Print Friendly
ਕੌਮਾਂਤਰੀ ਪੱਧਰ ਤੇ ਇੰਝ ਕੀਤਾ ਜਾਂਦਾ ਹੈ ਨਵੇਂ ਸਾਲ ਦਾ ਸਵਾਗਤ !!!

ਕੌਮਾਂਤਰੀ ਪੱਧਰ ਤੇ ਇੰਝ ਕੀਤਾ ਜਾਂਦਾ ਹੈ ਨਵੇਂ ਸਾਲ ਦਾ ਸਵਾਗਤ !!!

ਹਰ ਸਾਲ ਨਵੇਂ ਵਰ੍ਹੇ ਦੀ ਆਮਦ ਦੇ ਜਸ਼ਨ ਆਸਟ੍ਰੇਲੀਆ ਮਹਾਂਦੀਪ ਤੋਂ ਸ਼ੁਰੂ ਹੋ ਕੇ ਅਮਰੀਕਾ ਮਹਾਂਦੀਪ ਵਿਚ ਸਮਾਪਤ ਹੋ ਜਾਂਦੇ ਹਨ । ਹਰੇਕ ਦੇਸ਼ ਦੇ ਵਾਸੀ ਆਪੋ-ਆਪਣੇ ਢੰਗ ਨਾਲ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਹਨ । ਦੁਨੀਆਂ ਦੇ ਕੁਝ ਦੇਸ਼ ਅਜਿਹੇ ਹਨ ਜਿਹੜੇ ਨਵੇਂ ਵਰ੍ਹੇ ਦੇ ਜਸ਼ਨ ਨੂੰ ਵੱਖਰੇ ਅਤੇ ਦਿਲਚਸਪ ਤਰੀਕੇ ਨਾਲ ਮਨਾਉਂਦੇ ਹਨ ।
ਦੁਨੀਆ ਵਿਚ ਨਵੇਂ ਸਾਲ ਦਾ ਪਹਿਲਾ ਸੂਰਜ ਨਿਊਜ਼ੀਲੈਂਡ ਵਿਚ ਚੜ੍ਹਦਾ ਹੈ । ਨਿਊਜ਼ੀਲੈਂਡ ਦੇ ਨਵੇਂ ਸਾਲ ਨੂੰ ‘ਜੀ ਆਇਆਂ’ ਆਖਣ ਲਈ ਪੂਰਨ ਉਤਸ਼ਾਹ ਜੋਸ਼ ਅਤੇ ਉਮੰਗਾਂ ਦੇ ਨਾਲ ਗਲੀਆਂ ਵਿਚ ਨਿਕਲ ਕੇ ਇਕ-ਦੂਜੇ ਨੂੰ ਵਧਾਈਆਂ ਦਿੰਦੇ ਹਨ । ਆਤਿਸ਼ਬਾਜ਼ੀ ਦੀ ਗੂੰਜ ਨਾਲ ਨਵੇਂ ਸਾਲ ਨੂੰ ‘ਖੁਸ਼ਆਮਦੀਦ’ ਆਖਿਆ ਜਾਂਦਾ ਹੈ ।
ਚੀਨ ਵਿਚ ਨਵੇਂ ਸਾਲ ਮੌਕੇ ਰਸੋਈ ਦੇ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਚੌਲਾਂ ਨਾਲ ਤਿਆਰ ਕੀਤੀ ਗਈ ਖ਼ਾਸ ਕਿਸਮ ਦੀ ਮਿਠਾਈ ਬਣਾਈ ਜਾਂਦੀ ਹੈ । ਇਥੇ ਇਕ ਹੋਰ ਦਿਲਚਸਪ ਰਵਾਇਤ ਹੈ । ਲੋਕ ਨਵੇਂ ਸਾਲ ਵਾਲੇ ਦਿਨ ਨਵੀਆਂ ਚੱਪਲਾਂ ਪਾਉਂਦੇ ਹਨ । ਮਿਆਂਮਾਰ ਵਿਚ ਨਵੇਂ ਸਾਲ ਦਾ ਜਸ਼ਨ ਦੇਖਣ ਵਾਲਾ ਹੁੰਦਾ ਹੈ । ਇਥੇ ਨਵਾਂ ਈਸਵੀ ਸਾਲ ਚੜ੍ਹਨ ‘ਤੇ ‘ਤਿੰਜਾਨ’ ਤਿਓਹਾਰ ਮਨਾਇਆ ਜਾਂਦਾ ਹੈ । ਜਦੋਂ ਨਵਾਂ ਵਰ੍ਹਾ ਆਉਂਦਾ ਹੈ ਤਾਂ ਲੋਕ ਸਭ ਤੋਂ ਪਹਿਲਾਂ ਭਗਵਾਨ ਬੁੱਧ ਦੀਆਂ ਮੂਰਤੀਆਂ ਨੂੰ ਖੁਸ਼ਬੂਦਾਰ ਜਲ ਨਾਲ ਇਸ਼ਨਾਨ ਕਰਵਾ ਕੇ ਪੂਜਾ ਕਰਦੇ ਹਨ ਅਤੇ ਇਸ ਜਲ ਨੂੰ ਪਿਚਕਾਰੀਆਂ ਵਿਚ ਭਰ ਕੇ ਇਕ-ਦੂਜੇ ‘ਤੇ ਸੁੱਟ ਕੇ ਹੋਲੀ ਖੇਡਦੇ ਹਨ ।
ਦੱਖਣੀ ਅਫ਼ਰੀਕਾ ਵਿਚ ਨਵੇਂ ਸਾਲ ‘ਤੇ ‘ਜੁਲੂ’ ਜਾਤੀ ਦੇ ਲੋਕ ਸਮੂਹਿਕ ਵਿਆਹ ਕਰਦੇ ਹਨ । ‘ਕਿਊ ਕਵੇਚਵਾਨਾ’ ਨਾਂਅ ਦਾ ਸਮਾਰੋਹ ਕੀਤਾ ਜਾਂਦਾ ਹੈ ਅਤੇ ਇਥੇ ਇਕ ਬੜਾ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜਦੋਂ ਨਵ-ਵਿਆਹੀਆਂ ਲਾੜੀਆਂ ਨੂੰ ਨਿਹੱਥਿਆਂ ਹੀ ਸਾਨ੍ਹ ਨਾਲ ਲੜਨਾ ਪੈਂਦਾ ਹੈ ।
ਰੋਮ ਵਿਚ ਨਵੇਂ ਸਾਲ ਮੌਕੇ ਤੋਹਫ਼ੇ ਦੇਣ ਦਾ ਪੁਰਾਣਾ ਰਿਵਾਜ ਹੈ । ਆਖਿਆ ਜਾਂਦਾ ਹੈ ਕਿ ਕਿਸੇ ਸਮੇਂ ਰੋਮ ਦੇ ਸਮਰਾਟ ਵਲੋਂ ਇਹ ਸ਼ਾਹੀ ਹੁਕਮ ਜਾਰੀ ਕੀਤੇ ਗਏ ਸਨ ਕਿ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਕਿਸੇ ਨੂੰ ਤੋਹਫ਼ਾ ਦਿੰਦਾ ਫੜਿਆ ਗਿਆ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ । ਇਸੇ ਫ਼ੁਰਮਾਨ ਦੀ ਯਾਦ ਵਿਚ ਰੋਮਨ ਲੋਕ ਅੱਜ ਵੀ ਪਹਿਲੀ ਜਨਵਰੀ ਨੂੰ ਤੋਹਫ਼ਿਆਂ ਦਾ ਲੈਣ-ਦੇਣ ਬੜੀ ਗਰਮਜੋਸ਼ੀ ਨਾਲ ਕਰਦੇ ਹਨ ।
ਇਰਾਕ ਵਿਚ ਨਵੇਂ ਸਾਲ ਦੇ ਤਿਓਹਾਰ ਨੂੰ ‘ਨੌਰੋਜ’ ਆਖਿਆ ਜਾਂਦਾ ਹੈ, ਜਿਸ ਦਾ ਭਾਵ ਹੈ ਨਵਾਂ ਦਿਨ । ਇਸ ਦਿਨ ਪਰਿਵਾਰ ਦੇ ਸਾਰੇ ਜੀਅ ਇਕੱਠੇ ਹੋ ਕੇ ਕਣਕ ਜਾਂ ਜੌਅ ਦੇ ਪੁੰਗਰੇ ਬੀਜਾਂ ਨੂੰ ਇਕ-ਇਕ ਕਰਕੇ ਪਾਣੀ ਵਿਚ ਪਾਉਂਦੇ ਹਨ । ਇਸ ਦੌਰਾਨ ਇਕ ਸ਼ੀਸ਼ਾ, ਅੰਡਾ ਅਤੇ ਮੋਮਬੱਤੀ ਵੀ ਕੋਲ ਰੱਖੀ ਜਾਂਦੀ ਹੈ | ਇਨ੍ਹਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਸ਼ੀਸ਼ੇ ‘ਤੇ ਰੱਖਿਆ ਅੰਡਾ ਉਬਲਣ ਲੱਗਦਾ ਹੈ ਅਤੇ ਪਾਣੀ ਵਿਚ ਪਾਏ ਗਏ ਬੀਜ ਤੈਰਨ ਲੱਗਦੇ ਹਨ । ਇਸ ਪਿੱਛੋਂ ਲੋਕ ਇਕ-ਦੂਜੇ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ-ਕਾਮਨਾਵਾਂ ਦਿੰਦੇ ਹਨ ਅਤੇ ਖੁਸ਼ੀ ਵਿਚ ਨੱਚਣ-ਗਾਉਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ।
ਇਰਾਨ ਵਿਚ ਲੋਕ ਨਵੇਂ ਸਾਲ ਵਾਲੇ ਦਿਨ ਇਕ ਦੂਜੇ ਨੂੰ ਤੋਹਫ਼ੇ ਵਜੋਂ ਅੰਡੇ ਦਿੰਦੇ ਹਨ । ਆਇਰਲੈਂਡ ਵਿਚ ਇਸ ਦਿਨ ਲੋਕ ਪੇਸਟਰੀ ਖਾਂਦੇ ਹਨ । ਸਪੇਨ ਵਿਚ ਲੋਕ 12 ਅੰਗੂਰ ਅੱਧੀ ਰਾਤ ਨੂੰ ਖਾਂਦੇ ਅਤੇ ਨਵੇਂ ਸਾਲ ਦੀਆਂ ਮਨੋਕਾਮਨਾਵਾਂ ਕਰਦੇ ਹਨ । ਜਰਮਨੀ ਵਿਚ ਨਵੇਂ ਸਾਲ ਵਾਲੇ ਦਿਨ ਜੈਮ ਨਾਲ ਭਰੇ ਡੋਨਟਸ ਖਾਣ ਦੀ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਹੈ । ਡੈਨਮਾਰਕ ਵਿਚ ਲੋਕ ਇਸ ਦਿਨ ‘ਕ੍ਰਾਂਸੇਕੇਜ’ ਨਾਂਅ ਦਾ ਡੇਜਰਟ ਬਣਾਉਂਦੇ ਹਨ ਜੋ ਕੋਨ ਦੇ ਆਕਾਰ ਦਾ ਕੇਕ ਹੁੰਦਾ ਹੈ ।
ਜਾਪਾਨ ਵਿਚ ਲੋਕ 31 ਦਸੰਬਰ ਦੀ ਸ਼ਾਮ ਨੂੰ ‘ਬਕਵੀਟ ਨੂਡਲਸ’ ਖਾਂਦੇ ਹਨ । ਉਹ ਇਸ ਨੂੰ ‘ਟੋਸ਼ੀਕੋਸ਼ੀਸੋਬਾ’ ਕਹਿੰਦੇ ਹਨ, ਜਿਸ ਦਾ ਅਰਥ ਹੈ ਸਾਲ ਬੀਤਣ ‘ਤੇ ਖਾਣ ਵਾਲੇ ਨੂਡਲਸ । ਇਥੇ ਨਵੇਂ ਸਾਲ ਦੀ ਆਮਦ ਮੌਕੇ ਅੱਧੀ ਰਾਤ ਨੂੰ 108 ਵਾਰ ਵਜਾਈ ਜਾਣ ਵਾਲੀ ਬੋਧੀ ਮੰਦਿਰਾਂ ਦੀ ਘੰਟੀ ਦੀ ਆਵਾਜ਼ ਸੁਣਦੇ ਹਨ, ਜਿਸ ਨੂੰ ਬੁਰੀਆਂ ਆਤਮਾਵਾਂ ਨੂੰ ਭਜਾਉਣ ਵਾਲੀ ਅਤੇ ਸ਼ੁੱਧੀਕਰਨ ਦੀ ਪ੍ਰਤੀਕ ਮੰਨਿਆ ਜਾਂਦਾ ਹੈ । ਫ਼ਿਲਪਾਈਨਜ਼ ਵਿਚ ਲੋਕ ਪਹਿਲੀ ਜਨਵਰੀ ਨੂੰ ਪੋਲਕਾ ਡਾਟਸ ਵਾਲੇ ਕੱਪੜੇ ਪਾਉਂਦੇ ਅਤੇ ਗੋਲ ਫ਼ਲ ਜਿਵੇਂ ਸੰਤਰਾ ਅਤੇ ਚੈਰੀ ਖਾਂਦੇ ਹਨ ।
ਸਕਾਟਲੈਂਡ ਵਿਚ 31 ਦਸੰਬਰ ਦੀ ਰਾਤ ਨੂੰ 12 ਵੱਜਣ ਤੋਂ ਪਹਿਲਾਂ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਦੇ ਘਰਾਂ ਵਿਚ ਜਾਂਦੇ ਹਨ । ਬਾਰਾਂ ਵੱਜਣ ਤੋਂ ਪਿੱਛੋਂ ਜਿਹੜਾ ਮਹਿਮਾਨ ਸਭ ਤੋਂ ਪਹਿਲਾਂ ਘਰ ਵਿਚ ਦਾਖ਼ਲ ਹੁੰਦਾ ਹੈ ਉਸ ਦਾ ਸਵਾਗਤ ਬੜੇ ਜੋਸ਼ੋ-ਖਰੋਸ਼ ਦੇ ਨਾਲ ਕੀਤਾ ਜਾਂਦਾ ਹੈ ।
ਦੱਖਣ-ਪੂਰਬੀ ਏਸ਼ੀਆ ਦੇ ਬਾਲੀ ਟਾਪੂ ਵਿਚ ਨਵੇਂ ਸਾਲ ਮੌਕੇ ‘ਗਾਲੂੰਗਨ’ ਉਤਸਵ ਮਨਾਇਆ ਜਾਂਦਾ ਹੈ । ਸਾਰੀ ਰਾਤ ਘਰਾਂ ਦੇ ਬਾਹਰ ਦੀਪਮਾਲਾ ਕਰਦੇ ਹਨ । ਅਮਰੀਕਾ ਵਿਚ ਲੋਕ 31 ਦਸੰਬਰ ਦੀ ਰਾਤ ਨੂੰ ਦੇਰ ਤੱਕ ਪਾਰਟੀਆਂ ਵਿਚ ਮਸਰੂਫ਼ ਰਹਿੰਦੇ ਹਨ । ਕੈਨੇਡਾ ਵਿਚ ਪੰਜਾਬੀ ਭਾਈਚਾਰੇ ਵਲੋਂ ਨਵੇਂ ਵਰ੍ਹੇ ਦੀ ਖੁਸ਼ੀ ਵਿਚ ਸੱਭਿਆਚਾਰਕ ਸਮਾਰੋਹ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਪੰਜਾਬ ਤੋਂ ਗਏ ਲੋਕ ਗਾਇਕ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਹਨ ।
ਸਾਡੇ ਭਾਰਤ ਵਿਚ ਵੀ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਜਸ਼ਨ ਮਨਾਏ ਜਾਂਦੇ ਹਨ, ਪ੍ਰੰਤੂ ਭਾਰਤ ਵਿਚ ਨਵੇਂ ਸਾਲ ਦਾ ਸਵਾਗਤ ਕਰਨ ਲਈ ਕੇਵਲ 10 ਕੁ ਪ੍ਰਤੀਸ਼ਤ ਲੋਕ ਹੀ 31 ਦਸੰਬਰ ਦੀ ਰਾਤ ਨੂੰ ਜਾਗਕੇ ‘ਨਵਾਂ ਸਾਲ ਮੁਬਾਰਕ’ ਕਹਿਣ ਦਾ ਅਖੌਤੀ ਵਿਖਾਵਾ ਕਰਦੇ ਹਨ । ਸਾਡੇ ਸਾਹਮਣੇ ਤਾਂ ਚਣੌਤੀਆਂ ਹੀ ਬਹੁਤ ਹਨ- ਭ੍ਰਿਸ਼ਟਾਚਾਰ ਸਾਡੇ ਹੱਡਾਂ ਵਿਚ ਰਚ ਗਿਆ ਹੈ, ਪੜ੍ਹਿਆਂ-ਲਿਖਿਆਂ ਦੀ ਲਾਈਨ ਬਹੁਤ ਲੰਬੀ ਹੋ ਚੁੱਕੀ ਹੈ, ਬੇਰੁਜ਼ਗਾਰੀ ਦਾ ਅਜਗਰ ਫਨ ਚੁੱਕੀ ਖੜ੍ਹਾ ਹੈ, ਗਰੀਬ ਹੋਰ ਗਰੀਬ ਹੋਈ ਜਾ ਰਿਹਾ- ਅਮੀਰ ਛੜੱਪੇ ਮਾਰ-ਮਾਰ ਹੋਰ ਅਮੀਰ ਹੋਈ ਜਾ ਰਿਹਾ- ਇਨ੍ਹਾਂ ਵਿਚਲਾ ਪਾੜਾ ਬਹੁਤ ਵਧ ਰਿਹਾ ਹੈ, ਆਮ ਆਦਮੀ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ, ਸਿੱਖਿਆ ਦਾ ਮਿਆਰ ਦਿਨੋਂ-ਦਿਨ ਨੀਵਾਂ ਹੋ ਰਿਹਾ ਹੈ, ਬੱਚਿਆਂ ਵਿਚ ਨੈਤਿਕਤਾ ਦੀ ਘਾਟ ਆ ਰਹੀ ਹੈ, ਬੁਢਾਪਾ ਰੁਲ ਰਿਹਾ ਹੈ, ਜਵਾਨੀ ਕੁਰਾਹੇ ਪੈ ਚੁੱਕੀ ਹੈ, ਮੁਲਾਜ਼ਮ ਵਰਗ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ, ਕਿਸਾਨੀ ਟੁੱਟੀ ਪਈ ਹੈ, ਮਜ਼ਦੂਰ ਹੱਦੋਂ ਵੱਧ ਬੇਵੱਸ ਨਜ਼ਰ ਆ ਰਿਹਾ, ਖੁਦਕੁਸ਼ੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਅਖੌਤੀ ਬਾਬਿਆਂ ਦਾ ਭਰਮ ਜਾਲ ਫੈਲ ਰਿਹਾ ਹੈ, ਮਾਸੂਮਾਂ ਨਾਲ ਬਲਾਤਕਾਰਾਂ ਦੀਆਂ ਘਟਨਾਵਾਂ ਸਾਨੂੰ ਸ਼ਰਮਸ਼ਾਰ ਕਰ ਰਹੀਆਂ ਹਨ, ਕੁੜੀਆਂ ਦਾ ਘਰੋਂ ਸੁਰੱਖਿਅਤ ਬਾਹਰ ਨਿਕਲਣਾ ਮੁਹਾਲ ਹੋ ਰਿਹਾ ਹੈ, ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਆਪਸੀ ਰਿਸ਼ਤਿਆਂ ਵਿਚ ਤਰੇੜਾਂ ਪੈ ਚੁੱਕੀਆਂ ਹਨ, ਭਾਈਚਾਰਕ ਸਾਂਝ ਟੁੱਟ ਰਹੀ ਹੈ … । ਗੱਲ ਕੀ ਇਨ੍ਹਾਂ ਚੁਣੌਤੀਆਂ ਦੀ ਸੂਚੀ ਕਾਫੀ ਲੰਬੀ ਹੈ । ਸਾਨੂੰ ਇਨ੍ਹਾਂ ਦਾ ਹੱਲ ਵੀ ਆਪ ਹੀ ਕੱਢਣਾ ਪਵੇਗਾ | ਜੇਕਰ ਆਪਾਂ ਕਹੀਏ ਕਿ ਇਹ ਚਣੌਤੀਆਂ ਦਿਨਾਂ ਵਿਚ ਖਤਮ ਹੋ ਜਾਣਗੀਆਂ, ਨਹੀਂ — ਹਰਗਿਜ਼ ਨਹੀਂ । ਪਰ ਹਾਂ, ਜੇਕਰ ਇਕ-ਇਕ ਆਦਮੀ ਇਸ ਨਵੇਂ ਸਾਲ ਦੀ ਸ਼ੁਰੂਆਤ ਕੇਵਲ ਇਨ੍ਹਾਂ ਚਣੌਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੰਕਲਪ ਮਨ ਵਿਚ ਧਾਰਨ ਕਰ ਲਵੇ ਤਾਂ ਅਸੀਂ ਚੁਣੌਤੀਆਂ ਦੇ ਹੱਲ ਵੱਲ ਵਧਣਾ ਸ਼ੁਰੂ ਕਰ ਸਕਦੇ ਹਾਂ, ਇਸ ਦੇ ਲਈ ਸਾਨੂੰ ਆਪਣਾ ਆਪ ਪਛਾਣ ਕੇ ਪਹਿਲ ਕਰਨ ਲਈ ਮੂਹਰੇ ਆਉਣਾ ਹੀ ਪਵੇਗਾ -ਨਹੀਂ ਤਾਂ ਇਹ ਨਵੇਂ ਸਾਲ ਆਉਂਦੇ ਰਹਿਣਗੇ ਤੇ ਜਾਂਦੇ ਰਹਿਣਗੇ, ਅਸੀਂ ਆਪਣੇ ਹੀ ਲੋਟੂ ਭਾਈਆਂ ਕੋਲੋਂ ਲੁੱਟ ਹੁੰਦੇ ਰਹਾਂਗੇ ।
ਅੰਤ ਵਿੱਚ ਇਹੀ ਕਹਾਂਗਾ ਕਿ ਸਾਡੇ ਲਈ ਅਜੇ ਵੀ ਕੁਝ ਕਰਨ ਦਾ ਸਮਾਂ ਹੈ । ਅਸੀਂ ਸੁਪਨਮਈ ਦੁਨੀਆ ਵਿਚੋਂ ਬਾਹਰ ਆਈਏ, ਹਕੀਕਤ ਨੂੰ ਪਛਾਣ ਆਪਣੀ ਯੋਗਤਾ ਅਨੁਸਾਰ ਸੁਪਨੇ ਸੰਜੋਈਏ ਅਤੇ ਜ਼ਿੰਦਗੀ ਵਿਚ ਕਾਮਯਾਬ ਇਨਸਾਨ ਬਣ ਕੇ ਆਪਣੇ ਦੇਸ਼ ਦੀ ਆਣ ਬਾਣ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਦਾ ਪੁਰਜ਼ੋਰ ਯਤਨ ਕਰੀਏ। ਨਵਾਂ ਸਾਲ 2018 ਮੁਬਾਰਕ ! ਜੈ ਹਿੰਦ !!!

ਵਿਜੈ ਗੁਪਤਾ, ਸ.ਸ. ਅਧਿਆਪਕ
ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ)
ਸੰਪਰਕ: 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਭਾਰਤ ਦੀ ਆਜ਼ਾਦੀ ਦਾ ਧਰੂ ਤਾਰਾ ਸ਼ਹੀਦ ਸੁਖਦੇਵ ਥਾਪਰ – 15 ਮਈ ਜਨਮ ਦਿਨ ਤੇ ਵਿਸ਼ੇਸ਼

ਮਹਾਨ ਸ਼ਹੀਦਾਂ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਦੇ ਨਾਂ ਹਮੇਸ਼ਾ ਇਕੱਠੇ ਹੀ ਲਏ ਜਾਣਗੇ। ਸੁਖਦੇਵ, ਭਗਤ ਸਿੰਘ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲਾ ਉਸ ਦਾ ਸਾਥੀ ਹੀ ਨਹੀਂ ਸੀ ਸਗੋਂ


Print Friendly

ਭਾਰਤੀ ਇਤਿਹਾਸ 'ਚ ਅਹਿਮ ਥਾਂ ਰੱਖਦਾ ਹੈ 13 ਅਪ੍ਰੈਲ ਦਾ ਦਿਨ

ਅੰਮ੍ਰਿਤਸਰ- ਅੱਜ ਦਾ ਦਿਨ ਸਾਡੀ ਜ਼ਿੰਦਗੀ ‘ਚ ਇਕ ਖਾਸ ਥਾਂ ਰੱਖਦਾ ਹੈ। ਅੱਜ ਅਸੀਂ ਭਾਰਤ ਵਿਚ ਚੈਨ ਅਤੇ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਅਸੀਂ ਕਈ ਸਾਲਾਂ ਤਾਂ ਅੰਗਰੇਜ਼ਾਂ ਦੇ


Print Friendly

ਵਿਸ਼ਵ ਵਿਰਾਸਤ ਦਿਵਸ (18 ਅਪਰੈਲ) ਤੇ ਵਿਸ਼ੇਸ਼

ਵਿਰਸਾ ਬਜ਼ੁਰਗਾਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਦਿੱਤੀਆਂ ਚੀਜ਼ਾਂ ਹਨ। ਇਹ ਚੀਜ਼ਾਂ ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ (tangible) ਵੀ ਹੋ ਸਕਦੀਆਂ ਹਨ, ਅਤੇ ਇਹ ਚੀਜ਼ਾਂ ਨਾ ਛੋਹੀਆਂ ਜਾਣ ਵਾਲੀਆਂ (intangible) ਵੀ ਹੋ


Print Friendly