Print Friendly
ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਨਿਕ ਅਤੇ ਆਰਥਿਕ ਨੁਕਸਾਨ ਬਾਰੇ ਸੁਚੇਤ ਕਰਨਾ ਸਮੇਂ ਦੀ ਲੋੜ – ਵਿਜੈ ਗੁਪਤਾ

ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਨਿਕ ਅਤੇ ਆਰਥਿਕ ਨੁਕਸਾਨ ਬਾਰੇ ਸੁਚੇਤ ਕਰਨਾ ਸਮੇਂ ਦੀ ਲੋੜ – ਵਿਜੈ ਗੁਪਤਾ

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ ਇਹ ਦਿਵਸ ਮਨਾਇਆ ਜਾਣ ਲੱਗਾ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ‘ਚ ਜਾਗਰੂਕਤਾ ਲਿਆ ਕੇ ਤੰਬਾਕੂ ਦੀ ਹਰ ਤਰ੍ਹਾਂ ਦੀ ਖਪਤ ਨੂੰ ਘਟਾਉਣਾ ਅਤੇ ਰੋਕਣਾ ਹੈ। ਵਿਸ਼ਵ ‘ਚ ਹਰ ਸਾਲ ਤੰਬਾਕੂਨੋਸ਼ੀ ਨਾਲ ਮਰਨ ਵਾਲੇ ਵਿਅਕਤੀਆਂ ਦੀ ਸੰਖਿਆ 70 ਲੱਖ ਤੋਂ ਵੀ ਜ਼ਿਆਦਾ ਹੈ ਜਿਸ ਵਿੱਚ 60 ਲੱਖ ਦੇ ਕਰੀਬ ਲੋਕਾਂ ਦੀ ਮੌਤ ਤੰਬਾਕੂ ਦੇ ਸਿੱਧੇ ਸੇਵਨ ਕਰਨ ਨਾਲ ਹੁੰਦੀ ਹੈ। ਇਨ੍ਹਾਂ ‘ਚ 10 ਲੱਖ ਲੋਕ ਅਜਿਹੇ ਹਨ, ਜਿਹੜੇ ਆਪ ਤੰਬਾਕੂ ਦਾ ਸੇਵਨ ਨਹੀਂ ਕਰਦੇ ਪਰ ਉਹ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਸੰਪਰਕ ‘ਚ ਆਉਣ ਕਰਕੇ ਲੱਗਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਸੰਸਾਰ ‘ਚ 100 ਕਰੋੜ 30 ਲੱਖ ਤੋਂ ਜਿਆਦਾ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਵਿੱਚੋਂ 80% ਦੇ ਕਰੀਬ ਲੋਕ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਵਸਨੀਕ ਹਨ ਜਿੱਥੇ ਤੰਬਾਕੂ ਸੰਬੰਧੀ ਬਿਮਾਰੀਆਂ ਅਤੇ ਮੌਤ ਦਾ ਖਤਰੇ ਦਾ ਭਾਰ ਬਹੁਤ ਜ਼ਿਆਦਾ ਹੈ। ਤੰਬਾਕੂ ਸੇਵਨ ਕਰਨ ਵਾਲੇ ਜਿਹੜੇ ਇਨਸਾਨ ਅਲ੍ਹੜ ਉਮਰੇ ਹੀ ਅਕਾਲ ਚਲਾਣਾ ਕਰ ਜਾਂਦੇ ਹਨ, ਪਿੱਛੇ ਆਪਣੇ ਪਰਿਵਾਰ ਲਈ ਢੇਰ ਸਾਰੀਆਂ ਮੁਸੀਬਤਾਂ ਦਾ ਪਹਾੜ ਛੱਡ ਜਾਂਦੇ ਹਨ। ਸਾਲ 2020 ਤੱਕ 20 ਤੋਂ 25 ਪ੍ਰਤੀਸ਼ਤ ਤੱਕ ਤੰਬਾਕੂ ਦੀ ਵਰਤੋਂ ਘੱਟ ਕਰਕੇ ਅਸੀਂ ਲਗਭਗ 10 ਕਰੋੜ ਲੋਕਾਂ ਨੂੰ ਮੌਤ ਤੋਂ ਬਚਾ ਸਕਦੇ ਹਾਂ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਤੰਬਾਕੂਨੋਸ਼ੀ ਦੇ ਵਿਰੁੱਧ ਲਾਮਬੰਦ ਹੋ ਕੇ ਇਕ ਵੱਡੀ ਲਹਿਰ ਖੜੀ ਕਰੀਏ ਅਤੇ ਰੇਡਿਓ ਤੇ ਟੈਲੀਵਿਜ਼ਨ ‘ਤੇ ਤੰਬਾਕੂ ਦੀ ਹੁੰਦੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਕੇ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰੀਏ। ਭਾਵੇਂ ਸਰਕਾਰ ਵਲੋਂ ਸਰਵਜਨਕ ਸਥਾਨਾਂ ‘ਤੇ ਤੰਬਾਕੂ ਦੀ ਵਰਤੋਂ ਦੀ ਮਨਾਹੀ ਕੀਤੀ ਹੋਈ ਹੈ ਪਰ ਫਿਰ ਵੀ ਇਹ ਅਜੇ ਤੱਕ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀ ਹੈ, ਅਸੀਂ ਵੀ ਆਪਣਾ ਨੈਤਿਕ ਫਰਜ਼ ਸਮਝ ਕੇ ਅਜਿਹੇ ਵਿਅਕਤੀਆਂ ਨੂੰ ਸਰਵਜਨਕ ਥਾਂਵਾਂ ਤੇ ਅਜਿਹਾ ਕਰਨ ਤੋਂ ਰੋਕੀਏ। ਸਾਡੇ ਦੇਸ਼ ‘ਚ ਭਾਵੇਂ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਲਈ ਤੰਬਾਕੂ ਵੇਚਣ ਵਿਰੋਧੀ ਕਾਨੂੰਨ ਬਣਿਆ ਹੋਇਆ ਹੈ ਪਰ ਲੋੜ ਹੈ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ।

ਜੇਕਰ ਇਸ ਮਹਾਮਾਰੀ ਨੂੰ ਨਾ ਰੋਕਿਆ ਗਿਆ ਤਾਂ ਸਾਲ 2030 ਤੱਕ ਹਰ ਸਾਲ ਤੰਬਾਕੂਨੋਸ਼ੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 80 ਲੱਖ ਤੱਕ ਪਹੁੰਚ ਜਾਵੇਗੀ। ਇਨ੍ਹਾਂ ‘ਚ 80 ਫੀਸਦੀ ਮਰਨ ਵਾਲੇ ਲੋਕ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹੋਣਗੇ।
ਵਿਸ਼ਵ ਸਿਹਤ ਸੰਗਠਨ ਵਲੋਂ ਸਾਲ 2017 ਵਿੱਚ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਉਣ ਲਈ ‘ਤੰਬਾਕੂ – ਵਿਕਾਸ ਲਈ ਖਤਰਾ” ਦਾ ਨਾਅਰਾ ਦਿੱਤਾ ਹੈ। ਸੰਗਠਨ ਦਾ ਮੰਨਣਾ ਹੈ ਕਿ ਹਰ ਰੋਜ਼ ਵਾਤਾਵਰਣ ਵਿੱਚ 10 ਕਰੋੜ ਦੇ ਲਗਭੱਗ ਸਿਗਰਟ ਫੂਕੀ ਜਾਂਦੀ ਹੈ। 20 ਕਰੋੜ 60 ਲੱਖ ਦੇ ਕਰੀਬ ਤੰਬਾਕੂ ਸੇਵਨ ਕਰਨ ਵਾਲੇ ਲੋਕ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਹਨ। ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਘਰੇਲੂ ਆਮਦਨ ਦਾ 10% ਤੰਬਾਕੂ ਉਤਪਾਦਾਂ ਤੇ ਖਰਚ ਕੀਤਾ ਜਾਂਦਾ ਹੈ, ਮਤਲਬ ਸਾਫ ਹੈ ਕਿ ਭੋਜਨ, ਸਿੱਖਿਆ ਅਤੇ ਸਿਹਤ ਵਾਸਤੇ ਘੱਟ ਨਿਵੇਸ਼। ਤੰਬਾਕੂ ਦੇ ਖੇਤਰ ਵਿੱਚ 60 ਤੋਂ 70% ਔਰਤਾਂ ਕੰਮ ਕਰਦੀਆਂ ਹਨ। 10 ਤੋਂ 14% ਬੱਚੇ ਤੰਬਾਕੂ ਖੇਤਰ ਵਿੱਚ ਕੰਮ ਕਰਨ ਸਦਕਾ ਸਕੂਲ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ।

ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਉਣ ਦਾ ਮੁੱਖ ਨਿਸ਼ਾਨਾ ਸਿਰਫ ਵਰਤਮਾਨ ਅਤੇ ਆਉਣ ਵਾਲੀ ਪੀੜੀ ਨੂੰ ਤੰਬਾਕੂਨੋਸ਼ੀ ਦੇ ਸਰੀਰ ‘ਤੇ ਪੈਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਸੁਚੇਤ ਕਰਨਾ ਹੀ ਨਹੀਂ ਸਗੋਂ ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਨਿਕ ਅਤੇ ਆਰਥਿਕ ਨੁਕਸਾਨ ਬਾਰੇ ਵੀ ਸੁਚੇਤ ਕਰਨਾ ਹੈ। ਤੰਬਾਕੂ ਦੀ ਵਰਤੋਂ ਕਰਨ ਨਾਲ ਦਿਲ ਦੀ ਧੜਕਨ ਅਤੇ ਲਹੂ ਦੇ ਦਬਾਅ ‘ਚ ਵਾਧਾ ਹੁੰਦਾ ਹੈ, ਜਿਸ ਨਾਲ ਕੁਝ ਸਮੇਂ ਲਈ ਸਰੀਰ ਦੀ ਸਮਰੱਥਾ ਤਾਂ ਵਧ ਜਾਂਦੀ ਹੈ ਪਰ ਇਸ ਦੀ ਵਰਤੋਂ ਕਾਰਨ ਸਰੀਰ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਵਿਸ਼ਵ ‘ਚ ਤੰਬਾਕੂ ਦੀ ਵਰਤੋਂ ਰਾਹੀਂ ਹਰ 6 ਸੈਕਿੰਡ ਬਾਅਦ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇਕ ਅਧਿਐਨ ਮੁਤਾਬਕ ਸੰਸਾਰ ‘ਚ ਮਰਨ ਵਾਲੇ 10 ਬਾਲਗ ਵਿਅਕਤੀਆਂ ‘ਚ ਮਰਨ ਵਾਲਾ 1 ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ ‘ਚ ਤੰਬਾਕੂਨੋਸ਼ੀ ਦਾ ਸ਼ਿਕਾਰ ਹੁੰਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ‘ਚੋਂ ਲਗਭਗ 50 ਫੀਸਦੀ ਵਿਅਕਤੀ ਤੰਬਾਕੂ ਰਾਹੀਂ ਹੁੰਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਕਈ ਦੇਸ਼ਾਂ ‘ਚ ਗਰੀਬ ਘਰਾਂ ਦੇ ਬੱਚੇ ਮਾੜੀ ਆਰਥਿਕ ਹਾਲਤ ਕਾਰਨ ਪਰਿਵਾਰ ਦੇ ਗੁਜ਼ਾਰੇ ਲਈ ਤੰਬਾਕੂ ਬਣਾਉਣ ਵਾਲੇ ਕਾਰਖਾਨਿਆਂ ‘ਚ ਮਜ਼ਦੂਰੀ ਕਰਨ ਜਾਂਦੇ ਹਨ। ਕਾਰਖਾਨਿਆਂ ‘ਚ ਨੰਗੇ ਹੱਥਾਂ ਨਾਲ ਕੰਮ ਕਰਨ ਸਮੇਂ ਤੰਬਾਕੂ ਦੇ ਗਿੱਲੇ ਪੱਤਿਆਂ ਰਾਹੀਂ ਨਿਕੋਟੀਨ ਇਨ੍ਹਾਂ ਬੱਚਿਆਂ ਦੀ ਚਮੜੀ ‘ਚ ਚਲੀ ਜਾਂਦੀ ਹੈ, ਜਿਸ ਨਾਲ ਉਹ ਖਤਰਨਾਕ ਬੀਮਾਰੀਆਂ ਦੀ ਜਕੜ ‘ਚ ਆ ਜਾਂਦੇ ਹਨ।

ਤੰਬਾਕੂ ਦੇ ਧੂਏ ‘ਚ 4 ਹਜ਼ਾਰ ਰਸਾਇਣਕ ਤੱਤ ਹੁੰਦੇ ਹਨ, ਇਨ੍ਹਾਂ ‘ਚ 250 ਰਸਾਇਣ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੇ ਹਨ ਅਤੇ 50 ਤੋਂ ਜ਼ਿਆਦਾ ਰਸਾਇਣ ਕੈਂਸਰ ਵਰਗੀ ਲਾ-ਇਲਾਜ ਅਲਾਮਤ ਦਾ ਮੁੱਖ ਕਾਰਨ ਬਣਦੇ ਹਨ। ਤੰਬਾਕੂ ਦਾ ਧੂਆਂ ਛੋਟੇ ਬੱਚਿਆਂ ਨੂੰ ਬੜੀ ਜਲਦੀ ਪ੍ਰਭਾਵਿਤ ਕਰਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਹੈ। ਸਰਵਜਨਕ ਥਾਂਵਾਂ ‘ਤੇ ਲਗਭਗ 50 ਫੀਸਦੀ ਬੱਚੇ ਤੰਬਾਕੂ ਦੇ ਧੂਏ ਕਾਰਨ ਪ੍ਰਦੂਸ਼ਿਤ ਹੋਈ ਹਵਾ ‘ਚ ਸਾਹ ਲੈਣ ਲਈ ਮਜ਼ਬੂਰ ਹਨ। 40 ਫੀਸਦੀ ਤੋਂ ਵੱਧ ਬੱਚਿਆਂ ਦੇ ਮਾਤਾ-ਪਿਤਾ ‘ਚੋਂ ਕੋਈ ਇਕ ਤੰਬਾਕੂ ਦਾ ਸੇਵਨ ਕਰਨ ਵਾਲਾ ਹੈ।

ਤੰਬਾਕੂ ਦੀ ਵਰਤੋਂ ਸਬੰਧੀ ਬਣੇ ਹੋਏ ਕਾਨੂੰਨਾਂ ਰਾਹੀਂ ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕਦੀ ਹੈ। ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਤੰਬਾਕੂ ਦੇ ਗੰਭੀਰ ਸਿੱਟਿਆਂ ਬਾਰੇ ਦੱਸ ਕੇ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਚੀਨ ‘ਚ ਕੀਤੇ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਬਹੁਤ ਹੀ ਥੋੜੇ ਲੋਕਾਂ ਨੂੰ ਇਹ ਪਤਾ ਹੈ ਕਿ ਤੰਬਾਕੂ ਸਰੀਰ ਲਈ ਨੁਕਸਾਨਦੇਹ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਕੈਂਸਰ, ਟੀ. ਬੀ, ਦਿਲ ਦਾ ਦੌਰਾ ਅਤੇ ਹੋਰ ਭਿਆਨਕ ਬੀਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂਨੋਸ਼ੀ ਕਰਨ ਵਾਲੀ ਵੱਡੀ ਗਿਣਤੀ ਅਜੇ ਇਸ ਦੀ ਵਰਤੋਂ ਤੋਂ ਹੋਣ ਵਾਲੇ ਰੋਗਾਂ ਤੋਂ ਅਣਜਾਣ ਹਨ। ਇਸ ਲਈ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਬੜੀ ਜ਼ਰੂਰਤ ਹੈ। ਤੰਬਾਕੂਨੋਸ਼ੀ ਕਰਨ ਵਾਲੇ ਜਿਹੜੇ ਵਿਅਕਤੀ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹਨ ਅਤੇ ਉਹ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ ‘ਚ ਜਾਣ ਤੋਂ ਬਚਾਇਆ ਜਾਣਾ ਚਾਹੀਦਾ ਹੈ।

ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਹਰ ਸਾਲ ਲਗਭਗ 1000 ਬਿਲੀਅਨ ਡਾਲਰ ਤੰਬਾਕੂ ਦੀ ਇਸ਼ਤਿਹਾਰਬਾਜ਼ੀ, ਪ੍ਰਚਾਰ ਲਈ ਖਰਚ ਕਰਦੀਆਂ ਹਨ। ਕੰਪਨੀਆਂ ਦੁਆਰਾ ਤੰਬਾਕੂ ਦੀ ਖੁੱਲ੍ਹੇ ਰੂਪ ‘ਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਕਾਰਨ ਵਿਸ਼ਵ ਦੀ ਲਗਭਗ ਇਕ ਤਿਹਾਈ ਜਵਾਨੀ ਸ਼ੌਂਕ-ਸ਼ੌਕ ਵਿਚ ਹੀ ਤੰਬਾਕੂ ਦੀ ਵਰਤੋਂ ਕਰਨ ਦੀ ਆਦੀ ਹੋ ਰਹੀ ਹੈ।

ਤੰਬਾਕੂਨੋਸ਼ੀ ਕਰਨ ਵਾਲੇ 10 ਵਿਅਕਤੀਆਂ ‘ਚੋਂ 9 ਵਿਅਕਤੀ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ ਅਤੇ ਇਨ੍ਹਾਂ ‘ਚੋਂ 80 ਅਜਿਹੇ ਹੁੰਦੇ ਹਨ, ਜਿਹੜੇ ਤੰਬਾਕੂ ਦੇ ਮਸ਼ਹੂਰ ਤਿੰਨ ਬਰਾਂਡਾਂ ‘ਚ ਕਿਸੇ ਇਕ ਨੂੰ ਚੁਣਦੇ ਹਨ। ਬਾਜ਼ਾਰ ‘ਚ ਉਪਲਬਧ ਤੰਬਾਕੂ ਵਾਲੀਆਂ ਵਸਤਾਂ ‘ਚ ਵੱਖ-ਵੱਖ ਫਲਾਂ ਦੇ ਸੁਆਦ, ਸਿਗਰਟਾਂ ਦੇ ਦਿਲ ਖਿੱਚਵੇਂ ਆਕਾਰ ਅਤੇ ਆਕਰਸ਼ਕ ਪੈਕਿੰਗ ਕਰ ਕੇ ਬਾਜ਼ਾਰ ‘ਚ ਉਤਾਰਿਆ ਜਾਂਦਾ ਹੈ ਤਾਂ ਕਿ ਲੋਕ ਇਨ੍ਹਾਂ ਤੋਂ ਆਕਰਸ਼ਿਤ ਹੋ ਕੇ ਵਰਤੋਂ ਕਰਨ। 20ਵੀਂ ਸਦੀ ‘ਚ ਤੰਬਾਕੂ ਦੇ ਮਾੜਾਂ ਪ੍ਰਭਾਵਾਂ ਕਾਰਨ ਕਰੀਬ 100 ਮਿਲੀਅਨ ਮੌਤਾਂ ਹੋਈਆਂ ਸਨ ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ 21ਵੀਂ ਸਦੀ ‘ਚ ਲਗਭਗ 1 ਬਿਲੀਅਨ ਮੌਤਾਂ ਤੰਬਾਕੂ ਕਾਰਨ ਹੋਣਗੀਆਂ।

ਤੰਬਾਕੂ ਦੀ ਖੇਤੀ ਕਰਨ ਵਾਲੇ ਕਿਸਾਨ ਇਹ ਮਹਿਸੂਸ ਕਰਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਕੀਤੇ ਜਾ ਰਹੇ ਤੰਬਾਕੂ ਵਿਰੋਧੀ ਯਤਨਾਂ ਨਾਲ ਉਨ੍ਹਾਂ ਦੇ ਰੁਜਗਾਰ ਧੰਦੇ ਖੁੱਸ ਜਾਣਗੇ। ਅੰਤਰ ਰਾਸ਼ਟਰੀ ਤੰਬਾਕੂ ਉਤਪਾਦਕ ਸੰਘ ਦਾ ਮੰਨਣਾ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ ਵਲੋਂ ਚਲਾਈ ਜਾ ਰਹੀ ਤੰਬਾਕੂ ਵਿਰੋਧੀ ਮੁਹਿੰਮ ਕਾਮਯਾਬ ਹੋ ਜਾਂਦੀ ਹੈ ਤਾਂ ਅਫਰੀਕਾਂ ਦੇ ਗਰੀਬ ਕਿਸਾਨ ਇਸ ਮੁਹਿੰਮ ਦੇ ਸਿੱਟਿਆਂ ਤੋਂ ਬਹੁਤ ਪ੍ਰਭਾਵਿਤ ਹੋਣਗੇ।

ਤੰਬਾਕੂਨੋਸ਼ੀ ਕਾਰਨ ਇਕ ਸਾਲ ‘ਚ ਇਕੱਲੇ ਭਾਰਤ ‘ਚ ਹੀ 10 ਲੱਖ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਇਕ ਸਰਵੇ ਅਨੁਸਾਰ ਸਾਲ 2013 ਤੱਕ ਤੰਬਾਕੂ ਵਿਰੋਧੀ ਲੜਾਈ ‘ਚ ਭਾਰਤ 123 ਵੇਂ ਨੰਬਰ ਤੇ ਸੀ। ਵਿਸ਼ਵ ਸਿਹਤ ਸੰਗਠਨ ਵਲੋਂ ਤੰਬਾਕੂ ਦੀ ਵਰਤੋਂ ਵਿਰੁੱਧ ਸ਼ੁਰੂ ਕੀਤੀ ਗਈ ਲੜਾਈ ‘ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ।

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1093 posts

State Awardee, Global Winner

You might also like

Important Days0 Comments

ਪੂਰੇ ਭਾਰਤ ਵਿਚ ਹੁੰਮ-ਹੁਮਾ ਕੇ ਮਨਾਈ ਜਾਂਦੀ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਬਿਕ੍ਰਮੀ ਚੰਨ ਵਰ੍ਹੇ ਦੇ ਭਾਦੋਂ ਮਹੀਨੇ ਦੀ ਅੱਠੇਂ ਨੂੰ ਮਾਤਾ ਦੇਵਕੀ ਜੀ ਦੀ ਕੁੱਖੋਂ ਮਥੁਰਾ (ਉੱਤਰ ਪ੍ਰਦੇਸ਼) ਵਿਖੇ ਹੋਇਆ ਸੀ, ਜੋ ਕਿ ਵਸੁਦੇਵ ਜੀ ਦੀ


Print Friendly
Important Days0 Comments

ਸਮੇਂ ਦੀ ਤੇਜ਼ ਚਾਲ ਨੇ ਪਛਾੜ ਦਿੱਤਾ ਤੀਆਂ ਦਾ ਤਿਉਹਾਰ

ਸਾਉਣ ਮਹੀਨੇ ਨੂੰ ਬਰਸਾਤ ਦੇ ਦਿਨਾਂ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮਹੀਨੇ ਵਿਚ ਹੋਣ ਵਾਲੀਆਂ ਭਾਰੀ ਬਾਰਿਸ਼ਾਂ ਮੌਸਮ ਨੂੰ ਸੁਹਾਵਣਾ ਬਣਾ ਦਿੰਦੀਆਂ ਹਨ, ਜਿਸ ਕਾਰਨ ਇਸ ਮਹੀਨੇ ਦਾ ਹਰ


Print Friendly
Great Men0 Comments

ਮਾਸਟਰ ਤਾਰਾ ਸਿੰਘ (ਜਨਮ ਦਿਨ ਤੇ ਵਿਸ਼ੇਸ਼)

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ


Print Friendly