Print Friendly
ਮਾਵਾਂ ਜਦੋਂ ਮਰ ਜਾਂਦੀਆਂ, ਕੋਈ ਨਹੀਂ ਕਹਿੰਦਾ ਪੁੱਤ ਛੇਤੀ ਘਰ ਆ… (13 ਮਈ ਮਾਂ ਦਿਵਸ ਤੇ ਵਿਸ਼ੇਸ਼)

ਮਾਵਾਂ ਜਦੋਂ ਮਰ ਜਾਂਦੀਆਂ, ਕੋਈ ਨਹੀਂ ਕਹਿੰਦਾ ਪੁੱਤ ਛੇਤੀ ਘਰ ਆ… (13 ਮਈ ਮਾਂ ਦਿਵਸ ਤੇ ਵਿਸ਼ੇਸ਼)

ਮਾਂ ਸ਼ਬਦ ਸਾਨੂੰ ਪਿਆਰ, ਮੁਹੱਬਤ, ਮਮਤਾ ਤੇ ਸਹਿਣਸ਼ੀਲਤਾ ਦਾ ਸੁਨੇਹਾ ਦਿੰਦਾ ਹੈ। ਏਸੇ ਲਈ ਕਿਸੇ ਨੇ ਠੀਕ ਹੀ ਕਿਹਾ ਹੈ, ਮਾਂਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ…..। ਧੀ-ਪੁੱਤ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਓਹ ਮਾਂ ਲਈ ਸਦਾ ਬੱਚੇ ਹੀ ਰਹਿੰਦੇ ਨੇ। ਉਹ ਦੁਨੀਆਂ ਦੇ ਚਾਹੇ ਕਿਸੇ ਵੀ ਕੋਨੇ ‘ਚ ਚਲੇ ਜਾਣ ਮਾਂ ਦਾ ਦਿਲ ਸਦਾ ਦੁਆਵਾਂ ਹੀ ਦਿੰਦਾ ਹੈ। ਮਾਂ ਦਾ ਨਾਂ ਜ਼ੁਬਾਨ ‘ਤੇ ਆਉਂਦਿਆਂ ਹੀ ਇੱਕ ਵੱਖਰਾ ਜਿਹਾ ਅਹਿਸਾਸ ਹੋਣ ਲੱਗਦਾ ਹੈ, ਦੇਖਣ ਅਤੇ ਬੋਲਣ ਵਿਚ ਇਕ ਅੱਖ਼ਰ ਦਾ ਬਣਿਆ ਸ਼ਬਦ ਹੈ ਮਾਂ। ਪਰ ਇਹ ਇਕੋ ਅੱਖ਼ਰ ਆਪਣੇ ਅੰਦਰ ਇਕ ਵਿਸ਼ਾਲ ਸੁਮੰਦਰ ਜਿੰਨਾ ਜ਼ਿਗਰਾ, ਹੀਰੇ ਮੋਤੀਆਂ ਵਰਗੇ ਵਿਚਾਰ ਅਤੇ ਪਾਣੀ ਵਾਂਗ ਹਰ ਰੰਗ ਵਿਚ ਰੰਗ ਜਾਣ ਵਰਗੇ ਸਰਵਉੱਚ ਗੁਣ ਸਮੋਈ ਸਦੀਆਂ ਤੋਂ ਚਲਿਆ ਆ ਰਿਹਾ ਹੈ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ ‘ਚ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਬਹੁਤ ਸਾਰੇ ਦੇਸ਼ਾਂ ਵਿੱਚ ‘ਮਾਂ ਦਿਵਸ’ ਮਨਾਇਆ ਜਾਂਦਾ ਹੈ।
ਇਸ ਦਿਵਸ ਨੂੰ ਸ਼ੁਰੂ ਹੋਇਆਂ ਵੀ ਕੋਈ ਬਹੁਤਾ ਸਮਾਂ ਨਹੀਂ ਹੋਇਆ। 1908 ਵਿਚ ਇਸ ਨੂੰ ਬਾਹਰਲੇ ਮੁਲਕਾਂ ਵਿਚ ਆਮ ਲੋਕਾਂ ਨੇ ਖੁੱਲ੍ਹ ਕੇ ਮਨਾਇਆ ਸੀ ਜਦ ਕਿ 1914 ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਨੂੰਨੀ ਤੌਰ ਤੇ ਇਸ ਨੂੰ ਮਾਂ-ਦਿਵਸ ਐਲਾਨ ਦਿੱਤਾ ਸੀ। ਇਸ ਤੋਂ ਪਹਿਲਾਂ ਇਹੀ ਦਿਨ ਇੰਗਲੈਂਡ ਵਿਚ ਮਦਰਿੰਗ ਸੰਡੇ ਦੇ ਨਾਂਅ ਨਾਲ ਮਨਾਇਆ ਜਾਂਦਾ ਸੀ। ਯੂਗੋਸਲਾਵੀਆ ਅਤੇ ਹੋਰ ਕਈ ਦੇਸ਼ ਇਸ ਦੀ ਰੀਸੇ ਆਪਣੇ ਮੁਲਕ ਵਿਚ ਵੀ ਇਹ ਦਿਨ ਮਨਾਉਂਦੇ ਸਨ। ਮੌਜੂਦਾ ਮਾਂ-ਦਿਵਸ ਦੀ ਬਾਨੀ ਦੇ ਤੌਰ ਤੇ ਵਰਜੀਨੀਆ ਦੀ ਇਕ ਮਹਿਲਾ ਅੱਨਾ ਜਾਰਵਿਸ ਐਮ (1864-1948) ਨੂੰ ਮੰਨਿਆ ਜਾਂਦਾ ਹੈ। ਉਂਝ ਇਸ ਮਾਂ ਦਿਵਸ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਦਰਜ਼ਾ ਦਿਵਾਉਣ ਵਿਚ ਅਮਰੀਕਾ ਦੀ ਪ੍ਰਸਿੱਧ ਲੇਖਿਕਾ ਜੂਲੀਆ ਵਾਰਡ ਹੌਵੇ (1819-1910) ਦਾ ਵੀ ਕਾਫੀ ਯੋਗਦਾਨ ਰਿਹਾ ਹੈ।
ਮਾਂ ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਮਾਂ ਦੀ ਮਮਤਾ ਦੀ ਕੁਦਰਤੀ ਵਿਸ਼ਾਲਤਾ ਦਾ ਇਸ ਗੱਲੋਂ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ, ਜੀਵ-ਜੰਤੂਆਂ ਦੀ ਦੁਨੀਆ ਵਿਚ ਵੀ ਮਾਂ ਆਪਣੇ ਮਮਤਾਈ ਭਰੇ ਗੁਣ ਵਿਸਰਨ ਨਹੀਂ ਦਿੰਦੀ। ਉਦਾਹਰਣ ਦੇ ਤੌਰਤੇ ਜਦੋਂ ਕਿਤੇ ਪਸ਼ੂ-ਪੰਛੀ ਦੀ ਮਾਂ ਵਿਛੜ ਜਾਏ ਤਾਂ ਜਿਵੇਂ ਉਹ ਪਸ਼ੂ ਜਾਂ ਪੰਛੀ ਅੜਿੰਗ-ਅੜਿੰਗ ਕੇ ਵਾਜਾਂ ਮਾਰਦਾ ਹੈ ਉਹ ਕਈ ਛੋਟੇ ਦਿਲ ਵਾਲਿਆਂ ਕੋਲੋਂ ਦੇਖਿਆ ਨਹੀਂ ਜਾ ਸਕਦਾ, ਫਿਰ ਬੱਚੇ ਤੱਕ ਦੇ ਮੂੰਹ ਵਿਚੋਂ ਆਪ-ਮੁਹਾਰੇ ਨਿਕਲ ਜਾਂਦਾ ਹੈ ਕਿ ਇਸ ਨੂੰ ਇਸ ਦੀ ਮਾਂ ਕੋਲ ਛੱਡ ਦਿਉ। ਇਹ ਹੈ ਮਾਂ ਦੀ ਮਮਤਾ। ਅਸੀਂ ਤਾਂ ਫਿਰ ਵੀ ਗੁਰਬਾਣੀ ਅਨੁਸਾਰ 84 ਲੱਖ ਜੀਵਾਂ ਵਿੱਚੋਂ ਇਕ ਸ਼੍ਰੇਸ਼ਟ ਜੀਵ ਅਤੇ ਬੁੱਧੀਮਾਨ ਪ੍ਰਾਣੀ ਹਾਂ, ਸਾਨੂੰ ਤਾਂ ਇਸ ਮਮਤਾ ਰੂਪੀ ਰੱਬ ਦੀ ਹੋਰ ਸਮਝ ਹੋ ਸਕਦੀ ਹੈ।
ਸਾਡੇ ਦੇਸ਼ ਵਿਚ ਹੀ ਮਾਂ ਦੇ ਰੂਪ ਵਿਚ ਰੱਬ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਮੰਨਿਆ ਜਾਂਦਾ ਹੈ। ਤਾਂ ਹੀ ਤਾਂ ਮਾਂ ਦੇ ਮੰਦਿਰ ਬਣਾ ਲੋਕੀ ਪੂਜਾ ਕਰਦੇ ਨੇ। ਮਾਂ ਦੇ ਹੱਥਾਂ ਵਿਚ ਜਾਦੂ ਵੀ ਹੁੰਦਾ ਹੈ, ਇਸ ਸੁੱਖਦ ਗੱਲ ਦਾ ਅਹਿਸਾਸ ਉਨ੍ਹਾਂ ਲੋਕਾਂ ਕੋਲੋਂ ਪੁਛਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਛੋਟੇ ਹੁੰਦਿਆਂ ਆਪਣੀਆਂ ਪੁੜਪੁੜੀਆਂ ਵਿਚ ਤੇਲ ਲਗਾਉਣ ਦਾ ਜਾਂ ਅੱਖ ਚੁੱਭਣ ਤੇ ਭਾਫ਼ ਲੈਣ ਦਾ ਸੁਭਾਗ ਸਮਾਂ ਆਪਣੀ ਮਾਂ ਕੋਲੋਂ ਪ੍ਰਾਪਤ ਹੋਇਆ ਹੈ। ਕੁੜੀਆਂ ਲਈ ਮਾਂ ਸਿਰਫ ਮਾਂ ਹੀ ਨਹੀਂ ਹੁੰਦੀ ਵੱਡੀ ਉਮਰ ਹੁੰਦਿਆਂ ਹੀ ਉਹ ਇਕ ਆਦਰਸ਼ ਸਹੇਲੀ ਦੇ ਰੂਪ ਵਿਚ ਬਦਲ ਜਾਂਦੀ ਹੈ। ਇਕ ਮਾਂ ਹੀ ਹੈ ਜਿਹੜੀ ਸਾਨੂੰ ਦੁਨੀਆ ਵਿਚ ਮਾਂ ਕਹਿਣ, ਕਹਾਉਣ ਅਤੇ ਮਾਂ-ਪਿਉ ਬਣ ਰੱਬ ਦਾ ਰੂਪ ਬਣਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੁਨੀਆ ਵਿਚ ਮਾਂ ਦਾ ਸਤਿਕਾਰ ਕਰਨ ਵਾਲੇ ਸਪੁੱਤਰ ਵੀ ਬਹੁਤ ਹਨ ਅਤੇ ਮਾਂ ਦਾ ਨਿਰਾਦਰ ਕਰਨ ਵਾਲੇ ਕੁਪੁੱਤਰ ਵੀ ਬਹੁਤ ਹਨ। ਕਈਆਂ ਵਿਚਾਰਿਆਂ ਦੀ ਮਾਂ ਜਨਮ ਦਿੰਦੇ ਸਾਰ ਜਾਂ ਬਹੁਤ ਛੋਟੀ ਉਮਰੇ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਜ਼ਹਾਨ ਤੋਂ ਕੂਚ ਕਰ ਗਈ ਹੁੰਦੀ ਹੈ ਉਨ੍ਹਾਂ ਲਈ ਤਾਂ ਮਾਂ ਇਕ ਤਰ੍ਹਾਂ ਨਾਲ ਸੁਪਨਾ ਜਾਂ ਕਿਤਾਬੀ ਅੱਖਰ ਬਣ ਕੇ ਰਹਿ ਗਈ ਹੁੰਦੀ ਹੈ ਅਤੇ ਡੂੰਘੇ ਹਉਕਿਆਂ ਦੇ ਵਿਚ ਵਹਿ ਗਈ ਇਕ ਤਮੰਨਾ ਹੁੰਦੀ ਹੈ। ਇਹ ਰਿਸ਼ਤਾ ਜਿੱਥੇ ਪਵਿੱਤਰ ਰਿਸ਼ਤਾ ਹੈ ਉਥੇ ਮਾਂ ਸ਼ਬਦ ਵੀ ਸੁੰਦਰ ਸ਼ਬਦਾਂ ਦੀ ਚੋਟੀ ਤੇ ਹੈ।
ਔਲਾਦ ਲਈ ਮਾਂ ਦੀ ਮਿੱਠੜੀ ਜ਼ਬਾਨ ‘ਤੇ ਅਸੀਸਾਂ, ਅੱਖਾਂ ਵਿਚ ਸੁਪਨੇ, ਢਿੱਡ ਵਿਚ ਡਰ, ਹਿਰਦੇ ‘ਚ ਮਮਤਾ, ਦਿਲ ਵਿਚ ਰਹਿਮ, ਸੋਚਾ ਵਿਚ ਫ਼ਿਕਰ ਅਤੇ ਖੂਨ ਵਿਚ ਅਜੀਬ ਤੜਪ ਹਮੇਸ਼ਾ ਹੀ ਬਣੀ ਰਹਿੰਦੀ ਹੈ | ਉਹ ਔਲਾਦ ਦੇ ਖੁਸ਼ ਹੋਣ ਤੇ ਹੱਸਦੀ ਹੈ ਤੇ ਦੁਖੀ ਹੋਣ ਤੇ ਅੱਖਾਂ ਭਰਦੀ ਹੈ | ਮਾਂ ਬਣਨ ਲਈ ਉਹ ਔਲਾਦ ਨੂੰ 9 ਮਹੀਨੇ ਗਰਭ ਵਿਚ ਪਾਲਦੀ ਹੈ ਅਤੇ ਸੰਤਾਨ ਪ੍ਰਾਪਤੀ ਲਈ ਆਪਣੀ ਜਾਨ ਦਾਅ ‘ਤੇ ਲਗਾਉਂਦੀ ਹੈ, ਸਮਝ ਲਵੋ ਦੁੱਖ, ਤਕਲੀਫ਼ਾਂ ਤੇ ਪੀੜਾ ਨੂੰ ਸਹਾਰਦੀ ਮਾਂ ਦਾ ਜਨਮ ਬੱਚੇ ਦੇ ਨਾਲ ਹੀ ਇਕ ਵਾਰ ਫ਼ਿਰ ਤੋਂ ਹੁੰਦਾ ਹੈ | ਮਾਂ ਜਦੋਂ ਬੱਚੇ ਨੂੰ ਲਾਡ ਲਡਾਉਂਦੀ ਹੈ ਤਾਂ ਸਮੁੱਚੀ ਪ੍ਰਕਿਰਤੀ ਬਾਗੋ -ਬਾਗ ਹੋ ਉੱਠਦੀ ਹੈ, ਮਾਂ ਔਲਾਦ ਦਾ ਢਿੱਡ ਭਰਨ ਲਈ ਢੇਰਾਂ ਤੋਂ ਕਾਗਜ਼ ਇਕੱਠੇ ਕਰਨ ਦੀ ਮਜ਼ਦੂਰੀ ਵੀ ਕਰਦੀ ਹੈ, ਮਾਂ ਹੱਕਾਂ ਦੀ ਰਾਖ਼ੀ ਕਰਦੀ ਪੁਲਿਸ ਅਫ਼ਸਰ ਵੀ ਹੈ, ਮਾਂ ਵਿੱਦਿਆ ਦੀ ਦੇਵੀ ਅਧਿਆਪਕਾ ਵੀ ਹੈ, ਮਾਂ ਇਨਸਾਫ਼ ਦੀ ਦੇਵੀ ਜੱਜ ਵੀ ਹੈ, ਮਾਂ ਘਰ ਸੰਭਾਲਣ ਤੋਂ ਲੈ ਕੇ ਦੇਸ਼ ਨੂੰ ਚਲਾਉਣ ਦੇ ਸਰਬ ਗੁਣਾਂ ਦੀ ਮਾਲਕ ਹੈ ।
ਮਾਂ ਦਾ ਸਮਾਜਿਕ ਰੁਤਬਾ ਭਾਵੇਂ ਕਿੰਨਾ ਹੀ ਸਰਬਉੱਚ ਹੋਵੇ, ਪਰ ਉਸਦੇ ਅੰਦਰ ਛਲਕਦਾ ਮਮਤਾ ਦਾ ਸਮੁੰਦਰ ਕਦੇ ਵੀ ਮਨਫ਼ੀ ਨਹੀਂ ਹੁੰਦਾ । ਅੱਜ ਪੂਰਾ ਸੰਸਾਰ ਪੜ੍ਹਾਈ-ਲਿਖਾਈ ਅਤੇ ਕੰਮ ਕਾਰ ਵਿਚ ਐਨਾ ਖੁੱਭ ਕੇ ਰਹਿ ਗਿਆ ਹੈ ਕਿ ਉਹ ਆਪਣੇ ਘਰ, ਫਿਰ ਦੇਸ਼ ਦੀਆਂ ਹੱਦਾਂ ਬੰਨੇ ਟੱਪ ਕੇ ਦੂਜੇ ਦੇਸ਼ਾਂ ਵਿਚ ਗੱਡੇ ਰਹਿਣ ਤੱਕ ਮਜ਼ਬੂਰ ਹੋ ਗਿਆ ਹੈ। ਇਨ੍ਹਾਂ ਹਲਾਤਾਂ ਵਿਚ ਉਹ ਜਿੱਥੇ ਉਹ ਸਿਰਫ਼ ਕੰਮ ਦਾ ਪੁੱਤ ਬਣ ਕੇ ਰਹਿ ਕੇ ਜਾਂਦਾ ਹੈ ਉੱਥੇ ਉਸਦੇ ਪਿਛੇ ਉਸ ਦੀ ਮਾਂ ਸੁੱਖਾਂ ਸੁੱਖਦੀ ਇਕ ਬਿਨਾਂ ਦੇਖ-ਭਾਲ ਕਾਰਨ ਸੁੱਕ ਰਹੇ ਦਰੱਖਤ ਦੀ ਤਰ੍ਹਾਂ ਬਣ ਕੇ ਰਹਿ ਜਾਂਦੀ ਹੈ। ਪਰ ਰੋਜ਼ੀ ਰੋਟੀ ਦੀ ਮਜ਼ਬੂਰੀ ਇਸ ਲਾਡਲੇ ਪੁੱਤਰ ਨੂੰ ਅੱਖਾਂ ਤੋਂ ਭਾਵੇਂ ਦੂਰ ਕਰ ਦਿੰਦੀ ਹੈ ਪਰ ਦਿਲ ਵਿਚ ਉਹ ਅੱਗੇ ਤੋਂ ਵੀ ਜ਼ਿਆਦਾ ਘਰ ਕਰ ਜਾਂਦਾ ਹੈ। ਵਿਦੇਸ਼ ਗਏ ਪੁੱਤਰ ਦੀ ਉਡੀਕ ਵਿਚ ਘਰ ਦੇ ਦਰਵਾਜ਼ੇ ‘ਚ ਉਦਾਸ ਬੈਠੀ ਮਾਂ ਨੂੰ ਪੁੱਤ ਬਿਨਾਂ ਜੱਗ ਸੁੰਨਾ ਲਗਦਾ ਹੈ, ਇਸੇ ਲਈ ਹਿਜ਼ਰ ਦੀ ਇੰਤਹਾ ਅੱਗੇ ਪੁੱਤਰ ਦੇ ਮੁੜ ਆਉਣ ਤੋਂ ਪਹਿਲਾਂ ਸਦਾ ਲਈ ਤੁਰ ਚੁੱਕੀ ਮਾਂ ਦੀਆਂ ਖੁੱਲ੍ਹੀਆਂ ਅੱਖਾਂ ਵਿਚੋਂ ਵੀ ਪੁੱਤ ਦੇ ਪਰਤਣ ਦੀ ਆਸ ਸਾਫ਼ ਝਲਕਦੀ ਰਹਿੰਦੀ ਹੈ ।
ਦੇਸ਼ ਦੀਆਂ ਸਰਹੱਦਾਂ ‘ਤੇ ਸ਼ਹੀਦ ਹੋਏ ਜਵਾਨ ਪੁੱਤਰ ਦੀ ਤਰੰਗੇ ‘ਚ ਲਪੇਟੀ ਲਾਸ਼ ‘ਤੇ ਮਾਂ ਜਦੋਂ ਮਾਣ ਮਹਿਸੂਸ ਕਰਦੀ ਹੈ ਤਾਂ ਸਮੁੱਚਾ ਦੇਸ਼ ਉਸ ਨੂੰ ਸਲਾਮ ਕਰਦਾ ਹੈ । ਮਾਂ ਮੋਟੇ ਸ਼ੀਸ਼ੇ ਦੀ ਐਨਕ ਉੱਪਰੋਂ ਆਪਣੇ ਹੱਥ ਦੀ ਛਾਂ ਕਰਕੇ ਨਸ਼ੇੜੀਆਂ ਦੇ ਟੋਲੇ ਵਿਚੋਂ ਆਪਣੇ ਜਿਗਰ ਦੇ ਟੋਟੇ ਨੂੰ ਪਛਾਣਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਅਤੇ ਰਗਾਂ ਵਿਚੋਂ ਦੌੜਦਾ ਖ਼ੂਨ ਸੁੱਕਦਾ ਹੈ । ਮਾਂ ਕੁਪੁੱਤ ਬਣੇ ਪੁੱਤ ਹੱਥੋਂ ਜ਼ਖ਼ਮੀ ਹੋ ਕੇ ਹਸਪਤਾਲ ਵਿਚ ਪੁਲਿਸ ਨੂੰ ਝੂਠ ਦੱਸਦੀ ਹੈ ਕਿ ਉਹ ਨਹਾਉਣ ਗਈ ਫਰਸ਼ ਤੋਂ ਤਿਲਕ ਗਈ ਕਿਉਂਕਿ ਉਸਨੂੰ ਫ਼ਿਕਰ ਹੈ ਕਿ ਸੱਚ ਦੱਸਣ ਤੇ ਪੁਲਿਸ ਵਾਲੇ ਉਸ ਦੇ ਪੁੱਤਰ ‘ਤੇ ਤਸ਼ੱਦਦ ਨਾ ਕਰਨ । ਮਾਂ ਔਲਾਦ ਦੀਆਂ ਗਲਤੀਆਂ ਲੁਕਾਉਣ ਲਈ ਆਪਣੇ ਪਤੀ ਕੋਲ ਝੂਠ ਬੋਲਣ ਦਾ ਗੁਨਾਹ ਵੀ ਮਮਤਾ ਦੇ ਆਖੇ ਲੱਗ ਕੇ ਕਰਦੀ ਹੈ । ਮਾਵਾਂ ਜਦੋਂ ਮਰ ਜਾਂਦੀਆਂ ਨੇ ਤਾਂ ਕੋਈ ਨਹੀਂਉ ਕਹਿੰਦਾ ਪੁੱਤ ਛੇਤੀ ਘਰ ਆ। ਮਾਂ ਦੀ ਦੁਆਵਾਂ ਮਰਨ ਤੋਂ ਬਾਅਦ ਵੀ ਆਪਣੇ ਬੱਚਿਆਂ ਦੇ ਨਾਲ ਹਮੇਸ਼ਾਂ ਰਹਿੰਦੀਆਂ ਹਨ ਅਤੇ ਦੁੱਖ ਵੇਲੇ ਸੁਪਨੇ ਵਿੱਚ ਆ ਕੇ ਮਿਲਦੀਆਂ ਹਨ।
ਪਰ ਆਧੁਨਿਕ ਯੁੱਗ ਵਿਚ ਬੱਚੇ ਆਪਣੇ ਪਾਲਣਹਾਰੇ ਮਾਪਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਕੁਝ ਧਨ ਕਮਾਉਣ ਦੇ ਚੱਕਰਵਿਊ ਚ ਹਨ ਅਤੇ ਕਈਆਂ ਦੀਆਂ ਪਰਿਵਾਰਕ ਉਲਝਣਾਂ ਹੀ ਐਨੀਆਂ ਉਲਝ ਜਾਂਦੀਆਂ ਹਨ ਉਹ ਖੁੱਲ੍ਹਦੀਆਂ-ਖੁਲ੍ਹਦੀਆਂ ਨਾਜ਼ੁਕ ਤੇ ਮੁਢਲੇ ਰਿਸ਼ਤੇ ਹੀ ਤੋੜ ਜਾਂਦੀਆਂ ਹਨ। ਮਾਂ ਦਾ ਰਿਸ਼ਤਾ ਕਿਉਂ ਮਹੱਤਵਪੂਰਨ ਅਤੇ ਅਹਿਮ ਹੈ, ਬਾਰੇ ਲਿਖਣ ਲੱਗੀਏ ਤਾਂ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪਰ ਐਨਾ ਲਿਖ ਸਕਣਾ ਮੁਸ਼ਕਿਲ ਹੈ। ਸੋ ਮਾਂ ਦੇ ਅਹਿਸਾਨਾਂ ਅਤੇ ਲਾਡਾਂ-ਪਿਆਰਾਂ ਦਾ ਦੇਣ ਤਾਂ ਕੋਈ ਬਰਾਬਰ ਨਹੀਂ ਕਰ ਸਕਦਾ ਪਰ ਫਿਰ ਵੀ 365 ਦਿਨਾਂ ਵਿੱਚੋਂ ਇਕ ਦਿਨ ਜ਼ਰੂਰ ਅਜਿਹਾ ਰੱਖ ਲਿਆ ਗਿਆ ਹੈ, ਜਿਸ ਦਿਨ ਨੂੰ ਮਾਂ ਦਿਵਸ ਦੇ ਨਾਂਅ ਨਾਲ ਜਾਣਿਆ ਅਤੇ ਮਾਣਿਆ ਜਾ ਸਕੇ। ਮਾਂ ਤਾਂ ਮਾਂ ਹੀ ਹੁੰਦੀ ਹੈ, ਗੋਦ ਵਿਚ ਭਾਵੇਂ ਧੀ ਹੋਵੇ ਜਾਂ ਪੁੱਤ । ਪ੍ਰੰਤੂ ਅੱਜ ਦੁਵਿਧਾ ਦੇ ਸਾਗਰ ਵਿਚ ਫ਼ਸੀ ਮਾਂ ਸਮਾਜ ਦੀਆਂ ਉੱਠੀਆਂ ਉਂਗਲਾਂ ਵੱਲ ਤੱਕ ਕੇ ਖੂਨ ਦੇ ਅੱਥਰੂ ਵਹਾ ਰਹੀ ਹੈ ਕਿਉਂਕਿ ਮਾਂ ਇਹ ਕਦੇ ਨਹੀਂ ਚਾਹੁੰਦੀ ਕਿ ਉਸ ਦੇ ਗਰਭ ਵਿਚ ਪਲ਼ਦੀ ਬਾਲੜੀ ਨੂੰ ਜੱਗ ਦੇਖਣ ਤੋਂ ਪਹਿਲਾਂ ਹੀ ਕਤਲ ਕੀਤਾ ਜਾਵੇ । ਭੋਲੀ-ਭਾਲੀ ਮਾਂ ਨੂੰ ਸਮਾਜ ਜਜ਼ਬਾਤੀ ਜਾਲ ‘ਚ ਉਲਝਾ ਕੇ ਅਤੇ ਕਦੇ ਡਰਾ-ਧਮਕਾ ਕੇ ਆਪਣੇ ਹਿਤਾਂ ਅਤੇ ਲਾਲਸਾ ਲਈ ਵਰਤ ਰਿਹਾ ਹੈ । ਜੇਕਰ ਗੱਲ ਮਾਂ ਦੇ ਅਹਿਸਾਸਾਂ ਦੀ ਹੀ ਕਰੀਏ ਤਾਂ ਜਿੰਨਾ ਕੁ ਖੁਸ਼ ਮਾਂ ਆਪਣੇ ਪੁੱਤ ਨੂੰ ਵਿਆਹ ਕੇ ਘਰ ਆਉਣ ‘ਤੇ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਧੀ ਦੀ ਡੋਲੀ ਚੜ੍ਹਨ ਵੇਲ਼ੇ ਵਿਛੋੜੇ ਵਿਚ ਹੰਝੂ ਵਹਾਉਂਦੀ ਹੈ । ਮਾਂ ਬਾਂਝੋਂ ਜੱਗ ਦੀ ਸਾਰੀ ਖੁਦਾਈ ਵੀ ਸੁੰਝੀ ਹੈ। ਮਾਂ ਦੇ ਪੈਰਾਂ ਥੱਲੇ ਜੰਨਤ (ਸਵਰਗ) ਦੀ ਕੁੰਜੀ ਹੈ। ਮਾਂ ਦੀ ਪੂਜਾ ਰੱਬ ਦੀ ਪੂਜਾ ਦੇ ਬਰਾਬਰ ਹੁੰਦੀ ਹੈ। ਆਓ, ਜੱਗ ਦੀਆਂ ਮਾਵਾਂ ਦਾ ਸਤਿਕਾਰ ਕਰੀਏ।

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਸਿੱਖ ਇਤਿਹਾਸ ਦੀ ਮਹਾਨ ਸਖ਼ਸ਼ੀਅਤ – ਬ੍ਰਹਮ ਗਿਆਨੀ ਬਾਬਾ ਬੁੱਢਾ ਜੀ (22 ਅਕਤੂਬਰ ਜਨਮ ਦਿਨ ਤੇ ਵਿਸ਼ੇਸ਼)

ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਵਿੱਚ ਇਕ ਅਜੇਹੀ ਮਹਾਨ ਸਖ਼ਸ਼ੀਅਤ ਹੋਏ ਹਨ, ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸਾਖ਼ਸ਼ਤ ਰੂਪ ਵਿੱਚ ਚਰਨਛੋਹ ਪ੍ਰਾਪਤ ਕਰਨ ਅਤੇ ਸੇਵਾ ਕਰਨ


Print Friendly
Important Days0 Comments

ਵਿਸ਼ਵ ਓਜ਼ੋਨ ਦਿਵਸ – 16 ਸਤੰਬਰ

ਵਿਸ਼ਵ ਓਜ਼ੋਨ ਦਿਵਸ ਹਰ ਸਾਲ 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਅਜਿਹੀ ਪਰਤ ਹੈ, ਜੋ ਧਰਤੀ ਵਾਤਾਵਰਨ ਵਿਚੋਂ ਸੂਰਜ ਤੋਂ ਆਉਣ ਵਾਲੀਆਂ ਅਲਟਰਾ ਬੈਂਗਣੀ ਕਿਰਨਾਂ ਨੂੰ ਜਜ਼ਬ ਕਰਦੀ


Print Friendly
Great Men0 Comments

ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਹਨ, ਤੁਸੀਂ ਕੁਝ ਵੀ ਅਤੇ ਸਭ ਕੁਝ ਕਰ ਸਕਦੇ ਹੋ – 12 ਜਨਵਰੀ ਕੌਮੀ ਯੁਵਕ ਦਿਵਸ ਤੇ ਵਿਸ਼ੇਸ਼

ਕੌਮੀ ਯੁਵਕ ਦਿਵਸ ਦੇਸ਼ ਦੇ ਮਹਾਨ ਚਿੰਤਕ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਅਜਿਹੇ ਸੂਰਜ ਸਨ, ਜਿਨ੍ਹਾਂ


Print Friendly