Print Friendly
ਦੁਸਹਿਰੇ ਦਾ ਸੰਦੇਸ਼ – ਰਾਵਣ ਆਦਿ ਦੇ ਪੁਤਲੇ ਸਾੜਣ ਦੇ ਨਾਲ-ਨਾਲ ਆਪਣੇ ਅੰਦਰ ਬੈਠੀ ਬੁਰਾਈ ਦਾ ਵੀ ਅੰਤ ਕਰਨ ਦੀ ਕੋਸ਼ਿਸ਼ ਕਰੀਏ

ਦੁਸਹਿਰੇ ਦਾ ਸੰਦੇਸ਼ – ਰਾਵਣ ਆਦਿ ਦੇ ਪੁਤਲੇ ਸਾੜਣ ਦੇ ਨਾਲ-ਨਾਲ ਆਪਣੇ ਅੰਦਰ ਬੈਠੀ ਬੁਰਾਈ ਦਾ ਵੀ ਅੰਤ ਕਰਨ ਦੀ ਕੋਸ਼ਿਸ਼ ਕਰੀਏ

ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਉਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਹੋਂਦ ਕਾਇਮ ਰਹਿ ਸਕੀ ਹੈ ਜਿਨ੍ਹਾਂ ਦਾ ਸੰਬੰਧ ਬਹੁ-ਗਿਣਤੀ ਲੋਕਾਂ ਦੀਆਂ ਸਾਂਝੀਆਂ ਖੁਸ਼ੀਆਂ ਨਾਲ ਹੈ ਜਾਂ ਜਿਨ੍ਹਾਂ ਨਾਲ ਮਨੁੱਖਤਾ ਦੇ ਭਲੇ ਦੀ ਗੱਲ ਜੁੜੀ ਹੋਈ ਹੈ ਤੇ ਜਿਹੜੇ ਲੋਕਾਂ ਨੂੰ ਪ੍ਰੇਮ ਤੇ ਭਾਈਚਾਰੇ ਦੀ ਭਾਵਨਾ ਰਾਹੀਂ ਇਕ-ਦੂਜੇ ਨਾਲ ਜੋੜਦੇ ਹਨ।
ਦੁਸਹਿਰੇ ਦਾ ਤਿਉਹਾਰ ਬਹੁਤ ਪੁਰਾਣੇ ਸਮੇਂ ਤੋਂ ਮਨਾਏ ਜਾਣ ਵਾਲੇ ਤਿਉਹਾਰਾਂ ‘ਚੋਂ ਇਕ ਪ੍ਰਮੁੱਖ ਤਿਉਹਾਰ ਹੈ। ਪਿੰਡਾਂ, ਨਗਰਾਂ, ਸ਼ਹਿਰਾਂ, ਮੁਹੱਲਿਆਂ ਵਿਚ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਇਹ ਤਿਉਹਾਰ ਰਾਮ ਚੰਦਰ, ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪ੍ਰਤੀਕਾਂ ਰਾਹੀਂ ਸਾਨੂੰ ਅੱਜ ਵੀ ਸੁਨੇਹਾ ਦਿੰਦਾ ਹੈ ਕਿ ਬਦੀ ਥੋੜ੍ਹੀ ਦੇਰ ਤਾਂ ਜ਼ਰੂਰ ਵਧਦੀ ਹੈ ਪਰ ਅਖੀਰ ਵਿਚ ਜਿੱਤ ਨੇਕੀ (ਸੱਚ) ਦੀ ਹੁੰਦੀ ਹੈ। ਝੂਠ ਨੂੰ ਸੱਚ ਅੱਗੇ ਝੁਕਣਾ ਹੀ ਪੈਂਦਾ ਹੈ ਤੇ ਆਪਣੀ ਹਾਰ ਮੰਨਣੀ ਹੀ ਪੈਂਦੀ ਹੈ। ਬੁਰਾਈ ਚੰਗਿਆਈ ਅੱਗੇ ਕਦੇ ਨਹੀਂ ਟਿਕ ਸਕਦੀ। ਹੰਕਾਰ ਮਨੁੱਖ ਨੂੰ ਨਾਸ਼ ਦੇ ਰਾਹ ਵੱਲ ਲੈ ਜਾਂਦਾ ਹੈ। ਤਾਕਤ, ਧਨ-ਦੌਲਤ ਦਾ ਹੰਕਾਰ ਮਨੁੱਖ ਨੂੰ ਸਮਾਜ ਵਿਚ ਫਿੱਕਾ ਪਾ ਦਿੰਦਾ ਹੈ। ਜਬਰ, ਜ਼ੁਲਮ, ਝੂਠ ਅਤੇ ਅਨਿਆਂ ਦਾ ਸਾਥ ਦੇਣ ਵਾਲਿਆਂ ਨੂੰ ਅੰਤ ਸਜ਼ਾ ਭੁਗਤਣੀ ਹੀ ਪੈਂਦੀ ਹੈ। ਅਜਿਹਾ ਹੀ ਹੋਇਆ ਹੈ ਰਾਵਣ, ਮੇਘਨਾਥ ਤੇ ਕੁੰਭਕਰਨ ਨਾਲ। ਅੱਸੂ ਮਹੀਨੇ ਵਿਚ ਨਰਾਤੇ ਹੁੰਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ‘ਨੌਂ ਨਰਾਤੇ ਦਸਵਾਂ ਦੁਸਹਿਰਾ’
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼, ਚੌਥੀ ਵਾਰ, 1981 ਪੰਨਾ 615 ‘ਤੇ ਦੁਸਹਿਰੇ ਸੰਬੰਧੀ ਵਰਣਨ ਕੀਤਾ ਹੈ। ਦੁਸਹਿਰਾ-ਜਿਸ ਦਿਨ ਦਸ ਪਾਪ ਨਾਸ਼ ਕਰਨ ਵਾਲੀ ਗੰਗਾ ਦਾ ਜਨਮ ਪੁਰਾਣਾਂ ਨੇ ਲਿਖਿਆ ਹੈ। ਉਨ੍ਹਾਂ ਨੇ ਦਸ ਪਾਪ ਇਹ ਦੱਸੇ ਹਨ-ਇਕਰਾਰ ਕਰਕੇ ਪੂਰਾ ਨਾ ਕਰਨਾ, ਹਿੰਸਾ, ਵੇਦ ਵਿਰੁੱਧ ਕਰਮ, ਪਰ-ਇਸਤਰੀ ਗਮਨ, ਕੁਵਾਕਯ (ਭੈੜੇ ਸ਼ਬਦ) ਕਹਿ ਕੇ ਮਨ ਦੁਖੀ ਕਰਨਾ, ਝੂਠ, ਚੁਗਲੀ, ਚੋਰੀ, ਕਿਸੇ ਦਾ ਬੁਰਾ ਚਿਤਵਣਾ ਅਤੇ ਫਜ਼ੂਲ ਬਕਬਾਦ ਕਰਨਾ। ਇਸੇ ਤਰ੍ਹਾਂ ਉਹ ਅੱਗੇ ਲਿਖਦੇ ਹਨ। ਵਿਜਯ ਦਸ਼ਮੀ, ਅੱਸੂ ਸੁਦੀ 10, ਇਸ ਦਿਨ ਦਸ ਸੀਸਧਾਰੀ ਰਾਵਣ ਦੇ ਵਧ ਲਈ ਸ਼੍ਰੀ ਰਾਮ ਚੰਦਰ ਜੀ ਨੇ ਚੜ੍ਹਾਈ ਕੀਤੀ ਸੀ। ”ਤਿਥਿ ਵਿਜਯ ਦਸਮੀ ਪਾਇ। ਉਠਿ ਚਲੇ ਸ੍ਰੀ ਰਘੁਰਾਇ।” (ਰਾਮਚੰਦ੍ਰਿਕਾ)
ਰਾਵਣ ਇਕ ਉੱਚ ਸ਼ਕਤੀਮਾਨ ਰਾਜਾ, ਮਹਾਨ ਵਿਦਵਾਨ ਤੇ ਬ੍ਰਾਹਮਣ ਸੀ ਜੋ ਚਾਰੇ ਵੇਦਾਂ ਦਾ ਗਿਆਤਾ ਸੀ। ਉਸ ਕੋਲ ਸ਼ਕਤੀਆਂ ਦਾ ਭੰਡਾਰ ਸੀ। ਇਹ ਭਰਮ ਵੀ ਉਸ ਨੇ ਪਾਲ ਰੱਖਿਆ ਸੀ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਹੈ, ਉਸ ਦਾ ਕੋਈ ਸਾਨੀ ਨਹੀਂ। ਉਸ ਦਾ ਪੁੱਤਰ ਮੇਘਨਾਥ ਜਿਸ ਨੂੰ ਲੋਕ ‘ਇੰਦਰਜੀਤ’ ਕਹਿ ਕੇ ਪੁਕਾਰਦੇ ਸਨ। ਕੁੰਭਕਰਨ, ਜੋ ਰਾਵਣ ਦਾ ਵੱਡਾ ਭਰਾ ਸੀ, ਅਤਿ ਬਲਸ਼ਾਲੀ ਸੀ। ਰਾਵਣ ਇਕ ਮਹਾਨ ਯੋਧਾ, ਸੂਰਬੀਰ, ਦੂਰਅੰਦੇਸ਼ੀ ਤੇ ਉੱਚ ਖਿਆਲਾਂ ਦਾ ਵਿਦਵਾਨ ਹੋਇਆ ਹੈ ਤਾਂ ਹੀ ਭਗਵਾਨ ਸ਼੍ਰੀ ਰਾਮ ਚੰਦਰ ਨੇ ਲਕਸ਼ਮਣ (ਲਛਮਣ) ਨੂੰ ਇਹ ਆਦੇਸ਼ ਦਿੱਤਾ ਸੀ ਕਿ ਰਾਵਣ ਕੋਲ ਜਾ ਕੇ ਸਿੱਖਿਆ ਪ੍ਰਾਪਤ ਕਰੇ। ਰਾਵਣ ਨੇ ਲਕਸ਼ਮਣ ਨੂੰ ਚਾਰ ਸਿੱਖਿਆਵਾਂ ਪ੍ਰਦਾਨ ਕੀਤੀਆਂ ਜੋ ਉਸ ਦੀ ਜ਼ਿੰਦਗੀ ਦਾ ਨਿਚੋੜ ਸਨ, ਜਿਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਜੋ ਵੀ ਕੰਮ ਕਰਨਾ ਹੈ, ਆਪਣੇ ਬਲਬੂਤੇ ‘ਤੇ ਕਰਨਾ ਹੈ।
ਨਿਮਰਤਾ ਦੀ ਮੂਰਤ ਸ਼੍ਰੀ ਰਾਮ ਚੰਦਰ ਜੀ ਨੇ ਵਿਸ਼ਨੂੰ ਅਵਤਾਰ ਹੁੰਦੇ ਹੋਏ ਵੀ ਇਕ ਸਾਧਾਰਨ ਮਨੁੱਖ ਵਾਂਗ ਜੀਵਨ ਬਿਤਾਇਆ। ਵਿੱਦਿਆ ਆਪਣੇ ਗੁਰੂਆਂ ਵਸ਼ਿਸ਼ਠ ਅਤੇ ਵਿਸ਼ਵਾਮਿੱਤਰ ਤੋਂ ਪ੍ਰਾਪਤ ਕੀਤੀ। ਪਿਤਾ ਦੇ ਵਚਨਾਂ ਦੀ ਪਾਲਣਾ ਲਈ ਮਾਤਾ ਕੈਕੇਈ ਨੂੰ ਨਮਸਕਾਰ ਕਰਕੇ 14 ਸਾਲ ਬਨਵਾਸ ਕੱਟਿਆ। ਜਾਂਦਿਆਂ ਹੋਇਆਂ ਮਾਂ ਨੂੰ ਕਿਹਾ, ”ਮਾਂ! ਮੈਂ ਤੇਰਾ ਰਿਣੀ ਹਾਂ, ਧੰਨਵਾਦੀ ਹਾਂ ਤੂੰ ਮੈਨੂੰ ਪਿਤਾ ਜੀ ਦੇ ਵਚਨਾਂ ਨੂੰ ਪੂਰਾ ਕਰਨ ਦਾ ਸੁਭਾਗਾ ਮੌਕਾ ਬਖਸ਼ਿਆ। ਜੰਗਲ ਵਿਚ ਰਿਸ਼ੀਆਂ-ਮੁਨੀਆਂ ਦੀ ਸੇਵਾ ਕਰਕੇ ਆਸ਼ੀਰਵਾਦ ਅਤੇ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕੀਤਾ।” ਇਹੀ ਨਹੀਂ ਵਿਸ਼ਵਾਮਿੱਤਰ ਤੋਂ ਰਾਵਣ ਦੀ ਹੱਤਿਆ ਲਈ ਵਿਸ਼ੇਸ਼ ਤੰਤਰ ਰਾਹੀਂ ਵਿਸ਼ੇਸ਼ ਵਿਜੇ ਸਾਧਨਾ ਪੂਰੀ ਕੀਤੀ ਅਤੇ ਰਿਸ਼ੀ ਅਗਸਤ ਜੀ ਤੋਂ ਆਦਿਤਯ ਹਿਰਦੇ ਸ੍ਰੋਤ ਦੀ ਪਾਠ ਪੂਜਾ ਸਿੱਖ ਕੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਰਾਵਣ ਦੀ ਧੁੰਨੀ ਵਿਚ ਸਥਿਤ ਅੰਮ੍ਰਿਤ ਕਲਸ਼ ਨੂੰ ਸੂਰਜ ਮੰਤਰਾਂ ਦੀ ਮਦਦ ਨਾਲ ਸੁਕਾ ਕੇ ਰਾਵਣ ‘ਤੇ ਜਿੱਤ ਹਾਸਲ ਕੀਤੀ। ਮਰਿਆਦਾਵਾਂ ਦੇ ਤਹਿਤ ਕਈ ਵਾਰ ਯੁੱਧ ਤੋਂ ਪਹਿਲਾਂ ਰਾਵਣ ਨੂੰ ਧਰਮ ਦੇ ਰਸਤੇ ‘ਤੇ ਲਿਆਉਣ ਲਈ ਕਦੇ ਹਨੂੰਮਾਨ, ਕਦੇ ਅੰਗਦ ਅਤੇ ਕਦੇ ਵਿਭੂਸ਼ਣ ਨੂੰ ਕੁੰਭਕਰਨ ਕੋਲ ਭੇਜ ਕੇ ਸ਼ਾਂਤ ਦਾ ਦੂਤ ਬਣਾ ਕੇ ਯੁੱਧ ਟਾਲਣ ਦੀ ਕੋਸ਼ਿਸ਼ ਕੀਤੀ। ਅਖੀਰ ਉਲਟ ਸਥਿਤੀਆਂ ਵਿਚ ਅਧਰਮ ‘ਤੇ ਧਰਮ ਦਾ ਜੇਤੂ ਝੰਡਾ ਝੁਲਾਉਣ ਲਈ ਦਸ ਸਿਰਾਂ ਵਾਲੇ ਰਾਵਣ ਨੂੰ ਮਾਰ ਕੇ ਮਨੁੱਖ ਜਾਤੀ ਨੂੰ ਦੁਸਹਿਰੇ ਨੂੰ ਤਿਉਹਾਰ ਵਜੋਂ ਮਨਾਉਣ ਦਾ ਤੋਹਫਾ ਦੇਣ ਦੇ ਨਾਲ ਗਿਆਨ ਵਧਾਉਣ ਦਾ ਮੌਕਾ ਪ੍ਰਦਾਨ ਕੀਤਾ ਤਾਂ ਕਿ ਮਨੁੱਖ ਜਾਤੀ ਪ੍ਰਭੂ ਰਾਮ ਦੀਆਂ ਨੀਤੀਆਂ ਤੇ ਮਰਿਆਦਾਵਾਂ ਨੂੰ ਯਾਦ ਰੱਖੇ।
ਦੇਸ਼ ‘ਚ ਉੱਤਰ ਤੋਂ ਲੈ ਕੇ ਦੱਖਣ ਤਕ ਇਹ ਤਿਉਹਾਰ ਕਿਸੇ ਨਾ ਕਿਸੇ ਰੂਪ ਵਿਚ ਪ੍ਰੇਮ ਤੇਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਤਰ ਵਿਚ ਜੇ ਕੁੱਲੂ ਦਾ ਦੁਸਹਿਰਾ ਪ੍ਰਸਿੱਧ ਹੈ ਤਾਂ ਦੱਖਣ ਵਿਚ ਮੈਸੂਰ ਦਾ ਦੁਸਹਿਰਾ ਇਸ ਤੋਂ ਵੱਧ ਮਹੱਤਤਾ ਰੱਖਦਾ ਹੈ। ਉਥੇ ਇਸ ਨੂੰ ਵਿਜੇ ਦਸਮੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ ਲੋਕ ਅੱਜ ਵੀ ਵਿਜੇ ਦਸਮੀ ਵਾਲੇ ਦਿਨ ਸ਼ਮੀਕ ਰੁੱਖ ਦੇ ਪੱਤੇ ਇਕ ਦੂਜੇ ਨੂੰ ਦੇਣਾ ਸ਼ੁੱਭ ਸਮਝਦੇ ਹਨ। ਪੂਜਾ ਵੀ ਦੁਸਹਿਰੇ  ਵਾਂਗ ਬਦੀ ਉਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ ਕਿਉਂਕਿ ਇਸ ਦਿਨ ਖੂੰਖਾਰ ਦੈਂਤ ਮਹਿਖਾਸੁਰ ਦਾ ਸੰਘਾਰ ਦੁਰਗਾ ਦੇ ਹੱਥੋਂ ਹੁੰਦਾ ਹੈ।
ਦੁਸਹਿਰੇ ਤੋਂ 10-12 ਦਿਨ ਪਹਿਲਾਂ ਹਰ ਪਿੰਡ ਤੇ ਹਰ ਸ਼ਹਿਰ ਵਿਚ ਰਾਮ ਲੀਲਾ ਹੁੰਦੀ ਹੈ। ਕਈ ਥਾਵਾਂ ‘ਤੇ ਰਾਮ ਲੀਲਾ ਵਿਚ ਸ਼੍ਰੀ ਰਾਮ ਚੰਦਰ ਦਾ ਰੋਲ ਕਰ ਰਹੇ ਵਿਅਕਤੀ ਦਾ ਵਿਆਹ ਸੱਚਮੁੱਚ ਕੀਤਾ ਜਾਂਦਾ ਹੈ। ਵੱਡੇ ਸ਼ਹਿਰਾਂ ਵਿਚ ਤਾਂ ਦੁਸਹਿਰੇ ਦਾ ਤਿਉਹਾਰ ਕਈ ਥਾਵਾਂ ‘ਤੇ ਮਨਾਇਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸ਼ਹਿਰਾਂ ਵਿਚ ਦੁਪਹਿਰ ਸਮੇਂ ਝਾਕੀਆਂ ਗਲੀਆਂ ਬਾਜ਼ਾਰਾਂ ‘ਚੋਂ ਹੁੰਦੀਆਂ ਹੋਈਆਂ ਮੇਲੇ ਵਾਲੀ ਥਾਂ ‘ਤੇ ਤਿੰਨ ਚਾਰ ਵਜੇ ਤਕ ਪੁੱਜ ਜਾਂਦੀਆਂ ਹਨ। ਲੋਕ ਆਪਣੇ ਪਰਿਵਾਰਾਂ ਸਮੇਤ ਪੈਦਲ, ਟਰਾਲੀਆਂ, ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ‘ਤੇ ਦੁਸਹਿਰੇ ਦਾ ਮੇਲਾ ਦੇਖਣ ਜਾਂਦੇ ਹਨ। ਮੇਲੇ ਵਿਚ ਲੋਕ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ‘ਤੇ ਝੂਟੇ ਲੈਂਦੇ ਹਨ। ਮੇਲੇ ਵਿਚ ਬੱਚੇ, ਨੌਜਵਾਨ ਬੰਸਰੀਆਂ, ਗੁਬਾਰੇ, ਖਿਡੌਣੇ ਖਰੀਦਦੇ ਹਨ। ਜਦਕਿ ਲੜਕੀਆਂ, ਔਰਤਾਂ ਕਾਂਟੇ, ਟਾਪਸ, ਚੇਨੀਆਂ, ਚੂੜੀਆਂ, ਬਿੰਦੀਆਂ ਤੇ ਹੋਰ ਹਾਰ-ਸ਼ਿੰਗਾਰ ਦਾ ਸਾਮਾਨ ਖਰੀਦਣਾ ਪਸੰਦ ਕਰਦੀਆਂ ਹਨ।
ਦੁਸਹਿਰੇ ਵਾਲੇ ਦਿਨ ਹਲਵਾਈਆਂ ਦੀਆਂ ਦੁਕਾਨਾਂ, ਬਾਜ਼ਾਰਾਂ ਵਿਚ ਖੂਬ ਸਜਾਵਟ ਕੀਤੀ ਜਾਂਦੀ ਹੈ। ਵੱਡੇ ਸ਼ਹਿਰਾਂ ਵਿਚ ਤਿੰਨ ਬੁੱਤ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬਣਾਏ ਜਾਂਦੇ ਹਨ ਪਰ ਛੋਟੇ ਸ਼ਹਿਰਾਂ, ਪਿੰਡਾਂ, ਮੁਹੱਲਿਆਂ ਵਿਚ ਤਾਂ ਇਕੱਲੇ ਰਾਵਣ ਦਾ ਹੀ ਬੁੱਤ ਬਣਾਇਆ ਜਾਂਦਾ ਹੈ। ਇਕ ਬੁੱਤ ਬਣਾਉਣ ਵਾਲੇ ਨੇ ਦੱਸਿਆ ਕਿ ਰਾਵਣ ਦਾ ਬੁੱਤ (ਪੁਤਲਾ) 60 ਫੁੱਟ ਤੋਂ ਲੈ ਕੇ 85 ਫੁੱਟ ਤਕ ਉੱਚਾ ਬਣਾਇਆ ਜਾਂਦਾ ਹੈ। ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤਾਂ ‘ਤੇ 60 ਹਜ਼ਾਰ ਰੁਪਏ ਤੋਂ ਲੈ ਕੇ 85-90 ਹਜ਼ਾਰ ਰੁਪਏ ਤਕ ਖਰਚ ਆਉਂਦਾ ਹੈ। ਰਾਵਣ ਤੇ ਸ਼੍ਰੀ ਰਾਮ ਚੰਦਰ ਜੀ ਦੀਆਂ ਦੋਵੇਂ ਟੀਮਾਂ ਜਦੋਂ ਮੇਲੇ ਦੀ ਗਰਾਊਂਡ ਵਿਚ ਚੱਕਰ ਕੱਟ ਕੇ ਆਪਸ ਵਿਚ ਮਿਲਦੀਆਂ ਹਨ ਤਾਂ ਟੀਮਾਂ ਦੇ ਸਾਰੇ ਮੈਂਬਰ ਇਥੋਂ ਕਿ ਬੱਚੇ ਵੀ ਨਾਟਕੀ ਯੁੱਧ ਕਰਦੇ ਹਨ।
ਦੁਸਹਿਰੇ ਵਾਲੇ ਤਿਉਹਾਰ (ਮੇਲੇ) ਵਿਚ ਕਬੱਡੀ ਦੇ ਮੈਚ, ਸਾਈਕਲ, ਮੋਟਰਸਾਈਕਲ ਦੇ ਕਰਤੱਬ, ਟਿਊਬਾਂ ਮੱਥੇ ਨਾਲ ਤੋੜਨੀਆਂ, ਗਲੇ ਨਾਲ ਸਰੀਆ ਵਿੰਗਾ ਕਰਨਾ, ਡੇਢ ਕੁਇੰਟਲ ਮਿੱਟੀ ਦੀ ਬੋਰੀ ਉਪਰ ਬੱਚਾ ਬਿਠਾ ਕੇ ਚੁੱਕਣਾ, ਟਰੈਕਟਰ ਵਿਅਕਤੀ ਉਪਰੋਂ ਲੰਘਾਉਣਾ, ਦੰਗਲ (ਘੋਲ, ਕੁਸ਼ਤੀ) ਆਦਿ ਖੇਡਾਂ ਹੁੰਦੀਆਂ ਹਨ। ਲੈਲਾ ਮਜਨੂੰ, ਪਿੰਗਲਾ, ਕਾਰ ਭੈਰੋਂ ਆਦਿ ਦੇ ਨਾਟਕੀ ਰੋਲ ਵੀ ਵੇਖਣਯੋਗ ਹੁੰਦੇ ਹਨ।
ਵੱਡੇ ਸ਼ਹਿਰਾਂ ਵਿਚ ਦੁਸਹਿਰੇ ਦੇ ਤਿਉਹਾਰ  ਮੌਕੇ ਸਟੇਜਾਂ ‘ਤੇ ਲੋਕ ਗਾਇਕ ਹੀ ਗਾਣੇ ਸੁਣਾ ਕੇ ਜਾਂ ਕਾਮੇਡੀ ਕਲਾਕਾਰ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਦਿੰਦੇ ਹਨ। ਖੇਡਾਂ ਤੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਕਲਾਕਾਰਾਂ, ਪੱਤਰਕਾਰਾਂ, ਮੁੱਖ ਮਹਿਮਾਨਾਂ ਤੇ ਉੱਘੀਆਂ ਸ਼ਖਸੀਅਤਾਂ ਦਾ ਦੁਸਹਿਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਜਾਂਦਾ ਹੈ। ਕਈ ਲੋਕ ਰਾਵਣ ਦੇ ਬੁੱਤ ਨੂੰ ਮੱਥਾ ਟੇਕਦੇ ਹਨ ਤੇ ਪੂਜਾ ਕਰਦੇ ਹਨ।
ਸੂਰਜ ਛਿਪਣ ‘ਤੇ ਵੱਡੇ ਸ਼ਹਿਰਾਂ ਵਿਚ ਰਿਮੋਟ ਕੰਟਰੋਲ ਨਾਲ ਰਾਵਣ, ਉਸ ਦੇ ਭਰਾ ਕੁੰਭਕਰਨ ਤੇ ਉਸ ਦੇ ਪੁੱਤਰ ਮੇਘਨਾਥ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਪਰ ਕਈ ਸ਼ਹਿਰਾਂ ਵਿਚ ਸ਼੍ਰੀ ਰਾਮ ਚੰਦਰ ਜੀ ਦਾ ਰੋਲ ਕਰ ਰਿਹਾ ਵਿਅਕਤੀ ਬਾਕਾਇਦਾ ਰਾਵਣ ਨੂੰ ਤੀਰ ਮਾਰਦਾ ਹੈ। ਉਪਰੰਤ ਰਾਵਣ ਦੇ ਬੁੱਤ ਨੂੰ ਅੱਗ ਲਾਈ ਜਾਂਦੀ ਹੈ। ਰਾਵਣ ਦੇ ਪੁਤਲੇ ਨੂੰ ਅੱਗ ਲੱਗਣ ਉਪਰੰਤ ਲੋਕ ਖਿੰਡਣੇ ਸ਼ੁਰੂ ਹੋ ਜਾਂਦੇ ਹਨ। ਦੁਸਹਿਰੇ ਦੇ ਮੇਲੇ ਤੋਂ ਵਾਪਸੀ ‘ਤੇ ਲੋਕ ਜਲੇਬੀਆਂ, ਮਠਿਆਈਆਂ, ਪਕੌੜੇ ਆਦਿ ਖਾਂਦੇ/ਖਰੀਦੋ-ਫਰੋਖਤ ਕਰਦੇ ਹਨ। ਕਈ ਥਾਈਂ ਰਾਵਣ ਦੇ ਪੁਤਲੇ ਦੀਆਂ ਅੱਧ ਸੜੀਆਂ ਲੱਕੜਾਂ ਲੋਕ ਚੁੱਕ ਕੇ ਘਰ ਲੈ ਜਾਂਦੇ ਹਨ ਅਤੇ ਇਹ ਕਹਿੰਦੇ ਸੁਣਦੇ ਹਨ ਕਿ ਇਨ੍ਹਾਂ (ਲੱਕੜਾਂ) ਨੂੰ ਘਰ ਵਿਚ ਰੱਖਣ ਨਾਲ ਛੋਟੇ ਬੱਚਿਆਂ ਨੂੰ ਡਰ ਨਹੀਂ ਲੱਗਦਾ। ਧਨ ਦਾ ਵਾਧਾ ਹੁੰਦਾ ਹੈ ਤੇ ਘਰ ਵਿਚ ਸ਼ਾਂਤੀ ਰਹਿੰਦੀ ਹੈ। ਕੁਝ ਲੋਕ ਦੁਸਹਿਰੇ ਵਾਲੇ ਦਿਨ ਸ਼ੁੱਭ ਕੰਮ ਆਰੰਭ ਕਰਦੇ ਹਨ। ਵਪਾਰੀ ਲੋਕ ਇਸ ਦਿਨ ਨਵੇਂ ਵਹੀਖਾਤੇ ਸ਼ੁਰੂ ਕਰਨਾ ਸ਼ੁੱਭ ਸਮਝਦੇ ਹਨ। ਦੁਸਹਿਰਾ ਮਨਾਉਣਾ ਸਹੀ ਅਰਥਾਂ ਵਿਚ ਸਫਲ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਅਸੀਂ ਇਸ ਨੂੰ ਆਪਸੀ ਪ੍ਰੇਮ, ਸਦਭਾਵਨਾ ਨਾਲ ਮਿਲ ਕੇ ਮਨਾਈਏ, ਸਮਾਜ ਵਿਚੋਂ ਕੂੜ, ਜਬਰ-ਜ਼ੁਲਮ, ਪਾਪ, ਅਹੰਕਾਰ ਦਾ ਖਾਤਮਾ ਕਰੀਏ ਤੇ ਆਪਣਾ ਅਤੇ ਸਰਬੱਤ ਦਾ ਭਲਾ ਕਰਨ ਦਾ ਯਤਨ ਕਰੀਏ ਅਤੇ ਰਾਵਣ ਆਦਿ ਦੇ ਪੁਤਲੇ ਸਾੜਣ ਦੇ ਨਾਲ-ਨਾਲ ਆਪਣੇ ਅੰਦਰ ਬੈਠੀ ਬੁਰਾਈ ਦਾ ਵੀ ਅੰਤ ਕਰਨ ਦੀ ਕੋਸ਼ਿਸ਼ ਕਰੀਏ। ਜੈ ਹਿੰਦ !

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਜੈਅੰਤੀ ‘ਤੇ ਵਿਸ਼ੇਸ਼ (29 ਮਾਰਚ) – ਭਗਵਾਨ ਮਹਾਂਵੀਰ

ਸਭ ਧਰਮਾਂ ਤੋਂ ਪੁਰਾਤਨ ਧਰਮ ਕਰਕੇ ਜਾਣੇ ਜਾਂਦੇ ਜੈਨ ਧਰਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਲੇ ਭਗਵਾਨ ਮਹਾਂਵੀਰ ਜੈਨ ਧਰਮ ਦੇ 24ਵੇਂ ਤੀਰਥੰਕਰ ਹੋਏ ਹਨ | ਆਪ ਦਾ ਜਨਮ


Print Friendly
Important Days0 Comments

ਗਰੀਨ ਦੀਵਾਲੀ ਮਨਾਉਣ ਲਈ ਚੇਤੰਨ ਹੋਣ ਦੀ ਲੋੜ – ਵਿਜੈ ਗੁਪਤਾ (7 ਨਵੰਬਰ ਦੀਵਾਲੀ ਤੇ ਵਿਸ਼ੇਸ਼)

ਦੀਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ।


Print Friendly
Important Days0 Comments

ਲੀਪ ਦਾ ਸਾਲ 2016 : ਕੁੱਝ ਦਿਲਚਸਪ ਤੱਥ

2016 ਇਕ ਲੀਪ ਯੀਅਰ ਹੈ। ਹੋਰ ਸਾਲਾਂ ‘ਚ ਜਿਥੇ 365 ਦਿਨ ਹੁੰਦੇ ਹਨ, ਉਥੇ ਲੀਪ ਯੀਅਰ ‘ਚ 366 ਦਿਨ ਆਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਸਾਲ ਕਈ ਲੋਕਾਂ


Print Friendly