Print Friendly
ਔਲਾਦ ਨੂੰ ਦੁਨਿਆਵੀ ਦੁੱਖ ਤਕਲੀਫਾਂ ਦੀ ਤਪਸ਼ ਤੋਂ ਬਚਾਉਣ ਵਾਲਾ ਇੱਕ ਮਾਤਰ ਰਿਸ਼ਤਾ – ਪਿਤਾ (ਕੌਮਾਂਤਰੀ ਪਿਤਾ ਦਿਵਸ 17 ਜੂਨ ‘ਤੇ ਵਿਸ਼ੇਸ਼)

ਔਲਾਦ ਨੂੰ ਦੁਨਿਆਵੀ ਦੁੱਖ ਤਕਲੀਫਾਂ ਦੀ ਤਪਸ਼ ਤੋਂ ਬਚਾਉਣ ਵਾਲਾ ਇੱਕ ਮਾਤਰ ਰਿਸ਼ਤਾ – ਪਿਤਾ (ਕੌਮਾਂਤਰੀ ਪਿਤਾ ਦਿਵਸ 17 ਜੂਨ ‘ਤੇ ਵਿਸ਼ੇਸ਼)

ਅੰਤਰਰਾਸ਼ਟਰੀ ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਨੂੰ ਮਨਾਉਣਾ ਖਾਸ ਕਰਕੇ ਪੱਛਮੀ ਦੇਸ਼ਾਂ ਦਾ ਚਲਣ ਹੈ ਪਰ ਹੁਣ ਆਧੁਨਿਕ ਸੁਵਿਧਾਵਾਂ ਕਾਰਨ ਬੱਚੇ ਘਰਾਂ ਤੋਂ ਦੂਰ ਰਹਿ ਕੇ ਪੜ੍ਹ ਰਹੇ ਹਨ, ਨੌਕਰੀ ਕਰ ਰਹੇ ਹਨ ਜਾਂ ਅਲੱਗ-ਅਲੱਗ ਪਰਿਵਾਰ ਬਣਾ ਕੇ ਰਹਿ ਰਹੇ ਹਨ। ਇਸ ਤਰ੍ਹਾਂ ਪਿਤਾ ਦਿਵਸ ਜਾਂ ‘ਫਾਦਰ ਡੇ’ ਜਿਹੜਾ ਪੱਛਮੀ ਦੇਸ਼ਾਂ ਵਿੱਚ ਮਨਾਇਆ ਜਾਂਦਾ ਸੀ, ਹੁਣ ਸਾਡੇ ਦੇਸ਼ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੇ ਬਾਪ ਨੂੰ ਮਿਲਣ ਜਾਂਦੇ ਹਨ, ‘ਹੈਪੀ ਫਾਦਰ ਡੇ’ ਕਹਿੰਦੇ ਹਨ ਅਤੇ ਕਈ ਤਰ੍ਹਾਂ ਦੇ ਕਾਰਡ ਅਤੇ ਤੋਹਫ਼ੇ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਕਰਦੇ ਹਨ।
ਜਿਸ ਬਾਪ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ, ਜਿਸ ਦੀ ਬਦੌਲਤ ਅੱਜ ਅਸੀਂ ਉੱਚੇ ਮੁਕਾਮ ‘ਤੇ ਪਹੁੰਚੇ ਹਾਂ, ਉਸ ਨੂੰ ਭੁੱਲਣਾ ਰੱਬ ਨੂੰ ਭੁੱਲਣ ਦੇ ਬਰਾਬਰ ਹੈ। ਇਸ ਲਈ ਸਭ ਬੱਚਿਆਂ ਨੂੰ ਚਾਹੀਦਾ ਹੈ ਕਿ ਸੂਝ-ਬੂਝ ਨਾਲ ਘਰ ਵਿੱਚ ਤਾਲਮੇਲ ਬਿਠਾ ਕੇ ਆਪਣੇ ਮਾਂ-ਬਾਪ ਦੀ ਸੇਵਾ ਕਰਨ, ਉਨ੍ਹਾਂ ਦੀ ਠੰਢੀ-ਮਿੱਠੀ ਛਾਂ ਦਾ ਅਨੰਦ ਮਾਨਣ, ਉਨ੍ਹਾਂ ਦੀਆਂ ਅਸੀਸਾਂ ਅਤੇ ਅਸ਼ੀਰਵਾਦ ਲੈ ਕੇ ਵੱਡੇ ਹੋਣ। ਬਾਪ ਕੋਈ ਯਾਦ ਰੱਖਣ ਵਾਲੀ ਚੀਜ਼ ਨਹੀਂ, ਜਿਸ ਲਈ ਕੋਈ ਖਾਸ ਦਿਨ ਨਿਸ਼ਚਿਤ ਕਰਨ ਦੀ ਲੋੜ ਹੈ, ਉਸ ਦਾ ਖੂਨ ਤਾਂ ਬੱਚੇ ਦੀ ਰਗ-ਰਗ ਵਿੱਚ ਵਸਦਾ ਹੈ। ਇਹ ਦਿਨ ਉਨ੍ਹਾਂ ਬੱਚਿਆਂ ਲਈ ਜ਼ਰੂਰ ਮਹੱਤਤਾ ਰੱਖਦਾ ਹੈ, ਜਿਹੜੇ ਆਧੁਨਿਕਤਾ ਦੀ ਹੋੜ ਵਿੱਚ ਅਤੇ ਪੈਸੇ ਪਿੱਛੇ ਇਸ ਰਿਸ਼ਤੇ ਨੂੰ ਭੁੱਲ ਕੇ ਕਿਸੇ ਹੋਰ ਦੁਨੀਆ ਵਿੱਚ ਵਸ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਗ਼ਲਤ-ਫਹਿਮੀਆਂ ਦੂਰ ਕਰਕੇ, ਆਪਣੇ ਬਾਪ ਦਾ ਅਸ਼ੀਰਵਾਦ ਲੈ ਕੇ ਉਨ੍ਹਾਂ ਦੀ ਸੇਵਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਤਾਂ ਕਿ ਇਹ ਦਿਨ ਉਨ੍ਹਾਂ ਦੇ ਜੀਵਨ ਵਿੱਚ ਇੱਕ ਬਦਲਾਓ ਲਿਆਉਣ ਦੇ ਨਾਲ-ਨਾਲ ਉਨ੍ਹਾਂ ਵਾਸਤੇ ਸਾਰੇ ਉੱਨਤੀ ਦੇ ਰਾਹ ਵੀ ਖੋਲ੍ਹ ਦੇਵੇ, ਕਿਉਂਕਿ ਬਾਪ ਦੀ ਸੇਵਾ ਵਿੱਚ ਹੀ ਮੇਵਾ ਹੈ, ਜਿਸ ਨੂੰ ਉਹ ਦਿਲ ਖੋਲ੍ਹ ਕੇ ਪ੍ਰਾਪਤ ਕਰ ਸਕਦੇ ਹਨ, ਤਾਂ ਹਰ ਰੋਜ਼ ਹੀ ਸਭ ਬੱਚਿਆਂ ਲਈ ‘ਹੈਪੀ ਫਾਦਰ ਡੇ’ ਹੋਵੇਗਾ।

ਪਿਤਾ ਤਾਂ ਇੱਕ ਬਾਗ਼ਬਾਨ ਦੀ ਤਰ੍ਹਾਂ ਹੁੰਦਾ ਹੈ, ਜੋ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈ ਅਤੇ ਕਦੀ ਇੱਕ ਰਾਜੇ ਜਾਂ ਮੁਖੀਏ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਹਿੱਤ ਲਈ ਫੈਸਲੇ ਲੈਂਦਾ ਹੈੇ। ਬੋਹੜ ਦੀ ਛਾਂ ਵਰਗਾ ਹੁੰਦਾ ਹੈ ਪਿਤਾ ਦਾ ਰਿਸ਼ਤਾ ਜੋ ਦੁਨਿਆਵੀ ਦੁੱਖ ਤਕਲੀਫਾਂ ਦੀ ਤਪਸ਼ ਤੋਂ ਬਚਾਉਂਦਾ ਹੈ। ਇੱਕ ਪਿਤਾ ਜੋ ਆਪਣੇ ਬੱਚਿਆਂ ਲਈ ਕਰ ਸਕਦਾ ਹੈ, ਉਹ ਸੰਸਾਰ ਦਾ ਕੋਈ ਵਿਅਕਤੀ ਜਾਂ ਨਜ਼ਦੀਕੀ ਰਿਸ਼ਤੇਦਾਰ ਵੀ ਨਹੀਂ ਕਰ ਸਕਦਾ।

ਸਮਾਜ ਵਿਚ ਮਾਂ-ਪੁੱਤ ਅਤੇ ਮਾਵਾਂ-ਧੀਆਂ ਦਾ ਰਿਸ਼ਤਾ ਅਹਿਮ ਥਾਂ ਰੱਖਦਾ ਹੈ, ਪਰ ਇਸ ਦੇ ਨਾਲ ਹੀ ਆਪਣੀ ਵੱਖਰੀ ਅਹਿਮੀਅਤ ਰੱਖਦਾ ਹੈ ਪਿਤਾ-ਪੁੱਤਰ ਅਤੇ ਪਿਤਾ-ਧੀ ਦਾ ਰਿਸ਼ਤਾ | ਅਕਸਰ ਹੀ ਇਹ ਵੇਖਣ ਵਿਚ ਆਉਂਦੈ ਕਿ ਮਾਂ ਦਾ ਆਪਣੇ ਪੁੱਤਰ ਨਾਲ ਅਤੇ ਧੀ ਦਾ ਆਪਣੇ ਪਿਤਾ ਨਾਲ ਜ਼ਿਆਦਾ ਮੋਹ ਹੁੰਦੈ | ਇਸ ਦੇ ਬਾਵਜੂਦ ਅਸਲੀਅਤ ਇਹ ਵੀ ਹੈ ਕਿ ਹਰ ਪਿਤਾ ਨੂੰ ਆਪਣਾ ਹਰ ਬੱਚਾ ਹੀ ਪਿਆਰਾ ਹੁੰਦਾ ਹੈ, ਜੇ ਉਹ ਕਦੇ-ਕਦੇ ਬੱਚਿਆਂ ਨੂੰ ਝਿੜਕਦਾ ਵੀ ਹੁੰਦੈ ਤਾਂ ਉਸ ਵਿਚ ਵੀ ਮੋਹ ਹੁੰਦੈ ਅਤੇ ਬੱਚਿਆਂ ਨੂੰ ਪਿਤਾ ਵੱਲੋਂ ਕਈ ਵਾਰ ਮਾਰਿਆ ਜਾਂਦਾ ਦਬਕਾ ਬੱਚਿਆਂ ਨੂੰ ਸਾਰੀ ਉਮਰ ਗ਼ਲਤ ਰਾਹ ਪੈਣ ਤੋਂ ਵੀ ਰੋਕੀ ਰੱਖਦੈ | ਪਿਤਾ ਆਖਰ ਪਿਤਾ ਹੀ ਹੁੰਦੈ, ਉਹ ਦੁਨੀਆ ਦੇ ਸਾਰੇ ਹੀ ਰੀਤ-ਰਿਵਾਜਾਂ, ਸੱਭਿਆਚਾਰ, ਰਹਿਤ ਮਰਿਆਦਾ ਦੇ ਨਾਲ-ਨਾਲ ਦੁਨੀਆ ਦੇ ਵਲ-ਫਰੇਬਾਂ ਤੋਂ ਵੀ ਜਾਣੂ ਹੋ ਚੁੱਕਿਆ ਹੁੰਦੈ | ਉਸ ਨੂੰ ਪਤਾ ਹੁੰਦੈ ਕਿ ਬੱਚਿਆਂ ਲਈ ਕਿਸ ਗੱਲ ਦਾ ਅੱਗੇ ਜਾ ਕੇ ਲਾਭ ਹੋਣਾ ਹੈ ਅਤੇ ਕਿਸ ਦਾ ਨੁਕਸਾਨ | ਸਿਆਣੇ ਦਾ ਕਿਹਾ ਅਤੇ ਅਉਲੇ ਦਾ ਖਾਧਾ ਬਾਅਦ ਵਿਚ ਹੀ ਪਤਾ ਚਲਦੈ | ਪਿਤਾ ਨੂੰ ਬੱਚੇ ਪਿਆਰ ਨਾਲ ਕਈ ਨਾਵਾਂ ਨਾਲ ਬੁਲਾਉਂਦੇ ਨੇ | ਕੋਈ ਬਾਪੂ ਕਹਿੰਦਾ ਹੈ, ਕੋਈ ਭਾਪਾ ਜੀ, ਕੋਈ ਡੈਡੀ ਕਹਿੰਦੈ ਤੇ ਕੋਈ ਡੈਡ | ਬੱਚਿਆਂ ਦਾ ਪਹਿਲਾ ਸਕੂਲ ਘਰ ਤੇ ਪਹਿਲਾ ਅਧਿਆਪਕ ਹੁੰਦੈ ਪਿਤਾ | ਪਿਤਾ ਹੀ ਭਲੇ-ਬੁਰੇ ਦੀ ਸਮਝ ਬੱਚਿਆਂ ਨੂੰ ਦਿੰਦੈ |
ਸਮਾਜ ਦਾ ਇਕ ਅਜਿਹਾ ਪਾਤਰ (ਵਿਅਕਤੀ) ਹੈ ਪਿਤਾ, ਜਿਸ ਨੂੰ ਕਈ ਵਾਰ ਅਣਗੌਲਿਆ ਹੀ ਕੀਤਾ ਜਾਂਦੈ | ਵੱਖ-ਵੱਖ ਭਾਸ਼ਾਵਾਂ ਵਿਚ ਛਪਦੀਆਂ ਮੈਗਜ਼ੀਨਾਂ ਤੋਂ ਲੈ ਕੇ ਵੱਖ-ਵੱਖ ਅਖ਼ਬਾਰਾਂ ਵਿਚ ਛਪਦੇ ਹਫ਼ਤਾਵਾਰੀ ਅੰਕਾਂ ਵਿਚ ਵੀ ਆਖਰ ਔਰਤਾਂ ਦੇ ਮਸਲਿਆਂ ਨੂੰ ਹੀ ਮੁੱਖ ਰੱਖਿਆ ਜਾਂਦੈ, ਕਈ ਵਾਰ ਤਾਂ ਇੰਝ ਮਹਿਸੂਸ ਹੁੰਦੈ ਕਿ ਜਿਵੇਂ ਮਰਦਾਂ ਖਾਸ ਤੌਰ ‘ਤੇ ਇਕ ਪਿਤਾ ਦੇ ਕੋਈ ਮਸਲੇ ਹੀ ਨਾ ਹੋਣ | ਪੰਜਾਬ ਸਮੇਤ ਪੂਰੀ ਭਾਰਤੀ ਸੱਭਿਅਤਾ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੁਰਾਤਨ ਸਮੇਂ ਤੋਂ ਹੀ ਭਾਰਤ ਵਿਚ ਪਿਤਾ-ਪੁਰਖੀ ਪਰਿਵਾਰ ਹੀ ਚਲਦੇ ਆ ਰਹੇ ਹਨ, ਕਹਿਣ ਦਾ ਭਾਵ ਇਹ ਹੈ ਕਿ ਪਰਿਵਾਰ ਦਾ ਮੁਖੀ ਪਿਤਾ ਹੀ ਹੁੰਦਾ ਹੈ | ਪਹਿਲਾਂ ਲੋਕ ਸਿਰਫ ਪਿਤਾ-ਪੁਰਖੀ ਧੰਦਾ ਕਰਨ ਨੂੰ ਹੀ ਤਰਜੀਹ ਦਿੰਦੇ ਸਨ | ਜੋ ਕੰਮ ਪਿਤਾ ਕਰਦਾ ਹੁੰਦਾ ਸੀ ਉਹ ਹੀ ਪੁੱਤਰ ਕਰਨ ਲੱਗ ਪੈਂਦਾ ਸੀ, ਸ਼ਹਿਰਾਂ ਵਿਚ ਭਾਵੇਂ ਹੁਣ ਔਰਤਾਂ ਦੇ ਨਾਲ -ਨਾਲ ਸਾਰੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਨੌਕਰੀ ਜਾਂ ਕੋਈ ਕੰਮ-ਧੰਦਾ ਕਰਨ ਦਾ ਰੁਝਾਨ ਪੈਦਾ ਹੋ ਗਿਆ ਹੈ ਪਰ ਭਾਰਤ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਅਜੇ ਵੀ ਪਰਿਵਾਰ ਵਿਚ ਸਿਰਫ ਪਰਿਵਾਰ ਦਾ ਮੁਖੀ ਪਿਤਾ ਹੀ ਕਮਾਉਂਦਾ ਹੈ ਅਤੇ ਸਾਰਾ ਪਰਿਵਾਰ ਖਾਂਦਾ ਹੈ | ਅਜਿਹੇ ਮਾਹੌਲ ਵਿਚ ਇਕ ਪਿਤਾ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਰਹਿੰਦਾ ਹੈ, ਕਦੇ ਵੀ ਆਪਣੇ ਬਾਰੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦਾ | ਅਕਸਰ ਹੀ ਅਜਿਹੇ ਕਬੀਲਦਾਰ ਇਨਸਾਨ ਸਮੇਂ ਤੋਂ ਪਹਿਲਾਂ ਹੀ ਬੁੱਢੇ ਨਜ਼ਰ ਆਉਂਦੇ ਹਨ | ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਥਾਂ ਬੱਚਿਆਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਹਨ | ਕਈ ਵਾਰ ਵੇਖਣ ਵਿਚ ਆਉਂਦੈ ਕਿ ਪਿਤਾ ਤਨਖਾਹ ਮਿਲਣ ‘ਤੇ ਹਰ ਬੱਚੇ ਲਈ ਨਵੇਂ ਕੱਪੜੇ ਲੈ ਕੇ ਆਉਂਦੈ, ਪਤਨੀ ਲਈ ਵੀ ਕੁਝ ਨਾ ਕੁਝ ਲੈ ਕੇ ਆਉਂਦੈ, ਪਰ ਆਪਣੇ ਪੈਰਾਂ ਵਿਚ ਰੌਸ਼ਨਦਾਨ (ਮਘੋਰੇ/ਗਲੀਆਂ)ਵਾਲੀਆਂ ਜੁਰਾਬਾਂ ਦੀ ਥਾਂ ਨਵੀਆਂ ਜੁਰਾਬਾਂ ਲੈਣ/ ਪਾਉਣ ਬਾਰੇ ਇਹ ਸੋਚ ਕੇ ਨਹੀਂ ਲੈਂਦਾ ਕਿ ਚਲੋ ਅਗਲੇ ਮਹੀਨੇ ਲੈ ਲਵਾਂਗੇ ਜਾਂ ਆਪਣਾ ਕੀ ਹੈ, ਨਾਲੇ ਬੂਟਾਂ ਵਿਚੋਂ ਤਾਂ ਜੁਰਾਬਾਂ ਦਿਖਾਈ ਨਹੀਂ ਦਿੰਦੀਆਂ | ਇਹ ਇਕ ਪਿਤਾ ਦੀ ਆਪਣੇ ਬੱਚਿਆਂ ਪ੍ਰਤੀ ਸਮਰਪਣ ਭਾਵਨਾ ਹੀ ਤਾਂ ਹੁੰਦੀ ਹੈ |
ਪਰਮ-ਪਿਤਾ ਪਰਮਾਤਮਾ ਹਰ ਜਗ੍ਹਾ ਦੇਖਿਆ ਨਹੀਂ ਜਾ ਸਕਦਾ, ਉਸ ਦਾ ਤਾਂ ਸਿਰਫ ਅਹਿਸਾਸ ਹੀ ਕੀਤਾ ਜਾ ਸਕਦਾ ਹੈ। ਇਸ ਲਈ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਰੱਬ ਨੇ ਬਾਪ ਨੂੰ ਸੌਾਪ ਦਿੱਤੀ, ਤਾਂ ਕਿ ਬੱਚੇ ਆਪਣੇ ਬਾਪ ਵਿੱਚ ਹੀ ਉਸ ਪਰਮ-ਪਿਤਾ ਪਰਮਾਤਮਾ ਨੂੰ ਦੇਖ ਸਕਣ। ਬਾਪ ਨੂੰ ਰੱਬ ਵਰਗਾ ਦਰਜਾ ਪ੍ਰਾਪਤ ਹੈ। ਅਲੱਗ-ਅਲੱਗ ਲੋਕ ਇਸ ਨੂੰ ਕਈ ਨਾਵਾਂ ਨਾਲ ਸੰਬੋਧਨ ਕਰਦੇ ਹਨ। ਇਸ ਰਿਸ਼ਤੇ ਨੂੰ ਜਿਸ ਮਰਜ਼ੀ ਨਾਂਅ ਨਾਲ ਬੁਲਾਇਆ ਜਾਵੇ, ਇਹ ਸੱਚਾ-ਸੁੱਚਾ ਅਤੇ ਰੱਬ ਵਰਗਾ ਰਿਸ਼ਤਾ ਹੈ। ਬੱਚਿਆਂ ਦੇ ਜੀਵਨ ਵਿੱਚ ਬਾਪ ਬਹੁਤ ਮਾਅਨੇ ਰੱਖਦਾ ਹੈ, ਕਿਉਂਕਿ ਜੋ ਜ਼ਿੰਮੇਵਾਰੀ ਇਕੱਲਾ ਬਾਪ ਆਪਣੇ ਬੱਚਿਆਂ ਦੇ ਪ੍ਰਤੀ ਨਿਭਾਅ ਸਕਦਾ ਹੈ, ਉਹ ਕਿੰਨੇ ਵੀ ਹੋਰ ਲੋਕ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ, ਫਿਰ ਵੀ ਨਹੀਂ ਨਿਭਾਅ ਸਕਦੇ। ਜੇ ਨਿਭਾਅ ਵੀ ਦੇਣ ਤਾਂ ਉਹ ਸਕੂਨ ਜਾਂ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੇ, ਜੋ ਇੱਕ ਬਾਪ ਆਪਣੇ ਬੱਚਿਆਂ ਪ੍ਰਤੀ ਫਰਜ਼ ਨੂੰ ਪੂਰਾ ਕਰਨ ‘ਤੇ ਉਸ ਦਾ ਅਹਿਸਾਸ ਕਰਦਾ ਹੈ।
ਬਾਪ ਬਣਨ ਤੋਂ ਬਾਅਦ ਹਰ ਆਦਮੀ ਦੀ ਜ਼ਿੰਮੇਵਾਰੀ ਰੱਬ ਵਰਗੀ ਹੋ ਜਾਂਦੀ ਹੈ, ਜਿਸ ਤਰ੍ਹਾਂ ਰੱਬ ਆਪਣੀ ਬਣਾਈ ਦੁਨੀਆ ਨੂੰ ਦੇਖ-ਦੇਖ ਕੇ ਖੁਸ਼ ਹੁੰਦਾ ਹੈ ਅਤੇ ਆਪਣੇ ਹਰ ਜੀਵ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਸੁਰੱਖਿਆ ਦਾ ਇੰਤਜ਼ਾਮ ਕਰਦਾ ਹੈ, ਉਸ ਤਰ੍ਹਾਂ ਹੀ ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ ਵਿੱਚ ਅਧੂਰੇ ਰਹਿ ਗਏ ਸਨ, ਉਹ ਆਪਣੇ ਬੱਚਿਆਂ ਦੁਆਰਾ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ। ਬਾਪ ਆਪਣੇ ਬੱਚਿਆਂ ਲਈ ਕੁਰਬਾਨ ਹੋਣਾ ਵੀ ਜਾਣਦਾ ਹੈ। ਜੇ ਮਾਂ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ ਤਾਂ ਬਾਪ ਧੁੱਪ-ਛਾਂ, ਗਰਮੀ-ਸਰਦੀ ਸਹਿ ਕੇ, ਦਿਨ-ਰਾਤ ਮਿਹਨਤ ਕਰਕੇ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦਾ ਹੈ। ਉਸ ਦੇ ਜੀਵਨ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਉਸ ਦੇ ਖਾਨਦਾਨ ਦਾ ਨਾਂਅ ਉੱਚਾ ਕਰਨ ਅਤੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ। ਬਾਪ ਤਾਂ ਇੱਕ ਮਾਲੀ ਦੀ ਤਰ੍ਹਾਂ ਹੁੰਦਾ ਹੈ। ਜਿਸ ਤਰ੍ਹਾਂ ਮਾਲੀ ਆਪਣੇ ਬਗੀਚੇ ਵਿੱਚ ਖਿੜੇ ਸੁੰਦਰ ਫੁੱਲਾਂ ਨੂੰ ਦੇਖ-ਦੇਖ ਕੇ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਬਾਪ ਆਪਣੇ ਪਰਿਵਾਰ ਨੂੰ ਵਧਦਾ-ਫੁੱਲਦਾ ਦੇਖ ਕੇ ਜਿਉਂਦਾ ਹੈ।
ਅਕਸਰ ਹੀ ਵੇਖਣ ਵਿਚ ਆਉਂਦੈ ਕਿ ਇਕ ਛੋਟੇ ਬੱਚੇ ਦੇ ਇਕੋ ਹੀ ਸਵਾਲ ਨੂੰ ਵਾਰ -ਵਾਰ ਪੁੱਛਣ ਦੇ ਬਾਵਜੂਦ ਪਿਤਾ ਬੜੇ ਠਰੰਮੇ ਨਾਲ ਉਸ ਦੇ ਉਤਰ ਦਿੰਦਾ ਰਹਿੰਦਾ ਹੈ, ਪਰ ਜਦੋਂ ਪਿਤਾ ਬਜ਼ੁਰਗ ਹੋ ਜਾਂਦੈ ਤਾਂ ਉਸ ਵਲੋਂ ਦੂਜੀ ਵਾਰ ਪੁੱੱਛਿਆ ਸਵਾਲ ਹੀ ਕਈ ਵਾਰ ਪੁੱਤਰ ਨੂੰ ਖਿੱਝ ਚਿੜਾ ਜਾਂਦੈ | ਉਸ ਨੂੰ ਆਪਣਾ ਬਚਪਨ ਭੁੱਲ ਜਾਂਦੈ, ਹਰ ਪਿਤਾ ਆਖਰ ਸਾਰੀ ਉਮਰ ਆਪਣੇ ਬੱਚਿਆਂ ਲਈ ਮਿਹਨਤ ਕਰਦਾ ਹੈ, ਤਾਂ ਕਿ ਉਸ ਦੇ ਬੱਚੇ ਜ਼ਿੰਦਗੀ ਵਿਚ ਕਾਮਯਾਬ ਹੋ ਜਾਣ | ਅੱਜ ਦਾ ਯੁੱਗ ਮਹਿੰਗਾਈ ਦੇ ਯੁੱਗ ਦੇ ਨਾਲ-ਨਾਲ ਆਪੋ-ਧਾਪੀ ਦਾ ਯੁੱਗ ਵੀ ਕਿਹਾ ਜਾ ਸਕਦਾ ਹੈ | ਅੱਜ ਕੁਝ ਧੀਆਂ (ਸਾਰੀਆਂ ਨਹੀਂ) ਵੀ ਪੁੱਤਾਂ ਵਾਂਗ ਪਿਤਾ ਦੀ ਜ਼ਮੀਨ ਤੇ ਘਰ ਵਿਚੋਂ ਹਿੱਸਾ ਲੈਣ ਲੱਗ ਪਈਆਂ ਹਨ, ਇਹ ਵੀ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਧੀਆਂ/ਭੈਣਾਂ ਪੇਕਿਆਂ ਤੋਂ ਪਿਤਾ ਦੀ ਜਾਇਦਾਦ ਦਾ ਕੋਈ ਹਿੱਸਾ ਨਹੀਂ ਲੈਂਦੀਆਂ, ਸਗੋਂ ਉਹ ਤਾਂ ਪਿਤਾ ਦੀ ਮੌਤ ਤੋਂ ਬਾਅਦ ਭਰਾ ਵਿਚੋਂ ਹੀ ਆਪਣੇ ਪਿਤਾ ਦਾ ਰੂਪ ਵੇਖਦੀਆਂ ਹਨ | ਕਈ ਭੈਣਾਂ ਲਈ ਆਪਣੇ ਭਰਾ ਸਾਰੀ ਉਮਰ ਦੇ ਮਾਪੇ ਹੁੰਦੇ ਹਨ | ਸਮਾਜ ਵਿਚ ਅਕਸਰ ਇਹ ਵੀ ਵੇਖਣ ਵਿਚ ਆਉਂਦੈ ਕਿ ਪਿਤਾ ਦੇ ਜਿਉਂਦੇ ਜੀਅ ਹੀ ਪੁੱਤਰ ਉਸ ਨਾਲੋਂ ਵੱਖ ਹੋ ਜਾਦੇ ਨੇ, ਮਾਂ ਤਾਂ ਆਪਣਾ ਦੁੱਖ ਰੋ ਕੇ ਜਾਂ ਆਂਢਣਾਂ-ਗੁਆਢਣਾਂ ਕੋਲ ਗੱਲ ਕਰਕੇ ਹੌਲਾ ਕਰ ਲੈਂਦੀ ਹੈ ਪਰ ਪਿਤਾ ਇਹ ਦੁੱਖ ਆਪਣੇ ਦਿਲ ਵਿਚ ਹੀ ਰੱਖਣ ਲਈ ਮਜਬੂਰ ਹੁੰਦੈ, ਉਸ ਨੂੰ ਕੋਈ ਦਰਦੀ ਨਹੀਂ ਦਿੱਸਦਾ ਜਿਸ ਨੂੰ ਕਿ ਆਪਣਾ ਦੁੱਖ ਦਸ ਸਕੇ |
ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਗਾਂ ਕਿ ਸਾਨੂੰ ਸਭ ਨੂੰ ਪਿਤਾ ਦਾ ਮਾਣ-ਸਤਿਕਾਰ ਕਰਨ ਲਈ ਹਮੇਸ਼ਾ ਵਚਨਬੱਧ ਰਹਿਣਾ ਚਾਹੀਦਾ ਹੈ, ਕਿਉਂਕਿ ਆਧੁਨਿਕ ਯੁੱਗ ਦੇ ਆਧੁਨਿਕ ਤਕਨੀਕਾਂ ਨੇ ਜਿਥੇ ਸਾਨੂੰ ਬਹੁਤ ਲਾਭ ਪਹੁੰਚਾਏ ਹਨ, ਉਥੇ ਸਾਡੇ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਵਿੱਚ ਵੀ ਕਾਫੀ ਰੋਲ ਅਦਾ ਕੀਤਾ ਹੈ। ਇਨ੍ਹਾਂ ਤਕਨੀਕਾਂ ਨੂੰ ਆਪਣੇ ਰਿਸ਼ਤਿਆਂ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਮਾਂ-ਬਾਪ ਧਰਤੀ ‘ਤੇ ਰੱਬ ਦਾ ਰੂਪ ਹਨ, ਜੋ ਇਨ੍ਹਾਂ ਦਾ ਮਾਣ-ਸਨਮਾਨ ਕਰਦੇ ਹਨ, ਉਨ੍ਹਾਂ ਨੂੰ ਤੀਰਥ ਯਾਤਰਾ ਕਰਨ ਦੀ ਵੀ ਲੋੜ ਨਹੀਂ ਹੁੰਦੀ।

ਵਿਜੈ ਗੁਪਤਾ, ਸ. ਸ. ਅਧਿਆਪਕ
977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਅਸਲੋਂ ਹੀ ਵਿਲੱਖਣ ਤੇ ਨਿਵੇਕਲੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ !!! – (26 ਦਸੰਬਰ ਤੇ ਵਿਸ਼ੇਸ਼)

ਸੰਸਾਰ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਤਵਾਰੀਖ਼ ਅੰਦਰ ਸਦੀਵੀ ਰੂਪ ਵਿਚ ਅੰਕਿਤ ਹੋ ਜਾਂਦੀਆਂ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਇਕ ਅਜਿਹਾ ਪੱਤਰਾ ਹੈ, ਜੋ


Print Friendly

ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ’ਤੇ ਵਿਸ਼ੇਸ਼ – ਭਾਰਤ ਦਾ ਆਦਿ ਕਵੀ-ਮਹਾਂਰਿਸ਼ੀ

ਮਹਾਰਿਸ਼ੀ ਵਾਲਮੀਕਿ ਜੀ ਦੀ ਸੰਸਕ੍ਰਿਤ ’ਚ ਲਿਖੀ ਰਾਮਾਇਣ ਇੱਕ ਅਮਰ ਕਾਵਿ ਹੈ ਜੋ ਕਿ ਵਿਸ਼ਵ ਦੀਆਂ ਉੱਨਤ ਭਾਸ਼ਾਵਾਂ ਦੇ ਮਹਾਕਾਵਿ ਵਿਚ ਉਚੇਚਾ ਸਥਾਨ ਰੱਖਦੀ ਹੈ। 24 ਹਜ਼ਾਰ ਸਲੋਕਾਂ ਦਾ ਇਹ


Print Friendly
Important Days0 Comments

ਸਾਵਿਤਰੀਬਾਈ ਫੁਲੇ ਦਾ ਦੁਰਾਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋਣਾ ਵੱਡੀ ਕ੍ਰਾਂਤੀ ਦੇ ਸਮਾਨ – (3 ਜਨਵਰੀ ਜਨਮ ਦਿਨ ਤੇ ਵਿਸ਼ੇਸ਼)

ਸਾਵਿਤਰੀ ਬਾਈ ਫੂਲੇ ਦਾ ਜੀਵਨ ਕਈ ਦਹਾਕਿਆਂ ਤੋਂ ਮਹਾਰਾਸ਼ਟਰ ਦੇ ਪਿੰਡ ਅਤੇ ਕਸਬਿਆਂ ਦੀਆਂ ਔਰਤਾਂ ਲਈ ਪ੍ਰੇਰਣਾਦਾਇਕ ਰਿਹਾ ਹੈ। ਉਨ੍ਹਾਂ ਦੀ ਜੀਵਨੀ ਇੱਕ ਔਰਤ ਦੇ ਹਿੰਮਤ ਹੌਸਲੇਂ ਅਤੇ ਮਨੋਬਲ ਨੂੰ


Print Friendly