Print Friendly
ਬਾਲੜੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਜ਼ਰੂਰਤ – ਵਿਜੈ ਗੁਪਤਾ (ਕੌਮਾਂਤਰੀ ਬਾਲੜੀ ਦਿਵਸ 11 ਅਕਤੂਬਰ ‘ਤੇ ਵਿਸ਼ੇਸ਼)

ਬਾਲੜੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਜ਼ਰੂਰਤ – ਵਿਜੈ ਗੁਪਤਾ (ਕੌਮਾਂਤਰੀ ਬਾਲੜੀ ਦਿਵਸ 11 ਅਕਤੂਬਰ ‘ਤੇ ਵਿਸ਼ੇਸ਼)

ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਕੌਮਾਂਤਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਦਿਵਸ ਸਾਲ 2012 ਵਿੱਚ ਮਨਾਇਆ ਗਿਆ। ਬਾਲੜੀਆਂ ਨੂੰ ਦੁਨੀਆ ਭਰ ਵਿੱਚ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ ਹੈ। ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰ ਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਹਨ। ਬਾਲੜੀ ਦਿਵਸ ਨਾਲ ਜੁੜੇ ਮੁੱਖ ਮੁੱਦੇ ਹਨ: ਸਕੂਲ ਛੱਡਣਾ ਸੰਕਟ, ਜਬਰ ਜਨਾਹ ਦਾ ਚਲਣ, ਬਾਲੜੀ ਵਿਆਹ, ਲਿੰਗ ਆਧਾਰਿਤ ਸ਼ੋਸ਼ਣ ਤੇ ਹਿੰਸਾ, ਬਾਲੜੀਆਂ ਦੀ ਵਿੱਦਿਆ ਸਮੱਸਿਆ। ਬੇਸ਼ੱਕ ਇੰਨ੍ਹਾਂ ਮੁੱਦਿਆਂ ਉਪੱਰ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਸ਼ਲਾਘਾਯੋਗ ਯਤਨ ਕਰ ਰਹੀਆਂ ਹਨ ਪਰ ਫਿਰ ਵੀ ਅਜੇ ਤੱਕ ਬਹੁਤ ਕੁੱਝ ਕਰਨਾ ਬਾਕੀ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸੰਸਾਰ ਭਰ ਵਿੱਚ ਬਾਲੜੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮਸਿਆਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਲਈ ਹੋਰ ਮੌਕੇ ਪੈਦਾ ਕਰਨਾ ਹੈ।
ਹਾਂ, ਇਹ ਗੱਲ ਬਿਲਕੁਲ ਸੱਚ ਹੈ ਕਿ ਧੀਆਂ-ਧਿਆਣੀਆਂ ਤੇ ਧਰੇਕਾਂ ਵਿਹੜੇ ਦੀ ਰੌਣਕ ਹੁੰਦੀਆਂ ਹਨ | ਧੀਆਂ ਜਦ ਘਰ ਵਿਚ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਬਣੀ ਰਹਿੰਦੀ ਹੈ | ਉਨ੍ਹਾਂ ਦੇ ਘਰੋਂ ਚਲੇ ਜਾਣ ‘ਤੇ ਵਿਹੜੇ ਦੀ ਰੌਣਕ ਖਤਮ ਜਿਹੀ ਹੋ ਜਾਂਦੀ ਹੈ ਤੇ ਉਹ ਘਰ ਦੀ ਰੌਣਕ ਆਪਣੇ ਨਾਲ ਹੀ ਲੈ ਜਾਂਦੀਆਂ ਹਨ ਤੇ ਮਾਂ-ਬਾਪ ਦੇ ਘਰ ਦੇ ਵਿਹੜੇ ਨੂੰ ਸੁੰਨਾ ਕਰ ਜਾਂਦੀਆਂ ਹਨ | ਬਿਲਕੁਲ ਇਸੇ ਤਰ੍ਹਾਂ ਹੀ ਘਰ ਦੇ ਵਿਹੜੇ ਵਿਚ ਲੱਗੇ ਧਰੇਕ ਉੱਪਰ ਜਦ ਪੰਛੀ ਆ ਕੇ ਬੋਲਦੇ, ਬਹਿੰਦੇ ਤੇ ਰਹਿੰਦੇ ਹਨ, ਉਨ੍ਹਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਵਾਲਾ ਮਾਹੌਲ ਬਣ ਜਾਂਦਾ ਹੈ | ਇਸ ਤਰ੍ਹਾਂ ਧੀਆਂ ਤੇ ਧਰੇਕਾਂ ਦੋਵਾਂ ਦੀ ਮੌਜੂਦਗੀ ਵਿਚ ਘਰ ਦਾ ਵਿਹੜਾ ਹਰਿਆ-ਭਰਿਆ ਲਗਦਾ ਹੈ | ਅੱਜਕਲ੍ਹ ਦੇ ਸਮੇਂ ਵਿਚ ਇਨ੍ਹਾਂ ਦੋਵਾਂ ਦੀ ਗਿਣਤੀ ਘਟਦੀ ਜਾ ਰਹੀ ਹੈ | ਇਸ ਨਾਲ ਸਾਡੇ ਜੀਵਨ ਵਿਚ ਇਕਾਂਤ, ਇਕੱਲਾਪਣ ਵਧਦਾ ਜਾ ਰਿਹਾ ਹੈ ਅਤੇ ਸਾਡਾ ਮਨ ਪਾਪੀ ਹੋ ਰਿਹਾ ਹੈ | ਅੱਜਕਲ੍ਹ ਦੇ ਪੜ੍ਹੇ-ਲਿਖੇ ਸਮਾਜ ਵਿਚ ਭਰੂਣਹੱਤਿਆ ਦਿਨੋ-ਦਿਨ ਵਧਦੀ ਜਾ ਰਹੀ ਹੈ, ਜੋ ਕਿ ਸਾਡੇ ਇਸ ਪੜ੍ਹੇ-ਲਿਖੇ ਸਮਾਜ ਦੇ ਮੱਥੇ ‘ਤੇ ਬਹੁਤ ਵੱਡਾ ਕਲੰਕ ਹੈ | ਇਸ ਕਾਰਜ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ | ਜਿਸ ਦੇ ਸਿਰ ‘ਤੇ ਸਾਰੀ ਦੁਨੀਆ ਚਲਦੀ ਹੈ, ਅਸੀਂ ਉਸ ਨੂੰ ਹੀ ਮਿਟਾਉਣ ‘ਤੇ ਤੁਲੇ ਹੋਏ ਹਾਂ |
ਅੱਜਕਲ੍ਹ ਤਾਂ ਇਕ ਪੁਰਸ਼ ਤਾਂ ਪੁਰਸ਼ ਔਰਤ ਵੀ ਇਕ ਔਰਤ ਦੀ ਦੁਸ਼ਮਣ ਬਣੀ ਹੋਈ ਹੈ | ਲਾਹਣਤ ਹੈ ਸਾਨੂੰ ਇਹੋ ਜਿਹੇ ਸਮਾਜ ‘ਤੇ ਜੋ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਉਨ੍ਹਾਂ ਮਾਸੂਮਾਂ ਨੂੰ ਕੁੱਖ ਵਿਚ ਹੀ ਕਤਲ ਕਰਵਾ ਰਹੇ ਹਾਂ | ਕੀ ਕਸੂਰ ਹੈ ਉਸ ਨੰਨ੍ਹੀ ਜਾਨ ਦਾ? ਜਿਸ ਨੂੰ ਕੁੱਖ ਵਿਚ ਹੀ ਮਾਰ ਮੁਕਾ ਦਿੱਤਾ ਜਾਂਦਾ ਹੈ, ਸਾਡੀ ਸੋਚ ਨੂੰ ਕੀ ਹੋ ਗਿਆ ਹੈ, ਜੋ ਸਾਨੂੰ ਅਜਿਹਾ ਕਰਨ ‘ਤੇ ਮਜਬੂਰ ਕਰ ਰਹੀ ਹੈ | ਇਸ ਲਈ ਕੋਈ ਇਕ ਜ਼ਿੰਮੇਵਾਰ ਨਹੀਂ ਹੈ, ਇਸ ਕੰਮ ਵਿਚ ਸਾਰਿਆਂ ਦੀ ਬਰਾਬਰ ਦੀ ਹਿੱਸੇਦਾਰੀ ਹੈ | ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਧੀਆਂ ਤੇ ਪੁੱਤਰਾਂ ਵਿਚ ਫਰਕ ਸਮਝਦੇ ਹਾਂ, ਜਦ ਕਿ ਧੀਆਂ ਸਾਡੇ ਪੁੱਤਰਾਂ ਦੇ ਮੁਕਾਬਲੇ ਜ਼ਿਆਦਾ ਪੜ੍ਹਦੀਆਂ, ਕੰਮ ਕਰਦੀਆਂ ਅਤੇ ਇਥੋਂ ਤੱਕ ਕਿ ਹਰ ਇਕ ਖੇਤਰ ਵਿਚ ਅੱਗੇ ਹਨ | ਇਹ ਸਭ ਕੁਝ ਸਾਡੇ ਅੱਖੋਂ ਉਹਲੇ ਨਹੀਂ ਹੈ | ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁੱਤਰਾਂ ਦੇ ਮੁਕਾਬਲੇ ਧੀਆਂ ਆਪਣੇ ਮਾਪਿਆਂ ਦੇ ਦੁੱਖਾਂ-ਦਰਦਾਂ ਨੂੰ ਸਮਝਦੀਆਂ ਤੇ ਵੰਡਾਉਂਦੀਆਂ ਹਨ, ਫਿਰ ਵੀ ਅਸੀਂ ਪੁੱਤਰਾਂ ਦੀ ਪ੍ਰਾਪਤੀ ਦੀ ਲਾਲਸਾ ਵਿਚ ਧੀਆਂ ਦਾ ਕੁੱਖਾਂ ਵਿਚ ਕਤਲ ਕਰਵਾਉਂਦੇ ਹਾਂ | ਇਸ ਲਈ ਸਮਾਜ ਮਾਪਿਆਂ ਤੋਂ ਵੱਧ ਜ਼ਿੰਮੇਵਾਰ ਹੈ | ਮਾਪਿਆਂ ਨੂੰ ਧੀ ਦਾ ਕੋਈ ਬੋਝ ਨਹੀਂ ਹੁੰਦਾ ਅਤੇ ਨਾ ਹੀ ਪੜ੍ਹਾਉਣ-ਲਿਖਾਉਣ ਦਾ ਕੋਈ ਦੁੱਖ ਹੁੰਦਾ | ਦੁੱਖ ਹੁੰਦਾ ਹੈ ਤਾਂ ਸਮਾਜ ਦੀ ਬੁਰੀ ਨਜ਼ਰ, ਸਮਾਜ ਦੇ ਤਾਅਨਿਆਂ ਦਾ ਜਾਂ ਫਿਰ ਉਸ ਦੇ ਕਰਮਾਂ ਦਾ ਕਿ ਉਸ ਦੀ ਕਿਸਮਤ ਕਿਹੋ ਜਿਹੀ ਹੋਵੇ |
ਕੋਈ ਸਮਾਂ ਸੀ ਜਦੋਂ ਪਿੰਡ ਦੀਆਂ ਕੁੜੀਆਂ ਨੂੰ ਧੀਆਂ-ਭੈਣਾਂ ਵਾਂਗ ਸਮਝਿਆ ਜਾਂਦਾ ਸੀ ਤੇ ਉਨ੍ਹਾਂ ਦੀ ਇੱਜ਼ਤ ਤੇ ਸਤਿਕਾਰ ਕੀਤਾ ਜਾਂਦਾ ਸੀ | ਅੱਜਕਲ੍ਹ ਦੇ ਸਮੇਂ ਵਿਚ ਤਾਂ ਲੜਕੀ ਦਾ ਪਿੰਡੋਂ ਬਾਹਰ ਜਾਣਾ ਤਾਂ ਦੂਰ ਦੀ ਗੱਲ, ਪਿੰਡ ਵਿਚ ਹੀ ਉਸ ਨੂੰ ਬੁਰੀਆਂ ਅਤੇ ਨੀਚ ਨਜ਼ਰਾਂ ਨਾਲ ਤੱਕਿਆ ਜਾਂਦਾ ਹੈ ਅਤੇ ਉਸ ਦੇ ਮਨ ਦੇ ਚਾਵਾਂ ਅਤੇ ਰੀਝਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਅਤੇ ਉਹ ਆਪਣੇ ਵਿਚ ਹੀ ਘੁੱਟ-ਘੁੱਟ ਕੇ ਮਰੀ ਜਾਂਦੀ ਹੈ | ਲੜਕੀ ਜਦ ਵਿਆਹੀ ਜਾਂਦੀ ਹੈ ਤਾਂ ਕਈ ਗਰੀਬ ਮਾਪੇ ਆਪਣੀਆਂ ਧੀਆਂ ਨੂੰ ਦਾਜ ਨਹੀਂ ਦੇ ਪਾਉਂਦੇ ਅਤੇ ਉਸ ਧੀ ਨੂੰ ਤਾਅਨਿਆਂ-ਮਿਹਣਿਆਂ ਅਤੇ ਦਾਜ ਦੀ ਬਲੀ ਚੜ੍ਹਨਾ ਪੈਂਦਾ ਹੈ | ਇਥੇ ਵੀ ਸਮਾਜ ਧੀ ਦੀ ਰੱਖਿਆ ਲਈ ਕੋਈ ਆਵਾਜ਼ ਨਹੀਂ ਉਠਾਉਂਦਾ ਅਤੇ ਖੜ੍ਹ ਕੇ ਤਮਾਸ਼ਾ ਦੇਖਦਾ ਰਹਿੰਦਾ ਹੈ ਤੇ ਲਾਚਾਰ ਮਾਂ-ਬਾਪ ਬੇਵੱਸ ਹੋਏ ਕੁਝ ਵੀ ਨਹੀਂ ਕਰ ਸਕਦੇ | ਮਾਂ-ਬਾਪ ਆਪਣੀ ਧੀ ਨੂੰ ਵਧੀਆ ਪੜ੍ਹਾਉਂਦੇ-ਲਿਖਾਉਂਦੇ ਹਨ, ਤਾਂ ਜੋ ਉਹ ਕਿਸੇ ਵਧੀਆ ਨੌਕਰੀ ‘ਤੇ ਲੱਗ ਸਕੇ ਤੇ ਉਸ ਨੂੰ ਘਰ-ਬਾਰ ਵਧੀਆ ਮਿਲ ਜਾਵੇ | ਕਿਸੇ ਵਧੀਆ ਪੇਸ਼ੇ ‘ਤੇ ਲੱਗ ਕੇ ਵੀ ਲੜਕੀ ਸਮਾਜ ਦੀਆਂ ਗੰਦੀਆਂ ਨਜ਼ਰਾਂ ਤੋਂ ਨਹੀਂ ਬਚਦੀ ਤੇ ਡਿਗਦੇ-ਢਹਿੰਦੇ ਆਪਣੀ ਮੰਜ਼ਿਲ ‘ਤੇ ਪਹੁੰਚ ਜਾਂਦੀ ਹੈ | ਔਰਤ ਦੀ ਜ਼ਿੰਦਗੀ ਇਕ ਸੰਘਰਸ਼ ਹੈ, ਇਸ ਸਮਾਜ ਦੀ ਪਰਿਭਾਸ਼ਾ ਨੂੰ ਔਰਤਾਂ ਨੇ ਬਦਲ ਕੇ ਰੱਖ ਦਿੱਤਾ ਹੈ ਕਿ ਸਮਾਜ ਵਿਚ ਆਦਮੀ ਆਦਮੀ ‘ਤੇ ਨਿਰਭਰ ਰਹਿ ਕੇ ਆਦਮੀ ਦੀ ਮਦਦ ਕਰਦਾ ਹੈ ਪਰ ਔਰਤ ਕਿਸੇ ‘ਤੇ ਨਿਰਭਰ ਨਾ ਰਹਿ ਕੇ ਆਪਣਾ ਮੁਕਾਮ ਖੁਦ ਹਾਸਲ ਕਰਦੀ ਹੈ | ਅੱਜਕਲ੍ਹ ਦੇ ਆਧੁਨਿਕ ਯੁੱਗ ਵਿਚ ਔਰਤਾਂ ਹਰ ਪੱਖੋਂ ਅੱਗੇ ਹਨ |
ਸੋ, ਅੰਤ ਵਿਚ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਜੋ ਮਾਪੇ ਧੀਆਂ ਨੂੰ ਸਮਾਜ ਦੇ ਡਰ ਕਾਰਨ ਕੁੱਖਾਂ ਵਿਚ ਹੀ ਕਤਲ ਕਰਵਾਈ ਜਾਂਦੇ ਹਨ, ਉਹ ਧੀਆਂ ਨੂੰ ਜਨਮ ਦੇ ਕੇ ਉਨ੍ਹਾਂ ਨੂੰ ਦੁਨੀਆ ਦਿਖਾਉਣ, ਉਨ੍ਹਾਂ ਨੂੰ ਵੀ ਵਧੀਆ ਪੜ੍ਹਾਉਣ-ਲਿਖਾਉਣ, ਤਾਂ ਕਿ ਉਹ ਵੀ ਕਲਪਨਾ ਚਾਵਲਾ, ਸਾਇਨਾ ਨੇਹਵਾਲ ਤੇ ਕਿਰਨ ਬੇਦੀ ਵਰਗੀਆਂ ਬਣ ਸਕਣ ਅਤੇ ਸਾਡੇ ਭਾਰਤ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ | ਸਾਨੂੰ ਵੀ ਉਨ੍ਹਾਂ ਦਾ ਸਾਥ ਦੇ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ | ਜੈ ਹਿੰਦ

ਵਿਜੈ ਗੁਪਤਾ, ਸ. ਸ. ਅਧਿਆਪਕ

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਰਾਣੀ ਲਕਸ਼ਮੀ ਬਾਈ ਦਾ ਜੀਵਨ ਆਪਣੇ ਹੱਕਾਂ ਖਾਤਰ ਜੂਝਦੀਆਂ ਲੜਕੀਆਂ ਲਈ ਚਾਨਣ ਮੁਨਾਰਾ – (19 ਨਵੰਬਰ ਜਨਮ ਦਿਨ ਤੇ ਵਿਸ਼ੇਸ਼)

ਝਾਂਸੀ ਦੀ ਰਾਣੀ ਦੇ ਨਾਂ ਨਾਲ ਮਸ਼ਹੂਰ ਲਕਸ਼ਮੀ ਬਾਈ ਅੰਗਰੇਜ਼ਾ ਵਿਰੁੱਧ ਕੀਤੀ ਬਗਾਵਤ ਦੀ ਮੁੱਖ ਪਾਤਰਾਂ ਵਿਚੋਂ ਇੱਕ ਸੀ। ਉਸ ਸਮੇਂ ਦੀ ਔਰਤ ਦੀ ਦਸ਼ਾ ਤੇ ਦਿਸ਼ਾ ਨੂੰ ਵੀ ਇਸ


Print Friendly
Great Men0 Comments

ਮਾਸਟਰ ਤਾਰਾ ਸਿੰਘ (ਜਨਮ ਦਿਨ ਤੇ ਵਿਸ਼ੇਸ਼)

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ


Print Friendly
Important Days0 Comments

ਜਲਵਾਯੂ ਤਬਦੀਲੀ ਦੇ ਨਾਲ ਵਾਤਾਵਰਨ ਨੁਕਸਾਨ, ਪਾਣੀ ਨਾਲ ਸਬੰਧਤ ਸੰਕਟ ਆਲਮੀ ਪੱਧਰ ਤੇ ਵਧ ਰਿਹੈ – (22 ਮਾਰਚ ਵਿਸ਼ਵ ਜਲ ਦਿਵਸ ਤੇ ਵਿਸ਼ੇਸ਼)

ਵਿਸ਼ਵ ਜਲ ਦਿਵਸ, ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ


Print Friendly