Print Friendly
ਭਟਕੇ ਲੋਕ ਮਹਾਨ ਰੂਸੀ ਲੇਖਕ ਟਾਲਸਟਾਏ ਦੇ ਜੀਵਨ ਤੋਂ ਪ੍ਰੇਰਣਾ ਲੈਣ (9 ਸਤੰਬਰ ਜਨਮ ਦਿਨ ਤੇ ਵਿਸ਼ੇਸ਼)

ਭਟਕੇ ਲੋਕ ਮਹਾਨ ਰੂਸੀ ਲੇਖਕ ਟਾਲਸਟਾਏ ਦੇ ਜੀਵਨ ਤੋਂ ਪ੍ਰੇਰਣਾ ਲੈਣ (9 ਸਤੰਬਰ ਜਨਮ ਦਿਨ ਤੇ ਵਿਸ਼ੇਸ਼)

ਮਹਾਨ ਰੂਸੀ ਲੇਖਕ ਲਿਓ ਟਾਲਸਟਾਏ ਦਾ ਜਨਮ ਮਾਸਕੋ ਤੋਂ ਲੱਗਭੱਗ 100 ਮੀਲ ਦੱਖਣ ਪਰਵਾਰਿਕ ਰਿਆਸਤ ਵਿਖੇ ਇੱਕ ਅਮੀਰ ਅਤੇ ਮਸ਼ਹੂਰ ਘਰਾਣੇ ਵਿੱਚ 09 ਸਤੰਬਰ, 1828 ਨੂੰ ਯਾਸਨਾਇਆ ਪੋਲੀਆਨਾ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ ਪਿਤਾ ਦਾ ਦੇਹਾਂਤ ਉਨ੍ਹਾਂ ਦੇ ਬਚਪਨ ਵਿੱਚ ਹੀ ਹੋ ਗਿਆ ਸੀ, ਇਸ ਲਈ ਪਾਲਣ ਪੋਸ਼ਣ ਉਨ੍ਹਾਂ ਦੀ ਚਾਚੀ ਤਤਿਆਨਾ ਨੇ ਕੀਤਾ। ਉੱਚ ਵਰਗੀ ਜ਼ਿਮੀਂਦਾਰਾਂ ਦੀ ਭਾਂਤੀ ਉਨ੍ਹਾਂ ਦੀ ਸਿੱਖਿਆ ਲਈ ਨਿਪੁੰਨ ਵਿਦਵਾਨ ਨਿਯੁਕਤ ਸਨ। ਘੁੜਸਵਾਰੀ, ਸ਼ਿਕਾਰ, ਨਾਚ – ਗਾਨ, ਤਾਸ਼ ਦੇ ਖੇਲ ਆਦਿ ਵਿਦਿਆਵਾਂ ਅਤੇ ਕਲਾਵਾਂ ਦੀ ਸਿੱਖਿਆ ਉਨ੍ਹਾਂ ਨੂੰ ਬਚਪਨ ਵਿੱਚ ਹੀ ਮਿਲ ਚੁੱਕੀ ਸੀ। ਚਾਚੀ ਤਾਤਿਆਨਾ ਉਨ੍ਹਾਂ ਨੂੰ ਆਦਰਸ਼ ਜ਼ਿਮੀਂਦਾਰ ਬਣਾਉਣਾ ਚਾਹੁੰਦੀ ਸੀ ਅਤੇ ਇਸ ਉਦੇਸ਼ ਨਾਲ, ਤਤਕਾਲੀਨ ਸੰਭਰਾਤ ਸਮਾਜ ਦੀ ਕਿਸੇ ਔਰਤ ਨੂੰ ਪ੍ਰੇਮਪਾਤਰੀ ਬਣਾਉਣ ਲਈ ਉਸਕਾਇਆ ਕਰਦੀ ਸੀ। ਯੁਵਾਵਸਥਾ ਵਿੱਚ ਤਾਲਸਤਾਏ ਉੱਤੇ ਇਸਦਾ ਅਨੁਕੂਲ ਪ੍ਰਭਾਵ ਹੀ ਪਿਆ। ਪਰ ਤਾਲਸਤਾਏ ਦਾ ਅੰਤਹਕਰਨ ਇਸਨੂੰ ਉਚਿਤ ਨਹੀਂ ਸਮਝਦਾ ਸੀ। ਆਪਣੀ ਡਾਇਰੀ ਵਿੱਚ ਉਨ੍ਹਾਂ ਨੇ ਇਸਦੀ ਸਪੱਸ਼ਟ ਨਿਖੇਧੀ ਕੀਤੀ ਹੈ। ਉਸ ਵੇਲੇ ਦੇ ਮਾਹੌਲ ਮੁਤਾਬਕ ਉਸ ਵਿੱਚ ਅਮੀਰਜ਼ਾਦਿਆਂ ਵਾਲੀਆਂ ਸਾਰੀਆਂ ਵਹਿਬਤਾਂ ਸਨ। ਆਪਣੀ ਕਿਤਾਬ ‘ਕਨਫੈਸ਼ਨ’ (ਇਕਬਾਲ) ਵਿੱਚ ਇਸ ਬਾਰੇ ਉਹ ਲਿਖਦਾ ਹੈ, ‘‘ਮੈਂ ਯੁੱਧ ਵਿੱਚ ਦੁਸ਼ਮਣਾਂ ਨੂੰ ਕਤਲ ਕੀਤਾ, ਵਿਰੋਧੀਆਂ ਨਾਲ ਦੁਵੱਲੀਆਂ ਲੜਾਈਆਂ ਕੀਤੀਆਂ, ਜੂਆ ਖੇਡਿਆ, ਮਜ਼ਦੂਰਾਂ ’ਤੇ ਜ਼ੁਲਮ ਕੀਤੇ, ਉਨ੍ਹਾਂ ਦੀ ਹੱਕ-ਹਲਾਲ ਦੀ ਕਮਾਈ ਜਬਰੀ ਖੋਹੀ ਅਤੇ ਇਸ ਨੂੰ ਫਜ਼ੂਲ ਖਰਚੀ ਵਿੱਚ ਉਡਾਇਆ। ਵੇਸਵਾਵਾਂ ਨਾਲ ਭੋਗ ਵਿਲਾਸ ਕੀਤਾ, ਵਿਆਹੁਤਾ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਏ, ਝੂਠ, ਚੋਰੀ, ਯਾਰੀ, ਸ਼ਰਾਬਨੋਸ਼ੀ, ਅੱਤਿਆਚਾਰ- ਗੱਲ ਕੀ ਹਰ ਕਿਸਮ ਦੀ ਸ਼ਰਮਨਾਕ ਹਰਕਤ ਕੀਤੀ।’’ ਇੱਥੋਂ ਜ਼ਾਹਰ ਹੁੰਦਾ ਹੈ ਕਿ ਟਾਲਸਟਾਏ ਵਿੱਚ ਆਪਣੇ ਬਾਰੇ ਸੱਚ ਕਹਿਣ ਦਾ ਹੌਸਲਾ ਸੀ।
ਪੰਜਾਹ ਸਾਲ ਦੀ ਉਮਰ ਵਿੱਚ ਜਦੋਂ ਟਾਲਸਟਾਏ ਨੂੰ ਰੂਹਾਨੀ ਜਾਗਰਤੀ ਆਈ ਤਾਂ ਉਸ ਨੇ ਆਪਣੇ ਜੀਵਨ ਵਿੱਚ ਨਾਟਕੀ ਤਬਦੀਲੀ ਲਿਆਂਦੀ। ਭੈੜੇ ਕੰਮਾਂ ਤੋਂ ਤੌਬਾ ਕੀਤੀ। ਆਪਣੀ ਨਿੱਜੀ ਜ਼ਿੰਦਗੀ ਨੂੰ ਦਰਵੇਸ਼ਾਂ ਵਾਲੀ ਬਣਾ ਲਿਆ ਅਤੇ ਆਪਣੇ-ਆਪ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਆਪਣੀਆਂ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਬਦਲੀਆਂ। ਸ਼ਰਾਬ, ਤੰਬਾਕੂ- ਇੱਥੋਂ ਤੱਕ ਕਿ ਚਾਹ ਵੀ ਛੱਡ ਦਿੱਤੀ। ਸ਼ਾਕਾਹਾਰੀ ਬਣ ਗਿਆ। ਆਪਣੇ ਜੋਗੀਆਂ ਲੱਕੜਾਂ ਆਪ ਪਾੜਨੀਆਂ, ਆਪਣੀ ਵਰਤੋਂ ਲਈ ਪਾਣੀ ਢੋਣਾ, ਆਪਣਾ ਕਮੋਡ ਆਪ ਖਾਲੀ ਕਰਨਾ, ਆਪਣੇ ਕਮਰੇ ਦੀ ਆਪ ਸਫ਼ਾਈ ਕਰਨੀ। ਗ਼ਰੀਬਾਂ ਵਰਗੇ ਮੋਟੇ ਅਤੇ ਖੁਰਦਰੇ ਕੱਪੜੇ ਪਾਉਣੇ, ਆਪਣੇ ਬੂਟ ਆਪ ਬਣਾਉਣੇ। ਕਾਮਿਆਂ ਨਾਲ ਰਲ ਕੇ ਹਲ ਵਾਹੁਣਾ ਅਤੇ ਖੇਤੀ ਦੇ ਹੋਰ ਕੰਮ ਕਰਨੇ, ਗੱਲ ਕੀ ਦਸਾਂ ਨਹੁੰਆਂ ਦੀ ਕਮਾਈ ਕਰਨ ਨੂੰ ਉਸ ਨੇ ਆਪਣਾ ਧਰਮ ਬਣਾ ਲਿਆ। ਆਪਣੇ ਇਸ ਕਿਸਮ ਦੇ ਵਿਚਾਰਾਂ ਬਾਰੇ ਉਸ ਨੇ ਫਰਾਂਸੀਸੀ ਲੇਖਕ ਰੋਮੈਨੇ ਰੋਲਾਂ ਨੂੰ ਲਿਖਿਆ, ‘‘ਸੰਖੇਪ ਅਤੇ ਸਾਦਾ ਨੈਤਿਕ ਅਸੂਲ ਇਹ ਹੈ ਕਿ ਦੂਜਿਆਂ ਤੋਂ ਆਪਣੀ ਘੱਟ ਤੋਂ ਘੱਟ ਸੇਵਾ ਕਰਵਾਈ ਜਾਵੇ ਪਰ ਦੂਜਿਆਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ।’’
ਟਾਲਸਟਾਏ ਨੇ ਦੇਸ਼ ਵਿੱਚ ਕਾਲ ਪੈਣ ’ਤੇ ਭੁੱਖਿਆਂ ਲਈ ਲੰਗਰ ਲਗਾਏ। ਮੁਜ਼ਾਰਿਆਂ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਜਿਨ੍ਹਾਂ ਵਿੱਚ ਆਪ ਜਾ ਕੇ ਪੜ੍ਹਾਇਆ। ਸਰਕਾਰ ਨੇ ਜਦੋਂ ਇੱਕ ਅਮਨ ਪਸੰਦ ਧਾਰਮਿਕ ਪੰਥ ਦੂਖੋਬੋਰਜ਼ ’ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਟਾਲਸਟਾਏ ਨੇ ਆਪਣੇ ਨਾਵਲ ‘ਰਿਜੁਰੈਕਸ਼ਨ’ (ਪੁਨਰ ਜੀਵਨ) ਤੋਂ ਮਿਲੇ ਕਿਰਤ ਫਲ ਦੇ ਅੱਸੀ ਹਜ਼ਾਰ ਰੂਬਲ ਉਨ੍ਹਾਂ ਨੂੰ ਦੇ ਦਿੱਤੇ ਤਾਂ ਕਿ ਉਹ ਕੈਨੇਡਾ ਜਾ ਸਕਣ। ਟਾਲਸਟਾਏ ਨੇ ਖ਼ੁਦ ਕਿਹਾ, ‘‘ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਭਰਿਆ ਸਮਾਂ ਉਹ ਸੀ ਜੋ ਮੈਂ ਦੂਜਿਆਂ ਦੀ ਸੇਵਾ ਵਿੱਚ ਲਾਇਆ।’’
ਟਾਲਸਟਾਏ ਨੇ ਸਰਕਾਰ ਅਤੇ ਚਰਚ ਦੀਆਂ ਗ਼ਲ਼ਤ ਨੀਤੀਆਂ ਦੀ ਖੁੱਲ੍ਹੇਆਮ ਨਿਡਰ ਹੋ ਕੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਇਸ ਕਰਕੇ ਦੋਵੇਂ ਉਸ ਦੇ ਖ਼ਿਲਾਫ਼ ਹੋ ਗਏ। ਉਹ ਸੱਚ ਬੋਲਣ ਨੂੰ ਆਪਣਾ ਧਰਮ ਸਮਝਦਾ ਸੀ। ਭਾਵੇਂ ਇਸ ਨਾਲ ਭਾਂਬੜ ਮੱਚੇ ਜਾਂ ਉਸ ਦੀ ਜਾਨ ਨੂੰ ਖ਼ਤਰਾ ਹੋਵੇ। ਉਸ ਦੇ ਵਿਚਾਰਾਂ ਅਤੇ ਵਤੀਰੇ ਕਰਕੇ ਉਸ ਦੀ ਪਤਨੀ, ਪਰਿਵਾਰ, ਜ਼ਾਰ (ਬਾਦਸ਼ਾਹ) ਅਤੇ ਚਰਚ ਅਧਿਕਾਰੀਆਂ ਨਾਲ ਉਸ ਦਾ ਟਕਰਾਅ ਹੋ ਗਿਆ। ਜ਼ਾਰ ਨੂੰ ਉਸ ਨੇ ਸਲਾਹ ਦਿੱਤੀ ਕਿ ਉਹ ਰੂਸ ਵਿੱਚੋਂ ਭੂਮੀ ਦੀ ਨਿਜੀ ਮਲਕੀਅਤ ਨੂੰ ਖ਼ਤਮ ਕਰੇ। ਚਰਚ ਵੱਲੋਂ ਲੋਕਾਂ ਨੂੰ ਬਾਦਸ਼ਾਹਾਂ ਦੀ ਵਡਿਆਈ ਕਰਨ ਅਤੇ ਦੇਸ਼ ਦੇ ਦੁਸ਼ਮਣਾਂ ਦੀ ਬਰਬਾਦੀ ਲਈ ਪ੍ਰਾਰਥਨਾ ਕਰਨ ਨੂੰ ਉਸ ਨੇ ਧਰਮ ਦੀ ਤੌਹੀਨ ਕਿਹਾ। ਇਸ ਕਰਕੇ ਚਰਚ ਅਧਿਕਾਰੀਆਂ ਨੇ ਉਸ ਨੂੰ ਕਾਫ਼ਰ ਕਹਿ ਕੇ ਗ਼ੈਰ-ਈਸਾਈ ਕਰਾਰ ਦੇ ਦਿੱਤਾ। ਬਾਦਸ਼ਾਹ ਨੇ ਉਸ ਦੀਆਂ ਕਿਤਾਬਾਂ ’ਤੇ ਰੋਕ ਲਗਾ ਦਿੱਤੀ ਪਰ ਟਾਲਸਟਾਏ ਸੱਚ ਬੋਲਣੋਂ ਨਾ ਹਟਿਆ।
ਟਾਲਸਟਾਏ ਨੇ ਕਿਹਾ, ‘‘ਮੈਂ ਸਦਾ ਉਹੋ ਲਿਖਾਂਗਾ ਜੋ ਮੇਰੀ ਜ਼ਮੀਰ ਅਤੇ ਆਤਮਾ ਦੀ ਆਵਾਜ਼ ਕਹਿੰਦੀ ਹੈ। ਜੋ ਲੋੜੀਂਦਾ ਹੈ ਅਤੇ ਸਹੀ ਹੈ, ਮੈਂ ਬਿਨਾਂ ਬਾਹਰਲੀਆਂ ਗੱਲਾਂ ਵੱਲ ਧਿਆਨ ਕੀਤਿਆਂ ਲਿਖਦਾ ਰਹਾਂਗਾ।’’
ਬਾਦਸ਼ਾਹ ਅਤੇ ਚਰਚ ਦੇ ਹੁਕਮਾਂ ਦੀ ਉਸ ਨੇ ਕੋਈ ਪ੍ਰਵਾਹ ਨਾ ਕੀਤੀ ਪਰ ਆਪਣੀ ਪਤਨੀ ਅਤੇ ਪਰਿਵਾਰ ਦੇ ਵਤੀਰੇ ਕਾਰਨ ਉਹ ਕਾਫ਼ੀ ਦੁਖੀ ਹੋਇਆ। ‘‘ਮੇਰੇ ਘਰ ਵਿੱਚ ਜ਼ਿੰਦਗੀ ਦਿਨ-ਬ-ਦਿਨ ਹੋਰ ਪਾਗਲਪਣ ਵਾਲੀ ਹੁੰਦੀ ਜਾਂਦੀ ਹੈ। ਸੁਆਦਲਾ ਭੋਜਨ, ਸੋਹਣੇ ਬਸਤਰ, ਹਰ ਪ੍ਰਕਾਰ ਦੀਆਂ ਖੇਡਾਂ, ਮੌਜ-ਮੇਲਾ। ਗ਼ਰੀਬੀ ਅਤੇ ਅੱਤਿਆਚਾਰ ਦੇ ਵਿਚਕਾਰ ਦੌਲਤ ਦਾ ਦਿਖਾਵਾ। ਮੈਂ ਇਸ ਨੂੰ ਰੋਕ ਨਹੀਂ ਸਕਦਾ। ਇਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਬੋਲੇ ਭਾਵੇਂ ਸੁਣ ਲੈਣ ਪਰ ਜਿਹੜੇ ਹਰ ਵੇਲੇ ਸ਼ੋਰ-ਸ਼ਰਾਬਾ ਕਰਦੇ ਹਨ ਉਹ ਕਦੇ ਵੀ ਨਹੀਂ ਸੁਣ ਸਕਣਗੇ। ਮੇਰਾ ਹਿਰਦਾ ਬੜਾ ਦੁਖੀ ਹੈ।’’ ਇੱਕ ਥਾਂ ਹੋਰ ਲਿਖਦਾ ਹੈ, ‘‘ਮੇਰੇ ਆਲੇ-ਦੁਆਲੇ ਧਨ ਦੀ ਭਰਮਾਰ ਅਤੇ ਦੂਜੇ ਪਾਸੇ ਅੰਤਾਂ ਦੀ ਗ਼ਰੀਬੀ ਹੈ। ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਮੈਂ ਇਸ ਫ਼ਰਕ ਨੂੰ ਘਟਾ ਨਹੀਂ ਸਕਦਾ। ਮੇਰੀ ਇਸ ਮਜਬੂਰੀ ਵਿੱਚ ਮੇਰੇ ਨਿੱਜੀ ਦੁਖਾਂਤ ਦਾ ਭੇਦ ਹੈ।’’
ਟਾਲਸਟਾਏ ਨੇ 34 ਸਾਲ ਦੀ ਉਮਰ ਵਿੱਚ 18 ਸਾਲਾ ਸੋਫੀਆ ਨਾਲ ਸ਼ਾਦੀ ਕੀਤੀ। ਉਹ ਸ਼ਾਦੀ ਤੋਂ ਪਿੱਛੋਂ ਪਤਨੀਵਰਤਾ ਰਿਹਾ। ਉਨ੍ਹਾਂ ਦੇ 13 ਬੱਚੇ ਹੋਏ ਪਰ ਟਾਲਸਟਾਏ ਦੇ ਵਿਚਾਰਾਂ ਵਿੱਚ ਪਰਿਵਰਤਨ ਆਉਣ ਕਰਕੇ ਉਸ ਦੀ ਘਰੇਲੂ ਜ਼ਿੰਦਗੀ ਨਰਕ ਬਣ ਗਈ। ਉਸ ਦੀ ਪਤਨੀ ਨੂੰ ਲੱਗਿਆ ਜਿਵੇਂ ਟਾਲਸਟਾਏ ਦੀ ਮੱਤ ਮਾਰੀ ਗਈ ਹੋਵੇ। ਟਾਲਸਟਾਏ ਨੇ ਜਿਉਂਦੇ ਜੀਅ ਆਪਣੀ ਸਾਰੀ ਜਾਇਦਾਦ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਂ ਲਗਵਾ ਦਿੱਤੀ ਪਰ ਫਿਰ ਵੀ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਸ ਦੀਆਂ ਕਿਤਾਬਾਂ ਤੋਂ ਆਉਣ ਵਾਲੀ ਸਾਰੀ ਆਮਦਨ ਵੀ ਪਰਿਵਾਰ ਲਈ ਹੋਵੇ। ਦੂਜੇ ਪਾਸੇ ਟਾਲਸਟਾਏ ਦੀ ਖਾਹਿਸ਼ ਸੀ ਕਿ ਜਿਹੜਾ ਸਾਹਿਤ ਉਸ ਨੇ ਰੂਹਾਨੀ ਜਾਗਰਤੀ ਤੋਂ ਪਿੱਛੋਂ ਲੋਕਾਂ ਤੋਂ ਪ੍ਰੇਰਿਤ ਹੋ ਕੇ ਲਿਖਿਆ ਉਸ ਤੋਂ ਹੋਈ ਆਮਦਨ ਜਨਹਿਤ ਲਈ ਵਰਤੀ ਜਾਵੇ। ਉਸ ਦੀ ਪਤਨੀ ਉਸ ਦੀ ਜਾਸੂਸੀ ਕਰਨ ਲੱਗ ਪਈ। ਟਾਲਸਟਾਏ ਆਪਣੀ ਨਿੱਜੀ ਡਾਇਰੀ ਨੂੰ ਚੋਗੇ ਥੱਲੇ ਜਾਂ ਬੂਟ ਵਿੱਚ ਲੁਕਾ ਕੇ ਰੱਖਦਾ ਸੀ। ਇੱਕ ਰਾਤ ਤਿੰਨ ਵਜੇ ਜਦ ਉਸ ਦੇ ਸੌਣ ਵਾਲੇ ਕਮਰੇ ਵਿੱਚ ਉਸ ਦੀ ਪਤਨੀ ਉਸ ਦੀ ਨਿੱਜੀ ਡਾਇਰੀ ਲੱਭ ਰਹੀ ਸੀ ਤਾਂ ਉਸ ਨੂੰ ਜਾਗ ਆ ਗਈ। ਟਾਲਸਟਾਏ ਉਸੇ ਰਾਤ 28 ਅਕਤੂਬਰ, 1910 ਨੂੰ ਹੱਡ ਭੰਨਵੀਂ ਠੰਢ ਵਿੱਚ ਘਰੋਂ ਕਿਸੇ ਅਗਿਆਤ ਥਾਂ ਲਈ ਰਵਾਨਾ ਹੋ ਗਿਆ। ਜਾਣ ਤੋਂ ਪਹਿਲਾਂ ਉਸ ਨੇ ਕਮੋਡ ਖਾਲੀ ਕੀਤਾ ਅਤੇ ਆਪਣੀ ਪਤਨੀ ਦੇ ਨਾਂ ਇੱਕ ਚਿੱਠੀ ਛੱਡੀ, ਜਿਸ ਵਿੱਚ ਲਿਖਿਆ, ‘‘ਮੇਰਾ ਘਰ ਛੱਡਣਾ ਤੇਰਾ ਦਿਲ ਦੁਖਾਵੇਗਾ। ਮੈਨੂੰ ਅਫ਼ਸੋਸ ਹੈ ਪਰ ਸਮਝਣ ਦੀ ਕੋਸ਼ਿਸ਼ ਕਰ ਕਿ ਮੇਰੇ ਪਾਸ ਹੋਰ ਕੋਈ ਚਾਰਾ ਨਹੀਂ। ਮੇਰਾ ਇਸ ਘਰ ਵਿੱਚ ਰਹਿਣਾ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ।…ਮੈਂ ਆਪਣੇ ਅਖ਼ੀਰਲੇ ਦਿਨ ਇਕਾਂਤ ਅਤੇ ਸ਼ਾਂਤੀ ਵਿੱਚ ਗੁਜ਼ਾਰਨਾ ਚਾਹੁੰਦਾ ਹਾਂ।’’
ਰੇਲ ਦੇ ਤੀਜੇ ਦਰਜੇ ਦੇ ਡੱਬੇ ਵਿੱਚ ਸਫ਼ਰ ਕਰਦਿਆਂ ਉਸ ਨੂੰ ਨਿਮੂਨੀਆ ਹੋ ਗਿਆ ਤਾਂ ਰਸਤੇ ਵਿੱਚ ਇੱਕ ਛੋਟੇ ਜਿਹੇ ਸਟੇਸ਼ਨ ਐਸਟਾਪੋਵਾ ’ਤੇ ਉਤਾਰ ਲਿਆ ਗਿਆ। ਇੱਕ ਹਫ਼ਤਾ ਸਟੇਸ਼ਨ ਮਾਸਟਰ ਦੇ ਘਰ ਰਹਿਣ ਪਿੱਛੋਂ 20 ਨਵੰਬਰ 1910 ਨੂੰ ਤੜਕੇ ਉਸ ਦੀ ਰੂਹ ਸਰੀਰਕ ਅਤੇ ਸੰਸਾਰਕ ਕੈਦ ਤੋਂ ਆਜ਼ਾਦ ਹੋ ਗਈ। ਮਰਨ ਤੋਂ ਕੁਝ ਦੇਰ ਪਹਿਲਾਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਉਹ ਬੁੜ-ਬੁੜਾਇਆ, ‘‘ਮੈਨੂੰ ਐਸੀ ਥਾਂ ਲੈ ਚੱਲੋ ਜਿੱਥੇ ਮੈਨੂੰ ਕੋਈ ਲੱਭ ਨਾ ਸਕੇ।’’ ਉਸ ਦੇ ਅੰਤਿਮ ਸ਼ਬਦ ਸਨ, ‘‘ਸੱਚ ਦਾ…ਮੈਨੂੰ ਹਰ ਸਮੇਂ ਖ਼ਿਆਲ ਹੈ।’’
ਜ਼ਾਰ ਨੇ ਲੋਕਾਂ ਨੂੰ ਉਸ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ’ਤੇ ਪਾਬੰਦੀ ਲਗਾ ਦਿੱਤੀ। ਚਰਚ ਅਧਿਕਾਰੀਆਂ ਨੇ ਕਿਸੇ-ਕਿਸਮ ਦੀ ਧਾਰਮਿਕ ਰਸਮ ਨਾ ਹੋਣ ਦਿੱਤੀ। ਫਿਰ ਵੀ ਹਜ਼ਾਰਾਂ ਲੋਕ ਉਸ ਦੇ ਅੰਤਿਮ ਦਰਸ਼ਨਾਂ ਲਈ ਆਏ ਅਤੇ ਉਸ ਨੂੰ ਉਸ ਵੱਲੋਂ ਚੁਣੀ ਹੋਈ ਥਾਂ ’ਤੇ ਦਫ਼ਨਾਇਆ ਗਿਆ।
ਦਸ ਸਾਲ ਪਿੱਛੋਂ ਅਕਤੂਬਰ 1917 ਵਿੱਚ ਰੂਸ ਵਿੱਚ ਕ੍ਰਾਂਤੀਕਾਰੀਆਂ ਨੇ ਬਾਦਸ਼ਾਹ ਅਤੇ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਅਤੇ ਜਾਗੀਰਦਾਰਾਂ ਦੀਆਂ ਹਵੇਲੀਆਂ ਨੂੰ ਸਾੜ ਦਿੱਤਾ। ਉਨ੍ਹਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਪਰ ਟਾਲਸਟਾਏ ਦੀ ਖਾਨਦਾਨੀ ਹਵੇਲੀ ਯਮਨਾਇਆ ਪੋਲੀਅਣਾ ਦੀ ਗ਼ਰੀਬ ਕਿਸਾਨਾਂ ਨੇ ਰਾਖੀ ਕੀਤੀ ਅਤੇ ਉਸ ਦੇ ਖਾਨਦਾਨ ਦੇ ਕਿਸੇ ਵਿਅਕਤੀ ਦਾ ਵਾਲ ਵਿੰਗਾ ਨਾ ਹੋਣ ਦਿੱਤਾ।
ਰੂਹਾਨੀ ਜਾਗਰਤੀ ਤੋਂ ਪਹਿਲਾਂ ਅਤੇ ਪਿੱਛੋਂ ਰਚੇ ਟਾਲਸਟਾਏ ਦੇ ਸਾਹਿਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਪਹਿਲੇ ਪੜਾਅ ਦੇ ਪ੍ਰਸਿੱਧ ਨਾਵਲ ਹਨ, ‘ਐਨਾ ਕਰਨੀਨਾ’ ਅਤੇ ‘ਜੰਗ ਤੇ ਅਮਨ’। ਜ਼ਿਆਦਾਤਰ ਆਲੋਚਕ ‘ਜੰਗ ਅਤੇ ਅਮਨ’ ਨੂੰ ਦੁਨੀਆਂ ਦਾ ਬਿਹਤਰੀਨ ਨਾਵਲ ਕਰਾਰ ਦਿੰਦੇ ਹਨ। ਇਸ ਵਿੱਚ 500 ਤੋਂ ਵੱਧ ਜਿਉਂਦੇ ਜਾਗਦੇ ਪਾਤਰ ਹਨ। ਵਿਸ਼ੇ ਅਤੇ ਸ਼ੈਲੀ ਪੱਖੋਂ ਇਹ ਨਾਵਲ ਨਿਪੁੰਨ ਹੈ ਪਰ ਪਿਛਲੀ ਉਮਰ ਵਿੱਚ ਟਾਲਸਟਾਏ ਨੂੰ ਇਨ੍ਹਾਂ ਅਮਰ ਨਾਵਲਾਂ ਦਾ ਲੇਖਕ ਹੋਣ ’ਤੇ ਸ਼ਰਮ ਆਉਂਦੀ ਸੀ। ਉਹ ਸਮਝਦਾ ਸੀ ਕਿ ਦੁਨਿਆਵੀ ਮਾਮਲਿਆਂ ਅਤੇ ਇਨਸਾਨੀ ਰਿਸ਼ਤਿਆਂ ਬਾਰੇ ਲਿਖ ਕੇ ਉਸ ਨੇ ਵਕਤ ਬਰਬਾਦ ਕੀਤਾ। ਉਸ ਨੂੰ ਉਹ ਲਿਖਤਾਂ ਪਿਆਰੀਆਂ ਸਨ ਜੋ ਉਸ ਨੇ ਸਰਲ ਭਾਸ਼ਾ ਵਿੱਚ ਇਖਲਾਕੀ ਅਤੇ ਰੂਹਾਨੀ ਵਿਸ਼ਿਆਂ ਬਾਰੇ ਰਚੀਆਂ। ਮਿਸਾਲ ਵਜੋਂ ਜਵਾਨੀ ਵਿੱਚ ਉਸ ਨੇ ਜਿਸ ਕੁਆਰੀ ਕੁੜੀ ਦੀ ਪਤ ਲੁੱਟੀ ਸੀ ਉਸ ਨੂੰ ਆਪਣੇ ਅੰਤਿਮ ਨਾਵਲ ਰਿਜੂਰੈਕਸ਼ਨ ਵਿੱਚ ਨਾਇਕਾ ਬਣਾਇਆ। ਇਹ ਨਾਵਲ ਲੇਖਕ ਦੇ ਆਪਣੇ ਰੂਹਾਨੀ ਪੁਨਰ ਜੀਵਨ ਦੀ ਵੀ ਕਹਾਣੀ ਹੈ।
ਟਾਲਸਟਾਏ ਦੇ ਦੇਹਾਂਤ ਨੂੰ ਸੌ ਸਾਲ ਤੋਂ ਵੀ ਜ਼ਿਆਦਾ ਹੋ ਗਏ ਹਨ। ਉਸ ਦੇ ਜੀਵਨ ਤੋਂ ਅੱਜ ਵੀ ਦੁਨੀਆਂ ਭਰ ਵਿੱਚ ਲੱਖਾਂ ਲੋਕ ਪ੍ਰੇਰਿਤ ਹੁੰਦੇ ਹਨ। ਉਸ ਦੀਆਂ ਲਿਖਤਾਂ ਅਨੇਕਾਂ ਬੋਲੀਆਂ ਵਿੱਚ ਪੂਰੀ ਦੁਨੀਆਂ ਵਿੱਚ ਪੜ੍ਹੀਆਂ ਜਾਂਦੀਆਂ ਹਨ। ਉਸ ਦਾ ਰਚਿਆ ਸਾਹਿਤ ਸੱਚ ’ਤੇ ਆਧਾਰਿਤ ਹੋਣ ਕਰਕੇ ਸਦੀਵੀ ਹੈ।
ਮਹਾਤਮਾ ਗਾਂਧੀ ਉਤੇ ਟਾਲਸਟਾਏ ਦੀ ਸ਼ਖ਼ਸੀਅਤ ਦਾ ਡੂੰਘਾ ਅਸਰ ਸੀ। ਦੱਖਣੀ ਅਫ਼ਰੀਕਾ ਵਿੱਚ ਆਪਣੇ ਆਸ਼ਰਮ ਦਾ ਨਾਂ ਉਨ੍ਹਾਂ ਨੇ ਟਾਲਸਟਾਏ ਦੇ ਨਾਂ ’ਤੇ ਰੱਖਿਆ ਅਤੇ ਟਾਲਸਟਾਏ ਦੀ ‘ਕਨਫੈਸ਼ਨ’ ਨੂੰ ਆਪਣੀ ਸਵੈ-ਜੀਵਨੀ ਦਾ ਆਧਾਰ ਬਣਾਇਆ। ਉਨ੍ਹਾਂ ਨੇ ਟਾਲਸਟਾਏ ਨੂੰ ‘ਮਹਾਂਰਿਸ਼ੀ’ ਦੀ ਪਦਵੀ ਦਿੱਤੀ ਅਤੇ ਸੰਨ 1928 ਵਿੱਚ ਉਸ ਦੀ ਜਨਮ ਸ਼ਤਾਬਦੀ ਦੇ ਜਸ਼ਨਾਂ ਵਿੱਚ ਇਹ ਸ਼ਰਧਾਂਜਲੀ ਦਿੱਤੀ, ‘‘ਉਹ ਆਪਣੇ ਵੇਲੇ ਦਾ ਸਭ ਤੋਂ ਸੱਚਾ ਪੁਰਸ਼ ਸੀ। ਉਸ ਦਾ ਜੀਵਨ ਸੱਚ ਦੀ ਭਾਲ ਦੀ ਅਣਥੱਕ ਅਤੇ ਅਤੁੱਟ ਕੋਸ਼ਿਸ਼ ਸੀ। ਜਿੰਨਾ ਸੱਚ ਉਸ ਨੇ ਪ੍ਰਾਪਤ ਕੀਤਾ, ਉਸ ’ਤੇ ਅਮਲ ਕੀਤਾ ਹੈ। ਉਸ ਨੇ ਸੱਚ ਨਾ ਕਦੇ ਛੁਪਾਇਆ ਅਤੇ ਨਾ ਸਮਾਜ ਜਾਂ ਹਕੂਮਤ ਦੇ ਡਰ ਕਰਕੇ ਬਦਲਿਆ ਜਾਂ ਬਿਆਨ ਕਰਨ ਤੋਂ ਕੰਨੀ ਕਤਰਾਈ।’’
ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਟਾਲਸਟਾਏ ਦਾ ਜੀਵਨ ਅਤੇ ਲਿਖਤਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਇਨਸਾਨ ਕੋਸ਼ਿਸ਼ ਕਰੇ ਤਾਂ ਆਪਣੀ ਸ਼ੈਤਾਨੀ ਪ੍ਰਵਿਰਤੀ ’ਤੇ ਕਾਬੂ ਪਾ ਸਕਦਾ ਹੈ ਅਤੇ ਪਾਪੀ ਤੋਂ ਪਾਰਸਾ ਅਤੇ ਸਾਧਾਰਨ ਵਿਅਕਤੀ ਤੋਂ ਸੰਤ ਬਣ ਸਕਦਾ ਹੈ।

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਆਓ, ਜ਼ਿੰਦਗੀ ਦੇ ਮਕਸਦਾਂ ਵੱਲ ਵਧੀਏ! ਜੋ ਵੀ ਸਾਨੂੰ ਰਸਤੇ ਤੋਂ ਭਟਕਾਏ, ਗੈਲੀਲਿਓ ਦੀ ਤਰ੍ਹਾਂ ਠੋਕਰ ਮਾਰ ਕੇ ਉਸ ਅੜਚਨ ਨੂੰ ਪੁਲ ਵਜੋਂ ਵਰਤ ਲਈਏ – (15 ਫਰਵਰੀ ਜਨਮ ਦਿਨ ਤੇ ਵਿਸ਼ੇਸ਼)

ਮਨੁੱਖੀ ਜੀਵਨ ਕਦੇ ਵੀ ਸਾਵਾਂ-ਪੱਧਰਾ ਨਹੀਂ ਹੁੰਦਾ। ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਸਾਨੂੰ ਕਿਸੇ ਵੀ ਸਥਿਤੀ ਵਿੱਚ ਘਬਰਾਉਣਾ ਨਹੀਂ ਚਾਹੀਦਾ ਤੇ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਕੋਈ ਵੀ


Print Friendly
Important Days0 Comments

ਹੈਨਰੀ ਡਿਊਨਾ ਅਤੇ ਭਾਈ ਘੱਨ੍ਹਈਆ ਜੀ ਦੇ ਨਿਸ਼ਕਾਮ ਆਦਰਸ਼ਾਂ ਨੂੰ ਘਰ ਘਰ ਪਹੁੰਚਾਉਣ ਦੀ ਲੋੜ (8 ਮਈ ਰੈਡ ਕਰਾਸ ਦਿਵਸ ਤੇ ਵਿਸ਼ੇਸ਼)

ਸੰਸਾਰ ਭਰ ਵਿਚ 8 ਮਈ ਦਾ ਦਿਹਾੜਾ ਰੈਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਦੀ ਯਾਦ ਵਿਚ ‘ਵਿਸ਼ਵ ਰੈਡ ਕਰਾਸ-ਰੈਡ ਕਰੀਸੈਂਟ ਦਿਵਸ’ ਵਜੋਂ ਮਨਾਇਆ ਜਾਂਦਾ


Print Friendly
Important Days0 Comments

ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ – 3 ਫਰਵਰੀ

ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਸਦਾ ਇਸ ਗੱਲ ਦਾ ਗਵਾਹ ਰਿਹੈ ਕਿ ਕੌਮ ਦੇ ਜੰਗਜੂ ਯੋਧਿਆਂ ਨੇ ਆਪਣੇ ਜਾਤੀ-ਮੁਫ਼ਾਦਾਂ ਨੂੰ ਇੱਕ-ਪਾਸੇ ਕਰ ਹਮੇਸ਼ਾਂ ਕੌਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ


Print Friendly