Print Friendly
ਅਧਿਆਪਕ ਦੀ ਜਮਾਤ ਵਿੱਚ ਸੰਸਾਰ ਦਾ ਭਵਿੱਖ ਪਲਦਾ ਹੈ : ਵਿਜੈ ਗੁਪਤਾ – 5 ਸਤੰਬਰ ਅਧਿਆਪਕ ਦਿਵਸ ਤੇ ਵਿਸ਼ੇਸ਼

ਅਧਿਆਪਕ ਦੀ ਜਮਾਤ ਵਿੱਚ ਸੰਸਾਰ ਦਾ ਭਵਿੱਖ ਪਲਦਾ ਹੈ : ਵਿਜੈ ਗੁਪਤਾ – 5 ਸਤੰਬਰ ਅਧਿਆਪਕ ਦਿਵਸ ਤੇ ਵਿਸ਼ੇਸ਼

ਸੁਚੱਜੇ ਸਮਾਜ ਦੀ ਸਿਰਜਣਾ ਦੀ ਨੀਂਹ ਇੱਕ ਅਧਿਆਪਕ ਦੁਆਰਾ ਹੀ ਰੱਖੀ ਜਾਂਦੀ ਹੈ। ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੈ, ਅਧਿਆਪਕ ਗਿਆਨ ਦੀ ਅਜਿਹੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ‘ਚੋਂ ਅੰਧਕਾਰ ਹਟਾਉਂਦੇ ਹੋਏ ਚਾਨਣ ਖਿੰਡਾਉਂਦੀ ਹੈ। ਗਿਆਨ ਦਾ ਇਹ ਚਾਨਣ ਵਿਦਿਆਰਥੀਆਂ ਨੂੰ ਆਪਣੀਆਂ ਮੰਜਿਲਾਂ ਸਰ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਗਿਆਨ ਰੂਪੀ ਦੀਵੇ ਦੇ ਸਦਕਾ ਉਹ ਆਪਣੀ ਜਿੰਦਗੀ ‘ਚ ਆਪਣੀ ਮੰਜਿਲ ਪ੍ਰਾਪਤ ਕਰ ਲੈਂਦੇ ਹਨ।
ਅਧਿਆਪਕ ਇਕ ਮੋਮਬੱਤੀ ਦੀ ਤਰਾਂ ਹੈ ਜਿਹੜਾ ਆਪ ਜਲਦਾ ਹੈ ਤੇ ਹਰ ਪਾਸੇ ਰੌਸ਼ਨੀ ਫਿਲਾਉਂਦਾ ਹੈ। ਉਹ ਵਿਦਿਆਰਥੀਆਂ ‘ਚ ਨੈਤਿਕ ਗੁਣ ਭਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਅਤੇ ਉਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਸਾਰਦਾ ਹੈ। ਉਨ੍ਹਾਂ ਦਾ ਹਮੇਸ਼ਾ ਸਤਿਕਾਰ ਅਤੇ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਸ੍ਰੀ ਸਰਵ ਪਾਲੀ ਰਾਧਾਕ੍ਰਿਸ਼ਨਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਸਨ ਅਤੇ ਉਹ ਇਕ ਮਹਾਨ ਫਿਲਾਸਫਰ ਸਨ ਅਤੇ ਉਨ੍ਹਾਂ ਨੇ ਪੱਛਮੀ ਫਿਲਾਸਫਰਾਂ ਦੀ ਸੋਚ ਨੂੰ ਭਾਰਤੀ ਸੋਚ ਵਿਚ ਦਾਖਲ ਕੀਤਾ। ਉਹ ਇਕ ਪ੍ਰਸਿੱਧ ਅਧਿਆਪਕ ਵੀ ਸਨ ਅਤੇ ਹਰ ਸਾਲ ਉਨ੍ਹਾਂ ਦਾ ਜਨਮ ਦਿਨ 5 ਸਤੰਬਰ ਨੂੰ ਬਹੁਤ ਹੀ ਧੂਮਧਾਮ ਨਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇੱਕ ਜਪਾਨੀ ਕਹਾਵਤ ਹੈ, “ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।” ਕੀ ਤੁਹਾਨੂੰ ਉਹ ਅਧਿਆਪਕ ਯਾਦ ਹੈ ਜਿਸ ਨੇ ਸਕੂਲ ਵਿਚ ਤੁਹਾਡੇ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ? ਜਾਂ ਜੇ ਤੁਸੀਂ ਹਾਲੇ ਵੀ ਵਿਦਿਆਰਥੀ ਹੋ, ਤਾਂ ਸਕੂਲ ਵਿਚ ਤੁਹਾਡਾ ਕੋਈ ਮਨ-ਪਸੰਦ ਅਧਿਆਪਕ ਹੈ? ਤੁਸੀਂ ਉਸ ਨੂੰ ਕਿਉਂ ਪਸੰਦ ਕਰਦੇ ਹੋ?
ਇਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦਿਲਾਂ ਵਿਚ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਬਹੁਤ ਦਿਲਚਸਪ ਢੰਗ ਨਾਲ ਸਿਖਾਉਂਦਾ ਹੈ। ਭਾਰਤ ਦੇ ਇਕ ਅੱਧ-ਖੜ੍ਹ ਉਮਰ ਦੇ ਬਿਜ਼ਨਸਮੈਨ ਨੇ ਕੋਲਕਾਤਾ ਵਿਚ ਆਪਣੇ ਇੰਗਲਿਸ਼ ਟੀਚਰ ਦੀ ਤਾਰੀਫ਼ ਕਰਦਿਆਂ ਕਿਹਾ ਕਿ “ਸੈਸੂਨ ਸਰ ਅੰਗ੍ਰੇਜ਼ੀ ਬੜੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀ ਜਿਸ ਕਰਕੇ ਇਸ ਭਾਸ਼ਾ ਵਿਚ ਮੇਰੀ ਦਿਲਚਸਪੀ ਵਧੀ। ਉਹ ਅਕਸਰ ਮੇਰੇ ਅੰਗ੍ਰੇਜ਼ੀ ਦੇ ਸਭ ਤੋਂ ਵਧੀਆ ਲੇਖਾਂ ਵਿਚ ਥੋੜ੍ਹਾ-ਬਹੁਤਾ ਸੁਧਾਰ ਕਰ ਕੇ ਉਨ੍ਹਾਂ ਨੂੰ ਕਈ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਦੇ ਦਿੰਦੇ ਸੀ। ਉਨ੍ਹਾਂ ਵਿੱਚੋਂ ਕੁਝ ਛਪੇ ਵੀ ਸਨ। ਮੈਨੂੰ ਇਨ੍ਹਾਂ ਲੇਖਾਂ ਲਈ ਮਿਲੇ ਪੈਸਿਆਂ ਨਾਲੋਂ ਆਪਣੇ ਛਪੇ ਲੇਖਾਂ ਨੂੰ ਦੇਖ ਕੇ ਜ਼ਿਆਦਾ ਖ਼ੁਸ਼ੀ ਮਿਲਦੀ ਸੀ। ਇਸ ਚੀਜ਼ ਨੇ ਲੇਖਕ ਵਜੋਂ ਮੇਰਾ ਹੌਸਲਾ ਵਧਾਇਆ ਅਤੇ ਮੇਰੇ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ।”
ਮਿਊਨਿਖ, ਜਰਮਨੀ ਦੀ ਪੰਜਾਹ-ਕੁ ਸਾਲਾਂ ਦੀ ਇਕ ਹਸਮੁਖ ਔਰਤ ਮਾਰਗੈਟ ਨੇ ਕਿਹਾ ਕਿ “ਮੈਨੂੰ ਇਕ ਟੀਚਰ ਬਹੁਤ ਚੰਗੀ ਲੱਗਦੀ ਸੀ। ਉਹ ਸਾਨੂੰ ਔਖੀਆਂ ਗੱਲਾਂ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੀ ਸੀ। ਜਦੋਂ ਸਾਨੂੰ ਕੁਝ ਸਮਝ ਨਹੀਂ ਪੈਂਦਾ ਸੀ, ਤਾਂ ਉਹ ਬੜੇ ਪਿਆਰ ਨਾਲ ਸਾਨੂੰ ਕਹਿੰਦੀ ਸੀ ਕਿ ਅਸੀਂ ਉਸ ਤੋਂ ਇਸ ਬਾਰੇ ਦੁਬਾਰਾ ਪੁੱਛ ਸਕਦੇ ਸੀ। ਉਹ ਸਾਡੇ ਤੋਂ ਦੂਰ-ਦੂਰ ਨਹੀਂ ਰਹਿੰਦੀ ਸੀ ਸਗੋਂ ਸਾਡੀ ਸਹੇਲੀ ਵਾਂਗਰ ਸੀ। ਇਸ ਕਰਕੇ ਕਲਾਸ ਵਿਚ ਬੜਾ ਮਜ਼ਾ ਆਉਂਦਾ ਸੀ।”
ਆਸਟ੍ਰੇਲੀਆ ਦੇ ਰਹਿਣ ਵਾਲੇ ਪੀਟਰ ਨੇ ਹਿਸਾਬ ਦੇ ਆਪਣੇ ਟੀਚਰ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੇ “ਸਾਨੂੰ ਸਿਖਾਇਆ ਕਿ ਅਸੀਂ ਜੋ ਪੜ੍ਹਦੇ ਹਾਂ ਉਸ ਦਾ ਸਾਡੀ ਜ਼ਿੰਦਗੀ ਨਾਲ ਕੀ ਸੰਬੰਧ ਹੈ। ਜਦੋਂ ਅਸੀਂ ਜਿਉਮੈਟਰੀ ਸਿੱਖ ਰਹੇ ਸੀ, ਤਾਂ ਉਸ ਨੇ ਸਾਨੂੰ ਦਿਖਾਇਆ ਕਿ ਬਿਨਾਂ ਹੱਥ ਲਾਏ ਇਕ ਇਮਾਰਤ ਦਾ ਕਿਵੇਂ ਨਾਪ ਲਿਆ ਜਾ ਸਕਦਾ ਹੈ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਇੱਦਾਂ ਵੀ ਕੀਤਾ ਜਾ ਸਕਦਾ ਹੈ!”
ਉੱਤਰੀ ਇੰਗਲੈਂਡ ਵਿਚ ਰਹਿਣ ਵਾਲੀ ਪੌਲੀਨ ਨੇ ਆਪਣੇ ਅਧਿਆਪਕ ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਨੂੰ “ਹਿਸਾਬ ਬਹੁਤ ਔਖਾ ਲੱਗਦਾ ਸੀ।” ਅਧਿਆਪਕ ਨੇ ਕਿਹਾ: “ਜੇ ਤੂੰ ਚਾਹੁੰਦੀ ਹੈ, ਤਾਂ ਮੈਂ ਤੇਰੀ ਮਦਦ ਕਰ ਸਕਦਾ ਹਾਂ।” ਪੌਲੀਨ ਨੇ ਅੱਗੇ ਕਿਹਾ ਕਿ “ਅਗਲੇ ਕੁਝ ਮਹੀਨਿਆਂ ਦੌਰਾਨ ਉਸ ਨੇ ਮੇਰੀ ਕਾਫ਼ੀ ਮਦਦ ਕੀਤੀ, ਸਕੂਲ ਤੋਂ ਬਾਅਦ ਵੀ। ਉਸ ਨੇ ਮੇਰੇ ਤੇ ਬਹੁਤ ਮਿਹਨਤ ਕੀਤੀ। ਇਸ ਕਰਕੇ ਮੈਂ ਵੀ ਦਿਲ ਲਾ ਕੇ ਮਿਹਨਤ ਕੀਤੀ ਅਤੇ ਮੇਰਾ ਹਿਸਾਬ ਸੁਧਰ ਗਿਆ।”
ਸਕਾਟਲੈਂਡ ਦੀ ਤੀਹਾਂ-ਕੁ ਸਾਲਾਂ ਦੀ ਐਂਜੀ ਨੇ ਆਪਣੇ ਹਿਸਟਰੀ ਟੀਚਰ ਮਿਸਟਰ ਗ੍ਰੇਅਮ ਬਾਰੇ ਕਿਹਾ ਕਿ “ਉਹ ਹਿਸਟਰੀ ਨੂੰ ਬੜਾ ਦਿਲਚਸਪ ਬਣਾ ਦਿੰਦਾ ਸੀ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਬੜੇ ਜੋਸ਼ ਨਾਲ ਕਹਾਣੀਆਂ ਦੇ ਤੌਰ ਤੇ ਸੁਣਾਉਂਦਾ ਹੁੰਦਾ ਸੀ। ਇਵੇਂ ਲੱਗਦਾ ਸੀ ਕਿ ਸਭ ਕੁਝ ਸਾਡੀਆਂ ਅੱਖਾਂ ਸਾਮ੍ਹਣੇ ਹੀ ਹੋ ਰਿਹਾ ਸੀ।” ਉਸ ਨੂੰ ਆਪਣੀ ਪਹਿਲੀ ਕਲਾਸ ਦੀ ਟੀਚਰ ਮਿਸਿਜ਼ ਹਯੂਇਟ ਵੀ ਯਾਦ ਹੈ। ਉਹ ਸਿਆਣੀ ਉਮਰ ਦੀ ਸੀ। “ਉਹ ਸਾਨੂੰ ਬਹੁਤ ਪਿਆਰ ਕਰਦੀ ਸੀ। ਇਕ ਦਿਨ ਮੈਂ ਉਸ ਨੂੰ ਇਕ ਸਵਾਲ ਪੁੱਛਣ ਲਈ ਗਈ। ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ ਜਿਸ ਤੋਂ ਮੈਂ ਬਹੁਤ ਖ਼ੁਸ਼ ਹੋਈ।”
ਗ੍ਰੀਸ ਦੇ ਦੱਖਣੀ ਹਿੱਸੇ ਵਿਚ ਰਹਿਣ ਵਾਲੇ ਟਿਮਥੀ ਨੇ ਦਿਲੋਂ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੇ ਹੋਏ ਕਿਹਾ: “ਮੈਨੂੰ ਹਾਲੇ ਵੀ ਆਪਣਾ ਸਾਇੰਸ ਦਾ ਟੀਚਰ ਯਾਦ ਹੈ। ਉਸ ਨੇ ਸੰਸਾਰ ਪ੍ਰਤੀ ਮੇਰੇ ਨਜ਼ਰੀਏ ਨੂੰ ਹਮੇਸ਼ਾ-ਹਮੇਸ਼ਾ ਲਈ ਬਦਲ ਦਿੱਤਾ। ਉਸ ਨੇ ਦਿਖਾਇਆ ਕਿ ਸਾਇੰਸ ਕਿੰਨੇ ਕਮਾਲ ਦੀ ਚੀਜ਼ ਹੈ। ਇਸ ਨੇ ਸਾਡੇ ਵਿਚ ਹੋਰ ਬਹੁਤ ਕੁਝ ਸਿੱਖਣ ਅਤੇ ਸਮਝਣ ਦੀ ਇੱਛਾ ਪੈਦਾ ਕੀਤੀ।”
ਅਮਰੀਕਾ ਵਿਚ ਕੈਲੇਫ਼ੋਰਨੀਆ ਦੀ ਰਮੋਨਾ ਨਾਂ ਦੀ ਇਕ ਹੋਰ ਲੜਕੀ ਨੇ ਲਿਖਿਆ ਕਿ “ਮੇਰੇ ਹਾਈ ਸਕੂਲ ਦੀ ਇਕ ਟੀਚਰ ਨੂੰ ਇੰਗਲਿਸ਼ ਬਹੁਤ ਪਸੰਦ ਸੀ। ਉਸ ਨੂੰ ਆਪਣਾ ਵਿਸ਼ਾ ਇੰਨਾ ਪਿਆਰਾ ਲੱਗਦਾ ਸੀ ਕਿ ਉਹ ਬੜੇ ਜੋਸ਼ ਨਾਲ ਪੜ੍ਹਾਉਂਦੀ ਸੀ। ਉਸ ਦੇ ਜੋਸ਼ ਦਾ ਪ੍ਰਭਾਵ ਸਾਡੇ ਉੱਤੇ ਵੀ ਪਿਆ! ਸਾਨੂੰ ਔਖੇ ਸਬਕ ਸੌਖੇ ਲੱਗਣ ਲੱਗ ਪਏ।”
ਕੈਨੇਡਾ ਦੀ ਰਹਿਣ ਵਾਲੀ ਜੇਨ ਨੇ ਆਪਣੇ ਪੀ ਟੀ ਟੀਚਰ ਬਾਰੇ ਗੱਲਾਂ ਕਰਦਿਆਂ ਕਿਹਾ ਕਿ “ਉਹ ਖੇਡਾਂ-ਖੇਡਾਂ ਵਿਚ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦਾ ਸੀ। ਉਸ ਨੇ ਸ਼ਹਿਰੋਂ ਬਾਹਰ ਲਿਜਾ ਕੇ ਸਾਨੂੰ ਸਕੀਇੰਗ ਕਰਨੀ ਅਤੇ ਬਰਫ਼ ਵਿਚ ਛੇਕ ਕਰ ਕੇ ਮੱਛੀਆਂ ਫੜਨੀਆਂ ਸਿਖਾਈਆਂ। ਅਸੀਂ ਕੈਂਪਫਾਇਰ ਉੱਤੇ ਇਕ ਤਰ੍ਹਾਂ ਦੀ ਅਮਰੀਕਨ ਰੋਟੀ ਵੀ ਪਕਾਉਣੀ ਸਿੱਖੀ। ਮੈਨੂੰ ਤਾਂ ਘਰ ਰਹਿ ਕੇ ਸਿਰਫ਼ ਪੁਸਤਕਾਂ ਪੜ੍ਹਨ ਦਾ ਸ਼ੌਕ ਹੁੰਦਾ ਸੀ, ਪਰ ਇਹ ਮੇਰੇ ਲਈ ਇਕ ਬਹੁਤ ਵਧੀਆ ਤਜਰਬਾ ਸੀ!”
ਸ਼ੰਘਾਈ ਦੀ ਜੰਮ-ਪਲ ਹੈਲਨ ਇਕ ਕਾਫ਼ੀ ਸ਼ਰਮਾਕਲ ਔਰਤ ਹੈ। ਉਹ ਹਾਂਗ ਕਾਂਗ ਵਿਚ ਪੜ੍ਹੀ ਸੀ। ਉਸ ਨੇ ਕਿਹਾ ਕਿ “ਪੰਜਵੀਂ ਕਲਾਸ ਵਿਚ ਮਿਸਟਰ ਚੈਨ ਪੀ ਟੀ ਅਤੇ ਪੇਂਟਿੰਗ ਕਰਨੀ ਸਿਖਾਉਂਦੇ ਹੁੰਦੇ ਸੀ। ਮੈਂ ਕੱਦ-ਕਾਠ ਵਿਚ ਕਾਫ਼ੀ ਛੋਟੀ ਸੀ ਅਤੇ ਮੈਨੂੰ ਨਾ ਵਾਲੀਬਾਲ ਅਤੇ ਨਾ ਹੀ ਬਾਸਕਟ ਬਾਲ ਚੰਗੀ ਤਰ੍ਹਾਂ ਖੇਡਣਾ ਆਉਂਦਾ ਸੀ। ਉਸ ਨੇ ਮੈਨੂੰ ਨਿਕੰਮੀ ਮਹਿਸੂਸ ਨਹੀਂ ਕਰਵਾਇਆ। ਉਸ ਨੇ ਮੈਨੂੰ ਬੈਡਮਿੰਟਨ ਨਾਲੇ ਦੂਜੀਆਂ ਖੇਡਾਂ ਖੇਡਣ ਦਾ ਹੌਸਲਾ ਦਿੱਤਾ ਜੋ ਮੈਂ ਆਸਾਨੀ ਨਾਲ ਖੇਡ ਸਕਦੀ ਸੀ। ਉਹ ਦੂਸਰਿਆਂ ਦਾ ਬਹੁਤ ਧਿਆਨ ਰੱਖਦਾ ਸੀ।
“ਮੈਨੂੰ ਡਰਾਇੰਗ ਤੇ ਪੇਂਟਿੰਗ ਕਰਨੀ ਵੀ ਨਹੀਂ ਆਉਂਦੀ ਸੀ। ਪਰ ਮੈਂ ਡੀਜ਼ਾਈਨ ਬਣਾਉਣੇ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ, ਇਸ ਲਈ ਉਸ ਨੇ ਮੈਨੂੰ ਇਹੀ ਕਰਨ ਦਾ ਸੁਝਾਅ ਦਿੱਤਾ। ਮੈਂ ਦੂਜਿਆਂ ਵਿਦਿਆਰਥੀਆਂ ਨਾਲੋਂ ਛੋਟੀ ਸੀ। ਇਸ ਲਈ ਉਸ ਨੇ ਮੈਨੂੰ ਇਸੇ ਕਲਾਸ ਵਿਚ ਹੀ ਇਕ ਹੋਰ ਸਾਲ ਰਹਿਣ ਵਾਸਤੇ ਮਨਾਇਆ। ਇਹ ਗੱਲ ਮੇਰੀ ਪੜ੍ਹਾਈ ਲਈ ਬਹੁਤ ਹੀ ਜ਼ਰੂਰੀ ਸੀ। ਮੇਰਾ ਭਰੋਸਾ ਵਧਦਾ ਗਿਆ ਅਤੇ ਮੈਂ ਚੰਗੀ ਤਰੱਕੀ ਕਰਦੀ ਗਈ। ਮੈਂ ਹਮੇਸ਼ਾ ਉਸ ਦੀ ਸ਼ੁਕਰਗੁਜ਼ਾਰ ਰਹਾਂਗੀ।”
ਪੜ੍ਹਨ –ਪੜ੍ਹਾਉਣ –ਸਿਖਾਉਣ ਕਿਰਿਆ ‘ਚ ਮੈਂ ਸਮਝਦਾ ਹਾਂ ਕਿ ਅਨੁਸ਼ਾਸਨ ਦੇ ਨਾਲ ਨਾਲ ਪਿਆਰ ਬਹੁਤ ਜ਼ਰੂਰੀ ਹੈ। ਜੇ ਤੁਸੀਂ ਪੜ੍ਹਾਉਣ ਸਮੇਂ ਪਿਆਰ ਵਰਤਾਉਂਦੇ ਹੋ ਤਾਂ ਬੱਚਿਆਂ ਤੋਂ ਚੰਗੇ ਨਤੀਜੇ ਲੈ ਸਕਦੇ ਹੋ। ਕਿਸ ਤਰ੍ਹਾਂ ਦੇ ਟੀਚਰ ਸਾਡੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ? ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ—ਦ ਜਰਨੀ ਆਫ਼ ਏ ਟੀਚਰ ਵਿਚ ਇਸ ਗੱਲ ਦਾ ਜਵਾਬ ਦਿੰਦਾ ਹੈ: ‘ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ, ਸਟਾਈਲ ਜਾਂ ਪਲੈਨ ਜ਼ਿਆਦਾ ਜ਼ਰੂਰੀ ਨਹੀਂ ਹਨ। ਸਿੱਖਿਆ ਦੇਣ ਲਈ ਸਭ ਤੋਂ ਜ਼ਰੂਰੀ ਹੈ ਪਿਆਰ।’ ਤਾਂ ਫਿਰ ਸਫ਼ਲ ਟੀਚਰ ਕਿਸ ਨੂੰ ਕਿਹਾ ਜਾ ਸਕਦਾ ਹੈ? ਉਹ ਦੱਸਦਾ ਹੈ ਕਿ ‘ਉਹੀ ਜਿਸ ਨੇ ਤੁਹਾਡੇ ਦਿਲ ਨੂੰ ਛੋਹਿਆ ਹੈ, ਉਹੀ ਜੋ ਤੁਹਾਡੇ ਦਿਲ ਦੀ ਗੱਲ ਸਮਝਿਆ, ਉਹੀ ਜਿਸ ਨੇ ਤੁਹਾਡੀ ਕਦਰ ਕੀਤੀ। ਅਤੇ ਉਹ ਜਿਸ ਦੇ ਸੰਗੀਤ, ਹਿਸਾਬ, ਭਾਸ਼ਾ ਅਤੇ ਪਤੰਗਾਂ ਵਰਗੀਆਂ ਚੀਜ਼ਾਂ ਲਈ ਜੋਸ਼ ਨੇ ਤੁਹਾਡੇ ਉੱਤੇ ਪ੍ਰਭਾਵ ਪਾਇਆ।’
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਵੀ ਕਈਆਂ ਟੀਚਰਾਂ ਦਾ ਧੰਨਵਾਦ ਕੀਤਾ ਹੈ ਅਤੇ ਇਸ ਗੱਲ ਨੇ ਮੁਸ਼ਕਲਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿੱਖਿਆ ਦਿੰਦੇ ਰਹਿਣ ਦਾ ਹੌਸਲਾ ਦਿੱਤਾ ਹੈ। ਇਨ੍ਹਾਂ ਸਾਰੀਆਂ ਟਿੱਪਣੀਆਂ ਵਿਚ ਇਕ ਸਾਂਝੀ ਗੱਲ ਇਹੀ ਦੇਖੀ ਗਈ ਹੈ ਕਿ ਟੀਚਰਾਂ ਨੇ ਆਪਣੇ ਵਿਦਿਆਰਥੀਆਂ ਵਿਚ ਦਿਲਚਸਪੀ ਲਈ ਅਤੇ ਉਨ੍ਹਾਂ ਨੂੰ ਪਿਆਰ ਦਿਖਾਇਆ।
ਪਰ ਸਾਰੇ ਅਧਿਆਪਕਾਂ ਵਿਚ ਇਹ ਗੁਣ ਨਹੀਂ ਪਾਏ ਜਾਂਦੇ। ਫਿਰ ਇਸ ਗੱਲ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਅਧਿਆਪਕਾਂ ਨਾਲ ਕਿਹੜੀਆਂ ਸਖ਼ਤੀਆਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਕਰਕੇ ਉਹ ਆਪਣੇ ਵਿਦਿਆਰਥੀਆਂ ਲਈ ਸਭ ਕੁਝ ਨਹੀਂ ਕਰ ਸਕਦੇ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਲੋਕ ਅਧਿਆਪਕ ਕਿਉਂ ਬਣਦੇ ਹਨ?
ਅੱਜ ਸਫ਼ਲਤਾ ਅਤੇ ਤਰੱਕੀ ਦੇ ਮਾਅਨੇ ਬਦਲ ਰਹੇ ਹਨ। ਵਿਕਾਸ ਦੀ ਦਿਸ਼ਾ ਬਦਲ ਰਹੀ ਹੈ। ਇਸ ਬਦਲਦੇ ਯੁੱਗ ਵਿੱਚ ਅਧਿਆਪਕ ਨੂੰ ਵੀ ਬਦਲਣ ਦੀ ਲੋੜ ਹੈ। ਅੱਜ ਅਧਿਆਪਕ ਸਿਰਫ਼ ਦੇਸ਼ ਹੀ ਨਹੀਂ ਸਗੋਂ ਕਰੀਅਰ (ਕਿੱਤੇ) ਦਾ ਨਿਰਮਾਤਾ ਵੀ ਹੈ। ਇਸ ਦੂਹਰੀ ਭੂਮਿਕਾ ਨੂੰ ਨਿਭਾਉਣ ਲਈ ਅਧਿਆਪਕ ਸਿਰਫ਼ ਗੁਰੂ ਹੀ ਨਹੀਂ, ਇੱਕ ਚੰਗਾ ਦੋਸਤ ਵੀ ਹੋਣਾ ਚਾਹੀਦਾ ਹੈ। ਹਰ ਅਧਿਆਪਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਉਸ ਵੱਲੋਂ ਦਿੱਤੀ ਹੋਈ ਇੱਕ ਛੋਟੀ ਜਿਹੀ ਸਲਾਹ, ਅਗਵਾਈ ਅਤੇ ਹੌਸਲਾ-ਅਫ਼ਜ਼ਾਈ ਕਿਸੇ ਔਸਤ ਵਿਦਿਆਰਥੀ ਨੂੰ ਇੱਕ ਆਦਰਸ਼ ਡਾਕਟਰ, ਇੰਜਨੀਅਰ ਜਾਂ ਪ੍ਰਸ਼ਾਸਕ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਲਈ ਅਧਿਆਪਕ ਬਹੁਮੁਖੀ ਪ੍ਰਤਿਭਾ ਦਾ ਮਾਲਕ ਹੋਣਾ ਚਾਹੀਦਾ ਹੈ। ਉਸ ਨੂੰ ਪੁਰਾਣੀ ਅਧਿਆਪਨ ਵਿਧੀ ਨੂੰ ਬਦਲ ਕੇ ਖ਼ੁਦ ਨੂੰ ਅਜੋਕੇ ਯੁੱਗ ਦੀਆਂ ਲੋੜਾਂ ਮੁਤਾਬਕ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਯੋਗ ਬਣਾਉਣਾ ਚਾਹੀਦਾ ਹੈ।
ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਗਿਆਨ ਦੇ ਚਾਨਣ ਨਾਲ ਅਗਿਆਨ ਦਾ ਹਨੇਰਾ ਮਿਟਾਵੇ ਪਰ ਅੱਜ ਕਿਤਾਬਾਂ, ਇਲੈਕਟ੍ਰਾਨਿਕ ਮੀਡੀਆ ਅਤੇ ਇੰਟਰਨੈੱਟ ਕਾਰਨ ‘ਗਿਆਨ ਦੇ ਧਮਾਕੇ’ ਦੇ ਇਸ ਯੁੱਗ ਵਿੱਚ ਕੀ ਸਹੀ ਹੈ ਅਤੇ ਕੀ ਗ਼ਲ਼ਤ, ਇਹ ਤੈਅ ਕਰਨਾ ਵੀ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ। ਇਸ ਚੁਣੌਤੀ ਦਾ ਸਾਹਮਣਾ ਸਿਰਫ਼ ਕਦਰਾਂ-ਕੀਮਤਾਂ ਨਾਲ ਭਰਪੂਰ ਸਿੱਖਿਆ ਪ੍ਰਣਾਲੀ ਦੁਆਰਾ ਹੀ ਕੀਤਾ ਜਾ ਸਕਦਾ ਹੈ।
ਡਾ. ਰਾਧਾਕ੍ਰਿਸ਼ਨਨ ਮੁਤਾਬਕ ਇੱਕ ਚੰਗੇ ਅਧਿਆਪਕ ਨੂੰ ਆਪਣੇ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰਨ ਦੇ ਤਰੀਕਿਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਲਈ ਉਸ ਦਾ ਆਪਣੇ ਵਿਸ਼ੇ ਦਾ ਮਾਹਿਰ ਹੋਣਾ ਅਤੇ ਵਿਸ਼ੇ ਸਬੰਧੀ ਹਰ ਨਵੀਨਤਮ ਗਿਆਨ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸ੍ਰੀ ਰਾਬਿੰਦਰ ਨਾਥ ਟੈਗੋਰ ਦੇ ਕਹਿਣ ਮੁਤਾਬਕ ਅਧਿਆਪਕ ਇੱਕ ਦੀਵੇ ਵਾਂਗ ਹੈ ਅਤੇ ਕੋਈ ਵੀ ਦੀਵਾ ਆਪ ਬਲੇ ਬਿਨਾਂ ਦੂਜੇ ਦੀਵੇ ਨੂੰ ਰੋਸ਼ਨ ਨਹੀਂ ਕਰ ਸਕਦਾ। ਸਹੀ ਅਤੇ ਸੱਚੀ ਵਿੱਦਿਆ ਦੇਣਾ ਸਿਰਫ਼ ਤੱਥਾਂ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਤੱਥਾਂ ਬਾਰੇ ਜਾਣੂ ਕਰਵਾਕੇ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਸੋਚ ਦਾ ਹਿੱਸਾ ਬਣਾ ਕੇ ਸਹੀ ਤਰੀਕੇ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਨੂੰ ਹੀ ਅਸਲੀ ਵਿੱਦਿਆ ਦਾ ਦੇਣਾ ਕਿਹਾ ਜਾਂਦਾ ਹੈ। ਅਜਿਹੀ ਵਿੱਦਿਆ ਪ੍ਰਦਾਨ ਕਰਕੇ ਹੀ ਅਧਿਆਪਕ ਸਮਾਜ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਤੋਰ ਸਕਦਾ ਹਨ।
ਇਨਸਾਨ ਗਲਤੀਆਂ ਦਾ ਪੁਤਲਾ ਹੈ। ਗਲਤੀਆਂ ਤੇ ਗਲਤੀਆਂ ਕਰਦਾ ਰਹਿੰਦਾ ਹੈ। ਅਧਿਆਪਕ ਦਾ ਕੰਮ ਪੜਾਉਣਾ ਹੈ। ਉਸ ਦਾ ਕਾਰਜ ਜਮਾਤ ‘ਚ ਸਿਲੇਬਸ ਕਰਵਾਉਣਾ ਹੈ ਪਰ ਜੇ ਅਧਿਆਪਕ ਸਿਲੇਬਸ ਤੋਂ ਬਾਹਰ ਅਤੇ ਜਮਾਤੀ ਕ੍ਰਿਆਵਾਂ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਨ ਦਿੰਦਾ ਰਹਿੰਦਾ ਹੈ ਅਤੇ ਉਸ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਨੂੰ ਸੁਧਾਰਦਾ ਰਹਿੰਦਾ ਹੈ ਤਾਂ ਉਹ ਆਪਣੇ ਅਧਿਆਪਕ ਹੋਣ ਦਾ ਅਸਲ ਫਰਜ਼ ਪੂਰਾ ਕਰਦਾ ਹੈ। ਉਹ ਅਸਲ ‘ਚ ਆਪਣੇ ਸੇਵਾਕਾਲ ‘ਚ ਅਤੇ ਸੇਵਾਕਾਲ ਤੋਂ ਬਾਅਦ ਵੀ ਕਾਰਜਸ਼ੀਲ ਰਹਿੰਦਾ ਹੈ। ਸਮਾਜ ਵਿੱਚ ਬਹੁਤ ਸਾਰੇ ਅਜਿਹੇ ਅਧਿਆਪਕ ਹੋਣਗੇ ਜੋ ਅਧਿਆਪਕ ਦੀ ਅਸਲ ਪ੍ਰੀਭਾਸ਼ਾ ‘ਚ ਸਹੀ ਬੈਠਦੇ ਹਨ। ਅੰਤ ਵਿੱਚ ਮੈਂ ਉਨ੍ਹਾਂ ਸਾਰੇ ਕਰਮਯੋਗੀ ਅਧਿਆਪਕਾਂ ਨੂੰ ਸਲਾਮ ਕਰਨ ਦੇ ਨਾਲ-2 ਆਪਣੇ ਅਧਿਆਪਕਾਂ ਦਾ ਵੀ ਦਿਲੋਂ ਸ਼ੁਕਰਗੁਜ਼ਾਰ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਪਿਆਰ ਨਾਲ ਵਿੱਦਿਆ ਦਾ ਦਾਨ ਦੇ ਕੇ ਅਧਿਆਪਕ ਬਣਨ ਦੇ ਕਾਬਲ ਬਣਾਇਆ। ਜੇਕਰ ਮੈਂ ਅੱਜ ਲਿਖਣ ਅਤੇ ਪੜ੍ਹਣ ਦੇ ਸਮਰਥ ਹਾਂ ਤਾਂ ਕੇਵਲ ਆਪਣੇ ਸਿਰੜੀ ਅਤੇ ਮਿਹਨਤੀ ਅਧਿਆਪਕਾਂ ਦੀ ਬਦੌਲਤ, ਮੈਂ ਹਮੇਸ਼ਾਂ ਆਪ ਜੀ ਦਾ ਅਹਿਸਾਨਮੰਦ ਰਹਾਂਗਾ…. ਅਤੇ ਆਪ ਵਰਗਾ ਹੀ ਬਣਨ ਦੀ ਪੂਰੀ-2 ਕੋਸ਼ਿਸ਼ ਕਰਾਂਗਾ। ਜੈ ਹਿੰਦ !!!

ਵਿਜੈ ਗੁਪਤਾ, ਸ. ਸ. ਅਧਿਆਪਕ
977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਏਡਜ਼: ਸਿਰਫ਼ ਜਾਗਰੂਕਤਾ ਹੀ ਇਲਾਜ (ਅੱਜ ਵਿਸ਼ਵ ਏਡਜ਼ ਦਿਵਸ ’ਤੇ ਵਿਸ਼ੇਸ਼)

ਇੱਕ ਦਸੰਬਰ ਦਾ ਦਿਨ ਸਾਲ 1988 ਤੋਂ ਪੂਰੀ ਦੁਨੀਆਂ ਵਿੱਚ ਵਿਸਵ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਦਿਹਾੜੇ ਦਾ ਪ੍ਰਮੁੱਖ ਮੰਤਵ ਲੋਕਾਂ ਨੂੰ ਏਡਜ਼ (ਐਕਵਾਇਰਡ ਇਮਿਊਨੋ ਡੈਫੀਇਸ਼ਐਂਸੀ ਸਿੰਡਰੋਮ) ਨਾਮ ਦੀ ਲਾਇਲਾਜ


Print Friendly
Great Men0 Comments

ਧਰਮ ਦੀ ਖ਼ਾਤਰ ਸ਼ਹੀਦੀ ਜਾਮ ਪੀ ਗਏ ਵੀਰ ਹਕੀਕਤ ਰਾਏ – ਬਸੰਤ ਪੰਚਮੀ ‘ਤੇ ਵਿਸ਼ੇਸ਼

ਵੀਰ ਹਕੀਕਤ ਰਾਏ ਦਾ ਜਨਮ 22 ਮੱਘਰ ਸੰਨ 1716 ਈ: ਨੂੰ ਪਿਤਾ ਸ੍ਰੀ ਭਾਗਮਲ ਦੇ ਘਰ ਮਾਤਾ ਕੌਰਾਂ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦਾਦਾ ਦਾ ਨਾਂਅ ਸ੍ਰੀ ਨੰਦ ਲਾਲ ਸੀ।


Print Friendly
Important Days0 Comments

ਦੁਨੀਆਂ ਦੇ 40% ਖਪਤਕਾਰ ਕਰਦੇ ਹਨ ਆਨਲਾਈਨ ਖਰੀਦੋ-ਫਰੋਖਤ (15 ਮਾਰਚ ਜਮਹੂਰੀ ਖਪਤਕਾਰ ਅਧਿਕਾਰ ਦਿਵਸ ਤੇ ਵਿਸ਼ੇਸ਼)

ਜਮਹੂਰੀ ਖਪਤਕਾਰ ਅਧਿਕਾਰ ਦਿਵਸ ਜਾਂ ਅੰਤਰ ਰਾਸ਼ਟਰੀ ਖਪਤਕਾਰ ਦਿਵਸ ਹਰ ਸਾਲ 15 ਮਾਰਚ ਨੂੰ ਸੰਸਾਰ ਭਰ ਵਿੱਚ ਖਪਤਕਾਰਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਲਈ ਮਨਾਇਆ ਜਾਂਦਾ ਹੈ। ਇਸ


Print Friendly