Print Friendly
ਆਜ਼ਾਦੀ ਦਾ ਸੱਚਾ ਆਸ਼ਕ – ਆਜ਼ਾਦ (27 ਫਰਵਰੀ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਆਜ਼ਾਦੀ ਦਾ ਸੱਚਾ ਆਸ਼ਕ – ਆਜ਼ਾਦ (27 ਫਰਵਰੀ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਅਹਿਮ ਯੋਗਦਾਨ ਪਾਉਣ ਵਾਲੇ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਸ਼ਹੀਦੀ ਦਿਹਾੜਾ ਹੈ। ਆਜ਼ਾਦ ਉਹ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪ੍ਰਸ਼ਾਦ ਬਿਸਮਿਲ ਅਤੇ ਹੋਰ ਪ੍ਰਮੁੱਖ ਪਾਰਟੀ ਆਗੂਆਂ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਹੇਠ ਪੁਨਰਗਠਿਤ ਕੀਤਾ ਸੀ। ਸਿਆਸੀ ਜੀਵਨ ਸੰਘਰਸ਼ ‘ਚ ਆਪਣੇ ਤਜ਼ਰਬਿਆਂ ਤੋਂ ਸਿੱਖਦੇ ਹੋਏ ਉਹ ਇਨਕਲਾਬੀ ਪਾਰਟੀ ਦੇ ਆਗੂ ਬਣੇ ਜਿਸ ਦਾ ਟੀਚਾ ਭਾਰਤ ‘ਚ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਾ ਸੀ।
ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਹੱਦ ਦਰਜੇ ਦੀ ਗਰੀਬੀ, ਅਗਿਆਨਤਾ, ਅੰਧਵਿਸ਼ਵਾਸ਼ ਅਤੇ ਧਾਰਮਿਕ ਕੱਟੜਤਾ ‘ਚ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਦੇ ਘਰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਭਾਵਰਾ ਪਿੰਡ ਵਿਖੇ ਹੋਇਆ। ਉਨ੍ਹਾਂ ਦਾ ਵਡੇਰੇ ਕਾਨਪੁਰ ਦੇ ਨੇੜੇ ਪਿੰਡ ਬਦਰਕਾ ਜ਼ਿਲ੍ਹਾ ਉਂਨਾਵ ਦੇ ਰਹਿਣ ਵਾਲੇ ਸਨ। ਉਹ ਪੰਡਤ ਸੀਤਾ ਰਾਮ ਦੇ ਪੰਜਾਂ ਪੁੱਤਰਾਂ ‘ਚੋਂ ਛੋਟੀ ਸੰਤਾਨ ਸਨ। ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਪੜ੍ਹਨ-ਲਿਖਣ ਵਿਚ ਘੱਟ ਅਤੇ ਤੀਰ-ਕਮਾਨ ਜਾਂ ਬੰਦੂਕ ਚਲਾਉਣ ਵਿਚ ਵਧੇਰੇ ਸੀ। ਘਰਦਿਆਂ ਨੇ ਉਨ੍ਹਾਂ ਨੂੰ ਸਕੂਲੇ ਪੜ੍ਹਨੇ ਪਾਇਆ ਪਰ ਉਨ੍ਹਾਂ ਦੀਆਂ ਰੁਚੀਆਂ ਤੇ ਆਦਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਾਂ-ਪਿਓ ਨੇ ਆਜ਼ਾਦ ਨੂੰ ਕਿਸੇ ਕੰਮ-ਕਾਰ ਲਾਉਣ ਦੀ ਸੋਚੀ ਅਤੇ ਸਕੂਲੋਂ ਉਨ੍ਹਾਂ ਦਾ ਨਾਂ ਕਟਵਾ ਦਿੱਤਾ। ਸ਼ੁਰੂ ਵਿਚ ਉਨ੍ਹਾਂ ਨੂੰ ਤਹਿਸੀਲ ਵਿਚ ਨੌਕਰੀ ਮਿਲ ਗਈ। ਪਰ ਆਜ਼ਾਦ ਬਿਰਤੀ ਵਾਲਾ ਚੰਦਰ ਸ਼ੇਖਰ ਇਨ੍ਹਾਂ ਬੰਦਸ਼ਾਂ ਵਿਚ ਰਹਿਣ ਵਾਲਾ ਨਹੀਂ ਸੀ। ਉਹ ਨੌਕਰੀ ਛੱਡ ਬੰਬਈ ਚਲਾ ਗਿਆ। ਉਥੇ ਉਨ੍ਹਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ। ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਉਨ੍ਹਾਂ ਨੂੰ ਰਾਸ ਨਾ ਆਈ। ਬੇਚੈਨੀ ਦੀ ਇਸ ਅਵਸਥਾ ‘ਚ ਉਨ੍ਹਾਂ ਬੰਬਈ ਛੱਡ ਦਿੱਤੀ। ਉਹ ਬਨਾਰਸ ਚਲੇ ਗਏ। ਉਥੇ ਇਕ ਮਦਦਗਾਰ ਦੀ ਮਦਦ ਨਾਲ ਸੰਸਕ੍ਰਿਤ ਸਕੂਲ ‘ਚ ਮੁੜ ਪੜ੍ਹਨੇ ਪੈ ਗਏ। ਉਨੀਂ ਦਿਨੀਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਅੰਦੋਲਨ ਸ਼ੁਰੂ ਹੋ ਗਿਆ ਸੀ। ਚੰਦਰ ਸ਼ੇਖਰ ਦੇ ਕੋਮਲ ਤੇ ਕੋਰੇ ਮਨ ‘ਤੇ ਵੀ ਇਸ ਅੰਦੋਲਨ ਦਾ ਅਸਰ ਪਿਆ। ਉਹ ਇਸ ਵਿਚ ਸ਼ਾਮਲ ਹੋ ਗਏ। 14-15 ਸਾਲ ਦੀ ਉਮਰ ਦੇ ਦੌਰਾਨ ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਬਾਲ ਆਜ਼ਾਦ ਅੰਦੋਲਨ ਲਈ ਚੱਲ ਪਏ। ਉਸ ਨੇ ਨਿਸ਼ਾਨਾ ਲਗਾ ਕੇ ਪੁਲੀਸ ਅਧਿਕਾਰੀ ਉੱਤੇ ਪੱਥਰ ਮਾਰਿਆ ਜਿਸ ਕਾਰਨ ਉਸ ਦਾ ਸਿਰ ’ਤੇ ਸੱਟ ਲੱਗੀ। ਬਾਲ ਆਜ਼ਾਦ ਉੱਥੋਂ ਗਾਇਬ ਹੋ ਗਿਆ। ਸੰਸਕ੍ਰਿਤ ਕਾਲਜ ਬਨਾਰਸ ਧਰਨੇ ਮੌਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ 1921 ਦੀ ਹੈ। ਉਨ੍ਹਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ। ਅਦਾਲਤ ਵਿਚ ਪੇਸ਼ੀ ਮੌਕੇ ਜੋ ਸਵਾਲ ਮੈਜਿਸਟਰੇਟ ਨੇ ਉਨ੍ਹਾਂ ਨੂੰ ਪੁੱਛੇ ਉਹ ਖਾਸ ਜ਼ਿਕਰਯੋਗ ਹਨ: ”ਤੇਰਾ ਨਾਂ ਕੀ ਹੈ?” ”ਆਜ਼ਾਦ।” ”ਪਿਉ ਦਾ ਨਾਂ?” ”ਆਜ਼ਾਦੀ।” ”ਘਰ?” ”ਜੇਲ੍ਹ।” ਇਨ੍ਹਾਂ ਜਵਾਬਾਂ ਤੋਂ ਚਿੜ੍ਹ ਕੇ ਮੈਜਿਸਟਰੇਟ ਨੇ ਉਨ੍ਹਾਂ ਨੂੰ 15 ਬੈਂਤਾਂ ਦੀ ਸਜ਼ਾ ਦਿੱਤੀ। ਉਦੋਂ ਤੋਂ ਇਹ ਬਾਲ ਚੰਦਰ ਸ਼ੇਖਰ ਆਜ਼ਾਦ ਦੇ ਨਾਂ ਨਾਲ ਮਸ਼ਹੂਰ ਹੋ ਗਿਆ।
ਅਸਹਿਯੋਗ ਅੰਦੋਲਨ ਦੇ ਬੰਦ ਹੋਣ ਤੋਂ ਬਾਅਦ ਆਜ਼ਾਦ ਕ੍ਰਾਂਤੀਵਾਦੀ ਗਤੀਵਿਧੀਆਂ ਨਾਲ ਜੁੜ ਕੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣੇ। ਇਸ ਸੰਸਥਾ ਵੱਲੋਂ ਉਨ੍ਹਾਂ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਵਿੱਚ 9 ਅਗਸਤ 1925 ਨੂੰ ਕਾਕੋਰੀ ਕਾਂਡ ਵਿੱਚ ਭਾਗ ਲਿਆ ਪਰ ਪੁਲੀਸ ਦੇ ਹੱਥ ਨਾ ਆਏ। ਇਸ ਤੋਂ ਬਾਅਦ ਸੰਨ 1927 ਵਿੱਚ ਬਿਸਮਿਲ ਅਤੇ ਉਸ ਦੇ ਚਾਰ ਸਾਥੀਆਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੇ ਉੱਤਰ ਭਾਰਤ ਦੇ ਸਾਰੇ ਕ੍ਰਾਂਤੀਕਾਰੀ ਸੰਗਠਨਾਂ ਨੂੰ ਮਿਲਾ ਕੇ ਇੱਕ ਕਰਦਿਆਂ ਹੋਇਆਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਭਗਤ ਸਿੰਘ ਦੇ ਨਾਲ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ। ਆਪ ਦਿੱਲੀ ਪਹੁੰਚ ਕੇ ਅਸੈਂਬਲੀ ਬੰਬ ਕਾਂਡ ਦੇ ਵੀ ਸਾਥੀ ਬਣੇ।
ਆਜ਼ਾਦ ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਖ਼ੁਦ ਵੀ ਕਰਦੇ ਸਨ ਅਤੇ ਆਪਣੇ ਸਾਥੀਆਂ ਤੋਂ ਵੀ ਕਰਵਾਉਂਦੇ ਸਨ। ਇੱਕ ਵਾਰ ਜੰਗਲ ਵਿੱਚ ਸਾਧੂ ਵੇਸ਼ ਵਿੱਚ ਬੈਠੇ ਆਜ਼ਾਦ ਕੋਲ ਪੁਲੀਸ ਪਹੁੰਚ ਗਈ। ਪੁਲੀਸ ਨੇ ਸਾਧੂ ਵੇਸ਼ ਧਾਰੀ ਬੈਠੇ ਆਜ਼ਾਦ ਨੂੰ ਪੁੱਛਿਆ- ‘‘ਬਾਬਾ, ਤੁਸੀਂ ਆਜ਼ਾਦ ਨੂੰ ਵੇਖਿਆ?’’ ਸਾਧੂ ਵੇਸ਼ ਧਾਰੀ ਬੈਠੇ ਆਜ਼ਾਦ ਬੋਲੇ, ‘‘ ਆਜ਼ਾਦ ਨੂੰ ਕੀ ਵੇਖਣਾ, ਅਸੀਂ ਤਾਂ ਹਮੇਸ਼ਾ ਆਜ਼ਾਦ ਰਹਿੰਦੇ ਹਾਂ, ਅਸੀਂ ਵੀ ਆਜ਼ਾਦ ਹਾਂ।’’ ਪੁਲੀਸ ਕੁਝ ਵੀ ਨਹੀਂ ਸਮਝ ਸਕੀ ਅਤੇ ਹੱਥ ਜੋੜ ਕੇ ਵਾਪਸ ਆ ਗਈ।
ਆਜ਼ਾਦ ਨੇ ਬਹਾਦਰੀ ਦੀ ਨਵੀਂ ਪਰਿਭਾਸ਼ਾ ਲਿਖੀ। ਉਨ੍ਹਾਂ ਆਪਣਾ ਆਜ਼ਾਦ ਰਹਿਣ ਦਾ ਸੰਕਲਪ ਪੂਰਾ ਕੀਤਾ। 27 ਫਰਵਰੀ 1931 ਨੂੰ ਇਲਾਹਾਬਾਦ ਦੇ ਏਲਫਰੇਡ ਪਾਰਕ ਵਿੱਚ ਪੁਲੀਸ ਨੇ ਆਜ਼ਾਦ ਨੂੰ ਘੇਰ ਲਿਆ। ਆਜ਼ਾਦ ਨੇ ਪੁਲੀਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਜਦੋਂ ਰਿਵਾਲਵਰ ਵਿੱਚ ਆਖ਼ਰੀ ਗੋਲੀ ਰਹਿ ਗਈ ਤਾਂ ਆਪ ਨੇ ਸ਼ਹੀਦੀ ਦਾ ਜਾਮ ਪੀ ਲਿਆ। ਪਰ ਗਦਰੀ ਬਾਬਿਆਂ ਤੇ ਸ਼ਹੀਦਾਂ ਦੀਆਂ ਜੀਵਨੀਆਂ ‘ਤੇ ਖੋਜ ਕਰਨ ਅਤੇ ਪ੍ਰਾਪਤ ਦਸਤਾਵੇਜ਼ਾਂ ਨੂੰ ਪੜਤਾਲਣ ਵਾਲੇ 83 ਸਾਲਾ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਆਪਣੀ ਕਿਤਾਬ ‘ਜੀਵਨੀ ਸ਼ਹੀਦ ਚੰਦਰ ਸ਼ੇਖਰ ਆਜ਼ਾਦ’ ਵਿੱਚ ‘ਆਜ਼ਾਦ ਦੇ ਜੀਵਨ ਦਾ ਅੰਤਲਾ ਪੜਾਅ’ ਵਿੱਚ ਉਪਰੋਕਤ ਧਾਰਨਾਂ ਨੂੰ ਤੋੜ ਦਿੱਤਾ ਹੈ। ਉਹ ਆਪਣੀ ਇਸ ਲਿਖਤ ਵਿੱਚ ਦਾਅਵਾ ਕਰਦੇ ਹਨ ਕਿ ਚੰਦਰ ਸ਼ੇਖਰ ਆਜ਼ਾਦ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਨਹੀਂ ਸੀ ਕੀਤੀ, ਸਗੋਂ ਉਹ 27 ਫਰਵਰੀ 1931 ਨੂੰ ਪੁਲਸ ਦੀਆਂ ਗੋਲੀਆਂ ਨਾਲ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਨੇ ਆਪਣੀ ਇਸ ਗੱਲ ਸਿੱਧ ਕਰਨ ਲਈ ਪੰਡਤ ਜਵਾਹਰ ਲਾਲ ਨਹਿਰੂ ਦੀ ਆਤਮ ਕਥਾ ‘ਚੰਦਰ ਸ਼ੇਖਰ ਦੇ ਸਾਥੀ ਸੁਖਦੇਵ ਰਾਜ ਦੀ ਆਖਰੀ ਦਿਨ’ ਅਤੇ ਉਨ੍ਹਾਂ ਨਾਲ ਮੁਲਾਕਾਤ ਤੇ ਪੇਸ਼ ਕੀਤੀ ਗਈ ਸਰਕਾਰੀ ਰਿਪੋਰਟ ਨੂੰ ਆਧਾਰ ਬਣਾਇਆ ਗਿਆ ਹੈ। ਗੱਲ ਭਾਵੇਂ ਕੁੱਝ ਵੀ ਹੋਵੇ, ਚੰਦਰ ਸ਼ੇਖਰ ਆਜ਼ਾਦ ਵਿਦੇਸ਼ੀ ਸਮਰਾਜਵਾਦ ਦੀ ਲੁੱਟ, ਮਨੁੱਖਤਾ ਦੀ ਬਾਰਬਰੀ ਅਤੇ ਜਮਾਤ ਰਹਿਤ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ । ਚੰਦਰ ਸ਼ੇਖਰ ਆਜ਼ਾਦ ਜ਼ਬਰ–ਜ਼ੁਲਮ ਅਤੇ ਅਨਿਆਂ ਵਿਰੁਧ ਦਲੇਰੀ ਨਾਲ ਲੜਨ ਵਾਲੇ ਨੌਜਵਾਨਾਂ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ। ਆਜ਼ਾਦੀ ਦੇ ਸੱਚੇ ਆਸ਼ਕ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।

– ਵਿਜੈ ਗੁਪਤਾ, ਸ. ਸ. ਅਧਿਆਪਕ
977 990 3800
ਸ੍ਰੋ਼ਤ – ਇੰਟਰਨੈਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਮਹਾਨ ਸਿੱਖ ਆਗੂ – ਮਾਸਟਰ ਤਾਰਾ ਸਿੰਘ (24 ਜੂਨ ਜਨਮ ਦਿਨ ਤੇ ਵਿਸ਼ੇਸ਼)

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ


Print Friendly
Important Days0 Comments

ਸੁਤੰਤਰਤਾ ਸੰਗਰਾਮ ਦਾ ਯੋਧਾ ਮਦਨ ਲਾਲ ਢੀਂਗਰਾ (17 ਅਗਸਤ ਸ਼ਹੀਦੀ ਦਿਵਸ ਤੇ ਵਿਸ਼ੇਸ਼)

ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਹਜ਼ਾਰਾਂ ਲੋਕਾਂ ਨੇ ਆਪਣਾ ਖੂਨ ਡੋਲ੍ਹਿਆ ਤੇ ਲੱਖਾਂ ਨੇ ਆਪਣੇ ਹੰਝੂਆਂ ਨਾਲ ਜ਼ਰਖੇਜ਼ ਭੂਮੀ ਨੂੰ ਸਿੰਜਿਆ। ਆਜ਼ਾਦੀ ਦੀ ਲੜਾਈ ਵਿਚ ਹਜ਼ਾਰਾਂ ਉਹ ਲੋਕ ਵੀ ਸ਼ਾਮਲ


Print Friendly
Important Days0 Comments

ਇਕ ਅੱਖ਼ਰ ਚ ਸਮੁੰਦਰ ਦਾ ਨਾਂਅ ਹੈ-ਮਾਂ (ਅੱਜ ਮਾਂ ਦਿਵਸ ਤੇ ਵਿਸ਼ੇਸ਼)

ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ ‘ਚ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਬਹੁਤ ਸਾਰੇ ਦੇਸ਼ਾਂ


Print Friendly