Print Friendly
ਖ਼ਤਮ ਹੋਣ ਕੰਢੇ ਪਹੁੰਚੇ ਸਾਂਝੇ ਪਰਿਵਾਰ – 15 ਮਈ ਕੌਮਾਂਤਰੀ ਪਰਿਵਾਰ ਦਿਵਸ ਤੇ ਵਿਸ਼ੇਸ਼

ਖ਼ਤਮ ਹੋਣ ਕੰਢੇ ਪਹੁੰਚੇ ਸਾਂਝੇ ਪਰਿਵਾਰ – 15 ਮਈ ਕੌਮਾਂਤਰੀ ਪਰਿਵਾਰ ਦਿਵਸ ਤੇ ਵਿਸ਼ੇਸ਼

ਅੰਤਰਰਾਸ਼ਟਰੀ ਪੱਧਰ ਉਪਰ ਭਾਵੇਂ ਜਿੰਨੇ ਮਰਜੀ ਪਰਿਵਾਰ ਦਿਵਸ ਦੇ ਨਾਂਅ ਹੇਠ ਦੁਨੀਆਂ ਭਰ ਵਿਚ ਸਮਾਗਮ ਕਰ ਲਏ ਜਾਣ ਪਰ ਇਹ ਇਕ ਹਕੀਕਤ ਹੈ ਕਿ ਹੁਣ ਪੱਛਮੀ ਸਭਿਅਤਾ ਵਾਂਗ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਸਭਿਅਤਾ ਵਿਚ ਵੀ ਸਾਂਝੇ ਪਰਿਵਾਰਾਂ ਦਾ ਵਜੂਦ ਖ਼ਤਮ ਜਿਹਾ ਹੋਣ ਲੱਗਿਆ ਹੈ, ਹਾਲ ਤਾਂ ਇਹ ਹੈ ਕਿ ਵੱਡੀ ਗਿਣਤੀ ਨੌਜਵਾਨ ਵਿਆਹ ਤੋਂ ਬਾਅਦ ਇਹ ਹੀ ਚਾਹੁੰਦੇ ਹਨ ਕਿ ਉਹਨਾਂ ਦਾ ਆਪਣਾ ਵੱਖਰਾ ਘਰ ਹੋਵੇ ਜਿੱਥੇ ਮਾਂ ਬਾਪ ਦੀ ਰੋਕ ਟੋਕ ਨਾ ਹੋਵੇ। ਜਿਹੜੇ ਮਾਂ ਬਾਪ ਨੇ ਅਨੇਕਾਂ ਹੀ ਔਕੜਾਂ ਨਾਲ ਬਚਿਆਂ ਨੂੰ ਪਾਲਿਆ ਪੋਸਿਆ ਹੁੰਦਾ ਹੈ , ਉਹੀ ਮਾਪੇ ਮੁੰਡਿਆਂ ਨੂੰ ਬੋਝ ਜਿਹਾ ਹੀ ਲੱਗਣ ਲੱਗ ਪੈਂਦੇ ਹਨ। ਪਰਿਵਾਰ ਦਿਵਸ ਹਰ ਸਾਲ 15 ਮਈ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 2017 ਦਾ ਥੀਮ ਹੈ – ਪਰਿਵਾਰ, ਸਿਖਿੱਆ ਅਤੇ ਚੰਗੀ ਰਹਿਣੀ-ਬਹਿਣੀ। ਇਸ ਮੌਕੇ ਸਰਕਾਰੀ, ਗੈਰਸਰਕਾਰੀ ਪੱਧਰ ਉਪਰ ਹੁੰਦੇ ਸਮਾਗਮਾਂ ਤੋਂ ਲੈਕੇ ਸਕੂੁਲਾਂ ਵਿਚ ਹੁੰਦੇ ਸਮਾਗਮਾਂ ਵਿਚ ਲੋੜ ਤਾਂ ਇਸ ਗੱਲ ਦਾ ਪ੍ਰਚਾਰ ਕਰਨ ਦੀ ਹੈ ਕਿ ਸਾਂਝੇ ਪਰਿਵਾਰਾਂ ਦੇ ਵਜੂਦ ਨੂੰ ਕਾਇਮ ਰਖਿਆ ਜਾਵੇ ਅਤੇ ਬਜੁਰਗਾਂ ਦੀ ਸੰਭਾਲ ਕੀਤੀ ਜਾਵੇ। ਮਰਨ ਪਿਛੋਂ ਕਿਸੇ ਬਜੁਰਗ ਨੂੰ ਵੱਡਾ ਕਰਨਾ, ਜਾਂ ¦ਗਰ ਲਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਜਿਉਂਣੇ ਜੀ ਹੀ ਬਜੁਰਗਾਂ ਦੀ ਸਾਰ ਨਾ ਲਈ। ਮਕਾਨ ਤਾਂ ਹਰ ਕੋਈ ਬਣਾਂ ਲੈਂਦੇ ਹਨ, ਪਰ ਘਰ ਤਾਂ ਪਰਿਵਾਰ ਨਾਲ ਹੀ ਬਣਦੇ ਹਨ, ਇਸ ਲਈ ਘਰ ਦਾ ਅਹਿਮ ਹਿਸਾ ਬਜੁਰਗਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਜੇ ਗੱਲ ਬੁਢਾਪੇ ਦੀ ਕੀਤੀ ਜਾਵੇ ਤਾਂ ਬੁਢਾਪਾ ਮਨੁੱਖੀ ਜੀਵਨ ਦੀ ਇੱਕ ਅੱਟਲ ਸਚਾਈ ਹੈ, ਜੋ ਕਿ ਹਰ ੇ ਵਿਅਕਤੀ ਉਪਰ ਆਉਣਾ ਹੀ ਆਉਣਾ ਹੈ । ਕਈ ਲੋਕਾਂ ਲਈ ਤਾਂ ਬੁਢਾਪਾ ਇਕ ਵਰਦਾਨ ਵੀ ਹੋ ਨਿਬੜਦਾ ਹੈ, ਉਹਨਾਂ ਦੇ ਧੀਆਂ ਪੁੱਤ ਉਹਨਾਂ ਦੀ ਬਹੁਤ ਸੇਵਾ ਕਰਦੇ ਹਨ ਪਰ ਅਜਿਹੇ ਬਜ਼ੁਰਗਾਂ ਦੀ ਗਿਣਤੀ ਹੈ ਹੀ ਬਹੁਤ ਘੱਟ। ਵੱਡੀ ਗਿਣਤੀ ਬਜ਼ੁਰਗ ਤਾਂ ਇਕ ਤਰਾਂ ਬੁਢਾਪੇ ਦਾ ਸੰਤਾਪ ਹੀ ਹੰਡਾ ਰਹੇ ਹਨ । ਵੱਡੀ ਗਿਣਤੀ ਬਜ਼ੁਰਗਾਂ ਲਈ ਬੁਢਾਪਾ ਇੱਕ ਸ਼ਰਾਪ ਬਣ ਗਿਆ ਹੈ ਅਤੇ ਇਹ ਬਜ਼ੁਰਗ ਵਿਚਾਰੇ ਦੂਜਿਆਂ ਉਪਰ ਇੱਕ ਤਰਾਂ ਆਪਣੇ ਆਪ ਨੂੰ ਬੋਝ ਵੀ ਮਹਿਸੂਸ ਕਰਨ ਲੱਗ ਪੈਂਦੇ ਹਨ। ਇਸ ਦੁਨੀਆਂ ਵਿੱਚ ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ, ਜਿਹਨਾਂ ਕੋਲ ਜਿੰਦਗੀ ਤਾਂ ਹੁੰਦੀ ਹੈ ਪਰ ਜੀਉਣ ਦਾ ਹੱਕ ਨਹੀਂ ਹੁੰਦਾ ਲੱਗਦਾ। ਅਜਿਹੇ ਲੋਕਾਂ ਵਿੱਚ ਵੱਡੀ ਗਿਣਤੀ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਵੱਖ- ਵੱਖ ਇਲਾਕਿਆਂ ਦਾ ਇਸ ਲੇਖਕ ਵਲੋਂ ਇੱਕ ਨਿੱਜੀ ਸਰਵੇਖਣ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਵੱਡੀ ਗਿਣਤੀ ਬਜ਼ੁਰਗ ਇੱਕ ਤਰਾਂ ਹੁਣ ਇੱਕਲਤਾ ਦਾ ਸੰਤਾਪ ਹੰਡਾ ਰਹੇ ਹਨ। ਉਹਨਾਂ ਦੀਆਂ ਧੀਆਂ ਹੁਣ ਵਿਆਹੀਂਆਂ ਜਾ ਚੁੱਕੀਆਂ ਹਨ ਅਤੇ ਉਹ ਸਹੁਰੇ ਘਰ ਆਪਣੇ ਹੀ ਪਰਿਵਾਰ ਵਿਚ ਰੁੱਝੀਆ ਹੋਈਆਂ ਹਨ। ਵੱਡੀ ਗਿਣਤੀ ਬਜ਼ੁਰਗਾਂ ਦੇ ਨੌਜਵਾਨ ਪੁੱਤਰ ਹੁਣ ਵਿਦੇਸ਼ ਜਾ ਚੁੱਕੇ ਹਨ। ਇਹ ਨੌਜਵਾਨ ਜਾਂ ਤਾਂ ਵਿਆਹ ਕਰਵਾਉਣ ਹੀ ਪੰਜਾਬ ਆਉਂਦੇ ਹਨ ਜਾਂ ਫਿਰ ਪਰਵਾਸੀ ਕੂੰਜਾਂ ਤੇ ਹੋਰ ਪੰਛੀਆਂ ਵਾਂਗ ਹਰ ਵਰੇ ਜਾਂ ਵਰਿਆਂ ਮਗਰੋਂ ਹੀ ਵਤਨ ਗੇੜਾ ਮਾਰਦੇ ਹਨ, ਉਹ ਵੀ ਕੁੱਝ ਸਮੇਂ ਲਈ । ਜਿਨਾਂ ਸਮਾਂ ਇਹ ਨੌਜਵਾਨ ਪੁੱਤਰ ਪੰਜਾਬ ਰਹਿੰਦੇ ਹਨ ਤਾਂ ਕਈ ਬਜ਼ੁਰਗਾਂ ਅਨੁਸਾਰ ਅਣਵਿਆਹੇ ਪੁੱਤਰ ਨੂੰ ਉਸਦੇ ਯਾਰ ਦੋਸਤ ਹੀ ਖਹਿੜਾ ਨਹੀਂ ਛੱਡਦੇ, ਰੋਜ ਹੀ ਕਿਤੇ ਨਾ ਕਿਤੇ ਘੁੰਮਣ ਦਾ ਪ੍ਰੋਗਰਾਮ ਬਣ ਜਾਂਦੈ। ਜੇ ਵਿਦੇਸ਼ ਰਹਿੰਦਾ ਪੁੱਤ ਵਿਆਹਿਆ ਹੋਵੇ ਤਾਂ ਉਸ ਨੂੰ ਸਹੁੱਰੇ ਵੀ ਜਾਣਾ ਪੈਂਦਾ ਹੈ। ਬਜ਼ੁਰਗਾਂ ਅਨੁਸਾਰ ਇਹਨਾਂ ਮੁੰਡਿਆਂ ਕੋਲ ਤਾਂ ਆਪਣੇ ਮਾਪਿਆਂ ਕੋਲ ਵੀ ਬੈਠਣ ਦਾ ਸਮਾਂ ਨਹੀਂ ਹੁੰਦਾ । ਜਿਸ ਕਰਕੇ ਬੁੱਢੜੇ ਮਾਪੇ ਵਿਚਾਰੇ ਸਿਵਾਏ ਝੂਰਨ ਦੇ ਕੁੱਝ ਨਹੀਂ ਕਰ ਸਕਦੇ। ਬਜ਼ੁਰਗਾਂ ਦੀ ਇਕ ਹੋਰ ਇੱਕਲਤਾ ਦਾ ਕਾਰਨ ਪਤੀ- ਪਤਨੀ ਦਾ ਬੁਢਾਪੇ ਵਿਚ ਵੱਖ ਹੋਣਾ ਹੈ। ਅਜਿਹਾ ਉਹ ਆਪਣੀ ਮਰਜੀ ਨਾਲ ਨਹੀਂ ਕਰਦੇ, ਸਗੋਂ ਉਹਨਾਂ ਦੇ ਪੁੱਤ ਹੀ ਜਾਇਦਾਦ ਵਾਂਗ ਉਹਨਾਂ ਦੀਆਂ ਵੰਡੀਆਂ ਪਾ ਲੈਂਦੇ ਹਨ। ਸ਼ਹਿਰ ਰਹਿੰਦਾ ਪੁੱਤ ਮਾਂ ਨੂੰ ਨਾਲ ਲੈ ਜਾਂਦਾ ਹੈ ਅਤੇ ਬਾਪੂ ਪਿੰਡ ਰਹਿੰਦੇ ਪੁੱਤ ਕੋਲ ਰਹਿ ਜਾਂਦਾ ਹੈ। ਸ਼ਹਿਰ ਰਹਿੰਦਾ ਪੁੱਤ ਅਤੇ ਉਸਦੀ ਆਧੁਨਿਕ ਖਿਆਲਾਂ ਵਾਲੀ ਪਤਨੀ ਇਹ ਸੋਚਕੇ ਵਾਪੂ ਦੀ ਥਾਂ ਬੇਬੇ ਨੂੰ ਲਿਆਂਉਂਦੇ ਹਨ ਕਿ ਉਹ ਘਰ ਦੇ ਕੰਮ ਵੀ ਕਰੇਗੀ, ਪਿੰਡ ਰਹਿੰਦਾ ਪੁੱਤ ਇਸ ਕਰਕੇ ਵਾਪੂ ਨੂੰ ਰੱਖ ਲੈਂਦੈ ਕਿ ਉਹ ਡੰਗਰ ਸਾਂਭ ਲਵੇਗਾ, ਉਹਨਾਂ ਦਾਣਾ ਪੱਠਾ ਪਾ ਦੇਵੇਗਾ। ਇਸ ਤਰਾਂ ਦੋਵਾਂ ਪੁਤਰਾਂ ਦੀ ਆਪੋ ਆਪਣੀ ਗਰਜ ਪੂਰੀ ਹੋ ਜਾਂਦੀ ਹੈ। ਇਸ ਤਰਾਂ ਸਾਰੀ ਉਮਰ ਹੀ ਇਕੱਠੇ ਰਹਿਣ ਵਾਲੇ ਬਜ਼ੁਰਗ ਆਪਣੇ ਬਚਿਆਂ ਖਾਤਰ ਬੁਢਾਪੇ ਵਿਚ ਅੱਡ ਰਹਿਣ ਲਈ ਮਜ਼ਬੁੂਰ ਹੋ ਜਾਂਦੇ ਹਨ। ਇਹ ਇਕ ਸੱਚਾਈ ਹੈ ਕਿ ਹਮੇਸ਼ਾ ਹੀ ਨੌਜਵਾਨ ਪੀੜੀ ਅਤੇ ਬਜ਼ੁਰਗਾਂ ਵਿਚ ਵਿਚਾਰਾਂ ਦੀ ਸਮਾਨਤਾ ਨਹੀਂ ਰਹੀ ,ਦੋਵਾਂ ਪੀੜੀਆਂ ਦੇ ਵਿਚਾਰਾਂ ਵਿਚ ਅਕਸਰ ਹੀ ਟਕਰਾਉ ਰਹਿੰਦਾ ਹੈ। ਹਰ ਨੌਜਵਾਨ ਹੀ ਸਮਝਦਾ ਹੈ ਕਿ ਉਹ ਠੀਕ ਹੈ ਪਰ ਬਜ਼ੁਰਗ ਆਪਣੀ ਥਾਂ ਠੀਕ ਹੁੰਦੇ ਹਨ। ਉਹਨਾਂ ਦੀ ਪੁੱਤ ਗਲ ਹੀ ਨਹੀਂ ਸੁਣਦੇ। ਮਾਲਵਾ ਇਲਾਕੇ ਦੇ ਬਰਨਾਲਾ ਨੇੜਲੇ ਪਿੰਡ ਭਦੋੜ, ਮੂਲੋਵਾਲ , ਸੇਖਾ, ਰੰਗੀਆਂ, ਅਲਾਲ , ਹਡਿਆਇਆ, ਖੁੱਡੀ, ਘੁਣਸ ਤੋਂ ਲੈ ਕੇ , ਬਠਿੰਡਾ ਤੋਂ ਅੱਗੇ ਪਿੰਡਾਂ ਸਿੱਖ ਵਾਲਾ , ¦ਬੀ , ਰਾਏਕੋਟ ਨੇੜਲੇ ਪਿੰਡਾਂ ਪੱਖੋਵਾਲ, ਸੁਧਾਰ, ਗੋਰਾਇਆਂ ਨੇੜਲੇ ਪਿੰਡਾਂ ਸੰਗਢੇਸੀਆਂ , ਰੁੜਕਾ ਵੱਡਾ ਅਤੇ ਰੁੜਕਾ ਛੋਟਾ, ਜ¦ਧਰ ਨੇੜਲੇ ਪਿੰਡਾਂ ਨੰਗਲ ਸ਼ਾਮਾਂ , ਚੁੱਗਿਟੀ, ਤੱਲ੍ਹਣ, ਜੇਜੋਂ ਦੁਆਬਾ , ਜੰਡੂ ਸਿੰਘਾਂ, ਰਾਏਪੁਰ, ਹੁਸ਼ਿਆਰਪੁਰ ਸ਼ਹਿਰ ਅਤੇ ਇਸਦੇ ਨੇੜਲੇ ਇਲਾਕੇ ਚੱਬੇਵਾਲ (ਫਿਲਮੀ ਹੀਰੋਈਨ ਮੋਨਿਕਾ ਬੇਦੀ ਵਾਲਾ ), ਮਾਹਲਪੁਰ ਵਿੱਚ ਇਸ ਲੇਖਕ ਨੇ ਖੁਦ ਵੱਖ- ਵੱਖ ਸਮੇਂ ਅਤੇ ਕਈ- ਕਈ ਵਾਰੀ ਖੁਦ ਅੱਖੀਂ ਵੇਖਿਆ ਕਿ ਵੱਡੀ ਗਿਣਤੀ ਬਜ਼ੁਰਗ ਇੱਕਲਤਾ ਦਾ ਸੰਤਾਪ ਹੰਡਾ ਰਹੇ ਹਨ। ਜਿਥੇ ਦੁਆਬੇ ਦੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਕੁੜੀਆਂ ਆਪਣੇ ਸਹੁਰੇ ਚਲੀਆ ਗਈਆਂ ਹਨ ਤਾਂ ਦੋਆਬੇ ਦੇ ਪਿੰਡਾਂ ਵਿਚ ਬਣੀਆਂ ਆਲੀਸ਼ਾਨ ਕੋਠੀਆਂ ਵਿੱਚ ਸਿਰਫ ਬਜ਼ੁਰਗ ਮਾਪੇ ਹੀ ਰਹਿ ਰਹੇ ਹਨ। ਇਹ ਉਹ ਲੋਕ ਹਨ ਜਿਹਨਾਂ ਨੂੰ ਉਹਨਾਂ ਦੇ ਪੁੱਤਾਂ ਨੇ ਦੇਸ਼ ਅਤੇ ਵਿਦੇਸ਼ ਵਿਚੋਂ ਹਰ ਇਕ ਲੋੜੀਂਦੀ ਚੀਜ ਲਿਆ ਕੇ ਦਿਤੀ ਹੋਈ ਹੈ। ਉਹਨਾਂ ਨੂੰ ਹਰ ਸੁੱਖ ਸਹੂਲਤ ਦੇਣ ਦਾ ਯਤਨ ਕੀਤਾ ਗਿਆ ਹੈ , ਪਰ ਇਹ ਬਜ਼ੁਰਗ ਤਾਂ ਆਪਣੇ ਇਕਲੇਪਣ ਤੋਂ ਹੀ ਦੁਖੀ ਹਨ। ਸਾਰਾ ਦਿਨ ਇਕੱਲਤਾ ਬਜ਼ੁਰਗਾਂ ਨੂੰ ਵੱਡ- ਵੱਡ ਖਾਂਦੀ ਹੈ, ਮਹਿਲ ਵਰਗੇ ਘਰ ਉਹਨਾਂ ਨੂੰ ਡਰਾਉਣੇ ਜਿਹੇ ਹੀ ਲੱਗਣ ਲੱਗਦੇ ਹਨ, ਘਰਾਂ ਦੀਆਂ ਕੰਧਾਂ ਉਹਨਾਂ ਨੂੰ ਖਾਣ ਨੂੰ ਆਉਂਦੀਆਂ ਜਾਪਦੀਆਂ ਹਨ। ਦਿਨ ਤਾਂ ਉਹਨਾਂ ਦਾ ਕਿਸੇ ਨਾ ਕਿਸੇ ਤਰਾਂ ਬੀਤ ਜਾਂਦਾ ਹੈ ਪਰ ਰਾਤਾਂ ਤਾਂ ਉਹ ਬੜੀ ਮੁਸ਼ਕਿਲ ਨਾਲ ਹੀ ਕੱਟਦੇ ਹਨ। ਸਰਦੀਆਂ ਵਿੱਚ ਰਾਤਾਂ ਹੁੰਦੀਆਂ ਵੀ ¦ਬੀਆਂ ਹਨ। ਚਾਹੇ ਪੁੱਤਰਾਂ ਨੇ ਟੈਲੀਵਿਜ਼ਨ ਲੈਕੇ ਕੇਬਲ ਵੀ ਲਗਾ ਕੇ ਦਿਤੀ ਹੋਈ ਹੈ ਪਰ ਪੁਰਾਣੇ ਵਿਚਾਰਾਂ ਵਾਲੇ ਬਜ਼ੁਰਗ ¦ਬਾ ਸਮਾਂ ਟੇੈਲੀਵਿਜਨ ਵੀ ਨਹੀਂ ਵੇਖਦੇ। ਇਹ ਤਾਂ ਸੀ ਦੋਆਬੇ ਦੇ ਬਜ਼ੁਰਗਾਂ ਦੀ ਗੱਲ, ਜਿਥੇ ਕਿ ਵੱਡੀ ਗਿਣਤੀ ਬਜ਼ੁਰਗ ਪੁੱਤਾਂ ਦੇ ਵਿਦੇਸ਼ ਜਾਣ ਕਰਕੇ ਇਕੱਲਤਾ ਦਾ ਦਰਦ ਮਹਿਸੂਸ ਕਰ ਰਹੇ ਹਨ, ਪਰ ਮਾਲਵੇ ਵਿਚ ਵੀ ਸਥਿਤੀ ਕੁੱਝ ਵੱਖਰੀ ਨਹੀਂ ਹੈ, ਇਸ ਇਲਾਕੇ ਦੇ ਵੀ ਵੱਡੀ ਗਿਣਤੀ ਨੌਜਵਾਨ ਹੁਣ ਦੋਆਬੇ ਦੇ ਲੋਕਾਂ ਵਾਂਗ ਵਿਦੇਸ਼ ਜਾਣ ਲੱਗ ਪਏ ਹਨ। ਜਿਸ ਕਰਕੇ ਪਿੰਡਾਂ ਵਿਚ ਵੱਡੀ ਗਿਣਤੀ ਬਜ਼ੁਰਗ ਇਕਲੇ ਹੀ ਰਹਿ ਰਹੇ ਹਨ, ਇਸ ਇਲਾਕੇ ਵਿਚ ਰਹਿੰਦੇ ਵੱਡੀ ਗਿਣਤੀ ਨੌਜਵਾਨਾਂ ਦੇ ਨਸ਼ਿਆਂ ਦੀ ਦਲਦਲ ਵਿਚ ਧੱਸਣ ਕਰਕੇ ਬਜ਼ੁਰਗਾਂ ਲਈ ਉਹ ਘਰ ਵਿਚ ਆਏ ਜਾਂ ਨਾ ਆਏ ਇਕ ਬਰਾਬਰ ਹਨ, ਪਿੰਡ ਮਾਛੀਕੇ ਦੇ ਇੱਕ ਬਜ਼ੁਰਗ ਅਨੁਸਾਰ ਉਸਦਾ ਨੌਜਵਾਨ ਪੁੱਤਰ ਇਕ ਚੰਗੀ ਪ੍ਰਾਈਵੇਟ ਨੌਕਰੀ ਕਰਦਾ ਹੈ ਪਰ ਰਾਤ ਨੂੰ ਰੋਜ ਹੀ ਸ਼ਰਾਬ ਨਾਲ ਰੱਜ ਕੇ ਆ ਜਾਂਦਾ ਹੈ, ਕਦੇ ਰੋਟੀ ਖਾ ਲਈ ਉਸ ਨੇ ਕਦੇ ਨਾ ਖਾਧੀ । ਸਵੇਰੇ ਉਠ ਕੇ ਉਸਨੂੰ ਕੰਮ ’ਤੇ ਜਾਣ ਦੀ ਕਾਹਲੀ ਹੁੰਦੀ ਹੈ। ਐਤਵਾਰ ਨੂੰ ਉਸ ਦੇ ਮਿੱਤਰ (ਬਜ਼ੁਰਗ ਦੇ ਸ਼ਬਦਾਂ ਵਿੱਚ ਜੁੰਡਲੀ) ਹੀ ਉਸਦਾ ਖਹਿੜਾ ਨਹੀਂ ਛੱਡਦੇ। ਇਸ ਤਰਾਂ ਉਹ ਤਾਂ ਇੱਕ ਤਰਾਂ ਇਕੱਲੇ ਹੀ ਆਪਣੀ ਜਿੰਦਗੀ ਨੂੰ ਧੱਕਾ ਦੇਈ ਜਾ ਰਹੇ ਹਨ। ਮਾਲਵਾ ਇਲਾਕੇ ਵਿਚ ਤਾਂ ਵੱਡੀ ਗਿਣਤੀ ਨੌਜਵਾਨ ਨਸ਼ੇ ਦੇ ਮਕੜਜਾਲ ਵਿਚ ਜਕੜੇ ਗਏ ਹਨ ਪਰ ਉਹਨਾਂ ਦੇ ਮਾਪੇ ਪੁੱਤਾਂ ਦੇ ਕੋਲ ਹੁੰਦਿਆਂ ਵੀ ਇੱਕਲੇ ਹਨ ਕਿਉਕਿ ਪੁੱਤ ਸਵੇਰ ਦਾ ਨਿਕਲਿਆਂ ਜਦੋਂ ਰਾਤ ਸਮੇਂ ਘਰ ਆਉਂਦਾ ਹੈ ਤਾਂ ਉਸਦਾ ਕੋਈ ਨਾ ਕੋਈ ਨਸ਼ਾ ਕੀਤਾ ਹੋਇਆ ਹੁੰਦਾ ਹੈ। ਸਵੇਰ ਵੇਲੇ ਫੇਰ ਪੁੱਤ ਘਰ ਤੋਂ ਬਾਹਰ ਹੁੰਦਾ ਹੈ। ਮਾਪੇ ਵਿਚਾਰੇ ਪੁੱਤ ਵੱਲ ਵੇਖਦੇ ਹੀ ਰਹਿ ਜਾਂਦੇ ਹਨ। ਪਿੰਡ ਸਿੱਖਵਾਲਾ ਦੇ ਵਿੱਚ ਰੁਖਾਂ ਦੀ ਠੰਡੀ ਛਾਂ ਹੇਠ ਬੈਠੇ ਬਜ਼ੁਰਗਾਂ ਵਿਚੋਂ ਇੱਕ ਨੇ ਬੜੇ ਹੀ ਦੁਖੀ ਲਹਿਜੇ ਵਿਚ ਕਿਹਾ ,‘‘ ਉ ਕਾਕਾ,ਕੀ ਤੈਨੂੰ ਆਪਣੇ ਪੁੱਤਾਂ ਬਾਰੇ ਦੱਸੀਏ , ਕੁੜਤਾ ਚੁੱਕਿਆ ਆਪਣਾ ਹੀ ਢਿਡ ਨੰਗਾ ਹੁੰਦੈ ਪਰ ਇਹਨਾਂ ਮੁੰਡਿਆਂ ਨੂੰ ਕੁੱਝ ਕਹਿਣ ਤੋਂ ਵੀ ਡਰ ਲੱਗਦੈ ਕਿਤੇ ਗੁਸੇ ਵਿਚ ਆ ਕੇ ਕੋਈ ਸਪਰੇਅ ਸਪਰੂਅ ਹੀ ਨਾ ਪੀ ਲੈਣ, ਹੋਰ ਜਗੋਂ ਤੇਰਵੀਂ ਹੋ ਜਾਵੇ। ’’ ਇਸੇ ਤਰਾਂ ਦਾ ਹਾਲ ਹੀ ਮਾਝਾ ਖੇਤਰ ਵਿਚ ਹੈ। ਜਿਥੇ ਕਿ ਬਜ਼ੁਰਗ ਇਕੱਲਤਾ ਦਾ ਬੋਝ ਚੁੱਕੀ ਫਿਰ ਰਹੇ ਹਨ। ਤਰਨਤਾਰਨ ਜ਼ਿਲੇ ਵਿਚ ਬਾਬਾ ਬੁੱਢਾ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜੇ ਵਸੇ ਕਈ ਪਿੰਡਾਂ ਵਿਚ ਵੀ ਕਈ ਬਜੁਰਗ ਇਕੱਲਤਾ ਦਾ ਸ਼ਿਕਾਰ ਹਨ। ਇਹਨਾਂ ਦੇ ਪੁੱਤ ਜਾਂ ਤਾਂ ਵਿਦੇਸ਼ ਗਏ ਹੋਏ ਹਨ ਜਾਂ ਫੇਰ ਸਰਕਾਰੀ ਨੌਕਰੀਆਂ ਮਿਲਣ ਕਰਕੇ ਸ਼ਹਿਰਾਂ ਵਿਚ ਜਾ ਕੇ ਵੱਸ ਗਏ ਹਨ, ਹੁਣ ਬਜੁਰਗਾਂ ਨੂੰ ਪਿੰਡ ਦਾ ਮੋਹ ਹੀ ਨਹੀਂ ਛੱਡਦਾ, ਜੇ ਉਹ ਸ਼ਹਿਰ ਜਾਂਦੇ ਵੀ ਹਨ ਤਾਂ ਛੇਤੀ ਹੀ ਪਿੰਡ ਵਾਪਸ ਆ ਜਾਂਦੇ ਹਨ। ਪਿੰਡ ਵਿਚ ਜੰਮੇ ਪਲੇ ਇਨਾਂ ਲੋਕਾਂ ਦਾ ਸ਼ਹਿਰ ਦੀ ਤੇਜ ਤਰਾਰ ਜਿੰਦਗੀ ਨਾਲ ਕੋਈ ਮੇਲ ਜਿਹਾ ਨਹੀਂ ਬੈਠਦਾ । ਪੁੱਤ ਪਿੰਡ ਨਹੀਂ ਜਾ ਸਕਦਾ, ਬਜੁਰਗ ਸ਼ਹਿਰ ਵਿਚ ਨਹੀਂ ਰਹਿ ਸਕਦੇ, ਫਿਰ ਪਿੰਡ ਵਿਚ ਇਹ ਬਜੁਰਗ ਇਕਲੇ ਹੀ ਰਹਿ ਜਾਂਦੇ ਹਨ। ਇਥੇ ਇਹ ਗਲ ਵੀ ਠੀਕ ਹੈ ਕਿ ਕਈ ਬਜ਼ੁਰਗ ਤਾਂ ਤੰਦਰੁਸਤ ਹੁੰਦੇ ਹਨ , ਉਹ ਕਿਸੇ ’ਤੇ ਨਿਰਭਰ ਹੀ ਨਹੀਂ ਰਹਿੰਦੇ ਅਤੇ ਹਰ ਤਰਾਂ ਦੇ ਹਾਲਾਤ ਨਾਲ ਨਿਰਵਾਹ ਕਰ ਲੈਂਦੇ ਹਨ, ਇਥੇ ਪਿੰਡ ਭਦੋੜ ਦੇ ਬਜੁਰਗ ਸੁਰਜੀਤ ਸਿੰਘ ਜ਼ਿਲ੍ਹੇਦਾਰ ਦੀ ਮਿਸਾਲ ਦਿਤੀ ਜਾ ਸਕਦੀ ਹੈ, ਉਹ ਰੌਜਾਨਾਂ ਸੈਰ ਕਰਨ ਦੇ ਆਦੀ ਸਨ ਅਤੇ ਹਰ ਕੰਮ ਖੁਦ ਹੀ ਕਰਦੇ ਸਨ । ਇਥੋਂ ਤਕ ਕਿ ਕਿਸੇ ਦੂਜੇ ਸ਼ਹਿਰ ਵਿਚ ਜਾ ਕੇ ਵੀ ਰਿਕਸ਼ਾ ਲੈਣ ਦੀ ਥਾਂ ਪੈਦਲ ਹੀ ਚੱਲਣ ਨੂੰ ਤਰਜੀਹ ਦਿੰਦੇ ਸਨ ਤਾਂ ਕਿ ਉਹਨਾਂ ਦੀ ਸੈਰ ਹੋ ਸਕੇ। ਡਿਪਟੀ ਕੁਲੈਕਟਰ ਬਣਕੇ ਵੀ ਉਹ ਖੁਦ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ। ਆਪਣੇ ਅੰਤਲੇ ਦਿਨਾਂ ਤੱਕ ਵੀ ਉਹ ਕਿਸੇ ਉਪਰ ਨਿਰਭਰ ਨਹੀਂ ਹੋਏ ਫਿਰ ਇਕ ਦਿਨ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ । ਪੈਦਲ ਤੁਰਨ ਦੀ ਆਦਤ ਕਾਰਨ ਉਹ ਸਾਰੀ ਉਮਰ ਬਿਮਾਰ ਹੀ ਨਹੀਂ ਸੀ ਹੋਏ, ਪਰ ਅਜਿਹੇ ਬਜੁਰਗਾਂ ਦੀ ਇਸ ਸਮਾਜ ਵਿਚ ਗਿਣਤੀ ਹੀ ਘੱਟ ਹੈ। ਆਖਰ ਅਜਿਹੇ ਲੋਕਾਂ ਬਾਰੇ ਕੀ ਲਿਖਾਂ ? ਜਿਹਨਾਂ ਕੋਲ ਜਿੰਦਗੀ ਦੀ ਹਰ ਸਹੂਲਤ ਹੈ ਪਰ ਉਹਨਾਂ ਸਹੂਲਤਾਂ ਨੂੰ ਮਾਨਣ ਯੋਗ ਸ਼ਰੀਰ ਹੀ ਨਹੀਂ ਭਾਵ ਤੰਦਰੁਸਤੀ ਨਹੀਂ। ਮੈਂ ਦੋਆਬੇ ਦੇ ਕਈ ਪਿੰਡਾਂ ਵਿਚ ਅਜਿਹੇ ਬਜ਼ੁਰਗ ਵੀ ਵੇਖੇ ਨੇ, ਜਿਹਨਾਂ ਦੇ ਵਿਦੇਸ਼ ਰਹਿੰਦੇ ਪੁੱਤਾਂ ਨੇ ਬਜ਼ੁਰਗਾਂ ਲਈ ਮਹਿਲਾਂ ਵਰਗੇ ਘਰ ਬਣਾਕੇ ਦਿਤੇ ਹੋਏ ਹਨ । ਏ ਸੀ, ਗੀਜਰ ਵੀ ਲਗਾਏ ਹੋਏ ਹਨ ਪਰ ਇਹ ਬਜ਼ੁਰਗ ਹਨ ਕਿ ਇਹਨਾਂ ਨੂੰ ਤਾਜੇ ਪਾਣੀ ਨਾਲ ਨਹਾ ਕੇ ਹੀ ਸ਼ੰਤੁਸ਼ਟੀ ਮਿਲਦੀ ਹੈ। ਏ ਸੀ ਦੀ ਠੰਡਕ ਇਹਨਾਂ ਨੂੰ ਚੁਭਦੀ ਜਿਹੀ ਹੈ। ਇਹ ਤਾਂ ਤੂਤ ਦੀ ਠੰਡੀ ਛਾਂ ਦਾ ਆਨੰਦ ਭਾਲਦੇ ਹਨ। ਇਕ ਬਜ਼ੁਰਗ ਦਾ ਕਹਿਣਾ ਸੀ ਕਿ ਉਹ ਦਿਨ ਵੇਲੇ ਪਾਣੀ ਹੀ ਘੱਟ ਪੀਂਦਾ ਹੈ ਤਾਂ ਕਿ ਰਾਤ ਨੂੰ ਵੇਲੇ ਕੁ ਵੇਲੇ ਬਾਥਰੂਮ ਜਾਣ ਲਈ ਉਠਣਾ ਨਾ ਪਵੇ। ਇਸ ਦਾ ਕਹਿਣਾ ਸੀ ਕਿ ਜੇ ਰਾਤ ਨੂੰ ਕੋਈ ਮਾੜਾ ਜਿਹਾ ਵੀ ਖੜਾਕ ਹੋਵੇ ਤਾਂ ਨੀਂਦ ਖੁਲ ਜਾਂਦੀ ਹੈ ਫੇਰ ਸਾਰੀ ਰਾਤ ਨੀਂਦਰ ਹੀ ਨਹੀਂ ਆਉਂਦੀ। ਜੇ ਬਿੱਲੀ ਜਾਂ ਚੂਹੇ ਕਾਰਨ ਰਾਤ ਨੂੰ ਖੜਕਾ ਹੋਵੇ ਤਾਂ ਕਈ ਬਜ਼ੁਰਗ ਜਦੋਂ ਤਕ ਉਠਦੇ ਹਨ ਤਾਂ ਉਦੋਂ ਤਕ ਬਿੱਲੀ ਚਾਰ ਕੋਠੇ ਟੱਪ ਚੁੱਕੀ ਹੁੰਦੀ ਹੈ। ਕਈ ਬਜ਼ੁਰਗਾਂ ਨੂੰ ਉਠਣ ਵੇਲੇ ਹੀ ਅੱਖਾਂ ’ਤੇ ਲਾਉਣ ਲਈ ਐਨਕ ਲੱਭਣੀ ਪੈਂਦੀ ਹੈ, ਫੇਰ ਸੋਟੀ ਹੱਥ ਵਿਚ ਫੜ ਕੇ ਹੀ ਉਹ ਚੱਲਣ ਫਿਰਨ ਦੇ ਕਾਬਲ ਹੁੰਦੇ ਹਨ। ਇਸ ਤਰਾਂ ਮਹਿਲ ਵਰਗੇ ਘਰ ਵਿਚ ਇਕੱਲੇ ਹੀ ਜਿੰਦਗੀ ਦੀ ਸ਼ਾਮ ਨੂੰ ਕੱਟ ਰਹੇ ਹਨ । ਬੁਢਾਪਾ ਇਹਨਾਂ ਲਈ ਇਕ ਕੁਸੈਲੀ ਹਕੀਕਤ ਬਣਿਆ ਹੋਇਆ ਹੈ। ਕੋਈ ਦਰਦੀ ਜਾਂ ਆਪਣਾ ਇਹਨਾਂ ਨੂੰ ਇਸ ਭਰੇ ਸੰਸਾਰ ਵਿੱਚ ਦਿਖਾਈ ਨਹੀਂ ਦਿੰਦਾ , ਜੋ ਇਹਨਾਂ ਦੇ ਬੁਢਾਪੇ ਦੀ ਇਕੱਲਤਾ ਨੂੰ ਘਟਾ ਸਕੇ। ਹਰ ਮਕਾਨ ਅਸਲ ਵਿਚ ਘਰ ਤਾਂ ਬਣਦਾ ਹੀ ਔਰਤ ਨਾਲ ਹੀ ਹੈੇ। ਇਸ ਲਈ ਔਰਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਜੁਰਗਾਂ ਦੀ ਸੰਭਾਲ ਕਰਨ ਦੇ ਨਾਲ- ਨਾਲ ਸਾਂਝੇ ਪਰਿਵਾਰ ਦੀ ਹੋਂਦ ਨੂੰ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾਉਣ।

-ਜਗਮੋਹਨ ਸਿੰਘ ਲੱਕੀ

ਸੰਪਰਕ : 9463819174

ਸ੍ਰੋਤ – http://ajdiawaaz.com

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਵਿਸ਼ੇਸ਼ (5 ਅਕਤੂਬਰ)

ਦੁਨੀਆਂ ਵਿੱਚ ਅਧਿਆਪਕ ਦਿਵਸ ਮਨਾਉਣ ਦੀ ਪਰੰਪਰਾ ਅਰਜਨਟਾਇਨਾ ਤੋਂ ਸ਼ੁਰੂ ਹੋਈ ਸੀ ਜਿਸ ਦੇ ਲੋਕਾਂ ਨੇ ਆਪਣੇ ਆਦਰਸ਼ ਅਧਿਆਪਕ ਦੇਸਿੰਗੇ ਫਾਸਟਿਨ ਸਰਮੀਐਂਟ ਦੇ ਅਕਾਲ ਚਲਾਣਾ ਹੋਣ ’ਤੇ 11 ਸਿਤੰਬਰ 1915


Print Friendly
Important Days0 Comments

ਭਾਰਤੀ ਗਣਤੰਤਰ ਦਿਵਸ ਤੇ ਇੱਕ ਨਜ਼ਰ

26 ਜਨਵਰੀ, 1950 ਭਾਰਤ ਦੇ ਕੈਲੰਡਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ। ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ


Print Friendly

ਭਾਰਤੀ ਇਤਿਹਾਸ 'ਚ ਅਹਿਮ ਥਾਂ ਰੱਖਦਾ ਹੈ 13 ਅਪ੍ਰੈਲ ਦਾ ਦਿਨ

ਅੰਮ੍ਰਿਤਸਰ- ਅੱਜ ਦਾ ਦਿਨ ਸਾਡੀ ਜ਼ਿੰਦਗੀ ‘ਚ ਇਕ ਖਾਸ ਥਾਂ ਰੱਖਦਾ ਹੈ। ਅੱਜ ਅਸੀਂ ਭਾਰਤ ਵਿਚ ਚੈਨ ਅਤੇ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਅਸੀਂ ਕਈ ਸਾਲਾਂ ਤਾਂ ਅੰਗਰੇਜ਼ਾਂ ਦੇ


Print Friendly