Print Friendly
ਦੁਨੀਆਂ ਦਾ ਮਹਾਨ ਭੌਤਿਕ ਵਿਗਿਆਨੀ – ਅਲਬਰਟ ਆਈਨਸਟਾਈਨ ( 14 ਮਾਰਚ ਜਨਮ ਦਿਨ ‘ਤੇ ਵਿਸ਼ੇਸ਼ )

ਦੁਨੀਆਂ ਦਾ ਮਹਾਨ ਭੌਤਿਕ ਵਿਗਿਆਨੀ – ਅਲਬਰਟ ਆਈਨਸਟਾਈਨ ( 14 ਮਾਰਚ ਜਨਮ ਦਿਨ ‘ਤੇ ਵਿਸ਼ੇਸ਼ )

‘‘ਅਲਬਰਟ, ਅਲਬਰਟ ਓਏ ਸੁਸਤ ਕੁੱਤਿਆ, ਤੇਰਾ ਪੜ੍ਹਾਈ ਵਿੱਚ ਉੱਕਾ ਹੀ ਧਿਆਨ ਨਹੀਂ।’’ ਇਹ ਸ਼ਬਦ, ਗਣਿਤ ਪ੍ਰੋਫੈਸਰ ਦੇ ਉਸ ਮਹਾਨ ਵਿਅਕਤੀ ਬਾਰੇ ਸਨ ਜੋ ਦੁਨੀਆ ਦੇ ਉਨ੍ਹਾਂ ਤਿੰਨ ਯਹੂਦੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਇਹ ਵਿਅਕਤੀ ਸਨ ਕਾਰਲ ਮਾਰਕਸ, ਚਾਰਲਸ ਡਾਰਵਿਨ ਤੇ ਅਲਬਰਟ ਆਈਨਸਟਾਈਨ। ਮਾਰਕਸ ਕਮਿਊਨਿਸਟ ਵਿਚਾਰਧਾਰਾ ਦਾ ਮੋਢੀ, ਚਾਰਲਸ ਡਾਰਵਿਨ ਜੀਵਾਂ ਵਿੱਚ ਹੋਏ ਵਿਕਾਸ ਦੀ ਪੁਸ਼ਟੀ ਕਰਨ ਵਾਲਾ ਅਤੇ ਅਲਬਰਟ ਆਈਨਸਟਾਈਨ ਊਰਜਾ ਦੇ ਸਾਪੇਖਤਾ ਦੇ ਸਿਧਾਂਤ ਦਾ ਖੋਜੀ ਸੀ। ਆਈਨਸਟਾਈਨ ਦਾ ਜਨਮ ਅੱਜ ਹੀ ਦੇ ਦਿਨ 14 ਮਾਰਚ 1879 ਨੂੰ ਜਰਮਨੀ ਦੇ ਇੱਕ ਛੋਟੇ ਜਿਹੇ ਪਿੰਡ ਉਲਮ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਕਠਿਨਾਈ ਹੁੰਦੀ ਸੀ, ਲੇਕਿਨ ਉਹ ਪੜ੍ਹਾਈ ਵਿੱਚ ਅੱਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਟਾਲੀਅਨ ਅਤੇ ਅੰਗਰੇਜ਼ੀ ਸਿੱਖੀ। ਉਹ ਸਭ ਤੋਂ ਜਿਆਦਾ ਸਾਪੇਖਤਾ ਦਾ ਸਿਧਾਂਤ ਅਤੇ ਪੁੰਜ-ਊਰਜਾ ਸਮੀਕਰਣ E=mc2 ਲਈ ਜਾਣਿਆ ਜਾਂਦਾ ਹੈ। ਉਸ ਨੂੰ ਸਿਧਾਂਤਕ ਭੌਤਿਕੀ, ਖਾਸਕਰ ਪ੍ਰਕਾਸ਼ – ਬਿਜਲਈ ਪ੍ਰਭਾਵ ਦੀ ਖੋਜ ਲਈ 1921 ਵਿੱਚ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਜਨਮ ਸਮੇਂ ਹੀ ਆਈਨਸਟਾਈਨ ਦਾ ਸਿਰ ਸਧਾਰਣ ਆਕਾਰ ਨਾਲੋਂ ਕੁਝ ਵੱਡਾ ਸੀ। ਇਸ ਲਈ ਡਾਕਟਰਾਂ ਦਾ ਖਿਆਲ ਸੀ ਕਿ ਇਹ ਅਸਧਾਰਨਤਾ ਆਈਨਸਟਾਈਨ ਨੂੰ ਜਾਂ ਤਾਂ ਮੰਦਬੁੱਧੀ ਦਾ ਜਾਂ ਤੇਜ਼ ਬੁੱਧੀ ਦਾ ਬਣਾ ਦੇਵੇਗੀ। ਜਦੋਂ ਆਈਨਸਟਾਈਨ ਚਾਰ ਸਾਲ ਦੀ ਉਮਰ ਤੱਕ ਵੀ ਸਾਫ਼ ਬੋਲਣਾ ਨਾ ਸਿਖ ਸਕਿਆ ਤਾਂ ਉਸਦੇ ਮਾਪਿਆਂ ਦਾ ਮੱਥਾ ਠਣਕਿਆ। ਬੋਲਣ ਪੱਖੋਂ ਨੌ ਸਾਲ ਦੀ ਉਮਰ ਤੱਕ ਉਸਦਾ ਬੁਰਾ ਹਾਲ ਹੀ ਰਿਹਾ। ਆਈਨਸਟਾਈਨ ਦੇ ਪਿਤਾ ਨੇ ਪੰਜ ਸਾਲ ਦੀ ਉਮਰ ਵਿੱਚ ਉਸਨੂੰ ਇੱਕ ਕੰਪਾਸ ਲੈ ਦਿੱਤੀ। ਕੰਪਾਸ ਦੀਆਂ ਸੂਈਆਂ ਜਦੋਂ ਵੀ ਹਿਲਾਈਆਂ ਜਾਂਦੀਆਂ ਤਾਂ ਉਹ ਮੁੜ ਉੱਤਰ-ਦੱਖਣ ਦਿਸ਼ਾ ਵੱਲ ਆ ਰੁਕਦੀਆਂ। ਸੂਈਆਂ ਤੇ ਕੰਮ ਕਰਦੇ ਬਲ ਨੂੰ ਆਈਨਸਟਾਈਨ ਲੱਭਣ ਦਾ ਯਤਨ ਕਰਦਾ।
ਆਈਨਸਟਾਈਨ ਦੇ ਪਿਤਾ ਹਰਮਨ ਨੇ ਜਰਮਨੀ ਦੇ ਸ਼ਹਿਰ ਮਿਊਨਿਕ ਵਿੱਚ ਹੀ ਇੱਕ ਬਿਜਲੀ ਦੇ ਸਮਾਨ ਬਣਾਉਣ ਦੀ ਫੈਕਟਰੀ ਲਾਈ ਹੋਈ ਸੀ। ਬਿਜਲੀ ਉਪਕਰਣਾਂ ਵਿੱਚ ਦਿਲਚਸਪੀ ਵੀ ਆਈਨਸਟਾਈਨ ਨੂੰ ਵਿਰਸੇ ਵਿਚੋਂ ਮਿਲੀ ਸੀ। ਇਸ ਲਈ ਆਈਨਸਟਾਈਨ ਦੀ ਮੁੱਢਲੀ ਪੜ੍ਹਾਈ ਮਿਊਨਿਕ ਦੇ ਐਲੀਮੈਂਟਰੀ ਸਕੂਲ ਵਿੱਚ ਹੀ ਹੋਈ।
ਸਕੂਲੀ ਪੜ੍ਹਾਈ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਆਈਨਸਟਾਈਨ ਨੂੰ ਪੜ੍ਹਾਈ ਵੱਲ ਧਿਆਨ ਨਾ ਦੇਣ ਕਾਰਨ ਸਕੂਲ ਵਿੱਚੋਂ ਕੱਢ ਦਿੱਤਾ ਗਿਆ।
ਆਈਨਸਟਾਈਨ ਨੂੰ ਵਾਇਲਨ ਵਜਾਉਣ ਦਾ ਬਹੁਤ ਸ਼ੌਂਕ ਸੀ। ਉਹ ਹਰ ਵੇਲੇ ਇਸ ਨੂੰ ਆਪਣੇ ਪਾਸ ਰੱਖਦਾ। ਆਈਨਸਟਾਈਨ ਦੇ ਪਿਤਾ ਹਰਮਨ ਨੇ ਸਾਇੰਸ ਵਿੱਚ ਉਸਦੀ ਦਿਲਚਸਪੀ ਪੈਦਾ ਕਰਨ ਲਈ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਇੱਕ ਗਰੀਬ ਵਿਦਿਆਰਥੀ ਨੂੰ, ਆਈਨਸਟਾਈਨ ਦੇ ਟਿਉਟਰ ਵਜੋਂ ਆਪਣੇ ਘਰ ਰੱਖ ਲਿਆ। ਉਹ ਆਈਨਸਟਾਈਨ ਨੂੰ ਸਿਲੇਬਸੋਂ ਬਾਹਰਲੀਆਂ ਕਿਤਾਬਾਂ ਲਿਆ ਕੇ ਦਿੰਦਾ ਤੇ ਦੱਸਦਾ ਕਿ ਕਿਤਾਬਾਂ ਵਿੱਚ ਕੀ ਲਿਖਿਆ ਹੈ। ਇਸ ਤਰ੍ਹਾਂ ਉਹ ਇੱਕ ਵਾਰ ਸਾਇੰਸ ਦੀ ਕਿਤਾਬ ਲੈ ਆਇਆ। ਉਸ ਕਿਤਾਬ ਦਾ ਲੇਖਕ ਬਿਜਲੀ ਤੇ ਸਵਾਰ ਹੋ ਕੇ ਟੈਲੀਗ੍ਰਾਫ ਦੀਆਂ ਤਾਰਾਂ ਵਿੱਚੋਂ ਲੰਘਣ ਦੀ ਕਲਪਨਾ ਕਰਦਾ ਹੈ। ਇਸ ਨੂੰ ਪੜ੍ਹਨ ਤੋਂ ਬਾਅਦ ਆਈਨਸਟਾਈਨ ਪ੍ਰਕਾਸ਼ ਦੀ ਗਤੀ ਨਾਲ ਜਾ ਰਹੇ ਨਿਰੀਖਕ ਅਤੇ ਧਰਤੀ ਤੇ ਖੜ੍ਹੇ ਅਹਿਲ ਨਿਰੀਖਕ ਵਿਚਕਾਰ ਗਤੀਆਂ ਦੀ ਕਲਪਨਾ ਕਰਦਾ। ਸੋਚ ਦੀਆਂ ਇਹ ਕਲਪਨਾਵਾਂ ਹੀ ਉਸਦੀ ਭਵਿੱਖ ਦੇ ਸਾਪੇਖਤਾ ਸਿਧਾਂਤ ਦੀ ਖੋਜ ਦਾ ਆਧਾਰ ਬਣੀਆਂ।
1894 ਵਿੱਚ ਉਸਦੇ ਪਿਤਾ ਦੀ ਫੈਕਟਰੀ ਬੰਦ ਹੋ ਗਈ ਤੇ ਉਸਦਾ ਪਰਿਵਾਰ ਇਟਲੀ ਵਿੱਚ ਮਿਲਣ ਵਿਖੇ ਰਹਿਣ ਲਈ ਚਲਿਆ ਗਿਆ। ਪਰ ਆਈਨਸਟਾਈਨ ਕੁਝ ਸਮੇਂ ਲਈ ਮਿਉਨਿਕ ਹੀ ਰਿਹਾ। 1900 ਵਿੱਚ ਉਸਨੇ ਆਪਣੀ ਪੜ੍ਹਾਈ ਖਤਮ ਕਰ ਲਈ ਪਰ ਉਹ ਬਗੈਰ ਕਿਸੇ ਡਿਗਰੀ ਤੋਂ ਹੀ ਸਕੂਲ ਛੱਡ ਗਿਆ। ਭਾਵੇਂ ਮਗਰੋਂ ਜਾ ਕੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗਣ ਲਈ ਉਸਨੂੰ ਇਹ ਇਮਤਿਹਾਨ ਫਿਰ ਵੀ ਪਾਸ ਕਰਨਾ ਹੀ ਪਿਆ। 1903 ਵਿੱਚ ਉਸਨੇ ਆਪਣੀ ਸਕੂਲ ਪੜ੍ਹਾਈ ਸਮੇਂ ਬਣੀ ਦੋਸਤ ਮਿਲਵਾ ਮੈਰਿਕ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਵਿਆਹ ਤੋਂ ਪਹਿਲਾਂ ਪੈਦਾ ਹੋਈ ਉਸਦੀ ਧੀ ਕਿਸੇ ਪਰਿਵਾਰ ਨੂੰ ਗੋਦ ਦੇ ਦਿੱਤੀ ਗਈ। ਦੋ ਬੇਟੇ ਪੂਰੀ ਉਮਰ ਆਈਨਸਟਾਈਨ ਦੇ ਸੰਪਰਕ ਵਿੱਚ ਰਹੇ।
1903 ਵਿੱਚ ਉਸਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਬਰਨ ਵਿੱਚ ਪੇਟੇਂਟ ਦਫ਼ਤਰ ਵਿੱਚ ਨੌਕਰੀ ਮਿਲ ਗਈ। ਇਸ ਦਫ਼ਤਰ ਵਿੱਚ ਜੋ ਵੀ ਕਾਢਾਂ ਪੇਟੇਂਟ ਕਰਵਾਉਣ ਲਈ ਆਉਂਦੀਆਂ ਉਹ ਉਨ੍ਹਾਂ ਵਿੱਚ ਭਰਪੂਰ ਦਿਲਚਸਪੀ ਲੈਂਦਾ। 1905 ਵਿੱਚ ਸਾਇੰਸ ਦੇ ਪ੍ਰਸਿੱਧ ਰਸਾਲਿਆਂ ਵਿੱਚ ਉਸਦੇ ਖੋਜ ਪੱਤਰ ਛਪਣੇ ਸ਼ੁਰੂ ਹੋ ਗਏ। ਇਨ੍ਹਾਂ ਵਿੱਚੋਂ ਇੱਕ ਖੋਜ਼ ਪੱਤਰ ਪ੍ਰਕਾਸ਼ ਦੇ ਬਿਜਲੀ ਪ੍ਰਭਾਵ ਬਾਰੇ ਸੀ। ਜਿਸ ਅਨੁਸਾਰ ਪ੍ਰਕਾਸ਼ ਤੇ ਬਿਜਲੀ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਬਾਅਦ ਵਿੱਚ ਇਸੇ ਪ੍ਰਭਾਵ ਦੀ ਵਰਤੋਂ ਨਾਲ ਅੱਜ ਦੇ ਰੀਮੋਟ ਆਪਣੇ ਆਪ ਪਾਣੀ ਦੇਣ ਵਾਲੀਆਂ ਟੂਟੀਆਂ ਤੇ ਆਟੋਮੈਟਿਕ ਖੁੱਲ੍ਹਣ ਤੇ ਬੰਦ ਹੋਣ ਵਾਲੇ ਦਰਵਾਜ਼ੇ ਬਣਨ ਲੱਗ ਪਏ। ਆਈਨਸਟਾਈਨ ਨੇ ਇਸ ਫੋਟੋ ਇਲੈਕਟਰਿਕ ਪ੍ਰਭਾਵ ਨਾਲੋਂ ਜਿ਼ਆਦਾ ਮਹੱਤਵਪੂਰਨ ਖੋਜਾਂ ਕੀਤੀਆਂ ਹਨ। ਪਰ ਫੋਟੋ ਇਲੈਕਟ੍ਰਿਕ ਪ੍ਰਭਾਵ ਸਿਧਾਂਤ ਕਾਰਨ ਹੀ ਉਸਨੂੰ 1921 ਵਿੱਚ ਨੌਬਲ ਪੁਰਸਕਾਰ ਮਿਲਿਆ। ਉਸਦੀ ਦੂਸਰੀ ਮਹੱਤਵਪੂਰਨ ਖੋਜ ਪਦਾਰਥ ਦੇ ਊਰਜਾ ਨਾਲ ਸਬੰਧਾਂ ਬਾਰੇ ਹੈ। ਇਸ ਖੋਜ ਅਨੁਸਾਰ ਹਰੇਕ ਪਦਾਰਥ ਵਿੱਚ ਉਸਦੀ ਮਾਤਰਾ ਨੂੰ ਪ੍ਰਕਾਸ਼ ਦੀ ਗਤੀ ਦੇ ਵਰਗ ਨਾਲ ਗੁਣਾ ਕਰਨ ਜਿੰਨੀ ਊਰਜਾ ਹੁੰਦੀ ਹੈ।
ਜਦੋਂ ਦੁਨੀਆਂ ਦੇ ਵਿਗਿਆਨਕਾਂ ਨੂੰ ਇਸ ਸਿਧਾਂਤ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪਦਾਰਥ ਨੂੰ ਊਰਜਾ ਵਿੱਚ ਬਦਲਣ ਲਈ ਸੁਖਾਲੇ ਢੰਗ ਲੱਭਣ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਅੱਜ ਦਾ ਐਟਮੀ ਸੰਸਾਰ ਤੇ ਐਟਮੀ ਬਿਜਲੀ ਘਰ ਹੋਂਦ ਵਿੱਚ ਆ ਗਏ।
ਉਸਦੀ ਅਗਲੀ ਮਹੱਤਵਪੂਰਨ ਖੋਜ ਊਰਜਾ ਦੇ ਸਾਪੇਖਤਾ ਸਿਧਾਂਤ ਬਾਰੇ ਸੀ। ਆਈਨਸਟਾਈਨ ਅਨੁਸਾਰ ਪ੍ਰਕਾਸ਼ ਦੀ ਗਤੀ ਵੀ ਗੁਰੂਤਾ ਖਿੱਚ ਸ਼ਕਤੀ ਨਾਲ ਪ੍ਰਭਾਵਿਤ ਹੁੰਦੀ ਹੈ। ਪਹਿਲ-ਪਹਿਲ ਤਾਂ ਉਸਦਾ ਇਹ ਸਿਧਾਂਤ ਵਿਗਿਆਨਕਾਂ ਨੂੰ ਸਮਝ ਹੀ ਨਾ ਆਇਆ। ਪਰ ਜਦੋਂ ਉਨ੍ਹਾਂ ਨੇ ਸੂਰਜੀ ਰੌਸ਼ਨੀ ਨੂੰ ਗ੍ਰਹਿਆਂ ਦੇ ਪ੍ਰਭਾਵ ਕਾਰਨ ਸਿੱਧੀ ਰੇਖਾ ਵਿੱਚੋਂ ਚਲਦੇ ਹੋਏ ਟੇਢੀ ਹੁੰਦੇ ਹੋਏ ਵੇਖਿਆ ਤਾਂ ਕਿਤੇ ਜਾ ਕੇ ਵਿਗਿਆਨਕਾਂ ਨੂੰ ਉਸਦੇ ਸਾਪੇਖਤਾ ਸਿਧਾਂਤ ਦੀ ਸਮਝ ਆਈ। ਉਸਦਾ ਸਾਪੇਖਤਾ ਸਿਧਾਂਤ ਪੁਲਾੜ, ਸਮੇਂ ਅਤੇ ਗਤੀ (ਦੇਸ-ਕਾਲ) ਵਿਚਲੇ ਸਬੰਧਾਂ ਦੀ ਵਿਆਖਿਆ ਕਰਦਾ ਹੈ।
ਆਈਨ ਸਟਾਈਨ ਅਨੁਸਾਰ ਬ੍ਰਹਿਮੰਡ ਵਿੱਚ ਇੱਕੋ ਸਮੇਂ ਵਾਪਰਨ ਵਾਲੀ ਘਟਨਾ ਨੂੰ ਵੇਖਣ ਵਾਲੇ ਵੱਖ-ਵੱਖ ਗਲੈਕਸੀਆਂ (ਤਾਰਿਆਂ ਦਾ ਝੁੰਡ) ਦੇ ਨਿਰੀਖਕਾਂ ਦਾ ਵੇਖਣ ਦਾ ਸਮਾਂ ਵੱਖ-ਵੱਖ ਹੋਵੇਗਾ। ਕਿਸੇ ਇੱਕ ਗਲੈਕਸੀ ਵਿੱਚ ਫੱਟਦਾ ਸੂਰਜ ਕਿਸੇ ਹੋਰ ਗਲੈਕਸੀ ਵਾਲੇ ਨਿਰੀਖਕ ਨੂੰ ਕਿਸੇ ਦੂਰ ਦੀ ਗਲੈਕਸੀ ਦੇ ਨਿਰੀਖਕ ਨਾਲੋਂ ਕਰੋੜਾਂ ਸਾਲ ਪਹਿਲਾ ਜਾਂ ਪਿੱਛੋਂ ਵਿਖਾਈ ਦੇ ਸਕਦਾ ਹੈ। ਆਈਨਸਟਾਈਨ ਅਨੁਸਾਰ ਤੀਹ ਤੀਹ ਸਾਲ ਦੇ ਦੋ ਜੁੜਵਾਂ ਭਰਾਵਾਂ ਵਿੱਚੋਂ ਜੇ ਇੱਕ ਪ੍ਰਕਾਸ਼ ਦੀ ਗਤੀ ਨਾਲ ਕਿਸੇ ਹੋਰ ਗ੍ਰਹਿ ਵੱਲ ਚਲਿਆ ਜਾਂਦਾ ਹੈ ਤੇ ਪੰਜਾਹ ਸਾਲਾਂ ਬਾਅਦ ਜਦੋਂ ਉਹ ਮੁੜ ਧਰਤੀ ‘ਤੇ ਆਵੇਗਾ ਤਾਂ ਉਸਦੀ ਉਮਰ ਤੀਹ ਸਾਲ ਹੀ ਰਹੇਗੀ ਪਰ ਉਸਦਾ ਜੁੜਵਾਂ ਭਰਾ ਅੱਸੀ ਸਾਲ ਦਾ ਹੋ ਚੁੱਕਿਆ ਹੋਵੇਗਾ। ਇਸਦਾ ਭਾਵ ਹੈ ਕਿ ਪ੍ਰਕਾਸ਼ ਦੀ ਗਤੀ ‘ਤੇ ਜਾ ਕੇ ਨਿਰੀਖਕ ਲਈ ਸਮੇਂ ਦਾ ਵੱਧਣਾ ਜ਼ੀਰੋ ਹੋ ਜਾਂਦਾ ਹੈ।
ਆਈਨਸਟਾਈਨ ਦੀਆਂ ਇਨ੍ਹਾ ਖੋਜਾਂ ਦੇ ਕਾਰਨ ਲੋਕਾਂ ਨੇ ਉਸ ਨੂੰ ਸੰਸਾਰ ਦਾ ‘ਸ਼੍ਰੋਮਣੀ ਵਿਗਿਆਨੀ’ ਅਤੇ ‘ਨਿਊਟਨ ਦਾ ਜੇਤੂ’ ਦੇ ਨਾਵਾਂ ਨਾਲ ਸਨਮਾਨਿਆ। ਲੋਕਾਂ ਦਾ ਪਾਗਲਪਨ ਇੱਥੇ ਤੱਕ ਪੁੱਜ ਗਿਆ ਕਿ ਉਹ ਆਪਣੇ ਘਰਾਂ ਦੇ ਝਗੜਿਆਂ-ਝੇੜਿਆਂ ਅਤੇ ਗੁੰਝਲਾਂ ਦੇ ਹੱਲ ਲੱਭਣ ਲਈ ਵੀ ਉਸ ਪਾਸ ਆਉਣ ਲੱਗੇ। 1905 ਵਿੱਚ ਆਈਨਸਟੀਨ ਨੂੰ ਜ਼ਿਊਰਿਚ ਦੇ ਵਿਸ਼ਵ ਵਿਦਿਆਲੇ ਨੇ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਅਤੇ 1909 ਵਿੱਚ ਸਿਧਾਂਤਿਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਕੀਤਾ। ਥੋਡ਼੍ਹੇ ਸਮੇਂ ਮਗਰੋਂ ਹੀ 1913 ਵਿੱਚ ਉਹ ਬਰਲਿਨ ਦੇ ਵਿਸ਼ਵ ਵਿਦਿਆਲੇ ਦਾ ਪ੍ਰੋਫੈਸਰ ਅਤੇ ਵਿਗਿਆਨ ਦੀ ਸ਼ਾਹੀ ਸੰਸਥਾ ਦਾ ਮੈਂਬਰ ਵੀ ਚੁਣਿਆ ਗਿਆ।
ਆਈਨਸਟਾਈਨ ਦਾ ਆਪਣੀ ਪਹਿਲੀ ਪਤਨੀ ਸਿਲਵਾ ਨਾਲ ਤਲਾਕ ਹੋ ਗਿਆ ਇਸ ਲਈ ਉਸਨੇ 1919 ਵਿੱਚ ਆਪਣੇ ਬਚਪਨ ਦੀ ਦੋਸਤ ਅਤੇ ਮਸੇਰੀ ਭੈਣ ਏਲਸਾ ਨਾਲ ਵਿਆਹ ਕਰਵਾ ਲਿਆ। ਯਹੂਦੀਆਂ ਵਿੱਚ ਅਜਿਹੇ ਵਿਆਹਾਂ ਦੀ ਖੁੱਲ੍ਹ ਹੈ। ਇਸ ਸਮੇਂ ਜਰਮਨੀ ਵਿੱਚ ਵੀ ਨਾਜੀ ਪਾਰਟੀ ਹਿਟਲਰ ਦੀ ਅਗਵਾਈ ਵਿੱਚ ਹੋਂਦ ਵਿੱਚ ਆ ਗਈ ਸੀ। ਨਾਜ਼ੀ ਯਹੂਦੀਆਂ ਉਪਰ ਹਰ ਸਮੇਂ ਕਚੀਚੀਆਂ ਵੱਟਦੇ ਰਹਿੰਦੇ ਸਨ। 1931 ਵਿੱਚ ਉਨ੍ਹਾਂ ਨੇ ਇੱਕ ਅਜਿਹਾ ਕਾਨੂੰਨ ਪਾਸ ਕਰ ਦਿੱਤਾ ਜਿਸ ਅਨੁਸਾਰ ਜਰਮਨੀ ਵਿੱਚ ਕਿਸੇ ਵੀ ਯਹੂਦੀ ਲਈ ਅਹਿਮ ਆਹੁਦੇ ‘ਤੇ ਰਹਿਣਾ ਸੰਭਵ ਨਾ ਰਿਹਾ। ਕਹਿੰਦੇ ਹਨ ਇੱਕ ਰਸਾਲੇ ਨੇ ਤਾਂ ਆਪਣੇ ਟਾਈਟਲ ਪੇਜ ਤੇ ਆਈਨਸਟਾਈਨ ਦੀ ਫੋਟੋ ਲਾਕੇ ਲਿਖ ਦਿੱਤਾ, ‘‘ਅਜੇ ਫਾਂਸੀ ਦਿੱਤੀ ਜਾਣੀ ਹੈ।’’ ਜਰਮਨ ਸੂਹੀਏ ਆਈਨਸਟਾਈਨ ਦੀਆਂ ਗਤੀਵਿਧੀਆਂ ਨੂੰ ਹਰ ਵੇਲੇ ਵੇਖਦੇ ਰਹਿੰਦੇ ਸਨ। ਉਸਦੀ ਗੈਰ ਹਾਜ਼ਰੀ ਵਿੱਚ ਇੱਕ ਵਾਰ ਉਸਦੇ ਘਰ ਦੀ ਤਲਾਸੀ ਵੀ ਲਈ ਗਈ। ਸੋ ਸਮੇਂ ਦੀ ਨਬਜ਼ ਨੂੰ ਪਹਿਚਾਣਦਿਆਂ ਆਈਨਸਟਾਈਨ ਨੇ ਜਰਮਨੀ ਨੂੰ ਛੱਡਣ ਦਾ ਮਨ ਬਣਾ ਲਿਆ। 1933 ਵਿੱਚ ਉਹ ਅਮਰੀਕਾ ਦੇ ਸ਼ਹਿਰ ਪਰਿੰਸਟਨ ਵਿੱਚ ਜਾ ਵਸਿਆ ਕਿਉਂਕਿ ਅਮਰੀਕਾ ਦੀ ਸਟੇਟ ਨਿਊਜਰਸੀ ਉਸ ਸਮੇਂ ਵਿਗਿਆਨੀਆਂ ਲਈ ਮੱਕਾ ਬਣੀ ਹੋਈ ਸੀ ਤੇ ਅੱਜ ਅਮਰੀਕਾ ਦੀਆਂ ਜੋ ਵੀ ਪ੍ਰਾਪਤੀਆਂ ਹਨ ਉਹ ਉਸ ਸਮੇਂ ਦੇ ਵਿਗਿਆਨਕਾਂ ਦੀ ਦੇਣ ਹਨ। 1936 ਵਿੱਚ ਉਸਦੀ ਪਤਨੀ ਏਲਸਾ ਵੀ ਉਸਨੂੰ ਸਦੀਵੀਂ ਵਿਛੋੜਾ ਦੇ ਗਈ।
ਇਸ ਵਿਗਿਆਨਕ ਨੇ ਆਪਣੇ ਅੰਤਲੇ ਸਮਿਆਂ ਵਿੱਚ ਸਮੁੱਚੀਂ ਫਿਜਿਕਸ (ਭੌਤਿਕ ਵਿਗਿਆਨ) ਦੇ ਨਿਯਮਾਂ ਨੂੰ ਇਕੱਠਾ ਕਰਕੇ ਇੱਕ ਹੀ ਸਿਧਾਂਤ ਵਿੱਚ ਪਰੌਣ ਲਈ ਆਪਣੇ ਸਾਰੇ ਦਿਮਾਗ ਦਾ ਇਸਤੇਮਾਲ ਕੀਤਾ ਪਰ ਉਹ ਯੁਨੀਫਾਈਡ ਸਿਧਾਂਤ ਪੇਸ਼ ਕਰਨ ਵਿੱਚ ਸਫ਼ਲ ਨਾ ਹੋ ਸਕਿਆ। ਅਮਰੀਕਨ ਸਰਕਾਰ ਚਾਹੁੰਦੀ ਸੀ ਕਿ ਆਈਨਸਟਾਈਨ, ਇਜ਼ਰਾਈਲ ਦਾ ਰਾਸ਼ਟਰਪਤੀ ਬਣੇ ਉਨ੍ਹਾਂ ਨੇ ਉਸਨੂੰ ਇਹ ਪੇਸ਼ਕਸ਼ ਵੀ ਕੀਤੀ। ਪਰ ਆਈਨਸਟਾਈਨ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਲੋਕ ਪੱਖੀ ਇਹ ਮਹਾਨ ਵਿਗਿਆਨਕ 18 ਅਪ੍ਰੈਲ 1955 ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਿਆ। ਪਰ ਵਿਗਿਆਨਕਾਂ ਨੇ ਇਹ ਵੇਖਣ ਲਈ ਕਿ ਉਸਦੇ ਦਿਮਾਗ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜਿਸ ਨੇ ਉਸਨੂੰ ਦੁਨੀਆਂ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਬਣਾ ਦਿੱਤਾ ਹੈ ਉਸਦੇ ਦਿਮਾਗ ਨੂੰ ਸੁਰੱਖਿਅਤ ਰੱਖ ਲਿਆ। ਵਿਗਿਆਨਕਾਂ ਨੇ ਵੇਖਿਆ ਕਿ ਉਸਦੇ ਦਿਮਾਗ ਵਿੱਚ ਸੈਲ ਜਿ਼ਆਦਾ ਗਿਣਤੀ ਵਿੱਚ ਬਣ ਰਹੇ ਸਨ। ਉਸਦੀ ਮੌਤ ਉੱਤੇ ਚੈਮ ਵਿਜ਼ਮੈਨ ਦੀ ਵਿਧਵਾ ਨੇ ਇੱਕ ਤਾਰ ਰਾਂਹੀ ਉਸ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦੇ ਹੋਏ ਲਿਖਿਆ, “ਯਹੂਦੀ ਜਾਤੀ ਨੇ ਆਪਣੇ ਤਾਜ ਦਾ ਸਭ ਤੋਂ ਵੱਧ ਚਮਕਦਾ ਹੀਰਾ ਗਵਾ ਲਿਆ ਹੈ।” ਉਸ ਦੇ ਸਹਿਕਾਰੀ ਪ੍ਰੋਫੈਸਰ ਲਿਊਪੋਲਡ ਇਨਫ਼ੇਲਡ ਨੇ ਆਪਣੀ ਸਵੈ-ਜੀਵਨੀ ਵਿੱਚ ਉਸ ਦੇ ਸੰਬੰਧ ਵਿੱਚ ਲਿਖਿਆ ਹੈ, “ਮੈਂ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਆਈਨਸਟੀਨ ਤੋਂ ਬਹੁਤ ਕੁਝ ਸਿੱਖਿਆ ਪਰ ਮੈਂ ਉਨ੍ਹਾਂ ਗੱਲਾਂ ਦੀ ਵਧੇਰੇ ਕਦਰ ਕਰਦਾ ਹਾਂ, ਜੋ ਮੈਂ ਉਸ ਤੋਂ ਵਿਗਿਆਨਿਕ ਖੇਤਰ ਨਾਲੋਂ ਅਡਰੀਆਂ ਮਨੁੱਖੀ ਪੱਧਰ ‘ਤੇ ਸੰਬੰਧ ਰੱਖਣ ਵਾਲੀਆਂ ਸਿੱਖੀਆਂ ਹਨ।”
ਮਹਾਨ ਵਿਗਿਆਨਿਕ ਐਲਬਰਟ ਆਈਨਸਟਾਈਨ ਵਲੋਂ ਲਗਭਗ 100 ਸਾਲ ਪਹਿਲਾਂ ਲਗਾਇਆ ਗਿਆ ਅੰਦਾਜ਼ਾ ਸੱਚ ਸਾਬਿਤ ਹੋਇਆ ਹੈ। ਦਰਅਸਲ ਲਗਭਗ ਸਵਾ ਅਰਬ ਸਾਲ ਪਹਿਲਾਂ ਬ੍ਰਹਿਮੰਡ ‘ਚ 2 ਬਲੈਕ ਹੋਲਜ਼ ਦੀ ਟੱਕਰ ਹੋਈ ਸੀ, ਜਿਸ ਕਾਰਨ ਪੁਲਾੜ ‘ਚ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਜਗ੍ਹਾ ਅਤੇ ਸਮਾਂ ਦੋਵੇਂ ਵਿਗੜ ਗਏ। ਆਈਨਸਟਾਈਨ ਨੇ ਕਿਹਾ ਸੀ ਕਿ ਟੱਕਰ ਤੋਂ ਬਾਅਦ ਪੁਲਾੜ ‘ਚ ਹੋਇਆ ਬਦਲਾਅ ਸਿਰਫ ਟਕਰਾਅ ਵਾਲੀ ਜਗ੍ਹਾ ‘ਤੇ ਸੀਮਤ ਨਹੀਂ ਰਹੇਗਾ।
100 ਸਾਲ ਪਹਿਲਾਂ ‘ਆਈਨਸਟਾਈਨ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਪੁਲਾੜ ਵਿਚ ਗੁਰਤਾ ਆਕਰਸ਼ਣ ਤਰੰਗਾਂ ਪੈਦਾ ਹੋਈਆਂ, ਜੋ ਤਲਾਬ ਵਿਚ ਪੈਦਾ ਹੋਈਆਂ ਤਰੰਗਾਂ ਵਾਂਗ ਅੱਗੇ ਵਧਦੀਆਂ ਹਨ। ਹੁਣ ਦੁਨੀਆ ਭਰ ਦੇ ਵਿਗਿਆਨਿਕਾਂ ਨੂੰ ਆਈਨਸਟਾਈਨ ਦੀ ਥਿਊਰੀ ਆਫ ਰਿਲੇਟੀਵਿਟੀ ਦੇ ਸਬੂਤ ਮਿਲ ਗਏ ਹਨ। ਇਹ ਪੁਲਾੜ ਵਿਗਿਆਨ ਖੇਤਰ ਵਿਚ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਲੈਕ ਹੋਲਜ਼ ਦੀ ਟੱਕਰ ਤੋਂ ਬਾਅਦ ਪੈਦਾ ਹੋਈਆਂ ਤਰੰਗਾਂ ਮਿਲ ਗਈਆਂ ਹਨ। ਬਲੈਕ ਹੋਲਜ਼ ਦੀ ਵੀ ਪੁਸ਼ਟੀ ਹੋਈ- ਇਸ ਖੋਜ ਨਾਲ ਨਾ ਸਿਰਫ ਆਈਨਸਟਾਈਨ ਦੀ ਥਿਊਰੀ ਸਹੀ ਸਾਬਿਤ ਹੋਈ, ਸਗੋਂ ਪਹਿਲੀ ਵਾਰ ਆਪਸ ਵਿਚ ਟਕਰਾਉਣ ਵਾਲੇ 2 ਬਲੈਕ ਹੋਲਜ਼ ਦੀ ਵੀ ਪੁਸ਼ਟੀ ਹੋਈ ਹੈ।
ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਸੂਬੇ ਦੀ ਨਵੀਂ ਹਾਕਮ ਸਰਕਾਰ ਅਧਿਆਪਕ ਵਰਗ ਤੋਂ ਸਿਰਫ ਪੜ੍ਹਾਉਣ ਦਾ ਕੰਮ ਲਵੇ ਅਤੇ ਅਧਿਆਪਕ ਸਾਥੀ ਆਪਣੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਦੇ ਨਾਲ ਉਨ੍ਹਾਂ ਦੀ ਵਿਲੱਖਣ ਸ਼ਕਤੀ ਨੂੰ ਵੀ ਪਹਿਚਾਨਣ ਦਾ ਯਤਨ ਕਰਨ ਤਾਂ ਜੋ ਅਸੀਂ ਵੀ ਕੋਈ ਦੂਜਾ ਆਈਨਸਟਾਈਨ ਦੁਨੀਆਂ ਦੇ ਸਾਹਮਣੇ ਰੱਖ ਸਕੀਏ। ਜੈ ਹਿੰਦ !

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਭਾਰਤ ਦੀ ਆਜ਼ਾਦੀ ਦਾ ਧਰੂ ਤਾਰਾ ਸ਼ਹੀਦ ਸੁਖਦੇਵ ਥਾਪਰ – 15 ਮਈ ਜਨਮ ਦਿਨ ਤੇ ਵਿਸ਼ੇਸ਼

ਮਹਾਨ ਸ਼ਹੀਦਾਂ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਦੇ ਨਾਂ ਹਮੇਸ਼ਾ ਇਕੱਠੇ ਹੀ ਲਏ ਜਾਣਗੇ। ਸੁਖਦੇਵ, ਭਗਤ ਸਿੰਘ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲਾ ਉਸ ਦਾ ਸਾਥੀ ਹੀ ਨਹੀਂ ਸੀ ਸਗੋਂ


Print Friendly
Important Days0 Comments

World Students’ Day – 15 October

Unarguably the most loved President of India, APJ Abdul Kalam was a scientist who made India proud with his missile defence programme. But his favourite job was teaching and that’s


Print Friendly
Important Days0 Comments

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਵਸ 27 ਫਰਵਰੀ ਤੇ ਯਾਦ ਕਰਦਿਆਂ

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ।ਇਨ੍ਹਾ ਦੇ ਪਿਤਾ ਦਾ ਨਾਂਅ ਸੀਤਾਰਾਮ ਸੀ। ਇਨ੍ਹਾਂ


Print Friendly