Print Friendly
ਦੁਨੀਆਂ ਦੇ ਸਿਰਮੌਰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਕੋਟਿਨ-ਕੋਟਿ ਪ੍ਰਣਾਮ !!! (12 ਸਤੰਬਰ, 1897)

ਦੁਨੀਆਂ ਦੇ ਸਿਰਮੌਰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਕੋਟਿਨ-ਕੋਟਿ ਪ੍ਰਣਾਮ !!! (12 ਸਤੰਬਰ, 1897)

ਸਾਰਾਗੜ੍ਹੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਅੱਜ 120 ਸਾਲਾਂ ਬਾਅਦ ਵੀ ਦੁਨੀਆਂ ਭਰ ਵਿੱਚ ਕਿਤੇ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਨ੍ਹਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ, 10,000 ਪਠਾਣਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ। ਇਸ ਤਰ੍ਹਾਂ ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਇਕ ਨਵੇਂ ਕਾਂਡ ਦੀ ਸਿਰਜਣਾ ਕੀਤੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਹੈ।
ਉੱਤਰੀ-ਪੱਛਮੀ ਸਰਹੱਦੀ ਸੂਬੇ (ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ) ਵਿੱਚ 1897 ਵਿੱਚ ਜਿਹੜੀ ਬਗਾਵਤ ਉੱਭਰ ਰਹੀ ਸੀ, ਉਸ ਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨ੍ਹਾਂ ਪਠਾਣਾਂ ਨੇ ਹਰ ਥਾਂ ਫੌਜੀਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। 36ਵੀਂ ਸਿੱਖ ਬਟਾਲੀਅਨ (ਅੱਜ-ਕੱਲ੍ਹ 4/11 ਸਿੱਖ ਰੈਜਮੈਂਟ) ਜਿਹੜੀ ਕਿ ਜਲੰਧਰ ਵਿਖੇ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਹੇਠ ਅਜੇ ਸਿਰਫ ਦਸ ਦਿਨ ਪਹਿਲਾਂ ਹੀ ਬਣੀ ਸੀ, ਨੂੰ ਹੁਕਮ ਦਿੱਤਾ ਗਿਆ ਕਿ ਉਹ ਕਿਲ੍ਹਾ ਲੋਕਹਾਰਟ ਪਹੁੰਚ ਜਾਏ। ਇਹ ਕਿਲ੍ਹਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ਵਿੱਚ ਸਥਿਤ ਸੀ। ਸਾਰਾਗੜ੍ਹੀ ਤੇ ਗੁਲਸਤਾਨ ਇਸ ਕਿਲ੍ਹੇ ਦੀਆਂ ਮਸ਼ਹੂਰ ਚੌਕੀਆਂ ਸਨ। ਸਾਰਾਗੜ੍ਹੀ ਇੱਕ ਵੱਖਰੀ ਕਿਸਮ ਦੀ ਚੌਕੀ ਸੀ, ਇਸ ਚੌਕੀ ਦੀ ਕਮਾਂਡ ਹਵਾਲਦਾਰ ਈਸ਼ਰ ਸਿੰਘ, ਜਿਸ ਦੇ ਨਾਲ ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤੇ 18 ਹੋਰ ਸਿਪਾਹੀ ਕਰ ਰਹੇ ਸਨ।
12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਅਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਕੀ ’ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਚੌਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲ੍ਹਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਨੇ ਸਾਰਾਗੜ੍ਹੀ ਨਾਲ ਸੰਪਰਕ ਪੈਦਾ ਕੀਤਾ, ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਚੌਕੀ ਵਿੱਚ 4 ਕੰਪਨੀਆਂ ਮੌਜੂਦ ਸਨ। ਸੰਨ 1897 ਦੀ 3 ਸਤੰਬਰ ਅਤੇ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਿਸਤਾਨ ਚੌਕੀ ’ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਨਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਦੀ ਪੀੜ ਮਹਿਸੂਸ ਕਰਦੇ ਹੋਏ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੇ ਸਾਰਾਗੜ੍ਹੀ ਚੌਕੀ ’ਤੇ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ 6 ਘੰਟਿਆਂ ਦੀ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ।
ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜ੍ਹੀ ਦੀ ਚੌਕੀ ’ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿੱਚ ਹਮਲਾ ਕਰ ਦਿੱਤਾ ਹੈ। ਕਮਾਂਡਰ ਦੇ ਹੁਕਮ ਨਾਲ ਇਨ੍ਹਾਂ ਸਿਪਾਹੀਆਂ ਨੇ ਜਵਾਬ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਚੌਕੀ ਤੋਂ ਬਾਹਰ ਆ ਕੇ ਪਠਾਣਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜ੍ਹੀ ਚੌਕੀ ਦੇ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਅਤੇ ਗੋਲਾ-ਬਾਰੂਦ ਮੰਗਿਆ, ਪਰ ਚੌਕੀ ਦੇ ਅੰਦਰ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਉਣੀ ਮੁਸ਼ਕਲ ਸੀ। ਅਜੇ ਉਨ੍ਹਾਂ ਨੇ ਦੁਸ਼ਮਣ ਦੇ ਕੁਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਅਤੇ ਲਾਭ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜੀਵਨ ਸਿੰਘ ਅਤੇ ਲਾਭ ਸਿੰਘ ਨੇ ਭਗਵਾਨ ਸਿੰਘ ਦੀ ਲਾਸ਼ ਚੁੱਕ ਕੇ ਚੌਕੀ ਵਿੱਚ ਰੱਖ ਲਈ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ’ਤੇ ਨਹੀਂ ਡਿੱਗ ਪਿਆ। ਸਿੱਖ ਬਹਾਦਰ ਸਿਪਾਹੀਆਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਾਕ ‘‘ਸਵਾ ਲਾਖ ਸੇ ਏਕ ਲੜਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ’’ ਨੂੰ ਸੱਚ ਕਰਕੇ ਦਿਖਾਇਆ।
ਇਸ ਹਾਲਤ ਵਿੱਚ ਵੀਰ ਸੈਨਿਕ ਇਕ ਤੋਂ ਬਾਅਦ ਇਕ ਸ਼ਹੀਦ ਹੁੰਦੇ ਗਏ ਅਤੇ ਜਦ ਗੋਲਾ ਬਾਰੂਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਤਲਵਾਰਾਂ ਅਤੇ ਸੰਗੀਨਾਂ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਾਰ ਨਿਸ਼ਾਨੇਬਾਜ਼ੀ ਅਤੇ ਉਨ੍ਹਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵਜੋਂ ਸਾਰਾਗੜ੍ਹੀ ਚੌਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤੇ ਚੌਕੀ ਦੀ ਇਕ ਕੰਧ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਿਪਾਹੀ ਇਕ-ਇਕ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ ਜੋ ਕਿ ਖ਼ਬਰ ਦੇਣ ਦਾ ਇਕੋ-ਇਕ ਵਸੀਲਾ ਸੀ, ਨੇ ਕਿਲੇ ਦੇ ਕਮਾਂਡਰ ਨੂੰ ਕਿਲੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ। ਕੁਝ ਸਮੇਂ ਬਾਅਦ ਇਨ੍ਹਾਂ ਫੌਜੀਆਂ ਦਾ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤੇ ਉਸ ਦੇ ਆਲੇ-ਦੁਆਲੇ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜ੍ਹੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿੱਥੋਂ ਦੁਸ਼ਮਣ ਚੌਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰਿੰਗ ਰੇਂਜ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੇੜੇ ਕੀਤਾ ਅਤੇ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਇਸ ਉਪਰੰਤ ਸਾਰੇ ਵਾਤਾਵਰਨ ’ਤੇ ਖਾਮੋਸ਼ੀ ਦਿਖਾਈ ਦੇਣ ਲੱਗੀ ਅਤੇ ਇਹ ਚੁੱਪ ਦਾ ਵਾਤਾਵਰਨ ਉਸ ਸਮੇਂ ਸਮਾਪਤ ਹੋਇਆ ਜਦੋਂ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਮਰਿਆਂ ਹੋਇਆਂ ਜਵਾਨਾਂ ਤੋਂ ਬਦਲਾ ਲਿਆ। ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰਕੇ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।
ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਮ ਹਵਾਲਦਾਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੱਧ ਸਿੰਘ, ਸਾਹਿਬ ਸਿੰਘ, ਉੱਤਮ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਜੀਵਨ ਸਿੰਘ, ਰਾਮ ਸਿੰਘ, ਹੀਰਾ ਸਿੰਘ, ਦਇਆ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਬੂਟਾ ਸਿੰਘ, ਜੀਵਨ ਸਿੰਘ, ਅਨੰਦ ਸਿੰਘ ਅਤੇ ਭਗਵਾਨ ਸਿੰਘ ਹਨ।
ਇਨ੍ਹਾਂ ਸੂਰਬੀਰ ਬਹਾਦਰਾਂ ਦੇ ਇਸ ਕਾਰਨਾਮੇ ਨੂੰ ਸਭ ਤੋਂ ਪਹਿਲਾਂ ਜਨਤਾ ਸਾਹਮਣੇ ਪੇਸ਼ ਕਰਨ ਦਾ ਸਿਹਰਾ ਅਲਾਹਾਬਾਦ ਦੇ ਉਸ ਸਮੇਂ ਦੇ ਦੈਨਿਕ ਅੰਗਰੇਜ਼ੀ ਅਖ਼ਬਾਰ ‘‘ਪਾਇਨੀਅਰ’’ ਦੇ ਸਿਰ ਹੈ ਜਿਸ ਦੇ ਸੰਪਾਦਕ ਨੇ ਇਸ ਸਾਕੇ ਦੇ ਸਬੰਧ ਵਿੱਚ ਕਈ ਲੇਖ ਲਿਖੇ। ਇਨ੍ਹਾਂ ਲੇਖਾਂ ਦਾ ਸਿੱਟਾ ਇਹ ਨਿਕਲਿਆ ਕਿ ਬਰਤਾਨੀਆ ਵਿੱਚ ਇੱਕ ਐਜੀਟੇਸ਼ਨ ਸ਼ੁਰੂ ਹੋਈ ਅਤੇ ਹਰ ਪਾਸਿਓਂ ਇਹ ਮੰਗ ਉੱਠੀ ਕਿ ਇਨ੍ਹਾਂ ਸਿੰਘਾਂ ਨੇ ਜੋ ਸੂਰਬੀਰਤਾ ਦਿਖਾਈ ਹੈ, ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਅਖ਼ਬਾਰਾਂ ਨੇ ਇਹ ਮੰਗ ਕੀਤੀ ਕਿ ਇਨ੍ਹਾਂ ਜਵਾਨਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਲਾ-ਜਵਾਬ ਬਹਾਦਰੀ ਦਾ ਸਬੂਤ ਦਿੱਤਾ, ਇੱਕ ਯਾਦਗਾਰ ਬਣਾਈ ਜਾਵੇ ਤਾਂ ਕਿ ਇਹ ਕੁਰਬਾਨੀ ਨਾ ਕਿ ਸਿੱਖ ਫੌਜ ਲਈ ਬਲਿਕ ਸਮੁੱਚੇ ਭਾਰਤ ਲਈ ਮਾਣ ਦੀ ਗੱਲ ਬਣ ਸਕੇ।
ਅਖ਼ਬਾਰ ਵਿਚ ਛਪੇ ਲੇਖਾਂ ਦੇ ਪ੍ਰਤੀਕਰਮ ਦੇ ਸਿੱਟੇ ਵੱਜੋਂ ਇਹ ਫੈਸਲਾ ਕੀਤਾ ਗਿਆ ਕਿ ਵਜ਼ੀਰਸਤਾਨ ਜਿੱਥੇ ਇਨ੍ਹਾਂ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕੇਸਰੀ ਬਾਗ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਇਨ੍ਹਾਂ 21 ਸਿੰਘਾਂ ਫੌਜੀਆਂ ਦੀ ਯਾਦਗਾਰ ਵਿੱਚ ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ਸਾਹਿਬ ਸਥਾਪਤ ਕੀਤੇ ਜਾਣ। ਇਨ੍ਹਾਂ 21 ਸ਼ਹੀਦਾਂ ਵਿੱਚੋਂ ਜ਼ਿਆਦਾ ਸ਼ਹੀਦਾਂ ਦਾ ਸਬੰਧ ਫਿਰੋਜ਼ਪੁਰ ਤੇ ਅੰਮ੍ਰਿਤਸਰ ਨਾਲ ਸੀ। ਇਤਿਹਾਸਕ ਸਾਰਾਗੜ੍ਹੀ ਗੁਰਦੁਆਰਾ ਫਿਰੋਜ਼ਪੁਰ ’ਤੇ 27 ਹਜ਼ਾਰ ਇਕ ਸੌ 18 ਰੁਪਏ ਖਰਚ ਆਏ ਸਨ ਜੋ ਜਨਤਾ ਰਾਹੀਂ ਇਕੱਠੇ ਕੀਤੇ ਗਏ ਸਨ। ਇਹ ਗੁਰਦੁਆਰਾ 1902 ਵਿਚ ਬਣਾਇਆ ਗਿਆ ਅਤੇ ਇਸ ਦਾ ਉਦਘਾਟਨ 18 ਜਨਵਰੀ, 1904 ਨੂੰ ਪੰਜਾਬ ਦੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੁਮਰੀ ਰੀਵਾਜ ਨੇ ਕੀਤਾ ਸੀ।
ਇਹੋ ਜਿਹੀ ਕੁਰਬਾਨੀ ਅਤੇ ਬਹਾਦਰੀ, ਜੋ ਸਿੱਖ ਫੌਜੀਆਂ ਵੱਲੋਂ ਉੱਤਰ-ਪੱਛਮ ਸਰਹੱਦ ’ਤੇ ਵਿਖਾਈ ਗਈ ਪਹਿਲਾਂ ਕਦੇ ਨਹੀਂ ਵੇਖੀ ਗਈ। ਇਸ ਉਪਰੰਤ ਇੰਡੀਅਨ ਹੀਰੋਜ਼ ਫੰਡ ਖੋਲ੍ਹਿਆ ਗਿਆ ਜਿਸ ਵਿੱਚ ਇੰਗਲੈਂਡ ਦੀ ਮਹਾਰਾਣੀ ਅਤੇ ਹੋਰਨਾਂ ਨੇ ਭਾਰਤ ਵਿੱਚ ਅਤੇ ਇੰਗਲੈਂਡ ਵਿੱਚ ਦਿਲ ਖੋਲ੍ਹ ਕੇ ਚੰਦਾ ਦਿੱਤਾ। ਇਨ੍ਹਾਂ 21 ਜਵਾਨਾਂ ਵਿਚ ਹਰ ਇਕ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਕਿ ਉਸ ਸਮੇਂ ਉੱਚ ਸਰਵੋਤਮ ਜੰਗੀ ਇਨਾਮ ਸੀ, ਨਾਲ ਸਨਮਾਨਿਆ ਗਿਆ ਅਤੇ ਇਨ੍ਹਾਂ ਦੀਆਂ ਵਿਧਵਾਵਾਂ ਨੂੰ ਉਸ ਸਮੇਂ ਮੁਤਾਬਕ ਪੈਨਸ਼ਨ ਅਤੇ 500 ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਆਸ਼ਰਿਤਾਂ ਨੂੰ 50-50 ਏਕੜ (ਦੋ-ਦੋ ਮੁਰੱਬੇ) ਜ਼ਮੀਨ ਦਿੱਤੀ ਗਈ ਸੀ। ਇਸ ਯੁੱਧ ਦਾ ਸ਼ੁਮਾਰ ਦੁਨੀਆਂ ਦੇ 10 ਬਿਹਤਰੀਨ ਯੁੱਧਾਂ ਵਿਚ ਕੀਤਾ ਜਾਂਦਾ ਹੈ। ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਇੰਗਲੈਂਡ ਤੇ ਫਰਾਂਸ ਸਮੇਤ ਕਈ ਦੇਸ਼ਾਂ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ।
ਇਨ੍ਹਾਂ ਫੌਜੀਆਂ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਵਿਖੇ 12 ਸਤੰਬਰ ਨੂੰ ਦੀਵਾਨ ਸਜਾਏ ਜਾਂਦੇ ਹਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਇਸ ਦਿਨ ਸੂਬਾ ਸਰਕਾਰ ਵੱਲੋਂ ਮਹਾਨ ਸੂਰਬੀਰ ਸਿੰਘ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਸੂਬਾਈ ਪੱਧਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਆ ਕੇ ਸਿੱਜਦਾ ਕਰਦੇ ਹਨ। ਅੰਤ ਵਿੱਚ ਮੈਂ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਆਓ ਇਨ੍ਹਾਂ ਸੂਰਮਿਆਂ ਦੀ ਕੁਰਬਾਨੀ ਤੋਂ ਪ੍ਰੇਰਣਾ ਲਈਏ ਅਤੇ ਆਪਣੇ ਦੇਸ਼ ਵਿੱਚ ਫੈਲੀਆਂ ਸਮਾਜਿਕ ਅਲਾਮਤਾਂ ਨੂੰ ਦੂਰ ਕਰਨ ਦਾ ਪ੍ਰਣ ਲਈਏ। ਜੈ ਹਿੰਦ ।

ਵਿਜੈ ਗੁਪਤਾ, ਸ. ਸ. ਅਧਿਆਪਕ
ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ (ਫਾਜ਼ਿਲਕਾ)
977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1087 posts

State Awardee, Global Winner

You might also like

Important Days0 Comments

ਪਾਣੀ ਦੀ ਬੱਚਤ ਤੇ ਇਸ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ – (22 ਮਾਰਚ ਵਿਸ਼ਵ ਜਲ ਦਿਵਸ ਤੇ ਵਿਸ਼ੇਸ਼)

ਵਿਸ਼ਵ ਜਲ ਦਿਵਸ, ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ


Print Friendly
Important Days0 Comments

ਦੁਨੀਆਂ ਦੇ 40% ਖਪਤਕਾਰ ਕਰਦੇ ਹਨ ਆਨਲਾਈਨ ਖਰੀਦੋ-ਫਰੋਖਤ (15 ਮਾਰਚ ਜਮਹੂਰੀ ਖਪਤਕਾਰ ਅਧਿਕਾਰ ਦਿਵਸ ਤੇ ਵਿਸ਼ੇਸ਼)

ਜਮਹੂਰੀ ਖਪਤਕਾਰ ਅਧਿਕਾਰ ਦਿਵਸ ਜਾਂ ਅੰਤਰ ਰਾਸ਼ਟਰੀ ਖਪਤਕਾਰ ਦਿਵਸ ਹਰ ਸਾਲ 15 ਮਾਰਚ ਨੂੰ ਸੰਸਾਰ ਭਰ ਵਿੱਚ ਖਪਤਕਾਰਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਲਈ ਮਨਾਇਆ ਜਾਂਦਾ ਹੈ। ਇਸ


Print Friendly
Great Men

ਅੰਗਰੇਜ਼ਾਂ ਨਾਲ ਲੋਹਾ ਲੈਣ ਵਾਲੀ ਰਾਣੀ ਲਕਸ਼ਮੀ ਬਾਈ (ਅੱਜ 18 ਜੂਨ ਬਰਸੀ ਤੇ ਵਿਸ਼ੇਸ਼)

ਵਪਾਰੀ ਬਣ ਕੇ ਆਈ ਈਸਟ ਇੰਡੀਆ ਕੰਪਨੀ ‘ਪਾੜ ਪਾਓ ਅਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ ਭਾਰਤ ਦੀ ਕੰਪਨੀ ਬਹਾਦੁਰ ਬਣ ਗਈ ਅਤੇ ਕੁਝ ਦੇਸੀ ਰਾਜੇ ਉਨ੍ਹਾਂ ਦੇ ਸਾਹਮਣੇ ਦੁਮ


Print Friendly