Print Friendly
ਭਾਰਤੀ ਧਰਮ-ਇਤਿਹਾਸ ਦਾ ਧਰੂ ਤਾਰਾ – ਵੀਰ ਹਕੀਕਤ ਰਾਏ (ਬਸੰਤ ਪੰਚਮੀ ਬਲਿਦਾਨ ਦਿਵਸ ‘ਤੇ ਵਿਸ਼ੇਸ਼)

ਭਾਰਤੀ ਧਰਮ-ਇਤਿਹਾਸ ਦਾ ਧਰੂ ਤਾਰਾ – ਵੀਰ ਹਕੀਕਤ ਰਾਏ (ਬਸੰਤ ਪੰਚਮੀ ਬਲਿਦਾਨ ਦਿਵਸ ‘ਤੇ ਵਿਸ਼ੇਸ਼)

ਵੀਰ ਹਕੀਕਤ ਰਾਏ ਦਾ ਜਨਮ 22 ਮੱਘਰ ਸੰਨ 1716 ਈ: ਨੂੰ ਪਿਤਾ ਸ੍ਰੀ ਭਾਗਮਲ ਦੇ ਘਰ ਮਾਤਾ ਕੌਰਾਂ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦਾਦਾ ਦਾ ਨਾਂਅ ਸ੍ਰੀ ਨੰਦ ਲਾਲ ਸੀ। ਉਹ ਪਿੱਛੋਂ ਕਸੂਰ (ਪਾਕਿਸਤਾਨ) ਦੇ ਰਹਿਣ ਵਾਲੇ ਸਨ ਤੇ ਪਠਾਣਾਂ ਦੇ ਜ਼ੁਲਮ ਤੋਂ ਤੰਗ ਆ ਕੇ ਸਿਆਲਕੋਟ ਆ ਗਏ। ਇਨ੍ਹਾਂ ਦੀ ਕੌਮ ਖੱਤਰੀ ਅਤੇ ਜਾਤ ਪੁਰੀ ਸੀ । ਉਸ ਦਾ ਪੁੱਤਰ ਹਕੀਕਤ ਰਾਏ ਸੀ, ਜਿਸ ਦੀ ਉਮਰ ਚੌਦਾਂ ਸਾਲ ਦੀ ਸੀ । ਹਕੀਕਤ ਰਾਏ ਤੀਖਣ-ਬੁੱਧੀ ਵਾਲਾ ਵਿਅਕਤੀ ਸੀ, ਜਿਸ ਦਾ ਕਿਸੇ ਕਵਿਤਾ ਦੇ ਅਰਥਾਂ ਨੂੰ ਲੈ ਕੇ ਮੁਸਲਮਾਨ ਬੱਚਿਆਂ ਨਾਲ ਵਾਦ-ਵਿਵਾਦ ਹੋ ਗਿਆ । ਹਕੀਕਤ ਰਾਏ ਸ਼ਬਦ ਦੇ ਪੂਰੇ ਅਤੇ ਸਹੀ ਅਰਥ ਕਰਦਾ ਸੀ, ਪਰ ਮੁੱਲਾਂ ਦਾ ਲੜਕਾ ਉਸ ਦੇ ਅਰਥ ਵਿੰਗੇ-ਟੇਢੇ ਕਰਦਾ ਸੀ। ਮਾਮਲੇ ਨੇ ਤੂਲ ਫੜ ਲਿਆ । ਕੁਝ ਮੁਸਲਮਾਨ ਉੱਥੇ ਆ ਗਏ ਅਤੇ ਉਨ੍ਹਾਂ ਹਕੀਕਤ ਰਾਏ ਨੂੰ ਫੜ ਲਿਆ । ਉਨ੍ਹਾਂ ਨੇ ਉਸ ਦੀ ਚੰਗੀ ਮਾਰਕੁਟਾਈ ਕੀਤੀ । ਰੌਲੇ-ਰੱਪੇ ਵਿਚ ਹਿੰਦੂ ਵੀ ਇਕੱਠੇ ਹੋ ਗਏ | ਉਹ ਹੱਥ ਬੰਨ੍ਹ ਕੇ ਅਰਜੋਈਆਂ ਕਰਦੇ ਅਤੇ ਪੈਰੀਂ ਪੈ ਕੇ ਖਿਮਾਂ ਮੰਗਦੇ, ਪਰ ਮੁਸਲਮਾਨ ਪ੍ਰਵਾਹ ਨਾ ਕਰਦੇ ਅਤੇ ਕਹਿੰਦੇ ਕਿ ਇਹੋ ਜਿਹੇ ਕਾਫ਼ਰ ਦੀ ਸਜ਼ਾ ਮੌਤ ਹੀ ਹੈ ।
ਜਦੋਂ ਹਕੀਕਤ ਰਾਏ ਦੇ ਮਾਪੇ ਤੇ ਸੰਬੰਧੀ ਹਾਕਮ ਅਤੇ ਸਿਪਾਹੀਆਂ ਸਮੇਤ ਨਿਆਂ ਦੀ ਆਸ ਤੇ ਦੁੱਖੜਾ ਰੋਣ ਲਈ ਲਾਹੌਰ ਜਾਣ ਲੱਗੇ ਤਾਂ ਆਸਿਉਂ-ਪਾਸਿਉਂ ਮੁਸਲਮਾਨਾਂ ਦੀਆਂ ਟੋਲੀਆਂ ਇਕੱਠੀਆਂ ਹੋ ਕੇ ਉਨ੍ਹਾਂ ਨਾਲ ਤੁਰ ਪਈਆਂ, ਤਾਂ ਜੋ ਅਜਿਹਾ ਨਾ ਹੋਵੇ ਕਿ ਸਚਾਈ ਨਿੱਤਰ ਆਵੇ ਤੇ ਹਕੀਕਤ ਰਾਏ ਛੁੱਟ ਜਾਵੇ । ਅੰਤ ਵਿਚ ਜੋ ਉਸ ਦਾ ਬੁਰਾ ਹਾਲ ਹੋਇਆ, ਉਹ ਪਰਮਾਤਮਾ ਹੀ ਜਾਣਦਾ ਹੈ । ਜੇ ਉਹ ਘੋੜੇ ‘ਤੇ ਸਵਾਰ ਹੁੰਦਾ ਸੀ ਤਾਂ ਉਸ ਦੀ ਬੇਇੱਜ਼ਤੀ ਕਰਕੇ ਉਸ ਨੂੰ ਹੇਠਾਂ ਉਤਾਰ ਦਿੰਦੇ ਕਿ ਘੋੜੇ ‘ਤੇ ਚੜ੍ਹਨਾ ਮੁਸਲਮਾਨਾਂ ਦਾ ਹੱਕ ਹੈ ਨਾ ਕਿ ਕਾਫ਼ਰਾਂ ਦਾ। ਜੇਕਰ ਕੋਈ ਹਿੰਦੂ ਰਿਸ਼ਤੇਦਾਰ ਉਸ ਨੂੰ ਆਪਣੇ ਕੰਧਾੜੇ ਚਾੜ੍ਹ ਲੈਂਦਾ ਤਾਂ ਮੁਸਲਮਾਨ ਧੱਕੇ ਨਾਲ ਉਸ ਨੂੰ ਹੇਠਾਂ ਸੁੱਟ ਦਿੰਦੇ । ਅੰਤ ਵਿਚ ਅਧਿਆਪਕ ਅਤੇ ਹੋਰ ਲੋਕ ਉਸ ਨੂੰ ਮੁਸਲਮਾਨ ਬਣ ਕੇ ਜ਼ਿੰਦਗੀ ਦੀਆਂ ਮੌਜ ਬਹਾਰਾਂ ਲੁੱਟਣ ਦੀਆਂ ਸਲਾਹਾਂ ਦਿੰਦੇ । ਜ਼ਲਾਲਤ ਅਤੇ ਖੱਜਲ-ਖੁਆਰੀ ਸਹਿੰਦਿਆਂ ਹਕੀਕਤ ਰਾਏ ਤੇ ਉਸ ਦੇ ਸੰਬੰਧੀ ਲਾਹੌਰ ਪਹੁੰਚ ਗਏ । ਸ਼ਹਿਰ ਵਿਚ ਇਹ ਗੱਲ ਧੁਮਾ ਦਿੱਤੀ ਗਈ ਕਿ ਇਸ ਨਲਾਇਕ ਲੜਕੇ ਨੇ ਪੈਗੰਬਰ ਮੁਹੰਮਦ ਅਤੇ ਹਜ਼ਰਤ ਬੀਬੀ ਫਾਤਿਮਾ ਨੂੰ ਗਾਲ੍ਹਾਂ ਕੱਢੀਆਂ ਹਨ । ਜਦੋਂ ਸਵੇਰ ਨੂੰ ਮਾਮਲਾ ਪੰਜਾਬ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਹੋਇਆ ਤਾਂ ਨਵਾਬ ਨੇ ਹਰੇਕ ਨੂੰ ਅੱਡ-ਅੱਡ ਕਰਕੇ ਬਿਆਨ ਲਏ । ਬਿਆਨਾਂ ਵਿਚ ਫਰਕ ਅਤੇ ਘਟਨਾ ਦੇ ਵਾਪਰਨ ਦਾ ਮੌਕਾ ਅਤੇ ਸਮਾਂ ਇਕ-ਦੂਜੇ ਦੇ ਉਲਟ ਹੋਣ ਕਾਰਨ ਨਵਾਬ ਸਮਝ ਗਿਆ ਕਿ ਹਕੀਕਤ ਰਾਏ ਉੱਪਰ ਲਗਾਏ ਗਏ ਦੋਸ਼ ਨਿਰਾਧਾਰ ਹਨ, ਪਰ ਬੇਕਸੂਰ ਸਮਝ ਕੇ ਛੱਡ ਦੇਣ ਨਾਲ ਮੁਸਲਮਾਨ ਸਮਾਜ ਵਿਚ ਅੱਛਾ ਸੰਦੇਸ਼ ਨਹੀਂ ਜਾਵੇਗਾ। ਹਕੀਕਤ ਰਾਏ ਨਾਲ ਨਵਾਬ ਨੇ ਕੁਝ ਸਵਾਲ-ਜਵਾਬ ਵੀ ਕੀਤੇ ਪਰ ਉਹ ਟੱਸ ਤੋਂ ਮੱਸ ਨਾ ਹੋਇਆ । ਅਖੀਰ ਮੌਲਵੀਆਂ ਦੀ ਧੌਂਸ ਵਿਚ ਆ ਕੇ ਨਵਾਬ ਨੇ ਹੁਕਮ ਸੁਣਾਇਆ ਕਿ ਉਹ ਕੁਫ਼ਰ ਛੱਡ ਕੇ ਇਸਲਾਮ ਕਬੂਲ ਕਰ ਲਵੇ । ਅਗਰ ਮੁਜਰਮ ਇਨਕਾਰੀ ਹੈ ਤਾਂ ਗਰਦਨਜ਼ਨੀ ਕੀ ਜਾਏ।’ ।
ਇਹ ਖਬਰ ਸੁਣ ਕੇ ਸਾਰੇ ਇਲਾਕੇ ਵਿਚ ਹਾਹਾਕਾਰ ਮਚ ਗਈ। ਹਕੀਕਤ ਰਾਏ ਨੂੰ ਫੜ ਲਿਆ ਗਿਆ। ਉਸ ਦੀ ਮਾਤਾ ਕੌਰਾਂ ਆਪਣੇ ਪੁੱਤਰ ਦੀ ਜਾਨ ਬਖਸ਼ੀ ਲਈ ਵਾਸਤੇ ਪਾਉਣ ਲੱਗੀ। ਨਵਾਬ ਦੀ ਭਰੀ ਕਚਹਿਰੀ ਵਿਚ ਮਾਤਾ ਕੌਰਾਂ ਝੋਲੀ ਅੱਡੀ ਕਹਿ ਰਹੀ ਸੀ ਕਿ ‘ਮੇਰੀ ਸਾਰੀ ਦੌਲਤ, ਮੇਰਾ ਮਕਾਨ, ਮੇਰੀ ਜਾਇਦਾਦ, ਸਭ ਕੁਝ ਲੈ ਲਓ ਤੇ ਮੇਰੇ ਅੱਖਾਂ ਦੇ ਨੂਰ ਨੂੰ, ਮੇਰੇ ਲਾਡਲੇ ਨੂੰ ਬਖਸ਼ ਦਿਓ। ਜੇ ਇਹ ਕਸੂਰਵਾਰ ਏ ਤਾਂ ਮੈਂ ਮੁਆਫੀ ਮੰਗਦੀ ਹਾਂ। ਮੇਰਾ ਇਕੋ-ਇਕ ਇਹੋ ਹੀ ਲਾਡਲਾ ਏ। ਮੈਨੂੰ ਅੱਖੋਂ ਅੰਨ੍ਹਿਆਂ ਨਾ ਕਰੋ, ਨਵਾਬ ਸਾਹਿਬ, ਤੁਸੀਂ ਵੀ ਬਾਲ ਬੱਚਿਆਂ ਵਾਲੇ ਹੋ।’
ਹਕੀਕਤ ਰਾਏ ਦੇ ਪਿਤਾ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਉਹ ਉਸ ਨੂੰ ਇਕ ਰਾਤ ਦੀ ਮੋਹਲਤ ਦੇ ਦੇਣ, ਤਾਂ ਜੋ ਉਹ ਉਸ ਨੂੰ ਇਸਲਾਮ ਧਰਮ ਅਪਣਾਉਣ ਲਈ ਰਜ਼ਾਮੰਦ ਕਰ ਸਕੇ । ਇਸ ਸੁਝਾਅ ਨੂੰ ਮੰਨ ਲਿਆ ਗਿਆ । ਪਿਤਾ ਭਾਗ ਮੱਲ ਤੇ ਉਸ ਦਾ ਪਰਿਵਾਰ ਜੇਲ੍ਹਖਾਨੇ ਪੁੱਜ ਗਿਆ ਤੇ ਲੱਗਾ ਉਸ ਨੂੰ ਮਨਾਉਣ । ਹਕੀਕਤ ਰਾਏ ਨੇ ਦਲੀਲ ਦਿੱਤੀ ਕਿ ਮੁਸਲਮਾਨ ਬਣ ਜਾਣਾ ਕੋਈ ਖੁਸ਼ੀ ਤੇ ਮਾਣ ਵਾਲੀ ਗੱਲ ਨਹੀਂ ਅਤੇ ਨਾ ਹੀ ਉਸ ਨੂੰ ਇਸਲਾਮ ਗ੍ਰਹਿਣ ਦੀ ਇੱਛਾ ਹੈ, ਕਿਉਂਕਿ ਇਹ ਅੱਤਿਆਚਾਰੀਆਂ ਦਾ ਧਰਮ ਹੈ ਅਤੇ ਉਹ ਆਪਣੇ ਧਰਮ ਉੱਪਰ ਅਡਿੱਗ ਰਹੇਗਾ ।
ਅਗਲੇ ਦਿਨ ਸਵੇਰੇ ਫਿਰ ਕਚਹਿਰੀ ਲੱਗੀ ਅਤੇ ਨਵਾਬ ਨੇ ਲਾਲਚ ਵਾਲੀਆਂ ਪੇਸ਼ਕਸ਼ਾਂ ਨੂੰ ਫਿਰ ਦੁਹਰਾਇਆ, ਖੂਬਸੂਰਤ ਲੜਕੀ, ਚਾਰ ਪਿੰਡ ਜਗੀਰ, ਵਧੀਆ ਅਹੁਦਾ, ਇਹ ਸਭ ਸਰਕਾਰ ਵੱਲੋਂ ਤੇ ਪੰਜ ਹਜ਼ਾਰ ਮੋਹਰਾਂ ਆਪਣੇ ਵੱਲੋਂ ਦੇਵਾਂਗਾ, ਤੁਮ ਬਰਖੁਰਦਾਰ, ਇਸਲਾਮ ਕਬੂਲ ਕਰ ਲਓ, ਤੁਮਾਰੀ ਮਾਂ ਦਾ ਦੁੱਖ ਮੈਥੋਂ ਦੇਖਿਆ ਨਹੀਂ ਜਾਂਦਾ, ਮੰਨ ਜਾਓ ਬੇਟਾ, ਮੰਨ ਜਾਓ’, ਨਵਾਬ ਵੀ ਤਰਸ ਖਾ ਕੇ ਆਖ ਰਿਹਾ ਸੀ। ਜਲਾਦਾਂ ਦਾ ਦਿਲ ਵੀ ਕੰਬ ਗਿਆ, ‘ਖੁਦਾਇਆ ਰਹਿਮ! ਅਸੀਂ ਇਕ ਬੇਕਸੂਰ, ਬੇਗੁਨਾਹ ਮਾਸੂਮ ਬਾਲਕ ਦੀ ਗਰਦਨ ਉਤਾਰਨ ਲੱਗੇ ਹਾਂ। ਪਰ ਹਕੀਕਤ ਰਾਏ ਆਪਣੇ ਵਿਸ਼ਵਾਸ ਵਿਚ ਕਾਇਮ ਰਿਹਾ। ਅਖੀਰ ਉਹੀ ਹੋਇਆ ਜੋ ਹੋਣਾ ਸੀ। 20 ਜਨਵਰੀ 1735 ਈ. ਨੂੰ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਦੇ ਆਦੇਸ਼ ਅਨੁਸਾਰ ਸ਼ਰਈ ਹੁਕਮਾਂ ਨੂੰ ਮੰਨਦਿਆਂ ਹੋਇਆਂ ਪਹਿਲਾਂ ਹਕੀਕਤ ਰਾਏ ਨੂੰ ਸਿੱਧਾ ਖੜ੍ਹਾ ਕਰਕੇ ਲੱਕ ਤੱਕ ਧਰਤੀ ਵਿਚ ਗੱਡ ਦਿੱਤਾ ਗਿਆ ਅਤੇ ਚੌਹਾਂ ਪਾਸਿਆਂ ਤੋਂ ਇੱਟਾਂ-ਰੋੜੇ ਵੱਜਣੇ ਸ਼ੁਰੂ ਹੋ ਗਏ । ਇਸ ਤਰ੍ਹਾਂ ਦੀ ਸਜ਼ਾ ਨੂੰ ਸੰਗਸਾਰ ਕਰਨਾ ਕਹਿੰਦੇ ਹਨ । ਇਸ ਬੇਵੱਸ ਬੱਚੇ ਨੇ ਅੱਖਾਂ ਮੀਟ ਲਈਆਂ ਤੇ ਦਿਲ ਨੂੰ ਪਰਮਾਤਮਾ ਨਾਲ ਜੋੜ ਲਿਆ । ਜਦੋਂ ਹਕੀਕਤ ਰਾਏ ਇੱਟਾਂ-ਵੱਟਿਆਂ ਦੀ ਮਾਰ ਨਾਲ ਅੱਧਮੋਇਆ ਹੋ ਗਿਆ ਤਾਂ ਸਰਕਾਰ ਦੇ ਇਕ ਸਿਪਾਹੀ ਨੇ ਤਲਵਾਰ ਦੇ ਇਕ ਵਾਰ ਨਾਲ ਉਸ ਦੇ ਸਿਰ ਨੂੰ ਧੜ ਨਾਲੋਂ ਵੱਖ ਕਰ ਦਿੱਤਾ ।
ਹਿੰਦੂਆਂ ਨੇ ਨਵਾਬ ਦੇ ਪੇਸ਼ ਹੋ ਕੇ ਬੇਨਤੀ ਕੀਤੀ ਕਿ ਜੇਕਰ ਉਹ ਆਗਿਆ ਦੇਣ ਤਾਂ ਉਹ ਹਕੀਕਤ ਰਾਏ ਦਾ ਦਾਹ-ਸੰਸਕਾਰ ਕਰ ਦੇਣ । ਉਨ੍ਹਾਂ ਨੂੰ ਅਜਿਹੀ ਆਗਿਆ ਮਿਲ ਗਈ । ਹਕੀਕਤ ਰਾਏ ਦੀ ਨੇਕਨਾਮੀ ਦੀ ਖੁਸ਼ਬੂ ਹਰ ਪਾਸੇ ਫੈਲ ਗਈ । ਅੱਜ ਤੱਕ ਗਵੱਈਏ ਤੇ ਢਾਡੀ ਉਸ ਦੇ ਚੰਗੇ ਗੁਣਾਂ ਦੀਆਂ ਵਾਰਾਂ ਹਰ ਸਭਾ ਤੇ ਦਰਬਾਰ ਵਿਚ ਗਾਉਂਦੇ ਹਨ । ਲਾਹੌਰ ‘ਚ ਜਿਸ ਸਥਾਨ ‘ਤੇ ਉਸ ਦਾ ਸਸਕਾਰ ਕੀਤਾ ਗਿਆ, ਉਥੇ ਹੀ ਉਸ ਦੀ ਸਮਾਧ ਬਣਾ ਦਿੱਤੀ ਗਈ । ਵੀਰ ਹਕੀਕਤ ਰਾਇ ਦੀ ਉਕਤ ਸਮਾਧ ਦੀ ਹੋਂਦ ਤੋਂ ਪਾਕਿਸਤਾਨ ਦੇ ਇਤਿਹਾਸਕਾਰਾਂ ਸਮੇਤ ਸਥਾਨਕ ਲੋਕ ਵੀ ਅਣਜਾਣ ਹਨ । ਦੱਸਣਯੋਗ ਹੈ ਕਿ ਵੀਰ ਹਕੀਕਤ ਰਾਇ ਦੀ ਸਮਾਧ ਮੌਜੂਦਾ ਸਮੇਂ ਲਾਹੌਰ ਦੇ ਬਾਗਬਾਣਪੁਰਾ ਇਲਾਕੇ ਦੇ ਪਾਸ ਮੌਜ਼ਾ ਖ਼ੌਜੇ ਸ਼ਾਹੀ ਦੀ ਰਿਹਾਇਸ਼ੀ ਅਬਾਦੀ ‘ਚ ਮੌਜੂਦ ਹੈ । ਵੀਰ ਹਕੀਕਤ ਰਾਇ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਇਕ ਸ਼ਰਧਾਲੂ ਬਾਈ ਕਾਲੁ ਰਾਮ ਨੇ ਸਮਾਧ ਦੇ ਸਥਾਨ ‘ਤੇ ਕਰੀਬ 250 ਸਾਲ ਪਹਿਲਾਂ ਮੇਲਾ ਬਸੰਤ ਪੰਚਮੀ ਕਰਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਸਮਾਧ ਦੇ ਸਥਾਨ ‘ਤੇ ਬਸੰਤ ‘ਤੇ ਬਹੁਤ ਵੱਡਾ ਮੇਲਾ ਲਗਵਾਇਆ ਜਾਂਦਾ ਸੀ । ਅੱਜ ਵੀ ਇੱਥੇ ਹਿੰਦੂ ਇਕੱਠੇ ਹੋ ਕੇ ਹਰੇਕ ਮਹੀਨੇ ਦੀ ਪੰਚਮੀ ਵਾਲੇ ਦਿਨ ਪ੍ਰਭੂ ਜੱਸ ਗਾਉਂਦੇ ਹਨ ।
ਧਰਮ ਦੀ ਖਾਤਰ ਸ਼ਹੀਦ ਹੋਣ ਵਾਲੇ ਵੀਰ ਹਕੀਕਤ ਰਾਏ ਦਾ ਨਾਂਅ ਭਾਰਤ ਦੇ ਧਰਮ-ਇਤਿਹਾਸ ਵਿਚ ਧਰੂ ਤਾਰੇ ਵਾਂਗ ਹਮੇਸ਼ਾ ਚਮਕਦਾ ਰਹੇਗਾ। ਬਸੰਤ ਹਰ ਸਾਲ ਆਵੇਗੀ ਤੇ ਹਕੀਕਤ ਰਾਏ ਦੀ ਸਮਾਧ ‘ਤੇ ਹਰ ਸਾਲ ਸ਼ਰਧਾ ਦੇ ਫੁੱਲ ਖਿੜਦੇ ਰਹਿਣਗੇ ਅਤੇ ਉਨ੍ਹਾਂ ਦਾ ਬਲਿਦਾਨ ਨੌਜਵਾਨਾਂ ਨੂੰ ਦੇਸ਼ ਅਤੇ ਕੌਮ ਉੱਪਰ ਬਲਿਹਾਰ ਜਾਣ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਜੈ ਹਿੰਦ !!

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1094 posts

State Awardee, Global Winner

You might also like

Important Days0 Comments

ਜਦੋਂ ਨਾਮਧਾਰੀ ਸਿੰਘਾਂ ਨੇ ਤੋਪਾਂ ਅੱਗੇ ਹਿੱਕਾਂ ਤਾਣੀਆਂ (ਖੂਨੀ ਸਾਕਾ 17 ਜਨਵਰੀ ਤੇ ਵਿਸ਼ੇਸ਼)

ਬੰਗਾਲ ਵਿੱਚ ਕਲਰਕ ਬਣ ਕੇ ਆਏ ਲਾਰਡ ਕਲਾਈਵ ਤੋਂ ਸ਼ੁਰੂ ਹੋ ਕੇ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਸੋਨੇ ਦੀ ਚਿੜੀ ਭਾਰਤ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ


Print Friendly
Great Men0 Comments

ਰਿਸ਼ੀ ਪਰੰਪਰਾ ਦੇ ਸਤੰਭ : ਭਗਵਾਨ ਪਰਸ਼ੂ ਰਾਮ (09 ਮਈ ਜੈਅੰਤੀ ‘ਤੇ ਵਿਸ਼ੇਸ਼)

ਭਗਵਾਨ ਪਰਸ਼ੂ ਰਾਮ ਅਲੌਕਿਕ ਅਤੇ ਲੌਕਿਕ ਸ਼ਕਤੀਆਂ ਦੇ ਨਿਸ਼ਠਾਵਾਨ ਸਵਾਮੀ ਸਨ | ਉਹ ਮਹਾਨ ਯੋਧੇ, ਤਪੱਸਵੀ, ਭਗਤੀ, ਸ਼ਕਤੀ, ਵਿੱਦਿਆ, ਵਿਧਵਤਾ, ਧਰਮ ਰੱਖਿਅਕ, ਸੱਤਿਆਵਾਦੀ, ਧਰਮ ਕਰਮੀ, ਰਿੱਧੀ-ਸਿੱਧੀ ਦੇ ਸਵਾਮੀ ਤਿਆਗੀ, ਦਾਨੀ,


Print Friendly
Important Days0 Comments

ਰਾਮ ਨੌਮੀ ਦਾ ਇਹ ਸੁਭਾਗਾ ਦਿਨ

ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆ ਲਈ ਸੁਭਾਗਾ ਦਿਨ ਹੈ ਕਿਉਂਕਿ ਵਿਸ਼ਵਪਤੀ ਸਚਿਦਾਨੰਦਘਣ ਸ਼੍ਰੀ ਭਗਵਾਨ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰਾਂ ਤੋਂ ਪੀੜਤ ਪ੍ਰਿਥਵੀ ਨੂੰ ਸੁਖੀ


Print Friendly