Print Friendly
ਤਿੰਨ ਵਿਸਾਖੀਆਂ ਜਿਨ੍ਹਾਂ ਬਦਲ ਦਿੱਤੀ ਭਾਰਤ ਦੀ ਤਕਦੀਰ !!! ( 14 ਅਪ੍ਰੈਲ ਵਿਸਾਖੀ ਤੇ ਵਿਸ਼ੇਸ਼)

ਤਿੰਨ ਵਿਸਾਖੀਆਂ ਜਿਨ੍ਹਾਂ ਬਦਲ ਦਿੱਤੀ ਭਾਰਤ ਦੀ ਤਕਦੀਰ !!! ( 14 ਅਪ੍ਰੈਲ ਵਿਸਾਖੀ ਤੇ ਵਿਸ਼ੇਸ਼)

ਭਾਰਤ ਬਹੁਰੰਗੇ ਤਿਉਹਾਰਾਂ ਦਾ ਦੇਸ਼ ਹੈ ਜਿਨ੍ਹਾਂ ਵਿਚੋਂ ਵਿਸਾਖੀ ਪੰਜਾਬੀਆਂ ਦਾ ਮੌਸਮੀ ਤਿਉਹਾਰ ਹੈ। ਕਣਕ ਦੀ ਫਸਲ ਨਾਲ ਇਸ ਦਾ ਸਬੰਧ ਹੈ। ਕਣਕ ਦੀ ਫਸਲ ਨਾਲ ਜ਼ਿਮੀਂਦਾਰ ਆੜਤੀਆ, ਲਾਗੀ ਚੋਗੀ ਸੇਪੀ ਵਾਲੇ ਸਭ ਨੂੰ ਹੀ ਕੁਝ ਨਾ ਕੁਝ ਦਾਣਾ ਫੱਕਾ ਮਿਲ ਜਾਂਦਾ ਹੈ। ਇਸੇ ਖੁਸ਼ੀ ਵਿਚ ਸਮਾਜ ਦਾ ਹਰ ਵਰਗ ਖੁਸ਼ੀਆਂ ਮਨਾਂਉਂਦਾ ਹੈ। ਇਹ ਸਮੁੱਚੀ ਦੁਨੀਆਂ ਵਿਚ ਜਿੱਥੇ ਵੀ ਪੰਜਾਬੀ ਬੈਠੇ ਹਨ, ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ਸਾਡੀ ਜ਼ਿੰਦਗੀ ‘ਚ ਇਕ ਖਾਸ ਥਾਂ ਰੱਖਦਾ ਹੈ। ਅੱਜ ਅਸੀਂ ਭਾਰਤ ਵਿਚ ਚੈਨ ਅਤੇ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਅਸੀਂ ਕਈ ਸਾਲਾਂ ਤਾਂ ਅੰਗਰੇਜ਼ਾਂ ਦੇ ਗੁਲਾਮ ਰਹੇ। ਆਖਰਕਾਰ ਅਨੇਕਾਂ ਤਸੀਹੇ ਅਤੇ ਸ਼ਹੀਦਾਂ ਵਲੋਂ ਪੀਤੇ ਸ਼ਹਾਦਤ ਦੇ ਜਾਮ ਰੰਗ ਲੈ ਕੇ ਆਏ। ਅੰਗਰੇਜ਼ਾਂ ਦੇ ਹਕੂਮਤ ਸਮੇਂ ਇਹ ਮੁਮਕਿਨ ਨਹੀਂ ਸੀ। ਅਸੀਂ ਯਾਦ ਕਰ ਰਹੇ ਹਾਂ ਸਤਾਰਵੀਂ, ਉਨੀਵੀਂ ਅਤੇ ਵੀਹਵੀਂ ਸਦੀ ਵਿਚ ਇਸ ਦਿਨ ਵਾਪਰੀਆਂ ਅਜਿਹੀਆਂ ਅਹਿਮ ਰਾਜਨੀਤਕ ਘਟਨਾਵਾਂ ਨੂੰ, ਜਿਸ ਕਾਰਨ ਇਹ ਦਿਨ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਹੋ ਨਿਬੜਿਆ ਜਿਸ ਨੇ ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹਾ ਉਭਾਰ ਲਿਆਂਦਾ ਕਿ ਭਾਰਤ ਦੀ ਤਕਦੀਰ ਹੀ ਬਦਲ ਦਿੱਤੀ। ਇਹ ਤਿੰਨ ਵਿਸਾਖੀਆਂ 1699, 1857 ਅਤੇ 1919 ਵਾਲੀਆਂ ਸਨ।
1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਆਪਣੇ ਮਿਸ਼ਨ ਮੁਤਾਬਕ ਆਪਣੇ ਨਵੇਂ ਪੰਥ ਦਾ ਵਿਧਾਨ ਬਣੀ ਸਟੇਜ ਤੋਂ ਹੈਰਾਨੀਜਨਕ ਵਿਧੀ ਰਾਹੀਂ ਜੰਗਜੂ ਲਿਬਾਸ, ਗੁੱਸੇ ਭਰੇ ਚਿਹਰੇ, ਹੱਥ ਵਿਚ ਲਿਸ਼ਕਦੀ ਨੰਗੀ ਤਲਵਾਰ, ਕੁਰਬਾਨੀ ਲਈ ਵਾਰੀ-ਵਾਰੀ ਇਕ-ਇਕ ਸਿਰ ਦੀ ਮੰਗ ਕਰਕੇ ਪ੍ਰਵਾਨਗੀ ਲਈ ਸੰਗਤ ਦੀ ਕਚਹਿਰੀ ਵਿਚ ਰੱਖਿਆ। ਜਿਹੜੇ ਕੁਰਬਾਨੀ ਲਈ ਸਿਰ ਪੇਸ਼ ਕਰਨ ਲਈ ਹਾਜ਼ਰ ਹੋਏ ਸਨ, ਉਨ੍ਹਾਂ ਵਿਚ ਭਾਈ ਦਇਆ ਰਾਮ ਜੀ ਖੱਤਰੀ ਅਤੇ ਬਾਕੀ ਚਾਰ ਸ਼ੂਦਰ ਕਹਾਉਣ ਵਾਲੇ ਭਾਈਚਾਰੇ ਨਾਲ ਸਬੰਧਤ ਭਾਈ ਧਰਮ ਦਾਸ ਜੀ, ਮੋਹਕਮ ਚੰਦ ਜੀ, ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਇ ਜੀ ਸਨ।
ਜਦੋਂ ਆਖਰੀ ਵਾਰ ਗੁਰੂ ਜੀ ਸਟੇਜ ‘ਤੇ ਆਏ, ਤਲਵਾਰ ਭਾਵੇਂ ਤਾਜ਼ੇ ਲਹੁ ਨਾਲ ਲੱਥ-ਪੱਥ ਸੀ ਪਰ ਆਪਣੇ ਮਿਸ਼ਨ ਵਿਚ ਕਾਮਯਾਬ ਹੋਣ ਕਰਕੇ ਚਿਹਰੇ ‘ਤੇ ਖ਼ੁਸ਼ੀ ਦੀ ਝਲਕ ਪੈਂਦੀ ਸੀ। ਉਨ੍ਹਾਂ ਫਰਮਾਇਆ ਕਨਾਤ ਪਿੱਛੇ ਹਟਾ ਦਿਓ। ਪੰਜੇ ਸਿਰ ਕੁਰਬਾਨ ਕਰਨ ਵਾਲੇ ਯੋਧੇ-ਸੂਰਬੀਰ, ਇਕੋ ਜਿਹੇ ਸ਼ਸਤਰ ਪਾਈ ਇਕੋ ਲਾਈਨ ਵਿਚ ਸਿਰ ਝੁਕਾਈ ਖੜ੍ਹੇ ਸਨ। ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਸਿੰਘਾਂ ਦੇ ਰੁਤਬੇ ਨਾਲ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ। ਆਪ ਜੀ ਨੇ ਗੋਡਿਆਂ ਭਾਰ ਹੋ ਕੇ ਜਦੋਂ ਉਨ੍ਹਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਮੰਗੀ, ਉਸ ਵੇਲੇ ਉਨ੍ਹਾਂ ਨੂੰ ਆਪਣੇ-ਆਪ ਤੋਂ ਉਚਾ ਦੱਸਿਆ ਅਤੇ ਮਾਲਕ ਤੇ ਸੇਵਕ ਦਾ ਰਿਸ਼ਤਾ ਖ਼ਤਮ ਕਰਕੇ ਬਰਾਬਰੀ ਲਿਆਂਦੀ: ਵਾਹਿ ਵਾਹਿ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ, ਇਹ ਸੀ ਵਿਚਾਰਧਾਰਾ ਦੇ ਅਗਲੇ ਪੜਾਅ ਦੀ ਸ਼ੁਰੂਆਤ।
ਇਸ ਨਾਲ ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ, ਇਲਾਕਾਪ੍ਰਸਤੀ ਤੇ ਫਿਰਕਾਪ੍ਰਸਤੀ ਤੋਂ ਉਪਰ ਉਠ ਕੇ ਬਾਬੇ ਨਾਨਕ ਵੱਲੋਂ ਅਰੰਭੀ ਕਿਰਤ ਅਤੇ ਕ੍ਰਾਂਤੀ ਵਾਲੇ ਫਲਸਫੇ ਨਾਲ ਮਨੁੱਖਤਾ ਦੇ ਭਲੇ ਲਈ ਨਵਾਂ ਇਨਕਲਾਬੀ ਇਨਸਾਨ ਪੰਜਾਬ ਵਿਚ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪੈਦਾ ਕੀਤਾ ਜਿਸ ਦੀਆਂ ਰਗਾਂ ਵਿਚ ਸਾਰੇ ਹਿੰਦੋਸਤਾਨ ਦੇ ਕੋਨੇ-ਕੋਨੇ ਵਿਚ ਵਸਣ ਵਾਲਿਆਂ ਦਾ ਸਾਂਝਾ ਖੂਨ ਸੀ। ਇਸ ਨਾਲ ਸਾਰੇ ਗਰੀਬ ਤੇ ਨਿਹੱਥੇ ਲੋਕਾਂ ਦੀ ਜ਼ਿੰਦਗੀ ਦੇ ਸਾਰੇ ਮਸਲੇ, ਦੁੱਖ ਅਤੇ ਸੁੱਖ ਸਾਂਝੇ ਹੋ ਗਏ। ਉਨ੍ਹਾਂ ਵਕਤਾਂ ਵਿਚ, ਬੁਰੇ ਹਾਲਾਤ ਵਿਚ ਮਹਾਨ ਇਨਕਲਾਬੀ ਕਦਮ ਸੀ; ਉਸ ਵੇਲੇ ਦੀ ਰਜਵਾੜਾਸ਼ਾਹੀ, ਫਿਰਕਾਪ੍ਰਸਤੀ ਅਤੇ ਮੌਕੇ ਦੀ ਮੁਗਲੀਆ ਸਲਤਨਤ ਦੇ ਖ਼ਿਲਾਫ਼।
ਇਹ ਹਕੀਕਤ ਹੈ ਕਿ 1699 ਈਸਵੀ ਦੀ ਵਿਸਾਖੀ ਤੋਂ ਬਾਅਦ ਉਠੀਆਂ ਸਾਰੀਆਂ ਧਾਰਮਿਕ ਲਹਿਰਾਂ ਮਗਰੋਂ ਇਨਕਲਾਬੀ ਰੂਪ ਧਾਰਨ ਕਰਦੀਆਂ ਰਹੀਆਂ। ਇਹ ਦੇਸ਼ ਦੀ ਆਜ਼ਾਦੀ ਲਈ ਹਥਿਆਰ ਵਜੋਂ ਜਾਣੀਆਂ ਜਾਂਦੀਆਂ ਹਨ।
ਵਿਸਾਖੀ 1857 ਵਾਲੀ: ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਨਾਮਧਾਰੀ ਮਤ ਦਾ ਵਿਸ਼ੇਸ਼ ਥਾਂ ਹੈ। ਭਾਈ ਬਾਲਕ ਸਿੰਘ ਜੀ ਨੇ ਸੰਤ ਖਾਲਸਾ ਦੇ ਰੂਪ ਵਿਚ ਇਸ ਦੀ ਬੁਨਿਆਦ ਰੱਖੀ। ਸਤਿਗੁਰੂ ਰਾਮ ਸਿੰਘ ਜੀ ਨੇ 1857 ਈਸਵੀ ਨੂੰ ਭੈਣੀ ਸਾਹਿਬ (ਜ਼ਿਲ੍ਹਾ ਲੁਧਿਆਣਾ) ਵਿਚ ਨਾਮਧਾਰੀ ਕੂਕਾ ਸੰਤ ਖਾਲਸਾ ਨੂੰ ਅਧਿਆਤਮਕ ਕਦਰਾਂ-ਕੀਮਤਾਂ, ਰਾਸ਼ਟਰਵਾਦੀ ਸਰੂਪ, ਧਾਰਮਿਕ ਮਰਿਆਦਾ ਰਾਹੀਂ ਵਿਸ਼ੇਸ਼ ਪਛਾਣ ਦਿੱਤੀ। ਸੁਤੰਤਰਤਾ ਸੰਗਰਾਮ ਲਈ ਕੁਰਬਾਨੀਆਂ, ਸਮਾਜ ਸੁਧਾਰ, ਇਸਤਰੀ ਜਾਤੀ ਦਾ ਸਤਿਕਾਰ ਆਪਣੇ ਗੁਰੂ ਵਿਚ ਅਥਾਹ ਸ਼ਰਧਾ ਪ੍ਰੇਮ ਨਾਲ ਪੂਰਨ ਵਿਸ਼ਵਾਸ ਦੇ ਇਤਿਹਾਸ ਦੀ ਸ਼ੁਰੂਆਤ ਕੀਤੀ। ਨਾਮਧਾਰੀ ਮਤ ਵਿਚ ਗੁਰੂ ਪਰੰਪਰਾ ਹੁਣ ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਹਰੀ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਵਰਤਮਾਨ ਸਤਿਗੁਰੂ ਉਦੈ ਸਿੰਘ ਜੀ ਰਾਹੀਂ ਚਲੀ ਆ ਰਹੀ ਹੈ।
1857 ਵਿਚ ਵਿਸਾਖੀ ਵਾਲੇ ਦਿਨ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਾਮਰਾਜ ਖ਼ਿਲਾਫ਼ ਨਾ-ਮਿਲਵਰਤਨ ਲਹਿਰ ਦੇ ਰੂਪ ਵਿਚ ਸੁਤੰਤਰਤਾ ਸੰਗਰਾਮ ਦੀ ਨੀਂਹ ਰੱਖੀ। ਯਾਦ ਰਹੇ ਕਿ 1857 ਵਿਸਾਖੀ ਵਾਲੇ ਦਿਨ ਤੋਂ 1872 ਤੱਕ 12 ਲੱਖ ਲੋਕ ਨਾਮਧਾਰੀ ਮਤ ਅਪਨਾ ਚੁੱਕੇ ਸਨ। ਅੰਗਰੇਜ਼ ਸਰਕਾਰ ਸਤਿਗੁਰੂ ਰਾਮ ਸਿੰਘ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦੀ ਸੀ ਅਤੇ ਸਤਿਗੁਰੂ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬਰਮਾ (ਹੁਣ ਮਿਆਂਮਾਰ) ਦੀ ਮਾਂਡਲੇ ਜੇਲ੍ਹ ਵਿਚ ਬੰਦ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਦੀ ਜਲਾਵਤਨੀ ਤੋਂ ਬਾਅਦ 1872 ਤੋਂ 1906 ਤੱਕ ਨਾਮਧਾਰੀ ਲਹਿਰ ਨੇ ਕੁਰਬਾਨੀਆਂ ਦੀ ਜੋ ਦੇਣ ਭਾਰਤ ਨੂੰ ਦਿੱਤੀ, ਉਹ ਆਪਣੇ-ਆਪ ਵਿਚ ਜਿਉਂਦੀ-ਜਾਗਦੀ ਮਿਸਾਲ ਹੈ।
ਭਾਰਤੀ ਇਤਿਹਾਸ ਵਿਚ 13 ਅਪ੍ਰੈਲ 1919 ਦੀ ਤਾਰੀਖ ਦੁਨੀਆ ਭਰ ਦੇ ਸਭ ਤੋਂ ਭਿਆਨਕ ਹੱਤਿਆਕਾਂਡ ‘ਚ ਸ਼ਾਮਲ ਜ਼ਲਿਆਵਾਲਾ ਬਾਗ ਹੱਤਿਆਕਾਂਡ ਦੀ ਗਵਾਹ ਹੈ। ਇਸ ਦਿਨ ਅੰਗਰੇਜ਼ੀ ਅਫਸਰਾਂ ਨੇ ਅਜਿਹੇ ਜ਼ੁਲਮ ਢਾਹੇ ਕਿ ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਅੱਜ ਹੀ ਦੇ ਦਿਨ ਅੰਮ੍ਰਿਤਸਰ ਵਿਚ ਜੱਲ੍ਹਿਆਂਵਾਲੇ ਬਾਗ ਵਿਖੇ ਇਹ ਖੂਨੀ ਸਾਕਾ ਵਰਤਾਇਆ ਸੀ। ਗੋਰੇ ਅਫਸਰ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਅੰਗਰੇਜ਼ ਸਰਕਾਰ ਨੇ ਉਸ ਦਿਨ ਹਜ਼ਾਰਾਂ ਨਿਹੱਥੇ ਤੇ ਨਿਰਦੋਸ਼ ਲੋਕਾਂ ਦੇ ਲਹੁ ਨਾਲ ਆਪਣੇ ਹੱਥ ਰੰਗੇ, ਭਾਰਤੀ ਭਾਈਚਾਰੇ ਵਿਚ ਮੂੰਹ ਕਾਲਾ ਕਰਵਾਇਆ। ਇੰਡੀਅਨ ਨੈਸ਼ਨਲ ਕਾਂਗਰਸ ਦਾ ਉਸ ਵੇਲੇ ਇਹ ਭਰਮ ਟੁੱਟ ਗਿਆ ਸੀ ਕਿ ਅੰਗਰੇਜ਼ ਸਰਕਾਰ ਤੋਂ ਜੰਗ ਜਿੱਤ ਜਾਣ ਤੋਂ ਬਾਅਦ ਵਿਧਾਨਕ ਹੱਕ ਮਿਲ ਜਾਣਗੇ। ਅੰਗਰੇਜ਼ ਸਰਕਾਰ ਨੇ ਜੰਗ ਜਿੱਤਣ ਤੋਂ ਬਾਅਦ ਰੋਲਟ ਐਕਟ ਲੈ ਆਂਦਾ ਜਿਹੜਾ ਸਰਕਾਰੀ ਜਬਰ ਦਾ ਹਥਿਆਰ ਸੀ। ਇਸ ਬਿੱਲ ਦੇ ਸਹਾਰੇ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਕੀਤਾ ਜਾ ਸਕਦਾ ਸੀ। ਉਹ ਬੰਦਾ ਕਾਨੂੰਨੀ ਚਾਰਾਜੋਈ ਲਈ ਵਕੀਲ ਨਹੀਂ ਸੀ ਕਰ ਸਕਦਾ। ਮੁੱਕਦੀ ਗੱਲ ਕਿ ਨਾ ਅਪੀਲ, ਨਾ ਦਲੀਲ। ਸੋ, ਇਹ ਸੀ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਦਾ ਜਨਤਕ ਰੋਸ।
ਇਨ੍ਹਾਂ ਵਿਸਾਖੀਆਂ ਨੇ ਆਪਣੇ ਮੁੱਢਲੇ ਧਾਰਮਿਕ ਪੜਾਅ ‘ਚੋਂ ਗੁਜ਼ਰਦਿਆਂ ਵਿਸ਼ਾਲ ਰਾਜਨੀਤਕ ਆਧਾਰ ਬਣਾ ਲਿਆ ਸੀ। ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਰਾਹ ਪਧਰਾਇਆ ਜੋ ਵਿਸ਼ਾਲ ਹੁੰਦਾ ਗਿਆ। ਜੱਲ੍ਹਿਆਂਵਾਲੇ ਬਾਗ ਦੀ ਵਿਸਾਖੀ ਨੇ ਸਮੁੱਚੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਆ। ਪੂਰੇ ਹਿੰਦੋਸਤਾਨ ਦੇ ਲੋਕਾਂ ਵਿਚ ਅੰਗਰੇਜ਼ ਸਰਕਾਰ ਦੇ ਦਮਨ ਵਿਰੁਧ ਗੁੱਸੇ ਦੀ ਲਹਿਰ ਦੌੜ ਗਈ। ਮਹਾਤਮਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਜਿਹੜੀ ਸਿਰਫ ਡੁਮੀਨੀਅਨ ਸਰਕਾਰ ਤੱਕ ਦੀ ਮੰਗ ‘ਤੇ ਹੀ ਬੈਠੀ ਸੀ, ਉਸ ਨੇ ਲੋਕਾਂ ਦੇ ਗੁੱਸੇ ਨੂੰ ਭਾਂਪਿਆ ਅਤੇ ਬਾਜ਼ੀ ਹੱਥੋਂ ਜਾਂਦੀ ਦੇਖੀ ਤਾਂ ਪੂਰਨ ਸੁਤੰਤਰਤਾ ਦਾ ਐਲਾਨ ਕਰ ਮਾਰਿਆ।
ਅੱਜ ਸਮੇਂ ਦੀ ਲੋੜ ਹੈ ਜਿਥੇ ਇਨ੍ਹਾਂ ਵਿਸਾਖੀਆਂ ਨੂੰ ਧਾਰਮਿਕ ਪੱਖੋਂ ਮਨਾਇਆ ਤੇ ਪ੍ਰਚਾਰਿਆ ਜਾਂਦਾ ਹੈ, ਉਥੇ ਇਸ ਦਿਨ ਡੁੱਲ੍ਹੇ ਲੋਕਾਂ ਦੇ ਖੂਨ ਨੂੰ ਵੀ ਵਿਚਾਰਿਆ ਜਾਵੇ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਮਿਲ ਸਕੇ।

ਵਿਜੈ ਗੁਪਤਾ (ਸ. ਸ. ਅਧਿਆਪਕ)
977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਵੋਟਰ ਜਿਸ ਨੂੰ ਚਾਹੇ ਰਾਜ ‘ਤੇ ਬਿਠਾ ਸਕਦੈ ਅਤੇ ਜਿਸ ਨੂੰ ਚਾਹੇ ਥੱਲੇ ਲਾਹ ਸਕਦੈ – 4 ਜਨਵਰੀ ਤੇ ਵਿਸ਼ੇਸ਼

ਲੋਕਤੰਤਰ ਪ੍ਰਣਾਲੀ ਵਿੱਚ ਆਪਣੇ ਲਈ, ਆਪਣੇ ਦੁਆਰਾ, ਬਿਨਾਂ ਖੂਨ ਖਰਾਬੇ ਦੇ, ਆਪਣੀ ਸਰਕਾਰ ਬਣਾਉਣ ਦਾ ਇੱਕੋ ਇੱਕ ਸਾਧਨ ਵੋਟ ਹੈ। ਲੋਕਤੰਤਰ ਤੋਂ ਪਹਿਲਾ ਰਾਜਾ ਰਾਣੀ ਦੇ ਢਿੱਡੋਂ ਜੰਮਦਾ ਸੀ। ਲੋਕਤੰਤਰ


Print Friendly
Important Days0 Comments

ਵਿਸ਼ਵ ਤੰਬਾਕੂ ਮੁਕਤ ਦਿਵਸ – (31 ਮਈ ‘ਤੇ ਵਿਸ਼ੇਸ਼)

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ


Print Friendly
Important Days0 Comments

ਭਾਰਤੀ ਧਰਮ-ਇਤਿਹਾਸ ਦਾ ਧਰੂ ਤਾਰਾ – ਵੀਰ ਹਕੀਕਤ ਰਾਏ (ਬਸੰਤ ਪੰਚਮੀ ਬਲਿਦਾਨ ਦਿਵਸ ‘ਤੇ ਵਿਸ਼ੇਸ਼)

ਵੀਰ ਹਕੀਕਤ ਰਾਏ ਦਾ ਜਨਮ 22 ਮੱਘਰ ਸੰਨ 1716 ਈ: ਨੂੰ ਪਿਤਾ ਸ੍ਰੀ ਭਾਗਮਲ ਦੇ ਘਰ ਮਾਤਾ ਕੌਰਾਂ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦਾਦਾ ਦਾ ਨਾਂਅ ਸ੍ਰੀ ਨੰਦ ਲਾਲ ਸੀ।


Print Friendly