Print Friendly
ਖੁਸ਼ੀਆਂ, ਸੁਗੰਧੀਆਂ, ਪਿਆਰ ਅਤੇ ਰੰਗਾਂ ਦਾ ਤਿਉਹਾਰ ਹੋਲੀ !!! (2 ਮਾਰਚ ਤੇ ਵਿਸ਼ੇਸ਼)

ਖੁਸ਼ੀਆਂ, ਸੁਗੰਧੀਆਂ, ਪਿਆਰ ਅਤੇ ਰੰਗਾਂ ਦਾ ਤਿਉਹਾਰ ਹੋਲੀ !!! (2 ਮਾਰਚ ਤੇ ਵਿਸ਼ੇਸ਼)

ਭਾਰਤੀ ਲੋਕਾਂ ਨੇ ਬਹੁਤ ਸਾਰੇ ਤਿਉਹਾਰ ਸਿਰਜੇ ਜਾਂ ਪਰੰਪਰਾਵਾਂ ਤੋਂ ਗ੍ਰਹਿਣ ਕੀਤੇ ਹਨ ਜਿਨ੍ਹਾਂ ਨੂੰ ਬੜੇ ਚਾਵਾਂ, ਉਮੰਗਾਂ ਅਤੇ ਇਛਾਵਾਂ ਦੀ ਤ੍ਰਿਪਤੀ ਹਿੱਤ ਮਨਾਉਂਦੇ ਹਨ ਅਤੇ ਮਾਣਦੇ ਹਨ। “ਨੌਂ ਦਿਨ ਅਤੇ ਤੇਰ੍ਹਾਂ ਤਿਉਹਾਰ” ਜਿਹੀ ਪ੍ਰਸਿਧ ਕਹਾਵਤ ਤਿਉਹਾਰਾਂ ਦੇ ਨਿਰੰਤਰ ਚਲਦੇ ਕਾਫਲੇ ਦੀ ਉਪਜ ਹੈ। ਤਿਉਹਾਰ ਮਨੁੱਖੀ ਜੀਵਨ ਦੀ ਰੰਗੀਨ ਝਲਕ ਹੈ। ਮਨੁੱਖ ਦੇ ਸੁਹਜ ਦੀ ਅਨੁਭੂਤੀ ਦਾ ਬਾਹਰੀ ਪ੍ਰਗਟਾਵਾ ਹੈ ਅਤੇ ਉਸ ਦੀ ਸਮੂਹਿਕ ਤਰੱਕੀ ਦੀ ਭਾਵਨਾ ਵਿਚ ਬੱਝਿਆ ਅਤੇ ਸਮੋਇਆ ਹੋਇਆ ਸ਼ਿਰੋਮਣੀ ਜਜ਼ਬਾ ਹੈ। ਏਕਤਾ, ਭਾਈਵਾਲਤਾ, ਸਾਂਝ, ਪਿਆਰ, ਕੁਰਬਾਨੀ ਆਦਿ ਅਨੇਕ ਸਰੋਕਾਰਾਂ ਦਾ ਪ੍ਰਗਟਾਵਾ, ਕਾਰਜ ਅਤੇ ਪ੍ਰਕਾਰਜ ਤਿਉਹਾਰਾਂ ਵਿਚ ਨਿਹਿਤ ਹੈ। ਹੋਲੀ ਵੀ ਇਕ ਅਜਿਹਾ ਤਿਉਹਾਰ ਹੈ, ਜਿਸ ਵਿਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ।
ਹੋਲੀ ਦਾ ਨਾਂ ਸੁਣਦਿਆਂ ਹੀ ਸਰੀਰ ਵਿੱਚ ਮਧੁਰ ਝਰਨਾਹਟ ਜਿਹੀ ਛਿੜ ਪੈਂਦੀ ਹੈ। ਖ਼ੁਸ਼ੀਆਂ, ਸੁਗੰਧੀਆਂ ਅਤੇ ਰੰਗੀਨੀਆਂ ਦਾ ਢੋਆ ਲੈ ਕੇ ਆਉਂਦਾ ਹੈ ਹੋਲੀ ਦਾ ਮਨਮੋਹਕ ਤਿਉਹਾਰ! ਇਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਭਾਰਤ, ਖ਼ਾਸਕਰ ਉੱਤਰੀ ਭਾਰਤ ਵਿੱਚ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਹ ਕਿਸੇ ਇੱਕ ਧਰਮ ਨਾਲ ਜੁੜਿਆ ਤਿਉਹਾਰ ਨਹੀਂ ਹੈ। ਇਸ ਨੂੰ ਸਭ ਧਰਮਾਂ ਦੇ ਲੋਕ ਰਲ ਕੇ, ਬਿਨਾਂ ਕਿਸੇ ਭੇਦ-ਭਾਵ ਤੋਂ ਬੜੇ ਚਾਅ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਦਾ ਵਾਹਕ ਹੈ!
ਅਸਲ ਵਿੱਚ ਹੋਲੀ, ਬਸੰਤ ਰੁੱਤ ਦਾ ਮੌਸਮੀ ਤਿਉਹਾਰ ਹੈ। ਓਦੋਂ ਧਰਤੀ ਮੌਲਦੀ ਹੈ। ਸਾਰੇ ਵਾਤਾਵਰਨ ਵਿੱਚ ਸੁਗੰਧੀਆਂ ਬਿਖ਼ਰਦੀਆਂ ਹਨ। ਰੁੱਖ, ਬੂਟੇ ਅਤੇ ਫ਼ਸਲਾਂ ’ਤੇ ਨਵਾਂ ਨਿਖਾਰ ਆਉਂਦਾ ਹੈ। ਸ਼ਗੂਫੇ ਫੁੱਟਦੇ ਹਨ ਤੇ ਮਹਿਕਾਂ ਵੰਡਦੇ ਫੁੱਲ-ਬੂਟੇ ਸਾਰੀ ਕਾਇਨਾਤ ਨੂੰ ਨਸ਼ਿਆ ਦਿੰਦੇ ਹਨ। ਮਨੁੱਖੀ ਮਨ ਨੱਚ ਉੱਠਦਾ ਹੈ। ਹੋਲੀ ਦੇ ਰੰਗ ਚਹੁੰਆਂ ਕੂੰਟਾਂ ਵਿੱਚ ਬਿਖਰ ਜਾਂਦੇ ਹਨ। ਇਸ ਮਦਮੱਤੇ ਤੇ ਸੁਹਾਵਣੇ ਮਾਹੌਲ ਵਿੱਚ ਲੋਕਮਨ ਕੁਦਰਤ ਨੂੰ ਸਿਜਦਾ ਕਰਦਾ ਹੈ ਤੇ ‘ਵਾਹ! ਦਾਤਾ ਤੇਰੀ ਕੁਦਰਤ’ ਦਾ ਗੁਣਗਾਣ ਅਲਾਪਦਾ ਹੈ।
ਖ਼ੁਸ਼ੀਆਂ ਅਤੇ ਮਹਿਕਾਂ ਵੰਡਣ ਵਾਲਾ ਇਹ ਤਿਉਹਾਰ ਫੱਗਣ ਮਹੀਨੇ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਇਤਿਹਾਸਕਾਰਾਂ ਮੁਤਾਬਕ ਹੋਲੀ ਇੱਕ ਪ੍ਰਾਚੀਨ ਤਿਉਹਾਰ ਹੈ ਜੋ ਪੁਰਾਤਨ ਕਾਲ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ। ਮਹਾਂਭਾਰਤ ਅਤੇ ਹੋਰ ਪੁਰਾਤਨ ਗ੍ਰੰਥਾਂ ਵਿੱਚ ਵੀ ਇਸ ਦਾ ਜ਼ਿਕਰ ਆਇਆ ਹੈ। ਮਹਾਂਕਵੀ ਕਾਲੀਦਾਸ ਨੇ ਆਪਣੀ ਰਚਨਾ ‘ਰਘੂਵੰਸ਼’ ਵਿੱਚ ਇਸ ਨੂੰ ਰਿਤੂ-ਉਤਸਵ ਵਜੋਂ ਪੇਸ਼ ਕੀਤਾ ਹੈ। ਜੈਮਿਨੀ ਰਚਿਤ ਗ੍ਰੰਥਾਂ ਮੀਮਾਂਸਾ ਸੂਤਰ ਅਤੇ ਕਥਾ ਗਾਹਰਿਆ ਸੂਤਰ ਵਿੱਚ ਹੋਲੀ ਮਨਾਏ ਜਾਣ ਦਾ ਵਰਣਨ ਆਉਂਦਾ ਹੈ। ਇਸ ਤੋਂ ਇਲਾਵਾ ਨਾਰਦ ਪੁਰਾਣ ਅਤੇ ਭਵਿਸ਼ਯ ਪੁਰਾਣ ਵਰਗੇ ਪੁਰਾਣਾਂ ਦੀਆਂ ਪੁਰਾਤਨ ਹਸਤਲਿਪੀਆਂ ਅਤੇ ਗ੍ਰੰਥਾਂ ਵਿੱਚ ਵੀ ਇਸ ਦਾ ਜ਼ਿਕਰ ਹੈ। ਬ੍ਰਿਜ ਦੀ ਹੋਲੀ ਬਹੁਤ ਮਸ਼ਹੂਰ ਹੈ। ਕ੍ਰਿਸ਼ਨ ਭਗਵਾਨ ਆਪਣੀਆਂ ਗੋਪੀਆਂ ਨਾਲ ਰਲ ਕੇ ਹੋਲੀ ਖੇਡਦੇ ਸਨ। ਰਾਧਾ-ਕ੍ਰਿਸ਼ਨ ਦੇ ਜੀਵਨ ਕਾਲ ਸਮੇਂ ਹੀ ਬ੍ਰਿਜ ਦੇ ਲੋਕਾਂ ਦੇ ਘਰਾਂ ਵਿੱਚ ਹੋਲੀ ਮਨਾਉਣ ਦਾ ਰਿਵਾਜ ਪ੍ਰਚੱਲਿਤ ਹੋ ਗਿਆ ਸੀ। ਆਧੁਨਿਕ ਸਮੇਂ ਵਿੱਚ ਵੀ ਹੋਲੀ ਰਵਾਇਤੀ ਰੂਪ ਵਿੱਚ ਬੜੇ ਹਾਸ-ਹੁਲਾਸ ਨਾਲ ਮਨਾਈ ਜਾਂਦੀ ਹੈ। ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਉੱਤਰੀ ਭਾਰਤ ਦੇ ਹੋਰਨਾਂ ਇਲਾਕਿਆਂ ਵਿੱਚ ਵਸਦੇ ਲੋਕ ਹੋਲੀ ਦਾ ਤਿਉਹਾਰ ਬੜੀ ਗਰਮਜੋਸ਼ੀ ਨਾਲ ਮਨਾਉਂਦੇ ਹਨ।
ਮਨੁੱਖਤਾ ਦੀ ਮਾਨਸਿਕਤਾ ਜਦੋਂ ਪ੍ਰਕਿਰਤਕ ਖੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖ਼ਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਕਣਕਾਂ ਦੇ ਸਿੱਟੇ ਅਥਵਾ ਬੱਲੀਆਂ ਭਰਪੂਰ ਜੋਬਨ ਤੇ ਹੁੰਦੀਆਂ ਹਨ। ਇਨ੍ਹਾਂ ਹੋਲੀ ਦੇ ਦਿਨਾਂ ਤੋਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰੋਂ ਦੇ ਖੇਤ ਪੀਲੀ ਪੁਸ਼ਾਕ ਪਾਈ ਦੂਰੋਂ ਅਨੋਖੀ ਝਲਕ ਪ੍ਰਦਾਨ ਕਰ ਰਹੇ ਹੁੰਦੇ ਹਨ ਅਤੇ ਲੋਕ-ਰੰਗ ਵਿਚ ਹੋਰ ਇਜ਼ਾਫਾ ਕਰ ਰਹੇ ਹੁੰਦੇ ਹਨ। ਇਸ ਸੰਬੰਧੀ ਲੋਕ-ਗੀਤ ਦੇ ਬੋਲ ਹਨ ਕਿ-
‘‘ ਫੱਗਣ ਦੇ ਮਹੀਨੇ ਸਰੋਂ ਖੇਤੀ ਫੁੱਲੀ ਏ, ਹੋਲੀ ਦੀ ਬਹਾਰ ਧਰਤੀ ‘ ਤੇ ਡੁੱਲ੍ਹੀ ਏ। ”
ਫੁੱਲਾਂ ਦਾ ਖਿੜਨਾ ਤੇ ਉਨ੍ਹਾਂ ਦਾ ਪੀਲਾ, ਲਾਲ, ਗੁਲਾਬੀ, ਉਨ੍ਹਾਬੀ , ਚਿੱਟਾ ਆਦਿ ਰੰਗ ਵਿਸ਼ੇਸ਼ ਕਰਕੇ ਮਾਨਵੀ ਅਨੇਕਤਾ ਵਿਚ ਏਕਤਾ ਦਾ ਬਿੰਬ ਉਭਾਰਦਾ ਪ੍ਰਤੀਤ ਹੁੰਦਾ ਹੈ। ਅੰਬ, ਜਾਮਣਾਂ ਅਤੇ ਸ਼ਹਿਤੂਤ ਆਦਿ ਰੁੱਖਾਂ ‘ ਤੇ ਪੋਂਗਰ ਭਾਵ ਨਵੀਆਂ ਕਰੂੰਬਲਾਂ ਦੀ ਫੁਟਾਰ ਦੇ ਨਾਲ ਫਲ ਪੈਣ ਦੀ ਮੁੱਢਲੀ ਨਿਸ਼ਾਨੀ-ਬੂਰ ਦਾ ਨਜ਼ਾਰਾ ਆਪਣੇ ਵੱਖਰੇ ਦਿਲ- ਖਿੱਚਵੇਂ ਅੰਦਾਜ਼ ਦਾ ਸੰਦੇਸ਼ ਅਤੇ ਸੁਹੱਪਣ ਸੁਹਜ ਦਾ ਦਿ੍ਰਸ਼ ਪ੍ਰਦਾਨ ਕਰ ਰਿਹਾ ਹੁੰਦਾ ਹੈ। ਨਾਖਾਂ, ਬੱਗੂਗੋਸ਼ਿਆਂ, ਅਨਾਰਾਂ, ਆੜੂਆਂ ਅਤੇ ਅਮਰੂਦਾਂ ਆਦਿ ਦੇ ਦਰੱਖਤ ਰੰਗ-ਬਰੰਗੇ ਪੱਤਿਆਂ ਅਤੇ ਫੁੱਲਾਂ ਸਹਿਤ ਦਿਲਕਸ਼ ਝਲਕ ਦੀ ਸਾਕਾਰ ਮੂਰਤ ਹੋ ਨਿਬੜਦੇ ਹਨ। ਇਹ ਸਾਰਾ ਪ੍ਰਕਿਰਤਕ ਦ੍ਰਿਸ਼ ਅਤੇ ਵਾਤਾਵਰਨ ਮਨੁੱਖਤਾ ਨੂੰ ਉਸ ਕਿਸਮ ਦਾ ਖੇੜਾ, ਉਲਾਸ ਅਤੇ ਖੁਸ਼ੀਆਂ ਅਰਪਿਤ ਕਰਦਾ ਹੈ ਜਿਸ ਵਿਚੋਂ ਮਾਨਵੀ ਸਾਂਝ ਨੇ ਜਨਮ ਲੈਣਾ ਹੁੰਦਾ ਹੈ।
ਹੋਲੀ ਦੇ ਤਿਉਹਾਰ ਨਾਲ ਕਈ ਮਿਥਿਹਾਸਕ ਕਥਾਵਾਂ ਜੁੜੀਆਂ ਹੋਈਆਂ ਹਨ। ਇੱਕ ਪੁਰਾਣ ਕਥਾ ਮੁਤਾਬਕ ਹਰਨਾਖਸ਼ ਨਾਂ ਦਾ ਰਾਜਾ ਪਰਜਾ ਪਾਸੋਂ ਆਪਣੀ ਪੂਜਾ ਕਰਵਾਉਂਦਾ ਸੀ ਪਰ ਉਸ ਦਾ ਪੁੱਤਰ ਪ੍ਰਹਿਲਾਦ, ਭਗਵਾਨ ਵਿਸ਼ਨੂੰ ਦਾ ਭਗਤ ਸੀ। ਉਹ ਆਪਣੇ ਪਿਤਾ ਨੂੰ ਭਗਵਾਨ ਦਾ ਰੂਪ ਨਹੀਂ ਸੀ ਮੰਨਦਾ। ਇਸ ਕਰਕੇ ਹਰਨਾਖਸ਼ ਉਸ ਨੂੰ ਘ੍ਰਿਣਾ ਕਰਦਾ ਸੀ ਅਤੇ ਉਸ ਨੂੰ ਮਰਵਾਉਣਾ ਚਾਹੁੰਦਾ ਸੀ। ਉਸ ਨੇ ਪ੍ਰਹਿਲਾਦ ਨੂੰ ਮਾਰਨ ਲਈ ਕਈ ਵਾਰ ਯਤਨ ਕੀਤੇ ਪਰ ਸਫ਼ਲਤਾ ਨਾ ਮਿਲੀ। ਆਖ਼ਰ ਉਸ ਨੇ ਆਪਣੀ ਭੈਣ ਹੋਲਿਕਾ ਨੂੰ ਆਖਿਆ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਬਲਦੀ ਚਿਖਾ ਵਿੱਚ ਬੈਠ ਜਾਵੇ। ਹੋਲਿਕਾ ਨੂੰ ਵਰ ਪ੍ਰਾਪਤ ਸੀ ਕਿ ਅਗਨੀ ਉਸ ਨੂੰ ਸਾੜ ਨਹੀਂ ਸੀ ਸਕਦੀ ਜਿਸ ਕਰਕੇ ਪ੍ਰਹਿਲਾਦ ਸੜ ਜਾਵੇਗਾ ਤੇ ਉਹ ਬਚ ਜਾਵੇਗੀ। ਜਦੋਂ ਹੋਲਿਕਾ, ਪ੍ਰਹਿਲਾਦ ਨੂੰ ਬਲਦੀ ਚਿਖਾ ਵਿੱਚ ਲੈ ਕੇ ਬੈਠ ਗਈ ਤਾਂ ਭਾਣਾ ਇਹ ਵਰਤਿਆ ਕਿ ਹੋਲਿਕਾ ਸੜ ਕੇ ਸੁਆਹ ਹੋ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਇਸ ਤਰ੍ਹਾਂ ਸਤਿ ਦੀ ਫ਼ਤਹਿ ਹੋਈ ਤੇ ਝੂਠ ਹਾਰ ਗਿਆ। ਕਹਿੰਦੇ ਹਨ ਕਿ ਉਸ ਦਿਨ ਤੋਂ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਾ। ਹੁਣ ਵੀ ਉੱਤਰਾਖੰਡ ਵਿੱਚ ਹੋਲੀ ਵਾਲੇ ਦਿਨ ‘ਹੋਲਿਕਾ’ ਨੂੰ ਜਲਾਏ ਜਾਣ ਦਾ ਰਿਵਾਜ ਹੈ। ਹੋਲਿਕਾ ਨੂੰ ਸਾੜਨਾ ਬਦੀ ਨੂੰ ਸਾੜਨ ਦਾ ਪ੍ਰਤੀਕ ਹੈ। ਇੱਕ ਹੋਰ ਕਥਾ ਮੁਤਾਬਕ ਇਸ ਦਿਨ ਭਗਵਾਨ ਸ਼ਿਵ ਨੇ ਕ੍ਰੋਧ ਵਿੱਚ ਆ ਕੇ ਕਾਮਦੇਵ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਸ਼ਿਵ ਦੇ ਸ਼ਰਧਾਲੂ ਹੋਲੀ ਵਾਲੇ ਦਿਨ ਭੰਗ ਦੇ ਪਕੌੜੇ ਅਤੇ ਭੰਗ ਦੀ ਠੰਢਿਆਈ ਦਾ ਸੇਵਨ ਕਰ ਕੇ ਉਨ੍ਹਾਂ ਦੀ ਅਰਾਧਨਾ ਕਰਦੇ ਹਨ।
ਪੰਜਾਬ ਵਿਚ ਗੁਰੂ ਸਾਹਿਬਾਨਾਂ ਦੇ ਕਾਲ ਵਿਚ ਵੀ ਇਸ ਤਿਉਹਾਰ ਨੂੰ ਮਨਾਏ ਜਾਣ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਅਧਿਆਤਮਕ ਰੰਗਣ ਵਿਚ ਆਪੇ ਨੂੰ ਰੰਗ ਕੇ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਲੀ ਆਮ ਪ੍ਰਚਲਿਤ ਤਿਉਹਾਰ ਸੀ। ਉਨ੍ਹਾਂ ਨੇ ਹੋਲੀ ਦੇ ਤਿਉਹਾਰ ਤੋਂ ਇਕ ਦਿਨ ਉਪਰੰਤ ਇਸ ਨੂੰ ਮਨਾਉਂਦਿਆਂ ਹੋਇਆਂ ‘ ਹੋਲਾ-ਮਹੱਲਾ ‘ ਯਾਨਿ ‘ ਹੋਲੇ ‘ ਦਾ ਨਾਮ ਦਿੱਤਾ। ਹੋਲਾ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਪਹਿਲਾਂ ਇਸ ਤਿਉਹਾਰ ਵਿਚ ਪਿਆਰ, ਉਮਾਹ, ਲਗਨ, ਸਾਂਝ ਆਦਿ ਦੀ ਭਾਵਨਾ ਹੀ ਭਾਰੂ ਸੀ, ਉਥੇ ਗੁਰੂ ਸਾਹਿਬ ਨੇ ਉਸ ਸਭ ਕਾਸੇ ਦੇ ਨਾਲ- ਨਾਲ ਬੀਰ ਰਸ ਭਰ ਕੇ, ਸੂਰਮਗਤੀ ਦੀਆਂ ਖੇਡਾਂ ਜਿਵੇਂ ਗਤਕਾਬਾਜ਼ੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਆਦਿ ਦੀ ਸ਼ਮੂਲੀਅਤ ਕਰਕੇ, ਇਸਦੇ ਸਰੂਪ ਨੂੰ ਹੋਰ ਵੀ ਨਿਖਾਰ ਦਿੱਤਾ। ਹੋਲਾ ਮਨਾਉਂਦੇ ਸਮੇਂ ਪ³ਜਾਬੀ ਲੋਕ ਅਤੇ ਖਾਸ ਕਰਕੇ ਸਿੱਖ ਕੌਮ ਬੀਰਤਾ ਭਰਪੂਰ, ਜੋਸ਼ ਭਰਪੂਰ ਅਤੇ ਜੰਗਜੂ ਪੱਧਰ ਦੀਆਂ ਖੇਡਾਂ ਅਤੇ ਕਰਤਬਾਂ ਆਦਿ ਦਾ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਂਵਾਂ ਵੀ ਗਾਉਂਦੇ ਹਨ।
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੱਚਿਆਂ, ਗੱਭਰੂਆਂ ਅਤੇ ਮੁਟਿਆਰਾਂ ਤੋਂ ਚਾਅ ਚੁੱਕਿਆ ਨਹੀਂ ਜਾਂਦਾ। ਉਹ ਗੁਲਾਲ ਦੀਆਂ ਪਿਚਕਾਰੀਆਂ ਨਾਲ ਇੱਕ-ਦੂਜੇ ’ਤੇ ਰੰਗਾਂ ਦੀ ਵਰਖਾ ਕਰਦੇ ਹਨ। ਇਸ ਉਪਰੰਤ ਸੁੱਕੇ ਰੰਗਾਂ ਨਾਲ ਵੀ ਇੱਕ-ਦੂਜੇ ਦੇ ਚਿਹਰਿਆਂ ਨੂੰ ਰੰਗ ਕੇ ਅਨੂਠੀ ਖ਼ੁਸ਼ੀ ਮਹਿਸੂਸ ਕਰਦੇ ਹਨ। ਔਰਤਾਂ ਅਤੇ ਮੁਟਿਆਰਾਂ ਵੀ ਵਧ-ਚੜ੍ਹ ਕੇ ਇਸ ਤਿਉਹਾਰ ਵਿੱਚ ਭਾਗੀਦਾਰ ਬਣਦੀਆਂ ਹਨ। ਵਾਤਾਵਰਨ ਵਿੱਚ ਖ਼ੁਸ਼ੀਆਂ-ਖੇੜੇ, ਹਾਸੇ-ਮਖੌਲ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਸਮਾਂ ਬੰਨ੍ਹ ਦਿੰਦੀਆਂ ਹਨ। ਮੋਹ-ਮੁਹੱਬਤਾਂ ਦਾ ਸਾਗਰ ਵਹਿ ਤੁਰਦਾ ਹੈ। ਸਾਰੇ ਗਿਲੇ-ਸ਼ਿਕਵੇ-ਉਲਾਂਭੇ ਕਾਫ਼ੂਰ ਹੋ ਜਾਂਦੇ ਹਨ।
ਘਟੀਆ ਅਤੇ ਪੱਕੇ ਰੰਗ ਜਾਂ ਗੰਦਾ ਤੇਲ ਕਈ ਵਾਰ ਸਾਡੀ ਚਮੜੀ ਤੇ ਬੁਰਾ ਪ੍ਰਭਾਵ ਛੱਡਦੇ ਹਨ ਅਤੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਬੱਚਿਆਂ ਨੂੰ ਇਸ ਦਿਨ ਗੁਲਾਲ ਦੇ ਵੱਖ-2 ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਗੂੜ੍ਹੇ ਅਤੇ ਪੱਕੇ ਰੰਗਾਂ ਨਾਲ ਹੋਲੀ ਖੇਡ ਕੇ ਜਾਂ ਆਪਣੇ ਦੋਸਤਾਂ ਉੱਪਰ ਕਾਲਾ ਤੇਲ ਵਗੈਰਾ ਪਾ ਕੇ ਖੁਸ਼ੀਆਂ ਭਰੇ ਤਿਉਹਾਰ ਦਾ ਮਜ਼ਾ ਕਿਰਕਿਰਾ ਕਰਨਾ ਚਾਹੀਦਾ ਹੈ। ਹੋਲੀ ਤਾਂ ਸਭਨਾਂ ਰੰਗਾਂ ਨੂੰ ਮਾਣ-ਸਤਿਕਾਰ ਦੇ ਕੇ, ਮਰਿਆਦਾ ਵਿਚ ਰਹਿ ਕੇ ਮਾਨਣ ਦਾ ਨਾਮ ਹੈ ਅਤੇ ਇਹ ਤਿਉਹਾਰ ਭਾਰਤੀ ਸੰਸਕ੍ਰਿਤੀ ਦੀ ਮਹਿਕ ਹੈ।
ਸ਼ਾਲਾ! ਖ਼ੁਸ਼ੀਆਂ, ਖੇੜੇ ਅਤੇ ਸੁਗੰਧੀਆਂ ਬਿਖੇਰਨ ਵਾਲਾ ਇਹ ਤਿਉਹਾਰ ਪੰਜਾਬੀਆਂ ਦੇ ਜੀਵਨ ਵਿੱਚ ਸਦਾ ਰੰਗ ਭਰਦਾ ਰਹੇ ਅਤੇ ਸ਼ਾਲਾ! ਸਮੇਂ ਦੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਮੋਹ-ਮੁਹੱਬਤਾਂ ਦੀ ਡੋਰ ਹੋਰ ਪੀਡੀ ਹੋ ਜਾਵੇ! ਜੈ ਹਿੰਦ !

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਸਵਾਮੀ ਵਿਵੇਕਾਨੰਦ: ਨੌਜਵਾਨਾਂ ਲਈ ਪ੍ਰੇਰਨਾ ਸਰੋਤ – 12 ਜਨਵਰੀ ਕੌਮੀ ਯੁਵਕ ਦਿਵਸ ਤੇ ਵਿਸ਼ੇਸ਼

ਦੇਸ਼ ਦੇ ਮਹਾਨ ਚਿੰਤਕ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੌਮੀ ਯੁਵਕ ਦਿਵਸ ਮਨਾਇਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਅਜਿਹੇ ਸੂਰਜ ਸਨ, ਜਿਨ੍ਹਾਂ ਨੇ ਸੱਚ, ਤਿਆਗ, ਨਿਡਰਤਾ ਅਤੇ ਪਿਆਰ


Print Friendly
Important Days0 Comments

International Children’s Book Day – (2 April)

The International Children’s Book Day would be celebrated on April 2 in memory of Hans Christian Andersen’s birthday. The theme for 2016 is Once Upon A Time, and the sponsoring


Print Friendly
Important Days0 Comments

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕਰਦਿਆਂ (ਅੱਜ ਸ਼ਹੀਦੀ ਦਿਨ ਤੇ)

ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੇ  ਕ੍ਰਾਂਤੀਕਾਰੀ ਯੋਧਿਆਂ ਵਿੱਚ ਚੰਦਰ ਸ਼ੇਖਰ ਆਜ਼ਾਦ ਦਾ ਨਾਂ ਬਹੁਤ ਹੀ ਸ਼ਰਧਾ ਨਾਲ ਲਿਆ ਜਾਂਦਾ ਹੈ। ਆਜ਼ਾਦ ਨੇ ਦੇਸ਼ ਨੂੰ ਆਜ਼ਾਦ ਕਰਵਾਉਣ


Print Friendly