Print Friendly
ਇਨਕਲਾਬੀ ਸੂਰਮਾ ਅਤੇ ਆਜ਼ਾਦੀ ਦਾ ਪਰਵਾਨਾ – ਸ਼ਹੀਦ ਭਗਤ ਸਿੰਘ (23 ਮਾਰਚ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਇਨਕਲਾਬੀ ਸੂਰਮਾ ਅਤੇ ਆਜ਼ਾਦੀ ਦਾ ਪਰਵਾਨਾ – ਸ਼ਹੀਦ ਭਗਤ ਸਿੰਘ (23 ਮਾਰਚ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਸਰਦਾਰ ਭਗਤ ਸਿੰਘ ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਸ਼ਹੀਦ ਭਗਤ ਸਿੰਘ ਇਨਕਲਾਬ ਦਾ ਇੱਕ ਅਜਿਹਾ ਬਿੰਬ ਹੈ, ਜੋ ਪੰਜਾਬੀਆਂ ਦੇ ਅਚੇਤਨ ਵਿੱਚ ਮਸ਼ਾਲ ਵਾਂਗ ਬਲਦਾ ਹੈ। ਇਸ ਯੋਧੇ ਦਾ ਜਨਮ 28 ਸਤੰਬਰ ਨੂੰ ਪਿੰਡ ਬੰਗਾ ਚੱਕ ਨੰਬਰ 106 ਜੀ ਬੀ ਜ਼ਿਲਾ ਲਾਇਲਪੁਰ ਵਿੱਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਘਰ ਵਿੱਚੋਂ ਮਿਲੇ ਸੰਸਕਾਰਾਂ ਵਿੱਚੋਂ ਉਸ ਦੀ ਭਵਿੱਖੀ ਸ਼ਖਸੀਅਤ ਉੱਸਰਦੀ ਹੈ। ਭਗਤ ਸਿੰਘ ਦਾ ਪਰਿਵਾਰ ਇਨਕਲਾਬੀ ਸੋਚ ਵਾਲਾ ਸੀ। ਇਨਕਲਾਬ ਦੀ ਗੁੜ੍ਹਤੀ ਉਸ ਨੂੰ ਘਰ ਪਰਵਾਰ ਵਿੱਚੋਂ ਹੀ ਮਿਲੀ। ਉਸ ਦੇ ਦਾਦੇ ਅਰਜਨ ਸਿੰਘ ਨੇ 19ਵੀਂ ਸਦੀ ਵਿੱਚ ਚੱਲੀਆਂ ਧਾਰਮਿਕ ਤੇ ਸਮਾਜਕ ਪੁਨਰ ਜਾਗ੍ਰਤੀ ਦੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਇਹ ਸਮਾਂ ਦੇਸ਼ ਦੀ ਆਜ਼ਾਦੀ ਪ੍ਰਾਪਤੀ ਦੀ ਜੱਦੋ ਜਹਿਦ ਦਾ ਪਿੜ ਬੰਨ੍ਹਣ ਦਾ ਸੀ। ਉਸ ਦਾ ਪਿਤਾ ਕਿਸ਼ਨ ਸਿੰਘ, ਜੋ ਬੀਮਾ ਕੰਪਨੀ ਦਾ ਏਜੰਟ ਸੀ, ਕਾਂਗਰਸ ਦਾ ਸਰਗਰਮ ਮੈਂਬਰ ਸੀ। ਸੰਨ 1906 ਵਿੱਚ ਉਸ ਨੇ ਸੂਫੀ ਅੰਬਾ ਪ੍ਰਸਾਦ, ਕਰਤਾਰ ਸਿੰਘ ਤੇ ਮਹਾਸ਼ਾ ਘਸੀਟਾ ਰਾਮ ਨਾਲ ਮਿਲ ਕੇ ਨੌਅਬਾਦੀਅਤ ਐਕਟ ਅਤੇ ਬਾਰੀਦੋਆਬ ਐਕਟ ਵਿਰੁੱਧ ਜੱਦੋਜਹਿਦ ਵਿੱਚ ਹਿੱਸਾ ਲਿਆ ਅਤੇ ਗ੍ਰਿਫਤਾਰੀ ਵੀ ਦਿੱਤੀ। ਅਮਰੀਕਾ, ਕੈਨੇਡਾ ਵਿੱਚ ਉਸ ਵੇਲੇ ਚੱਲੀ ਗਦਰ ਲਹਿਰ ਨਾਲ ਵੀ ਉਸ ਦੀ ਹਮਦਰਦੀ ਸੀ। ਉਸ ਨੇ ਆਰਥਿਕ ਪੱਖੋਂ ਇਸ ਲਹਿਰ ਦੀ ਮਦਦ ਕੀਤੀ। ਇਸ ਹਮਦਰਦੀ ਅਤੇ ਮਦਦ ਦੇ ਸਿੱਟੇ ਵਜੋਂ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਜ਼ਿੰਦਗੀ ਵਿੱਚ ਕਿਸ਼ਨ ਸਿੰਘ ਹੋਰਾਂ ਨੂੰ ਬਤਾਲੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੇਸ਼ ਭਗਤੀ ਦੇ ਇਵਜ਼ ਵਜੋਂ ਦੋ ਸਾਲ ਦੀ ਕੈਦ ਵੀ ਕੱਟਣੀ ਪਈ।

ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸੀ। ਉਸ ਨੇ ਸਾਰੀ ਉਮਰ ਦੇਸ਼ ਦੀ ਆਜ਼ਾਦੀ ਲਈ ਬਰਤਾਨਵੀ ਰਾਜ ਦਾ ਵਿਰੋਧ ਕੀਤਾ। ਸਿੱਟੇ ਵਜੋਂ ਉਸ ਨੂੰ ਕੁਝ ਚਿਰ ਲਈ ਰੰਗੂਨ ਭੇਜ ਦਿੱਤਾ ਗਿਆ। ਅੰਤ ਉਹ ਡਲਹੌਜੀ ਵਿਖੇ ਆਜ਼ਾਦੀ ਵਾਲੇ ਦਿਨ ਚੱਲ ਵੱਸਿਆ। ਇਥੇ ਉਸ ਦੀ ਯਾਦਗਾਰ ਬਣੀ ਹੋਈ ਹੈ, ਛੋਟਾ ਚਾਚਾ ਸਵਰਨ ਸਿੰਘ ਵੀ ਜੋਸ਼ੀਲਾ ਸੰਗਰਾਮੀ ਸੀ, ਜਿਸ ‘ਤੇ ਬਗਾਵਤ ਦੇ ਦੋਸ਼ ਹੇਠ ਮੁਕੱਦਮਾ ਚੱਲਿਆ ਤੇ ਫਿਰ ਲਾਹੌਰ ਵਿੱਚ ਕੈਦ ਦੀ ਸਜ਼ਾ ਹੋਈ। ਜੇਲ੍ਹ ਵਿੱਚ ਤਪਦਿਕ ਦਾ ਸ਼ਿਕਾਰ ਹੋ ਕੇ 23 ਸਾਲ ਦੀ ਨਿੱਕੀ ਉਮਰੇ ਇਹ ਅਣਖੀ ਯੋਧਾ ਸ਼ਹੀਦ ਹੋ ਗਿਆ ਸੀ।

ਅਜਿਹੇ ਸਿਰੜੀ ਤੇ ਅਣਖੀਲੇ ਸੰਗਰਾਮੀਆਂ ਦੇ ਪਰਵਾਰ ਵਿੱਚੋਂ ਇਨਕਲਾਬ ਦੀ ਪਾਹੁਲ ਭਗਤ ਸਿੰਘ ਨੂੰ ਬਚਪਨ ਵਿੱਚ ਹੀ ਮਿਲ ਗਈ। ਉਦੋਂ ਹੀ ਉਸ ਦੀਆਂ ਸੋਚਾਂ ਵਿੱਚ ਇਹ ਵਿਚਾਰਧਾਰਾ ਪਨਪਣ ਲੱਗੀ ਕਿ ਇਸ ਦੁਨੀਆ ਵਿੱਚ ਅਨਿਆਂ, ਜ਼ੁਲਮ, ਨਾਬਰਾਬਰੀ ਕਿਉਂ ਹੈ। ਇਸ ਸੰਸਾਰ ਵਿੱਚ ਲੁੱਟ ਖਸੁੱਟ ਦਾ ਬੋਲਬਾਲਾ ਕਿਉਂ ਹੈ? ਆਖਰ ਉਹ ਕਿਹੜੀਆਂ ਤਾਕਤਾਂ ਹਨ, ਜੋ ਲੋਕ ਦੋਖੀ ਹਨ? ਉਨ੍ਹਾਂ ਦੀ ਪਛਾਣ ਕੀ ਹੈ? ਅਜਿਹੀਆਂ ਸੋਚਾਂ ਨੇ ਹੀ ਉਸ ਨੂੰ ਦਗਦੇ ਅੰਗਾਰਿਆਂ ‘ਤੇ ਤੁਰਨ ਲਈ ਊਰਜਾ ਦਿੱਤੀ।

1919 ਦੀ ਵੈਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਿੱਚ ਬਸਤੀਵਾਦੀ ਹਾਕਮਾਂ ਨੇ ਜੋ ਕਹਿਰ ਵਰਤਾਇਆ, ਉਸ ਨਾਲ ਪੂਰਾ ਹਿੰਦੁਸਤਾਨ ਕੰਬ ਉਠਿਆ। ਸਾਰੇ ਸੰਸਾਰ ਵਿੱਚ ਇਸ ਜ਼ੁਲਮ ਦੀ ਗੂੰਜ ਪਈ। ਨਿਰਦੋਸ਼ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਭੁੰਨ ਕੇ ਜਿਵੇਂ ਬਰਤਾਨਵੀ ਸਾਮਰਾਜ ਨੇ ਆਪਣੀ ਕਬਰ ਖੋਦ ਲਈ। ਇਸ ਖੂਨੀ ਵੈਸਾਖੀ ਤੋਂ ਅਗਲੇ ਦਿਨ ਭਗਤ ਸਿੰਘ ਜਲ੍ਹਿਆਂ ਵਾਲੇ ਬਾਗ ਗਿਆ ਤੇ ਨਿਰਦੋਸ਼ਾਂ ਦੀ ਲਹੂਸਿੰਮੀ ਮਿੱਟੀ ਲੈ ਕੇ ਵਾਪਸ ਆਇਆ। ਇਸ ਖੂਨੀ ਕਾਂਡ ਨੇ ਉਸ ਦੇ ਅੰਦਰ ਦੀ ਅੱਗ ਨੂੰ ਹੋਰ ਭੜਕਾਇਆ ਤੇ ਬਰਤਾਨਵੀ ਹਾਕਮਾਂ ਦੀ ਬਰਬਾਰਤਾ ਪ੍ਰਤੀ ਉਸ ਦੇ ਅੰਦਰ ਰੋਹ ਭਰ ਦਿੱਤਾ।

ਸਾਲ 1921 ਵਿੱਚ ਦੇਸ਼ ਅੰਦਰ ਨਾਮਿਲਵਰਤਣ ਦੀ ਲਹਿਰ ਪੈਦਾ ਹੋ ਗਈ। ਦੇਸ਼ ਅੰਦਰ ਹਾਹਾਕਾਰ ਮੱਚੀ ਹੋਈ ਸੀ। ਸਕੂਲਾਂਕਾਲਜਾਂ ਦੇ ਵਿਦਿਆਰਥੀ ਜਮਾਤਾਂ ਛੱਡ ਕੇ ਇਸ ਲਹਿਰ ਵਿੱਚ ਕੁੱਦਣ ਲੱਗੇ। ਭਗਤ ਸਿੰਘ ਉਦੋਂ ਡੀ ਏ ਵੀ ਸਕੂਲ ਲਾਹੌਰ ਦਾ ਦਸਵੀਂ ਦਾ ਵਿਦਿਆਰਥੀ ਸੀ। ਉਸ ਨੇ ਪੜ੍ਹਾਈ ਛੱਡ ਕੇ ਇਸ ਲਹਿਰ ਵਿੱਚ ਸਰਗਰਮ ਹੋਣ ਦਾ ਫੈਸਲਾ ਕਰ ਲਿਆ। ਬਾਅਦ ਵਿੱਚ ਭਗਤ ਸਿੰਘ ਨੇ ਨੈਸ਼ਨਲ ਕਾਲਜ ਤੋਂ ਐਫ ਏ ਦੀ ਡਿਗਰੀ ਲਈ।

ਉਨ੍ਹਾਂ ਦਿਨਾਂ ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਦਾ ਨਾਂਅ ਇਨਕਲਾਬੀ ਸਫਾਂ ਵਿੱਚ ਬੜਾ ਚਰਚਿਤ ਸੀ। ਉਨ੍ਹਾਂ ਦੀ ਨਿੱਜੀ ਲਾਇਬਰੇਰੀ ਇਨਕਲਾਬੀ ਸਾਹਿਤ ਨਾਲ ਭਰੀ ਪਈ ਸੀ। ਇਥੇ ਹੀ ਭਗਤ ਸਿੰਘ ਨੇ ਇਨਕਲਾਬੀ ਸਾਹਿਤ ਦਾ ਅਧਿਐਨ ਕੀਤਾ। ਉਸ ਦਾ ਮੇਲ ਏਸੇ ਸਮੇਂ ਬੀ ਕੇ ਦੱਤ, ਚੰਦਰ ਸ਼ੇਖਰ ਆਜ਼ਾਦ, ਜੈ ਦੇਵ ਕਪੂਰ, ਸ਼ਿਵ ਵਰਮਾ, ਵਿਜੇ ਕੁਮਾਰ ਸਿਨਹਾ ਆਦਿ ਨਾਲ ਹੋਇਆ। ਇਸ ਮੇਲ ਦੇ ਨਤੀਜੇ ਵਜੋਂ ਉਨ੍ਹਾਂ ਸੰਗਠਿਤ ਤੇ ਹਥਿਆਰਬੰਦ ਸੁਪਨੇ ਨੂੰ ਸਾਕਾਰ ਕਰਨ ਲਈ ਬਣਾਈ ਗਈ ‘ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ’ ਨਾਲ ਆਪਣੇ ਆਪ ਨੂੰ ਜੋੜ ਲਿਆ।

ਇਸ ਤੋਂ ਬਾਅਦ ਭਗਤ ਸਿੰਘ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਉਸ ਨੇ ਕਾਮਰੇਡ ਸੋਹਣ ਸਿੰਘ ਜੋਸ਼ ਦੀ ਕਿਰਤੀ ਕਿਸਾਨ ਪਾਰਟੀ ਨਾਲ ਲਾਹੌਰ ਜਾ ਕੇ ਆਪਣੇ ਆਪ ਨੂੰ ਜੋੜ ਲਿਆ। ਆਪਣੇ ਵਿਚਾਰਾਂ ਦੇ ਪ੍ਰਗਟਾਅ ਲਈ ਕਿਰਤੀ ਅਖਬਾਰ ਵਿੱਚ ਲੇਖ ਲਿਖਣੇ ਸ਼ੁਰੂ ਕੀਤੇ। ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ ਦੇ ਇਨਕਲਾਬੀਆਂ ਵਲੋਂ ਪਾਰਟੀ ਲਈ ਧਨ ਇਕੱਠਾ ਕਰਨ ਦੇ ਮਕਸਦ ਨਾਲ ਇੱਕ ਯੋਜਨਾ ਬਣਾਈ ਗਈ। ਇਸ ਯੋਜਨਾ ਤਹਿਤ ਹਰਦੋਈ ਤੋਂ ਲਖਨਊ ਆ ਰਹੀ 8-ਡਾਊਨ ਟ੍ਰੇਨ ਨੂੰ ਕੋਕਰੀ ਰੇਲਵੇ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰ ਰੋਕ ਕੇ ਸਰਕਾਰੀ ਖਜ਼ਾਨਾ ਲੁੱਟਣਾ ਸੀ, ਜਿਸ ਨੂੰ ਲੈ ਕੇ ਇਹ ਟ੍ਰੇਨ ਜਾ ਰਹੀ ਸੀ। ਇਹ ਘਟਨਾ 9 ਅਗਸਤ 1925 ਦੀ ਹੈ। ਇਸ ਵਿੱਚ ਕੁਝ ਇਨਕਲਾਬੀ ਫੜੇ ਗਏ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਯੋਜਨਾ ਬਣਾਈ ਗਈ। ਸੰਨ 1925 ਵਿੱਚ ਭਗਤ ਸਿੰਘ ਕਾਨਪੁਰ ਆਇਆ, ਪਰ ਭੇਦ ਖੁੱਲ੍ਹ ਜਾਣ ਕਾਰਨ ਕੈਦ ਵਿੱਚੋਂ ਛੁਡਾਉਣ ਦੀ ਯੋਜਨਾ ਸਫਲ ਨਾ ਹੋ ਸਕੀ। 1926 ਵਿੱਚ ਫਿਰ ਯਤਨ ਕੀਤਾ, ਪਰ ਯੋਜਨਾ ਸਫਲ ਨਾ ਹੋਈ।

ਇਸ ਪਿੱਛੋਂ ਭਗਤ ਸਿੰਘ ਤੇ ਹੋਰ ਸਾਥੀਆਂ ਨੇ ਰਲ ਕੇ ਸਲਾਹ ਕੀਤੀ ਕਿ ਹੁਣ ਵੇਲਾ ਆ ਗਿਆ ਹੈ ਕਿ ਨੌਜਵਾਨ ਇਨਕਲਾਬੀਆਂ ਨੂੰ ਇਸ ਲਹਿਰ ਨੂੰ ਅੱਗੇ ਹੋ ਕੇ ਅਗਵਾਈ ਦੇਣੀ ਚਾਹੀਦੀ ਹੈ। ਅਜਿਹੇ ਯਤਨਾਂ ਸਦਕਾ ਭਗਤ ਸਿੰਘ ਨੇ ਲਾਹੌਰ ਆ ਕੇ ਸੁਖਦੇਵ, ਭਗਵਤੀ ਚਰਨ ਵੋਹਰਾ ਤੇ ਯਸ਼ਪਾਲ ਨਾਲ 13 ਮਾਰਚ 1926 ਨੂੰ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਇਸ ਦੇ ਕੁਝ ਰਾਜਸੀ ਨਿਸ਼ਾਨੇ ਮਿਥੇ ਗਏ, ਤਾਂ ਜੋ ਦੇਸ਼ ਵਿੱਚ ਇਨਕਲਾਬੀ ਆਜ਼ਾਦੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ। ਜਲਦੀ ਹੀ ਇਸ ਨੌਜਵਾਨ ਸਭਾ ਦੀਆਂ ਸ਼ਾਖਾਵਾਂ ਲਾਹੌਰ, ਅੰਮ੍ਰਿਤਸਰ, ਮਿੰਟਗੁਮਰੀ, ਲੁਧਿਆਣਾ, ਪੇਸ਼ਾਵਰ, ਮੁਲਤਾਨ, ਸਰਗੋਧਾ, ਸਿਆਲਕੋਟ ਤੇ ਕਰਾਚੀ ਵਿੱਚ ਸਥਾਪਤ ਹੋ ਗਈਆਂ।

ਨੌਜਵਾਨ ਭਾਰਤ ਸਭਾ ਦੀ ਦੂਜੀ ਕਾਨਫਰੰਸ 22 ਤੋਂ 24 ਫਰਵਰੀ 1929 ਨੂੰ ਲਾਹੌਰ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਸੋਹਣ ਸਿੰਘ ਜੋਸ਼ ਨੇ ਕੀਤੀ। ਇਸ ਵਿੱਚ ਸਾਂਡਰਸ ਦੀ ਹੱਤਿਆ ਮਗਰੋਂ ਨੌਜਵਾਨਾਂ ਦੀ ਫੜੋ ਫੜਾਈ ਦੀ ਨਿਖੇਧੀ ਕੀਤੀ ਗਈ। ਜੂਨ 1928 ਵਿੱਚ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਦੇ ਸਹਾਇਕ ਵਿੰਗ ਵਜੋਂ ਲਾਹੌਰ ਸਟੂਡੈਂਟਸ ਯੂਨੀਅਨ ਦੀ ਸਥਾਪਨਾ ਕੀਤੀ। ਜੇਲ ਵਿੱਚੋਂ ਹੀ ਭਗਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਚਾਰਧਾਰਕ ਤੌਰ ‘ਤੇ ਦ੍ਰਿੜ੍ਹ ਹੋਣ ਦਾ ਸੰਦੇਸ਼ ਦਿੱਤਾ। ਇਹ ਸੰਦੇਸ਼ ਲਾਹੌਰ ਤੋਂ ਛਪਦੇ ਟ੍ਰਿਬਿਊਨ ਦੇ 22 ਅਕਤੂਬਰ 1929 ਦੇ ਅੰਕ ਵਿੱਚ ਪ੍ਰਕਾਸ਼ਤ ਹੋਇਆ; ‘ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਵੀ ਜ਼ਿਆਦਾ ਵੱਡੇ ਕੰਮ ਹਨ। ਆਉਣ ਵਾਲੇ ਲਾਹੌਰ ਸੈਸ਼ਨ ਵਿੱਚ ਕਾਂਗਰਸ ਦੇਸ਼ ਦੀ ਸੁਤੰਤਰਤਾ ਲਈ ਤਕੜੀ ਜੱਦੋਜਹਿਦ ਦਾ ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨ ਜਮਾਤ ਦੇ ਸਿਰਾਂ ‘ਤੇ ਮਣਾਂ ਮੂੰਹੀਂ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਸਭ ਤੋਂ ਵੱਧ ਵਿਦਿਆਰਥੀ ਤਾਂ ਆਜ਼ਾਦੀ ਦੀ ਲੜਾਈ ਦੀਆਂ ਮੂਹਰਲੀਆਂ ਸਫਾਂ ਵਿੱਚ ਲੜਦੇ ਸ਼ਹੀਦ ਹੋਏ ਹਨ। ਕੀ ਭਾਰਤੀ ਨੌਜਵਾਨ ਇਸ ਪ੍ਰੀਖਿਆ ਦੇ ਸਮੇਂ ਉਹੀ ਸੰਜੀਦਾ ਇਰਾਦਾ ਵਿਖਾਉਣ ਤੋਂ ਝਿਜਕਣਗੇ?’

ਭਗਤ ਸਿੰਘ ਦੀਆਂ ਇਨਕਲਾਬੀ ਤੇ ਸਿਆਸੀ ਕਾਰਵਾਈਆਂ ਕਾਰਨ ਸਰਕਾਰ ਉਸ ਨੂੰ ਗ੍ਰਿਫਤਾਰ ਕਰਨ ਦੀ ਤਾਕ ਵਿੱਚ ਸੀ। 25 ਅਕਤੂਬਰ 1926 ਵਾਲੇ ਦਿਨ ਲਾਹੌਰ ਵਿੱਚ ਦੁਸਹਿਰੇ ਦੇ ਮੌਕੇ ਕਿਸੇ ਸ਼ਰਾਰਤੀ ਨੇ ਭੀੜ ਉਪਰ ਬੰਬ ਸੁੱਟ ਦਿੱਤਾ, ਜਿਸ ਨਾਲ 9 ਲੋਕ ਮਾਰੇ ਗਏ ਤੇ 56 ਜ਼ਖਮੀ ਹੋਏ। ਸਰਕਾਰੀ ਸੂਹੀਆਂ ਅਨੁਸਾਰ ਇਹ ਇਨਕਲਾਬੀ ਜਥੇਬੰਦੀ ਦਾ ਕਾਰਾ ਹੈ। ਇਸੇ ਸ਼ੱਕ ਅਧੀਨ ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਲੋਕਾਂ ਦੇ ਵਿਰੋਧ ਕਰਨ ‘ਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।

3 ਮਈ 1930 ਨੂੰ ਇਨਕਲਾਬੀ ਗਤੀਵਿਧੀਆਂ ਦੇ ਮੱਦੇਨਜ਼ਰ ਨੌਜਵਾਨ ਭਾਰਤ ਸਭਾ ਨੂੰ ਗੈਰਕਾਨੂੰਨੀ ਕਰਾਰ ਦੇ ਕੇ ਇਸ ‘ਤੇ ਕਰੜੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ। ਇਸ ਨਾਲ ਸਭਾ ਦੀਆਂ ਕਾਰਵਾਈਆਂ ਲਗਭਗ ਠੱਪ ਹੋ ਗਈਆਂ। ਭਗਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਅਤੇ ਉਸ ‘ਤੇ ਪੁਲਸ ਤਸ਼ੱਦਦ ਵੀ ਹੋਇਆ। 1925 ਦੀ ਗ੍ਰਹਿ ਵਿਭਾਗ ਦੀ ਰਿਪੋਰਟ ਅਨੁਸਾਰ 35 ਵਿਅਕਤੀਆਂ ਦੀ ਡਾਕ ਸੈਂਸਰ ਕੀਤੀ ਜਾਂਦੀ ਸੀ, ਜਿਨ੍ਹਾਂ ਵਿੱਚ ਭਗਤ ਸਿੰਘ 16ਵੇਂ ਨੰਬਰ ‘ਤੇ ਸੀ। ਭਗਤ ਸਿੰਘ, ਜਤਿੰਦਰ ਨਾਥ ਦਾਸ, ਬਟੁਕੇਸ਼ਵਰ ਦੱਤ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਡਤ ਜਵਾਹਰ ਲਾਲ ਨਹਿਰੂ ਪਹਿਲੀ ਤੇ ਆਖਰੀ ਵਾਰ 1925 ਵਿੱਚ ਉਸ ਸਮੇਂ ਜੇਲ ਵਿੱਚ ਮਿਲੇ ਸਨ, ਜਦੋਂ ਉਨ੍ਹਾਂ ਨੇ ਆਪਣੀਆਂ ਮੰਗਾਂ ਲਈ ਲੰਮੀ ਭੁੱਖ ਹੜਤਾਲ ਕੀਤੀ ਹੋਈ ਸੀ। ਇਸ ਬਾਰੇ ਆਪਣੀ ‘ਆਤਮਕਥਾ’ ਵਿੱਚ ਨਹਿਰੂ ਨੇ ਲਿਖਿਆ ਹੈ:

ਭਗਤ ਸਿੰਘ ਦਾ ਚਿਹਰਾ ਬੜਾ ਦਿਲਖਿੱਚਵਾਂ ਤੇ ਤੇਜੱਸਵੀ ਸੀ, ਅਸਾਧਾਰਣ ਰੂਪ ਵਿੱਚ ਸ਼ਾਂਤ ਅਤੇ ਸੰਜਮੀ ਸੀ। ਕਿਸੇ ਪ੍ਰਕਾਰ ਦਾ ਰੋਸ ਉਹਦੇ ਵਿੱਚੋਂ ਨਹੀਂ ਸੀ ਝਲਕਦਾ। ਉਹਦੇ ਦੇਖਣ ਤੇ ਗੱਲਬਾਤ ਕਰਨ ਦਾ ਢੰਗ ਬੜਾ ਸਾਊ ਸੀ।’ ਭਗਤ ਸਿੰਘ ਦੀ ਫਾਂਸੀ ਦੀ ਖਬਰ ਫੈਲਦਿਆਂ ਹੀ ਸਮੁੱਚੇ ਦੇਸ਼ ਦੇ ਨੇਤਾਵਾਂ ਵਲੋਂ ਉਸ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨ ਦੀ ਹੋੜ ਲੱਗ ਗਈ। ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਹਿੰਸਕ ਮਾਰਗ ਦੇ ਬਾਵਜੂਦ ਖੁਦ ਗਾਂਧੀ ਨੇ ਅਸਹਿਮਤ ਹੁੰਦਿਆਂ ਕਿਹਾ ਸੀ; ‘ਭਗਤ ਸਿੰਘ ਦੀ ਬਹਾਦਰੀ ਅਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਂਦਾ ਹੈ।’

ਦਿੱਲੀ ਵਿੱਚ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ 8 ਅਪ੍ਰੈਲ 1929 ਨੂੰ ਦੁਪਹਿਰ ਵੇਲੇ ਜਿਉਂ ਹੀ ਟਰੇਡ ਡਿਸਪਿਊਟ ਬਿੱਲ ਦੇ ਹੱਕ ਵਿੱਚ ਵੋਟਾਂ ਪੈਣ ਦਾ ਕੰਮ ਖਤਮ ਹੋਇਆ ਤਾਂ ਜਲਦੀ ਨਾਲ ਅਸੈਂਬਲੀ ਹਾਲ ਦੋ ਬੰਬ ਸਦਨ ਦੇ ਸਰਕਾਰੀ ਬੈਂਚਾਂ ਵੱਲ ਬੰਬ ਸੁੱਟਣ ਵਾਲੇ ਦੋ ਨੌਜਵਾਨ ਸਨ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ। ਦੋਵਾਂ ਨੇ ਖਾਕੀ ਹਾਫ ਪੈਂਟ, ਕਮੀਜ਼ ਤੇ ਨੀਲੇ ਰੰਗ ਦੇ ਕੋਟ ਪਾਏ ਹੋਏ ਸਨ। ਬੰਬ ਡਿੱਗਦਿਆਂ ਹੀ ਸਰਕਾਰੀ ਬੈਂਚਾਂ ‘ਤੇ ਹਫੜਾ ਦਫੜੀ ਮੱਚ ਗਈ। ਇਸ ਦੇ ਬਾਵਜੂਦ ਹਿੰਦੁਸਤਾਨੀ ਨੇਤਾ ਪੰਡਤ ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ, ਮੁਹੰਮਦ ਅਲੀ ਜਿਨਾਹ, ਐਮ ਆਰ, ਜਯਾਕਰ ਤੇ ਰਫੀ ਅਹਿਮਦ ਕਿਦਵਈ ਸ਼ਾਂਤ ਅਤੇ ਸੰਜਮੀ ਬਣੇ ਰਹੇ। ਬਾਅਦ ਵਿੱਚ ਇਹ ਸਾਰੇ ਬਚਾਅ ਪੱਖ ਦੇ ਹੱਕ ਵਿੱਚ ਭੁਗਤੇ ਤੇ ਸਮੁੱਚੇ ਸਦਨ ਵਿੱਚ ਨਿੰਦਾ ਪ੍ਰਸਤਾਵ ਪਾਸ ਕੀਤਾ। ਭਗਤ ਸਿੰਘ ਅਤੇ ਦੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਜੇਲ ਵਿੱਚ ਹੋਈ ਮੁੱਢਲੀ ਜਿਰਾਹ ਤੋਂ ਬਾਅਦ ਸੈਸ਼ਨ ਜੱਜ ਦੀ ਅਦਾਲਤ ਵਿੱਚ ਜੂਨ 1929 ਦੇ ਪਹਿਲੇ ਹਫਤੇ ਬਾਕਾਇਦਾ ਜਿਰਾਹ ਸ਼ੁਰੂ ਹੋ ਗਈ। ਭਗਤ ਸਿੰਘ ਤੇ ਦੱਤ ਨੇ ਬੰਬ ਸੁੱਟਣ ਦਾ ਇਲਜ਼ਾਮ ਸਵੀਕਾਰ ਕਰ ਲਿਆ, ਪਰ ਉਨ੍ਹਾਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਉਨ੍ਹਾਂ ਨੇ ਕਿਸੇ ਦੀ ਹੱਤਿਆ ਕਰਨ ਦੇ ਮੰਤਵ ਨਾਲ ਕੀਤਾ ਹੈ। ਜਿਰਾਹ ਦੌਰਾਨ ਉਨ੍ਹਾਂ ਅਦਾਲਤ ਵਿੱਚ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਸਫਾਂ ਵਿੱਚ ਆਪਣੀ ਅਤੇ ਦੇਸ਼ ਦੀ ਆਵਾਜ਼ ਬੁਲੰਦ ਕਰਨ ਖਾਤਰ ਅਜਿਹਾ ਕਦਮ ਚੁੱਕਿਆ ਹੈ। ਅਖੀਰ ਸੈਸ਼ਨ ਜੱਜ ਨੇ 12 ਜੂਨ 1929 ਨੂੰ ਉਨ੍ਹਾਂ ਨੂੰ ਕਾਲੇ ਪਾਣੀ ਦੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਉਨ੍ਹਾਂ ਦੇ ਵਕੀਲ ਬੈਰਿਸਟਰ ਆਸਿਫ ਅਲੀ ਨੇ ਲਾਹੌਰ ਹਾਈ ਕੋਰਟ ਵਿੱਚ ਇਸ ਖਿਲਾਫ ਅਪੀਲ ਕੀਤੀ, ਜੋ 13 ਜਨਵਰੀ ਨੂੰ ਖਾਰਜ ਕਰ ਦਿੱਤੀ ਗਈ।

ਦਿੱਲੀ ਅਸੈਂਬਲੀ ਕਾਂਡ ਦੀ ਕਾਰਵਾਈ ਖਤਮ ਹੁੰਦਿਆਂ ਭਗਤ ਸਿੰਘ ਅਤੇ ਦੱਤ ਨੂੰ ਦਿੱਲੀ ਜੇਲ੍ਹ ਤੋਂ ਬਦਲ ਕੇ ਪੰਜਾਬ ਦੀ ਮੀਆਂ ਵਾਲੀ ਜੇਲ ਵਿੱਚ ਭੇਜ ਦਿੱਤਾ ਗਿਆ। ਦਿੱਲੀ ਤੋਂ ਪੰਜਾਬ ਵਿੱਚ ਉਹ ਤੇ ਉਸ ਦੇ ਸਾਥੀਆਂ ਖਿਲਾਫ ਲਾਹੌਰ ਸਾਜਿਸ਼ ਕੇਸ ਦੇ ਤਹਿਤ ਮੁਕੱਦਮਾ ਚਲਾਇਆ ਗਿਆ, ਜਿਸ ਵਿੱਚ ਸਾਂਡਰਸ ਦੀ ਹੱਤਿਆ ਹੋਈ ਸੀ। ਜੇਲ ਵਿੱਚ ਉਨ੍ਹਾਂ ‘ਤੇ ਕਈ ਪ੍ਰਕਾਰ ਦਾ ਤਸ਼ੱਦਦ ਕੀਤਾ ਗਿਆ ਤੇ ਅਣਮਨੁੱਖੀ ਹਾਲਾਤ ਵਿੱਚ ਰੱਖਿਆ ਗਿਆ। 17 ਜੂਨ 1929 ਨੂੰ ਭਗਤ ਸਿੰਘ ਨੇ ਮੀਆਂ ਵਾਲੀ ਜੇਲ੍ਹ ਤੋਂ ਅਤੇ 20 ਜੂਨ 1929 ਨੂੰ ਸੁਖਦੇਵ ਨੇ ਲਾਹੌਰ ਜੇਲ ਵਿੱਚੋਂ ਪੰਜਾਬ ਦੇ ਉਚ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਮਿਲਦੀਆਂ ਤੁੱਛ ਸਹੂਲਤਾਂ ਬਾਰੇ ਖਤ ਲਿਖੇ। ਇਨ੍ਹਾਂ ਖਤਾਂ ‘ਤੇ ਕੋਈ ਕਾਰਵਾਈ ਨਾ ਹੋਣ ਕਰ ਕੇ ਮੀਆਂ ਵਾਲੀ ਤੇ ਲਾਹੌਰ ਸਾਜ਼ਿਸ਼ ਕੇਸ ਦੇ ਕੈਦੀਆਂ ਨੇ ਜੇਲ੍ਹ ਵਿੱਚ ਅਨਿਸ਼ਚਿਤ ਭੁੱਖ ਹੜਤਾਲ ਕਰ ਦਿੱਤੀ। ਇਹ ਦੋਵੇਂ ਖਤ ਮਦਨ ਮੋਹਨ ਮਾਲਵੀਆ ਨੇ 14 ਸਤੰਬਰ 1929 ਨੂੰ ਸੈਂਟਰਲ ਅਸੈਂਬਲੀ ਵਿੱਚ ਪੜ੍ਹ ਕੇ ਸੁਣਾਏ। ਲਾਹੌਰ ਦੇ ਪ੍ਰਸਿੱਧ ਆਗੂਆਂ ਨੇ ਦੇਸ਼ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਛੇੜ ਦਿੱਤੀ, ਤਾਂ ਕਿ ਇਨਕਲਾਬੀਆਂ ਦੀ ਜੇਲ ਹਾਲਤ ਬਾਰੇ ਲੋਕਾਂ ਨੂੰ ਦੱਸਿਆ ਜਾ ਸਕੇ। ਸਿੱਟੇ ਵਜੋਂ 30 ਜੂਨ 1929 ਨੂੰ ਹਿੰਦੁਸਤਾਨ ਵਿੱਚ ਇਹ ਦਿਨ ‘ਭਗਤ ਸਿੰਘ ਦਿਵਸ’ ਦੇ ਰੂਪ ਵਿੱਚ ਮਨਾਇਆ ਗਿਆ।

ਸਾਮਰਾਜ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਹਰ ਹਰਬਾ ਵਰਤਿਆ ਤੇ ਅਖੀਰ ਬਰਤਾਨਵੀ ਵਾਇਸਰਾਏ ਨੇ ਲਾਹੌਰ ਸਾਜਿਸ਼ ਕੇਸ ਬਾਰੇ ਟ੍ਰਿਬਿਊਨਲ ਕਾਇਮ ਕਰ ਦਿੱਤਾ, ਜਿਸ ਨੇ 7 ਅਕਤੂਬਰ 1930 ਵਾਲੇ ਦਿਨ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਮੁੱਖ ਦੋਸ਼ ਇੰਗਲੈਂਡ ਦੇ ਜਾਰਜ ਪੰਚਮ ਵਿਰੁੱਧ ਜੰਗ ਛੇੜਨ ਦਾ ਸੀ। ਹਕੂਮਤ ਨੇ ਬਿਨਾਂ ਕੋਈ ਅਗਲਾ ਸਰਕਾਰੀ ਫੈਸਲਾ ਉਡੀਕਿਆਂ ਇਸ ਆਜ਼ਾਦੀ ਦੇ ਪਰਵਾਨੇ ਨੂੰ ਛੇਤੀ ਤੋਂ ਛੇਤੀ ਖਤਮ ਕਰਨ ਦਾ ਫੈਸਲਾ ਕਰ ਲਿਆ। ਇਸ ਨੂੰ ਉਨ੍ਹਾਂ ਨੇ ‘ਆਪਰੇਸ਼ਨ ਟਰੋਜ਼ਨ ਹਾਰਸ’ ਦਾ ਨਾਂ ਦਿੱਤਾ। 23 ਮਾਰਚ 1931 ਨੂੰ ਫ਼ਾਂਸੀ ਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ ਚਲੋ । ਫ਼ਾਂਸੀ ਤੇ ਜਾਂਦੇ ਸਮਾਂ ਉਹ ਤਿੰਨੋਂ ਗਾ ਰਹੇ ਸਨ

ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ

ਮੇਰੀ ਮਿੱਟੀ ਤੋਂ ਵੀ ਖੁਸ਼ਬੂ ਏ ਵਤਨ ਆਏਗੀ।

23 ਮਾਰਚ ਸ਼ਾਮ 7.15 ਵਜੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਚਾੜ੍ਹ ਦਿੱਤਾ ਗਿਆ ਅਤੇ ਅੱਧ ਮੋਈ ਹਾਲਤ ਵਿੱਚ ਉਤਾਰ ਕੇ ਲਾਹੌਰ ਛਾਉਣੀ ਵਿੱਚ ਲਿਜਾਇਆ ਗਿਆ। ਉਥੇ ਸਾਂਡਰਸ ਦਾ ਕੁਨਬਾ ਮੌਜੂਦ ਸੀ। ਉਨ੍ਹਾਂ ਨੇ ਦੂਜੇ ਅਫਸਰਾਂ ਨਾਲ ਮਿਲ ਕੇ ਬਦਲਾ ਲੈਣ ਲਈ ਤਿੰਨਾਂ ਇਨਕਲਾਬੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਬਿਨਾਂ ਪੋਸਟਮਾਰਟਮ ਕਰਾਏ, ਬਿਨਾਂ ਵਾਰਸਾਂ ਨੂੰ ਲਾਸ਼ਾਂ ਸੌਂਪੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਲਾਹੌਰ ਦੇ ਨੇੜੇ ਸਾੜ ਕੇ ਕੁਝ ਰਾਖ ਅਤੇ ਜਲੇ ਹੋਏ ਮਾਸ ਨੂੰ ਹੁਸੈਨੀਵਾਲਾ ਕੋਲ ਸਤਲੁਜ ਦੇ ਪੱਛਮੀ ਕੰਢੇ ਸੁੱਟ ਦਿੱਤਾ। ਸਰਕਾਰ ਨੂੰ ਪਤਾ ਸੀ ਕਿ ਜੇ ਲਾਸ਼ਾਂ ਲੋਕਾਂ ਦੇ ਹੱਥ ਆ ਗਈਆਂ ਤਾਂ ਉਸੇ ਦਿਨ ਬਰਤਾਨਵੀ ਤਖਤਾ ਪਲਟ ਦਿੱਤਾ ਜਾਏਗਾ। ਏਸੇ ਕਰ ਕੇ ਉਨ੍ਹਾਂ ਨੇ ਲਾਸ਼ਾਂ ਦੀ ਉਹ ਹਾਲਤ ਕਰ ਦਿੱਤੀ ਕਿ ਲੋਕ ਇਸ ਦਾ ਕੁਝ ਕਰ ਹੀ ਨਾ ਸਕਣ। ਫ਼ਾਂਸੀ ਦੇ ਬਾਦ ਕੋਈ ਅੰਦੋਲਨ ਨਾ ਭੜਕ ਜਾਵੇ ਇਸਦੇ ਡਰ ਤੋਂ ਅੰਗਰੇਜਾਂ ਨੇ ਪਹਿਲਾਂ ਉਨ੍ਹਾਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ।

ਭਗਤ ਸਿੰਘ ਦੀ ਸ਼ਹੀਦੀ ਤੋਂ ਕੁਝ ਦਿਨ ਬਾਅਦ ਦਿੱਲੀ ਵਿੱਚ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ; ‘ਭਗਤ ਸਿੰਘ ਅੱਜ ਇੱਕ ਵਿਅਕਤੀ ਨਹੀਂ, ਸਗੋਂ ਇੱਕ ਚਿੰਨ੍ਹ ਬਣ ਗਿਆ ਹੈ। ਉਹ ਇਨਕਲਾਬੀ ਭਾਵਨਾ ਦਾ ਚਿੰਨ੍ਹ ਹੈ, ਜਿਹੜੀ ਸਾਰੇ ਦੇਸ਼ ਵਿੱਚ ਛਾ ਗਈ ਹੈ।’ ਇਸ ਇਨਕਲਾਬੀ ਯੋਧੇ ਨੂੰ ਚਿਰਜੀਵੀ ਸਲਾਮ! ਆਪ ਜੀ ਦੀ ਸ਼ਹੀਦੀ ਨੌਜਵਾਨਾਂ ਲਈ ਹਮੇਸ਼ਾਂ ਰਾਹ ਦਸੇਰੇ ਵਜੋਂ ਕੰਮ ਕਰਦੀ ਰਹੇਗੀ।

ਵਿਜੈ ਗੁਪਤਾ, .. ਅਧਿਆਪਕ

ਸੰਪਰਕ 977 990 3800

ਸ੍ਰੋਤ ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

International Children’s Book Day – (2 April)

The International Children’s Book Day would be celebrated on April 2 in memory of Hans Christian Andersen’s birthday. The theme for 2016 is Once Upon A Time, and the sponsoring


Print Friendly
Important Days0 Comments

ਰਾਸ਼ਟਰੀ ਵਿਗਿਆਨ ਦਿਵਸ ’ਤੇ ਵਿਸ਼ੇਸ਼ – 28 ਫਰਵਰੀ

ਹਰ ਸਾਲ ਸਮੁੱਚੇ ਭਾਰਤ ਵਿੱਚ  28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕ ਇਸ ਦਿਨ ਦੀ ਮਹੱਤਤਾ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ  ਦੱਸਦੇ ਹਨ। ਸਰਕਾਰੀ


Print Friendly
Important Days0 Comments

ਏਡਜ਼: ਸਿਰਫ਼ ਜਾਗਰੂਕਤਾ ਹੀ ਇਲਾਜ (ਅੱਜ ਵਿਸ਼ਵ ਏਡਜ਼ ਦਿਵਸ ’ਤੇ ਵਿਸ਼ੇਸ਼)

ਇੱਕ ਦਸੰਬਰ ਦਾ ਦਿਨ ਸਾਲ 1988 ਤੋਂ ਪੂਰੀ ਦੁਨੀਆਂ ਵਿੱਚ ਵਿਸਵ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਦਿਹਾੜੇ ਦਾ ਪ੍ਰਮੁੱਖ ਮੰਤਵ ਲੋਕਾਂ ਨੂੰ ਏਡਜ਼ (ਐਕਵਾਇਰਡ ਇਮਿਊਨੋ ਡੈਫੀਇਸ਼ਐਂਸੀ ਸਿੰਡਰੋਮ) ਨਾਮ ਦੀ ਲਾਇਲਾਜ


Print Friendly