Print Friendly
ਕੋਮਾਂਤਰੀ ਮਾਂ ਬੋਲੀ ਦਿਵਸ (21 ਫਰਵਰੀ ਤੇ ਵਿਸ਼ੇਸ਼)

ਕੋਮਾਂਤਰੀ ਮਾਂ ਬੋਲੀ ਦਿਵਸ (21 ਫਰਵਰੀ ਤੇ ਵਿਸ਼ੇਸ਼)

ਮਾਤ ਭਾਸ਼ਾ ਦਾ ਜਨਮ ਮਾਂ ਦੇ ਦੁੱਧ, ਮਾਂ ਦੀ ਲੋਰੀ ਤੇ ਨਵਜੰਮੇ ਬੱਚੇ ਦੇ ਕੰਨਾਂ ਵਿਚ ਪਏ ਮਾਂ ਦੇ ਪਹਿਲੇ ਬੋਲਾਂ ਨਾਲ ਹੁੰਦਾ ਹੈ ।  ਇਹ ਮਾਂ ਦੇ ਦੁੱਧ ਵਰਗੀ ਅੰਮ੍ਰਿਤ ਅਤੇ ਮਮਤਾ ਵਰਗੀ ਮਿੱਠੀ ਹੁੰਦੀ ਹੈ ।  ਗੁੜਤੀ ਵਜੋਂ ਮਿਲਣ ਵਾਲੀ ਇਹ ਬੋਲੀ ਸਾਡੇ ਵਜੂਦ ਅਤੇ ਸਖਸ਼ੀਅਤ ਦਾ ਸਿਰਫ ਅਟੁੱਟ ਅੰਗ ਹੀ ਨਹੀਂ ਹੁੰਦੀ, ਸਗੋਂ ਸਾਡੀ ਸਮੁੱਚੀ ਹੋਂਦ ਵੀ ਇਸੇ ਉੱਪਰ ਨਿਰਭਰ ਹੁੰਦੀ ਹੈ । ਮਾਂ ਬੋਲੀ ਹੀ ਇਕ ਅਜਿਹਾ ਜ਼ਰੀਆ ਹੈ, ਜੋ ਸਭਨਾਂ ਨੂੰ ਸਾਂਝੇ ਸੂਤਰ ਵਿਚ ਪਰੋਂਦਾ ਹੈ ਤੇ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਂਦਾ ਹੈ ।  ਇਹ ਇਕ ਮਨੋਂਵਿਗਿਆਨਕ ਸੱਚਾਈ ਹੈ ਕਿ ਮਾਂ ਬੋਲੀ ਵਿਚ ਸਿੱਖਿਆ ਲੈਣ ਵਾਲਾ ਬੱਚਾ ਵੱਧ ਤੋਂ ਵੱਧ ਅਕਲ ਵਾਲਾ ਹੁੰਦਾ ਹੈ ਤੇ ਇਹ ਵੀ ਕੌੜਾ ਸੱਚ ਹੈ ਕਿ ਕੋਈ ਵਿਅਕਤੀ ਆਪਣੇ ਵਿਚਾਰ ਬੇਸ਼ੱਕ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਪ੍ਰਗਾਟਾਉਣ ਦੇ ਸਮਰੱਥ ਹੋ ਸਕਦਾ ਹੈ, ਲੇਕਿਨ ਆਪਣੇ ਦਿਲੀ ਜਜਬਾਤ, ਭਾਵਨਾਵਾਂ ਅਤੇ ਵਲਵਲਿਆਂ ਦੀ ਸਹੀ ਤਰਜ਼ਮਾਨੀ ਸਿਰਫ ਤੇ ਸਿਰਫ ਆਪਣੀ ਮਾਂ ਬੋਲੀ ਵਿਚ ਹੀ ਸਹੀ ਤਰਾਂ ਨਾਲ ਕਰ ਸਕਦਾ ਹੈ ।  ਦੂਜੇ ਸ਼ਬਦਾਂ ਵਿਚ ਦਿਲ ਦੇ ਭਾਵਾਂ ਦੀ ਸਹੀ ਤਰਜਮਾਨੀ ਕਰਨ ਦੀ ਜਾਂਚ ਸਿਰਫ ਮਾਤ ਭਾਸ਼ਾ ਦੀ ਸਮਝ ਨਾਲ ਹੀ ਆਉਂਦੀ ਹੈ ਤੇ ਇਸੇ  ਰਾਹੀਂ ਹੀ ਕੋਈ ਵਿਅਕਤੀ ਆਪਣੇ ਸਮਾਜਿਕ ਸਿਸਟਮ ਵਿਚੋਂ ਵਿਚਰਦਾ ਹੋਇਆ, ਉਸ ਨੂੰ ਚੰਗੀ ਤਰਾਂ ਸਮਝਣ ਦੇ ਸਮਰੱਥ ਹੁੰਦਾ ਹੈ ਤੇ ਪਰਵਾਨ ਚੜ੍ਹਦਾ ਹੈ ।  ਸ਼ਾਇਦ ਇਸੇ ਕਾਰਨ ਹੀ ਕਿਹਾ ਜਾਂਦਾ ਹੈ ਕਿ ਮਾਂ ਬੋਲੀ ਕਿਸੇ ਕੌਮ ਦੇ ਭਾਵੁਕ, ਬੌਧਿਕ ਅਤੇ ਸੱਭਿਆਚਾਰਕ ਪੱਖਾਂ ਦੀ ਪਹਿਚਾਣ ਦਾ ਸਹੀ ਪੈਮਾਨਾ ਹੁੰਦੀ ਹੈ ।  ਮੇਰਾ ਇਕ ਦੋਸਤ ਇਸ ਨੁਕਤੇ ਨੂੰ ਆਪਣੇ ਹੀ ਅੰਦਾਜ਼ ਵਿਚ ਬੜੇ ਵਧੀਆ ਢੰਗ ਨਾਲ ਇਸ ਤਰਾਂ ਕਹਿੰਦਾ ਹੈ ਕਿ “ਵਿਚਾਰ ਤਾਂ ਅਸੀਂ ਕਿਸੇ ਵੀ ਸਿੱਖੀ ਹੋਈ ਭਾਸ਼ਾ ਵਿਚ ਪ੍ਰਗਟਾ ਸਕਦੇ ਹਾਂ, ਪਰ ਹੱਸਣਾ ਅਤੇ ਰੋਣਾ ਸਿਰਫ ਤੇ ਸਿਰਫ ਮਾਤ ਭਾਸ਼ਾ ਵਿਚ ਹੀ ਸੰਭਵ ਹੁੰਦਾ ਹੈ ।” ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ। ਮਾਂ ਸਾਨੂੰ ਜਨਮ ਦਿੰਦੀ ਹੈ, ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ ਹੁੰਦੀ ਹੈ ਮਾ-ਬੋਲੀ, ਜੋ ਅਸੀ ਅਪਣੀ ਮਾਂ ਤੋਂ ਬੋਲਣਾ ਸਿਖਦੇ ਹਾਂ। ਮਾਂ-ਬੋਲੀ ਸਾਡੇ ਵਜੂਦ ਦਾ, ਸਾਡੀ ਸਖਸੀਅਤ ਦਾ ਇਕ ਅਟੁੱਟ ਅੰਗ ਹੁੰਦੀ ਹੈ।

ਕਿਸੇ ਵੀ ਖਿੱਤੇ ਵਿਚ ਪੈਦਾ ਹੋਣ ਵਾਲੇ ਸਾਰੇ ਲੋਕਾਂ ਦੇ ਧਰਮ, ਜ਼ਾਤ ਪਾਤ, ਰੰਗ, ਨਸਲ ਭਾਵੇਂ ਵੱਖ ਵੱਖ ਹੋਣ, ਪਰ ਉਸ ਖਿੱਤੇ ਵਿਚ ਬੋਲੀ ਜਾਣ ਵਾਲੀ ਬੋਲੀ ਜੋ ਉਨ੍ਹਾ ਦੀ ਸਾਂਝੀ ਮਾਂ- ਬੋਲੀ ਇਕ ਹੀ ਹੁੰਦੀ ਹੈ। ਉਹ ਆਪਸ ਵਿਚ ਇਕ ਦੂਸਰੇ ਨਾਲ ਗਲਬਾਤ ਇਸੇ ਬੋਲੀ ਨਾਲ ਹੀ ਕਰਦੇ ਹਨ। ਧਰਮ ਤਾਂ ਕਿਸੇ ਦਾ ਨਿੱਜੀ ਵਿਅਕਤੀਗਤ ਵਿਸ਼ਵਾਸ਼ ਹੈ, ਪਰ ਮਾਂ-ਬੋਲੀ ਤਾਂ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿਚ ਜੋੜਦੀ ਹੈ, ਉਨ੍ਹਾਂ ਦੀ ਸਾਂਝ ਬਣਦੀ ਹੈ, ਪਛਾਣ ਬਣਦੀ ਹੈ, ਉਨ੍ਹਾ ਦੀ ਕੌਮੀਅਤ ਬਣਦੀ ਹੈ। ਧਰਮ ਬਦਲਿਆ ਜਾ ਸਕਦਾ ਹੈ,ਪਰ ਮਾਂ-ਬੋਲੀ ਨਹੀਂ। ਇਕ ਮਾਂ-ਬੋਲੀ ਬੋਲਣ ਵਾਲੇ ਲੋਕ ਵੱਖ ਵੱਖ ਧਰਮਾਂ ਜਾ ਦੇਸ਼ਾ ਨਾਲ ਸਬੰਧ ਰਖ ਸਕਦੇ ਹਨ। ਜਿਵੇਂ ਕਿ ਭਾਰਤੀ ਪੰਜਾਬ ਜਿਸ ਵਿਚ ਵਧੇਰੇ ਵਸੋਂ ਹਿੰਦੂ ਤੇ ਸਿੱਖ ਹਨ, ਅਤੇ ਪਾਕਿਸਤਾਨੀ ਪੰਜਾਬ ਵਿਚ ਬਹੁ-ਵਸੋਂ ਮੁਸਲਮਾਨ ਹਨ, ਪਰ ਦੋਨਾਂ ਦੇ ਵਸਨੀਕਾਂ ਦੀ ਮਾਂ-ਬੋਲੀ ਪੰਜਾਬੀ ਹੈ।

ਕਿਸੇ ਵੀ ਦੁੱਖ ਤਕਲੀਫ ਜਾਂ ਖੁਸ਼ੀ ਸਬੰਧੀ ਹਾਵ ਭਾਵ ਅਸੀਂ ਆਚੇਤਨ ਰੂਪ ਵਿਚ ਹੀ ਆਪਣੀ ਮਾਤ ਭਾਸ਼ਾ ਵਿਚ ਪ੍ਰਗਟਾਉਂਦੇ ਹਾਂ ।  ਇਹੀ ਕਾਰਨ ਹੈ ਕਿ ਮਾਤ ਭਾਸ਼ਾ ਨੂੰ ਕਿਸੇ ਸਮਾਜ ਵਿਚਲੇ ਸੱਭਿਆਚਾਰ ਰੂਪੀ ਦਰਖਤ ਦੀ ਜੜ੍ਹ ਕਿਹਾ ਜਾਂਦਾ ਹੈ ਅਤੇ ਸੱਭਿਆਚਾਰ ਰੂਪੀ ਰੁੱਖ ਤੋਂ ਜੋ ਫਲ ਅਤੇ ਫੁੱਲ ਪੈਦਾ ਹੁੰਦੇ ਹਨ, ਉਸ ਨੂੰ ਸਾਹਿਤ ਕਿਹਾ ਜਾਂਦਾ ਹੈ ।  ਸੋ ਮਾਤ ਭਾਸ਼ਾ ਕਿਸੇ ਸੱਭਿਆਚਾਰ ਦੀ ਸ਼ਾਹ ਰਗ ਹੁੰਦੀ ਹੈ, ਜੋ ਕਿਸੇ ਸੱਭਿਆਚਾਰ ਨੂੰ ਜਿਊਂਦਾ ਅਤੇ ਵਿਕਸਤ ਰੱਖਣ ਵਾਸਤੇ ਅਤੀ ਜਰੂਰੀ ਹੁੰਦੀ ਹੈ ।  ਪੰਜਾਬੀ ਵਿਆਹ ਨੂੰ ਅੰਗਰੇਜੀ ਭਾਸ਼ਾ ਦੇ ਮੈਰਿਜ (Marriage) ਸ਼ਬਦ ਦਾ ਆਮ ਤੌਰ ਤੇ ਸਮਾਨਾਰਥੀ ਮੰਨਿਆਂ ਜਾਂਦਾ ਹੈ, ਜਦ ਕਿ ਹਕੀਕਤ ਵਿਚ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਪੰਜਾਬੀ ਵਿਆਹ ਵਿਚ ਜੋ ਰਸਮੋ ਰਿਵਾਜ਼ ਅਤੇ ਉਹਨਾਂ ਦੇ ਮਾਅਨੇ ਸ਼ਾਮਿਲ ਹਨ, ਉਹ ਅੰਗੇਰੇਜ਼ੀ ਮੈਰਿਜ ਵਿਚ ਬਿਲਕੁਲ ਵੀ ਨਹੀਂ ਹਨ ।  ਇਸੇ ਤਰਾਂ ਅਸਮਾਨੀ ਪੀਂਘ ਦੇ ਪੰਜਾਬੀ ਸੱਭਆਚਾਰ ਵਿਚ ਸੱਤ ਰੰਗ ਮੰਨੇ ਜਾਂਦੇ ਹਨ, ਜਦ ਕਿ ਕਿਸੇ ਹੋਰ ਸੱਭਿਆਚਾਰ ਵਿਚ ਇਹ ਤਿੰਨ, ਚਾਰ ਅਤੇ ਪੰਜ ਵੀ ਮੰਨੇ ਜਾਂਦੇ ਹੋਣਗੇ ।  ਇਸੇ ਤਰਾਂ ਅੰਗਰੇਜ਼ੀ ਦੇ Yellow ਨੂੰ ਪੰਜਾਬੀ ਵਿਚ ਪੀਲਾ, ਨੌਰੰਗੀ, ਸੰਤਰੀ, ਭਗਵਾਂ, ਬਸੰਤੀ ਅਤੇ ਸਰੋਂ ਫੁੱਲਾ ਆਦਿ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ।

ਪੰਜਾਬੀ ਦੇ ਚਾਚਾ, ਤਾਇਆ, ਮਾਮਾ, ਮਾਸੜ, ਫੁੱਫੜ ਆਦਿ ਰਿਸ਼ਤਿਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਇਕ ਸ਼ਬਦ ਸਿਰਫ ਅੰਕਲ ਵਿਚ ਹੀ ਜਜ਼ਬ ਕਰਕੇ ਸਾਰ ਲਿਆ ਜਾਂਦਾ ਹੈ, ਜਿਸ ਨਾਲ ਪੰਜਾਬੀ ਸੱਭਿਆਚਾਰ ਵਿਚ ਪ੍ਰਚੱਲਿਤ ਰਿਸ਼ਤਾ ਨਾਤਾ ਪ੍ਰਣਾਲੀ ਵਿਚ ਅਸਪੱਸ਼ਤਾ ਪੈਦਾ ਹੁੰਦੀ ਹੈ ਅਤੇ ਇਹਨਾਂ ਰਿਸ਼ਤਿਆਂ ਦੇ ਅਸਲੀ ਅਰਥ ਹੀ ਗੁਆਚ ਜਾਂਦੇ ਹਨ ।  ਇਸ ਤਰਾਂ ਦੀਆਂ ਹੋਰ ਵੀ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਹਨਾਂ ਦਾ ਭਾਵ ਇਹੀ ਹੈ ਕਿ ਮਾਤ ਭਾਸ਼ਾ ਹੀ ਕਿਸੇ ਸੱਭਿਆਚਾਰ ਨੂੰ ਸਹੀ ਤਰਾਂ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੈ ਤੇ ਕਿਸੇ ਦੂਜੇ ਸੱਭਿਆਚਾਰ ਵਿਚਲੇ ਵਰਤਾਰੇ ਦਾ ਸਹੀ ਪ੍ਰਗਟਾਵਾ ਕਰਨ ਦੀ ਸਮਰੱਥਾ ਕਿਸੇ ਵੀ ਦੂਸਰੀ ਭਾਸ਼ਾ ਵਿਚ ਨਹੀਂ ਹੁੰਦੀ ।  ਇਹੀ ਕਾਰਨ ਹੈ ਕਿ ਵਿਦਵਾਨ ਮੰਨਦੇ ਹਨ ਕਿ ਦੁਨੀਆਂ ਦੀ ਕਿਸੇ ਵੀ ਭਾਸ਼ਾ ਦਾ ਹੂ ਬ ਹੂ ਤਰਜ਼ਮਾ (True Translation) ਸੰਭਵ ਹੀ ਨਹੀਂ ਹੈ ਕਿਉਂਕਿ ਤਰਜ਼ਮਾ ਸ਼ਬਦਾਂ ਦੇ ਬਾਹਰੀ ਅਰਥਾਂ ਦਾ ਨਹੀਂ, ਬਲਕਿ ਉਹਨਾਂ ਦੇ ਨਾਲ ਜੁੜੇ ਗੂੜ੍ਹੇ ਸੱਭਿਆਚਾਰਕ ਅਰਥਾਂ ਦਾ ਕਰਨਾ ਹੁੰਦਾ ਹੈ, ਜੋ ਕਿ ਇਕ ਬਹੁਤ ਹੀ ਕਠਿਨ ਅਤੇ ਜ਼ੌਖਮ ਭਰਿਆ ਕਾਰਜ਼ ਹੁੰਦਾ ਹੈ ।

ਅਸੀਂ ਜਾਣਦੇ ਹਾਂ ਕਿ ਸੱਭਿਆਚਾਰ ਕਿਸੇ ਕੌਮ ਦਾ ਜੀਵਨ ਢੰਗ ਹੁੰਦਾ ਹੈ ਤੇ ਮਾਤ ਭਾਸ਼ਾ ਸੱਭਿਆਚਾਰ ਨੂੰ ਜਿਊਂਦਾ ਰੱਖਣ ਵਾਸਤੇ ਆਕਸੀਜਨ ਦਾ ਰੋਲ ਅਦਾ ਕਰਦੀ ਹੈ ।  ਕਿਸੇ ਸੱਭਿਆਚਾਰ ਵਿਸ਼ੇਸ ਦਾ ਸਮੁੱਚਾ ਤਾਣਾ ਪੇਟਾ ਉਸ ਅੰਦਰ ਜੀਵਨ ਜੀਊ ਰਹੇ ਲੋਕਾਂ ਦੀ ਮਾਤ ਭਾਸ਼ਾ ਵਿਚ ਹੀ ਸਮੇਟਿਆ ਹੁੰਦਾ ਹੈ ।  ਦਰਅਸਲ ਮਾਤ ਭਾਸ਼ਾ, ਸੱਭਿਆਚਾਰਕ ਖਜ਼ਾਨੇ ਨੂੰ ਸਾਂਭ ਕੇ ਰੱਖਣ ਦਾ ਇਕੋ ਇਕ ਹੀ ਕਾਰਗਰ ਜ਼ਰੀਆ ਹੁੰਦੀ ਹੈ ਤੇ ਇਸੇ ਦੁਆਰਾ ਹੀ ਕਿਸੇ ਸੱਭਿਆਚਾਰ ਵਿਸ਼ੇਸ ਨੂੰ ਪੂਰੀ ਤਰਾਂ ਸਮਝਿਆ ਅਤੇ ਪੇਸ਼ ਕੀਤਾ ਜਾ ਸਕਦਾ ਹੈ ।

ਮਾਂ-ਬੋਲੀ ਦੀ ਇਸ ਮਹਤੱਤਾ ਕਾਰਨ ਹੀ ਯੁਨੈਸਕੋ  ਦੇ ਇਕ ਮਹੱਤਵਪੂਰਨ ਫੈਸਲੇ ਨਾਲ ਦੁਨੀਆ ਭਰ ਵਿਚ ਹਰ ਸਾਲ 21 ਫਰਵਰੀ ਨੂੰ ਅੰਤਰ-ਰਾਸ਼ਟ੍ਰੀ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸਾਡੇ ਇਕ ਗਵਾਂਢੀ ਮੁਲਕ ਬੰਗਲਾ ਦੇਸ਼ ਦੀ ਦੇਣ ਹੈ। ਬੰਗਾਲੀਆਂ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਨਾਲ ਅਥਾਹ ਪਿਆਰ ਹੈ, ਅਪਣੇ ਧਰਮ ਨਾਲੋਂ ਵੀ ਵੱਧ, ਉਹ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਆਪਣੀ ਸਖ਼ਸ਼ੀਅਤ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਲੋਕਾਂ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਨਾਲ ਇਤਨਾ ਪਿਆਰ ਹੈ ਕਿ ਆਪਣੇ ਕਿ ਮਸਜਿਦਾਂ ਤੋਂ ਬਿਨਾਂ ਕਿਤੇ ਵੀ ਉਰਦੂ ਦਾ ਇਕ ਲਫਜ਼ ਲਿਖਿਆ ਹੋਇਆ ਨਹੀਂ ਦੇਖਿਆ। ਸਾਰੇ ਬੋਰਡਬੈਨਰ, ਆਦਿ ਬੰਗਾਲੀ ਭਾਸ਼ਾ ਵਿਚ ਹੀ ਹਨ। ਆਮ ਦੁਕਾਨਾਂ ਬੰਗਲਾ ਦੇ ਸਾਹਿਤ ਨਾਲ ਭਰੀਆਂ ਹਨ। ਵਧੇਰੇ ਅਖ਼ਬਾਰ ਤੇ ਮੈਗਜ਼ੀਨ ਬੰਗਾਲੀ ਵਿਚ ਹੀ ਛਪਦੇ ਹਨ। ਆਮ ਲੋਕ ਬੰਗਾਲੀ ਭਾਸ਼ਾ ਵਿਚ ਹੀ ਗੱਲਬਾਤ ਕਰਦੇ ਹਨ। ਅੰਗਰੇਜ਼ੀ ਦੂਜੀ ਭਾਸ਼ਾ ਵਜੋਂ ਵਰਤੀ ਜਾਂਦੀ ਹੈ, ਪੜ੍ਹੇ ਲਿਖੇ ਲੋਕ ਅੰਗਰੇਜ਼ੀ ਵਿਚ ਗਲਬਾਤ ਕਰ ਲੈਂਦੇ ਹਨ।

ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹਿੰਦੁਸਤਾਨ ਦੀ ਵੰਡ ਹੋਈ। ਪਾਕਿਸਤਾਨ ਨਾਂਅ ਦਾ ਇਕ ਨਵਾਂ ਇਸਲਾਮੀ ਦੇਸ਼ ਹੋਂਦ ਵਿਚ ਆ ਗਿਆ। ਇਸ ਦੇ ਦੋ ਵੱਖ ਵੱਖ ਇਲਾਕੇ ਸਨ। ਪੂਰਬੀ ਬੰਗਾਲ ਦੀ ਮੁਸਲਿਮ ਬਹੁ-ਵਸੋਂ ਵਾਲਾ ਪੂਰਬੀ ਪਾਕਿਸਤਾਨ ਕਹਾਇਆ ਅਤੇ ਦੂਸਰਾ ਪੰਜਾਬ, ਸਿੰਧ, ਬਲੋਚਿਸਤਾਨ ਤੇ ਸਰਹੱਦੀ ਸੂਬੇ ਵਾਲਾ ਪੱਛਮੀ ਪਾਕਿਸਤਾਨ। ਪਾਕਿਸਤਾਨ ਦੇ ਰਾਜਭਾਗ ਤੇ ਸਾਰੀ ਤਾਕਤ ਇਸ ਪੱਛਮੀ ਪਾਕਿਸਤਾਨ ਵਾਲਿਆਂ ਦੇ ਹੱਥ ਆਈ । ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸਾ ਤੇ ਵਿਦਿਆ ਦਾ ਮਾਧਿਆਮ ਬਣਾਇਆ ਗਿਆ। ਪੱਛਮੀ ਪਾਕਿਸਤਾਨ ਵਾਲੇ ਪੂਰਬੀ ਪਾਕਿਸਤਾਨ ਵਾਲੇ ਇਲਾਕੇ ਵਿਚ ਵੀ ਉਰਦੂ ਤੇ ਫਾਰਸੀ ਲਾਗੂ ਕਰਨਾ ਚਾਹੁੰਦੇ ਸਨ, ਜਿਸ ਦਾ ਇਨ੍ਹਾਂ ਬੰਗਲਾ ਜਾ ਬੰਗਾਲੀ ਭਾਸ਼ਾ ਬੋਲਣ ਵਾਲਿਆ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਸ ਧੱਕੇਸ਼ਾਹੀ ਵਿਰੁਧ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ।

ਮਾਂ-ਬੋਲੀ ਦੇ ਸਨਮਾਨ ਲਈ ਵਿੱਢੇ ਇਸ ਸੰਘੱਰਸ ਨੂੰ ਦਬਾਉਣ ਲਈ ਸਰਕਾਰ ਵਲੋਂ ਬੜੀ ਸਖ਼ਤੀ ਵਰਤੀ ਗਈ, ਜ਼ੁਲਮ ਤਸੱਦਦ ਕੀਤਾ ਗਿਆ, ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ। ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ਵਲੋਂ ਢਾਕਾ ਵਿਖੇ 21 ਫਰਵਰੀ 1952 ਨੂੰ ਗੋਲੀ ਚਲਾਈ ਗਈ, ਜਿਸ ਵਿਚ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਸਲਾਮ, ਬਰਕਤ, ਰਫ਼ੀਕ ਤੇ ਜਬਾਰ ਸਮੇਤ ਅਨੇਕਾਂ ਲੋਕ “ਸ਼ਹੀਦ” ਹੋ ਗਏ। ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਦਾ ਇਹ ਦਿਨ ਬੰਗਲਾ ਦੇਸ਼ (ਉਸ ਸਮੇਂ ਪੁਰਬੀ ਬੰਗਾਲ) ਦੇ ਇਤਿਹਾਸ ਵਿਚ ਇਕ “ਟਰਨਿੰਗ ਪੁਆਇੰਟ” (ਮੋੜ ਦੇਣ ਵਾਲਾ ਦਿਨ) ਸਾਬਤ ਹੋਇਆ ਕਿਓਂ ਜੋ ਇਸ ਦਿਨ ਹੀ ਬੰਗਲਾ ਦੇਸ਼ ਰਾਸ਼ਟਰ ਦੀ ਨੀਂਹ ਰਖੀ ਗਈ। ਭਾਵੇਂ ਕੁਝ ਸਮੇਂ ਲਈ ਇਹ ਅੰਦੋਲਨ ਦਬਾ ਦਿੱਤਾ ਗਿਆ, ਪਰ ਉਨ੍ਹਾਂ ਨੂੰ ਹਮੇਸ਼ਾ ਨਾ ਦਬਾਇਆ ਜਾ ਸਕਿਆ, 1950-ਵਿਆਂ ਤੇ 1960-ਵਿਆ ਵਿਚ ਕਿਸੇ ਨਾ ਕਿਸੇ ਰੋਸ ਮੁਜ਼ਾਹਰੇ ਦੇ ਰੂਪ ਵਿਚ ਉਭਰਦਾ ਰਿਹਾ ਅਤੇ ਸਮੇਂ ਦੀ ਤੋਰ ਨਾਲ ਇਕ ਲਹਿਰ ਬਣ ਗਈ। ਆਪਣੀ ਭਾਸ਼ਾ ਤੇ ਸਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ ਸ਼ੇਖ ਮੁਜੀਬ ਰਹਿਮਾਨ ਦੀ ਅਗਵਾਈ ਹੇਠ 1971 ਵਿਚ ਆਜ਼ਾਦੀ ਦੀ ਲੜਾਈ ਦੇ ਰੂਪ ਵਿਚ ਭਾਂਬੜ ਬਣ ਕੇ ਉਠੀ ਅਤੇ ਉਨ੍ਹਾਂ ਆਪਣੀ ਸੋਨਾਰ ਬੰਗਲਾ ਵਜੋਂ ਜਾਣੀ ਜਾਂਦੀ ਇਹ ਸਰਸਬਜ਼ ਧਰਤੀ ਪਾਕਿਸਤਾਨ ਤੋਂ ਆਜ਼ਾਦ ਕਰਵਾ ਲਈ। ਹਿੰਦੁਸਤਾਨ ਨੇ ਆਜ਼ਾਦੀ ਦੀ ਇਸ ਲੜਾਈ ਵਿਚ ਡੱਟ ਕੇ ਸੈਨਿਕ ਸਹਿਯੋਗ ਦਿੱਤਾ ਤੇ ਪਾਕਿਸਾਤਨੀਆਂ ਤੋਂ ਨਿਜਾਤ ਦਿਲਵਾਉਣ ਤੇ ਮਹੱਤਵਪੂਰਨ ਰੋਲ ਅਦਾ ਕੀਤਾ। ਲਗਪਗ 93 ਹਜ਼ਾਰ ਪਾਕਿਸਤਨੀ ਫ਼ੌਜੀਆਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕੀਤਾ। ਢਾਕਾ ਵਿਖੇ ਇਸ ਦ੍ਰਿਸ਼ ਵਾਲਾ ਇਕ ਮਿਊਰਲ ਵੀ ਲਗਾ ਹੈ, ਜਿਸ ਵਿਚ ਜਨਰਲ ਨਿਆਜ਼ੀ ਜਨਰਲ ੳਰੋੜਾ ਅਗੇ ਆਮ-ਸਪਰਪਣ ਵਾਲੇ ਦਸਤਾਵੇਜ਼ ਉਤੇ ਦਸਖਤ ਕਰ ਰਹੇ ਹਨ, ਹੇਠਾ ਬੰਗਲਾ ਵਿਚ ਲਿਖਿਆਂ ਹੈ, “ਅਸੀਂ ਆਪਣੀ ਆਜ਼ਾਦੀ ਆਪ ਲਈ ਹੈ।”

ਢਾਕਾ ਵਿਖੇ ਇਨ੍ਹਾਂ ਸ਼ਹੀਦਾਂ ਦਾ ਇਕ ਸ਼ਾਨਦਾਰ ਯਾਦਗਾਰ “ਸ਼ਹੀਦ ਮਿਨਾਰ” ਬਣੀ ਹੋਈ ਹੈ। ਹਰ ਸਾਲ 21 ਫਰਵਰੀ ਨੂੰ ਦੇਸ਼ ਦੇ ਰਾਸ਼ਟ੍ਰਪਤੀ ਤੇ ਪ੍ਰਧਾਨ ਮੰਤਰੀ ਸਮੁਚੇ ਬੰਗਲਾ ਦੇਸ਼ ਰਾਸ਼ਟਰ ਵਲੋਂ ਇਨ੍ਹਾ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਜਲੀ ਅਰਪਨ ਕਰਦੇ ਹਨ। ਆਮ ਲੋਕ ਅਕਸਰ ਇਥੇ ਆਉਂਦੇ ਰਹਿੰਦੇ ਹਨ।

ਯੂਨੈਸਕੋ ਵਲੋਂ ਦਿਤੇ ਪ੍ਰੋਗਰਾਮ ਅਨੁਸਾਰ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਵਿਚ ਹਰ ਸਾਲ 21 ਫਰਵਰੀ ਨੂੰ “ਅੰਤਰ-ਰਾਸ਼ਟਰੀ ਮਾਂ-ਬੋਲੀ” ਦਿਵਸ ਮਨਾਇਆ ਜਾਂਦਾ ਹੈ। ਇਸ ਸਬੰਧੀ ਮਤਾ ਸਭ ਤੋਂ ਪਹਿਲਾਂ ਕੈਨੇਡਾ ਸਥਿਤ ਮਲਟੀਲਿੰਗੂਅਲ ਗਰੁਪਵਲੋਂ ਸਥਾਪਤ “ਮਦਰ-ਲੈਂਗੂਏਜ ਲਵਰਜ਼” ਨੇ ਯੁਨੈਸਕੋ ਨੂੰ ਵਿਸ਼ਵ ਪੱਧਰ ‘ਤੇ ਮਾਂ-ਬੋਲੀ ਦਿਵਸ ਮਨਾਉਣ ਲਈ ਭੇਜਿਆ ਗਿਆ, ਪਰ ਯੁਨੈਸਕੋ ਵਲੋਂ ਸਲਾਹ ਦਿਤੀ ਗਈ ਕਿ ਕਿਸੇ ਮੈਂਬਰ ਦੇਸ਼ ਵਲੋਂ ਇਹ ਮਤਾ ਰਖਿਆ ਜਾਏ। ਇਸ ਉਤੇ ਬੰਗਲਾ ਦੇਸ਼ ਸਰਕਾਰ ਨਾਲ ਸੰਪਰਕ ਕੀਤਾ ਅਤੇ ਬੰਗਲਾ ਦੇਸ ਨੇ 28 ਹੋਰ ਦੇਸ਼ਾਂ ਦੀ ਹਿਮਾਇਤ ਨਾਲ ਇਹ ਮਤਾ ਪੇਸ਼ ਕੀਤਾ ਜੋ ਯੂਨੈਸਕੋ ਦੀ ਜਨਰਲ ਕੌਂਸਲ ਨੇ ਆਪਣੀ 17 ਨਵੰਬਰ 1999 ਦੀ ਇਕੱਤ੍ਰਤਾ ਵਿਚ ਸਰਬ-ਸੰਮਤੀ ਨਾਲ ਪਾਸ ਕਰ ਦਿਤਾ ਅਤੇ ਹਰ ਸਾਲ ਦੁਨੀਆਂ ਭਰ ਵਿਚ ਮਾਂ-ਬੋਲੀ ਦਿਵਸ ਮਨਾਇਆ ਜਾਣ ਲਗਾ ਹੈ।

ਦੁਨੀਆਂ ਵਿਚ ਮਾਂ ਬੋਲੀ ਦੀ ਸਹੀ ਮਹੱਤਤਾ ਸਮਝਦਿਆਂ ਇਸ ਦੀ ਬੇਹਤਰੀ ਵਾਸਤੇ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ ।  ਏਸ਼ੀਆ ਵਿਚ ਜੇਕਰ ਕਿਸੇ ਨੇ ਆਪਣੀ ਮਾਂ ਬੋਲੀ ਦੇ ਮਹੱਤਵ ਨੂੰ ਸਮਝਿਆ ਹੈ ਤਾਂ ਉਹ ਹਨ ਬੰਗਲਾ ਦੇਸ਼ੀ, ਜਿਹਨਾਂ ਨੇ ਆਪਣੀ ਮਾਂ ਬੋਲੀ ਬੰਗਲਾ ਦੀ ਹੋਂਦ ਬਚਾਉਣ ਵਾਸਤੇ ਪੱਛਮੀਂ ਪਾਕਿਸਤਾਨ ਵਲੋਂ ਪਾਏ ਜਾ ਰਹੇ ਅਰਬੀ ਫਾਰਸੀ ਦੇ ਗਲਬੇ ਦੇ ਵਿਰੋਧ ਵਿਚ ਲੰਮਾ ਸੰਘਰਸ਼ ਕਰਨ ਤੋਂ ਬਾਅਦ ਪਾਕਿਸਤਾਨ ਨਾਲੋਂ ਅਲੱਗ ਹੋ ਕੇ 1971 ਵਿਚ ਇਕ ਵੱਖਰਾ ਸੁਤੰਤਰ ਖਿਤਾ ਪਰਾਪਤ ਕੀਤਾ ਜਿਸ ਦਾ ਨਾਮ ਆਪਣੀ ਮਾਂ ਬੋਲੀ ਦੇ ਨਾਮ ਨੂੰਤੇ ਬੰਗਲਾ ਦੇਸ਼ ਰੱਖਿਆ ਤੇ ਆਪਣੀ ਬੋਲੀ ਦੀ ਖੁਰਦੀ ਜਾ ਰਹੀ ਹੋਂਦ ਨੂੰ ਬਚਾਇਆ । ਇਥੇ ਹੀ ਬੱਸ ਨਹੀਂ ਇਹ ਬੰਗਲਾ ਦੇਸ਼ੀਆਂ ਦੇ ਸੰਘਰਸ਼ ਦਾ ਹੀ ਸਿੱਟਾ ਹੈ ਕਿ ਹਰ ਸਾਲ 21 ਫਰਵਰੀ ਨੂੰ ਯੂ ਐਨ ਓ ਵਲੋਂ ਕੌਮਾਂਤਰੀ ਪੱਧਰ ਉੱਤੇ 2009 ਤੋਂ ਲਗਾਤਾਰ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ । ਬੰਗਲਾਦੇਸ਼ੀ ਆਪਣੀ ਮਾਂ ਬੋਲੀ ਨਾ ਕਿਨਾ ਸੁਨੇਹ ਕਰਦੇ ਹਨ ਇਸ ਦਾ ਪ੍ਰਮਾਣ ਇਹ ਹੈ ਕਿ ਅੱਜ ਵੀ ਬੰਗਲਾਦੇਸ਼ ਨੂੰਚ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਉਥੋਂ ਦੇ ਲੋਕ ਦੁਨੀਆਂ ਦੀ ਕਿਸੇ ਵੀ ਹੋਰ ਬੋਲੀ ਤੋਂ ਪਹਿਲਾਂ ਆਪਣੀ ਮਾਂ ਬੋਲੀ ਵਿਚ ਗੱਲ ਕਰਨ ਨੂੰ ਤਰਜੀਹ ਦੇਂਦੇ ਹਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਨੇਮ ਬੋਰਡ ਬੰਗਲਾ ਵਿਚ ਹਨ, ਸੜਕਾਂ ਉੱਤੇ ਮੀਲ ਪੱਥਰ ਅਤੇ ਦਿਸ਼ਾ ਨਿਰਦੇਸ ਮਾਂ ਬੋਲੀ ਵਿਚ ਹਨ, ਦੁਕਾਨਾਂ ਅਤੇ ਘਰਾਂ ਦੇ ਨੇਮ ਪਲੇਟ ਬੰਗਲਾ ਵਿਚ ਹਨ । ਬੰਗਲਾ ਭਾਸ਼ਾ ਨੂੰ ਵਿਕਸਤ ਕਰਨ ਵਾਸਤੇ ਸਰਕਾਰਾਂ ਵਲੋਂ ਵੱਡੇ ਵੱਡੇ ਵਿਦਅਕ ਅਦਾਰਿਆਂ ਦੀ ਸਹਾਇਤਾ ਨਾਲ ਨਿਤ ਨਵੇਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ ।

ਇਸੇ ਤਰਾਂ ਭਾਰਤ ਵਿਚ ਮਾਤਭਾਸ਼ਾ ਦਾ ਮਹੱਤਵ ਤਾਮਿਲ ਅਤੇ ਕੇਰਲਾ ਦੇ ਲੋਕ ਜਾਣਦੇ ਹਨ ਜੋ ਆਪਣੀ ਮਾਂ ਬੋਲੀ ਨਾਲ ਜ਼ਨੂੰਨ ਦੀ ਹੱਦ ਤੱਕ ਪਰੇਮ ਕਰਦੇ ਹਨ ।  ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ  ਪੰਜਾਬੀਆਂ ਨੂੰ ਅਜੇ ਤੱਕ ਆਪਣੀ ਮਾਂ ਬੋਲੀ ਦੇ ਮਹੱਤਵ ਦੀ ਸਮਝ ਨਹੀਂ ਆਈ ।  ਇਹੀ ਕਾਰਨ ਹੈ ਕਿ ਵਾਰ ਵਾਰ ਹੋਕਾ ਦੇਣਾ ਪੈ ਰਿਹਾ ਹੈ ਕਿ ਮਾਤ ਭਾਸ਼ਾ ਸਿੱਖੋ, ਬੋਲੋ, ਪੜ੍ਹੋ ਅਤੇ ਲਿਖੋ, ਜੋ ਕਿ ਸਾਡੇ ਸਭਨਾਂ ਵਾਸਤੇ ਬਹੁਤ ਹੀ ਸ਼ਰਮ ਅਤੇ ਨਾਮੋਸ਼ੀ ਵਾਲੀ ਗੱਲ ਹੈ ।  ਅੱਜ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਰੋਜ਼ੇ ਚੱਲ ਰਹੇ ਹਨ ।  ਚੰਡੀਗੜ੍ਹ ਜੋ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ ਸੀ, ਉਸ ਵਿਚ ਪੰਜਾਬੀ ਭਾਸ਼ਾ ਦਾ ਲਗਭਗ ਭੋਗ ਹੀ ਪੈਣ ਵਾਲਾ ਹੈ ਤੇ ਏਹੀ ਹਾਲ ਪੂਰੇ ਪੰਜਾਬ ਵਿਚ ਚੱਲ ਰਿਹਾ ਹੈ । ਅਸੀਂ ਪੰਜਾਬੀ ਇਹ ਜਾਣਦੇ ਹੋਏ ਵੀ ਕਿ ਮਾਂ ਬੋਲੀ ਤੋਂ ਬਿਨਾਂ ਨਾ ਹੀ ਅਸੀਂ ਆਪਣੇ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀਆਂ ਸਿਖਿਆਵਾਂ ਨਾ ਹੀ ਆਪ ਅਤੇ ਨਾ ਹੀ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਮਝਾ ਸਕਦੇ ਹਾਂ ਤਦ ਵੀ ਬੇਪ੍ਰਵਾਹ ਅਤੇ ਗੈਰ ਜਿੰਮੇਵਾਰ ਹੋ ਕੇ ਬੈਠੇ ਹਾਂ । ਆਪਣੇ ਵਿਰਸੇ ਨੂੰ ਜਿੰਦਾ ਰੱਖਣ ਵਾਸਤੇ ਅਗਲੀਆਂ ਪੀੜ੍ਹੀਆਂ ਵਿਚ ਨੈਕਿਤ ਕਦਰਾਂ ਕੀਮਤਾਂ ਬਣਾਈ ਰੱਖਣ ਵਾਸਤੇ ਮਾਂ ਬੋਲੀ ਦੀ ਸਮਝ ਹੋਣਾ ਬਹੁਤ ਜਰੂਰੀ ਹੈ, ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਜੋ ਅਜਕਲ੍ਹ ਪੱਛਮ ਵਿਚ ਹੋ ਰਿਹਾ ਹੈ, ਉਹੀ ਕੁੱਝ ਸਾਡੇ ਸੱਭਿਆਚਾਰ ਵਿਚ ਵੀ ਹੋਣਾ ਸ਼ੁਰੂ ਹੋ ਜਾਵੇਗਾ, ਜਿਸ ਦੇ ਅਸਾਰ ਬਹੁਤ ਹੀ ਸਾਫ ਅਤੇ ਸਪੱਸ਼ਟ ਤੌਰ ‘ਤੇ ਨਜ਼ਰ ਆ ਰਹੇ ਹਨ । ਬੇਸ਼ੱਕ ਅਸੀਂ ਮਾਂ ਬੋਲੀ ਦੀ ਸਾਂਭ ਸੰਭਾਲ ਪੱਖੋਂ ਹੁਣ ਕਾਫੀ ਵੇਲਾ ਵਿਹਾ ਲਿਆ ਹੈ, ਪਰੰਤੂ ਅਜੇ ਵੀ ਸਥਿਤੀ ਅਜਿਹੀ ਨਹੀਂ ਬਣੀ ਕਿ ਕੋਈ ਤੋੜ ਬਾਕੀ ਨਾ ਰਹਿ ਗਿਆ ਹੋਵੇ , ਡੁੱਲ੍ਹੇ ਹੋਏ ਬੇਰ ਇਕੱਠੇ ਕੀਤੇ ਜਾ ਸਕਦੇ ਹਨ, ਹਾਲਾਤਾਂ ਨੂੰ ਮੋੜਾ ਦਿੱਤਾ ਜਾ ਸਕਦਾ ਹੈ, ਬੱਸ ਲੋੜ ਹੈ ਤਾਂ ਸਿਰਫ ਨੇਕ ਨੀਅਤ ਦੀ । ਸੋ ਆਓ, ਉਠੀਏ, ਜਾਗੀਏ ਤੇ ਹੋਰ ਦੇਰੀ ਨਾ ਕਰਦੇ ਹੋਏ, ਮਾਂ ਬੋਲੀ ਦੇ ਸੁਨਿਹਰੇ ਭਵਿੱਖ ਵਾਸਤੇ ਹੰਭਲਾ ਮਾਰੀਏ ।

ਸੰਖੇਪ ਵਿਚ ਕਹਿ ਸਕਦੇ ਹਾਂ ਕਿ ਮਾਂ ਬੋਲੀ ਦਾ ਕਿਸੇ ਵਿਅਕਤੀ ਦੇ ਜੀਵਨ ਵਿਚ ਬਹੁਤ ਮਹੱਤਵਪ੍ਹੂਰਨ ਸਥਾਨ ਹੁੰਦਾ ਹੈ ।  ਇਹ ਮਾਤ ਬੋਲੀ ਹੀ ਹੁੰਦੀ ਹੈ, ਜੋ ਕਿਸੇ ਵਿਅਕਤੀ ਦੀ ਦੀ ਸਖਸ਼ੀਅਤ ਉਸਾਰਦੀ, ਨਿਖਾਰਦੀ ਅਤੇ ਪ੍ਰਵਾਨ ਚੜਾਉਂਦੀ ਹੈ ।  ਇਸ ਦਾ ਕੋਈ ਵੀ ਦੂਸਰਾ ਬਦਲ ਨਹੀਂ ਹੁੰਦਾ ।  ਬੇਸ਼ੱਕ ਕਿਸੇ ਵਿਅਕਤੀ ਦੇ ਵਿਚਾਰਾਂ ਦੀ ਪਰਪੱਕਤਾ ਵਿਚ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਵੀ ਉੱਘਾ ਯੋਗਦਾਨ ਪਾ ਸਕਦਾ ਹੈ ।  ਪਰੰਤੂ ਇਥੇ ਵੀ ਹੋਰਨਾਂ ਭਾਸ਼ਾਵਾਂ ਦਾ ਰੋਲ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਬੰਧਿਤ ਵਿਅਕਤੀ ਦਾ ਆਪਣੀ ਮਾਂ ਬੋਲੀ ਨਾਲ ਕਿੰਨਾ ਕੁ ਡੂੰਘਾ ਸਬੰਧ ਹੈ ਜਾਂ ਫਿਰ ਉਸ ਦੀ ਆਪਣੀ ਮਾਤ ਭਾਸ਼ਾ ਉਤੇ ਪਕੜ ਕਿੰਨੀ ਕੁ ਮਜਬੂਤ ਹੈ ।  ਮਾਤ ਭਾਸ਼ਾ ਤਾਂ ਕਿਸੇ ਕੌਮ ਦੀ ਰਗ ਰਗ ਵਿਚ ਸਮੋਈ ਹੁੰਦੀ ਹੈ ।  ਇਸ ਦਾ ਮਨੁੱਖ ਦੀ ਸਖਸ਼ੀਅਤ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੁੰਦਾ ਹੈ, ਜਿਸ ਨੂੰ ਕਦੇ ਵੀ ਨਿਖੇੜਕੇ ਨਹੀਂ ਦੇਖਿਆ ਜਾ ਸਕਦਾ ।  ਇਸੇ ਕਰਕੇ ਮਾਤ ਭਾਸ਼ਾ ਤੋਂ ਮੁਨਕਰ ਹੋਣ ਦਾ ਭਾਵ ਨਿਸਚੇ ਹੀ ਆਪਣੀ ਹੋਂਦ ਨੂੰ ਖਤਮ ਕਰਨਾ ਹੁੰਦਾ ਹੈ ।  ਜਿਸ ਕੌਮ ਦੀ ਮਾਤ ਭਾਸ਼ਾ ਖਤਮ ਸਮਝੋ ਉਹ ਕੌਮ ਵੀ ਖਤਮ ।  ਮੇਰੀ ਇਸੇ ਧਾਰਨਾ ਦੀ ਪ੍ਹੁਸ਼ਟੀ ਕਰਦਿਆਂ ਇਕ ਪਾਕਿਸਤਾਨੀ ਸ਼ਾਇਰ ਆਪਣੇ ਹੀ ਅੰਦਾਜ਼ ਵਿਚ ਬਿਆਨ ਕਰਦਿਆਂ ਹੋਇਆ ਆਖਦਾ ਹੈ ਕਿ “ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ ।”

ਸਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਦੇਸ਼ ਦੀ ਅਜ਼ਾਦੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੁਆਰਾ ਪਾਇਆ ਯੋਗਦਾਨ ਨੌਜਵਾਨਾਂ ਲਈ ਰਾਹ ਦਸੇਰਾ – 16 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼

ਕੁਝ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਨ ਜਿੰਨ੍ਹਾਂ ਵਿੱਚ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਨਾਲ ਹੀ ਜਨਮ ਲੈਂਦੀ ਹੈ । ਉਹ ਲੋਕ


Print Friendly
Great Men0 Comments

ਮਹਾਰਾਜਾ ਅਗਰਸੈਨ ਨੇ ਦਿੱਤਾ ਅਨੋਖੇ ਤਰੀਕੇ ਨਾਲ ਜਨਤਾ ਨੂੰ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼- ਵਿਜੈ ਗੁਪਤਾ (ਅਗਰਸੈਨ ਜਯੰਤੀ 10 ਅਕਤੂਬਰ ਤੇ ਵਿਸ਼ੇਸ਼)

ਦੁਨੀਆਂ ਦੇ ਇਤਿਹਾਸ ਜਾਂ ਮਿਥਿਹਾਸ ਵੱਲ ਨਜ਼ਰ ਮਾਰਨ ‘ਤੇ ਪਤਾ ਲਗਦਾ ਹੈ ਕਿ ਸਾਡੀ ਇਹ ਦੁਨਿਆਵੀ ਧਰਤੀ ਕਈ ਕਈ ਇਤਿਹਾਸਕ , ਮਿਥਿਹਾਸਕ ਤੇ ਹੋਰ ਦੰਦ-ਕਥਾਵਾਂ ਨਾਲ ਭਰਪੂਰ ਹੈ ਏਥੇ ਇਸ


Print Friendly
Great Men0 Comments

ਮਾਸਟਰ ਤਾਰਾ ਸਿੰਘ (ਜਨਮ ਦਿਨ ਤੇ ਵਿਸ਼ੇਸ਼)

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ


Print Friendly