Print Friendly
ਭਾਰਤ ਮਾਂ ਦੀ ਲਾਜ ਅਤੇ ਪਤ ਰੱਖਣ ਵਾਲਾ ਪੰਜਾਬ ਦਾ ਸ਼ੇਰ ਸੂਰਮਾ – ਲਾਲਾ ਲਾਜਪਤ ਰਾਏ ( 28 ਜਨਵਰੀ ਜਨਮ ਦਿਨ ਤੇ ਵਿਸ਼ੇਸ਼)

ਭਾਰਤ ਮਾਂ ਦੀ ਲਾਜ ਅਤੇ ਪਤ ਰੱਖਣ ਵਾਲਾ ਪੰਜਾਬ ਦਾ ਸ਼ੇਰ ਸੂਰਮਾ – ਲਾਲਾ ਲਾਜਪਤ ਰਾਏ ( 28 ਜਨਵਰੀ ਜਨਮ ਦਿਨ ਤੇ ਵਿਸ਼ੇਸ਼)

ਜਿਨ੍ਹਾਂ ਦੇਸ਼–ਭਗਤਾਂ ਨੇ ਆਜਾਦੀ ਅੰਦੋਲਨ ‘ਚ ਭਾਗ ਲਿਆ, ਅੰਗਰੇਜੀ ਹਕੂਮਤ ਵਿਰੁਧ ਲੜਾਈ ਲੜੀ ਉਹ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਇਸ ਆਜ਼ਾਦੀ ਨੂੰ ਹਾਸਿਲ ਕਰਨ ਲਈ ਕਿੰਨਾ ਲਹੂ ਵਹਾਇਆ ਅਤੇ ਕਿਨ੍ਹਾਂ ਮੁਸੀਬਤਾਂ ਦਾ ਸਾਹਮਣਾ ਕੀਤਾ। ਜੇ ਅੱਜ ਅਸੀਂ ਇਨ੍ਹਾਂ ਦੇਸ਼–ਭਗਤਾਂ ਦਾ ਨਾਓ ਲੈਣਾ ਚਾਹੀਏ ਤਾਂ ਸਾਡੇ ਸਾਹਮਣੇ ਕਈ ਸੂਰਮਿਆਂ ਦੇ ਨਾਓ ਆਉਂਦੇ ਹਨ, ਜਿਨ੍ਹਾਂ ‘ਚੋ ਜੰਗ–ਏ–ਆਜ਼ਾਦੀ ਦੇ ਮਹਾਨ ਸੂਰਬੀਰ ਯੋਧੇ, ਮੋਗੇ ਜਿਲ੍ਹੇ ਦੇ ਜੰਮਪਲ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਨਾਂ ਅਤਿ ਪ੍ਰਮੁੱਖ ਹੈ। ਲਾਲਾ ਲਾਜਪਤ ਰਾਏ ਭਾਰਤ ਦਾ ਇੱਕ ਪ੍ਰਮੁੱਖ ਸੁਤੰਤਰਤਾ ਸੈਨਾਪਤੀ ਸੀ ਉਨ੍ਹਾਂ ਨੂੰ ਪਿਆਰ ਨਾਲ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ-ਬਾਲ-ਪਾਲ ਵਿਚੋਂ ਇੱਕ ਸਨ। ਸੰਨ 1928 ਵਿੱਚ ਉਨ੍ਹਾਂ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਰਤਾਰ ਸਿੰਘ ਸਰਾਭਾ ਦੀਆਂ ਨਿਮਨਲਿਖਤ ਕਹੀਆਂ ਲਾਈਨਾਂ ਬਿਲਕੁਲ ਸਹੀ ਜਾਪਦੀਆਂ ਹਨ-
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ‘ਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਲਾਲਾ ਲਾਜਪਤ ਰਾਏ ਇੱਕ ਮਹਾਨ ਇਨਕਲਾਬੀ ਸਨ। ਪੰਜਾਬ ਦਾ ਸ਼ੇਰ ਕਹਾਉਣ ਦਾ ਮਾਣ ਖੱਟਣ ਵਾਲੇ ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਇੱਕ ਅਗਰਵਾਲ ਵਪਾਰੀ ਪਿਤਾ ਰਾਧਾ ਕਿਸ਼ਨ ਅਤੇ ਮਾਤਾ ਗੁਲਾਬ ਦੇਵੀ ਦੇ ਘਰ ਪਿੰਡ ਢੁੱਡੀਕੇ ਜਿਲ੍ਹਾ ਮੋਗਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਸਕੂਲ ਵਿੱਚ ਫਾਰਸੀ ਪੜ੍ਹਾਉਂਦੇ ਸਨ। ਉਨ੍ਹਾਂ ਦੀ ਮਾਤਾ ਗੁਲਾਬ ਦੇਵੀ ਅਨਪੜ੍ਹ ਸਨ। ਲਾਲਾ ਜੀ ਦੇ ਬਾਬਾ ਸ੍ਰੀ ਰਲੂ ਰਾਮ ਇੱਕ ਸਧਾਰਨ ਦੁਕਾਨਦਾਰ ਸਨ। ਲਾਲਾ ਜੀ ਦੇ ਪਿਤਾ ਜਿਸ ਸਕੂਲ ਵਿੱਚ ਫਾਰਸੀ ਪੜ੍ਹਾਉਂਦੇ ਸਨ, ਉਸ ਸਕੂਲ ਦੇ ਪ੍ਰਿੰਸੀਪਲ ਇੱਕ ਮੁਸਲਮਾਨ ਮੌਲਵੀ ਸਨ। ਇਸ ਮੁਸਲਮਾਨ ਮੌਲਵੀ ਦਾ ਰਾਧਾ ਕਿਸ਼ਨ ਦੇ ਜੀਵਨ ਤੇ ਬਹੁਤ ਪ੍ਰਭਾਵ ਸੀ, ਜਿਸ ਕਾਰਣ ਆਪ ਨਮਾਜ਼ ਵੀ ਪੜ੍ਹਦੇ ਸਨ ਤੇ ਰੋਜ਼ਾ ਵੀ ਰੱਖਦੇ ਸਨ। ਇਸ ਦੇ ਉਲਟ ਲਾਲਾ ਜੀ ਦੇ ਮਾਤਾ ਗੁਲਾਬ ਦੇਵੀ ਜੀ ਦਾ ਪਰਿਵਾਰ (ਮਾਂ, ਪਿਉ ਤੇ ਭਰਾ) ਗੁਰਸਿੱਖ ਸਨ। ਉਹ ਅੰਮ੍ਰਿਤ ਵੇਲੇ ਰੋਜ਼ਾਨਾ ਬਾਣੀ ਪੜ੍ਹਦੇ ਸਨ। ਲਾਲਾ ਲਾਜਪਤ ਰਾਏ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿਤਾ ਦੇ ਸਕੂਲ ਰੋਪੜ ਵਿੱਚ ਹੀ ਕੀਤੀ। ਆਪ ਬਚਪਨ ਵਿੱਚ ਬਹੁਤ ਹੀ ਕਮਜ਼ੋਰ ਸਨ। ਉਨ੍ਹੀ ਦਿਨੀ ਮਲੇਰੀਏ ਦਾ ਬੜਾ ਜ਼ੋਰ ਸੀ। ਜਿਸ ਕਾਰਣ ਪੂਰਾ ਪਰਿਵਾਰ ਬੁਖਾਰ ਨਾਲ ਪੈ ਜਾਂਦਾ ਸੀ। ਇਸ ਸਭ ਦੇ ਬਾਵਜੂਦ ਆਪ ਪੜਾਈ ਵਿੱਚ ਬਹੁਤ ਹੋਸ਼ਿਆਰ ਸਨ ਤੇ ਕਲਾਸ ਵਿੱਚੋਂ ਫਸਟ ਆਉਂਦੇ ਸਨ। ਇਸ ਲਈ ਆਪ ਨੇ ਕਈ ਇਨਾਮ ਵੀ ਹਾਸਲ ਕੀਤੇ। ਅੱਠਵੀਂ ਦੀ ਪੜ੍ਹਾਈ ਆਪ ਲਾਹੌਰ ਪੜ੍ਹਨ ਲਈ ਚਲੇ ਗਏ। ਲਾਹੌਰ ਤੋਂ ਫਿਰ ਦਿੱਲੀ ਚਲੇ ਗਏ। ਜਿੱਥੇ ਮਲੇਰੀਆ ਵੀ ਆਪ ਦੇ ਨਾਲ ਹੀ ਗਿਆ ਤੇ ਆਪ ਉੱਥੇ ਵੀ ਬੀਮਾਰ ਹੀ ਰਹੇ। 1877 ਵਿੱਚ ਆਪ ਜੀ ਦਾ ਵਿਆਹ ਹੋ ਗਿਆ। ਉਸ ਸਮੇਂ ਆਪ ਜੀ ਦੀ ਉਮਰ ਸਿਰਫ ਬਾਰ੍ਹਾਂ ਸਾਲ ਸੀ। 1880 ਨੂੰ ਉਹਨਾਂ ਦੇ ਪਿਤਾ ਦੀ ਬਦਲੀ ਅੰਬਾਲੇ ਵਿੱਚ ਹੋ ਗਈ। ਇਸ ਦੌਰਾਨ ਹੀ ਲਾਲਾ ਜੀ ਨੂੰ ਬੀਮਾਰੀ ਤੋਂ ਮੁੱਕਤੀ ਮਿਲੀ। ਸੰਨ 1881 ਨੂੰ ਲਾਲਾ ਜੀ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਸੰਨ 1881 ਵਿੱਚ ਹੀ ਲਾਲਾ ਜੀ ਲਾਹੌਰ ਦੇ ਕਾਲਜ ਵਿੱਚ ਦਾਖਲ ਹੋ ਗਏ ਤੇ ਹੌਸਟਲ ਵਿੱਚ ਰਹਿਣ ਲੱਗੇ। ਲਾਲਾ ਜੀ ਨੂੰ ਘਰੋਂ ਪੂਰਾ ਖਰਚਾ ਨਹੀ ਮਿਲਦਾ ਸੀ, ਜਿਸ ਲਈ ਕਈ ਵਾਰ ਉਹ ਭੁੱਖੇ ਹੀ ਸੁੱਤੇ ਤੇ ਵਜੀਫੇ ਦੇ ਸਿਰ ਤੇ ਪੜ੍ਹਾਈ ਕਰਦੇ ਰਹੇ। ਲਾਲਾ ਜੀ ਕਾਨੂੰਨ ਦੀ ਪੜ੍ਹਾਈ ਵਿੱਚ ਯੂਨੀਵਰਸਿਟੀ ਭਰ ਵਿੱਚੋਂ ਤੀਜੇ ਸਥਾਨ ਤੇ ਰਹੇ ਜੋ ਆਪ ਵਾਸਤੇ ਬੜੀ ਮਾਣ ਵਾਲੀ ਗੱਲ ਸੀ। ਲਾਲਾ ਜੀ ਨਾ ਸਿਰਫ ਮਹਾਨ ਸ਼ਖਸ਼ੀਅਤ ਅਤੇ ਰਾਸ਼ਟਰਵਾਦੀ ਹੀ ਸਨ ਸਗੋ ਭਾਰਤ ਮਾਂ ਦੇ ਮਹਾਨ ਸਪੂਤ ਵੀ ਸਨ। ਲਾਲਾ ਜੀ ਬਾਰੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ,”ਲਾਲਾ ਜੀ ਇਕ ਵਿਅਕਤੀ ਨਹੀਂ ਬਲਕਿ ਆਪਣੇ ਆਪ ‘ਚ ਇਕ ਸੰਸਥਾ ਸਨ।
ਪੇਸ਼ੇ ਵਜੋਂ ਵਕੀਲ ਲਾਲਾ ਲਾਜਪਤ ਰਾਏ ਜੀ ਜਦੋਂ1913–14’ਚ ਪਹਿਲੀ ਵਿਸ਼ਵ ਜੰਗ ਦੌਰਾਣ ਅਮਰੀਕਾ ਗਏ ਤਾਂ ਉਥੇ ਉਨ੍ਹਾਂ ਨੇ ਉਥੋਂ ਦੇ ਲੋਕਾਂ ਨੂੰ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਇਕ ਚੰਗੇ ਵਕੀਲ ਵਾਂਗੂ ਜਾਣੂ ਕਰਵਾਇਆ। ਆਪਣਾ ਕੇਸ ਉਨ੍ਹਾਂ ਨੇ ਲੋਕ ਅਦਾਲਤ ‘ਚ ਪੇਸ਼ ਕੀਤਾ। ਉਨ੍ਹਾਂ ਦੀ ਆਵਾਜ਼ ‘ਚ ਕਰਿਸ਼ਮਾਈ ਖਿੱਚ ਸੀ। ਇਹ ਪਹਿਲਾ ਮੋਕਾ ਸੀ ਜਦੋਂ ਪੱਛਮ ਦੇ ਲੋਕਾਂ ਨੂੰ ਭਾਰਤ ਦਾ ਦ੍ਰਿਸ਼ਟੀਕੋਣ ਇਕ ਭਾਰਤੀ ਦੀ ਜ਼ੁਬਾਨੋ ਸੁਨਣ ਦਾ ਮੋਕਾ ਮਿਲਿਆ। ਲਾਲਾ ਜੀ ਨੇ ਇਸ ਮੋਕੇ ਦਾ ਰੱਜਵਾਂ ਫਾਇਦਾ ਉਠਾਇਆ। ਹਿੰਦੋਸਤਾਨ ਦੀ ਅਵਾਜ਼ ਨੂੰ ਪੱਛਮ ਦੇ ਲੋਕਾਂ ਦੇ ਘਰ–ਘਰ ਪੰਹੁਚਾਉਣ ਲਈ ਲਾਲਾ ਜੀ ਨੇ ਉਥੇ ਹੀ ਯੰਗ ਇੰਡੀਆ ਨਾਮਕ ਅਖ਼ਬਾਰ ਛਾਪਣੀ ਸ਼ੁਰੂ ਕੀਤੀ। ਉਨ੍ਹਾਂ ਨੇ ਹੋਮ ਰੂਲ ਲੀਗ ਦੀ ਸਥਾਪਨਾ ਵੀ ਕੀਤੀ ਅਤੇ 1914 ਤੋਂ 1920 ਤੱਕ ਇੰਗਲੈਡ, ਜਾਪਾਨ ਅਤੇ ਅਮਰੀਕਾ ‘ਚ ਰਹੇ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਲੋਕਾਂ ਨੂੰ ਸੁਚੇਤ ਅਤੇ ਜਾਗਰੁਕ ਕਰਦੇ ਰਹੇ।
ਇਕੇ ਹੀ ਬਸ ਨਹੀਂ, ਜਦੋਂ ਹਿੰਦੋਸਤਾਨ ਨੂੰ ਭੰਡਣ ਵਾਸਤੇ ਮਿਸ ਮਿਓ ਨੇ ‘ਭਾਰਤ ਮਾਤਾ’ ਪੁਸਤਕ ਲਿਖੀ ਤਾਂ ਲਾਲਾ ਜੀ ਨੇ ਇਸ ਦਾ ਕਰਾਰਾ ਜਵਾਬ ਦੇਣ ਖਾਤਰ ‘ਦੁਖੀ ਭਾਰਤ’ ਲਿਖ ਕੇ ਜਿੱਥੇ ਅੰਗਰੇਜਾਂ ਨੂੰ ਜਬਰਦਸਤ ਉੱਤਰ ਦਿੱਤਾ ਉੱਥੇ ਭਾਰਤੀਆਂ ਦਾ ਮਾਣ ਵੀ ਵਧਾਇਆ।
ਲਾਲਾ ਜੀ ਆਪਣੇ ਸਮੇਂ ‘ਚ ਇਕ ਦਾਨੀ ਸੱਜਣ ਅਤੇ ਗਰਮ ਕ੍ਰਾਂਤੀਕਾਰੀ ਗਰਮ ਦਲੀਏ ਦੇ ਰੂਪ ‘ਚ ਪਹਿਚਾਣੇ ਜਾਂਦੇ ਸਨ। ਲਾਲ–ਬਾਲ–ਪਾਲ ਨਾਂ ਤੇ ਆਪ ਜੀ ਦੀ ਤਿਕੜੀ ਵਿਸ਼ਵ ਪ੍ਰਸਿਧ ਹੈ। 1905 ‘ਚ ਜਦੋਂ ਇੰਗਲੈਂਡ ‘ਚ ਸੰਸਦ ਦੀਆਂ ਚੌਣਾਂ ਹੋਣ ਵਾਲੀਆਂ ਸਨ ਤਾਂ ਉਥੋ ਦੇ ਲੋਕਾਂ ਨੂੰ ਸਹੀ ਭਾਰਤੀ ਦ੍ਰਿਸ਼ਟੀਕੌਣ ਨਾਲ ਜਾਣੂ ਕਰਵਾਉਣ ਲਈ ਕਾਂਗਰਸ ਵਲੋਂ ਭੇਜੇ ਗਏ ਵਫਦ ਦੇ ਮੁੱਖੀ ਲਾਲਾ ਜੀ ਹੀ ਸਨ।
ਆਪ ਨੇ ਗਰੀਬਾਂ ਅਤੇ ਮਜ਼ਦੂਰਾਂ ਦੀ ਹਾਲਤ ਨੂੰ ਸੁਧਾਰਣ ਲਈ ਕਈ ਕੋਸ਼ਿਸ਼ਾ ਕੀਤੀਆਂ। ਵਿੱਦਿਆ ਦੇ ਪਸਾਰ ਲਈ ਕਈ ਸਕੂਲ ਅਤੇ ਕਾਲਜ ਖੋਲੇ। ਆਪ ਜੀ ਨੇ ਆਪਣੇ ਪਿਤਾ ਮੁੰਸ਼ੀ ਰਾਧਾ ਕ੍ਰਿਸ਼ਨ ਜੀ ਦੀ ਯਾਦ ‘ਚ 1913 ‘ਚ ਜਗਰਾਓ ‘ਚ ਆਰ.ਕੇ.ਹਾਈ ਸਕੂਲ ਦੀ ਸਥਾਪਨਾ ਕੀਤੀ। ਇਹ ਸਕੂਲ ਅੱਜ ਵੀ ਇਲਾਕੇ ਦੀ ਸੇਵਾ ਕਰ ਰਿਹਾ ਹੈ। ਇਸ ਦੇ ਇਕ ਹਿੱਸੇ ‘ਚ ਹੁਣ ਕਾਲਜ ਸਥਾਪਿਤ ਹੋ ਚੁੱਕਾ ਹੈ ਜਿਹੜਾ ਪਹਿਲਾਂ ਲਾਜਪਤ ਰਾਏ ਮੈਮੋਰੀਅਲ ਕਾਲਜ ਅਤੇ ਹੁਣ ਲਾਜਪਤ ਰਾਏ ਡੀ.ਏ. ਵੀ. ਕਾਲਜ ਦੇ ਨਾਂ ਨਾਲ ਜਾਦਿਆ ਜਾਂਦਾ ਹੈ।
13 ਅਪ੍ਰੈਲ 1919 ਦੀ ਦਿਲ ਕੰਬਾਊ ਘਟਨਾ ਸਮੇਂ ਆਪ ਨਿਊਯਾਰਕ ਵਿੱਚ ਸਨ। ਇਸ ਘਟਨਾ ਨੇ ਆਪ ਨੂੰ ਝੰਜੋੜ ਕੇ ਰੱਖ ਦਿੱਤਾ। ਆਪ ਨੁੰ ਇਸ ਭਿਆਨਕ ਕਤਲੇਆਮ ਦਾ ਬਹੁਤ ਦੁੱਖ ਹੋਇਆ। ਜਦੋਂ 1920 ਨੂੰ ਆਪ ਦੇਸ਼ ਵਾਪਸ ਆਏ ਤਾਂ ਆਪ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ “ਜਲਿਆ ਵਾਲਾ ਬਾਗ ਸਦਾ ਸਾਡੇ ਮਨਾ ਤੇ ਉੱਕਰਿਆ ਰਹੇਗਾ। ਇਸ ਮੰਦਰ ਤੇ ਅਸੀ ਫੁੱਲ ਚੜ੍ਹਾਉਂਦੇ ਰਹਾਂਗੇ ਜਦੋ ਤੱਕ ਗਲਤੀ ਨੂੰ ਸੋਧਿਆ ਨਹੀ ਜਾਂਦਾ। ਫਿਰ ਦਸੰਬਰ 1921 ਨੂੰ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਅੰਗਰੇਜ ਹਕੂਮਤ ਨੇ ਜਬਰ ਜੁਲਮ ਦੀ ਨੀਤੀ ਅਪਣਾਈ ਰੱਖੀ। ਆਪ ਨੇ ਅਜ਼ਾਦੀ ਦੇ ਇਸ ਸੰਘਰਸ਼ ਲਈ ਜੇਲਾਂ ਵੀ ਕੱਟੀਆਂ। 1921 ਦੇ ਅਖੀਰ ਤੋਂ ਲੈ ਕੇ 1923 ਤੱਕ ਆਪ ਲਗਭਗ 21 ਮਹੀਨੇ ਜੇਲ੍ਹਾਂ ਵਿੱਚ ਰਹੇ। ਆਪ 1923 ਅਗਸਤ ਦੇ ਮਹੀਨੇ ਜੇਲ ਤੋਂ ਰਿਹਾਅ ਹੋਏ। ਜੇਲ ਵਿੱਚ ਰਹਿਣ ਕਾਰਣ ਆਪ ਦੀ ਸਿਹਤ ਵਿੱਚ ਕੁਝ ਖਰਾਬੀ ਆ ਗਈ ਸੀ ਇਸ ਲਈ ਆਪ ਸੋਲਨ ਚਲੇ ਗਏ। ਉੱਥੋਂ ਵਾਪਸ ਆਉਣ ਸਾਰ ਹੀ 1924 ਨੂੰ ਆਪ ਫਿਰ ਇੰਗਲੈਂਡ ਚਲੇ ਗਏ ਅਤੇ ਉਸ ਦੌਰਾਨ ਪਾਰਟੀ ਦੇ ਉਦੇਸ਼ ਦੀ ਪੂਰਤੀ ਲਈ ਲੜਦੇ ਰਹੇ ਤੇ ਪਾਰਟੀ ਦੇ ਮੁੱਖ ਉਦੇਸ਼ਾ ਦੀ ਵਿਆਖਿਆ ਕਰਦੇ ਰਹੇ। 1922 ਤੋਂ 1927 ਤੱਕ ਹਿੰਦੂ ਮੁਸਲਮਾਨ ਫਸਾਦਾਂ ਦੌਰਾਨ ਦੇਸ਼ ਦੇ ਹਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਸਨ। ਸਾਰੇ ਪਾਸੇ ਹਾਲਦੁਹਾਈ ਮੱਚੀ ਹੋਈ ਸੀ। 1927 ਦੌਰਾਨ 13 ਹਿੰਦੂ ਮੁਸਲਮਾਨ ਫਸਾਦ ਹੋ ਚੁੱਕੇ ਸਨ।
1927 ਵਿੱਚ ਹੀ ਬਰਤਾਨਵੀਂ ਸਰਕਾਰ ਨੇ ਸੱਤ ਮੈਂਬਰਾਂ ਦਾ ਇੱਕ ਕਮਿਸ਼ਨ ਨਿਯੁਕਤ ਕੀਤਾ ਗਿਆ ਜੋ ਭਾਰਤ ਆਉਣ ਲਈ ਤਿਆਰ ਸੀ, ਪਰ ਇਸ ਕਮਿਸ਼ਨ ਵਿੱਚ ਕਿਸੇ ਭਾਰਤੀ ਮੂਲ ਦੇ ਮੈਂਬਰ ਨੂੰ ਨਿਯੁਕਤ ਨਹੀ ਸੀ ਕੀਤਾ ਗਿਆ। ਜਿਸ ਨਾਲ ਸਾਰੇ ਦੇਸ਼ ਵਿੱਚ ਰੋਸ ਦੀ ਲਹਿਰ ਦੌੜ ਗਈ। ਇਸੇ ਦੌਰਾਨ ਹੀ ਲੋਕਾਂ ਵਿੱਚ ਏਕਤਾ ਦਾ ਚੰਗਾ ਅਵਸਰ ਬਣਿਆ ਤੇ ਮੁਸਲਿਮ ਲੀਗ ਤੇ ਸਰਵ ਭਾਰਤੀ ਹਿੰਦੂ ਮਹਾਂਸਭਾ ਨੇ ਸਾਈਮਨ ਦਾ ਬਾਈਕਾਟ ਕਰਣ ਦਾ ਮਨ ਬਣਾਇਆ ਇਸ ਲਈ ਕਾਂਗਰਸ ਨੂੰ ਸਹਿਯੋਗ ਦੇਣ ਦਾ ਇਕਰਾਰ ਕੀਤਾ। ਲਾਲਾ ਜੀ ਨੇ ਸਾਈਮਨ ਦਾ ਬਾਈਕਾਟ ਕਰਨ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਲਾਲਾ ਜੀ ਆਪ ਸਾਈਮਨ ਦੇ ਬਾਈਕਾਟ ਦੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ। ਸਾਈਮਨ ਦੀ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕਰਨ ਸਮੇਂ ਸੈਕਰੇਟਰੀ ਆਫ ਸਟੇਟ ਲਾਰਡ ਬਰਕਨ ਹੈਡ ਨੇ 24 ਨਵੰਬਰ 1927 ਨੂੰ ਲਾਰਡ ਸਦਨ ਵਿੱਚ ਇੱਕ ਭਾਸ਼ਣ ਦਿੱਤਾ ਸੀ ਉਸਨੇ ਆਪਣਾ ਸੰਵਿਧਾਨ ਆਪ ਬਣਾਉਣ ਸਬੰਦੀ ਭਾਰਤ ਦੀ ਸੁਯੋਗਤਾ ਦਾ ਮਜ਼ਾਕ ਉਡਾਇਆ ਸੀ। ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਈਮਨ ਕਮਿਸ਼ਨ ਨੇ ਭਾਰਤ ਆਉਣਾ ਸੀ। 30 ਅਕਤੂਬਰ 1928 ਨੂੰ ਜਦੋਂ ਸਾਇਮਨ ਕਮੀਸ਼ਨ ਭਾਰਤ ਆਇਆ ਤਾਂ ਅੰਗਰੇਜੀ ਹਕੂਮਤ ਨੇ ਲੋਕਾਂ ‘ਚ ਪਨਪ ਰਹੇ ਗੁੱਸੇ ਅਤੇ ਰੋਹ ਨੂੰ ਭਾਂਪਦੇ ਹੋਏ ਲਾਹੌਰ ‘ਚ ਧਾਰਾ 144 ਲਗਾਂ ਦਿੱਤੀ ਪਰ ਭਾਰਤ ਮਾਂ ਦੇ ਸਪੂਤ ਨਾ ਟਲੇ ਅਤੇ ਲਾਲਾ ਜੀ ਨੇ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਾਰੀ ਭਰਕਮ ਜਲਸੇ ਨੂੰ ਸੰਬੋਧਨ ਕੀਤਾ ਤੇ ਇਸ ਜਲਸੇ ਦੀ ਅਗਵਾਈ ਕੀਤੀ। ਇਸ਼ ਸ਼ਾਤਮਈ ਜਲੂਸ ਦੇ ਨਾਲ-ਨਾਲ ਸਾਈਮਨ ਕਮੀਸ਼ਨ ਗੋ-ਬੈਕ ਦੇ ਨਾਅਰਿਆਂ ਨਾਲ ਉਸਦਾ ਜਬਰਦਸਤ ਵਿਰੋਧ ਕੀਤਾ। ਇਸ ਸ਼ਾਂਤਮਈ ਜਲੂਸ ਤੇ ਅੰਗਰੇਜ਼ ਸਰਕਾਰ ਦੇ ਹੁਕਮ ਤੇ ਲਾਲਾ ਜੀ ਤੇ ਲਾਠੀਆਂ ਵਰਸਾਈਆਂ ਗਈਆਂ, ਪਰ ਸਿਰੜੀ ਤੇ ਹਿੰਮਤੀ ਲਾਲਾ ਜੀ ਡਾਂਗਾ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵੱਧ ਰਹੇ ਸਨ। ਲਾਠੀਆਂ ਦੇ ਜ਼ੋਰ ਨੇ ਲਾਲਾ ਜੀ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਆਪ ਜੀ ਦੇ ਸਿਰ ਵਿੱਚੋਂ ਖੁਨ ਵਹਿ ਰਿਹਾ ਸੀ। ਲਾਲਾ ਜੀ ਨੇ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਲਾਲਾ ਜੀ ਵਲੋਂ ਕਹੇ ਸ਼ਬਦ:– “ਮੇਰੇ ਸਰੀਰ ਉੱਤੇ ਪਈ ਇਕ-ਇਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫਨ ਦਾ ਕਿੱਲ ਬਣੇਗੀ।” , ਨੂੰ ਕੌਣ ਭੁਲਾ ਸਕਦਾ ਹੈ? ਲਾਲਾ ਜੀ ਨੇ ਕਿਹਾ ਕਿ ‘ਜੇ ਕੋਈ, ਹਿੰਸਾਤਮਕ ਕ੍ਰਾਂਤੀ ਆ ਜਾਂਦੀ ਹੈ ਤਾਂ ਉਸ ਲਈ ਅੰਗਰੇਜ਼ ਸਰਕਾਰ ਖੁੱਦ ਜ਼ਿੰਮੇਵਾਰ ਹੋਵੇਗੀ।’ ਅਖੀਰ ਡਾਗਾਂ ਦੀ ਚੋਟ ਨਾ ਸਹਾਰਦੇ ਹੋਏ ਲਾਲਾ ਲਾਜਪਤ ਰਾਏ ਜੀ 17 ਨਵੰਬਰ 1928 ਦੀ ਸਵੇਰ ਨੂੰ ਆਪਣੇ ਸੋਹਣੇ ਵਤਨ ਲਈ ਸ਼ਹੀਦੀ ਜ਼ਾਮ ਪੀ ਗਏ। ਅਤੇ ਲਾਲਾ ਜੀ ਦੀ ਕਹੀ ਗੱਲ ਸਾਰਥਕ ਸਿੱਧ ਹੋਈ। ਉਨ੍ਹਾਂ ਦੇ ਬਲਿਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ। ਲਾਲਾ ਜੀ ਦੀ ਸ਼ਹੀਦੀ ਤੇ ਸਾਰਾ ਦੇਸ਼ ਗਮਗੀਨ ਸੀ। ਉਨ੍ਹਾਂ ਵਲੋਂ ਰਾਸ਼ਟਰ ਲਈ ਕੀਤੇ ਕੰਮਾਂ ਨੂੰ ਕੌਣ ਭੁਲਾ ਸਕਦਾ ਹੈ? ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆ ਨੇ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਸੀ। ਲਾਲਾ ਲਾਜਪਤ ਰਾਏ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮਹਾਨ ਇਨਕਲਾਬੀ ਵਜੋਂ ਹਮੇਸ਼ਾਂ ਯਾਦ ਕੀਤੇ ਜਾਂਦੇ ਰਹਿਣਗੇ।
ਜਗਰਾਓ ਲਾਲਾ ਜੀ ਦਾ ਜੱਦੀ ਸ਼ਹਿਰ ਹੈ। ਇਥੋ ਦੇ ਹੀ ਮਿਸਰਪੁਰਾ ਮੁਹਲੇ ‘ਚ ਲਾਲਾ ਜੀ ਨੇ ਆਪਣੀ ਜਿੰਦਗੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਮਕਾਨ ਅੱਜ ਵੀ ਇਥੇ ਸਥਿਤ ਹੈ। 1989 ‘ਚ ਲਾਲਾ ਜੀ ਦੇ ਇਸ ਘਰ ਨੂੰ ਪੰਜਾਬ ਸਰਕਾਰ ਨੇ ਰਾਸ਼ਟਰੀ ਜਾਇਦਾਦ ਘੋਸ਼ਿਤ ਕਰ ਦਿੱਤਾ ਸੀ ਅਤੇ ਇਸ ਘਰ ਦੇ ਨੇੜੇ ਹੀ ਇਕ ਮਿਉਜ਼ਿਅਮ ਕਮ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਲਾਲਾ ਜੀ ਦੀ ਯਾਦ ਨੂੰ ਲੋਕਾਂ ‘ਚ ਤਰੋਤਾਜ਼ਾ ਕੀਤਾ ਸੀ।
ਅੱਜ ਹਾਲਾਤ ਕੀ ਤੋਂ ਕੀ ਹੋ ਗਏ ਹਨ? ਉਨ੍ਹਾਂ ਵੇਲਿਆਂ ਨੂੰ ਅੱਜ ਵੀ ਬਜ਼ੁਰਗ ਚੇਤੇ ਕਰਦੇ ਹਨ। ਸਾਡਾ ਪੰਜਾਬ ਕੀ ਸੀ, ਕੀ ਹੋ ਗਿਆ ਹੈ ਅਤੇ ਕਿਧਰ ਵੱਲ ਨੂੰ ਜਾ ਰਿਹਾ ਹੈ! ਅੱਜ ਦੇ ਹਾਲਾਤ ਵੇਖ ਕੇ ਦੇਸ਼ ਵਾਸੀ ਮੁੜ ਉਨ੍ਹਾਂ ਦੇਸ਼–ਭਗਤਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ:–
ਤੇਰੇ ਨਾ ਦੀ ਗਾਉੁਂਦੇ ਨੇ ਲੋਕ ਗਾਥਾ, ਸਾਰੇ ਦੇਸ਼ਵਾਸੀ ਨੇ ਤੈਨੂੰ ਪਿਆਰ ਕਰਦੇ।
ਟੁੱਟੇ ਦਿਲ ਪੰਜਾਬੀਆਂ ਦੇ ਅੱਜ ਲਾਜਪਤ, ਤੇਰਾ ਮੁੜ ਤੋਂ ਨੇ ਇੰਤਜ਼ਾਰ ਕਰਦੇ ।।
ਫਿਰ ਅੱਜ ਇਹ ਸੋਚਣ ਵਾਲੀ ਗੱਲ ਹੈ ਕਿ ਦੇਸ਼ ਉੱਤੇ ਮਰ ਮਿਟਣ ਵਾਲੇ ਅਜਿਹੇ ਦੇਸ਼–ਭਗਤਾਂ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ, ਕੀ ਉਹ ਅੱਜ ਉਨ੍ਹਾਂ ਨੂੰ ਮਿਲ ਰਿਹਾ ਹੈ? ਸਿਰਫ ਲਾਲਾ ਜੀ ਦੇ ਜੱਦੀ ਸ਼ਹਿਰ ਜਗਰਾਓ ‘ਚ ਹੀ ਨਹੀਂ ਸਗੋਂ ਹੋਰ ਸ਼ਹਿਰਾਂ ‘ਚ ਵੀ ਲਾਲਾ ਜੀ ਦੇ ਬੁੱਤ ਲਗੇ ਹੋਏ ਹਨ। ਕੀ ਉਸ ਸ਼ਹਿਰ ਦੇ ਕਿਸੇ ਮੁਅਜਿਜ ਵਿਅਕਤੀ ਨੇ, ਕਿਸੇ ਸਰਕਾਰੀ ਅਧਿਕਾਰੀ ਨੇ, ਉਸ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਨੇ ਜਾਂ ਕਿਸੇ ਕੌਂਸਲਰ ਨੇ ਅਜਿਹੇ ਬੁੱਤਾਂ ਅੱਗੇ ਕਦੇ ਸ਼ਰਧਾ ਨਾਲ ਸਿਰ ਝੁਕਾਇਆ ਹੈ? ਲਾਲਾ ਜੀ ਦੇ ਨਾਂ ਤੇ ਬਣੇ ਸਕੂਲਾਂ–ਕਾਲਜਾਂ ਦੇ ਪ੍ਰਿੰਸੀਪਲਾਂ ਨੇ, ਅਧਿਆਪਕਾਂ ਨੇ ਜਾਂ ਕਿਸੇ ਵਿਦਿਆਰਥੀ ਨੇ ਉਨ੍ਹਾਂ ਦੀ ਫੋਟੋ ਜਾਂ ਮੂਰਤੀ ਅੱਗੇ ਝੁੱਕ ਕੇ ਪ੍ਰਣਾਮ ਕੀਤਾ ਹੈ? ਕੀ ਉਨ੍ਹਾਂ ਦੇ ਬੁੱਤ ਤੇ ਪਈ ਧੂੜ–ਮਿੱਟੀ ਨੂੰ ਕਿਸੇ ਨੇ ਸਾਫ ਕਰਨ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ? ਕੀ ਕਿਸੇ ਨੇ ਆਪਣਾ ਜੀਵਨ ਲਾਲਾ ਜੀ ਵਰਗਾ ਬਣਾਉਣ ਦਾ ਹੀਆ ਭਰਿਆ ਹੈ? ਲਾਲਾ ਜੀ ਨੇ ਅਰਥਵਿਵਸਥਾ ਦੇ ਸੁਧਾਰ ਲਈ ‘ਪੰਜਾਬ ਨੈਸ਼ਨਲ ਬੈਂਕ’ ਦੀ ਸਥਾਪਨਾ ਕੀਤੀ ਸੀ। ਕੀ ਇਸ ਬੈਂਕ ਨੇ ਲਾਲਾ ਜੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਪ੍ਰੋਗਰਾਮ ਉਲੀਕਿਆ ਹੈ?
ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਕੀ ਆਉਣ ਵਾਲੀਆ ਪੀੜ੍ਹੀਆਂ ਲਾਲਾ ਜੀ ਜਾਂ ਉਨ੍ਹਾਂ ਵਰਗੇ ਮਹਾਨ ਦੇਸ਼–ਭਗਤ ਸੂਰਮਿਆ ਦਾ ਨਾਂ ਨਹੀਂ ਭੁੱਲ ਜਾਣਗੀਆਂ? ਇਸ ਲਈ ਬੇਨਤੀ ਹੈ ਕਿ ਅਜਿਹੇ ਦੇਸ਼–ਭਗਤ ਸੂਰਮਿਆਂ ਦਾ ਨਾਂ, ਜਿਨ੍ਹਾਂ ਲਈ :–
ਜਿੰਦਗੀ ਭੀ ਥੀ ਦੇਸ਼ ਕੇ ਲੀਏ, ਮੌਤ ਭੀ ਥੀ ਦੇਸ਼ ਕੇ ਲੀਏ,
ਖਿਦਮਤੇ ਅਹਿਲੇ ਵਤਨ, ਜਾਨ ਤੱਕ ਕੁਰਬਾਨ ਕੀ ਤੇਰੇ ਲੀਏ।
ਨਾ ਭੁੱਲਣ ਦਈਏ, ਨਾ ਭੁੱਲਣ ਦਈਏ। ਭਾਰਤ ਨੂੰ ਆਜ਼ਾਦ ਕਰਾਉਣ ਪ੍ਰਤੀ ਲਾਲਾ ਜੀ ਦਾ ਇਹ ਜ਼ਜ਼ਬਾ ਨੋਜਵਾਨਾਂ ਵਿੱਚ ਆਪਣੇ ਮੁਲਕ ਲਈ ਮਰ ਮਿਟਣ ਅਤੇ ਜ਼ੁਲਮ ਖਿਲਾਫ ਡੱਟ ਜਾਣ ਦੀ ਚੰਗਿਆੜੀ ਹਮੇਸ਼ਾਂ ਛੱਡਦਾ ਰਹੇਗਾ। ਜੈ ਹਿੰਦ !!

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਦੁਸਹਿਰੇ ਦਾ ਸੰਦੇਸ਼ – ਰਾਵਣ ਆਦਿ ਦੇ ਪੁਤਲੇ ਸਾੜਣ ਦੇ ਨਾਲ-ਨਾਲ ਆਪਣੇ ਅੰਦਰ ਬੈਠੀ ਬੁਰਾਈ ਦਾ ਵੀ ਅੰਤ ਕਰਨ ਦੀ ਕੋਸ਼ਿਸ਼ ਕਰੀਏ

ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਉਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਹੋਂਦ ਕਾਇਮ ਰਹਿ ਸਕੀ ਹੈ ਜਿਨ੍ਹਾਂ ਦਾ ਸੰਬੰਧ ਬਹੁ-ਗਿਣਤੀ ਲੋਕਾਂ ਦੀਆਂ ਸਾਂਝੀਆਂ


Print Friendly
Important Days0 Comments

ਵਿਸ਼ਵ ਵਿਰਾਸਤ ਦਿਵਸ (18 ਅਪਰੈਲ) ਤੇ ਵਿਸ਼ੇਸ਼

ਵਿਰਾਸਤ ਸਾਡੇ ਅਤੀਤ ਦੀ ਉਹ ਸੰਪਤੀ ਹੈ,ਜਿਸ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਸ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਜਾਂਦੇ ਹਾਂ । ਸਾਡੀ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੋਵੇਂ


Print Friendly
Important Days0 Comments

ਨੇਤਾ ਜੀ, ਜਿਨ੍ਹਾਂ ਦੀ ਕਹਿਣੀ ਤੇ ਕਰਨੀ ਪਾਰਦਰਸ਼ੀ ਸੀ (23 ਜਨਵਰੀ ਜਨਮ ਦਿਵਸ ’ਤੇ ਵਿਸ਼ੇਸ਼)

ਜਦੋਂ ਵੀ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਕੀਤੇ ਗਏ ਸੰਘਰਸ਼ ਦੀ ਗੱਲ ਚਲਦੀ ਹੈ ਤਾਂ ਜਿੱਥੇ 1857 ਈਸਵੀ ਦਾ ਸੰਗਰਾਮ, ਕੂਕਿਆਂ ਦਾ ਅੰਦੋਲਨ, ਗ਼ਦਰ ਲਹਿਰ, ਇੰਡੀਅਨ ਨੈਸ਼ਨਲ ਕਾਂਗਰਸ ਦੀ


Print Friendly