Print Friendly
ਅਹਿੰਸਾਵਾਦ ਅਤੇ ਮਹਾਤਮਾ ਗਾਂਧੀ (2 ਅਕਤੂਬਰ ਤੇ ਵਿਸ਼ੇਸ਼)

ਅਹਿੰਸਾਵਾਦ ਅਤੇ ਮਹਾਤਮਾ ਗਾਂਧੀ (2 ਅਕਤੂਬਰ ਤੇ ਵਿਸ਼ੇਸ਼)

ਮੋਹਨਦਾਸ ਕਰਮਚਮੰਦ ਗਾਂਧੀ, ਜਿਨ੍ਹਾਂ ਨੂੰ ਆਮ ਕਰ ਕੇ ਮਹਾਤਮਾ ਗਾਂਧੀ ਕਹਿ ਕੇ ਪੁਕਾਰਿਆ ਜਾਂਦਾ ਹੈ, ਅਹਿੰਸਾਵਾਦੀ ਸਨ। ਉਹਨਾਂ ਨੇ ਇਹ ਨੀਤੀ ਬਹੁਤ ਸੰਜੀਦਗੀ ਨਾਲ ਅਪਣਾਈ ਅਤੇ ਸਾਰੀ ਉਮਰ ਇਸ ਨੀਤੀ ਉੱਤੇ ਚੱਲਣ ਲਈ ਬੜੀ ਸੁਹਿਰਦਤਾ ਨਾਲ ਪਹਿਰਾ ਦਿੱਤਾ। ਆਪਣੇ ਆਤਮਿਕ, ਮਾਨਸਿਕ ਅਤੇ ਸਦਾਚਾਰਕ ਬਲ ਰਾਹੀਂ ਉਹਨਾਂ ਨੇ ਦੱਖਣੀ ਅਫ਼ਰੀਕਾ ਅਤੇ ਭਾਰਤ ਦੀ ਅਜ਼ਾਦੀ ਘੋਲ਼ਾਂ ਵਿੱਚ ਇਸ ਦਾ ਬੜੀ ਦ੍ਰਿੜ੍ਹਤਾ ਨਾਲ ਅਮਲੀ ਪ੍ਰਯੋਗ ਕੀਤਾ। ਉਹ ਸਮਝਦੇ ਸਨ ਕਿ ਇਹ ਨੀਤੀ ਆਮ ਆਦਮੀ ਦੀ ਨੀਤੀ ਹੈ। ਇਹ ਇਨਸਾਨੀ ਸੁਭਾ ਦੇ ਅਨੁਕੂਲ ਹੈ ਅਤੇ ਅਸਲੀ ਨੀਤੀ ਹੈ। ਹਿੰਸਾ ਦਰਿੰਦਗੀ ਹੈ ਅਤੇ ਦਰਿੰਦੇ ਵਿੱਚ ਅਹਿੰਸਾ ਦੇ ਗੁਣ ਨਹੀਂ ਹੁੰਦੇ।
ਮਹਾਤਮਾ ਗਾਂਧੀ ਦਾ ਵਿਸ਼ਵਾਸ ਸੀ ਕਿ ਅਹਿੰਸਾ ਮਨੁੱਖੀ ਨਸਲ ਦਾ ਅਸਲੀ ਗੁਣ ਹੈ ਅਤੇ ਇਸ ਦੀ ਤਾਕਤ ਆਵਸ਼ਕ ਤੌਰ ਉੱਤੇ ਹਿੰਸਾ ਦੀ ਤਾਕਤ ਨਾਲੋਂ ਕਿਤੇ ਜ਼ਿਆਦਾ ਹੈ। ਅਹਿੰਸਾ ਮਨੁੱਖੀ ਮਾਣ-ਸਨਮਾਣ ਦੀ ਰੱਖਿਆ ਕਰਦੀ ਹੈ। ਮਨੁੱਖ ਮਾਲ-ਦੌਲਤ ਗੁਆ ਸਕਦਾ ਪਰ ਸਵੈ-ਮਾਣ ਨਹੀਂ ਬਸ਼ਰਤੇਕਿ ਉਸ ਦਾ ਅਹਿੰਸਾ ਉੱਤੇ ਪੂਰਨ ਵਿਸ਼ਵਾਸ ਹੋਵੇ।
ਮਹਾਤਮਾ ਗਾਂਧੀ ਅਨੁਸਾਰ ਆਪਣੇ ਅੰਦਰ ਅਹਿੰਸਾ ਦੇ ਗੁਣ ਸੰਚਾਰ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਸਚਾਈ, ਨਿਮਰਤਾ, ਸਹਿਣਸ਼ੀਲਤਾ ਅਤੇ ਪਿਆਰ ਭਰੀ ਦਿਆਲਤਾ ਦੇ ਗੁਣਾਂ ਨੂੰ ਸਮੁੱਚੇ ਤੌਰ ੱਤੇ ਆਪਣੀ ਜ਼ਿੰਦਗੀ ਦਾ ਪੱਕਾ ਸਾਥੀ ਬਣਾਏ। ਅਹਿੰਸਾ ਮਨੁੱਖ ਦਾ ਪੱਕਾ ਧਰਮ ਹੈ। ਇਹ ਪਾਰੇ ਵਾਂਗ ਤਰਲ ਨਹੀਂ। ਸਥਾਈ ਰੂਪ ਰੱਖਦਾ ਹੈ। ਹਿੰਸਾਵਾਦੀ ਦੀ ਤਾਕਤ ਉਸ ਦੇ ਹਥਿਆਰ ਹਨ ਪਰੰਤੂ ਅਹਿੰਸਾਵਾਦੀ ਦਾ ਹਥਿਆਰ ਉਸ ਦੀ ਜ਼ਮੀਰ ਹੈ। ਅਹਿੰਸਾਵਾਦੀ ਆਪਣੇ ਸੁਆਰਥਾਂ ਅਤੇ ਆਪਣੀਆਂ ਇੱਛਾਵਾਂ ਦਾ ਗ਼ੁਲਾਮ ਨਹੀਂ ਹੁੰਦਾ।
ਮਹਾਤਮ ਗਾਂਧੀ ਅਨੁਸਾਰ ਅਹਿੰਸਾ ਕੀ ਹੈ – ਸੱਚ ਨਾਲ ਪਿਆਰ ਕਰਨਾ ਹੈ। ਅਹਿੰਸਾ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਨਹੀਂ ਹੈ। ਅਹਿੰਸਾ ਗਾਡੀ-ਰਾਹ ਹੈ ਜਿਹੜਾ ਸੱਚ ਵੱਲ ਸੇਧਤ ਹੈ। ਅਸਲ ਵਿੱਚ ਅਸੀਂ ਅਹਿੰਸਾ ਨੂੰ ਸੱਚ ਨਾਲੋਂ ਅੱਡ ਨਹੀਂ ਕਰ ਸਕਦੇ। ਇਹ ਇੱਕੋ ਸਿੱਕੇ ਦੇ ਸਿੱਧੇ-ਪੁੱਠੇ ਪਾਸੇ ਹਨ। ਅਹਿੰਸਾ ਮਨੁੱਖ ਦਾ ਉੱਤਮ ਗੁਣ ਹੈ। ਜੇ ਇਸ ਗੁਣ ਦੀ ਪਛਾਣ ਹੋ ਜਾਏ, ਕਾਮਯਾਬੀ ਮਨੁੱਖ ਤੋਂ ਦੂਰ ਨਹੀਂ ਹੋ ਸਕਦੀ। ਇਸ ਲਈ ਜ਼ਰੂਰੀ ਹੈ ਕਿ ਸਰਵਹਾਰਿਆਂ (ਪ੍ਰੋਲਿਤਾਰੀ, ਬੇਸਰੋਸਾਮਾਨ ਲੋਕਾਂ, ਗ਼ਰੀਬ ਲੋਕਾਂ) ਵਿੱਚ ਆਪਣੇ ਹੱਕ ਲੈਣ ਲਈ ਉਹਨਾਂ ਅੰਦਰ ਅਹਿੰਸਾ ਦੀ ਮਹੱਤਾ ਸੰਚਾਰ ਕੀਤੀ ਜਾਏ।
ਮਹਾਤਮਾ ਗਾਂਧੀ ਦਾ ਕਥਨ ਹੈ ਕਿ ਖ਼ਤਰੇ ਤੋਂ ਡਰ ਕੇ ਭੱਜ ਜਾਣਾ ਅਹਿੰਸਾ ਨਹੀਂ ਹੈ ਬਲਕਿ ਇਹ ਡਰਪੋਕਪੁਣੇ ਦੀ ਨਿਸ਼ਾਨੀ ਹੈ। ਅਹਿੰਸਾ ਡਰਪੋਕ ਆਦਮੀ ਦੀ ਆੜ ਨਹੀਂ ਹੈ। ਇਹ ਤਾਂ ਬਹਾਦਰ ਲੋਕਾਂ ਦਾ ਬਹੁਤ ਵੱਡਾ ਗੁਣ ਹੈ।
ਡਰ ਬੇਬੁਨਿਆਦ ਹੁੰਦਾ ਹੈ। ਇਸ ਦਾ ਭੂਤ ਅਚੇਤ ਤੌਰ ਉੱਤੇ ਕੰਮ ਕਰ ਰਿਹਾ ਹੁੰਦਾ ਹੈ। ਇਹ ਡਰ ਮਨਘੜਤ ਹੁੰਦਾ ਹੈ। ਇਸ ਵਿੱਚ ਸਚਾਈ ਨਹੀਂ ਹੁੰਦੀ। ਕੁੱਤਾ ਡਰ ਕਾਰਨ ਆਦਮੀ ਉੱਤੇ ਭੌਂਕਦਾ ਹੈ ਅਤੇ ਵੱਢਦਾ ਹੈ। ਡਰਾਕਲ਼ ਬੰਦਾ ਅਹਿੰਸਾਵਾਦੀ ਨਹੀਂ ਬਣ ਸਕਦਾ। ਡਰ ਅਹਿੰਸਾ ਦਾ ਦੁਸ਼ਮਣ ਹੈ। ਅਹਿੰਸਾਵਾਦੀ ਬਣਨ ਲਈ ਜ਼ਰੂਰੀ ਹੈ ਕਿ ਡਰ ਨੂੰ ਆਪਣੇ ਅੰਦਰੋਂ ਵਗਾਹ ਮਾਰਿਆ ਜਾਏ।
ਗਾਂਧੀ ਜੀ ਅਨੁਸਾਰ ਅਹਿੰਸਾਵਾਦੀ ਆਪਣੇ ਅੰਦਰੋਂ ਸਮਝ ਕੇ, ਜਾਣ-ਬੁੱਝ ਕੇ ਬਦਲੇ ਦੀ ਭਾਵਨਾ ਤਿਆਗ ਦਿੰਦਾ ਹੈ। ਬਦਲੇ ਦੀ ਭਾਵਨਾ ਗ਼ੁੱਸੇ ਦੀ ਨਿਸ਼ਾਨੀ ਹੈ। ਗ਼ੁੱਸਾ ਅਹਿੰਸਾਵਾਦੀ ਦਾ ਦੁਸ਼ਮਣ ਹੈ। ਗ਼ੁੱਸਾ ਮਨੁੱਖ ਨੂੰ ਕੁਰਾਹੇ ਪਾਉਂਦਾ ਹੈ। ਬਦਲਾ ਜ਼ੁਲਮ ਨੂੰ ਬੜ੍ਹਾਵਾ ਦਿੰਦਾ ਹੈ। ਸੁਆਰਦਾ ਕੁਝ ਨਹੀਂ। ਪਰੰਤੂ ਇਸ ਦੇ ਉਲਟ ਬਦਲੇ ਦੇ ਨਤੀਜੇ ਕਾਰਨ ਐਸੇ ਦੰਗੇ ਭੜ੍ਹਕਦੇ ਹਨ ਕਿ ਆਮ ਆਦਮੀ ਤਬਾਹ ਹੋ ਜਾਂਦਾ ਹੈ। ਪਰਵਾਰਾਂ ਦੇ ਪਰਵਾਰ ਦੰਗਿਆਂ ਦੀ ਨਜ਼ਰ ਹੋ ਜਾਂਦੇ ਹਨ। ਬੇਵਾਵਾਂ ਅਤੇ ਯਤੀਮ ਬੱਚੇ ਸਾਰੀ ਉਮਰ ਖੱਜਲ਼-ਖ਼ੁਆਰ ਹੁੰਦੇ ਹਨ। ਸਹਾਰਾ ਦੇਣ ਲਈ ਕੋਈ ਨਹੀਂ ਬੌੜ੍ਹਦਾ। ਬਦਲਾ ਲੈਣ ਵਾਲਾ ਆਪਣੀ ਕੀਮਤੀ ਜ਼ਿੰਦਗੀ ਜਿਹੜੀ ਦੇਸ, ਕੌਮ ਅਤੇ ਲੋਕਾਂ ਦੀ ਜਾਇਦਾਦ ਹੁੰਦੀ ਹੈ ਵੱਡੇ ਆਦਰਸ਼ ਦੇ ਮੁਕਾਬਲੇ ੱਤੇ ਛੋਟੇ ਨਿਸ਼ਾਨੇ ਦੀ ਪ੍ਰਾਪਤੀ ਲਈ ਬਲੀ ਚਾੜ੍ਹ ਦਿੰਦਾ ਹੈ। ਅਸਲ ਵਿੱਚ ਉਹ ਮਨੁੱਖਤਾ ਦਾ ਨੁਕਸਾਨ ਕਰ ਦਿੰਦਾ ਹੈ। ਲੋਕਾਂ ਨੂੰ ਉਸ ਵਰਗੇ ਬਹਾਦਰ ਦੀ ਅਗਵਾਈ ਲਈ ਨਿਰੰਤਰ ਲੋੜ ਰਹਿੰਦੀ ਹੈ ਜਿਸ ਤੋਂ ਉਹ ਹੱਥ ਧੋਹ ਬੈਠਦੇ ਹਨ।
ਜੇ ਕਿਸੇ ਕੋਲ਼ ਹੰਕਾਰ ਹੈ, ਹਉਂਮੈਂ ਹੈ ਤਾਂ ਉਹ ਅਹਿੰਸਾਵਾਦੀ ਨਹੀਂ ਬਣ ਸਕਦਾ। ਨਿਮਰਤਾ ਅਹਿੰਸਾਵਾਦੀ ਦਾ ਵੱਡਾ ਗੁਣ ਹੈ। ਨਿਮਰਤਾ ਅਹਿੰਸਾਵਾਦ ਦਾ ਬਹੁਤ ਵੱਡਾ ਹਥਿਆਰ ਹੈ। ਨਿਮਰ ਜ਼ਮੀਰ ਨੂੰ ਕੋਈ ਹਥਿਆਰ ਕੁਚਲ ਨਹੀਂ ਸਕਦਾ। ਮਹਾਤਮਾ ਗਾਂਧੀ ਕਹਿੰਦੇ ਹਨ ਕਿ ਜਦੋਂ ਕਦੇ ਵੀ ਉਸ ਨੇ ਕਿਸੇ ਮੌਕੇ ਅਹਿੰਸਾਵਾਦ ਦਾ ਸਹਾਰਾ ਲਿਆ, ਉਸ ਨੇ ਆਪਣੇ ਅੰਦਰ ਇੱਕ ਅਜੀਬ ਬਲ ਮਹਿਸੂਸ ਕੀਤਾ।
ਜਦੋਂ ਤੁਸੀ ਲੋਕਾਂ ਤੋਂ ਆਪਣੀ ਪਛਾਣ ਦੀ ਆਸ ਕਰਨ ਲੱਗ ਪੈਂਦੇ ਹੋ ਤਾਂ ਤੁਸੀਂ ਕਮਜ਼ੋਰ ਪੈ ਜਾਂਦੇ ਹੋ। ਅਹਿੰਸਾਵਾਦ ਵਿੱਚ ਆਪਣੀ ਪਛਾਣ ਲਈ ਕੋਈ ਥਾਂ ਨਹੀਂ ਹੈ। ਆਪਣੀ ਪਛਾਣ ਦੀ ਇੱਛਾ ਰੱਖਣ ਵਾਲਾ ਆਦਮੀ ਹਉਂਮੈਂ ਦਾ ਸ਼ਿਕਾਰ ਹੁੰਦਾ ਹੈ। ਉਹ ਨਾ ਆਪਣਾ, ਨਾ ਮਨੁੱਖਤਾ ਦਾ ਕੁਝ ਸੁਆਰ ਸਕਦਾ ਹੈ। ਉਹ ਵਡੱਪਣ ਦਾ ਮਖੌਟਾ ਜ਼ਰੂਰ ਪਾਈ ਫਿਰਦਾ ਹੈ ਪਰ ਉਹ ਪਖੰਡ ਦੀ ਪੰਡ ਚੁੱਕੀ ਫਿਰਦਾ ਹੁੰਦਾ ਹੈ। ਮਹਾਤਮਾ ਗਾਂਧੀ ਕਹਿੰਦੇ ਹਨ ਕਿ ਜਦੋਂ ਉਸ ਨੇ ਆਪਣੇ-ਆਪ ਨੂੰ ਜ਼ੀਰੋ ਬਣਾ ਲਿਆ, ਨਿਮਾਣਾ ਬਣਾ ਲਿਆ, ਉਸ ਨੇ ਆਪਣੇ ਅੰਦਰ ਇੱਕ ਬਲ ਮਹਿਸੂਸ ਕੀਤਾ। ਏਸੇ ਬਲ ਕਾਰਨ ਉਹ ਦੱਖਣੀ ਅਫ਼ਰੀਕਾ ਵਿੱਚ ਸੱਤਿਆਗ੍ਰਹਿ ਦਾ ਸੰਕਲਪ ਪੈਦਾ ਕਰਨ ਦੇ ਕਾਬਲ ਹੋ ਸਕਿਆ।
ਅਹਿੰਸਾਵਾਦ ਇੱਕ ਤਾਕਤ ਹੈ। ਇਹ ਤਾਕਤ ਜ਼ਿਆਦਾ ਕਿਰਿਆਸ਼ੀਲ ਹੈ। ਇਸ ਕੋਲ਼ ਜ਼ਿਆਦਾ ਅਖ਼ਲਾਕੀ ਤਾਕਤ ਹੈ, ਜ਼ਿਆਦਾ ਨੈਤਕ ਤਾਕਤ ਹੈ। ਜ਼ਾਲਮ ਨਾਲ, ਦੁਸ਼ਟ ਨਾਲ, ਪਾਪੀ ਨਾਲ ਲੜਨ ਲਈ ਇਸ ਕੋਲ਼ ਜ਼ਿਆਦਾ ਯੋਗਤਾ ਹੈ। ਤੁਹਾਨੂੰ ਨੈਤਕਤਾ ਨਾਲ ਅਨੈਕਤਾ ਦਾ ਜਵਾਬ ਦੇਣਾ ਹੈ। ਇਹ ਤਾਕਤ ਜਾਬਰ ਦੀ ਤਲਵਾਰ ਨੂੰ ਖੁੰਡਾ ਕਰਦੀ ਹੈ। ਜ਼ਾਲਮ ਮਹਿਸੂਸ ਕਰਨ ਲੱਗ ਪੈਂਦਾ ਕਿ ਉਹ ਆਪਣੀਆਂ ਆਸਾਂ ਪੂਰੀਆਂ ਹੁੰਦੀਆਂ ਨਹੀਂ ਦੇਖ ਰਿਹਾ ਹੈ। ਜਾਬਰ ਚਹੁੰਦਾ ਹੈ ਕਿ ਉਸ ਦਾ ਵਿਰੋਧੀ ਸਰੀਰਕ ਬਲ ਦਾ ਪ੍ਰਯੋਗ ਕਰੇ ਪਰ ਉਸ ਨੂੰ ਨਿਰਾਸ਼ਾ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਦਾ। ਉਸ ਦਾ ਮਨ ਧੁੰਦਲਾ ਜਾਂਦਾ ਹੈ। ਉਸ ਅੰਦਰ ਸਚਾਈ ਦਾ ਸੂਰਜ ਉਗਮਦਾ ਹੈ। ਉਹ ਅਸਲੀਅਤ ਪਛਾਣਨ ਲੱਗ ਪੈਂਦਾ ਹੈ। ਮਹਾਤਮਾ ਗਾਂਧੀ ਕਹਿੰਦੇ ਹਨ ਕਿ ਇਹ ਉਸ ਦੀ ਰੇਖਾ ਗਣਿਤ ਹੈ, ਇਹੀ ਉਸ ਦੀ ਜਿਓਮੈਟਰੀ ਹੈ, ਇਹੀ ਉਸ ਦੀ ਦਲੀਲ ਹੈ। ਤਕੜਾ ਮਨੁੱਖ ਤੁਹਾਡਾ ਮਾਲ-ਧਨ, ਤੁਹਾਡੀ ਜਾਇਦਾਦ ਲੁੱਟ ਸਕਦਾ ਹੈ ਪਰ ਤੁਹਾਡੀ ਆਤਮਾ ਨਹੀਂ, ਤੁਹਾਡੀ ਜ਼ਮੀਰ ਨਹੀਂ। ਮਨੁੱਖ ਦੀ ਜਾਇਦਾਦ ਆਤਮਾ ਹੈ, ਜ਼ਮੀਰ ਹੈ। ਅਹਿੰਸਾਵਾਦ ਜ਼ਮੀਰ ਦੀ ਤਾਕਤ ਹੈ। ਇਹੀ ਮਨੁੱਖਤਾ ਦੇ ਕਸ਼ਟਾਂ ਦਾ ਇਲਾਜ ਹੈ, ਬੰਧਨਾਂ ਦੀ ਮੁਕਤੀ ਹੈ। ਇਹ ਵੱਡੇ ਤੋਂ ਵੱਡੇ ਹਥਿਆਰ ਨਾਲੋਂ ਵੀ ਵੱਡਾ ਹਥਿਆਰ ਹੈ। ਕਿਸੇ ਕਿਸਮ ਦਾ ਵੀ ਜ਼ੁਲਮ, ਕਿਸੇ ਕਿਸਮ ਦੀ ਵੀ ਮਾਰ-ਕੁਟਾਈ ਮਨੁੱਖਤਾ ਖ਼ਿਲਾਫ਼ ਜੁਰਮ ਹੈ। ਅਹਿੰਸਾਵਾਦ ਵਿਰੋਧੀ ਨੂੰ ਹੈਵਾਨ ਤੋਂ ਇਨਸਾਨ ਬਣਾਉਂਦੀ ਹੈ। ਅਹਿੰਸਾ ਆਪਣੇ ਵਿਰੋਧੀ ਉੱਤੇ ਜਿੱਤ ਪ੍ਰਾਪਤ ਨਹੀਂ ਕਰਦੀ ਬਲਕਿ ਉਸ ਦੇ ਸੁਭਾ ਨੂੰ ਬਦਲਦੀ ਹੈ। ਉਸ ਅੰਦਰ ਪਿਆਰ ਵਰਗੇ ਸੂਖਮ ਗੁਣ ਦਾ ਸੰਚਾਰ ਕਰਦੀ ਹੈ। ਉਸ ਨੂੰ ਦੋਸਤ ਬਣਾਉਂਦੀ ਹੈ। ਇਹੀ ਮਨੁੱਖਤਾ ਦਾ ਧੁਰਾ ਹੈ।
ਇੱਕ ਫ਼ੌਜੀ ਕੋਲ਼ੋਂ ਉਸ ਦੇ ਹਥਿਆਰ ਲੈ ਲਵੋ, ਉਸ ਕੋਲ਼ ਕੀ ਰਹਿ ਜਾਏਗਾ? ਸਿਵਾਏ ਨਿਰਬਲਤਾ ਦੇ ਉਸ ਕੋਲ਼ ਹੋਰ ਕੁਝ ਨਹੀਂ ਰਹਿ ਜਾਂਦਾ। ਪਰ ਜਿਸ ਆਦਮੀ ਨੇ ਅਹਿੰਸਾਵਾਦ ਦੇ ਗੁਣ ਗ੍ਰਹਿਣ ਕਰ ਲਏ, ਉਸ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਇਸ ਵਿਸ਼ਵਾਸ ਨੂੰ ਕੋਈ ਖੋਹ ਨਹੀਂ ਸਕਦਾ। ਇਸ ਵਿਸ਼ਵਾਸ ਦੇ ਮੁਕਾਬਲੇ ਵਿੱਚ ਦੁਨੀਆ ਦੀ ਕੋਈ ਹੋਰ ਵੱਡੀ ਤਾਕਤ ਨਹੀਂ ਹੈ। ਇੱਕ ਛੋਟਾ ਆਦਮੀ ਜਿਸ ਅੰਦਰ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਅਹਿੰਸਾਵਾਦ ਦੀ ਅਮੁੱਕ ਪਿਆਸ ਹੁੰਦੀ ਹੈ, ਉਹ ਆਪਣੇ ਦੇਸ ਦੀ ਹੀ ਨਹੀਂ ਬਲਕਿ ਸਾਰੀ ਮਨੁੱਖਤਾ ਦੀ ਹੋਣੀ ਬਦਲ ਦਿੰਦਾ ਹੈ। ਮਹਾਤਮਾ ਗਾਂਧੀ ਦਾ ਇਹ ਪੱਕਾ ਵਿਸ਼ਵਾਸ ਸੀ।
ਮਹਾਤਮਾ ਗਾਂਧੀ ਉਮਰ ਭਰ ਪੱਕਾ ਅਹਿੰਸਾਵਾਦੀ ਰਹੇ। ਉਹਨਾਂ ਨੂੰੰ ਮਾਣ ਸੀ ਕਿ ਉਹ ਅਹਿੰਸਾਵਾਦ ਦੇ ਅੰਦਰੂਨੀ ਗੁਣਾ ਨੂੰ ਪਛਾਣਦੇ ਹਨ ਬੇਸ਼ੱਕ ਉਹ ਇਸ ਵਿੱਚ ਪੂਰਨ ਹੋਣ ਦਾ ਦਾਹਵਾ ਤਾਂ ਨਹੀਂ ਕਰ ਸਕਦੇ। ਮਹਾਤਮਾ ਜੀ ਦਾ ਕਹਿਣਾ ਹੈ ਕਿ ਜਿੰਨਾ ਜ਼ਿਆਦਾ ਉਸ ਨੇ ਇਸ ਦਾ ਪ੍ਰਯੋਗ ਕੀਤਾ, ਓਨਾਂ ਜ਼ਿਆਦਾ ਉਹ ਅਹਿੰਸਾਵਾਦ ਦਾ ਅਨੁਯਾਈ ਬਣਦਾ ਗਿਆ। ਜਿਨ੍ਹਾਂ ਲੋਕਾਂ ਦੀ ਇਹ ਧਾਰਨਾ ਹੈ ਕਿ ਅੱਜ ਦੇ ਸਮੇਂ ਵਿੱਚ ਜਦੋਂ ਕਿ ਹਿੰਸਾ ਦਾ ਬੋਲ ਬਾਲਾ ਹੈ, ਅਹਿੰਸਾ ਲਈ ਕੋਈ ਥਾਂ ਨਹੀਂ ਹੈ, ਗਾਂਧੀ ਜੀ ਅਨੁਸਾਰ ਉਹ ਲੋਕ ਅਗਿਆਨੀ ਹਨ। ਇਸ ਧਾਰਨਾ ਦੇ ਉਲਟ ਮਹਾਤਮਾ ਗਾਂਧੀ ਇਹ ਵਿਚਾਰ ਰੱਖਦੇ ਸਨ ਕਿ ਮੌਜੂਦਾ ਐਟਮੀ ਸਮੇਂ ਵਿੱਚ ਸਾਫ਼-ਸੁਥਰੀ ਅਹਿੰਸਾਵਾਦੀ ਪਹੁੰਚ ਹੀ ਸਿਰਫ਼ ਯੋਗ ਤਾਕਤ ਹੈ ਜਿਹੜੀ ਹਿੰਸਾਵਾਦ ਦੇ ਸਾਰੇ ਦਗ਼ੇਬਾਜ਼ ਘੜਮੱਸਾਂ ਦਾ ਉੱਤਰ ਦੇ ਸਕਦੀ ਹੈ।
ਮਹਾਤਮਾ ਗਾਂਧੀ ਦਾ ਕਥਨ ਹੈ, ”ਇੱਟ ਦਾ ਜਵਾਬ ਪੱਥਰ ਸਾਰੀ ਦੁਨੀਆ ਨੂੰ ਅੰਨ੍ਹਾ ਬਣਾ ਦਿੰਦਾ ਹੈ।”
”ਕਈ ਉਦੇਸ਼ ਹਨ ਜਿਨ੍ਹਾਂ ਦੀ ਖ਼ਾਤਰ ਮੈਂ ਮਰਨ ਲਈ ਤਿਆਰ ਹਾਂ ਪਰ ਕਿਸੇ ਨੂੰ ਜਾਨੋਂ ਮਾਰਨ ਲਈ ਮੈਂ ਹਰਗਿਜ਼ ਤਿਆਰ ਨਹੀਂ ਹਾਂ।”
ਮਹਾਤਮਾ ਗਾਂਧੀ ਅਨੁਸਾਰ ਜੰਗ ਦੀ ਨੀਤੀ ਨਿਰੋਲ ਡਿਕਟੇਟਰ ਪੈਦਾ ਕਰਦੀ ਹੈ। ਸਿਰਫ਼ ਅਹਿੰਸਾਵਾਦ ਦੀ ਨੀਤੀ ਹੀ ਅਸਲੀ ਲੋਕ ਰਾਜ ਲਿਆ ਸਕਦੀ ਹੈ। ਪਿਆਰ ਦਾ ਹਥਿਆਰ ਸਜ਼ਾ ਦੇ ਡਰ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਤਾਕਤਵਰ ਹੈ।
ਰਾਜ ਵਿੱਚ ਜੇ ਪੁਲਿਸ ਅਹਿੰਸਾ ਉੱਤੇ ਵਿਸ਼ਵਾਸ ਰੱਖੇ ਤਾਂ ਪਿਆਰ ਵਿੱਚ ਲੋਕ ਜ਼ਿਆਦਾ ਸਹਾਇਕ ਬਣਦੇ ਹਨ, ਜ਼ਿਆਦਾ ਸਹਿਯੋਗ ਦਿੰਦੇ ਹਨ ਜਿਸ ਦੁਆਰਾ ਗੜਬੜ, ਧੱਕੇਸ਼ਾਹੀ, ਜ਼ੁਲਮ ਜ਼ਿਆਦਾ ਘਟਦੇ ਹਨ। ਪਿਆਰ ਵਿਸ਼ਵਾਸ ਪੈਦਾ ਕਰਦਾ ਹੈ। ਕਾਰਖ਼ਾਨਿਆਂ ਵਿੱਚ ਹੜਤਾਲਾਂ, ਝਗੜੇ ਆਦਿ ਘਟਦੇ ਹਨ। ਫ਼ਿਰਕਾ-ਪ੍ਰਸਤੀ ਦੇ ਦੰਦ ਖੁੰਡੇ ਹੋਣ ਲੱਗ ਜਾਂਦੇ ਹਨ। ਆਤੰਕਵਾਦ ਨੂੰ ਠੱਲ੍ਹ ਪੈਂਦੀ ਹੈ।
ਮਹਾਤਮਾ ਗਾਂਧੀ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਆਤੰਕਵਾਦ ਸਚਾਈ ਦੀ ਸੂਝ ਨਹੀਂ ਦੇ ਸਕਦਾ। ਜਿਨ੍ਹਾਂ ਅਹਿੰਸਾਵਾਦੀਆਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਉਹਨਾਂ ਦਾ ਉਦੇਸ਼ ਠੀਕ ਹੈ, ਉਹਨਾਂ ਨੂੰ ਅਥਾਹ ਸਬਰ ਰੱਖਣ ਦੀ ਲੋੜ ਹੈ ਅਤੇ ਉਹੀ ਲੋਕ ਸਿਵਲ ਨਾਫ਼ਰਮਾਨੀ, ਸੱਤਿਆਗ੍ਰਹਿ, ਨਾ-ਮਿਲਵਰਤਣ ਵਰਗੇ ਰਾਹਾਂ ਉੱਤ ਚੱਲਣ ਲਈ ਢੁਕਵੇਂ ਸੂਰਬੀਰ ਹੋ ਸਕਦੇ ਹਨ। ਅਜਿਹੇ ਲੋਕ ਹਿੰਸਾ ਅਤੇ ਅਪਰਾਧੀ ਕਿਸਮ ਦੀ ਹੁਕਮ-ਅਦੂਲੀ ਤੋਂ ਬਹੁਤ ਉੱਪਰ ਹੁੰਦੇ ਹਨ। ਅਹਿੰਸਾਵਾਦੀ ਹਰ ਮਨੁੱਖ ਲਈ ਪਿਆਰ ਦਾ ਜਜ਼ਬਾ ਰੱਖਦਾ ਹੈ।
ਹਿੰਸਕ ਹਮਲਿਆਂ ਦੌਰਾਨ ਮਾਲ-ਜਾਇਦਾਦ ਦਿੱਤੀ ਜਾ ਸਕਦੀ ਹੈ ਪਰ ਜ਼ਮੀਰ ਨਹੀਂ, ਸਹਿਯੋਗ ਨਹੀਂ। ਅਧੀਨਗੀ ਨਾਲੋਂ ਮੌਤ ਕਬੂਲ ਕਰਨੀ ਚੰਗੀ। ਹਿੰਸਾ ਦੇ ਸਾਮ੍ਹਣੇ ਜਥੇਬੰਦਕ ਅਹਿੰਸਾ ਜ਼ਿਆਦਾ ਕਾਮਯਾਬ ਹੈ। ਇਤਿਹਾਸ ਗੁਆਹ ਹੈ, ਪੰਜਾਬ ਵਿੱਚ ਜਥੇਬੰਦਕ ਅਹਿੰਸਾ ਨੇ ਮਹੰਤਾਂ ਨੂੰ ਪੂਜਾ-ਸਥਾਨਾਂ ਤੋਂ ਭਜਾਇਆ। ਸਰਕਾਰੀ ਅਤੇ ਗ਼ੈਰ-ਸਰਕਾਰੀ ਹਿੰਸਾ ਜਥੇਬੰਦਕ ਅਹਿੰਸਾ ਸਾਮ੍ਹਣੇ ਟਿਕ ਨਾ ਸਕੀ। ਡਾ. ਦੀਵਾਨ ਸਿੰਘ ਕਾਲ਼ੇਪਾਣੀ ਨੇ ਤੀਜੀ ਵਿਸ਼ਵ ਜੰਗ ਸਮੇਂ ਜਪਾਨੀਆਂ ਦੇ ਖ਼ੌਫ਼ਨਾਕ ਜ਼ੁਲਮਾਂ ਨੂੰ ਅਹਿੰਸਾ ਰਾਹੀਂ ਸਹਾਰਿਆ। ਜਾਨ ਦੇ ਦਿੱਤੀ ਪਰ ਜ਼ਮੀਰ ਨਹੀਂ ਵੇਚੀ। ਹਿੰਸਾ ਦਾ ਸ਼ਾਂਤਮਈ ਮੁਕਾਬਲਾ ਕਰਦਿਆਂ ਅਹਿੰਸਕ ਦੀ ਮੌਤ ਹਿੰਸਕ ਦੀ ਮੌਤ ਨਾਲੋਂ ਕਿਤੇ ਜ਼ਿਆਦਾ ਬਹਾਦਰਾਨਾ ਹੁੰਦੀ ਹੈ। ਫ਼ਾਂਸੀ ਦੇ ਤਖ਼ਤੇ ਉੱਤੇ ਇਕਦਮ ਝੂਲ ਜਾਣਾ ਸੌਖਾ ਹੈ ਪਰ ਪੁਰਜ਼ਾ-ਪੁਰਜ਼ਾ ਕਟਵਾਉਣਾ ਬਹੁਤ ਔਖਾ ਹੈ। ਇਹ ਬਹਾਦਰੀ ਸੱਚੇ ਅਹਿੰਸਕ ਦੀ ਕੁਰਬਾਨੀ ਦੇ ਹਿੱਸੇ ਵਿੱਚ ਹੀ ਆਉਂਦੀ ਹੈ।
ਪਰਵਾਰਾਂ ਵਿੱਚ ਵੀ ਪਿਆਰ ਅਤੇ ਸਚਾਈ ਦੇ ਹਥਿਆਰ ਸਭ ਝਗੜਿਆਂ ਦੀ ਜੜ੍ਹਾਂ ਪੁੱਟਣ ਦੇ ਯੋਗ ਹਨ। ਜ਼ਰਾ ਸਬਰ ਰੱਖੋ। ਗ਼ੁੱਸੇ ਨੂੰ ਲਗਾਮ ਦਿਓ। ਹਿੰਸਕ ਨਾ ਬਣੋ। ਪਿਆਰ ਦੀ ਲਗਾਮ ਕੱਸ ਕੇ ਫੜੋ। ਅਹਿੰਸਾ ਅਕਸੀਰ ਹੈ। ਹਰ ਮਰਜ਼ ਦੀ ਦਵਾ ਹੈ।
ਕਿਸੇ ਦੇਸ ਦੇ ਲੋਕਾਂ ਵਿੱਚ ਅਹਿੰਸਾ ਲਈ ਦ੍ਰਿੜ੍ਹਤਾ, ਉਸ ਦੇਸ ਦੀ ਤਾਕਤ ਹੁੰਦੀ ਹੈ। ਇਸ ਕਾਰਨ ਉਸ ਦੇਸ ਨੂੰ ਕੋਈ ਐਟਮ ਬੰਬ ਗ਼ੁਲਾਮ ਨਹੀਂ ਬਣਾ ਸਕਦਾ। ਜ਼ਮੀਰ ਗ਼ੁਲਾਮ ਨਹੀਂ ਬਣਨੀ ਚਾਹੀਦੀ, ਮੌਤ ਬੇਸ਼ੱਕ ਆ ਜਾਏ।
ਮਹਾਤਮਾ ਗਾਂਧੀ ਕਹਿੰਦੇ ਹਨ ਕਿ ਮੈਂ ਕਿਸੇ ਇਨਕਲਾਬੀ ਦੀ ਸੂਰਬੀਰਤਾ ਅਤੇ ਕੁਰਬਾਨੀ ਤੋਂ ਇਨਕਾਰੀ ਨਹੀਂ ਹਾਂ। ਗੱਲ ਸਿਰਫ਼ ਇਹ ਹੈ ਕਿ ਘਟੀਆ ਉਦੇਸ਼ ਦੀ ਖ਼ਾਤਰ ਸੂਰਬੀਰਤਾ ਦਿਖਾਉਣੀ ਅਤੇ ਕੁਰਬਾਨੀ ਦੇ ਦੇਣੀ ਕੀਮਤੀ ਬਲ ਨੂੰ ਜ਼ਾਇਆ ਕਰਨਾ ਹੈ ਅਤੇ ਉਚੇਰੇ ਉਦੇਸ਼ ਵੱਲੋਂ ਲੋਕਾਂ ਦਾ ਧਿਆਨ ਹਟਾ ਕੇ ਉਸ ਉਦੇਸ਼ ਨੂੰ ਨੁਕਸਾਨ ਪਹੁੰਚਾਉਣਾ ਹੈ। ਮੈਂ ਹਥਿਆਰਬੰਦ ਬਗ਼ਾਵਤਾਂ ਵਿੱਚ ਉੱਕਾ ਵਿਸ਼ਵਾਸ ਨਹੀਂ ਰੱਖਦਾ। ਇਹ ਦਾਰੂ ਜਿਸ ਬੀਮਾਰੀ ਦੇ ਇਲਾਜ ਲਈ ਵਰਤੀ ਗਈ ਹੋਵੇ, ਉਸ ਬੀਮਾਰੀ ਨਾਲੋਂ ਵੀ ਜ਼ਿਆਦਾ ਭੈੜੀ ਹੈ। ਬਗ਼ਾਵਤਾਂ ਕੀ ਹਨ? ਬਦਲੇ, ਬੇਸਬਰੀ ਅਤੇ ਗ਼ੁੱਸੇ ਦੀਆਂ ਭਾਵਨਾਵਾਂ ਦੀਆਂ ਨਿਸ਼ਾਨੀਆਂ ਹਨ। ਹਿੰਸਾ ਦਾ ਹਥਿਆਰ ਕਦੇ ਵੀ ਕਾਮਯਾਬੀ ਦਾ ਮੂੰਹ ਨਹੀਂ ਦਿਖਾ ਸਕਦਾ। ਇਨਕਲਾਬੀ ਕੋਲ਼ ਬੇਅੰਤ ਬਲ ਹੁੰਦਾ ਹੈ। ਉਸ ਨੂੰ ਆਪਣੀ ਸੂਰਬੀਰਤਾ ਦਾ ਬਲ ਸਬਰ, ਸ਼ਾਂਤੀ, ਨਿਰੰਤਰ ਘੋਲ਼ ਅਤੇ ਸਵੈ-ਕੁਰਬਾਨੀ ਵੱਲ ਲਾਉਣਾ ਚਾਹੀਦਾ ਹੈ। ਅਜਿਹੀ ਸਥਿਤੀ ਨੂੰ ਇਨਕਲਾਬੀ ਦੇ ਬਲ ਦੀ ਲੋੜ ਹੈ।
ਜਿਹੜੇ ਲੋਕ ਜਿੱਤ ਪ੍ਰਾਪਤ ਕਰਨ ਲਈ ਨਿਰਦੋਸ਼ ਕੌਮਾਂ, ਜਾਤੀਆਂ ਅਤੇ ਲੋਕਾਂ ਦਾ ਖ਼ੂਨ ਕਰਦੇ ਹਨ, ਉਹ ਲੋਕ ਆਪਣੇ-ਆਪ ਨੂੰ ਤਾਂ ਖ਼ੂਨ ਨਾਲ ਲਬੇੜਦੇ ਹੀ ਹਨ ਪਰ ਨਾਲ ਦੀ ਨਾਲ ਉਹ ਮਨੁੱਖਤਾ ਦਾ ਵੀ ਘਾਣ ਕਰ ਰਹੇ ਹੁੰਦੇ ਹਨ। ਮੈਂ ਕਿਸੇ ਸਮੇਂ ਵੀ ਕਤਲੋ-ਗ਼ਾਰਤ ਅਤੇ ਆਤੰਕਵਾਦ ਨੂੰ ਸਹੀ ਨਹੀਂ ਕਹਿ ਸਕਦਾ। ਜਿਹੜਾ ਮਨੁੱਖ ਮਨੁੱਖਤਾ ਦੀ ਖ਼ਾਤਰ ਪਲ-ਪਲ ਕਰ ਕੇ ਮਰ ਰਿਹਾ ਹੋਵੇ, ਉਸ ਦੇ ਵਿਚਾਰਾਂ ਨੂੰ ਬਲ ਮਿਲਦਾ ਹੈ। ਫ਼ਾਂਸੀ ਦੇ ਤਖ਼ਤੇ ਉੱਤੇ ਇਕਦਮ ਜਾਨ ਦੇ ਦੇਣੀ ਸੌਖੀ ਹੈ ਪਰ ਤਿਲ-ਤਿਲ ਕਰ ਕੇ ਮਰਨਾ ਬਹੁਤ ਔਖਾ ਹੈ। ਇਨਕਲਾਬੀ ਆਪਣੀ ਕੀਮਤੀ ਜਾਨ ਵਡੇਰੇ ਉਦੇਸ਼ ਲਈ ਲਾਵੇ ਜਿਸ ਦੀ ਕਿ ਮਨੁੱਖਤਾ ਨੂੰ ਲੋੜ ਹੈ।
ਆਦਮੀ ਅਤੇ ਉਸ ਦੇ ਕਰਮ ਅੱਡ-ਅੱਡ ਦੋ ਗੱਲਾਂ ਹਨ। ਚੰਗੇ ਕਰਮ ਸਵੀਕਾਰ ਕੀਤੇ ਜਾਂਦੇ ਹਨ ਪਰੰਤੂ ਮਾੜੇ ਕਰਮਾਂ ਨੂੰ ਸਮਰਥਨ ਨਹੀਂ ਮਿਲਦਾ। ਚੰਗੇ ਕਰਮ ਕਰਨ ਵਾਲਾ ਆਦਰ ਦਾ ਹੱਕਦਾਰ ਹੈ ਪਰੰਤੂ ਮਾੜੇ ਕਰਮ ਕਰਨ ਵਾਲਾ ਹਮਦਰਦੀ ਦਾ। ਆਦਮੀ ਨੂੰ ਮਾਰਨ ਨਾਲ ਬੁਰਾਈ ਨਹੀਂ ਮਰਦੀ। ਆਦਮੀ ਨੂੰ ਕਤਲ ਕਰਨ ਨਾਲ਼ ਇੱਕ ਹੋਰ ਬੁਰਾਈ ਨੂੰ ਜਨਮ ਦੇਣਾ ਹੈ। ਮੁਕਾਬਲਾ ਬੁਰਾਈ ਨਾਲ ਹੈ, ਆਦਮੀ ਨਾਲ ਨਹੀਂ। ਬੁਰਾਈ ਨਾਲ ਦੋ-ਚਾਰ ਹੋਣਾ ਹੈ। ਅਹਿੰਸਾ ਇੱਕ ਐਸਾ ਹਥਿਆਰ ਹੈ ਜਿਹੜਾ ਬੁਰਾਈ ਨੂੰ ਠੀਕ ਜਵਾਬ ਦੇ ਸਕਦਾ ਹੈ। ਇਹ ਹਥਿਆਰ ਆਦਮੀ ਦੇ ਸੁਭਾ ਨੂੰ ਬਦਲ ਸਕਦਾ ਹੈ। ਅਹਿੰਸਾ ਦੀ ਪਰਖ ਇਹ ਹੈ ਕਿ ਅਹਿੰਸਕ ਘੋਲ਼ ਵਿੱਚ ਕੋਈ ਕੁੜੱਤਣ ਪਿੱਛੇ ਨਹੀਂ ਛੱਡਦਾ ਬਲਕਿ ਦੁਸ਼ਮਣ ਦੋਸਤ ਬਣ ਜਾਂਦਾ ਹੈ।
ਮਹਾਤਮਾ ਗਾਂਧੀ ਆਪਣੀ ਮਿਸਾਲ ਪੇਸ਼ ਕਰਦੇ ਹਨ ਕਿ ਦੱਖਣੀ ਅਫ਼ਰੀਕਾ ਵਿੱਚ ਹੁਕਮਰਾਨ ਸਰਕਾਰ ਦਾ ਜਨਰਲ ਸਮੱਟਸ ਉਸ ਦਾ ਬੁਰੀ ਤਰ੍ਹਾਂ ਵਿਰੋਧੀ ਅਤੇ ਆਲੋਚਕ ਸੀ ਪਰੰਤੂ ਹੁਣ ਉਹ ਉਸ ਦਾ ਬਹੁਤ ਪਿਆਰਾ ਦੋਸਤ ਹੈ। ਅਹਿੰਸਾ ਦਾ ਅਸੂਲ ਹੈ ਕਿ ਉਸ ਨੇ ਵਿਰੋਧੀ ਦੇ ਸੁਭਾ ਨੂੰ ਨਰਮ ਬਣਾਉਣਾ ਹੈ ਨਾ ਕਿ ਸਖ਼ਤ। ਅਹਿੰਸਾ ਜ਼ਾਲਮ ਦੇ ਦਿਲ ਨੂੰ ਪਿਘਲਾਉਣ ਦੀ ਸਮਰਥਾ ਰੱਖਦੀ ਹੈ। ਉਸ ਦੇ ਦਿਲ ਨੂੰ ਹਿਲੂਣਾ ਦਿੰਦੀ ਹੈ।
ਗਾਂਧੀ ਜੀ ਕਹਿੰਦੇ ਹਨ ਕਿ ਉਹ ਆਪਣੇ ਲੰਮੇ ਤਜਰਬੇ ਦੇ ਅਧਾਰ ਉੱਤੇ ਕਹਿ ਸਕਦਾ ਹੈ ਕਿ ਅਹਿੰਸਾ ਵਿੱਚ ਵੱਡੇ ਤੋਂ ਵੱਡੇ ਹਥਿਆਰ ਦਾ ਮੁਕਾਬਲਾ ਕਰਨ ਦੀ ਸਮਰਥਾ ਹੈ।

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਪੰਜਾਬੀਆਂ ਦਾ ਮਾਣ – ਸ਼ਹੀਦ ਭਗਤ ਸਿੰਘ (28 ਸਤੰਬਰ ਜਨਮ ਦਿਨ ਤੇ ਵਿਸ਼ੇਸ਼)

ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ


Print Friendly
Important Days0 Comments

ਵਿਸ਼ਵ ਤੰਬਾਕੂ ਮੁਕਤ ਦਿਵਸ – (31 ਮਈ ‘ਤੇ ਵਿਸ਼ੇਸ਼)

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ


Print Friendly
Important Days0 Comments

ਸਮੇਂ ਦੀ ਤੇਜ਼ ਚਾਲ ਨੇ ਪਛਾੜ ਦਿੱਤਾ ਤੀਆਂ ਦਾ ਤਿਉਹਾਰ

ਸਾਉਣ ਮਹੀਨੇ ਨੂੰ ਬਰਸਾਤ ਦੇ ਦਿਨਾਂ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮਹੀਨੇ ਵਿਚ ਹੋਣ ਵਾਲੀਆਂ ਭਾਰੀ ਬਾਰਿਸ਼ਾਂ ਮੌਸਮ ਨੂੰ ਸੁਹਾਵਣਾ ਬਣਾ ਦਿੰਦੀਆਂ ਹਨ, ਜਿਸ ਕਾਰਨ ਇਸ ਮਹੀਨੇ ਦਾ ਹਰ


Print Friendly