Print Friendly
ਮਹਾਨ ਤਪਸਵੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ (30 ਅਗਸਤ) ਤੇ ਵਿਸ਼ੇਸ਼

ਮਹਾਨ ਤਪਸਵੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ (30 ਅਗਸਤ) ਤੇ ਵਿਸ਼ੇਸ਼

ਹਿੰਦ ਦੀ ਧਰਤੀ ਉਤੇ ਸਮੇਂ-ਸਮੇਂ ‘ਤੇ ਭਗਵਾਨ ਨੇ ਇਨਸਾਨੀਅਤ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਨੇਕ ਵਾਰ ਅਵਤਾਰ ਧਾਰਿਆ ਹੈ, ਜਿਨ੍ਹਾਂ ‘ਚ ਪ੍ਰਮਾਤਮਾ ਦਾ ਇਕ ਸਾਖ਼ਸ਼ਾਤ ਰੂਪ ਬਾਬਾ ਸ਼੍ਰੀ ਚੰਦ ਦੇ ਰੂਪ ਵਿਚ ਵੀ ਵੇਖਣ ਨੂੰ ਮਿਲਦਾ ਹੈ। ਬਾਬਾ ਸ੍ਰੀ ਚੰਦ ਜੀ ਇੱਕ ਮਹਾਨ ਤਪੱਸਵੀ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਨ। ਉਹਨਾਂ ਨੇ ਉਦਾਸੀ ਮੱਤ ਚਲਾਇਆ। ਬਾਬਾ ਸ਼੍ਰੀ ਚੰਦ ਜੀ ਦੇ ਜੇਕਰ ਜੀਵਨ ‘ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਅਵਤਾਰ ਬੇਦੀ ਵੰਸ਼ ਵਿਚ ਹੋਇਆ ਸੀ ਤੇ ਆਪ ਜੀ ਦੇ ਦਾਦਾ ਜੀ ਮਹਿਤਾ ਕਾਲੂ ਜੀ ਰਾਇ-ਭੋਇ ਦੀ ਤਲਵੰਡੀ ਦੇ ਪਟਵਾਰੀ ਸਨ ਤੇ ਦਾਦੀ ਮਾਤਾ ਤ੍ਰਿਪਤਾ ਜੀ ਸਨ। ਆਪ ਜੀ ਦੇ ਪਿਤਾ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਜਗਤ ਮਾਤਾ ਸੁਲੱਖਣੀ ਜੀ ਸਨ ਤੇ ਆਪ ਜੀ ਦੀ ਭੂਆ, ਜਿਨ੍ਹਾਂ ਨੂੰ ਆਪ ਜੀ ਦੀ ਬਾਲ ਅਵਸਥਾ ਦੌਰਾਨ ਹੀ ਪਤਾ ਚੱਲ ਗਿਆ ਸੀ ਕਿ ਆਪ ਕੋਈ ਮਾਮੂਲੀ ਬਾਲਕ ਨਹੀਂ, ਸਗੋਂ ਆਪ ਨਿਰੰਕਾਰ ਦੇ ਰੂਪ ਹੋ, ਬੇਬੇ ਨਾਨਕੀ ਜੀ ਸਨ। ਆਪ ਜੀ ਦੇ ਇਕ ਛੋਟੇ ਵੀਰ ਜੀ ਬਾਬਾ ਲਖਮੀ ਦਾਸ ਜੀ ਸਨ। ਆਪ ਜੀ ਦਾ ਜਨਮ ਉਸ ਸਮੇਂ ਹੋਇਆ, ਜਦੋਂ ਹਿੰਦ ਦੇ ਆਕਾਸ਼ ‘ਤੇ ਕੂੜ ਦੇ ਗੂੜ੍ਹੇ ਕਾਲੇ ਬੱਦਲ ਛਾਏ ਹੋਏ ਸਨ ਤੇ ਬੰਦਾ ਬੰਦੇ ਦਾ ਵੈਰੀ ਹੋਇਆ ਪਿਆ ਸੀ। ਹਾਕਮ ਇਨਸਾਫ਼ ਛੱਡ ਕੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਹੋਏ ਪਏ ਸਨ ਤੇ ਗਊ ਗਰੀਬ, ਨਿਰਧਨ, ਨਿਤਾਣੇ ਨਾਲ ਸਮਾਜ ਵਿਚ ਸ਼ਰੇਆਮ ਧੱਕੇਸ਼ਾਹੀਆਂ ਹੋ ਰਹੀਆਂ ਸਨ ਤੇ ਧਰਮ ਜ਼ੁਲਮ ਦੀ ਚੱਕੀ ਵਿਚ ਦਾਣਿਆਂ ਵਾਂਗ ਪਿਸ ਰਿਹਾ ਸੀ। ਅਜਿਹੇ ਭਿਆਨਕ ਸਮੇਂ ਵਿਚ ਆਮ ਜਨਤਾ ਤੇ ਮਜ਼ਲੂਮਾਂ ਦਾ ਸਹਾਰਾ ਤੇ ਬੇ-ਆਸਰਿਆਂ ਦਾ ਆਸਰਾ ਬਣਨ ਲਈ ਰਿਧੀਆਂ-ਸਿਧੀਆਂ ਦੇ ਮਾਲਕ, ਸ਼ਿਵ ਸਰੂਪ, ਬੇਦੀ ਚੰਨ, ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਵਿਖੇ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁੱਖ ਤੋਂ ਭਾਦਰੋਂ ਸੁਦੀ ਨੌਵੀਂ 1551 ਬਿਕ੍ਰਮੀ ਨੂੰ ਅਵਤਾਰ ਧਾਰਨ ਕੀਤਾ।
ਜਨਮ ਸਮੇਂ ਅਦਭੁਤ ਚਮਤਕਾਰ ਹੋਇਆ: ਦੱਸਦੇ ਹਨ ਕਿ ਜਨਮ ਸਮੇਂ ਹੀ ਆਪ ਜੀ ਦੇ ਸੀਸ ‘ਤੇ ਸੁਨਹਿਰੀ ਬਾਵਰਾਨਾ, ਕੰਨ ਵਿਚ ਮਾਸ ਦੀ ਮੁੰਦਰਾ ਤੇ ਤਨ ‘ਤੇ ਬਿਭੂਤੀ ਵੀ ਕੁਦਰਤੀ ਹੀ ਮਲੀ ਹੋਈ ਸੀ, ਜਿਸ ਨੂੰ ਵੇਖ ਕੇ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਭਗਵਾਨ ਸ਼ਿਵ ਨੇ ਅਵਤਾਰ ਧਾਰਨ ਕੀਤਾ ਹੈ।
ਬਚਪਨ ਦੇ ਚੋਜ : ਧਾਰਮਿਕ ਗ੍ਰੰਥਾਂ ਅਨੁਸਾਰ ਜਦੋਂ ਆਪ ਜੀ ਚਾਰ-ਪੰਜ ਸਾਲ ਦੀ ਅਵਸਥਾ ਵਿਚ ਹੀ ਸਨ ਤਾਂ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਇਕ ਦਿਨ ਇਕ ਸਾਧੂ ਨੇ ਭਿਖਿਆ ਲਈ ਆਵਾਜ਼ ਦਿੱਤੀ, ਮਾਤਾ ਸੁਲੱਖਣੀ ਜੀ ਤੇ ਭੂਆ ਨਾਨਕੀ ਜੀ ਘਰ ਦੇ ਅੰਦਰ ਘਰੇਲੂ ਕੰਮਾਂ ਵਿਚ ਰੁੱਝੇ ਹੋਏ ਸਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕੋਈ ਬਾਹਰ ਭਿਖਿਆ ਲੈਣ ਸੰਤ ਆਏ ਹਨ ਤਾਂ ਏਨੇ ਨੂੰ ਬਾਲ ਰੂਪ ਬਾਬਾ ਸ਼੍ਰੀ ਚੰਦ ਜੀ ਦੀ ਨਜ਼ਰ ਉਸ ਸਾਧੂ ‘ਤੇ ਪਈ, ਜਿਸ ਨੂੰ ਦੇਖ ਬਾਬਾ ਜੀ ਘਰ ਦੇ ਅੰਦਰ ਚਲੇ ਗਏ ਤੇ ਆਪਣੇ ਕਲੀਆਂ ਤੋਂ ਵੀ ਵੱਧ ਕੋਮਲ ਹੱਥਾਂ ਨਾਲ ਉਸ ਸਾਧੂ ਨੂੰ ਦੇਣ ਲਈ ਘਰ ਦੇ ਅੰਦਰੋਂ ਕੁਝ ਲਿਆਏ ਤੇ ਜਦੋਂ ਬਾਬਾ ਜੀ ਨੇ ਆਪਣੀ ਮੁੱਠੀ ਸਾਧੂ ਦੇ ਕਾਸੇ ਵਿਚ ਖੋਲ੍ਹੀ ਤਾਂ ਉਸ ਵਿਚ ਹੀਰੇ-ਜਵਾਹਰਾਤ ਚਮਕਣ ਲੱਗ ਪਏ, ਜਿਸ ‘ਤੇ ਸਾਧੂ ਡਰ ਗਿਆ। ਏਨੇ ਨੂੰ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਜੀ ਵੀ ਬਾਹਰ ਆ ਗਏ ਤੇ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ। ਬਾਲਕ ਰੂਪ ਬਾਬਾ ਜੀ ਨੂੰ ਜਦੋਂ ਪੁੱਛਿਆ ਕਿ ਇਹ ਕਿੱਥੋਂ ਲਿਆਏ ਹਨ ਤਾਂ ਉਨ੍ਹਾਂ ਨੇ ਛੋਲਿਆਂ ਦੀ ਬੋਰੀ ਵੱਲ ਇਸ਼ਾਰਾ ਕੀਤਾ ਤੇ ਮੁੱਠੀ ਵਿਚ ਜਿੰਨੇ ਛੋਲਿਆਂ ਦੇ ਦਾਣੇ ਆਏ ਸਨ, ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀਰੇ ਜਵਾਹਰਾਤ ਬਣ ਗਏ ਸਨ। ਬਚਪਨ ਵਿਚ ਹੀ ਆਪ ਜੀ ਦੀਆਂ ਖੇਡਾਂ ਆਮ ਬੱਚਿਆਂ ਤੋਂ ਵੱਖਰੀਆਂ ਹੀ ਸਨ ਤੇ ਆਪ ਜੀ ਕਿੰਨਾ-ਕਿੰਨਾ ਚਿਰ ਧੂਣਾ ਲਗਾ ਕੇ ਸਮਾਧੀ ਵਿਚ ਬੈਠ ਜਾਂਦੇ ਤੇ ਜੰਗਲੀ ਜਾਨਵਰ ਸ਼ੇਰ, ਚੀਤਾ, ਹਾਥੀ, ਲੇਲੇ, ਬਘਿਆੜ, ਬੱਕਰੀ ਆਦਿ ਆਪ ਜੀ ਪਾਸ ਆ ਕੇ ਪਰਿਕਰਮਾ ਕਰਦੇ ਸਨ। ਉਪਰੰਤ ਆਪ ਜੀ ਨੇ ਉਦਾਸੀ ਮਤ ਨੂੰ ਪ੍ਰਫੁੱਲਿਤ ਕਰਨ ਲਈ ਕਈ ਯਾਤਰਾਵਾਂ ਕੀਤੀਆਂ ਤੇ ਇਸ ਸਮੇਂ ਦੌਰਾਨ ਆਪ ਜੀ ਨੇ ਸ੍ਰੀਨਗਰ ਤੋਂ ਲੈ ਕੇ ਉੜੀਸਾ ਪ੍ਰਾਂਤ ਤਕ ਦਾ ਅਤੇ ਕਾਬਲ-ਕੰਧਾਰ ਆਦਿ ਦੇਸ਼ਾਂ ਤਕ ਦਾ ਸਫ਼ਰ ਤੈਅ ਕੀਤਾ ਤੇ ਆਮ ਜਨਤਾ ਨੂੰ ਸਿੱਧੇ ਰਸਤੇ ਪਾਇਆ ਤੇ ਜ਼ਾਲਮਾਂ ਨੂੰ ਵੀ ਸਬਕ ਸਿਖਾਇਆ ਤੇ ਗਊ ਗਰੀਬ ਦੀ ਰੱਖਿਆ ਕੀਤੀ।
ਯੋਗੀਆਂ ਦਾ ਹੰਕਾਰ ਵੀ ਤੋੜਿਆ : ਆਪ ਜੀ ਨੇ ਜਿਥੇ ਸਮੇਂ ਦੇ ਹਾਕਮਾਂ ਦਾ ਹੰਕਾਰ ਚੂਰ-ਚੂਰ ਕੀਤਾ, ਉਥੇ ਚਰਪਟ ਨਾਥ ਵਰਗੇ ਜੋਗੀਆਂ ਦਾ ਹੰਕਾਰ ਵੀ ਤੋੜਿਆ। ਦੱਸਦੇ ਹਨ ਕਿ ਇਕ ਵਾਰ ਚਰਪਟ ਨਾਥ, ਜੋ ਆਪਣੇ-ਆਪ ਨੂੰ ਸਭ ਤੋਂ ਵੱਡਾ ਜੋਗੀ ਸਮਝਦਾ ਸੀ, ਨੇ ਸ੍ਰੀ ਬਾਰਠ ਸਾਹਿਬ ਵਿਖੇ ਭਗਵਾਨ ਜੀ ਨੂੰ ਇਕ ਅੰਬ ਭੇਟ ਕੀਤਾ, ਜਿਸ ‘ਤੇ ਭਗਵਾਨ ਜੀ ਨੇ ਕਿਹਾ ਕਿ ਉਹ ਤਾਂ ਤਿੰਨ ਜਣੇ ਹਨ, ਉਸ ਸਮੇਂ ਭਗਵਾਨ ਜੀ ਨਾਲ ਉਨ੍ਹਾਂ ਦੇ ਪਰਮ ਸੇਵਕ ਭਾਈ ਕਮਲੀਆ ਤੇ ਭਤੀਜਾ ਧਰਮ ਚੰਦ ਜੀ ਵੀ ਸਨ ਤਾਂ ਯੋਗੀ ਰਾਜ ਨੇ ਕਿਹਾ ਕਿ ਮੇਰੇ ਕੋਲ ਤਾਂ ਇਕ ਹੀ ਅੰਬ ਹੈ, ਜੇ ਹੋਰ ਚਾਹੀਦੇ ਹਨ ਤਾਂ ਨਵਾਂ ਬਗੀਚਾ ਲਗਾ ਲਓ, ਜਿਸ ‘ਤੇ ਬਾਬਾ ਸ਼੍ਰੀ ਚੰਦ ਜੀ ਨੇ ਅੰਬ ਨਿਚੋੜ ਕੇ ਨਾਲ ਦੀ ਖਾਲੀ ਪਈ ਖੇਤੀ ਵਿਚ ਛਿੜਕਾ ਦਿੱਤਾ। ਜਦੋਂ ਸਵੇਰ ਹੋਈ ਤਾਂ ਖਾਲੀ ਖੇਤੀ ਦੀ ਜਗ੍ਹਾ ‘ਤੇ ਅੰਬਾਂ ਨਾਲ ਭਰੀ ਬਗੀਚੀ ਲੱਗੀ ਹੋਈ ਸੀ ਤੇ ਸਾਰੇ ਅੰਬ ਪੱਕੇ ਸਨ, ਜਿਸ ਨੂੰ ਵੇਖ ਕੇ ਚਰਪਟ ਨਾਥ ਯੋਗੀ ਦਾ ਹੰਕਾਰ ਟੁੱਟ ਗਿਆ ਤੇ ਉਹ ਭਗਵਾਨ ਦੇ ਚਰਨਾਂ ਵਿਚ ਢਹਿ ਗਿਆ, ਜਿਸ ‘ਤੇ ਬਾਬਾ ਜੀ ਨੇ ਚਰਪਟ ਨੂੰ ਰੱਬੀ ਸ਼ਕਤੀਆਂ ਦਾ ਸਦਉਪਯੋਗ ਕਰਨ ਦੀ ਨਸੀਹਤ ਦਿੱਤੀ।
ਕਾਦਰਾਬਾਦ ਦੀ ਸਾਖੀ : ਧਾਰਮਿਕ ਗ੍ਰੰਥਾਂ ਅਨੁਸਾਰ ਇਕ ਵਾਰ 84 ਸਿੱਧ ਬਾਬਾ ਜੀ ਦੀ ਪ੍ਰੀਖਿਆ ਲੈਣ ਦੇ ਮੰਤਵ ਨਾਲ ਨਾਨਕ ਚੱਕ ਤਹਿਸੀਲ ਬਟਾਲਾ ਵਿਖੇ ਆਏ ਤੇ ਕਿਹਾ ਕਿ ਉਨ੍ਹਾਂ ਨੂੰ ਬੜੀ ਜ਼ੋਰਾਂ ਦੀ ਭੁੱਖ ਲੱਗੀ ਹੈ, ਭੋਜਨ ਦਾ ਇੰਤਜ਼ਾਮ ਕਰੋ, ਜਿਸ ‘ਤੇ ਬਾਬਾ ਜੀ ਨੇ ਆਪਣੇ ਸੇਵਕ ਭਾਈ ਕਮਲੀਆ ਜੀ ਨੂੰ ਕਿਹਾ ਕਿ ਜਾਓ, ਨਾਲ ਦੇ ਪਿੰਡ ਤੋਂ ਗਜਾ ਕਰਕੇ ਕੋਈ ਰਸਦ ਲੈ ਆਓ ਤਾਂ ਜੋ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾ ਸਕੇ। ਬਾਬਾ ਜੀ ਦਾ ਬਚਨ ਮੰਨ ਕੇ ਜਦੋਂ ਭਾਈ ਕਮਲੀਆ ਜੀ ਪਿੰਡ ਕਾਦਰਾਬਾਦ ਵਿਖੇ ਗਏ ਤਾਂ ਕਿਸੇ ਨੇ ਵੀ ਉਨ੍ਹਾਂ ਨੂੰ ਕੋਈ ਰਸਦ ਨਾ ਦਿੱਤੀ, ਜਿਸ ‘ਤੇ ਭਾਈ ਕਮਲੀਆ ਜੀ ਨੇ ਪਿੰਡ ਨੂੰ ਸਰਾਪ ਦੇ ਦਿੱਤਾ ਕਿ ਇਹ ਪਿੰਡ ਥੇਹ ਹੋ ਜਾਵੇ ਤੇ ਆਪ ਬਾਬਾ ਜੀ ਪਾਸ ਆ ਗਏ। ਬਾਬਾ ਜੀ ਦੇ ਪੁੱਛਣ ‘ਤੇ ਕਮਲੀਆ ਜੀ ਨੇ ਸਾਰੀ ਵਿਥਿਆ ਕਹਿ ਸੁਣਾਈ ਤਾਂ ਬਾਬਾ ਜੀ ਨੇ ਕਿਹਾ ਕਿ ਕਮਲੀਆ ਜੀ, ਇਹ ਸਭ ਕੁਝ ਤਾਂ ਇਨ੍ਹਾਂ ਸਿੱਧਾਂ ਦੀ ਮਾਇਆ ਕਰਕੇ ਹੋਇਆ ਹੈ, ਇਸ ਲਈ ਤੁਹਾਨੂੰ ਪਿੰਡ ਨੂੰ ਸਰਾਪ ਨਹੀਂ ਸੀ ਦੇਣਾ ਚਾਹੀਦਾ। ਫੇਰ ਬਾਬਾ ਜੀ ਨੇ ਕਿਹਾ ਕਿ ਕਮਲੀਆ ਜੀ, ਜਾਓ ਤੇ ਪਿੰਡ ਵਾਸੀਆਂ ਨੂੰ ਕਹਿ ਦਿਓ ਕਿ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਜਾਓ, ਇਹ ਪਿੰਡ ਵਾਕਿਆ ਹੀ ਥੇਹ ਹੋ ਜਾਣਾ ਹੈ। ਬਾਬਾ ਜੀ ਦਾ ਬਚਨ ਮੰਨ ਕੇ ਕਮਲੀਆ ਜੀ ਪਿੰਡ ਵਿਚ ਹੋਕਾ ਦੇ ਕੇ ਆ ਗਏ। ਏਨੇ ਨੂੰ ਸਿੱਧਾਂ ਨੇ ਕਿਹਾ ਕਿ ਲਿਆਓ ਭੋਜਨ, ਸਾਨੂੰ ਬਹੁਤ ਭੁੱਖ ਲੱਗੀ ਹੈ ਤਾਂ ਬਾਬਾ ਜੀ ਨੇ ਭਾਈ ਕਮਲੀਆ ਜੀ ਨੂੰ ਕਿਹਾ ਕਿ ਇਸ ਬਰਤਨ ‘ਤੇ ਕੱਪੜਾ ਪਾ ਦਿਓ। ਸਾਧੂਜਨ, ਜੋ-ਜੋ ਭੋਜਨ ਮੰਗਦੇ ਹਨ, ਸਤਿ ਕਰਤਾਰ ਕਰਕੇ ਵਰਤਾਂਦੇ ਜਾਓ ਤੇ ਹੋਇਆ ਵੀ ਇੰਝ ਹੀ। ਸਾਰੇ ਸਾਧੂ ਭੋਜਨ ਛਕ ਕੇ ਤ੍ਰਿਪਤ ਹੋ ਗਏ ਤੇ ਬਾਬਾ ਜੀ ਦੇ ਚਰਨੀਂ ਢਹਿ ਪਏ। ਬਾਬਾ ਜੀ ਨੇ ਸਾਧੂਆਂ ਨੂੰ ਫੋਕੇ ਕਰਮ-ਕਾਂਡ ਤੇ ਹੰਕਾਰ ਛੱਡ ਲੋਕ ਸੇਵਾ ਕਰਨ ਲਈ ਪ੍ਰੇਰਿਆ। ਏਨੇ ਨੂੰ ਪਿੰਡ ਥੇਹ ਹੋ ਗਿਆ ਤੇ ਲੋਕਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵਰ ਦੇ ਕੇ ਜਾਓ ਕਿ ਸਾਡਾ ਪਿੰਡ ਫੇਰ ਕਦੋਂ ਆਬਾਦ ਹੋਵੇਗਾ ਤਾਂ ਬਾਬਾ ਜੀ ਨੇ ਬੋਹੜ ਦਾ ਇਕ ਬੂਟਾ ਲਗਾ ਦਿੱਤਾ ਤੇ ਕਿਹਾ ਕਿ ਜਦੋਂ ਇਸ ਦੀਆਂ ਜੜ੍ਹਾਂ ਤੁਹਾਡੇ ਪਿੰਡ ਤਕ ਪਹੁੰਚ ਜਾਣਗੀਆਂ ਤਾਂ ਪਿੰਡ ਆਬਾਦ ਹੋ ਜਾਵੇਗਾ। ਹੁਣ ਉਕਤ ਪਿੰਡ ਆਬਾਦ ਹੋ ਰਿਹਾ ਹੈ ਤੇ ਉਸ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵੀ ਸੁਸ਼ੋਭਿਤ ਹੈ।
ਲੰਬੀ ਬਾਂਹ ਦੀ ਸਾਖੀ : ਧਾਰਮਿਕ ਗ੍ਰੰਥਾਂ ਅਨੁਸਾਰ ਬਾਬਾ ਜੀ ਦੇ ਛੋਟੇ ਵੀਰ ਬਾਬਾ ਲਖਮੀ ਦਾਸ ਜੀ ਇਕ ਦਿਨ ਸ਼ਿਕਾਰ ਕਰ ਰਹੇ ਸਨ ਤੇ ਉਨ੍ਹਾਂ ਨੇ ਹਿਰਨ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕੀਤਾ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਕਿ ਕਿਸੇ ਜੀਵ ਦੀ ਹੱਤਿਆ ਕਰਨਾ ਪਾਪ ਹੈ ਤੇ ਇਸਦਾ ਲੇਖਾ ਤੁਹਾਨੂੰ ਦੇਣਾ ਹੀ ਪੈਣਾ ਹੈ। ਬਾਬਾ ਲਖਮੀ ਦਾਸ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ। ਸਾਨੂੰ ਵੀ ਲੇਖਾ ਦੇਣਾ ਪੈਣਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਕਰਮਾਂ ਦਾ ਲੇਖਾ ਤਾਂ ਹਰ ਇਕ ਨੂੰ ਹੀ ਦੇਣਾ ਪੈਂਦਾ ਹੈ, ਜਿਸ ‘ਤੇ ਬਾਬਾ ਲਖਮੀ ਦਾਸ ਜੀ, ਜੋ ਬ੍ਰਹਮਾ ਦੇ ਅਵਤਾਰ ਦੱਸੇ ਜਾਂਦੇ ਹਨ, ਨੇ ਕਿਹਾ ਕਿ ਅਸੀਂ ਹੁਣੇ ਹੀ ਲੇਖਾ ਦੇ ਦਿੰਦੇ ਹਾਂ ਤੇ ਸਣੇ ਪਰਿਵਾਰ ਉਹ ਘੋੜੇ ‘ਤੇ ਬੈਠ ਕੇ ਸੱਚਖੰਡ ਲੇਖਾ ਦੇਣ ਲਈ ਚਲੇ ਗਏ, ਜਿਸ ‘ਤੇ ਬਾਬਾ ਜੀ ਦੇ ਸੇਵਕ ਕਮਲੀਆ ਜੀ ਨੇ ਕਿਹਾ ਕਿ ਮਹਾਰਾਜ ਜੀ, ਤੁਸੀਂ ਉਦਾਸੀ ਹੋ ਤੇ ਲਖਮੀ ਦਾਸ ਜੀ ਸਣੇ ਪਰਿਵਾਰ ਸੱਚਖੰਡ ਜਾ ਰਹੇ ਹਨ, ਇਸ ਤਰ੍ਹਾਂ ਬੇਦੀ ਵੰਸ਼ ਕਿੱਦਾਂ ਚੱਲੂ, ਤਾਂ ਭਗਵਾਨ ਜੀ ਨੇ ਤੁਰੰਤ ਲੰਬੀ ਬਾਂਹ ਕਰਕੇ ਆਪਣੇ ਭਤੀਜੇ ਧਰਮ ਚੰਦ ਜੀ ਨੂੰ ਧਰਤੀ ‘ਤੇ ਉਤਾਰਿਆ ਤੇ ਪਾਲਣ-ਪੋਸਣ ਕੀਤਾ, ਜਿਸ ਤੋਂ ਬੇਦੀ ਵੰਸ਼ ਦਾ ਵਿਸਥਾਰ ਹੋਇਆ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ ਤਾਂ ਉਨ੍ਹਾਂ ਦੇ ਸਪੁੱਤਰ ਲਖਮੀ ਚੰਦ ਨੂੰ ਪਤਾ ਲੱਗਣ ’ਤੇ ਉਹ ਵੀ ਆਪਣੇ ਪਰਿਵਾਰ ਸਮੇਤ ਘੋੜੇ ਉੱਤੇ ਸਵਾਰ ਹੋ ਕੇ ਪਰਲੋਕ ਨੂੰ ਉੱਡ ਪਏ। ਜਦੋਂ ਇਸ ਬਾਬਤ ਬਾਬਾ ਸ੍ਰੀ ਚੰਦ ਨੂੰ ਪਤਾ ਲੱਗਾ ਤਾਂ ਉਨ੍ਹਾਂ 14 ਜੋਜਣ ਆਪਣੀ ਬਾਂਹ ਨੂੰ ਲੰਮਿਆਂ ਕਰ ਕੇ ਭਾਈ ਲਖਮੀ ਚੰਦ ਤੋਂ ਉਸ ਦਾ ਸਪੁੱਤਰ ਲਿਆ ਸੀ।
ਬਾਬਾ ਸ੍ਰੀ ਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਖੇਤੀਬਾੜੀ ਕਰਿਆ ਕਰਦੇ ਸਨ। ਡੇਰਾ ਬਾਬਾ ਨਾਨਕ ਤੋਂ ਹੀ ਬਾਬਾ ਸ੍ਰੀਚੰਦ ਜੀ ਬਾਅਦ ਵਿੱਚ ਪਿੰਡ ਬਾਰਠ, ਪਠਾਨਕੋਟ ਗਏ, ਬਾਰਠ ਸਾਹਿਬ ਵਿਖੇ ਬਾਬਾ ਸ੍ਰੀਚੰਦ ਜੀ ਨੇ ਲੰਮਾਂ ਸਮਾਂ ਤਪੱਸਿਆ ਕੀਤੀ। ਜਿਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀਚੰਦ ਜੀ ਨੂੰ ਮਿਲਣ ਲਈ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਉਨ੍ਹਾਂ ਨੂੰ ਮਿਲਣ ਲਈ ਇੱਥੇ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦਾਸੀ ਮੱਤ ਨੂੰ ਅੱਗੇ ਚਲਾਉਣ ਲਈ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਸ੍ਰੀਚੰਦ ਜੀ ਨੂੰ ਸੌਂਪ ਦਿੱਤਾ ਸੀ। ਆਪ 13 ਜਨਵਰੀ 1629 ਨੂੰ ਜੋਤੀ ਜੋਤ ਸਮਾਏ।
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1093 posts

State Awardee, Global Winner

You might also like

Important Days0 Comments

ਏਡਜ਼ ਦੀ ਜ਼ਹਿਰੀਲੀ ਧੁੰਦ ਖਿਲਾਰਨ ਦੀ ਥਾਂ ਆਓ ਮਨੁੱਖੀ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣੀਏ – (1 ਦਸੰਬਰ ਏਡਜ਼ ਦਿਵਸ ਤੇ ਵਿਸ਼ੇਸ਼)

ਏਡਜ਼ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਖ਼ਤਮ ਕਰਨ ਲਈ ਸੰਸਾਰ ਭਰ ਵਿਚ ਸੰਨ 1988 ਤੋਂ ਹਰ ਸਾਲ ਪਹਿਲੀ ਦਸੰਬਰ ਨੂੰ ‘ਵਿਸ਼ਵ ਏਡਜ਼ ਦਿਵਸ’ ਮਨਾਇਆ ਜਾਂਦਾ ਹੈ। ਇਸ ਵਾਰ ਇਸ


Print Friendly
Great Men0 Comments

ਮਾਸਟਰ ਤਾਰਾ ਸਿੰਘ (ਜਨਮ ਦਿਨ ਤੇ ਵਿਸ਼ੇਸ਼)

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ


Print Friendly
Important Days0 Comments

ਨੌਜਵਾਨਾਂ ਦੇ ਪ੍ਰੇਰਣਾ ਸ੍ਰੋਤ ਚੰਦਰ ਸ਼ੇਖਰ ਆਜ਼ਾਦ – ਅੱਜ 23 ਜੁਲਾਈ ਜਨਮ ਦਿਨ ਤੇ ਵਿਸ਼ੇਸ਼

ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਅਹਿਮ ਯੋਗਦਾਨ ਪਾਉਣ ਵਾਲੇ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਜਨਮਦਿਨ ਹੈ। ਆਜ਼ਾਦ ਦਾ ਜਨਮ ਹੱਦ ਦਰਜੇ ਦੀ ਗਰੀਬੀ, ਅਗਿਆਨਤਾ, ਅੰਧਵਿਸ਼ਵਾਸ਼ ਅਤੇ ਧਾਰਮਿਕ ਕੱਟੜਤਾ ‘ਚ


Print Friendly