Print Friendly
ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ, ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ – ਬਾਬਾ ਬੰਦਾ ਸਿੰਘ ਬਹਾਦਰ (12 ਮਈ ਫਤਿਹ ਦਿਵਸ ਤੇ ਵਿਸ਼ੇਸ਼)

ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ, ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ – ਬਾਬਾ ਬੰਦਾ ਸਿੰਘ ਬਹਾਦਰ (12 ਮਈ ਫਤਿਹ ਦਿਵਸ ਤੇ ਵਿਸ਼ੇਸ਼)

ਸੰਸਾਰ ਦੇ ਕਿਸੇ ਵੀ ਮੁਲਕ, ਸਾਧਨ, ਵਿਅਕਤੀ ਜਾਂ ਵਸਤੂ ਬਾਰੇ ਅਧਿਐਨ ਕੀਤਾ ਜਾਵੇ ਤਾਂ ਉਨ੍ਹਾਂ ਦੇ ਨਾਵਾਂ ਪਿੱਛੇ ਇਤਿਹਾਸ ਮੌਜੂਦ ਹੁੰਦਾ ਹੈ। ਖੋਜੀ ਵਿਅਕਤੀ ਆਪਣੀ ਬਿਰਤੀ ਅਨੁਸਾਰ ਇਨ੍ਹਾਂ ਬਾਰੇ ਪਰਖ-ਪੜਚੋਲ ਕਰਕੇ ਸਹੀ ਪੱਖ ਉਜਾਗਰ ਕਰ ਲੈਂਦੇ ਹਨ, ਜਦੋਂ ਕਿ ਆਮ ਬੰਦੇ ਇਸ ਪਾਸੇ ਵੱਲ ਘੱਟ ਹੀ ਧਿਆਨ ਦਿੰਦੇ ਹਨ। ਜੇਕਰ ਸਿੰਧੂ ਘਾਟੀ ਦੇ ਇਲਾਕੇ ਦੇ ਪਿਛੋਕੜ ਬਾਰੇ ਗੱਲ ਕਰੀਏ ਤਾਂ ਸੱਤ ਦਰਿਆਵਾਂ ਦੇ ਵਹਿਣ ਕਾਰਨ ਇਥੇ ਵਸੇ ਇਲਾਕੇ ਨੂੰ ‘ਸਪਤ-ਸਿੰਧੂ’ ਕਿਹਾ ਜਾਂਦਾ ਰਿਹਾ ਹੈ। ਮਗਰੋਂ ਪੰਜ ਦਰਿਆਵਾਂ ਕਰਕੇ ਇਸ ਦੇਸ਼ ਦਾ ਨਾਂਅ ‘ਪੰਜ-ਆਬ’ ਭਾਵ ‘ਪੰਜਾਬ’ ਪੈ ਗਿਆ। ਇਸ ਨਾਂਅ ਦੀ ਵਰਤੋਂ ਫਾਰਸੀ ਭਾਸ਼ਾ ਕੋਸ਼ ‘ਚੋਂ ਅਮੀਰ ਖੁਸਰੋ (1253-1325 ਈ:) ਨੇ ਕਰਦਿਆਂ ਇਤਿਹਾਸਕ ਯੋਗਦਾਨ ਪਾਇਆ। ਪੰਜਾਬ ਦੀ ਧਰਤੀ ਦੇ ਦੁਆਬੇ, ਮਾਝੇ, ਮਾਲਵੇ ਜਾਂ ਕਿਸੇ ਹੋਰ ਇਲਾਕੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂਅ ਵੀ ਡੂੰਘੇ ਭਾਵ ਅਰਥ ਰੱਖਦੇ ਹਨ।
ਬਨੂੜ-ਖਰੜ ਮੁੱਖ ਸੜਕ ਤੋਂ ਕੁਝ ਕੁ ਵਿੱਥ ‘ਤੇ ਲਾਂਡਰਾਂ ਨੇੜੇ, ਚੱਪੜ-ਚਿੜੀ ਦੇ ਨਾਂਅ ‘ਤੇ ਖੁਰਦ ਤੇ ਕਲਾਂ ਭਾਵ ਵੱਡਾ ਤੇ ਛੋਟਾ ਪਿੰਡ ਮਿਲਦੇ ਹਨ। ਪੁਰਾਤਨ ਸਮੇਂ ‘ਚ ਇਸ ਇਲਾਕੇ ‘ਚ ਬਹੁਤ ਸਾਰੇ ਛੱਪੜ ਸਨ, ਜਿਨ੍ਹਾਂ ਦਾ ਬਹੁਤ ਸਾਫ਼-ਸੁਥਰਾ ਪਾਣੀ ਸੀ। ਤਰਾਈ ਵਾਲੇ ਇਸ ਖੇਤਰ ‘ਚੋਂ ਕਈ ਬਰਸਾਤੀ ਨਦੀਆਂ-ਨਾਲੇ ਗੁਜ਼ਰਦੇ ਸਨ ਤੇ ਨੇੜੇ ਹੀ ‘ਪਟਿਆਲਾ ਕੀ ਰਾਓ’ ਨਦੀ ਵੀ ਵਗਦੀ ਸੀ। ਉੱਚੇ-ਨੀਵੇਂ ਟਿੱਬਿਆਂ ‘ਚੋਂ ਦੀ ਲੰਘਦਾ ਨਿਰਮਲ ਜਲ ਇਸ ਪਹਾੜ ਨੂੰ ਬੇਹੱਦ ਖੂਬਸੂਰਤ ਬਣਾਉਂਦਾ ਸੀ। ਬਹੁਤ ਸਾਰੇ ਵੱਡੇ-ਛੋਟੇ ਛੱਪੜਾਂ ਦੀ ਭਰਮਾਰ ਕਾਰਨ ਇਸ ਜਗ੍ਹਾ ਨੂੰ ਲੋਕ ਬੋਲੀ ‘ਚ ‘ਛੱਪੜਾਂ ਵਾਲੀ ਝਿੜੀ’ ਜਾਂ ਛੱਪੜਾਂ ਵਾਲਾ ਜੰਗਲ ਕਿਹਾ ਜਾਣ ਲੱਗ ਪਿਆ। ਇਹ ਸਥਾਨ ਸਰਹਿੰਦ ਤੋਂ ਕੋਈ 10 ਮੀਲ ਦੀ ਵਿਥ ਤੇ ਹੈ। ਹੌਲੀ-ਹੌਲੀ ਮੂੰਹੋਂ-ਮੂੰਹੀਂ ਲੋਕਧਾਰਾਈ ਵਰਤਾਰੇ ‘ਚ ਸ਼ਬਦ ‘ਛੱਪੜ-ਛਿੜੀ’ ਪ੍ਰਚਲਿਤ ਹੋ ਗਿਆ। ਸਮਾਂ ਗੁਜ਼ਰਦਾ ਗਿਆ, ਇਸ ਇਲਾਕੇ ਦੇ ਟਿੱਬਿਆਂ ਦਾ ਰੇਤਾ ਲੋਕ ਹੂੰਝ ਕੇ ਲੈ ਗਏ, ਪੁਰਾਤਨ ਛੱਪੜਾਂ ਨੂੰ ਪੂਰ ਕੇ ਕਿਸੇ ਨੇ ਆਪਣੇ ਖੇਤਾਂ ‘ਚ ਰਲਾ ਲਿਆ ਤੇ ਕਿਧਰੇ ਮਿੱਟੀ ਭਰ ਕੇ ਛੱਪੜ ਵਾਲੀ ਜਗ੍ਹਾ ‘ਧਰਮ-ਅਸਥਾਨ’ ਬਣ ਗਏ। ਇਥੋਂ ਤੱਕ ਕਿ ਜਿਸ ਟਿੱਬੇ ‘ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬੈਠ ਕੇ ਜੰਗ ਦੇ ਮੈਦਾਨ ਦਾ ਨਿਰੀਖਣ ਕੀਤਾ ਗਿਆ ਸੀ, ਉਸ ਨੂੰ ਵੀ ਲੋਕਾਂ ਨੇ ਪੁੱਟ ਕੇ ਮੈਦਾਨ ਨੇੜੇ ਲੈ ਆਂਦਾ ਤੇ ਇਤਿਹਾਸਕ ਤੇ ਵਿਰਾਸਤੀ ਸਬੂਤ ਮਿਟਦੇ ਚਲੇ ਗਏ।
ਝਿੜੀ ਦੇ ਜੰਡਾਂ ਦੇ ਕਿੱਕਰਾਂ ‘ਚੋਂ ਬਚਿਆ ਕੇਵਲ ਇਕ ਪੁਰਾਣਾ ਜੰਡ ਅੱਜਕਲ੍ਹ ਬਣੇ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੇ ਘੇਰੇ ‘ਚ ਮੌਜੂਦ ਹੈ, ਜਿਸ ਬਾਰੇ ਪ੍ਰਚਲਿਤ ਹੈ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਿਆ ਗਿਆ ਸੀ, ਜਦ ਕਿ ਬਾਕੀ ਦਰੱਖਤਾਂ ਨੂੰ ਹੌਲੀ-ਹੌਲੀ, ਲੋਕਾਂ ਨੇ ਖ਼ਤਮ ਕਰਕੇ ਕੁਦਰਤ ਨਾਲ ਘੋਰ ਖਿਲਵਾੜ ਕੀਤਾ। ਨਤੀਜਾ ਇਹ ਹੋਇਆ ਕਿ ਡੂੰਘੇ ਅਰਥਾਂ ਵਾਲੇ ‘ਛੱਪੜ-ਛਿੜੀ’ ਦਾ ਰੂਪ ਵੀ ਬਰਬਾਦ ਹੋ ਗਿਆ ਤੇ ਨਾਂਅ ਵੀ ਅਲੋਪ ਹੋ ਗਿਆ ਤੇ ਇਹ ਬਣ ਗਿਆ ‘ਚੱਪੜ-ਚਿੜੀ’, ਜਿਸ ਦੇ ਨਾ ਕੋਈ ਸ਼ਾਬਦਿਕ ਅਰਥ ਰਹੇ ਅਤੇ ਨਾ ਹੀ ਭਾਵ ਅਰਥ। ਕਾਸ਼! ਇਨ੍ਹਾਂ ਪਿੰਡਾਂ ਦੇ ਪੜ੍ਹੇ-ਲਿਖੇ ਤੇ ਅਗਾਂਹਵਧੂ ਲੋਕ ਜਾਗਣ ਤੇ ਮੁੜ ਤੋਂ ‘ਛੱਪੜ ਝਿੜੀ’ ਨਾਂਅ ਨੂੰ ਅਪਣਾ ਕੇ ਪੰਜਾਬ ਦੀ ‘ਕੁਦਰਤ ਸੰਭਾਲ ਲਹਿਰ’ ਦੀ ਅਗਵਾਈ ਕਰਨ।
12 ਮਈ 1710 ਦੇ ਲਗਭਗ ਇੱਥੇ ਬੰਦਾ ਸਿੰਘ ਬਹਾਦਰ ਦੇ ਸਿੱਖ ਅਤੇ ਸਰਹੰਦ ਦੇ ਸ਼ਾਹੀ ਫ਼ੌਜਦਾਰ ਵਜ਼ੀਰ ਖ਼ਾਨ ਦੀਆਂ ਫ਼ੌਜਾ ਦੇ ਵਿਚਕਾਰ ਲੜਾਈ ਹੋਈ ਸੀ। 12 ਮਈ, 1710 ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁੱਕੀ ਸੀ। ਭਾਵੇਂ ਕੁਝ ਸੋਮੇ ਵਜ਼ੀਰ ਖ਼ਾਨ ਦੀ ਫ਼ੌਜ ਇਕ ਲੱਖ ਦੇ ਕਰੀਬ ਦਸਦੇ ਹਨ ਪਰ ਇਕ ਮੁਸਲਿਮ ਸੋਮੇ ਮੁਤਾਬਕ ਵਜ਼ੀਰ ਖ਼ਾਨ ਕੋਲ ਕੁਲ 5-6 ਹਜ਼ਾਰ ਘੋੜ ਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗ਼ਾਜ਼ੀ ਅਤੇ ਕੁੱਝ ਪੈਦਲ ਫ਼ੌਜ ਵੀ ਸੀ। ਉਸ ਦੀ ਫ਼ੌਜ ਵਿਚ ਸੱਭ ਤੋਂ ਅੱਗੇ ਹਾਥੀ ਸਨ। ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਹਾਥੀ, ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿਚ ਆ ਗਏ ਤਾਂ ਸਿੱਖਾਂ ਨੇ ਇਕਦੰਮ ਗੋਲੇ ਵਰਸਾ ਕੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁੱਝ ਹਾਥੀ ਜ਼ਖ਼ਮੀ ਹੋ ਕੇ ਚਿੰਘਾੜਦੇ ਹੋਏ ਪਿੱਛੇ ਨੂੰ ਦੌੜੇ ਅਤੇ ਅਪਣੇ ਹੀ ਫ਼ੌਜੀਆਂ ਨੂੰ ਜ਼ਖ਼ਮੀ ਕਰ ਗਏ। ਇਸ ਦੇ ਜਵਾਬ ਵਜੋਂ ਸਰਹੰਦ ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲੱਗ ਪਈਆਂ। ਸਿੱਖ ਫ਼ੌਜਾਂ ਕਿਉਂਕਿ ਝਿੜੀ ਵਾਲੇ ਪਾਸੇ ਸਨ, ਇਸ ਕਰ ਕੇ ਉਨ੍ਹਾਂ ਨੂੰ ਦਰੱਖ਼ਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਅਪਣੀ ਮਾਰ ਹੇਠ ਲੈ ਆਂਦਾ ਜਿਸ ਨਾਲ ਉਨ੍ਹਾਂ ਵਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜ ਸਵਾਰ, ਸਰਹੰਦੀ ਫ਼ੌਜਾਂ ਵਿਚ ਜਾ ਵੜੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ‘ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ। ਇਸ ਕਰ ਕੇ ਉਹ ਸਿਰ ਤਲੀ ‘ਤੇ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਣ ਫ਼ੌਜੀ ਤਾਂ ਸਿਰਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁੱਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਿਸਕਣਾ ਸ਼ੁਰੂ ਕਰ ਦਿਤਾ। ਜੇਹਾਦ ਦੇ ਨਾਂ ‘ਤੇ ਇਕੱਠੇ ਕੀਤੇ ਪਠਾਣ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਿਆਂ ਤੋਂ ਅਨਜਾਣ ਹੋਣ ਕਰ ਕੇ, ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤਕ ਹੀ ਚਲੀ ਸੀ। ਇਸ ਲੜਾਈ ਵਿੱਚ ਵਜ਼ੀਰ ਖ਼ਾਨ ਮਾਰਿਆ ਗਿਆ ਸੀ ਅਤੇ ਮੁਗਲ ਫ਼ੌਜ਼ ਨੂੰ ਭਾਜੜਾ ਪੈ ਗਈਆਂ। 14 ਮਈ 1710 ਨੂੰ ਸਿੱਖਾਂ ਨੇ ਸਰਹਿੰਦ ਤੇ ਕਬਜਾ ਕਰ ਲਿਆ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਿਆ ਗਿਆ ਸੀ। ਏਸ ਸੜਕ ਉੱਤੇ ਪੈਂਦੇ ਇਤਿਹਾਸਕ ਸਥਾਨ ਬੰਦਾ ਬਹਾਦਰ ਵਲੋਂ ਇਸਦੀ ਚੋਣ ਗੁਰੀਲਾ ਯੁੱਧ ਲੜਨ ਹਿੱਤ ਕੀਤੀ ਗਈ ਸੀ। ਚੱਪੜ ਚਿੜੀ ਦੇ ਯੁੱਧ ਦੀ ਜਿੱਤ ਤੋਂ ਬਾਅਦ ਸਰਹੰਦ ਦਾ ਪਹਿਲਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਬਣਾਇਆ ਗਿਆ। ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਪੰਜਾਬ ਵਾਸੀਆਂ ਵਿਚੋਂ ਗੁਲਾਮੀ ਨੂੰ ਜੜ੍ਹਾਂ ਤੋਂ ਮੁਕਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲੀਆ ਸੰਮਤ ਦੇ ਬਰਾਬਰ ਨਾਨਕਸ਼ਾਹੀ ਸੰਮਤ ਜਾਰੀ ਕੀਤਾ। ਇਸ ਤਰ੍ਹਾਂ ਨਿਰਮਲ ਸਿੱਖ ਹੋਂਦ ਹਸਤੀ ਨੂੰ ਪ੍ਰਗਟ ਹੋਣ ‘ਚ ਸ਼ਕਤੀ ਮਿਲੀ, ਸਿੱਖ ਸੁਤੰਤਰ ਸੋਚ ਦੇ ਧਾਰਨੀ ਹੋ ਵਿਚਰਨ ਲੱਗੇ।
ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਸ ਪ੍ਰਾਪਤੀ ਨੂੰ ਕੇਵਲ ਗੁਰੂ ਦੀ ਬਖਸ਼ਿਸ਼ ਮੰਨਦਾ ਸੀ। ਉਸ ਦਾ ਕਹਿਣਾ ਸੀ ਕਿ ਉਹ ਤਾਂ ਗੁਰੂ ਦਾ ਸੇਵਾਦਾਰ ਹੈ। ਉਸ ਮੰਨਦਾ ਸੀ ਕਿ ਇਹ ਬਖਸ਼ਿਸ ਗੁਰੂ ਨਾਨਕ ਦੀ ਹੈ-ਫਤਹਿ ਗੁਰੂ ਗੋਬਿੰਦ ਸਿੰਘ ਮਾਹਰਾਜ ਦੀ ਹੈ। ਯਮਨਾ ਤੋਂ ਲੈ ਕੇ ਦਰਿਆ ਰਾਵੀ ਦੇ ਵਿਸ਼ਾਲ ਇਲਾਕੇ ‘ਚ ਬੰਦਾ ਸਿੰਘ ਬਹਾਦਰ ਨੇ ਲਗਭਗ 6 ਸਾਲ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਖਾਲਸਾ ਪਰਿਵਾਰ ਦੇ ਮੈਂਬਰ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਿਚਾਰ ਲੈ ਕੇ ਪੈਦਾ ਹੋਏ ਹਨ।
ਪੰਜਾਬ ਦੇ ਕਿਸਾਨਾਂ ਨੂੰ ਜਗੀਰਦਾਰੀ ਪ੍ਰਬੰਧ ਮੁਕਤ ਕਰਵਾਇਆ ਤੇ ਸਾਬਤ ਕਰ ਦਿੱਤਾ ਕਿ ਖੇਤ ਦਾ ਮਾਲਕ ਉਹੀ ਹੈ, ਜੋ ਖੇਤੀ ਕਰ ਰਿਹਾ ਹੈ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿਸ਼ਾਲ ਖੇਤਰ ‘ਚ ਧਾਰਮਿਕ, ਸਮਾਜਿਕ, ਆਰਥਿਕ, ਰਾਜਸੀ ਸੁਤੰਤਰਤਾ ਦੇ ਝੰਡੇ ਗੱਡੇ। ਦੱਬੇ-ਕੁਚਲੇ ਲੋਕਾਂ ਨੂੰ ਸੁਤੰਤਰਤਾ ਦਾ ਅਹਿਸਾਸ ਹੋਇਆ। ਲੋਕਾਂ ਦੇ ਦਿਲਾਂ ‘ਤੇ ਰਾਜ ਸਥਾਪਿਤ ਕਰ ਲੋਕ ਮਾਨਸਿਕਤਾ ‘ਤੇ ਫ਼ਤਹਿ ਪ੍ਰਾਪਤ ਕੀਤੀ।
ਡਾ: ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ, ਅਖੌਤੀ ਨੀਚ ਜਾਤਾਂ ਨੂੰ ਉੱਚ ਪਦਵੀਆਂ ਦਿੱਤੀਆਂ ਗਈਆਂ। ਸਮਾਜਿਕ ਬਰਾਬਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਇਸ ਤਰ੍ਹਾਂ ਬ੍ਰਾਹਮਣ, ਖੱਤਰੀ ਉੱਚ-ਜਾਤੀਆਂ ਦੇ ਲੋਕ ਨੀਵੀਂਆਂ ਜਾਤਾਂ ਦੇ ਲੋਕਾਂ ਸਾਹਮਣੇ ਹੱਥ ਜੋੜੀ ਖੜ੍ਹੇ ਦਿਖਾਈ ਦਿੱਤੇ। ਬਾਬਾ ਬੰਦਾ ਸਿੰਘ ਦੇ ਰਾਜ ਪ੍ਰਬੰਧ ‘ਚ ਸਭ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ। ‘ਸਭੇ ਸਾਂਝੀਵਾਲ ਸਦਾਇਨ ਤੂ ਕਿਸੇ ਨਾ ਦਿਸੈ ਬਾਹਰਾ ਜੀਓੁ’ ਦਾ ਉਪਦੇਸ਼ ਅਮਲ ‘ਚ ਪ੍ਰਗਟ ਕੀਤਾ। ਪ੍ਰਬੰਧ ‘ਚ ਸਿੱਖ, ਮੁਸਲਮਾਨ ਅਤੇ ਹਿੰਦੂ ਸਭ ਨੂੰ ਸਤਿਕਾਰ ਪ੍ਰਾਪਤ ਸੀ। ਬੰਦਾ ਸਿੰਘ ਬਹਾਦਰ ਨੇ ਹਿੰਦੂਆਂ ਜਾਂ ਮੁਸਲਮਾਨਾਂ ‘ਤੇ ਕਿਸੇ ਕਿਸਮ ਦੀਆਂ ਪਾਬੰਦੀਆਂ ਨਹੀਂ ਲਾਈਆਂ, ਮੁਸਲਮਾਨ ਸਿਪਾਹੀਆਂ ਨੂੰ ਸਮੇਂ ਸਿਰ ਨਮਾਜ਼ ਅਦਾ ਕਰਨ ਦੀ ਇਜ਼ਾਜਤ ਵੀ ਸੀ, 15000 ਦੇ ਕਰੀਬ ਮੁਸਲਮਾਨ ਉਸ ਦੀਆਂ ਫੌਜਾਂ ਵਿਚ ਸ਼ਾਮਿਲ ਸਨ।
ਚੱਪੜ ਚਿੜੀ ਵਿਖੇ ਸੂਬਾ ਸਰਹਿੰਦ ਨਾਲ ਲੜੀ ਗਈ ਫੈਸਲਾਕੁੰਨ ਲੜਾਈ ਦੇ ਸਥਾਨ ਉੱਤੇ ਫਤਿਹ ਬੁਰਜ ਵੀ ਉਸਰ ਚੁੱਕਾ ਹੈ। ਫ਼ਤਿਹ ਬੁਰਜ ਦੇਸ਼ ਦਾ ਸਭ ਤੋਂ ਉੱਚਾ 3 ਮੰਜ਼ਿਲਾ ਬੁਰਜ ਹੈ ਜੋ ਸਾਲ 2011 ਵਿੱਚ ਪੰਜਾਬ ਸਰਕਾਰ ਵੱਲੋਂ ਚੱਪੜ ਚਿੜੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ) ਵਿਖੇ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਿਹ ਦੀ ਯਾਦਗਾਰ ਵਜੋਂ ਬਣਵਾਇਆ ਗਿਆ। 328 ਫੁੱਟ ਉੱਚਾ ਇਹ ਬੁਰਜ 1711 ਵਿੱਚ ਭਾਰਤ ਅੰਦਰ ਸਿੱਖ ਮਿਸਲਾਂ ਦੀ ਸਥਾਪਤੀ ਨੂੰ ਸਮਰਪਿਤ ਹੈ। ਇਹ ਬੁਰਜ ਕੁਤਬ ਮੀਨਾਰ ਤੋਂ 100 ਫੁੱਟ ਉੱਚਾ ਹੈ। ਇੱਥੇ ਇੱਕ ਓਪਨ ਏਅਰ ਆਡੀਟੋਰੀਅਮ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਦਾ ਅਜਾਇਬ ਘਰ ਅਤੇ 21 ਏਕੜ ਵਿੱਚ ਫੈਲਿਆ ਹੋਇਆ ਜੰਗ ਦਾ ਖੇਤਰ ਦਿਖਾਇਆ ਗਿਆ ਹੈ।
ਡਾ. ਹਰੀ ਰਾਮ ਗੁਪਤਾ ਦਾ ਕਥਨ ਹੈ ਕਿ ਬੰਦਾ ਬਹਾਦਰ, ਸਿਕੰਦਰ, ਨੈਪੋਲੀਅਨ, ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਘੱਟ ਸ਼ਕਤੀਸ਼ਾਲੀ ਯੋਧਾ ਨਹੀਂ ਸੀ। ਉਸ ਨੇ ਆਪਣੀ ਚੜ੍ਹਤ ਦੌਰਾਨ ਤਿੰਨ ਮੁਗ਼ਲ ਬਾਦਸ਼ਾਹਾਂ-ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਅਤੇ ਫਾਰੁਖ਼ਸ਼ੀਅਰ ਨੂੰ ਵਖਤ ਪਾਈ ਰੱਖਿਆ। ਪ੍ਰਸਿੱਧ ਇਤਿਹਾਸਕਾਰ ਮੈਕਲੇਗਰ ਲਿਖਦਾ ਹੈ ਕਿ ‘‘ਬੰਦਾ (ਬਹਾਦਰ), ਯੋਧਿਆਂ ਤੇ ਜਰਨੈਲਾਂ ਵਿੱਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਂ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵਿੱਚ ਦਹਿਸ਼ਤ ਫੈਲਾਉਣ ਲਈ ਕਾਫੀ ਸੀ। ਉਂਜ ਵੀ ਬੰਦਾ ਬਹਾਦਰ ਦੇ ਜੰਗੀ ਕਾਰਨਾਮਿਆਂ ’ਤੇ ਝਾਤ ਮਾਰਦਿਆਂ ਇਹ ਤੱਥ ਨਿੱਖਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ ਅਤੇ ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ ਸੀ। ਉਸ ਨੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਦੀਆਂ ਤੀਕ ਅਣਖੀਲੇ ਜੋਸ਼ ਅਤੇ ਲਾਸਾਨੀ ਬਹਾਦਰੀ ਦੀ ਪ੍ਰੇਰਣਾ ਲੈਂਦੀ ਰਹੇਗੀ। ਜੈ ਹਿੰਦ !!!

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਬੇਮਿਸਾਲ ਸੰਘਰਸ਼ ਦੀ ਦੇਣ ਹੈ ਅਜੋਕਾ ਪੰਜਾਬੀ ਸੂਬਾ (ਪੰਜਾਬੀ ਸੂਬਾ ਦਿਵਸ ‘ਤੇ ਵਿਸ਼ੇਸ਼)

ਭਾਰਤ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਦਿੱਤੀਆਂ। ਕਾਂਗਰਸੀ ਨੇਤਾਵਾਂ ਨੇ ਸਿੱਖ ਨੇਤਾਵਾਂ ਨਾਲ ਕਈ ਵਾਅਦੇ ਕੀਤੇ। 1920 ਵਿਚ ਕਾਂਗਰਸ ਦੇ ਨਾਗਪੁਰ


Print Friendly
Important Days0 Comments

ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇ ਆਦਰਸ਼ ਸਾਨੂੰ ਯੁੱਗਾਂ ਤਕ ਪ੍ਰੇਰਿਤ ਕਰਦੇ ਰਹਿਣਗੇ – (25 ਮਾਰਚ ਰਾਮ ਨੌਮੀ ਤੇ ਵਿਸ਼ੇਸ਼)

ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆ ਲਈ ਸੁਭਾਗਾ ਦਿਨ ਹੈ ਕਿਉਂਕਿ ਭਗਵਾਨ ਰਾਮ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰਾਂ ਤੋਂ ਪੀੜਤ ਪ੍ਰਿਥਵੀ ਨੂੰ ਸੁਖੀ ਕਰਨ ਤੇ


Print Friendly
Important Days0 Comments

ਇਤਿਹਾਸ ਦੇ ਝਰੋਖੇ ਚੋਂ – ਕਾਕੋਰੀ ਕਾਂਡ (9 ਅਗਸਤ 1925)

ਇਸਨੂੰ ਕਾਕੋਰੀ ਟਰੇਨ ਰੌਬਰੀ ਜਾਂ ਕਾਕੋਰੀ ਕੇਸ ਵੀ ਕਿਹਾ ਜਾਂਦਾ ਹੈ। ਇਹ ਰੌਬਰੀ ਕਾਕੋਰੀ ਅਤੇ ਆਲਮਨਗਰ ਦੇ ਵਿਚਾਲੇ ਵਾਪਰੀ। 9 ਅਗਸਤ 1925 ਨੂੰ ਹਿੰਦੋਸਤਾਨ ਦੀ ਅਜ਼ਾਦੀ ਦੇ ਅੰਦੋਲਨ ਨਾਲ ਜੁੜੀ


Print Friendly