੋਸ ਨੇ ਇੰਡੀਅਨ ਇੰਡੀਪੈਂਡੈਂਸ ਲੀਗ’ ਦੀ ਪ੍ਰਧਾਨਗੀ ਸੁਭਾਸ਼ ਚੰਦਰ ਬੋਸ ਨੂੰ ਸੌਂਪ ਦਿੱਤੀ। ਬੜੀ ਲੰਮੀ-ਚੌੜੀ ਅਤੇ ਸਾਰਥਕ ਭਾਵਨਾ ਨਾਲ ਜੁਲਾਈ 1943 ਈਸਵੀ ਨੂੰ ‘ਆਜ਼ਾਦ ਹਿੰਦ ਫੌਜ’ ਦੀ ਘੋਸ਼ਣਾ ਸਰਵਜਨਕ ਰੂਪ ਵਿੱਚ ਕਰ ਦਿੱਤੀ ਗਈ ਅਤੇ ਇਸ ਦੇ ਕਾਰਜਕਾਰਨੀ ਅਧਿਕਾਰੀ ਸੁਭਾਸ਼ ਚੰਦਰ ਬੋਸ ਹੀ ਸਨ। ਇਨ੍ਹਾਂ ਹੀ ਦਿਨਾਂ ਵਿੱਚ ਆਜ਼ਾਦ ਹਿੰਦ ਫੌਜ ਦਾ ਨਾਹਰਾ ‘ਜੈ ਹਿੰਦ’ ਨਿਰਧਾਰਿਤ ਕੀਤਾ ਗਿਆ। ਮਲਾਇਆ ਅਤੇ ਬਰਮਾ ਵਿੱਚ ਵੱਸਣ ਵਾਲੇ ਹਿੰਦੋਸਤਾਨੀਆਂ ਨੇ ਨੇਤਾ ਸੁਭਾਸ਼ ਚੰਦਰ ਬੋਸ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ।
21 ਅਕਤੂਬਰ, 1943 ਦਾ ਅਜਿਹਾ ਦਿਨ ਸੀ ਜਦੋਂ ਸੁਭਾਸ਼ ਚੰਦਰ ਜੀ ਪਹਿਲੀ ਵਾਰ ਦੁਨੀਆਂ ਦੇ ਸਾਹਮਣੇ ‘ਨੇਤਾ ਜੀ’ ਦੇ ਰੂਪ ’ਚ ਆਏ ਸਨ ਅਤੇ ਆਪ ਨੇ ‘ਆਜ਼ਾਦ ਹਿੰਦ ਫੌਜ’ ਦੇ ਸਰਬ ਉੱਚ ਅਧਿਕਾਰੀ ਦੀ ਹੈਸੀਅਤ ਵਿੱਚ ‘ਆਜ਼ਾਦ ਹਿੰਦ ਫੌਜ’ ਦੀ ਆਰਜ਼ੀ ਸਰਕਾਰ ਕਾਇਮ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਆਰਜ਼ੀ ਸਰਕਾਰ ਨੂੰ ਥੋੜ੍ਹੇ ਹੀ ਸਮੇਂ ਵਿੱਚ ਜਾਪਾਨ, ਜਰਮਨੀ, ਬਰਮਾ, ਇਟਲੀ, ਫਿਲਪਾਈਨ, ਚੀਨ ਅਤੇ ਥਾਈਲੈਂਡ ਆਦਿ ਦੇਸ਼ਾਂ ਵੱਲੋਂ ਮਾਨਤਾ ਮਿਲ ਗਈ। ਜਾਪਾਨੀ ਸਰਕਾਰ ਨੇ ਤਾਂ ਅੰਡੇਮਾਨ ਅਤੇ ਨਿਕੋਬਾਰ ਦੇ ਭਾਰਤੀ ਦੀਪ ਅੰਗਰੇਜ਼ਾਂ ਤੋਂ ਮੁਕਤ ਕਰਵਾ ਕੇ ਇਸ ਫੌਜ ਨੂੰ ਦੇ ਦਿੱਤੇ ਸਨ ਅਤੇ ਇਨ੍ਹਾਂ ਦੀਪਾਂ ’ਤੇ ਭਾਰਤੀ ਝੰਡਾ ਝੂਲਣ ਲੱਗ ਪਿਆ ਸੀ।
ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਵਕਤ ਦੀ ਨਜ਼ਾਕਤ ਨੂੰ ਸਮਝ ਕੇ ਆਜ਼ਾਦ ਹਿੰਦ ਫੌਜ ਦਾ ਪੁਨਰ ਗਠਨ ਵੀ ਕੀਤਾ ਅਤੇ ਇਕ ਸ਼ਕਤੀਸ਼ਾਲੀ ਬ੍ਰਿਗੇਡ ਮੇਜਰ ਜਨਰਲ ਸ਼ਾਹ ਨਵਾਜ਼ ਖਾਂ ਦੀ ਅਗਵਾਈ ਵਿੱਚ ਜਾਪਾਨੀਆਂ ਦੇ ਸਹਿਯੋਗ ਨਾਲ ਹਿੰਦੋਸਤਾਨ ਦੀ ਸਥਾਪਤ ਹਕੂਮਤ ਵਿਰੁੱਧ ਹਮਲਾ ਕਰਨ ਲਈ ਭੇਜਿਆ ਅਤੇ ਜੁਝਾਰੂ ਸਿਪਾਹੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਦਿੱਲੀ ਦਾ ਲਾਲ ਕਿਲਾ ਦੱਸਿਆ ਗਿਆ। ਆਜ਼ਾਦ ਹਿੰਦ ਫੌਜ ਦੇ ਨਿਸ਼ਚਿਤ ਕੀਤੇ ਗਏ ਟੀਚਿਆਂ ਵੱਲ ਵਧਣ ਲਈ ਇਸ ਫੌਜੀ ਬ੍ਰਿਗੇਡ ਦੇ ਤਿੰਨ ਡਿਵੀਜ਼ਨ ਬਣਾਏ ਗਏ। ਪਹਿਲਾ ਡਿਵੀਜ਼ਨ ਕਰਨਲ ਐਮ.ਆਈ. ਕਿਆਨੀ ਦੀ ਅਗਵਾਈ ਹੇਠ ਆਸਾਮ ਵਿੱਚ ਜੰਗ ਕਰਨ ਲਈ ਭੇਜਿਆ ਗਿਆ। ਦੂਜਾ ਡਿਵੀਜ਼ਨ ਕਰਨਲ ਅਜ਼ੀਜ਼ ਅਹਿਮਦ ਖਾਨ ਦੀ ਕਮਾਂਡ ਹੇਠ ਰੰਗੂਨ ਵਿੱਚ ਸੀ ਅਤੇ ਤੀਜਾ ਕਰਨਲ ਆਰ.ਜੀ. ਨਾਗਰ ਦੀ ਸਰਪ੍ਰਸਤੀ ਹੇਠ ਸਿੰਘਾਪੁਰ ਵਿੱਚ ਸੀ।
18 ਮਾਰਚ, 1944 ਨੂੰ ਨੇਤਾ ਜੀ ਦੀ ਫੌਜ ਨੇ ‘ਟਿਡਮ’ ਨੂੰ ਜਿੱਤ ਕੇ ਭਾਰਤੀ ਬਰਮਾ ਸਰਹੱਦ ਨੂੰ ਪਾਰ ਕਰ ਲਿਆ ਸੀ ਅਤੇ ਹਿੰਦੋਸਤਾਨ ਵਿੱਚ ਦਾਖਲ ਹੋ ਚੁੱਕੀ ਸੀ। ਪਹਿਲੇ ਦੌਰ ਵਿੱਚ ਆਜ਼ਾਦ ਹਿੰਦ ਫੌਜ ਨੇ ਖੂਬ ਵਰਣਨਯੋਗ ਮੱਲ੍ਹਾਂ ਮਾਰੀਆਂ ਪਰ ਇਹ ਫੌਜ ਬਰਤਾਨਵੀ ਫੌਜਾਂ ਦੇ ਮੁਕਾਬਲੇ ਬੁਤ ਘੱਟ ਗਿਣਤੀ ਵਿੱਚ ਸੀ ਅਤੇ ਨਾ ਹੀ ਇਨ੍ਹਾਂ ਕੋਲ ਬਰਤਾਨਵੀ ਫੌਜ ਵਰਗੇ ਨਵੀਨਤਮ ਹਥਿਆਰ ਸਨ। ਇਸ ਤੋਂ ਇਲਾਵਾ ਦੁੱਖ ਦੀ ਗੱਲ ਇਹ ਵੀ ਸੀ ਕਿ ਉਸ ਸਮੇਂ ਕੁਦਰਤੀ ਬਿਮਾਰੀ ਫੈਲਣ ਨਾਲ ਆਜ਼ਾਦ ਹਿੰਦ ਫੌਜ ਦੇ ਸਿਪਾਹੀਆਂ ਨੂੰ ਅਨੇਕਾਂ ਹੋਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।
1944 ਈਸਵੀ ਵਿੱਚ ਇਟਲੀ ਵੱਲੋਂ ਹਥਿਆਰ ਸੁੱਟੇ ਜਾਣੇ ਅਤੇ ਜਪਾਨ ਦੇ ਦੋ ਵੱਡੇ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉਪਰ ਸੁੱਟੇ ਗਏ ਐਟਮ ਬੰਬਾਂ ਨੇ ਸਭਨਾਂ ਦੇ ਹੌਂਸਲੇ ਤੋੜ ਦਿੱਤੇ ਸਨ। ਇਸ ਤਰ੍ਹਾਂ ਜਾਪਾਨ ਦੀ ਹਾਰ ਸਦਕਾ ਆਜ਼ਾਦ ਹਿੰਦ ਫੌਜ ਦੀ ਤਾਕਤ ਕਮਜ਼ੋਰ ਹੋ ਗਈ। ਸਿੱਟੇ ਵਜੋਂ ਆਜ਼ਾਦ ਹਿੰਦ ਫੌਜ ਦੇ ਅਨੇਕਾਂ ਅਫਸਰਾਂ ਅਤੇ ਸਿਪਾਹੀਆਂ ’ਤੇ ਸੈਨਿਕ ਅਦਾਲਤਾਂ ਨਿਯੁਕਤ ਕਰਕੇ ਮੁਕੱਦਮੇ ਚਲਾਏ ਗਏ ਅਤੇ ਅਨੇਕਾਂ ਹੋਰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਭਾਵੇਂ ਇਹ ਪ੍ਰਾਪਤੀ ਦੀ ਥਾਵੇਂ ਅਪ੍ਰਾਪਤੀ ਹੀ ਸੀ ਪਰ ਉਪਰੋਕਤ ਸੰਘਰਸ਼ਾਂ ਦੇ ਸਿੱਟੇ ਵਜੋਂ ਹੀ ਕਲਕੱਤਾ, ਬੰਬਈ, ਦਿੱਲੀ ਅਤੇ ਕਈ ਹੋਰ ਮਹਾਂਨਗਰਾਂ ਵਿੱਚ ਮੰਤਵ ਦੀ ਪ੍ਰਾਪਤੀ ਹਿੱਤ ਅੰਦੋਲਨ ਸ਼ੁਰੂ ਹੋਏ ਜਿਨ੍ਹਾਂ ਸਦਕਾ ਬਰਤਾਨਵੀ ਸਰਕਾਰ ਦੇ ਕਬਜ਼ੇ ਵਿੱਚੋਂ ਹਿੰਦੋਸਤਾਨ ਦੀ ਵਾਗਡੋਰ ਖਿਸਕਣ ਲੱਗੀ ਅਤੇ ਭਾਰਤੀ ਬੱਚਾ-ਬੱਚਾ ਆਜ਼ਾਦੀ ਦੇ ਸੰਘਰਸ਼ ਵਿੱਚ ਜੁੱਟ ਗਿਆ।
– ਡਾ. ਜਗੀਰ ਸਿੰਘ ਨੂਰ
ਸੰਪਰਕ: 98142-09732
http://punjabitribuneonline.com
About author
You might also like
ਸੌ ਫੀਸਦੀ ਸਿੱਖਿਆ ਦੇ ਟੀਚੇ ਤੱਕ ਪਹੁੰਚਣ ਲਈ ਸਾਰਥਕ ਹੰਭਲੇ ਦੀ ਲੋੜ – ਵਿਜੈ ਗੁਪਤਾ (ਰਾਸ਼ਟਰੀ ਸਿੱਖਿਆ ਦਿਵਸ 11 ਨਵੰਬਰ ‘ਤੇ ਵਿਸ਼ੇਸ਼)
ਆਜਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਮਹੀਊਦੀਨ ਅਹਿਮਦ ਇੱਕ ਬਹੁਤ ਵੱਡੇ ਮੁਸਲਿਮ ਵਿਦਵਾਨ ਅਤੇ ਆਜ਼ਾਦੀ ਦੀ ਲਹਿਰ ਵਿੱਚ ਮਹੁੱਤਵਪੂਰਣ ਰੋਲ ਅਦਾ ਕਰਨ ਵਾਲੇ ਸਿਰਕੱਢ ਰਾਜਨੀਤਿਕ ਆਗੂ ਸਨ।
ਸਤਿਗੁਰ ਨਾਨਕ ਪ੍ਰਗਟਿਆ… (23 ਨਵੰਬਰ ਗੁਰਪੁਰਬ ਤੇ ਵਿਸ਼ੇਸ਼)
ਅੱਜ ਤੋਂ 549 ਕੁ ਸਾਲ ਪਹਿਲਾਂ ਜਦੋਂ ਭਾਰਤ ਵਰਸ਼ ਵਿੱਚ ਜਬਰ ਤੇ ਜ਼ੁਲਮ ਦੀ ਅੱਤ ਹੋ ਰਹੀ ਸੀ। ਗਰੀਬਾਂ ਤੇ ਮਜ਼ਲੂਮਾਂ ਦਾ ਜਿਉਣਾ ਦੁੱਭਰ ਹੋ ਗਿਆ ਸੀ। ਮਲਿਕ ਭਾਗੋ ਵਰਗੇ
ਅੱਜ 13 ਫਰਵਰੀ ਰੇਡੀਓ ਦਿਵਸ ਮੌਕੇ ਤੇ ਵਿਸ਼ੇਸ਼
‘ਇਹ ਆਕਾਸ਼ਵਾਣੀ ਹੈ’ ਉਦੋਂ ਸੁਣਾਈ ਦਿੰਦਾ ਹੈ ਜਦੋਂ ਅਸੀਂ ਰੇਡੀਓ ’ਤੇ ਕੋਈ ਪ੍ਰੋਗਰਾਮ ਸੁਣਨ ਲਈ ਇਸ ਨੂੰ ਚਾਲੂ ਕਰਦੇ ਹਾਂ। ਰੇਡੀਓ ਸ਼ਬਦ ਅਸਲ ’ਚ ‘ਰੇਡੀਅਸ’ ਨਾਂ ਦੇ ਲਾਤੀਨੀ ਸ਼ਬਦ ਤੋਂ