Print Friendly
ਕੂਕਾ ਜਾਂ ਨਾਮਧਾਰੀ ਲਹਿਰ ਨਾਲ ਅੰਗਰੇਜ਼ਾਂ ਖਿਲਾਫ ਆਗਾਜ਼ ਕਰਨ ਵਾਲੇ ਪਹਿਲੇ ਭਾਰਤੀ – ਸਤਿਗੁਰੂ ਰਾਮ ਸਿੰਘ, 22 ਜਨਵਰੀ ਜਨਮ ਦਿਨ ਤੇ ਵਿਸ਼ੇਸ਼

ਕੂਕਾ ਜਾਂ ਨਾਮਧਾਰੀ ਲਹਿਰ ਨਾਲ ਅੰਗਰੇਜ਼ਾਂ ਖਿਲਾਫ ਆਗਾਜ਼ ਕਰਨ ਵਾਲੇ ਪਹਿਲੇ ਭਾਰਤੀ – ਸਤਿਗੁਰੂ ਰਾਮ ਸਿੰਘ, 22 ਜਨਵਰੀ ਜਨਮ ਦਿਨ ਤੇ ਵਿਸ਼ੇਸ਼

ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਜਿਹੜੀਆਂ ਲਹਿਰਾਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਇੱਕ ਸਤਿਗੁਰੂ ਰਾਮ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਕੂਕਾ ਲਹਿਰ ਸੀ, ਜਿਸ ਨੂੰ ਨਾਮਧਾਰੀ ਲਹਿਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਜਦੋਂ ਸਾਰਾ ਭਾਰਤ ਅੰਗਰੇਜ਼ਾਂ ਦੇ ਮੂਹਰੇ ਝੁਕਿਆ ਪਿਆ ਸੀ, ਉਸ ਦੇ ਵਿਰੋਧ ਦੀ ਕਿਧਰੇ ਕੋਈ ਸੁਰ ਨਹੀਂ ਸੀ ਨਿਕਲ ਰਹੀ, ਉਸ ਵਕਤ ਸਤਿਗੁਰੂ ਰਾਮ ਸਿੰਘ ਨੇ ਪੰਜਾਬ ਵਿੱਚੋਂ ਇਸ ਦਾ ਆਗਾਜ਼ ਕੀਤਾ ਸੀ। ਲਾਹੌਰ ਦਰਬਾਰ ਦੇ ਪਤਨ ਤੇ ਮੁਦਕੀ-ਸਭਰਾਵਾਂ ਦੀਆਂ ਜੰਗਾਂ ਵਿੱਚ ਆਪਣੇ ਜਰਨੈਲਾਂ ਦੀ ਗ਼ੱਦਾਰੀ ਦੇ ਭੰਨੇ ਹੋਏ ਜਿਹੜੇ ਪੰਜਾਬੀ ਸਿਰ ਸੁੱਟ ਕੇ ਬੈਠੇ ਸਨ, ਉਨ੍ਹਾਂ ਦੀ ਅਣਖ ਨੂੰ ਟੁੰਬਣ ਵਾਲੇ ਸਤਿਗੁਰੂ ਰਾਮ ਸਿੰਘ ਦੇ ਇਸ ਉਪਰਾਲੇ ਨੇ ਅੰਗਰੇਜ਼ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਉਸ ਨੇ ਸਤਿਗੁਰੂ ਰਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਵਿਦੇਸ਼ ਭੇਜ ਦਿੱਤਾ ਸੀ। ਕਈ ਕੂਕੇ ਇਸ ਲਹਿਰ ਦੌਰਾਨ ਸ਼ਹੀਦੀਆਂ ਪਾ ਗਏ ਸਨ। ਮਾਲੇਰ ਕੋਟਲੇ ਕੋਲ ਤੋਪਾਂ ਅੱਗੇ ਖੜੇ ਹੋ ਕੇ ਜਦੋਂ ਇਨ੍ਹਾਂ ਕੂਕਿਆਂ ਨੇ ਆਪ ਛਾਤੀਆਂ ਤਾਣੀਆਂ ਅਤੇ ਕੱਦ ਛੋਟਾ ਹੋਣ ਕਰ ਕੇ ਤੋਪ ਦੇ ਮੂੰਹ ਤੋਂ ਨੀਵਾਂ ਰਹਿ ਜਾਣ ਵਾਲੇ ਇੱਕ ਬੱਚੇ ਨੇ ਜਦੋਂ ਆਪ ਇੱਟਾਂ ਦੀ ਢੇਰੀ ਲਾ ਕੇ ਤੋਪ ਦੀ ਨਾਲੀ ਦੇ ਬਰਾਬਰ ਛਾਤੀ ਕੀਤੀ ਸੀ ਤਾਂ ਅੰਗਰੇਜ਼ ਅਫ਼ਸਰ ਵੀ ਧੁਰ ਅੰਦਰ ਤੱਕ ਹਲੂਣੇ ਗਏ ਸਨ।
ਅਹਿੰਸਾ, ਬਾਲ਼ ਵਿਆਹ ’ਤੇ ਰੋਕ, ਵਿਧਵਾ ਵਿਆਹ ਕਰਨ ਦੀ ਖੁੱਲ੍ਹ, ਜਾਤ-ਪਾਤ ਅਤੇ ਦਾਜ ਦਹੇਜ ਦਾ ਖ਼ਾਤਮਾ, ਅਨੰਦ ਕਾਰਜਾਂ ਦੀ ਰਸਮ ਚਾਲੂ, ਕੁੜੀ ਨੂੰ ਮਾਰਨ, ਵੇਚਣ ਅਤੇ ਵੱਟਾ ਕਰਨ ’ਤੇ ਸਖ਼ਤੀ ਨਾਲ ਪਾਬੰਦੀ, ਉਸ ਸਮੇਂ ਦੇ ਮਾੜੇ ਰਸਮਾਂ ਰਿਵਾਜਾਂ ਦੀ ਗੁਲ਼ਾਮ ਇਸਤਰੀ ਜਾਤੀ ਨੂੰ ਆਜ਼ਾਦ ਕਰਵਾ ਕੇ ਅੰਮ੍ਰਿਤ ਛਕਾਉਣ ਵਾਲੇ ਸਤਿਗੁਰੂ ਰਾਮ ਸਿੰਘ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ 3 ਫਰਵਰੀ 1816 ਈਸਵੀ ਨੂੰ ਬਸੰਤ ਪੰਚਮੀ ਵਾਲੇ ਦਿਨ ਪਿੰਡ ਰਾਈਆਂ ਭੈਣੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਜੱਸਾ ਸਿੰਘ ਦੇ ਘਰ, ਮਾਤਾ ਸਦਾ ਕੌਰ ਦੀ ਕੁੱਖੋਂ ਹੋਇਆ। ਪੰਜ ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਮੰਗਣੀ ਧਰੌੜ ਪਿੰਡ ਦੇ ਸਾਹਿਬ ਸਿੰਘ ਦੀ ਲੜਕੀ ਬੀਬੀ ਜੱਸਾ ਨਾਲ ਹੋਈ ਅਤੇ ਸੱਤ ਸਾਲ ਦੀ ਉਮਰ ਵਿੱਚ 1823 ਈਸਵੀ ਨੂੰ ਵੇਦ ਰੀਤੀ ਨਾਲ ਬਾਲ਼ ਵਿਆਹ ਹੋਇਆ। 1837 ਈਸਵੀ ਵਿੱਚ ਇਨ੍ਹਾਂ ਦੇ ਭਣਵੱਈਏ ਕਾਬਲ ਸਿੰਘ ਨੇ, ਜੋ ਆਪ ਵੀ ਲਾਹੌਰ ਦਰਬਾਰ ਵਿੱਚ ਜਮਾਂਦਾਰ ਸੀ, ਕੰਵਰ ਨੌਂ ਨਿਹਾਲ ਸਿੰਘ ਦੀ ਪਲਟਨ ਵਿੱਚ, ਭਰਤੀ ਕਰਵਾ ਦਿੱਤਾ ਗਿਆ।
27 ਜੂਨ 1839 ਈਸਵੀ ਨੂੰ ਮਾਹਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਪਿੱਛੋਂ ਸਿੱਖ ਕੌਮ ਦਾ ਕਿਰਦਾਰ ਬਹੁਤ ਹੀ ਡਿੱਗ ਪਿਆ। 29 ਮਾਰਚ 1849 ਈਸਵੀ ਨੂੰ ਪੰਜਾਬ ਦੀ ਆਜ਼ਾਦ ਹਕੂਮਤ ਦਾ ਆਖਰੀ ਦਰਬਾਰ ਸਜਿਆ। ਕ੍ਰਿਪਾਲ ਸਿੰਘ ਕਸੇਲ ਦੇ ਸ਼ਬਦ: ‘‘ਦਰਬਾਰ ਦਾ ਭੋਗ ਪੈਣ ਉਪਰੰਤ ਅੰਗਰੇਜ਼ਾਂ ਨੇ ਤੋਪਾਂ ਦੀ ਅਕਾਸ਼ ਗੁਜਾਊਂ ਗੜਗੜਾਹਟ ਵਿੱਚ ਸ਼ਾਹੀ ਕਿਲ੍ਹੇ ’ਤੇ ਝੁੱਲ ਰਹੇ ਸੁਤੰਤਰ ਝੰਡੇ ਨੂੰ ਧਰਤੀ ’ਤੇ ਪਟਕਾ ਮਾਰਿਆ ਅਤੇ ਬੜੀ ਹੈਂਕੜ ਨਾਲ ਓਹਦੀ ਥਾਂ ਯੂਨੀਆਨ ਜੈਕ ਝੁਲਾ ਦਿੱਤਾ’’ (ਤਵਾਰੀਖ ਸੰਤ ਖ਼ਾਲਸਾ) ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖ ਰਾਜ ਦਾ ਅੰਤ ਅਤੇ ਅੰਗਰੇਜ਼ੀ ਰਾਜ ਦੀਆਂ ਕੁਟਲ ਨੀਤੀਆਂ ਦਾ ਰਾਜ ਸ਼ੁਰੂ ਹੁੰਦਾ ਵੇਖਿਆ ਅਤੇ ਹੰਢਾਇਆ। ਪੰਜਾਬੀਆਂ ਵਿਚ ਜੋਸ਼ ਬਹੁਤ ਸੀ ਪਰ ਗੁਰੂ ਜੀ ਨੇ ਇਸ ਜੋਸ਼ ਨੂੰ ਹੋਸ਼ ਨਾਲ ਵਰਤਣ ਲਈ ਸਦਾਚਾਰਕ ਉਚਤਾ ਅਤੇ ਧਾਰਮਿਕ ਦ੍ਰਿੜ੍ਹਤਾ ਨੂੰ ਪਹਿਲ ਦਿੱਤੀ। ਗੁਲਾਮੀ ਸ਼ੁਰੂ ਹੋਣ ਵਾਲੇ ਦਿਨ ਤੋਂ ਲੈ ਕੇ ਇਨ੍ਹਾਂ ਨੇ 12 ਅਪਰੈਲ਼ 1857 ਨੂੰ 8 ਸਾਲ 14 ਦਿਨਾਂ ਬਾਅਦ ਸਫ਼ੈਦ ਝੰਡਾ ਸ੍ਰੀ ਭੈਣੀ ਸਾਹਿਬ ਦੀ ਧਰਤੀ ’ਤੇ ਲਹਿਰਾ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੱਤਾ। ਇਹ ਅਹਿੰਸਕ ਤੇ ਸਦਾਚਾਰਕ ਉਚਤਾ ਅਤੇ ਧਾਰਮਿਕ ਪ੍ਰਪੱਕਤਾ ਦੀਆਂ ਨੀਹਾਂ ’ਤੇ ਚਲਾਇਆ ਅੰਦੋਲਨ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਗਿਆ। ਸਤਿਗੁਰੂ ਜੀ ਨੇ ਦੇਖ ਲਿਆ ਸੀ ਕਿ ਰਵਾਇਤੀ ਹਥਿਆਰਾਂ ਨੇ ਅੰਗਰੇਜ਼ਾਂ ਵਿਰੁੱਧ ਕੋਈ ਕਾਰਗਰ ਰੋਲ ਨਹੀਂ ਸੀ ਨਿਭਾਇਆ। ਇਸ ਲਈ ਉਨ੍ਹਾਂ ਨੇ ਉਸ ਤੋਂ ਕਿਤੇ ਵੱਧ ਕਾਰਗਰ ਹਥਿਆਰ ਨਾ-ਮਿਲਵਰਤਣ ਦੀ ਕਾਢ ਕੱਢੀ ਜਿਵੇਂ ਅੰਗਰੇਜ਼ਾਂ ਦੀ ਰੇਲਗੱਡੀ ’ਤੇ ਸਫ਼ਰ ਨਹੀਂ ਕਰਨਾ, ਥਾਣੇ ਨਹੀਂ ਜਾਣਾ, ਉਨ੍ਹਾਂ ਦੀ ਨੌਕਰੀ ਨਹੀਂ ਕਰਨੀ, ਡਾਕ ਪ੍ਰਬੰਧ ਨਹੀਂ ਵਰਤਣਾ, ਉਨ੍ਹਾਂ ਦੇ ਸਕੂਲ ਨਹੀਂ ਜਾਣਾ, ਉਨ੍ਹਾਂ ਦੀ ਪੈਦਾ ਕੀਤੀ ਹੋਈ ਕੋਈ ਚੀਜ਼ ਨਹੀਂ ਵਰਤਣੀ, ਅੰਗਰੇਜ਼ ਨੂੰ ਮਾਲ਼ੀਆ ਜਾਂ ਫ਼ਸਲ ਦਾ ਹਿੱਸਾ ਨਹੀਂ ਦੇਣਾ ਆਦਿ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਲਿਖਿਆ ਹੋਇਆ ਹੈ ਕਿ ‘‘ਗੁਰੂ ਰਾਮ ਸਿੰਘ, ਸਿੱਖ ਦਾਰਸ਼ਨਿਕ, ਸੁਧਾਰਕ ਤੇ ਨੌਕਰੀਆਂ ਪ੍ਰਤੀ ਨਾ ਮਿਲਵਰਤਨ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਪਹਿਲਾ ਭਾਰਤੀ ਹੈ।’’ ਇਨ੍ਹਾਂ ਦੀ ਚਲਾਈ ਹੋਈ ਨਾਮਿਲਵਰਤਨ/ ਬਾਈਕਾਟ ਦੀ ਲਹਿਰ ਨੂੰ ਹੀ ਮਹਾਤਮਾ ਗਾਂਧੀ ਨੇ 50 ਸਾਲ ਬਾਅਦ ਅਪਣਾਇਆ। ਜਿੱਥੇ ਸਤਿਗੁਰੂ ਰਾਮ ਸਿੰਘ ਨੇ ਧਾਰਮਿਕ ਪੱਖ ਤੋਂ ਨਵੀਂ ਰੂਹ ਫੂਕੀ, ਉੱਥੇ ਸਮਾਜਿਕ ਪੱਖ ਦੀਆਂ ਬੁਰਾਈਆਂ ਦੇ ਵਿਰੁੱਧ ਵੀ ਆਵਾਜ਼ ਉਠਾਈ, ਜਿਵੇਂ ਠਾਕੇ, ਮੰਗਣੀ, ਵਿਆਹਾਂ ’ਤੇ ਫਾਲਤੂ ਖਰਚ ਆਦਿ ਕਰਨ ਤੋਂ ਰੋਕਿਆ।
ਮਹਾਂ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡ ਕੇ ਉੱਚੇ ਅਤੇ ਸੁੱਚੇ ਆਚਰਣ ਵਾਲੇ, ਕੌਮ ਨੂੰ ਸਮਰਪਿਤ ਵਿਅਕਤੀਆਂ ਨੂੰ ਸੂਬੇ ਥਾਪ ਕੇ ਅੰਗਰੇਜ਼ ਅਤੇ ਉਸ ਦੀ ਹਕੂਮਤ ਨੂੰ ਜੜ੍ਹੋਂ ਉਖਾੜਨ ਦੀ ਠਾਣ ਲਈ। ਅੰਗਰੇਜ਼ ਹਾਕਮਾਂ ਦੇ ਦਿਲਾਂ ਵਿੱਚ ਸਤਿਗੁਰੂ ਰਾਮ ਸਿੰਘ ਦੀ ਸ਼ਕਤੀ ਦਾ ਡੂੰਘਾ ਪ੍ਰਭਾਵ ਪਿਆ। ਵਿਦੇਸ਼ੀ ਰਾਜ ਨੂੰ ਕੂਕਾ ਅੰਦੋਲਨ ਤੋਂ ਭਾਰੀ ਖ਼ਤਰਾ ਮਹਿਸੂਸ ਹੋਣ ਲੱਗਾ। ਉਸ ਦਾ ਪ੍ਰਮਾਣ ਐਡਵਾਰਡ ਬੇਲੀ ਦੀ ਜੁਲਾਈ 1870 ਦੀ ਰਿਪੋਰਟ ਤੋਂ ਮਿਲਦਾ ਹੈ, ‘‘ਰਾਮ ਸਿੰਘ ਬਹੁਤ ਹੀ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਭਾਰਤ ਵਿੱਚ ਸਭ ਤੋਂ ਵੱਧ ਖ਼ਤਰਨਾਕ’’ ਅੰਗਰੇਜ਼ ਤਾਂ ਪਹਿਲਾ ਹੀ 1857 ਦੇ ਗ਼ਦਰ ਤੋਂ ਡਰੇ ਹੋਏ ਸਨ, ਅਤੇ ਸਤਿਗੁਰੂ ਰਾਮ ਸਿੰਘ ਨੂੰ (1863) ਸ੍ਰੀ ਭੈਣੀ ਸਾਹਿਬ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਅੰਗਰੇਜ਼ ਪੁਲੀਸ 51 ਸਾਲ ਇਸ ਜਗ੍ਹਾ ਉੱਤੇ ਪਹਿਰਾ ਦਿੰਦੀ ਰਹੀ। ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਪਾਉਣ ਲਈ ਜਥੇਬੰਦੀ ਵੀ ਮਜ਼ਬੂਤ ਕੀਤੀ ਅਤੇ ਨਾਮਧਾਰੀਆਂ ਦੇ ਦਿਲਾਂ ਵਿਚ ਸਵਰਾਜ ਦਾ ਮਾਦਾ ਵੀ ਭਰਨਾ ਸ਼ੁਰੂ ਕੀਤਾ। ਆਪ ਇਕ ਉੱਚੇ ਸਿਆਸਤਦਾਨ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਸਤਿਗੁਰੂ ਜੀ ਦੇ ਚਲਾਏ ਹੋਏ ਮਾਰਗ ਦਰਸ਼ਨ ਨੂੰ ਲੈ ਕੇ ਗ਼ਦਰ ਪਾਰਟੀ ਹੋਂਦ ਵਿਚ ਲਿਆਂਦੀ। ਫਿਰ ਭਗਤ ਸਿੰਘ ਹੋਰਾਂ ਦੀ ਹਿੰਦੁਸਤਾਨ ਨੌਜਵਾਨ ਸਭਾ ਅਤੇ ਇੰਡੀਆਨ ਨੈਸ਼ਨਲ ਕਾਂਗਰਸ ਅਤੇ ਅਨੇਕਾਂ ਲਹਿਰਾਂ ਹੋਂਦ ਵਿਚ ਆਈਆਂ। ਭਗਤ ਸਿੰਘ ਲਿਖਦੇ ਹਨ: ‘‘ਕੂਕਾ ਲਹਿਰ ਦੇ ਬਾਨੀ ਸ੍ਰੀ ਗੁਰੂ ਰਾਮ ਸਿੰਘ ਇੱਕ ਕੱਟੜ ਇਨਕਲਾਬੀ ਸਨ। ਜਦੋਂ ਉਹ ਕਰਮ ਖੇਤਰ ਵਿੱਚ ਅਗਾਂਹ ਨਿੱਤਰੇ ਤਾਂ ਉਨ੍ਹਾਂ ਦੇਖਿਆ ਕਿ ਦੇਸ਼ ਦੀ ਉੱਨਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਵਸੀਹ ਪੈਮਾਨੇ ਉੱਤੇ ਕੀਤੀ ‘‘(ਸ਼ਹੀਦ ਭਗਤ ਸਿੰਘ, ਮਹਾਂਰਥੀ ਵਿੱਚੋਂ) ਸਤਿਗੁਰੂ ਰਾਮ ਸਿੰਘ ਤੋਂ ਪ੍ਰਭਾਵਤ ਹੋ ਕੇ ਸਮੇਂ ਦੇ ਸਮਕਾਲੀ ਅਧਿਕਾਰੀ ਮਿਸਟਰ ਜੇ ਡਬਲਯੂ ਕਮਿਸ਼ਨਰ, ਅੰਬਾਲਾ ਲਿਖਦੇ ਹਨ: ‘‘ਇਹਦੇ ਇਰਾਦੇ ਸ਼ੁਰੂ ਵਿੱਚ ਭਾਵੇਂ ਕੁਝ ਵੀ ਹੋਣ ਪਰ ਹੁਣ ਇਸ ਦਾ ਨਿਸ਼ਾਨਾ ਰਾਜਨੀਤਕ ਹੈ, ਉਹ ਇਕ ਅਜਿਹੇ ਪੰਥ ਦਾ ਨੇਤਾ ਅਤੇ ਅਦੁੱਤੀ ਆਗੂ ਹੈ ਜੋ ਆਪਣੇ ਸੁਭਾਉ ਅਨੁਸਾਰ ਖਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਦੀ ਹੈਸੀਅਤ ਵਿੱਚ ਬਰਤਾਨਵੀ ਸਲਤਨਤ ਦਾ ਵੈਰੀ ਹੈ।’’
ਨਿਰਸੰਦੇਹ ਸਤਿਗੁਰੂ ਰਾਮ ਸਿੰਘ’ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਮੋਢੀ ਸਨ। ਆਪ ਨੇ ਅੰਗਰੇਜ਼ ਸਾਮਰਾਜ ਵਿਰੁੱਧ ਨਾ-ਮਿਲਵਰਤਨ ਅੰਦੋਲਨ ਚਲਾ ਕੇ ਲੋਕਾਂ ਨੂੰ ਭਾਰਤੀ ਬਣਨ, ਭਾਰਤੀ ਰਹਿਣ ਅਤੇ ਭਾਰਤੀ ਵਸਤਾਂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੇਸ਼ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੇਧ ਵੀ ਪ੍ਰਦਾਨ ਕੀਤੀ। ਸਤਿਗੁਰੂ ਰਾਮ ਸਿੰਘ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪ ਦੀ ਕਾਰਜਸ਼ੈਲੀ, ਰਹਿਣੀ-ਬਹਿਣੀ, ਬੋਲਣ ਢੰਗ, ਦਿਆਨਤਦਾਰੀ, ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਤੋਂ ਇਲਾਵਾ ਹਿੰਦੂ ਤੇ ਮੁਸਲਮਾਨਾਂ ਵਿੱਚ ਵੀ ਆਪ ਦਾ ਬਹੁਤ ਪ੍ਰਭਾਵ ਪਹੁੰਚ ਗਿਆ। ਆਮ ਲੋਕ ਆਪ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਗੁਰਮਤਿ ਦੇ ਧਾਰਨੀ ਹੋਣ ਲੱਗੇ। ਨਾਮ ਬਾਣੀ ਨਾਲ ਜੁੜਨ ਵਾਲੀ ਇਕ ਨਵੀਂ ਜਮਾਤ ਹੋਂਦ ਵਿੱਚ ਆ ਗਈ ਜਿਸ ਨੂੰ ਨਾਮਧਾਰੀਏ ਕਿਹਾ ਜਾਣ ਲੱਗ ਗਿਆ। ਬਾਬਾ ਰਾਮ ਸਿੰਘ ਦੇ ਸ਼ਰਧਾਲੂਆਂ ਤੇ ਸੇਵਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਤੇ ਇਹ ਲਹਿਰ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਵਿੱਚ ਵੀ ਫੈਲ ਗਈ।
ਇੱਕ ਅਖ਼ਬਾਰ ਵਿੱਚ ਛਪੀ ਇਕ ਖੋਜ ਮੁਤਾਬਕ ਬੀਤੇ 1000 ਵਰ੍ਹੇ ਦੀਆਂ 13 ਭਾਰਤੀ ਮਹਾਨ ਸ਼ਖ਼ਸੀਅਤਾਂ ਵਿੱਚੋਂ ਇਕ ਸਤਿਗੁਰੂ ਰਾਮ ਸਿੰਘ ਵੀ ਹਨ, ਜਿਨ੍ਹਾਂ ਦੇ ਉੱਦਮਾਂ ਨੇ ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਆਓ, ਸਾਰੇ ਰਲ ਕੇ ਇਸ ਮਹਾਨ ਅਦੁੱਤੀ ਸ਼ਕਤੀ ਨੂੰ ਯਾਦ ਕਰੀਏ ਅਤੇ ਬੁਰਾਈਆਂ ਦੇ ਖਿਲਾਫ਼ ਉਠਾਈ ਹੋਈ ਆਵਾਜ਼ ਨੂੰ ਹੋਰ ਵੀ ਬੁਲੰਦ ਕਰੀਏ ਅਤੇ ਇੱਕ ਸਿਹਤਮੰਦ ਅਤੇ ਨਰੋਏ ਸਮਾਜ ਨੂੰ ਸਿਰਜਣ ਦਾ ਯਤਨ ਕਰੀਏ। ਜੈ ਹਿੰਦ !!

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ: 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਅਮਰ ਸ਼ਹੀਦ ਚੰਦਰ ਸ਼ੇਖਰ ਆਜ਼ਾਦ (ਅੱਜ ਜਨਮ ਦਿਨ ਤੇ ਵਿਸ਼ੇਸ਼)

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਦੇ ਘਰ ਪਿੰਡ ਬਦਰਕਾ ਜ਼ਿਲ੍ਹਾ ਉਂਨਾਵ ਵਿਖੇ ਹੋਇਆ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ


Print Friendly
Important Days0 Comments

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਵਸ 27 ਫਰਵਰੀ ਤੇ ਯਾਦ ਕਰਦਿਆਂ

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ।ਇਨ੍ਹਾ ਦੇ ਪਿਤਾ ਦਾ ਨਾਂਅ ਸੀਤਾਰਾਮ ਸੀ। ਇਨ੍ਹਾਂ


Print Friendly
Important Days0 Comments

ਚੋਣਾਂ ਦੇ ਨਤੀਜੇ ਤੈਅ ਕਰਨ ਵਿੱਚ ਨੌਜਵਾਨ ਵੋਟਰਾਂ ਦਾ ਰੋਲ ਅਹਿਮ – 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਤੇ ਵਿਸ਼ੇਸ਼

ਹਰ ਸਾਲ 25 ਜਨਵਰੀ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸਭ ਤੋ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ ਸੀ। 25


Print Friendly